Wednesday, 10 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਵਿੱਤੀ ਬਾਜ਼ਾਰਾਂ ਵਿਚ ਅੱਜ ਬੁੱਧਵਾਰ ਨੂੰ ਜ਼ਬਰਦਸਤ ਰੌਣਕ ਦੇਖਣ ਨੂੰ ਮਿਲੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਰਾਨ ਨਾਲ ਜੰਗ ਖਤਮ ਕਰਨ ਲਈ ਇਕ ਸਮਝੌਤੇ ਵੱਲ ਵਧਣ ਅਤੇ ‘ਪ੍ਰੋਜੈਕਟ ਫਰੀਡਮ’ ਨੂੰ ਮੁਅੱਤਲ ਕਰਨ ਦੇ ਐਲਾਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਈ, ਜਿਸ ਨੇ ਬਾਜ਼ਾਰ ਨੂੰ ਉਤਸ਼ਾਹਿਤ ਕੀਤਾ। ਅੱਜ ਸਵੇਰੇ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਸੂਚਕਾਂਕ ਸਨਸੈਕਸ 657.22 ਅੰਕਾਂ ਦੀ ਵੱਡੀ ਛਾਲ ਮਾਰ ਕੇ 77,675.01 ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ ਵੀ 218 ਅੰਕ ਵਧ ਕੇ 24,250.85 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਮੁੱਖ ਤੌਰ ’ਤੇ ਇੰਟਰਗਲੋਬ ਐਵੀਏਸ਼ਨ, ਮਹਿੰਦਰਾ ਐਂਡ ਮਹਿੰਦਰਾ, ਟਰੈਂਟ ਅਤੇ ਬਜਾਜ ਫਾਇਨਾਂਸ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਤੇਜ਼ੀ ਰਹੀ। ਹਾਲਾਂਕਿ ਲਾਰਸਨ ਐਂਡ ਟੂਬਰੋ ਅਤੇ ਹਿੰਦੁਸਤਾਨ ਯੂਨੀਲੀਵਰ ਵਰਗੀਆਂ ਕੰਪਨੀਆਂ ਕੁਝ ਪਿੱਛੇ ਰਹੀਆਂ।

ਚੰਡੀਗੜ੍ਹ/ਬਿਊਰੋ ਨਿਊਜ਼  
ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ ਵੇਅ ’ਤੇ ਅੱਜ ਮੰਗਲਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੇ 5 ਮੁਲਾਜ਼ਮਾਂ ਦੀ ਜਾਨ ਚਲੇ ਗਈ ਹੈ। ਇਹ ਹਾਦਸਾ ਸਵੇਰੇ ਕਰੀਬ 10:30 ਵਜੇ ਤਾਵੜੂ ਸਦਰ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਧੁਲਾਵਤ ਟੋਲ ਪਲਾਜ਼ਾ ਦੇ ਕੋਲ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਐਮਰਜੈਂਸੀ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਮਿਲੀਆਂ ਰਿਪੋਰਟਾਂ ਅਨੁਸਾਰ, ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਵਿੱਚ ਤਾਇਨਾਤ ਇਹ ਮੁਲਾਜ਼ਮ ਮਹਿੰਦਰਾ ਸਕਾਰਪੀਓ ਵਿੱਚ ਪਲਵਲ ਵੱਲ ਜਾ ਰਹੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਟੋਲ ਪਲਾਜ਼ਾ ਦੇ ਕੋਲ ਡਰਾਈਵਰ ਨੇ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਰਫ਼ਤਾਰ ਕਾਰਨ ਉਹ ਕੰਟਰੋਲ ਗੁਆ ਬੈਠਾ ਅਤੇ ਸਕਾਰਪੀਓ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਾਰੇ 5 ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਵਲੋਂ ਇਸ ਸੜਕ ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਭਾਜਪਾ ਨੇ ਪੱਛਮੀ ਬੰਗਾਲ ’ਚ ਹੂੰਝਾਫੇਰ ਜਿੱਤ ਕੀਤੀ ਹਾਸਲ
ਕੋਲਕਾਤਾ/ਬਿਊਰੋ ਨਿਊਜ਼
ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿੱਚ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਨਵੀਂ ਵਿਧਾਨ ਸਭਾ ਦੇ ਗਠਨ ਲਈ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਇਹ ਨੋਟੀਫਿਕੇਸ਼ਨ ਸੂਬੇ ਦੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ, ਜਿਸ ਨਾਲ ਹੁਣ ਨਵੀਂ ਸਰਕਾਰ ਦੇ ਗਠਨ ਅਤੇ ਚੁਣੇ ਗਏ ਨੁਮਾਇੰਦਿਆਂ ਦੇ ਸਹੁੰ ਚੁੱਕ ਸਮਾਗਮ ਦਾ ਰਾਹ ਪੱਧਰਾ ਹੋ ਗਿਆ ਹੈ। ਚੋਣ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਰੀ ਕੀਤਾ ਗਿਆ ਇਹ ਨੋਟੀਫਿਕੇਸ਼ਨ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਇੱਕ ਅਹਿਮ ਸੰਵਿਧਾਨਕ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨੋਟੀਫਿਕੇਸ਼ਨ ਨਾਲ ਕਮਿਸ਼ਨ ਵੱਲੋਂ ਨਵੀਂ ਵਿਧਾਨ ਸਭਾ ਦੇ ਗਠਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਹੁਣ ਅਗਲੀ ਕਾਰਵਾਈ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਾਜਪਾਲ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 294 ਮੈਂਬਰੀ ਵਿਧਾਨ ਸਭਾ ਵਿੱਚ 207 ਸੀਟਾਂ ਜਿੱਤ ਕੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਇਸ ਇਤਿਹਾਸਕ ਨਤੀਜੇ ਨਾਲ ਸੂਬੇ ਵਿੱਚ ਤਿ੍ਰਣਮੂਲ ਕਾਂਗਰਸ (ਟੀਐੱਮਸੀ) ਦਾ ਪਿਛਲੇ 15 ਸਾਲਾਂ ਤੋਂ ਚੱਲ ਰਿਹਾ ਲਗਾਤਾਰ ਸ਼ਾਸਨ ਖ਼ਤਮ ਹੋ ਗਿਆ ਹੈ। ਇਸਦੇ ਚੱਲਦਿਆਂ ਭਾਜਪਾ ਵਲੋਂ 9 ਮਈ ਨੂੰ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁਕਾਈ ਜਾ ਸਕਦੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਪਬਲਿਕ ਸੈਕਟਰ ਦੇ ਪ੍ਰਮੁੱਖ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਵਿੱਤੀ ਸਾਲ 2025-26 ਦੀ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੈਂਕ ਦੇ ਮੁਨਾਫੇ ਵਿੱਚ ਮਜ਼ਬੂਤ ਵਾਧਾ ਹੋਇਆ ਹੈ ਅਤੇ ਐਸੈੱਟ ਕੁਆਲਟੀ ਵਿੱਚ ਵੀ ਸੁਧਾਰ ਦੇਖਣ ਨੂੰ ਮਿਲਿਆ ਹੈ। ਬੈਂਕ ਦਾ ਨੈੱਟ ਮੁਨਾਫਾ ਸਾਲਾਨਾ ਅਧਾਰ ’ਤੇ 4567 ਕਰੋੜ ਰੁਪਏ ਤੋਂ ਵਧ ਕੇ 5226 ਕਰੋੜ ਹੋ ਗਿਆ ਹੈ, ਜੋ ਕਿ ਵਧੀਆ ਰਿਕਵਰੀ ਅਤੇ ਖਰਚਾਂ ’ਤੇ ਕੰਟਰੋਲ ਨੂੰ ਦਰਸਾਉਂਦਾ ਹੈ। ਹਾਲਾਂਕਿ, ਨੈੱਟ ਇੰਟਰੈਸਟ ਇਨਕਮ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 10,757 ਕਰੋੜ ਰੁਪਏ ਤੋਂ ਘਟ ਕੇ 10,380 ਕਰੋੜ ਰਹੀ।

7 ਰਾਜ ਸਭਾ ਮੈਂਬਰਾਂ ਦੀ ਦਲ-ਬਦਲੀ ਨੂੰ ਦੱਸਿਆ ਲੋਕਤੰਤਰ ਦਾ ਕਤਲ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੰਗਲਵਾਰ ਨੂੰ ਨਵੀਂ ਦਿੱਲੀ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ। ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਭਵਨ ਵਿਚੋਂ ਬਾਹਰ ਆ ਕੇ ਸੀਐਮ ਮਾਨ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ। ਭਗਵੰਤ ਮਾਨ ਨਾਲ ਪਾਰਟੀ ਦੇ ਪੰਜਾਬ ਨਾਲ ਸਬੰਧਤ 90 ਵਿਧਾਇਕ ਵੀ ਦਿੱਲੀ ਪਹੁੰਚੇ ਸਨ। ਭਗਵੰਤ ਮਾਨ ਨੇ ਕੇਂਦਰ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਵਿਚ ਅਪਰੇਸ਼ਨ ਲੋਟਸ ਵਰਗੀਆਂ ਘਟੀਆ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਨਾਲ ਗੱਦਾਰੀ ਕੀਤੀ ਹੈ, ਉਨ੍ਹਾਂ ਦੀ ਮੈਂਬਰਸ਼ਿਪ ਤੁਰੰਤ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਵਲੋਂ ਪੰਜਾਬ ਨੂੰ ਅਗਲਾ ਨਿਸ਼ਾਨਾ ਦੱਸਣ ਵਾਲੇ ਬਿਆਨਾਂ ’ਤੇ ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਕੋਈ ਟਰੱਕ ਨਹੀਂ ਹੈ, ਕਿ ਜਿਸਦੀ ਵਾਰੀ ਆਵੇਗੀ ਉਹ ਹੀ ਚਲਾਉਣ ਲੱਗ ਪਵੇਗਾ। ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਸਿਰਫ 2 ਵਿਧਾਇਕ ਹਨ ਅਤੇ ਅਗਲੀਆਂ ਚੋਣਾਂ ਵਿਚ ਇਹ ਗਿਣਤੀ ‘ਜ਼ੀਰੋ’ ਹੋ ਸਕਦੀ ਹੈ। ਦੱਸਣਯੋਗ ਹੈ ਕਿ ਲੰਘੀ 24 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ 10 ਵਿਚੋਂ 7 ਰਾਜ ਸਭਾ ਮੈਂਬਰ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਾਜਿੰਦਰ ਗੁਪਤਾ, ਵਿਕਰਮਜੀਤ ਸਾਹਨੀ ਅਤੇ ਸਵਾਤੀ ਮਾਲੀਵਾਲ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਨ੍ਹਾਂ ਵਿਚੋਂ 6 ਮੈਂਬਰ ਪੰਜਾਬ ਨਾਲ ਸਬੰਧਤ ਹਨ।  ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਾਰਤੀ ਜਨਤਾ ਪਾਰਟੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਭਾਜਪਾ ਨੇ ਲੋਕਤੰਤਰ ਨੂੰ ਅਗਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਭਾਜਪਾ ਦੇ ‘ਵਿਜੇ ਰੱਥ’ ਨੂੰ ਰੋਕੇਗਾ।

ਨਵੀਂ ਦਿੱਲੀ/ਬਿਊਰੋ ਨਿਊਜ਼
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਇਸ ਹਫਤੇ ਦੇ ਸ਼ੁਰੂਆਤੀ ਦੋ ਕਾਰੋਬਾਰੀ ਦਿਨਾਂ ਵਿੱਚ ਮਲਟੀ ਕਮੋਡਿਟੀ ਐਕਸਚੇਂਜ ’ਤੇ ਚਾਂਦੀ ਦੇ ਵਾਇਦਾ ਭਾਅ ਵਿੱਚ 8 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ। ਅੱਜ ਮੰਗਲਵਾਰ ਨੂੰ ਵੀ ਓਪਨਿੰਗ ਦੇ ਨਾਲ ਹੀ ਇਹ ਕੀਮਤੀ ਧਾਤੂ ਹੋਰ ਫਿਸਲ ਗਈ। ਇਸ ਤਾਜ਼ਾ ਗਿਰਾਵਟ ਤੋਂ ਬਾਅਦ ਆਪਣੇ ਲਾਈਫ ਟਾਈਮ ਹਾਈ ਲੈਵਲ ਨਾਲੋਂ 1 ਕਿਲੋਗ੍ਰਾਮ ਚਾਂਦੀ 2 ਲੱਖ 14 ਹਜ਼ਾਰ ਰੁਪਏ ਤੋਂ ਵੱਧ ਸਸਤੀ ਹੋ ਚੁੱਕੀ ਹੈ। ਸੋਨਾ ਹਫਤੇ ਦੇ ਦੂਜੇ ਦਿਨ ਮਲਟੀ ਕਮੋਡਿਟੀ ਐਕਸਚੇਂਜ ’ਤੇ ਕਾਰੋਬਾਰ ਦੀ ਸ਼ੁਰੂਆਤ ਨਾਲ ਹੀ ਫਿਸਲ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਇਸ ਵਿੱਚ ਹਲਕੀ ਤੇਜ਼ੀ ਵੀ ਦੇਖਣ ਨੂੰ ਮਿਲੀ। ਇਸ ਦੇ ਬਾਵਜੂਦ ਇਹ ਕੀਮਤੀ ਪੀਲੀ ਧਾਤ ਆਪਣੇ ਹਾਈ ਲੈਵਲ ਤੋਂ ਹੁਣ ਵੀ 53 ਹਜ਼ਾਰ ਰੁਪਏ ਪ੍ਰਤੀ 10 ਗਰਾਮ ਤੋਂ ਵੱਧ ਸਸਤੀ ਮਿਲ ਰਹੀ ਹੈ।  

ਰਾਘਵ ਚੱਢਾ ਨੇ ਕਿਹਾ :  ‘ਆਪ’ ਬਦਲਾਖੋਰੀ ਦੀ ਭਾਵਨਾ ਨਾਲ ਕਰ ਰਹੀ ਹੈ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਨੇ ਅੱਜ ਸਵੇਰੇ ਰਾਸ਼ਟਰਪਤੀ ਦਰੋਪਤੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ। ਰਾਘਵ ਚੱਢਾ, ਸੰਦੀਪ ਪਾਠਕ, ਰਾਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ’ਤੇ ਅਧਾਰਿਤ ਇਸ ਵਫਦ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਉਣ ਲਈ ਸਰਕਾਰੀ ਤੰਤਰ ਦੀ ਨਜਾਇਜ਼ ਵਰਤੋਂ ਕਰ ਰਹੀ ਹੈ। ਮੁਲਾਕਾਤ ਤੋਂ ਬਾਅਦ ਰਾਘਵ ਚੱਢਾ ਨੇ ਸੋਸ਼ਲ ਮੀਡੀਆ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਕੱਲ੍ਹ ਇਕ ਸਿਆਸੀ ਪਾਰਟੀ ਵਾਂਗ ਨਹੀਂ, ਸਗੋਂ ਇਕ ‘ਜਿਲਟਡ ਐਕਸ’ ਵਾਂਗ ਵਿਵਹਾਰ ਕਰ ਰਹੀ ਹੈ। ਰਾਘਵ ਚੱਢਾ ਨੇ ਦੱਸਿਆ ਕਿ ਅਸੀਂ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਹੈ ਕਿ ਕਿਵੇਂ ਦੋ-ਤਿਹਾਈ ਬਹੁਮਤ ਨਾਲ ਭਾਜਪਾ ਵਿਚ ਰਲੇਵੇਂ ਦੇ ਸੰਵਿਧਾਨਕ ਫੈਸਲੇ ਤੋਂ ਬਾਅਦ ਸਾਨੂੰ ਸਿਆਸੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਚੰਡੀਗੜ੍ਹ/ਬਿਊਰੋ ਨਿਊਜ਼
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫਤਰ ਨੇ ਸਕੂਲੀ ਕੰਪਿਊਟਰਾਂ ਨੂੰ ਗੈਰ-ਵਿਦਿਅਕ ਉਦੇਸ਼ਾਂ ਲਈ ਵਰਤਣ ਤੋਂ ਰੋਕ ਕੇ ਵਿਦਿਆਰਥੀਆਂ ਦੇ ਅਕਾਦਮਿਕ ਸਰੋਤਾਂ ਦੀ ਰਾਖੀ ਲਈ ਇਕ ਰਸਮੀ ਨਿਰਦੇਸ਼ ਜਾਰੀ ਕੀਤਾ ਹੈ। ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਵਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿਚ ਆਏ ਹਨ, ਜੋ ਕਿ ਵੱਖ-ਵੱਖ ਸਰਕਾਰੀ ਵਿਭਾਗ ਚੱਲ ਰਹੀ ਮਰਦਮਸ਼ੁਮਾਰੀ ਦੀਆਂ ਗਤੀਵਿਧੀਆਂ ਲਈ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਦੀ ਵਰਤੋਂ ਕਰਨ ਜਾਂ ਹਾਰਡਵੇਅਰ ਉਧਾਰ ਲੈਣ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜੇ ਪੱਤਰ ਵਿਚ ਵਿਭਾਗ ਨੇ ਬਾਹਰੀ ਏਜੰਸੀਆਂ ਵਲੋਂ ਇਨ੍ਹਾਂ ਸਰੋਤਾਂ ਦੀ ਵਰਤੋਂ ਕੀਤੇ ਜਾਣ ਸਬੰਧੀ ਕਈ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ। ਦੱਸਿਆ ਗਿਆ ਕਿ ਬਾਹਰੀ ਵਿਅਕਤੀਆਂ ਵਲੋਂ ਵਰਤੇ ਜਾਣ ਸਮੇਂ ਸਕੂਲ ਦੇ ਹਾਰਡਵੇਅਰ ਨੂੰ ਨੁਕਸਾਨ ਪਹੁੰਚਣ ਦਾ ਵੱਡਾ ਖਤਰਾ ਵੀ ਰਹਿੰਦਾ ਹੈ। ਇਸ ਸਬੰਧੀ ਸਾਰੇ ਸਰਕਾਰੀ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਮੁਖੀਆਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਕਿ ਮਰਦਮਸ਼ੁਮਾਰੀ ਜਾਂ ਹੋਰ ਗੈਰ-ਵਿੱਦਿਅਕ ਕੰਮਾਂ ਲਈ ਕੰਪਿਊਟਰ ਲੈਬ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਚੰਡੀਗੜ੍ਹ/ਬਿਊਰੋ ਨਿਊਜ਼  
ਭਾਰਤ ਦੇ ਮਾਨਯੋਗ ਮੁੱਖ ਜੱਜ ਸੂਰਿਆ ਕਾਂਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਵਜੋਂ 10 ਵਕੀਲਾਂ ਦੀ ਤਰੱਕੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੰਘੇ ਕੱਲ੍ਹ 4 ਮਈ ਨੂੰ ਹੋਈ ਕੌਲਜੀਅਮ ਦੀ ਮੀਟਿੰਗ ਵਿੱਚ ਲਏ ਗਏ ਇਹ ਫੈਸਲੇ ਹਾਈਕੋਰਟ ਦੀ 85 ਜੱਜਾਂ ਦੀ ਪ੍ਰਵਾਨਿਤ ਸੰਖਿਆ ਅਤੇ 58 ਦੀ ਮੌਜੂਦਾ ਕਾਰਜਕਾਰੀ ਸੰਖਿਆ ਦੇ ਵਿਚਕਾਰ ਇੱਕ ਵੱਡੇ ਪਾੜੇ ਦੇ ਪਿਛੋਕੜ ਵਿੱਚ ਆਏ ਹਨ। ਇਸ ਦੇ ਚੱਲਦਿਆਂ ਕੌਲਜੀਅਮ ਨੇ ਮੋਨਿਕਾ ਛਿੱਬਰ ਸ਼ਰਮਾ, ਹਰਮੀਤ ਸਿੰਘ ਦਿਓਲ, ਪੂਜਾ ਚੋਪੜਾ, ਸੁਨੀਸ਼ ਬਿੰਦਲਿਸ਼, ਨਵਦੀਪ ਸਿੰਘ, ਦਿਵਿਆ ਸ਼ਰਮਾ ਅਤੇ ਰਵਿੰਦਰ ਮਲਿਕ ਦੇ ਨਾਂ ਨੂੰ ਤਰੱਕੀ ਲਈ ਮਨਜ਼ੂਰੀ ਦਿੱਤੀ ਹੈ। ਇੱਕ ਵੱਖਰੇ ਪਰ ਸਮਕਾਲੀ ਮਤੇ ਵਿੱਚ ਪਰਵਿੰਦਰ ਸਿੰਘ ਚੌਹਾਨ, ਰਾਜੇਸ਼ ਗੌੜ ਅਤੇ ਮਿੰਦਰਜੀਤ ਯਾਦਵ ਦੀ ਤਰੱਕੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼  
ਪੱਛਮੀ ਬੰਗਾਲ ਵਿਚ ਪਈਆਂ ਵਿਧਾਨ ਸਭਾ ਵੋਟਾਂ ਦੇ ਨਤੀਜੇ ਅੱਜ ਆ ਗਏ ਹਨ। ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਿਆਸਤ ਪੂਰੀ ਤਰ੍ਹਾਂ ਬਦਲ ਗਈ ਹੈ। ਇਸਦੇ ਚੱਲਦਿਆਂ ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਹੈ ਅਤੇ ਮਮਤਾ ਬੈਨਰਜੀ ਦੀ ਪਾਰਟੀ ਤਿ੍ਰਣਾਮੂਲ ਕਾਂਗਰਸ ਦੂਜੇ ਨੰਬਰ ’ਤੇ ਰਹੀ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀਐਮਸੀ, ਜੋ ਪਿਛਲੇ 15 ਸਾਲਾਂ ਤੋਂ ਸੂਬੇ ਦੀ ਸੱਤਾ ’ਤੇ ਕਾਬਜ਼ ਸੀ, ਪਰ ਇਸ ਵਾਰ ਪਛੜ ਗਈ ਹੈ।  ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿਚ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਦੇ ਨਤੀਜੇ ਆ ਰਹੇ ਹਨ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੀ ਬਾਰਾਮਤੀ ਵਿਧਾਨ ਸੀਟ ’ਤੇ ਵੀ ਜ਼ਿਮਨੀ ਚੋਣ ਲਈ ਵੋਟਾਂ ਪਈਆਂ ਸਨ। ਇਸ ਸੀਟ ’ਤੇ ਐਨ.ਸੀ.ਪੀ. ਦੀ ਉਮੀਦਵਾਰ ਸੁਨੇਤਰਾ ਪਵਾਰ ਨੇ 2 ਲੱਖ 18 ਹਜ਼ਾਰ, 930 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦਾ ਅੰਤਰ ਭਾਰਤੀ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ।


ਰਵਨੀਤ ਬਿੱਟੂ ਦਾ ਦਾਅਵਾ - ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ’ਚ ਤਖਤਾ ਪਲਟ ਹੋਵੇਗਾ  
ਸੁਨੀਲ ਜਾਖੜ ਨੇ ਕਿਹਾ : ਪੰਜਾਬ ਵਿਚ ਵੀ ਹੁਣ ਭਾਜਪਾ ਦੀ ਸਰਕਾਰ ਬਣੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰੀ ਰਾਜ ਰੇਲ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਨੇ ਮਾਫੀਆ, ਨਸ਼ਿਆਂ ਅਤੇ ਭਿ੍ਰਸ਼ਟਾਚਾਰ ਖਿਲਾਫ ਵੋਟ ਪਾਈ ਹੈ, ਉਸੇ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ। ਬਿੱਟੂ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਵੀ ਜਲਦ ਹੀ ‘ਤਖਤ ਪਲਟ’ ਦੇਖਣ ਨੂੰ ਮਿਲੇਗਾ, ਕਿਉਂਕਿ ਇਥੋਂ ਦੇ ਲੋਕ ਵੀ ਬਿਹਤਰੀ ਲਈ ਬਦਲਾਅ ਚਾਹੁੰਦੇ ਹਨ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਅਤੇ ਹੁਣ 2027 ਵਿਚ ਪੰਜਾਬ ’ਚ ਵੀ ਭਾਜਪਾ ਦੀ ਸਰਕਾਰ ਬਣੇਗੀ। ਪੱਛਮੀ ਬੰਗਾਲ ਵਿਚ ਭਾਜਪਾ ਦੀ ਜਿੱਤ ’ਤੇ ਚੰਡੀਗੜ੍ਹ ’ਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਮਨਾਈ।

ਮੰਡੀਆਂ ’ਚ ਭਿੱਜੀ ਕਣਕ - ਕਿਸਾਨਾਂ ਦਾ ਫਿਕਰ ਵਧਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ੲੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਮੌਸਮ ਵਿੱਚ ਪੱਛਮੀ ਵਿਗਾੜ ਦੇ ਚੱਲਦਿਆਂ ਪੰਜਾਬ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ ਅਤੇ ਤੇਜ਼ ਹਨ੍ਹੇਰੀ ਵੀ ਚੱਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲੰਘੀ ਰਾਤ 11 ਤੋਂ 12 ਵਜੇ ਦੇ ਵਿਚਕਾਰ ਅਚਾਨਕ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਸੀ ਅਤੇ ਇੱਕ ਦਮ ਤੇਜ਼ ਹਨੇਰੀ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਮੀਂਹ ਨਾਲ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਪੰਜਾਬ ਦੀਆਂ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਦੇ ਭਿੱਜਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦਾ ਫਿਕਰ ਵੀ ਵਧਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ 20.6 ਐਮ ਐਮ, ਫਰੀਦਕੋਟ ਵਿੱਚ 17.2 ਐਮਐਮ, ਫਿਰੋਜ਼ਪੁਰ ਵਿੱਚ 19 ਐਮਐਮ ਅਤੇ ਰੂਪਨਗਰ ਵਿੱਚ ਡੇਢ ਐਮਐਮ ਮੀਂਹ ਪਿਆ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਅਜੇ ਹੋਰ ਵੀ ਮੀਂਹ ਪੈ ਸਕਦਾ ਹੈ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਕਮਾਈ ਵਿੱਚ 74% ਤੱਕ ਵਾਧਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਲੈਕਟਿ੍ਰਕ ਵਾਹਨ (ਈਵੀ) ਨਿਰਮਾਤਾ ਐਥਰ ਐਨਰਜੀ ਨੇ ਵਿੱਤੀ ਸਾਲ 2025-26 ਦੀ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਕੰਪਨੀ ਨੇ ਐਕਸਚੇਂਜ ਫਾਈਲਿੰਗ ਵਿੱਚ ਦੱਸਿਆ ਕਿ ਉਸਦੇ ਘਾਟੇ ਵਿੱਚ ਕਾਫੀ ਕਮੀ ਆਈ ਹੈ। ਕੰਪਨੀ ਦਾ ਨੈੱਟ ਘਾਟਾ ਘਟ ਕੇ 100 ਕਰੋੜ ਰੁਪਏ ਰਹਿ ਗਿਆ ਹੈ, ਜਦਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ ਇਹ 234 ਕਰੋੜ ਰੁਪਏ ਸੀ। ਇਸ ਤਰ੍ਹਾਂ ਸਾਲਾਨਾ ਅਧਾਰ ’ਤੇ ਘਾਟੇ ਵਿੱਚ 57% ਦੀ ਕਮੀ ਦਰਜ ਕੀਤੀ ਗਈ ਹੈ। ਉੱਧਰ, ਕੰਪਨੀ ਦੀ ਓਪਰੇਸ਼ਨਲ ਕਮਾਈ 1175 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਅਵਧੀ ਵਿੱਚ 676 ਕਰੋੜ ਰੁਪਏ ਸੀ। ਇਸ ਤਰ੍ਹਾਂ ਕੰਪਨੀ ਨੇ 74% ਦਾ ਮਜ਼ਬੂਤ ਸਾਲਾਨਾ ਵਾਧਾ ਦਰਜ ਕੀਤਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.