Thursday, 28 May 2026

ਪੰਜਾਬ ਦੀ ‘ਆਪ’ ਸਰਕਾਰ ਨੇ ਜਲ ਬੱਸ ਚਲਾਉਣ ਦੀ ਕੀਤੀ ਤਿਆਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਜਲਦੀ ਹੀ ਪਾਣੀ ਅੰਦਰ ਬੱਸ ਚਲਾਈ ਜਾਵੇਗੀ। ਇਸਦੇ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ’ਚ ਜਲ ਬੱਸ ਚਲਾਉਣ ਨੂੰ ਲੈ ਕੇ ਇਕ ਉਚ ਪੱਧਰੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਜਲ ਬੱਸ ਚਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ ਹੈ। ਹੁਣ ਸੈਰ ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ ਬੱਸ ਦੀ ਚੈਕਿੰਗ ਵੀ ਕਰਵਾਈ ਹੈ। ਇਸ ਜਲ ਬਸ ਨੂੰ ਰਣਜੀਤ ਸਾਗਰ ਝੀਲ ਵਿਚ ਚਲਾਏ ਜਾਣ ਲਈ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਖਰਚ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲ ਬਸ ਹੁਣ ਖਰਾਬ ਹੋਣ ਲੱਗ ਪਈ ਸੀ। ਇਸਦਾ ਮੁੜ ਫਿਟਨੈਸ ਸਰਟੀਫਿਕੇਣ ਮਿਲਣ ’ਤੇ ਇਸ ਜਲ ਬੱਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਵੀ ਪੂਰੀ ਕੀਤੀ ਜਾ ਰਹੀ ਹੈ। 

ਭਾਜਪਾ ਨੂੰ ਘੇਰਨ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਕਾਂਗਰਸ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਤੇ ਸੀਨੀਅਰ ਲੀਡਰਸ਼ਿਪ ਵੱਲੋਂ ਮੀਟਿੰਗ ਕੀਤੀ ਗਈ ਹੈ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸਦੇ ਨਾਲ ਹੀ ਭਾਜਪਾ ਦੀ ਘੇਰਾਬੰਦੀ ਲਈ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਰਾਜਾ ਵੜਿੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਗਲਤ ਟਿੱਪਣੀਆਂ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਭਾਜਪਾ ਨੇ 2014 ਵਿੱਚ ਸੱਤਾ ਵਿੱਚ ਆਉਣ ਮਗਰੋਂ ਯੋਜਨਾਬੱਧ ਢੰਗ ਨਾਲ ਦਲਿਤ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ। ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ 2027 ਵਿਚ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੇਗੀ। 

ਐਸਜੀਪੀਸੀ ਵਲੋਂ ਸਿਨੇਮਾ ਘਰਾਂ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ

ਅੰਮਿ੍ਰਤਸਰ/ਬਿਊਰੋ ਨਿਊਜ਼ 

ਭਾਜਪਾ ਦੀ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੱਲੋਂ ਬਣਾਈ ਗਈ ਫਿਲਮ ‘ਐਮਰਜੈਂਸੀ’ ਦਾ ਪੰਜਾਬ ਵਿਚ ਡਟਵਾਂ ਵਿਰੋਧ ਹੋ ਰਿਹਾ ਹੈ। ਇਸ ਫਿਲਮ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮਿ੍ਰਤਸਰ ਵਿਚ ਵੱਖ-ਵੱਖ ਥਾਵਾਂ ਅਤੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਬਠਿੰਡਾ, ਜਲੰਧਰ ਤੇ ਲੁਧਿਆਣਾ ਸਣੇ ਵੱਖ-ਵੱਖ ਥਾਵਾਂ ’ਤੇ ਵੀ ਫਿਲਮ ‘ਐਮਰਜੈਂਸੀ’ ਖਿਲਾਫ ਪ੍ਰਦਰਸ਼ਨ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਅਧਿਕਾਰੀਆਂ ਤੇ ਮੈਂਬਰਾਂ ਦੀ ਅਗਵਾਈ ਹੇਠ ਵੱਖ-ਵੱਖ ਸ਼ਾਪਿੰਗ ਮਾਲਾਂ ਵਿੱਚ ਬਣੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਫਿਲਮ ‘ਐਮਰਜੈਂਸੀ’ ਖਿਲਾਫ ਬੈਨਰ, ਤਖਤੀਆਂ ਤੇ ਕਾਲੇ ਝੰਡੇ ਹੱਥਾਂ ਵਿੱਚ ਫੜੇ ਹੋਏ ਸਨ। ਇਸਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਮੁੱਖ ਮੰਤਰੀ ਨੂੰ ਪੱਤਰ ਭੇਜਿਆ ਗਿਆ ਸੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਮੁੱਖ ਮੰਤਰੀ ਨੂੰ ਪੱਤਰ ਭੇਜੇ ਗਏ ਸਨ। 

ਚੰਡੀਗੜ੍ਹ: ਭਾਰਤ ਦੇ ਵੀਰ-ਏਕ ਸ਼ੌਰਿਆ ਗਾਥਾ ਦੇ ਵਿਸ਼ੇ ’ਤੇ ਪੀਐਚਐਚਪੀ ਐਂਡ ਸੀ ਡਾਇਰੈਕਟੋਰੇਟ, ਚੰਡੀਗੜ੍ਹ ਦੇ 12 ਐਨਸੀਸੀ ਲੜਕੇ ਅਤੇ ਲੜਕੀਆਂ ਦੇ ਕੈਡਿਟਾਂ ਦੀ ਸਾਈਕਲ ਟੀਮ ਜੋ ਕਿ 07 ਜਨਵਰੀ ਤੋਂ ਹੁਸੈਨੀਵਾਲਾ ਬਾਰਡਰ ਤੋਂ ਨਵੀਂ ਦਿੱਲੀ ਤੱਕ ਦੀ ਯਾਤਰਾ ’ਤੇ ਹੈ, ਜੋ ਸੋਮਵਾਰ ਨੂੰ ਐਨ.ਸੀ.ਸੀ ਗਰੁੱਪ ਹੈੱਡਕੁਆਰਟਰ, ਸੈਕਟਰ 31, ਚੰਡੀਗੜ੍ਹ ਵਿਖੇ ਪਹੁੰਚੀ, ਜਿੱਥੇ ਰੈਲੀ ਦਾ ਸਵਾਗਤ ਲੈਫਟੀਨੈਂਟ ਜਨਰਲ ਬਲਜੀਤ ਸਿੰਘ ਜਸਵਾਲ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਵੀ.ਐਸ.ਐਮ., ਸਾਬਕਾ ਜੀਓਸੀ-ਇਨ- ਉੱਤਰੀ ਕਮਾਂਡ, ਬਿ੍ਰਗੇਡੀਅਰ ਬੀਐਸ ਚੌਹਾਨ, ਗਰੁੱਪ ਕਮਾਂਡਰ, ਐਨਸੀਸੀ  ਗਰੁੱਪ ਹੈੱਡਕੁਆਰਟਰ, ਚੰਡੀਗੜ੍ਹ ਅਤੇ ਹੋਰ  ਅਧਿਕਾਰੀਆਂ ਨੇ ਕੀਤਾ। ਸਾਈਕਲ ਰੈਲੀ ਦੀ ਸਮਾਪਤੀ ਨਵੀਂ ਦਿੱਲੀ ਵਿਚ ਹੋਵੇਗੀ, ਜੋ ਗਣਤੰਤਰ ਦਿਵਸ ਸਮਾਰੋਹ ਦੇ ਹਿੱਸੇ ਦੇ ਰੂਪ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਦੇ ਨਾਲ ਜੁੜੇਗੀ। ਇਹ ਸਾਈਕਲ ਰੈਲੀ ਨੂੰ ਅੱਜ 14 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਚੰਡੀਗੜ੍ਹ ਤੋਂ ਦਿੱਲੀ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਲੈਫਟੀਨੈਂਟ ਜਨਰਲ ਬਲਜੀਤ ਸਿੰਘ ਜਸਵਾਲ ਨੇ ਕਿਹਾ ਕਿ ਇਸ ਰੈਲੀ ਦਾ ਉਦੇਸ਼ ਐਨਸੀਸੀ ਕੈਡਿਟਾਂ ਅਤੇ ਨਾਗਰਿਕਾਂ ਦੇ ਵਿਚਾਲੇ ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। 

 

 

 

  

ਡੱਲੇਵਾਲ ਦਾ ਮਰਨ ਵਰਤ 53ਵੇਂ ਦਿਨ ਵੀ ਰਿਹਾ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਹੋਏ ਹਨ। ਡੱਲੇਵਾਲ ਦਾ ਮਰਨ ਵਰਤ ਅੱਜ 53ਵੇਂ ਦਿਨ ਵੀ ਜਾਰੀ ਰਿਹਾ ਅਤੇ ਉਨ੍ਹਾਂ ਦਾ ਭਾਰ 20 ਕਿਲੋ ਘਟ ਗਿਆ ਹੈ। ਡੱਲੇਵਾਲ ਦੀ ਸਿਹਤ ਵੀ ਹੁਣ ਚਿੰਤਾਜਨਕ ਹੋ ਗਈ ਹੈ ਅਤੇ ਉਹ ਹੁਣ ਬੋਲ ਵੀ ਨਹੀਂ ਸਕਦੇ। ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੇ ਡਾਕਟਰਾਂ ਦਾ ਮੰਨਣਾ ਹੈ ਕਿ ਕਿਸਾਨ ਆਗੂ ਡੱਲੇਵਾਲ ਦੇ ਸਰੀਰ ਦੇ ਕਈ ਅੰਗ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ। ਇਸੇ ਦੌਰਾਨ ਹੋਰ 111 ਕਿਸਾਨਾਂ ਦਾ ਜਥਾ ਵੀ ਡੱਲੇਵਾਲ ਦੇ ਨਾਲ ਮਰਨ ਵਰਤ ’ਤੇ ਬੈਠ ਗਿਆ ਹੈ। ਕਿਸਾਨਾਂ ਦਾ ਆਰੋਪ ਹੈ ਕਿ ਸਰਕਾਰ ਨੇ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਗਲਤ ਜਾਣਕਾਰੀ ਦਿੱਤੀ ਹੈ। ਧਿਆਨ ਰਹੇ ਕਿ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸਰਕਾਰੀ ਅਧਿਕਾਰੀ ਵੀ ਡੱਲੇਵਾਲ ਨੂੰ ਮਿਲਣ ਪਹੁੰਚੇ ਸਨ, ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ।

ਕਿਸਾਨ ਆਗੂ ਡੱਲੇਵਾਲ ਦੀ ਹਰ ਪਲ ਵਿਗੜਦੀ ਜਾ ਰਹੀ ਹੈ ਸਿਹਤ

ਚੰਡੀਗੜ੍ਹ/ਬਿਊਰੋ ਨਿਊਜ਼

ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 50ਵੇਂ ਦਿਨ ਵੀ ਜਾਰੀ ਹੈ। ਡੱਲੇਵਾਲ ਦੀ ਸਿਹਤ ਸੰਭਾਲ ਵਿਚ ਲੱਗੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹਰ ਪਲ ਵਿਗੜਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬੋਲਣ ਵਿੱਚ ਵੀ ਦਿੱਕਤ ਆ ਰਹੀ ਹੈ। ਡਾਕਟਰਾਂ ਦਾ ਦੱਸਣਾ ਹੈ ਕਿ ਡੱਲੇਵਾਲ ਦੀ ਚਮੜੀ ਹੁਣ ਸੁੰਗੜਨੀ ਸ਼ੁਰੂ ਹੋ ਗਈ ਹੈ, ਜੋ ਕਿ ਬਹੁਤ ਚਿੰਤਾ ਵਾਲੀ ਗੱਲ ਹੈ। ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਈ ਸਿਆਸੀ ਆਗੂ ਮਿਲਣ ਵੀ ਗਏ ਹਨ, ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਧਿਆਨ ਰਹੇ ਕਿ ਕਿ ਸ਼ੰਭੂ ਅਤੇ ਖਨੌਰੀ ਦੇ ਬਾਰਡਰ ’ਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਵੀ ਲਗਾਇਆ ਹੋਇਆ ਹੈ, ਜੋ ਕਿ ਲਗਾਤਾਰ ਜਾਰੀ ਹੈ।  

ਡਾ. ਚੀਮਾ ਨੇ ਕਿਹਾ : ਅਕਾਲੀ ਦਲ ਨੇ 25 ਲੱਖ ਮੈਂਬਰ ਬਣਾਉਣ ਦਾ ਮਿੱਥਿਆ ਟੀਚਾ

ਚੰਡੀਗੜ੍ਹ/ਬਿਊਰੋ ਨਿਊਜ਼   

ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਖੁਦ ਨੂੰ ਮਜ਼ਬੂਤੀ ਨਾਲ ਉਭਾਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਵੱਲੋਂ ਸੂਬੇ ਭਰ ਵਿੱਚ ਆਉਂਦੀ 20 ਜਨਵਰੀ ਤੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸਣੇ ਹੋਰ ਜਥੇਬੰਦਕ ਚੋਣਾਂ ਕਰਵਾਈ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਜਥੇਬੰਦਕ ਚੋਣਾਂ ਲਈ 25 ਲੱਖ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਹੈ। ਇਹ ਜਾਣਕਾਰੀ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ 20 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਮੈਂਬਰਸ਼ਿਪ ਮੁਹਿੰਮ ਲਈ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਘਰ-ਘਰ ਪਹੁੰਚ ਕਰਕੇ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।

ਡਾਕਟਰਾਂ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰਗਟਾਈ ਚਿੰਤਾ

ਖਨੌਰੀ/ਬਿਊਰੋ ਨਿਊਜ਼ 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਰੱਖਿਆ ਹੋਇਆ ਹੈ ਅਤੇ ਇਸ ਮਰਨ ਵਰਤ ਨੂੰ ਅੱਜ 49 ਦਿਨ ਹੋ ਗਏ ਹਨ। ਇਸਦੇ ਚੱਲਦਿਆਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਚਮੜੀ ਹੁਣ ਸੁੰਗੜਨੀ ਸ਼ੁਰੂ ਹੋ ਗਈ ਹੈ, ਜੋ ਕਿ ਬਹੁਤ ਚਿੰਤਾਜਨਕ ਸਥਿਤੀ ਹੈ। ਜ਼ਿਕਰਯੋਗ ਹੈ ਕਿ ਸ਼ੰਭੂ ਅਤੇ ਖਨੌਰੀ ਦੇ ਬਾਰਡਰ ’ਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਵੀ ਲਗਾਇਆ ਹੋਇਆ ਹੈ, ਜੋ ਕਿ ਲਗਾਤਾਰ ਜਾਰੀ ਹੈ। ਇਹ ਵੀ ਦੱਸਣਯੋਗ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਈ ਸਿਆਸੀ ਆਗੂ ਮਿਲਣ ਵੀ ਗਏ ਹਨ, ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ।     

 

6 ਮਹੀਨਿਆਂ ਦੇ ਅੰਦਰ-ਅੰਦਰ ਹੋਵੇਗੀ ਜ਼ਿਮਨੀ ਚੋਣ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਵਿਧਾਨ ਸਭਾ ਨੇ ਲੁਧਿਆਣਾ ਪੱਛਮੀ ਸੀਟ ਨੂੰ ਖਾਲੀ ਐਲਾਨ ਦਿੱਤਾ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਚੋਣ ਕਮਿਸ਼ਨ ਨੂੰ ਵੀ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਵਲੋਂ 6 ਮਹੀਨਿਆਂ ਦੇ ਅੰਦਰ-ਅੰਦਰ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ ਚੋਣ ਕਰਵਾਈ ਜਾਵੇਗੀ। ਧਿਆਨ ਰਹੇ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਛੇਵਾਂ ਵਿਧਾਨ ਸਭਾ ਹਲਕਾ ਹੈ, ਜਿੱਥੇ ਜ਼ਿਮਨੀ ਚੋਣ ਹੋਵੇਗੀ। 

ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ-ਸਰਪੰਚ ਨੇ ਦਿੱਤੀ ਜ਼ਮੀਨ

ਚੰਡੀਗੜ੍ਹ/ਬਿਊਰੋ ਨਿਊਜ਼

ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਚ ਮਰਹੂਮ ਲੇਖਕ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਯਾਦ ਵਿਚ ‘ਬਾਗ-ਏ-ਅਦਬ’ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਮੌਕੇ ਆਯੋਜਿਤ ਸਮਾਗਮ ਵਿਚ ਐਸਐਸਪੀ ਅਵਨੀਤ ਕੌਰ ਅਤੇ ਪ੍ਰਸਿੱਧ ਪੰਜਾਬੀ ਕਲਾਕਾਰ ਮਲਕੀਤ ਰੌਣੀ ਵੀ ਹਾਜ਼ਰ ਰਹੇ। ਦੱਸਿਆ ਗਿਆ ਕਿ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਨੇ ਇਸ ਕਾਰਜ ਲਈ ਸਵਾ ਦੋ ਏਕੜ ਜ਼ਮੀਨ ਦਾਨ ਦਿੱਤੀ ਹੈ। ਇਸ ਮੌਕੇ ਸਪੀਕਰ ਸੰਧਵਾਂ ਨੇ ਸਰਪੰਚ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਰਕ ਨਾ ਸਿਰਫ ਮਰਹੂਮ ਲੇਖਕ ਨੂੰ ਸ਼ਰਧਾਂਜਲੀ ਹੈ, ਬਲਕਿ ਇਹ ਪਾਰਕ ਸਥਾਨਕ ਲੋਕਾਂ ਦੇ ਲਈ ਇਕ ਜਨਤਕ ਥਾਂ ਦੇ ਰੂਪ ਵਰਤਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਪਦਮਸ੍ਰੀ ਡਾ. ਸੁਰਜੀਤ ਪਾਤਰ ਹੋਰਾਂ ਦਾ ਪਿਛਲੇ ਸਮੇਂ ਦੌਰਾਨ ਦਿਹਾਂਤ ਹੋ ਗਿਆ ਸੀ।

 

ਖਹਿਰਾ ਨੇ ਕਿਹਾ : ਰਾਜਨੀਤੀ ਤੋਂ ਪ੍ਰੇਰਿਤ ਸੀ ਇਹ ਕੇਸ

ਚੰਡੀਗੜ੍ਹ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਵਾਲੀ ਈਡੀ ਦੀ ਅਰਜ਼ੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਖਹਿਰਾ ਨੇ ਖੁਦ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੋ ਜ਼ਮਾਨਤ 2022 ਵਿਚ ਹਾਈਕੋਰਟ ਵਲੋਂ ਮੇਰੇ ਵਿਰੁੱਧ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਕੇਸ ਵਿਚ ਦਿੱਤੀ ਗਈ ਸੀ, ਇਸ ਜ਼ਮਾਨਤ ਨੂੰ ਖਾਰਜ ਕਰਵਾਉਣ ਲਈ ਈਡੀ ਵਲੋਂ ਪਟੀਸ਼ਨ ਦਰਜ ਕਰਵਾਈ ਗਈ ਸੀ। ਖਹਿਰਾ ਨੇ ਕਿਹਾ ਕਿ ਜੋ ਮੇਰੇ ਖਿਲਾਫ ਕੇਸ ਸੀ, ਉਹ ਰਾਜਨੀਤੀ ਤੋਂ ਪ੍ਰੇਰਿਤ ਸੀ। ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਕਦੇ ਵੀ ਕੋਈ ਭਿ੍ਰਸ਼ਟਾਚਾਰ ਨਹੀਂ ਕੀਤਾ ਅਤੇ ਸੱਚੀ ਗੱਲ ਵਿਚ ਬਹੁਤ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੇਰੇ ਖਿਲਾਫ ਝੂਠਾ ਕੇਸ ਦਰਜ ਕੀਤਾ ਸੀ। 

ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਨਵੇਂ ਕਾਰਜਕਾਲ ਦੇ ਪਹਿਲੇ ਸਮਾਗਮ ਵਿਚ ਸਭਾ ਦੇ ਅਹੁਦੇਦਾਰਾਂ , ਕਾਰਜਕਾਰਨੀ ਮੈਂਬਰਾਂ , ਸਰਪ੍ਰਸਤਾਂ , ਸਲਾਹਕਾਰਾਂ ਅਤੇ ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਸਮਾਰੋਹ ਅਤੇ ਸਾਲ 2025 ਦਾ ਕੈਲੰਡਰ ਰਿਲੀਜ਼ ਕਰਨ ਮੌਕੇ ਮੁਖ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਉੱਘੇ ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਕੀਤੀ | ਪ੍ਰਸਿੱਧ ਕਾਰੋਬਾਰੀ ਗੁਰਿੰਦਰ ਜੀਤ ਸਿੰਘ ਕੱਕੜ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ | ਡਾ . ਦੀਪਕ ਮਨਮੋਹਨ ਸਿੰਘ , ਸਿਰੀ ਰਾਮ ਅਰਸ਼ ਅਤੇ ਬਲਕਾਰ ਸਿੱਧੂ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਅਤੇ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਸ਼ਬਦ ਰਾਹੀਂ ਹੋਈ | ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਾਲ ਅਜਨਬੀ ਨੇ ਕਿਹਾ ਕਿ ਉੱਦਮ ਨਾਲ ਹੀ ਕੋਈ ਸਮਾਗਮ ਚੰਗਾ ਹੋ ਨਿੱਬੜਦਾ ਹੈ | ਭੁਪਿੰਦਰ ਸਿੰਘ ਮਲਿਕ ਦਾ ਕਹਿਣਾ ਸੀ ਕਿ ਪੰਜਾਬੀ ਲੇਖਕ ਸਭਾ ਮਿਆਰੀ ਸਾਹਿਤਿਕ ਸਮਾਰੋਹਾਂ ਵਾਸਤੇ ਦ੍ਰਿੜ੍ਹ ਸੰਕਲਪ ਹੈ | ਦੀਪਕ ਸ਼ਰਮਾ ਚਨਾਰਥਲ ਨੇ ਸਨਮਾਨਿਤ ਹਸਤੀਆਂ ਦੀ ਜਾਣ -ਪਹਿਚਾਣ ਕਰਵਾਉਂਦਿਆਂ ਸਾਹਿਤ ਸੇਵਾ ਦਾ ਆਪਣਾ ਪ੍ਰਣ ਦੁਹਰਾਇਆ | ਸਨਮਾਨਿਤ ਉੱਘੀਆਂ ਸ਼ਖਸੀਅਤਾਂ ਵਿੱਚ ਸਰਪ੍ਰਸਤਾਂ ਵਜੋਂ ਪ੍ਰਿੰ. ਗੁਰਦੇਵ ਕੌਰ ਪਾਲ , ਡਾ. ਦੀਪਕ ਮਨਮੋਹਨ ਸਿੰਘ , ਡਾ.ਲਾਭ ਸਿੰਘ ਖੀਵਾ, ਸਿਰੀ ਰਾਮ ਅਰਸ਼ ਅਤੇ ਡਾ. ਅਵਤਾਰ ਸਿੰਘ ਪਤੰਗ| ਆਨਰੇਰੀ ਮੈਂਬਰ ਜੰਗ ਬਹਾਦਰ ਗੋਇਲ , ਡਾ. ਮਨਮੋਹਨ, ਡਾ. ਲਖਵਿੰਦਰ ਸਿੰਘ ਜੋਹਲ, ਹਮੀਰ ਸਿੰਘ , ਡਾ. ਪਰਵਿੰਦਰ ਸਿੰਘ | ਸਲਾਹਕਾਰ ਬੋਰਡ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਸਵਰਨਜੀਤ ਸਿੰਘ ਸਵੀ , ਡਾ. ਸਵਰਾਜਬੀਰ, ਜੇ. ਐਸ. ਖੁਸ਼ਦਿਲ, ਏ. ਐੱਸ. ਪਾਲ, ਸੁਨੈਨੀ ਗੁਲੇਰੀਆ ਸ਼ਰਮਾ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਪੱਤਰਕਾਰ ਤਰਲੋਚਨ ਸਿੰਘ, ਨਿਸ਼ਾ ਲੂਥਰਾ ਅਤੇ ਸੁਰਿੰਦਰ ਬਾਂਸਲ| ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਵਿੱਚ ਡਾ. ਸਰਬਜੀਤ ਸਿੰਘ, ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਡਾ. ਸੁਰਿੰਦਰ ਗਿੱਲ, ਡਾ. ਦਵਿੰਦਰ ਸਿੰਘ ਬੋਹਾ, ਮਨਮੋਹਨ ਸਿੰਘ ਦਾਓਂ, ਡਾ. ਬਲਦੇਵ ਸਿੰਘ ਖਹਿਰਾ, ਪ੍ਰੇਮ ਵਿੱਜ, ਗੁਰਦੀਪ ਗੁਲ, ਰਾਜਿੰਦਰ ਕੌਰ, ਪਰਮਜੀਤ ਪਰਮ, ਊਸ਼ਾ ਕੰਵਰ, ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ, ਨਰਿੰਦਰ ਨਸਰੀਨ, ਵਰਿੰਦਰ ਸਿੰਘ ਚੱਠਾ ਅਤੇ ਗੁਰਜੋਧ ਕੌਰ| ਕਾਰਜਕਾਰਨੀ ਮੈਂਬਰਾਂ ਗੁਰਨਾਮ ਕੰਵਰ, ਡਾ. ਗੁਰਮਿੰਦਰ ਸਿੱਧੂ, ਬਲਕਾਰ ਸਿੱਧੂ, ਮਲਕੀਅਤ ਬਸਰਾ, ਲਾਭ ਸਿੰਘ ਲਹਿਲੀ, ਨਵਨੀਤ ਕੌਰ ਮਠਾੜੂ ate ਸ਼ਾਇਰ ਭੱਟੀ ਦੇ ਨਾਮ ਕਾਬਿਲੇ ਜ਼ਿਕਰ ਹਨ | ਮੁੱਖ ਅਹੁਦੇਦਾਰਾਂ ਵਿੱਚ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ, ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਤੇ ਮਨਜੀਤ ਕੌਰ ਮੀਤ, ਸਕੱਤਰ ਸੁਖਵਿੰਦਰ ਸਿੰਘ ਸਿੱਧੂ ਤੇ ਸਿਮਰਜੀਤ ਕੌਰ ਗਰੇਵਾਲ ਅਤੇ ਵਿੱਤ ਸਕੱਤਰ ਹਰਮਿੰਦਰ ਸਿੰਘ ਕਾਲੜਾ ਦੇ ਨਾਮ ਵਰਨਣ ਯੋਗ ਹਨ | ਡਾ. ਦੀਪਕ ਮਨਮੋਹਨ ਸਿੰਘ ਨੇ ਸਮੁੱਚੀ ਟੀਮ ਨੂੰ ਪੁਰਾਣੇ ਅਹੁਦੇਦਾਰਾਂ ਤੋਂ ਸੇਧ ਲੈਣ ਲਈ ਕਿਹਾ | ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਸਵਰਗੀ ਸੁਰਜੀਤ ਪਾਤਰ ਦੇ ਨਕਸ਼ੇ ਕਦਮ ਤੇ ਚਲਦਿਆਂ ਨਵੀਆਂ ਪੈੜਾਂ ਪਾ ਕੇ ਪਰਿਸ਼ਦ ਹੋਰ ਬੁਲੰਦੀਆਂ ਛੂਹੇਗੀ | ਜੰਗ ਬਹਾਦਰ ਗੋਇਲ ਨੇ ਸਾਹਿਤ ਦੇ ਜ਼ਿੰਦਗੀ 'ਚ ਮਹੱਤਵ ਨੂੰ ਅਨਮੋਲ ਦੱਸਿਆ | ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਡਾ. ਗੁਰਮਿੰਦਰ ਸਿੱਧੂ, ਮਨਮੋਹਨ ਸਿੰਘ ਦਾਉਂ , ਡਾ. ਅਵਤਾਰ ਸਿੰਘ ਪਤੰਗ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਸ਼ਮੂਲੀਅਤ ਕਰਦਿਆਂ ਮਹਿਫ਼ਿਲ ਦਾ ਆਨੰਦ ਮਾਣਿਆ | ਡਾ. ਗੁਰਮਿੰਦਰ ਸਿੱਧੂ ਨੇ ਕਵੀ ਦਰਬਾਰ ਬਾਰੇ ਬਾਕਮਾਲ ਟਿੱਪਣੀਆਂ ਕਰਕੇ ਇਸਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ | ਕਵੀ ਦਰਬਾਰ ਮੌਕੇ ਹਾਜ਼ਰੀ ਲਵਾਉਣ ਵਾਲਿਆਂ ਵਿਚ ਉਪਰੋਕਤ ਹਸਤੀਆਂ ਤੋਂ ਇਲਾਵਾ ਰਾਜਵਿੰਦਰ ਸਿੰਘ ਗੱਡੂ, ਰਵਿੰਦਰ ਕੌਰ, ਕ੍ਰਿਸ਼ਨਾ ਗੋਇਲ, ਡਾ. ਸੰਗੀਤਾ ਸ਼ਰਮਾ ਕੁੰਦਰਾ, ਗੁਰਜੀਤ ਕੌਰ, ਮੀਤ ਰੰਗਰੇਜ਼, ਰਤਨ ਬਾਬਕ ਵਾਲਾ, ਸੁਰਿੰਦਰ ਕੁਮਾਰ, ਪਰਮਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਕਿਰਨਜੀਤ ਕੌਰ, ਸੁਰਜੀਤ ਕੌਰ ਬੈਂਸ, ਰਾਖੀ ਸੁਬਰਾਮਨੀਅਮ, ਯੁਵਰਾਜ ਸਿੰਘ, ਸਰਬਜੀਤ ਸਿੰਘ, ਸ਼ਮਸ਼ੀਲ ਸਿੰਘ ਸੋਢੀ, ਆਰ. ਕੇ. ਸੁਖਨ, ਰਮਨਦੀਪ ਰਮਣੀਕ, ਪਰਮਿੰਦਰ ਸਿੰਘ ਮਦਾਨ, ਸ਼ੀਨੁ ਵਾਲੀਆ, ਨਰਿੰਦਰ ਕੌਰ ਮਠਾੜੂ, ਜਰਨੈਲ ਸਿੰਘ, ਬਲਵਿੰਦਰ ਸੰਧੂ, ਭਗਤ ਰਾਮ ਰੰਗਾਰਾ, ਮੰਦਰ ਗਿੱਲ, ਆਰ. ਐੱਸ. ਲਿਬਰੇਟ, ਰਵੀ ਕਾਂਤ, ਗੁਰਜੰਟ ਸਿੰਘ, ਗੁਰਨੀਤ ਕੌਰ, ਕੇਵਲਜੀਤ ਸਿੰਘ ਕੰਵਲ, ਦਰਸ਼ਨ ਤੇਉਣਾ, ਰਾਜਿੰਦਰ ਸਿੰਘ ਧੀਮਾਨ, ਸੰਜੀਵਨ ਸਿੰਘ, ਪ੍ਰੀਤਮ ਸਿੰਘ ਰੁਪਾਲ, ਕਸ਼ਮੀਰ ਸਿੰਘ, ਪ੍ਰੋ. ਦਿਲਬਾਗ ਸਿੰਘ, ਦਵਿੰਦਰ ਕੌਰ ਢਿੱਲੋਂ, ਹਰਬੰਸ ਸੋਢੀ, ਸੋਮੇਸ਼ ਗੁਪਤਾ, ਜਗਤਾਰ ਸਿੰਘ ਜੋਗ, ਮਿੰਨੀ ਸਰਕਾਰੀਆ, ਸੁਭਾਸ਼, ਪ੍ਰਭਗੁਣ, ਅਮਨਦੀਪ ਸਿੰਘ, ਜਸਪਾਲ ਸਿੰਘ ਕੰਵਲ, ਸ਼ੀਨਾ, ਹਰਜੀਤ ਸਿੰਘ, ਹਰਜਾਪ ਸਿੰਘ ਔਜਲਾ ਅਤੇ ਅਜਾਇਬ ਸਿੰਘ ਔਜਲਾ ਸ਼ਾਮਿਲ ਸਨ |

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.