Wednesday, 10 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਨੂੰ ਕੋਰੋਨਾ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕਰਾਰ ਦਿੰਦਿਆਂ ਲੋਕਾਂ ਨੂੰ ਤੇਲ ਅਤੇ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵਰਕ ਫਰੌਮ ਹੋਮ ਅਪਣਾਉਣ ਦੀ ਵੀ ਸਲਾਹ ਦਿੱਤੀ। ਇਸ ਬਿਆਨ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨਿਵੇਸ਼ਕਾਂ ਦੀ ਚਿੰਤਾ ਵਧ ਗਈ ਹੈ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ। ਬੀਐਸਈ ਸੈਂਸੈਕਸ ਕਾਰੋਬਾਰ ਦੌਰਾਨ 1,200 ਅੰਕ ਤੱਕ ਡਿੱਗ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਇੰਡੈਕਸ ਕਰੀਬ 350 ਅੰਕ ਫਿਸਲ ਗਿਆ। ਦੁਪਹਿਰ 2:30 ਵਜੇ ਸੈਂਸੈਕਸ 1196.40 ਅੰਕ ਜਾਂ 1.57 ਫੀਸਦੀ ਦੀ ਗਿਰਾਵਟ ਨਾਲ 74,818.88 ਅੰਕ ’ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵੀ 347.15 ਅੰਕ ਜਾਂ 1.46 ਫੀਸਦੀ ਡਿੱਗ ਕੇ 23,468.70 ਅੰਕ ’ਤੇ ਟਰੇਡ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵਾਲੇ ਕਾਰੋਬਾਰੀ ਸੈਸ਼ਨ ਵਿੱਚ ਵੀ ਸੈਂਸੈਕਸ 1312.91 ਅੰਕ ਡਿੱਗਿਆ ਸੀ, ਜਦਕਿ ਨਿਫਟੀ ਵਿੱਚ 360.30 ਅੰਕ ਦੀ ਗਿਰਾਵਟ ਆਈ ਸੀ। ਇਸ ਤਰ੍ਹਾਂ ਸਿਰਫ਼ ਦੋ ਦਿਨਾਂ ਵਿੱਚ ਹੀ ਸੈਂਸੈਕਸ 2,500 ਅੰਕ ਤੋਂ ਵੱਧ ਲੁੜਕ ਚੁੱਕਾ ਹੈ।

ਚਾਂਦੀ ਦੀ ਕੀਮਤ ’ਚ 300 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਯਾਨੀ 11 ਮਈ ਨੂੰ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗਰਾਮ 24 ਕੈਰੇਟ ਸੋਨੇ ਦੀ ਕੀਮਤ 801 ਰੁਪਏ ਡਿੱਗ ਕੇ 1 ਲੱਖ 50 ਹਜ਼ਾਰ 277 ਰੁਪਏ ’ਤੇ ਆ ਗਈ। ਇਸੇ ਤਰ੍ਹਾਂ 1 ਕਿਲੋ ਚਾਂਦੀ ਦੀ ਕੀਮਤ 300 ਰੁਪਏ ਘਟ ਕੇ 2 ਲੱਖ 55 ਹਜ਼ਾਰ 300 ਰੁਪਏ ’ਤੇ ਆ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਾਲ ਭਰ ਘਰ ’ਚ ਕੋਈ ਵੀ ਸਮਾਗਮ ਹੋਵੇ, ਸੋਨੇ ਦੇ ਗਹਿਣੇ ਖਰੀਦਣ ਤੋਂ ਬਚਿਆ ਜਾਵੇ। ਇਸ ਤਰ੍ਹਾਂ ਕਰਨ ਨਾਲ ਵਿਦੇਸ਼ੀ ਮੁਦਰਾ ਬਚੇਗੀ।

ਕਿਹਾ : ਪੀਐਮ ਮੋਦੀ ਜਨਤਾ ਨੂੰ ਅਰਥ-ਵਿਵਸਥਾ ਬਾਰੇ ਦੱਸਣ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਨੂੰ ਕੀਤੀ ਗਈ ਅਪੀਲ ਨੂੰ ਲੈ ਕੇ ਤਨਜ਼ ਕਸਿਆ ਹੈ।  ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਹਿਜ਼ ਆਦੇਸ਼ ਦੇਣ ਨਾਲ ਕੰਮ ਨਹੀਂ ਬਣੇਗਾ ਅਤੇ ਪ੍ਰਧਾਨ ਮੰਤਰੀ ਜਨਤਾ ਨੂੰ ਅਰਥ ਵਿਵਸਥਾ ਦੀ ਸਥਿਤੀ ਬਾਰੇ ਦੱਸਣ। ਉਨ੍ਹਾਂ ਕਿਹਾ ਕਿ ਦੇਸ਼ ਜਾਨਣਾ ਚਾਹੁੰਦਾ ਹੈ ਕਿ ਅਰਥ ਵਿਵਸਥਾ ਕਿੱਥੇ ਖੜ੍ਹੀ ਹੈ। ਕੇਜਰੀਵਾਲ ਨੇ ਕਿਹਾ ਮੇਰੀ ਪ੍ਰਧਾਨ ਮੰਤਰੀ ਨੂੰ ਬੇਨਤੀ ਹੈ ਕਿ ਉਹ ਦੇਸ਼ ਨੂੰ ਸਾਡੀ ਅੱਜ ਦੀ ਆਰਥਿਕਤਾ ਦੀ  ਸਥਿਤੀ ਅਤੇ ਨੇੜਲੇ ਭਵਿੱਖ ਵਿਚ ਕੀ ਉਮੀਦ ਕੀਤੀ ਜਾ ਸਕਦੀ ਹੈ, ਇਸ ਬਾਰੇ ਦੱਸਣ। ‘ਆਪ’ ਆਗੂ ਨੇ ਕਿਹਾ ਕਿ ਅੱਜ ਬਜ਼ਾਰ ਵਿਚ ਬਹੁਤ ਸਾਰੀਆਂ ਅਫਵਾਹਾਂ ਉਡ ਰਹੀਆਂ ਹਨ ਅਤੇ ਇਹ ਅਰਥ ਵਿਵਸਥਾ ਦੇ ਵਿਸ਼ਵਾਸ਼ ਲਈ ਚੰਗਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ ਪੱਛਮੀ ਏਸ਼ੀਆ ਦੇ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਦੇਸ਼ ਵਾਸੀਆਂ ਨੂੰ ਖਾਸ ਅਪੀਲ ਕੀਤੀ ਸੀ। ਪੀਐਮ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਤੇਲ ਦੀ ਬਚਤ ਕਰਨ ਲਈ ਕਾਰਾਂ ਸਾਂਝੀਆਂ ਕਰਨ, ਬੱਸਾਂ ਜਾਂ ਟਰੇਨਾਂ ਵਰਗੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਨ ਅਤੇ ਵਿਦੇਸ਼ੀ  ਯਾਤਰਾਵਾਂ ਤੋਂ ਪਰਹੇਜ਼ ਕਰਨ। ਇਸਦੇ ਨਾਲ ਹੀ ਉਨ੍ਹਾਂ ਨੇ ਕੋਵਿਡ ਦੇ ਸਮੇਂ ਵਾਂਗ ਘਰ ਤੋਂ ਕੰਮ ਕਰਨ ਅਤੇ ਔਨਲਾਈਨ ਮੀਟਿੰਗਾਂ ਕਰਨ  ਦਾ ਸੁਝਾਅ ਦਿੱਤਾ ਤਾਂ ਜੋ ਤੇਲ ਦੀ ਖਪਤ ਘਟਾਈ ਜਾ ਸਕੇ ਅਤੇ ਦੇਸ਼ ਆਪਣੀ ਜ਼ਿੰਮੇਵਾਰੀ ਨਿਭਾ ਸਕੇ। 

ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿਚ ਤਣਾਅ ਦੇ ਵਿਚਕਾਰ ਘਰੇਲੂ ਸਟਾਕ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿਚ ਡਿੱਗ ਗਏ। ਪੱਛਮੀ ਏਸ਼ੀਆ ਵਿਚ ਵਧ ਰਹੇ ਭੂ-ਰਾਜਨੀਤਕ ਤਣਾਅ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅੱਜ ਸ਼ੁੱਕਰਵਾਰ ਨੂੰ ਘਰੇਲੂ ਸਟਾਕ ਬਜ਼ਾਰ ਸ਼ੁਰੂਆਤੀ ਕਾਰੋਬਾਰ ਵਿਚ ਡਿੱਗ ਪਏ। ਵਿਦੇਸ਼ੀ ਪੂੰਜੀ ਦੇ ਬਾਹਰ ਜਾਣ ਅਤੇ ਕਮਜ਼ੋਰ ਵਿਸ਼ਵ ਰੁਝਾਨਾਂ ਨੇ ਵੀ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹੋਰ ਕਮਜ਼ੋਰ ਕੀਤਾ। ਸ਼ੁਰੂਆਤੀ ਕਾਰੋਬਾਰ ਵਿਚ ਬੀ.ਐਸ.ਈ. ਸੈਂਸੈਕਸ 353.50 ਅੰਕ ਡਿੱਗ ਕੇ 77,491.02 ’ਤੇ ਆ ਗਿਆ, ਜਦੋਂ ਕਿ ਐਨ.ਐਸ.ਈ. ਨਿਫਟੀ 109.25 ਅੰਕ ਡਿੱਗ ਕੇ 24,225.20 ’ਤੇ ਆ ਗਿਆ। ਇਸ ਤੋਂ ਬਾਅਦ ਹੋਰ ਗਿਰਾਵਟ ਆਈ। ਸੈਂਸੈਕਸ 536.66 ਅੰਕ ਡਿੱਗ ਕੇ 77,331.75 ’ਤੇ ਆ ਗਿਆ, ਜਦੋਂ ਕਿ ਨਿਫਟੀ 166.95 ਅੰਕ ਡਿੱਗ ਕੇ 24,170.80 ’ਤੇ ਆ ਗਿਆ।

ਮੈਡੀਕਲ ਐਂਟਰੈਂਸ ਟੈਸਟ ਹੁਣ ਦੁਬਾਰਾ ਕਰਵਾਇਆ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼  
ਪੇਪਰ ਲੀਕ ਹੋਣ ਦੇ ਵਧਦੇ ਇਲਜ਼ਾਮਾਂ ਅਤੇ ਪ੍ਰੀਖਿਆ ਵਿੱਚ ਵੱਡੇ ਪੱਧਰ ’ਤੇ ਹੋਈਆਂ ਬੇਨਿਯਮੀਆਂ ਦੇ ਵਿਚਕਾਰ, ਕੇਂਦਰ ਸਰਕਾਰ ਨੇ 3 ਮਈ ਨੂੰ ਕਰਵਾਈ ਗਈ ਨੀਟ-ਯੂਜੀ  2026 ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਦੇ ਇਸ ਸਭ ਤੋਂ ਵੱਡੇ ਮੈਡੀਕਲ ਐਂਟਰੈਂਸ ਟੈਸਟ ਨੂੰ ਦੁਬਾਰਾ ਕਰਵਾਇਆ ਜਾਵੇਗਾ, ਜਿਸ ਦੀਆਂ ਤਰੀਕਾਂ ਬਾਰੇ ਬਾਅਦ ਵਿੱਚ ਵੱਖਰੇ ਤੌਰ ’ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਕੇਂਦਰੀ ਏਜੰਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਮਿਲੀਆਂ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਲਿਆ ਗਿਆ ਹੈ, ਜਿਨ੍ਹਾਂ ਨੇ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕੀਤੇ ਸਨ। ਏਜੰਸੀ ਨੇ ਸਪੱਸ਼ਟ ਕੀਤਾ ਕਿ ਪ੍ਰਣਾਲੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ 3 ਮਈ 2026 ਨੂੰ ਹੋਈ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਮੌਜੂਦਾ ਪ੍ਰੀਖਿਆ ਪ੍ਰਕਿਰਿਆ ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਯਾਨੀ 8 ਮਈ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਬਾਜ਼ਾਰ ਖੁੱਲ੍ਹਦੇ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਜਿੱਥੇ ਚਾਂਦੀ ਦੀ ਕੀਮਤ ਵਿਚ 3300 ਰੁਪਏ ਪ੍ਰਤੀ ਕਿੱਲੋ ਦਾ ਵੱਡਾ ਉਛਾਲ ਆਇਆ, ਉਥੇ ਹੀ ਸੋਨਾ ਵੀ 800 ਰੁਪਏ ਪ੍ਰਤੀ 10 ਗਰਾਮ ਮਹਿੰਗਾ ਹੋ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅੱਜ ਚਾਂਦੀ ਦੀ ਕੀਮਤ ਬਜ਼ਾਰ ਖੁੱਲ੍ਹਦਿਆਂ ਹੀ 3300 ਰੁਪਏ ਪ੍ਰਤੀ ਕਿੱਲੋਂ ਮਹਿੰਗੀ ਹੋਈ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਇਹ 2,61,811 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ। ਇਸੇ ਤਰ੍ਹਾਂ ਸੋਨੇ ਦੀ ਕੀਮਤ ਵਿਚ ਵੀ 842 ਰੁਪਏ ਦੀ ਤੇਜ਼ੀ ਦੇਖੀ ਗਈ, ਜਿਸ ਨਾਲ ਇਹ 1,53, 103 ਰੁਪਏ ਪ੍ਰਤੀ 10 ਗਰਾਮ ਦੇ ਪੱਧਰ ’ਤੇ ਪਹੁੰਚ ਗਿਆ।

ਕਿਹਾ : ਪ੍ਰਧਾਨ ਮੰਤਰੀ ਦੀਆਂ ਅਪੀਲਾਂ ਨਾਕਾਮੀ ਦਾ ਸਬੂਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ‘7 ਅਪੀਲਾਂ’ ਉਤੇ ਪਲਟਵਾਰ ਕੀਤਾ ਹੈ। ਰਾਹੁਲ ਨੇ ਇਨ੍ਹਾਂ ਅਪੀਲਾਂ ਨੂੰ ਨਾਕਾਮੀ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਹੁਣ ਦੇਸ਼ ਚਲਾਉਣਾ ਪ੍ਰਧਾਨ ਮੰਤਰੀ ਮੋਦੀ ਦੇ ਬਸ ਦੀ ਗੱਲ ਨਹੀਂ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਪੀਐਮ ਮੋਦੀ ਨੇ ਜਨਤਾ ਕੋਲੋਂ ਤਿਆਗ ਮੰਗਿਆ ਹੈ। ਧਿਆਨ ਰਹੇ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਸੋਨਾ ਨਾ ਖਰੀਦੋ, ਵਿਦੇਸ਼ਾਂ ਨੂੰ ਨਾ ਜਾਓ, ਪੈਟਰੋਲ ਘੱਟ ਇਸਤੇਮਾਲ ਕਰੋ, ਖਾਣ ਵਾਲੇ ਤੇਲ ਦੀ ਵਰਤੋਂ ਘਟਾਓ, ਮੈਟਰੋ ਵਿਚ ਚੱਲੋ ਅਤੇ ਘਰਾਂ ਤੋਂ ਕੰਮ ਕਰੋ। ਰਾਹੁਲ ਨੇ ਕਿਹਾ ਕਿ ਪੀਐਮ ਦੀਆਂ ਇਹ ਗੱਲਾਂ ਉਪਦੇਸ਼ ਨਹੀਂ ਹਨ, ਇਹ ਤਾਂ ਨਕਾਮੀ ਹੈ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਦੋਵਾਂ ਨੂੰ ਸੰਭਾਲਣ ਵਿਚ ਅਸਫਲ ਰਹੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼

ਸਰਕਾਰੀ ਕੋਲਾ ਕੰਪਨੀ ‘ਕੋਲ ਇੰਡੀਆ ਲਿਮਟਿਡ’ ਇਕ ਵਾਰ ਫਿਰ ਬਜ਼ਾਰ ਦੀਆਂ ਨਜ਼ਰਾਂ ਵਿਚ ਆ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਜਲਦ ਹੀ ਕੰਪਨੀ ਵਿਚ ਆਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ, ਕੋਲ ਇੰਡੀਆ ਵਿਚ ਆਫਰ ਫੋਰ ਸੇਲ ਲਿਆਂਦਾ ਜਾ ਸਕਦਾ ਹੈ ਅਤੇ ਸਰਕਾਰ ਕੰਪਨੀ ਵਿਚ ਆਪਣੀ 3 ਤੋਂ 4 ਫੀਸਦੀ ਹਿੱਸੇਦਾਰੀ ਵੇਚ ਸਕਦੀ ਹੈ। ਇਸ ਹਿੱਸੇਦਾਰੀ ਵਿਕਰੀ ਦਾ ਆਕਾਰ ਕਰੀਬ 10 ਹਜ਼ਾਰ ਕਰੋੜ ਰੁਪਏ ਤੱਕ ਹੋ ਸਕਦਾ ਹੈ। ਜੇ ਇਹ ਆਫਰ ਫੋਰ ਸੇਲ ਆਉਂਦਾ ਹੈ ਤਾਂ ਇਹ ਹਾਲੀਆ ਸਮੇਂ ਦੇ ਵੱਡੇ ਸਰਕਾਰੀ ਡਿਸ-ਇਨਵੈਸਟਮੈਂਟ ਵਿਚ ਸ਼ਾਮਲ ਹੋ ਸਕਦਾ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਕੋਲ ਇੰਡੀਆ ਦੇ ਸ਼ੇਅਰਾਂ ’ਤੇ ਨਿਵੇਸ਼ਕਾਂ ਦੀਆਂ ਨਜ਼ਰਾਂ ਟਿਕ ਗਈਆਂ ਹਨ।

ਕੇਂਦਰ ਸਰਕਾਰ ਦਾ ਕਹਿਣਾ - ਇਸ ਬਦਲਾਅ ਦਾ ਮਜ਼ਦੂਰਾਂ ’ਤੇ ਕੋਈ ਅਸਰ ਨਹੀਂ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਅੱਜ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਨਵਾਂ ‘ਵੀ.ਬੀ.-ਜੀ ਰਾਮ ਜੀ’ ਕਾਨੂੰਨ ਆਉਂਦੀ 1 ਜੁਲਾਈ ਤੋਂ ਪੂਰੇ ਦੇਸ਼ ਵਿਚ ਲਾਗੂ ਹੋ ਜਾਵੇਗਾ। ਇਸਦੇ ਨਾਲ ਹੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਐਕਟ ਨੂੰ ਖਤਮ ਕਰ ਦਿੱਤਾ ਜਾਵੇਗਾ। ਪੇਂਡੂ ਵਿਕਾਸ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਸੂਚਨਾ ਦੇ ਮੁਤਾਬਕ, ਇਹ ਨਵਾਂ ਕਾਨੂੰਨ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਲਾਗੂ ਹੋਵੇਗਾ। ਭਾਰਤ ਸਰਕਾਰ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਬਦਲਾਅ ਨਾਲ ਮਜ਼ਦੂਰਾਂ ਦੇ ਕੰਮ ’ਤੇ ਕੋਈ ਅਸਰ ਨਹੀਂ ਪਵੇਗਾ। ਇਹ ਵੀ ਦੱਸਿਆ ਗਿਆ ਕਿ ਇਹ ਤਬਦੀਲੀ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਅਤੇ ਕੋਈ ਵੀ ਰੁਜ਼ਗਾਰ ਤੋਂ ਵਾਂਝਾ ਨਹੀਂ ਰਹੇਗਾ। ਇਹ ਵੀ ਕਿਹਾ ਕਿ ਜਿਹੜੇ ਵੀ ਪ੍ਰੋਜੈਕਟ ਪਹਿਲਾਂ ਤੋਂ ਚੱਲ ਰਹੇ ਹਨ, ਉਨ੍ਹਾਂ ਨੂੰ ਵਿਚਕਾਰ ਰੋਕਿਆ ਨਹੀਂ ਜਾਵੇਗਾ।

ਨਵੀਂ ਦਿੱਲੀ/ਬਿਊਰੋ ਨਿਊਜ਼

ਅੱਜ 7 ਮਈ ਨੂੰ ‘ਅਪਰੇਸ਼ਨ ਸਿੰਦੂਰ’ ਨੂੰ ਇਕ ਸਾਲ ਹੋ ਗਿਆ ਹੈ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਨੂੰ ਹਰਾਉਣ ਅਤੇ ਇਸਦੇ ਸਹਾਇਕ ਈਕੋ-ਸਿਸਟਮ ਨੂੰ ਤਬਾਹ ਕਰਨ ਦੇ ਆਪਣੇ ਸੰਕਲਪ ’ਤੇ ਅਟੱਲ ਹੈ। ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਨੇ ਅਪਰੇਸ਼ਨ ਸਿੰਦੂਰ ਦੇ ਲੋਗੋ ਨੂੰ ਪ੍ਰਦਰਸ਼ਿਤ ਕਰਨ ਲਈ ‘ਐਕਸ’ ਉਤੇ ਤਸਵੀਰ ਬਦਲੀ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਸਾਡੇ ਹਥਿਆਰਬੰਦ ਬਲਾਂ ਨੇ ਅਪਰੇਸ਼ਨ ਸਿੰਦੂਰ ਦੌਰਾਨ ਬੇਮਿਸਾਲ ਹਿੰਮਤ, ਸ਼ੁੱਧਤਾ ਅਤੇ ਸੰਕਲਪ ਦਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਨੇ ਪਹਿਲਗਾਮ ਵਿਚ ਬੇਗੁਨਾਹ ਭਾਰਤੀਆਂ ’ਤੇ ਹਮਲਾ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਮੰੂਹ ਤੋੜਵਾਂ ਜਵਾਬ ਦਿੱਤਾ ਅਤੇ ਪੂਰਾ ਦੇਸ਼ ਸਾਡੀਆਂ ਫੌਜਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਲਾਮ ਕਰਦਾ ਹੈ।

 

 

ਪੰਜਾਬ ਦੇ ਰਾਜਪਾਲ ਨੇ ਪਾਕਿਸਤਾਨ ਨੂੰ ਦਿੱਤੀ ਸਖਤ ਚਿਤਾਵਨੀ

ਕਿਹਾ : ਪਾਕਿਸਤਾਨ ਦੀ ਹਰ ਹਰਕਤ ਦਾ ਮਿਲੇਗਾ ਮੂੰਹਤੋੜ ਜਵਾਬ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ‘ਨਵਾਂ ਭਾਰਤ’ ਹੈ, ਜੋ ਹਰ ਦੁਸ਼ਮਣੀ ਵਾਲੀ ਹਰਕਤ ਦਾ ਮੂੰਹਤੋੜ ਜਵਾਬ ਦੇਵੇਗਾ। ਕਟਾਰੀਆ ਨੇ ਖੁਲਾਸਾ ਕੀਤਾ ਕਿ ਅਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੇ ਪੰਜਾਬ ਅਤੇ ਚੰਡੀਗੜ੍ਹ ਨੂੰ ਮੁੱਖ ਨਿਸ਼ਾਨਾ ਬਣਾਇਆ ਸੀ ਅਤੇ ਕਈ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਰਤੀ ਫੌਜ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਦਿਆਂ ਪਾਕਿਸਤਾਨੀ ਅੱਤਵਾਦੀ ਕੈਂਪਾਂ ’ਤੇ ਸਟੀਕ ਜਵਾਬੀ ਕਾਰਵਾਈ ਕੀਤੀ। ਰਾਜਪਾਲ ਨੇ ਕਿਹਾ ਕਿ ਉਹ ਸਮਾਂ ਬੀਤ ਗਿਆ ਹੈ, ਜਦੋਂ ਭਾਰਤ ਸਿਰਫ਼ ਡਿਪਲੋਮੈਟਿਕ ਵਿਰੋਧ ਦਰਜ ਕਰਵਾਉਂਦਾ ਸੀ, ਹੁਣ ਭਾਰਤ ਤਾਕਤ ਨਾਲ ਜਵਾਬ ਦਿੰਦਾ ਹੈ। ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਦੇ ਦਬਾਅ ਕਾਰਨ ਹੀ ਪਾਕਿਸਤਾਨ ਜੰਗਬੰਦੀ ਲਈ ਮਜਬੂਰ ਹੋਇਆ ਸੀ।

ਅਮਰੀਕਾ-ਇਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ
ਮੁੰਬਈ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਹੱਲ ਲਈ ਅਮਰੀਕਾ ਅਤੇ ਇਰਾਨ ਵਿਚਾਲੇ ਕੋਈ ਸਮਝੌਤਾ ਨਾ ਹੋਣ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਡਿੱਗ ਗਏ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਦੀ ਅਮਨ ਤਜਵੀਜ਼ ਨੂੰ ‘ਨਾ-ਮਨਜ਼ੂਰ’ ਕਰਨ ਦੀ ਖਬਰ ਨੇ ਬਾਜ਼ਾਰ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ, ਜਿਸ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਹੀ ਬੀ.ਐੱਸ.ਈ. ਸੈਂਸੈਕਸ 845.68 ਅੰਕ ਟੁੱਟ ਕੇ 76,482.51 ’ਤੇ ਆ ਗਿਆ। ਇਸੇ ਤਰ੍ਹਾਂ ਐੱਨ.ਐੱਸ.ਈ. ਨਿਫਟੀ ਵੀ 237.90 ਅੰਕਾਂ ਦੀ ਗਿਰਾਵਟ ਨਾਲ 23,936.85 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਕੌਮਾਂਤਰੀ ਬਾਜ਼ਾਰ ਵਿੱਚ ਬਰੈਂਟ ਕਰੂਡ ਦੀ ਕੀਮਤ 4.32 ਫੀਸਦੀ ਵਧ ਕੇ 105.7 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜਿਸ ਨੇ ਮਹਿੰਗਾਈ ਦੇ ਖਦਸ਼ੇ ਵਧਾ ਦਿੱਤੇ ਹਨ। ਬਾਜ਼ਾਰ ਮਾਹਿਰਾਂ ਅਨੁਸਾਰ, ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਡਰ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਵੀ ਹਿਲਾ ਦਿੱਤਾ ਹੈ।

ਹੁਣ ਇਕ ਘਰ ’ਚ ਨਹੀਂ ਚੱਲਣਗੇ ਦੋ ਇਕੱਠੇ ਕੁਨੈਕਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਘਰੇਲੂ ਗੈਸ ਕੁਨੈਕਸ਼ਨਾਂ ਨੂੰ ਲੈ ਕੇ ਨਿਯਮ ਹੋਰ ਵੀ ਸਖਤ ਹੋ ਗਏ ਹਨ। ਕੇਂਦਰ ਸਰਕਾਰ ਨੇ ‘ਇਕ ਘਰ, ਇਕ ਗੈਸ ਕੁਨੈਕਸ਼ਨ’ ਨੀਤੀ ਨੂੰ ਲਾਗੂ ਕਰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਇਕੋ ਘਰ ਵਿਚ ‘ਪਾਈਪਡ ਨੈਚੁਰਲ ਗੈਸ’ ਅਤੇ ਐਲ.ਪੀ.ਜੀ. ਕੁਨੈਕਸ਼ਨ ਇਕੱਠੇ ਰੱਖਣਾ ਨਿਯਮਾਂ ਦੇ ਖਿਲਾਫ ਮੰਨਿਆ ਜਾਵੇਗਾ। ਇਸ ਨੂੰ ਲੈ ਕੇ ਗੈਸ ਕੰਪਨੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਸਬੰਧੀ ਉਪਭੋਗਤਾਵਾਂ ਨੂੰ ਲਗਾਤਾਰ ਚਿਤਾਵਨੀਆਂ ਭੇਜ ਰਹੀਆਂ ਹਨ। ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਵਿਚ ‘ਇਕ ਘਰ, ਇਕ ਗੈਸ ਕੁਨੈਕਸ਼ਨ’ ਨਿਯਮ ਲਾਗੂ ਕੀਤਾ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਇਕ ਐਲਪੀਜੀ ਕੁਨੈਕਸ਼ਨ ਹੈ ਅਤੇ ਇਕ ਪੀਐਨਜੀ ਕੁਨੈਸ਼ਨ ਵੀ ਹੈ, ਤਾਂ ਤੁਹਾਨੂੰ ਐਲਪੀਜੀ ਸਿਲੰਡਰ ਵਾਪਸ ਕਰਨਾ ਪਵੇਗਾ। ਅਜਿਹਾ ਨਾ ਕਰਨ ’ਤੇ ਉਪਭੋਗਤਾ ਨੂੰ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.