Friday, 17 April 2026

ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੁਪਰੀਮ ਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਭਾਰਤ ਭਰ ਵਿਚ ਅਵਾਰਾ ਕੁੱਤਿਆਂ ਨਾਲ ਜੁੜੇ ਇਕ ਮਾਮਲੇ ਵਿਚ ਕਿਹਾ ਕਿ ਰਾਜਸਥਾਨ ਹਾਈਕੋਰਟ ਦਾ ਫੈਸਲਾ ਪੂਰੇ ਦੇਸ਼ ਵਿਚ ਲਾਗੂ ਹੋਵੇਗਾ। ਇਸ ਮਾਮਲੇ ’ਤੇ ਮਾਨਯੋਗ ਜਸਟਿਸ ਬਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਸੁਣਵਾਈ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਰੇ ਸੂਬਿਆਂ ਅਤੇ ਨੈਸ਼ਨਲ ਹਾਈਵੇ ਤੋਂ ਅਵਾਰਾ ਪਸ਼ੂ ਹਟਾਏ ਜਾਣ। ਅਵਾਰਾ ਕੁੱਤਿਆਂ ਨਾਲ ਨਿਪਟਣ ਲਈ ਹਸਪਤਾਲਾਂ, ਸਕੂਲਾਂ ਅਤੇ ਕਾਲਜਾਂ ਦੀਆਂ ਬਾਹਰੀ ਚਾਰ ਦੀਵਾਰੀਆਂ ਉਚੀਆਂ ਕੀਤੀਆਂ ਜਾਣ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਕੁੱਤਿਆਂ ਅਤੇ ਪਸ਼ੂਆਂ ਨੂੰ ਉਨ੍ਹਾਂ ਲਈ ਬਣੇ ਸੁਰੱਖਿਅਤ ਆਸਰਾ ਟਿਕਾਣਿਆਂ ’ਤੇ ਤਬਦੀਲ ਕੀਤਾ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਇਨ੍ਹਾਂ ਕੁੱਤਿਆਂ ਨੂੰ ਉਸੇ ਜਗ੍ਹਾ ਵਾਪਸ ਨਹੀਂ ਛੱਡਿਆ ਜਾਣਾ ਚਾਹੀਦਾ ਜਿੱਥੋਂ ਉਨ੍ਹਾਂ ਨੂੰ ਫੜਿਆ ਗਿਆ ਸੀ। ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਸਬੰਧ ਵਿੱਚ ਅਦਾਲਤੀ ਮਿੱਤਰ ਵੱਲੋਂ ਪੇਸ਼ ਕੀਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ਵਿਚ ਅਗਲੀ ਸੁਣਵਾਈ 13 ਜਨਵਰੀ 2026 ਨੂੰ ਹੋਵੇਗੀ। 

ਚੰਡੀਗੜ੍ਹ/ਬਿਊਰੋ ਨਿਊਜ਼   

ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉਚੇ ਇਲਾਕਿਆਂ ਵਿਚ ਬਰਫਬਾਰੀ ਹੋਣ ਕਰਕੇ ਪੰਜਾਬ ਦਾ ਮੌਸਮ ਵੀ ਤਬਦੀਲ ਹੋਣ ਲੱਗਾ ਹੈ। ਜੰਮੂ ਕਸ਼ਮੀਰ ਦੇ ਮਸ਼ਹੂਰ ਪਹਾੜੀ ਰਿਜ਼ੋਰਟਾਂ ਗੁਲਮਰਗ, ਪਹਿਲਗਾਮ, ਸੋਨਮਰਗ ਅਤੇ ਕਈ ਉਚੀਆਂ ਥਾਵਾਂ ’ਤੇ ਬਰਫਬਾਰੀ ਹੋਈ ਅਤੇ ਕੁਝ ਮੈਦਾਨੀ ਇਲਾਕਿਆਂ ਵਿਚ ਰੁਕ-ਰੁਕ ਕੇ ਮੀਂਹ ਵੀ ਪਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਬਰਫਬਾਰੀ ਕਾਰਨ ਕੁਝ ਸੜਕਾਂ ’ਤੇ ਆਵਾਜਾਈ ਵੀ ਬੰਦ ਕਰਨ ਪਈ ਹੈ ਅਤੇ ਯਾਤਰੀ ਜ਼ਿਲ੍ਹਾ ਕੰਟਰੋਲ ਰੂਮਾਂ ਤੋਂ ਜਾਣਕਾਰੀ ਲੈ ਕੇ ਹੀ ਯਾਤਰਾ ਕਰਨ। ਇਸੇ ਤਰ੍ਹਾਂ ਹਿਮਾਚਲ ਦੇ ਕਿਨੌਰ ਅਤੇ ਲਾਹੌਲ ਤੇ ਸਪਿਤੀ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਬਰਫਬਾਰੀ ਦੀ ਸੂਚਨਾ ਮਿਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜੇ ਹੋਰ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਏਅਰਪੋਰਟ ’ਤੇ ਏਅਰ ਟਰੈਫਿਕ ਕੰਟਰੋਲ ਸਿਸਟਮ ਵਿਚ ਤਕਨੀਕੀ ਖਰਾਬੀ ਕਾਰਨ 300 ਤੋਂ ਜ਼ਿਆਦਾ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਲੰਘੇ ਕੱਲ੍ਹ ਸ਼ਾਮ ਤੋਂ ਹੀ ਤਕਨੀਕੀ ਖਰਾਬੀ ਦੇ ਕਾਰਨ ਏਅਰ ਕੰਟਰੋਲਰ ਨੂੰ ਫਲਾਈਟਾਂ ਦਾ ਸ਼ਡਿਊਲ ਨਹੀਂ ਮਿਲ ਰਿਹਾ ਸੀ। ਇਸਦੇ ਚੱਲਦਿਆਂ ਏਅਰ ਟਰੈਫਿਕ ਕੰਟਰੋਲਰ ਮੈਨੂਅਲੀ ਕੰਮ ਕਰ ਰਹੇ ਹਨ ਅਤੇ ਇਸ ਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਆਟੋਮੈਟਿਕ ਮੈਸੇਜ ਸਵਿਚ ਸਿਸਟਮ ਵਿਚ ਗੜਬੜੀ ਆਈ ਹੈ ਅਤੇ ਇਹ ਜਹਾਜ਼ ਦੇ ਸ਼ਡਿਊਲ ਯਾਨੀ ਕਿ ਟੇਕਆਫ ਅਤੇ ਲੈਂਡਿੰਗ ਦੀ ਜਾਣਕਾਰੀ ਦਿੰਦਾ ਹੈ। ਦੱਸਣਯੋਗ ਹੈ ਕਿ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਰ ਰੋਜ਼ 1500 ਤੋਂ ਵੱਧ ਉਡਾਣਾਂ ਦਾ ਆਉਣ-ਜਾਣ ਹੁੰਦਾ ਹੈ। 

ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ ਟਿੱਪਣੀ ਕਰਕੇ ਘਿਰੇ ਵੜਿੰਗ

ਕਪੂਰਥਲਾ/ਬਿਊਰੋ ਨਿਊਜ਼  

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ ਇਤਰਾਜ਼ਯੋਗ ਬਿਆਨ ਦਿੱਤਾ ਸੀ। ਇਸ ਨੂੰ ਲੈ ਕੇ ਰਾਜਾ ਵੜਿੰਗ ਖਿਲਾਫ ਕਪੂਰਥਲਾ ਦੇ ਥਾਣੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਵਲੋਂ ਐਸ.ਸੀ./ਐਸ.ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਨਾਲ ਵੜਿੰਗ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਐਫ.ਆਈ.ਆਰ. ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਧਿਆਨ ਰਹੇ ਕਿ ਰਾਜਾ ਵੜਿੰਗ ਵਲੋਂ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਬੂਟਾ ਸਿੰਘ ਬਾਰੇ ਜਾਤੀਵਾਦ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਵੜਿੰਗ ਨੂੰ ਐਸ.ਸੀ. ਕਮਿਸ਼ਨ ਵਲੋਂ ਵੀ ਤਲਬ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਵੜਿੰਗ ਨੇ ਇਸ ਮਾਮਲੇ ਵਿਚ ਮੁਆਫੀ ਮੰਗ ਲਈ ਸੀ ਅਤੇ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਸੀ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਾਲ ਭਰ ਚੱਲਣ ਵਾਲੇ ਸਮਾਰੋਹ ਦਾ ਨਵੀਂ ਦਿੱਲੀ ’ਚ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਹੈ। ਇਹ ਪ੍ਰੋਗਰਾਮ ਸਾਲ ਭਰ ਚੱਲਣ ਵਾਲੇ ਦੇਸ਼ ਵਿਆਪੀ ਸਮਾਰੋਹ ਦੀ ਰਸਮੀ ਸ਼ੁਰੂਆਤ ਕਰੇਗਾ ਜੋ 7 ਨਵੰਬਰ 2025 ਤੋਂ 7 ਨਵੰਬਰ 2026 ਤੱਕ ਚੱਲੇਗਾ ਅਤੇ  ਇੱਕ ਅਜਿਹੀ ਰਚਨਾ ਦੇ 150 ਸਾਲ ਮਨਾਏਗਾ, ਜਿਸਨੇ ਭਾਰਤ ਦੇ ਆਜ਼ਾਦੀ ਸੰਗਰਾਮ ਨੂੰ ਪ੍ਰੇਰਿਤ ਕੀਤਾ ਹੈ। ਇਹ ਗੀਤ ਬੰਕਿਮ ਚੰਦਰ ਚੈਟਰਜੀ ਵੱਲੋਂ 1875 ਵਿੱਚ 7 ਨਵੰਬਰ ਨੂੰ ਅਕਸ਼ੈ ਨੌਮੀ ਦੇ ਮੌਕੇ ’ਤੇ ਲਿਖਿਆ ਗਿਆ ਸੀ। ਇਹ ਗੀਤ ਸਭ ਤੋਂ ਪਹਿਲਾਂ ਚੈਟਰਜੀ ਦੇ ਨਾਵਲ ‘ਆਨੰਦਮਠ’ ਦੇ ਹਿੱਸੇ ਵਜੋਂ ਸਾਹਿਤਕ ਰਸਾਲੇ ‘ਬੰਗਦਰਸ਼ਨ’ ਵਿੱਚ ਪ੍ਰਕਾਸ਼ਿਤ ਹੋਇਆ ਸੀ। 

ਕਿਹਾ : ਜੋ ਹਰਿਆਣਾ ’ਚ ਹੋਇਆ, ਉਹੀ ਬਿਹਾਰ ’ਚ ਹੋਣ ਦਾ ਖਦਸ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿਚ ਪੈ੍ਰਸ ਕਾਨਫਰੰਸ ਕੀਤੀ ਹੈ। ਇਸ ਮੌਕੇ ਰਾਹੁਲ ਨੇ ਭਾਜਪਾ ’ਤੇ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਕਿ ਪਿਛਲੇ ਸਾਲ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਚੋਰੀ ਕਰਨ ਲਈ 25 ਲੱਖ ਜਾਅਲੀ ਵੋਟਾਂ ਦੀ ਵਰਤੋਂ ਕੀਤੀ ਗਈ ਸੀ। ਰਾਹੁਲ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਫਿਲਹਾਲ ਇਸ ਦਾਅਵੇ ’ਤੇ ਤੁਰੰਤ ਕੋਈ ਜਵਾਬ ਨਹੀਂ ਆਇਆ। ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਮੈਂ ਜੋ ਕਹਿ ਰਿਹਾ ਹਾਂ, ਉਹ 100 ਫੀਸਦੀ ਸੱਚ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਵੇਖਣਾਂ ਨੇ ਹਰਿਆਣਾ ਵਿਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ, ਪਰ ਨਤੀਜੇ ਬਿਲਕੁਲ ਉਲਟ ਸਨ। ਰਾਹੁਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਬਿਆਨ ਦਾ ਇਕ ਵੀਡੀਓ ਵੀ ਦਿਖਾਇਆ, ਜਿਸ ਵਿਚ ਉਨ੍ਹਾਂ ਨੇ ਹਰਿਆਣਾ ਵਿਚ ਸਰਕਾਰ ਬਣਾਉਣ ਲਈ ਪ੍ਰਬੰਧ ਕਰਨ ਬਾਰੇ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਰਿਆਣਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਕੁੱਲ 90 ਸੀਟਾਂ ਵਿਚੋਂ 48 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ।  ਰਾਹੁਲ ਗਾਂਧੀ ਨੇ ਕਿਹਾ ਕਿ ਜੋ ਹਰਿਆਣਾ ਵਿਚ ਹੋਇਆ ਸੀ, ਉਹੋ ਜਿਹਾ ਹੀ ਹੁਣ ਬਿਹਾਰ ਵਿਚ ਹੋਣ ਦਾ ਖਦਸ਼ਾ ਹੈ।  

ਉਪ ਰਾਸ਼ਟਰਪਤੀ ਨੇ ਰਾਜਿੰਦਰ ਗੁਪਤਾ ਨੂੰ ਚੁਕਾਈ ਅਹੁਦੇ ਦੀ ਸਹੰੁ

ਚੰਡੀਗੜ੍ਹ/ਬਿਊੁਰੋ ਨਿਊਜ਼  

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਪ੍ਰਮੁੱਖ ਉਦਯੋਗਪਤੀ ਰਾਜਿੰਦਰ ਗੁਪਤਾ ਨੇ ਅੱਜ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਸੰਸਦ ਭਵਨ ਵਿਖੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸੀਪੀ ਰਾਧਾਕਿ੍ਰਸ਼ਨਨ ਨੇ ਅਹੁਦੇ ਦੀ ਸਹੁੰ ਚੁਕਾਈ। ਖਾਸ ਗੱਲ ਇਹ ਰਹੀ ਕਿ ਰਾਜਿੰਦਰ ਗੁਪਤਾ ਨੇ ਸੰਸਦ ਵਿੱਚ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕ ਕੇ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਰਾਜਿੰਦਰ ਗੁਪਤਾ ਨੂੰ ਪਿਛਲੇ ਮਹੀਨੇ ਹੀ ਪੰਜਾਬ ਤੋਂ ਰਾਜ ਸਭਾ ਲਈ ਬਿਨਾ ਮੁਕਾਬਲਾ ਚੁਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਤੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜੀ ਸੀ ਅਤੇ ਉਨ੍ਹਾਂ ਨੇ ਜਿੱਤ ਵੀ ਹਾਸਲ ਕੀਤੀ ਸੀ। ਪੰਜਾਬ ਸਰਕਾਰ ਨੇ ਵਿਧਾਇਕ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਸੀ ਅਤੇ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਖਾਲੀ ਹੋਈ ਰਾਜ ਸਭਾ  ਸੀਟ ਲਈ ਆਮ ਆਦਮੀ ਪਾਰਟੀ ਨੇ ਰਾਜਿੰਦਰ ਗੁਪਤਾ ਨੂੰ ਮੈਦਾਨ ਵਿਚ ਉਤਾਰਿਆ ਸੀ।

ਦੇਸ਼ ਭਰ ਵਿਚ ਹਵਾ ਦਾ ਮਿਆਰ ਤੇਜ਼ੀ ਨਾਲ ਡਿੱਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਰਾਜਧਾਨੀ ਦਿੱਲੀ ਨੂੰ ਅਕਤੂਬਰ ਮਹੀਨੇ ਵਿਚ ਦੇਸ਼ ਦਾ ਛੇਵਾਂ ਸਭ ਤੋਂ ਪ੍ਰਦੂਸ਼ਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ, ਜੋ ਆਪਣੇ ਨਾਲ ਦੇ ਸ਼ਹਿਰਾਂ ਗਾਜ਼ੀਆਬਾਦ ਅਤੇ ਨੋਇਡਾ ਨੂੰ ਵੀ ਪਿੱਛੇ ਛੱਡ ਗਿਆ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਵਲੋਂ ਅੱਜ ਜਾਰੀ ਕੀਤੀ ਗਈ ਮਹੀਨਾਵਾਰ ਰਿਪੋਰਟ ਅਨੁਸਾਰ ਹਰਿਆਣਾ ਦੇ ਧਾਰੂਹੇੜਾ ਨੂੰ ਅਕਤੂਬਰ ਮਹੀਨੇ ’ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਭਰ ਵਿਚ ਹਵਾ ਦਾ ਮਿਆਰ ਤੇਜ਼ੀ ਨਾਲ ਡਿੱਗਦਾ ਜਾ ਰਿਹਾ ਹੈ। 

ਦੂਜੇ ਗੇੜ ਦੀਆਂ ਵੋਟਾਂ 11 ਨੂੰ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬਿਹਾਰ ਵਿਚ ਅੱਜ ਵੀਰਵਾਰ 6 ਨਵੰਬਰ ਨੂੰ ਪਹਿਲੇ ਗੇੜ ਦੌਰਾਨ 18 ਜ਼ਿਲ੍ਹਿਆਂ ’ਚ 121 ਵਿਧਾਨ ਸਭਾ ਹਲਕਿਆਂ ’ਤੇ ਵੋਟਾਂ ਪਈਆਂ ਹਨ। ਪਹਿਲੇ ਗੇੜ ਦੌਰਾਨ 3 ਕਰੋੜ 75 ਲੱਖ ਵੋਟਰ ਇੰਡੀਆ ਗਠਜੋੜ ਦੇ ਉਮੀਦਵਾਰ ਤੇਜਸਵੀ ਯਾਦਵ ਅਤੇ ਐਨਡੀਏ ਦੇ ਉਮੀਦਵਾਰ ਸਮਰਾਟ ਚੌਧਰੀ ਸਣੇ 1314 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ।  ਇਸੇ ਦੌਰਾਨ ਲਖੀਸਰਾਏ ਵਿਚ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਵਿਜੇ ਸਿਨਹਾ ਦੇ ਕਾਫਲੇ ’ਤੇ ਪਥਰਾਅ ਵੀ ਹੋਇਆ ਅਤੇ ਉਨ੍ਹਾਂ ਦੀ ਗੱਡੀ ’ਤੇ ਗੋਹਾ ਅਤੇ ਚੱਪਲਾਂ ਵੀ ਸੁੱਟੀਆਂ ਗਈਆਂ। ਇਸ ਨੂੰ ਲੈ ਕੇ ਸਿਨਹਾ ਨੇ ਰਾਸ਼ਟਰੀ ਜਨਤਾ ਦਲ ’ਤੇ ਸਵਾਲ ਵੀ ਚੁੱਕੇ ਹਨ। ਵਿਜੇ ਸਿਨਹਾ ਨੇ ਦਾਅਵਾ ਕੀਤਾ ਕਿ ਬਿਹਾਰ ਵਿਚ ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਹੀ ਜਿੱਤੇਗਾ।  ਬਿਹਾਰ ਦੀਆਂ ਕੁੱਲ 243 ਵਿਧਾਨ ਸਭਾ ਸੀਟਾਂ ਹਨ ਅਤੇ ਦੂਜੇ ਪੜਾਅ ਦੌਰਾਨ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।  

ਨਵੀਂ ਦਿੱਲੀ/ਬਿਊਰੋ ਨਿਊਜ਼

ਸਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਅਵਾਰਾ ਕੁੱਤਿਆਂ ਦੇ ਮਾਮਲੇ ’ਤੇ ਆਉਂਦੀ 7 ਨਵੰਬਰ ਨੂੰ ਫੈਸਲਾ ਸੁਣਾਏਗੀ। ਮਾਨਯੋਗ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੇ ਤਿੰਨ ਜੱਜਾਂ ਦੇ ਵਿਸ਼ੇਸ਼ ਬੈਂਚ ਨੇ ਕਿਹਾ ਕਿ ਜ਼ਿਆਦਾਤਰ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਦਾਲਤ ਵਿਚ ਮੌਜੂਦ ਸਨ। ਬੈਂਚ ਨੇ ਕਿਹਾ ਕਿ ਭਾਰਤੀ ਜਾਨਵਰ ਭਲਾਈ ਬੋਰਡ ਨੂੰੂ ਵੀ ਇਸ ਮਾਮਲੇ ਵਿਚ ਇਕ ਧਿਰ ਬਣਾਇਆ ਜਾਵੇਗਾ। ਇਸਦੇ ਚੱਲਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਅਵਾਰਾ ਕੁੱਤਿਆਂ ਦੇ ਮੁੱਦੇ ’ਤੇ ਇਕ ਨਵਾਂ ਆਦੇਸ਼ 7 ਨਵੰਬਰ ਨੂੰ ਪਾਸ ਕੀਤਾ ਜਾਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਦੀ ਮੌਜੂਦਗੀ ਹੁਣ ਜ਼ਰੁੂਰੀ ਨਹੀਂ ਹੋਵੇਗੀ। 

ਕੇਂਦਰ ਦੇ ਫੈਸਲੇ ਦਾ ਹੋ ਰਿਹਾ ਸੀ ਡਟਵਾਂ ਵਿਰੋਧ 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਨ ਦਾ ਫੈਸਲਾ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਹੈ ਅਤੇ ਇਸ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਵੀ ਰੱਦ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਪਿਛਲੇ ਦਿਨਾਂ ਤੋਂ ਡਟਵਾਂ ਵਿਰੋਧ ਹੋ ਰਿਹਾ ਸੀ, ਜਿਸ ਤੋਂ ਬਾਅਦ ਹੀ ਕੇਂਦਰ ਦਾ ਇਹ ਫੈਸਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਮਾਮਲੇ ਵਿਚ ਹਾਈਕੋਰਟ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਗੈਰਸੰਵਿਧਾਨਕ ਤੌਰ ’ਤੇ ਭੰਗ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਫੈਸਲੇ ਵਿਰੁੱਧ ਕਾਨੂੰਨੀ ਲੜਾਈ ਲੜਾਂਗੇ। ਸੀਐਮ ਮਾਨ ਨੇ ਕਿਹਾ ਸੀ ਕਿ ਇਸ ਕੇਸ ਦੀ ਪੈਰਵੀ ਲਈ ਦੇਸ਼ ਦੇ ਉਘੇ ਅਤੇ ਸਪੈਸ਼ਲਿਸਟ ਵਕੀਲਾਂ ਦਾ ਪੈਨਲ ਵੀ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੁੱਦਾ ਆਉਣ ਵਾਲੇ ਦਿਨਾਂ ਵਿਚ ਵਿਧਾਨ ਸਭਾ ਵਿਚ ਵੀ ਲਿਆਂਦਾ ਜਾਵੇਗਾ ਤਾਂ ਕਿ ਵਿਧਾਨਕ ਤੌਰ ’ਤੇ ਵੀ ਪੰਜਾਬ ਦਾ ਪੱਖ ਮਜ਼ਬੂਤ ਹੋ ਸਕੇ। 

1 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਅਤੇ ਮੁਫਤ ਸਿੱਖਿਆ ਦਾ ਵਾਅਦਾ

ਪਟਨਾ/ਬਿਊਰੋ ਨਿਊਜ਼ 

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ.ਡੀ.ਏ. ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਮੈਨੀਫੈਸਟੋ ਵਿਚ ਹੋਰਨਾਂ ਚੀਜ਼ਾਂ ਦੇ ਨਾਲ-ਨਾਲ ਇਕ ਕਰੋੜ ਨੌਜਵਾਨਾਂ ਨੂੰ ਨੌਕਰੀਆਂ, ਇਕ ਕਰੋੜ ‘ਲੱਖਪਤੀ ਦੀਦੀ’ ਬਣਾਉਣ, ਚਾਰ ਹੋਰ ਸ਼ਹਿਰਾਂ ਵਿਚ ਮੈਟਰੋ ਰੇਲ ਸੇਵਾਵਾਂ ਅਤੇ ਸੂਬੇ ਵਿਚ ਸੱਤ ਅੰਤਰਰਾਸ਼ਟਰੀ ਹਵਾਈ ਅੱਡਿਆਂ ਦਾ ਵਾਅਦਾ ਕੀਤਾ ਗਿਆ ਹੈ। ਇਸ ਚੋਣ ਮੈਨੀਫੈਸਟੋ ਵਿਚ ਕਿਹਾ ਗਿਆ ਹੈ ਕਿ ਜੇਕਰ ਬਿਹਾਰ ਵਿਚ ਐਨ.ਡੀ.ਏ. ਸੱਤਾ ਵਿਚ ਆਉਂਦੀ ਹੈ ਤਾਂ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ, 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਅਤੇ 50 ਲੱਖ ਹੋਰ ਪੱਕੇ ਮਕਾਨ ਵੀ ਬਣਾਏ ਜਾਣਗੇ। ਐਨ.ਡੀ.ਏ. ਵਲੋਂ ਚੋਣ ਮੈਨੀਫੈਸਟੋ ਇਕ ਪ੍ਰੈਸ ਕਾਨਫਰੰਸ ਕਰਕੇ ਜਾਰੀ ਕੀਤਾ ਗਿਆ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗਠਜੋੜ ਵਿਚ ਸ਼ਾਮਲ ਹੋਰ ਪਾਰਟੀਆਂ ਦੇ ਆਗੂ ਵੀ ਹਾਜ਼ਰ ਸਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.