Thursday, 28 May 2026

ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਈ ਜ਼ਿਆਦਾ ਚਿੰਤਾਜਨਕ

ਚੰਡੀਗੜ੍ਹ/ਬਿਊਰੋ ਨਿਊਜ਼ 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦਾ ਮਰਨ ਵਰਤ ਅੱਜ 43ਵੇਂ ਦਿਨ ਵੀ ਜਾਰੀ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਬਹੁਤ ਹੀ ਜ਼ਿਆਦਾ ਚਿੰਤਾਜਨਕ ਹੋ ਗਈ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਘਟਦਾ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸੁਪਰੀਮ ਕੋਰਟ ਵਲੋਂ ਬਣਾਈ ਗਈ ਹਾਈਪਾਵਰ ਕਮੇਟੀ ਨੇ ਖਨੌਰੀ ਬਾਰਡਰ ਪਹੁੰਚ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਡੱਲੇਵਾਲ ਨੂੰ ਮੈਡੀਕਲ ਸਹੂਲਤ ਲੈਣ ਦੀ ਅਪੀਲ ਕੀਤੀ ਸੀ।  

 

ਹਿਮਾਚਲ ’ਚ ਬਰਫਬਾਰੀ ਕਾਰਨ ਤਾਪਮਾਨ ਮਾਈਨਸ 14 ਡਿਗਰੀ ਤੱਕ ਪਹੁੰਚਿਆ

ਅੰਮਿ੍ਰਤਸਰ/ਬਿਊਰੋ ਨਿਊਜ਼ 

ਪੰਜਾਬ ਅਤੇ ਚੰਡੀਗੜ੍ਹ ਸਣੇ ਪੂਰੇ ਉਤਰੀ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਕੋਹਰੇ ਨੇ ਵੀ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸਦੇ ਚੱਲਦਿਆਂ ਸੰਘਣੇ ਕੋਹਰੇ ਕਾਰਨ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਜ਼ੀਰੋ ਵਿਜੀਬਿਲਟੀ ਕਾਰਨ ਏਅਰਪੋਰਟ ਹੀ ਬੰਦ ਕਰਨਾ ਪਿਆ। ਇਸੇ ਦੌਰਾਨ ਦਿੱਲੀ ਵਿਚ ਵੀ ਵਿਜੀਲਿਬਟੀ 50 ਮੀਟਰ ਤੱਕ ਦਰਜ ਕੀਤੀ ਗਈ ਹੈ। ਇਸ ਕਰਕੇ ਕਈ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਕਾਰਨ ਸੂਬੇ ਦੇ ਕਈ ਹਿੱਸਿਆਂ ਵਿਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ। ਇਸਦੇ ਚੱਲਦਿਆਂ ਹਿਮਾਚਲ ਦੇ ਤਾਬੋ ਵਿਚ ਘੱਟੋ ਘੱਟ ਤਾਪਮਾਨ ਮਾਈਨਸ 14 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿਚ ਵੀ ਕਈ ਝਰਨੇ ਜੰਮ ਜਾਣ ਦੀਆਂ ਖਬਰਾਂ ਮਿਲੀਆਂ ਹਨ।  

 

ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਵੀ ਚਲਾਉਂਦੇ ਹਨ ਮਸ਼ੀਨਾਂ

ਲੁਧਿਆਣਾ/ਬਿਊਰੋ ਨਿਊਜ਼

ਕਾਲੀ ਵੇਈਂ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਤੋਂ ਬਾਅਦ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੁਣ ਲੁਧਿਆਣਾ ’ਚ ਬੁੱਢਾ ਦਰਿਆ ਨੂੰ ਸਾਫ ਕਰਨ ਲੱਗੇ ਹੋਏ ਹਨ। ਸੰਤ ਸੀਚੇਵਾਲ ਖੁਦ ਵੀ ਮਸ਼ੀਨਾਂ ਚਲਾ ਕੇ ਬੁੱਢਾ ਦਰਿਆ ਦੀ ਸਫਾਈ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਸੀਚੇਵਾਲ ਵਲੋਂ ਚਲਾਏ ਜਾ ਰਹੇ ਇਸ ਅਭਿਆਨ ਦੀ ਵੱਖ-ਵੱਖ ਬੁੱਧੀਜੀਵੀਆਂ ਵਲੋਂ ਪ੍ਰਸੰਸਾ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਪ੍ਰਸਿੱਧ ਕਵੀ ਡਾ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਜਿਹੀ ਕੜਾਕੇ ਦੀ ਠੰਡ ਦੇ ਮੌਸਮ ਵਿਚ ਬੁੱਢਾ ਦਰਿਆ ਦੀ ਸਫਾਈ ਕਰਨੀ ਵੀ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ਆਪਣੀ ਪ੍ਰਾਚੀਨ ਵਿਰਾਸਤ ’ਚ ਪਰਤ ਰਿਹਾ ਹੈ ਅਤੇ ਇਹ ਇਕ ਸੁਖਾਵਾਂ ਅਨੁਭਵ ਹੈ। ਡਾ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਸਾਰੇ ਕੰਮ ਦਾ ਸਿਹਰਾ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੂੰ ਜਾਂਦਾ ਹੈ।

 

ਪਾਣੀ ’ਚ ਯੂਰੇਨੀਅਮ ਵੱਧ ਮਾਤਰਾ ’ਚ ਹੋਣ ਕਾਰਨ ਭਿਆਨਕ ਬਿਮਾਰੀਆਂ ਦਾ ਖਤਰਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਸਣੇ ਭਾਰਤ ਦੇ 440 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ‘ਨਾਈਟਰੇਟ’ ਉੱਚ ਪੱਧਰ ’ਤੇ ਮਿਲਿਆ ਹੈ। ਇਸ ਨਾਲ ਨਵ ਜਨਮੇ ਬੱਚਿਆਂ ਵਿੱਚ ‘ਬਲੂ ਬੇਬੀ ਸਿੰਡਰੋਮ’ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਹ ਪਾਣੀ ਪੀਣ ਲਈ ਵੀ ਸੁਰੱਖਿਅਤ ਨਹੀਂ ਹੈ। ਧਰਤੀ ਹੇਠਲੇ ਪਾਣੀ ਬਾਰੇ ਕੇਂਦਰੀ ਬੋਰਡ ਨੇ ਇਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕੱਤਰ ਕੀਤੇ ਗਏ ਨਮੂਨਿਆਂ ’ਚੋਂ 20 ਫੀਸਦ ਵਿੱਚ ‘ਨਾਈਟਰੇਟ’ ਤੈਅ ਮਿਆਰ ਨਾਲੋਂ ਵੱਧ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਪਾਣੀ ਵਿੱਚ ਆਰਸੈਨਿਕ ਦਾ ਪੱਧਰ ਵੀ ਵੱਧ ਮਿਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ 30 ਫੀਸਦ ਅਤੇ ਰਾਜਸਥਾਨ ਦੇ 42 ਫੀਸਦ ਨਮੂਨਿਆਂ ’ਚ ਯੂਰੇਨੀਅਮ ਦੀ ਮਾਤਰਾ ਵੱਧ ਪਾਈ ਗਈ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਅਜਿਹੇ 15 ਜ਼ਿਲ੍ਹੇ ਮਿਲੇ ਹਨ, ਜਿੱਥੋਂ ਦੀ ਧਰਤੀ ਹੇਠਲੇ ਪਾਣੀ ’ਚ ਨਾਈਟਰੇਟ ਦਾ ਪੱਧਰ ਜ਼ਿਆਦਾ ਪਾਇਆ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਵੀ ਸ਼ਾਮਲ ਹੈ।

ਸੀਐਮ ਨੇ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਕੀਤੀ ਹਾਸਲ

ਜ਼ੀਰਕਪੁਰ/ਬਿਊਰੋ ਨਿਊਜ਼ 

ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਛੱਤਬੀੜ ਚਿੜੀਆਘਰ ਵਿੱਚ ਨਿੱਜੀ ਫੇਰੀ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਛੱਤਬੀੜ ਚਿੜੀਆਘਰ ਦੇ ਅਧਿਕਾਰੀਆਂ ਤੋਂ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸੀਐਮ ਦਾ ਇਹ ਦੌਰਾ ਯੋਜਨਾਬੱਧ ਨਹੀਂ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਸੀ। ਹਾਲਾਂਕਿ ਮੁੱਖ ਮੰਤਰੀ ਦੀ ਨਿੱਜੀ ਫੇਰੀ ਦੌਰਾਨ ਮੀਡੀਆ ਨੂੰ ਵੀ ਦੂਰ ਹੀ ਰੱਖਿਆ ਗਿਆ ਅਤੇ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਛੱਤਬੀੜ ਚਿੜੀਆਘਰ ਦੀ ਸੀਐਮ ਦੀ ਅਚਾਨਕ ਫੇਰੀ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਜ਼ਿਕਰਯੋਗ ਹੈ ਕਿ ਛੱਤਬੀੜ ਚਿੜੀਆਘਰ ਵਿੱਚ 100 ਤੋਂ ਵੱਧ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਪੰਛੀ ਹਨ।

ਸਿੱਖਿਆ ਵਿਭਾਗ ਨੇ ਬਦਲਿਆ ਮੈਨਿਊ-31 ਜਨਵਰੀ ਤੱਕ ਰਹੇਗਾ ਲਾਗੂ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ’ਚ ਸਰਦੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਮਿਡ ਡੇਅ ਮੀਲ ਵਿਚ ਹੁਣ ਵਿਦਿਆਰਥੀਆਂ ਨੂੰ ਦੇਸੀ ਘਿਓ ਦਾ ਕੜਾਹ ਅਤੇ ਖੀਰ ਵੀ ਮਿਲੇਗੀ। ਪੰਜਾਬ ਦੇ ਸਿੱਖਿਆ ਵਿਭਾਗ ਨੇ ਨਵੇਂ ਸਾਲ ਦੇ ਲਈ ਮਿਡ ਡੇਅ ਮੀਲ ਦਾ ਮੈਨਿਊ ਜਾਰੀ ਕਰ ਦਿੱਤਾ ਹੈ ਅਤੇ 8 ਜਨਵਰੀ ਨੂੰ ਸਕੂਲ ਖੁੱਲ੍ਹਦੇ ਹੀ ਇਹ ਮੈਨਿਊ ਲਾਗੂ ਹੋ ਜਾਵੇਗਾ। ਇਹ ਮੈਨਿਊ 31 ਜਨਵਰੀ ਤੱਕ ਲਾਗੂ ਰਹੇਗਾ ਅਤੇ ਇਸ ਤੋਂ ਬਾਅਦ ਹੀ ਸਿੱਖਿਆ ਵਿਭਾਗ ਵਲੋਂ ਇਸ ਵਿਚ ਬਦਲਾਅ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੱਚਿਆਂ ਨੂੰ ਫਲ ਦੇਣ ਦਾ ਵੀ ਫੈਸਲਾ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 19 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਸਕੂਲ ਹਨ ਅਤੇ ਇੱਥੇ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਤਹਿਤ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਵਿਚ ਮਿਡ ਡੇਅ ਮੀਲ ਦੇ ਮੈਨਿਊ ਦਾ ਉਚਿਤ ਪਾਲਣ ਨਹੀਂ ਹੁੰਦਾ ਤਾਂ ਉਸ ਸਕੂਲ ਦੇ ਪਿ੍ਰੰਸੀਪਲ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ। 

 

ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਈ ਹੋਰ ਚਿੰਤਾਜਨਕ

ਚੰਡੀਗੜ੍ਹ/ਬਿਊਰੋ ਨਿਊਜ਼

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦਾ ਇਹ ਮਰਨ ਵਰਤ ਅੱਜ 42ਵੇਂ ਦਿਨ ਵੀ ਜਾਰੀ ਰਿਹਾ ਹੈ। ਇਸੇ ਦੌਰਾਨ ਅੱਜ ਡੱਲੇਵਾਲ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸੁਣਵਾਈ ਹੋਣੀ ਸੀ, ਪਰ ਇਹ ਸੁਣਵਾਈ ਅੱਜ ਟਾਲ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਬਹੁਤ ਹੀ ਚਿੰਤਾਜਨਕ ਹੋ ਗਈ ਹੈ ਅਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਏਨੀ ਨਾਜ਼ੁਕ ਹੋ ਗਈ ਹੈ ਕਿ ਉਨ੍ਹਾਂ ਦੀਆਂ ਕਿਡਨੀਆਂ, ਲੀਵਰ ਅਤੇ ਫੇਫੜਿਆਂ ਵਿਚ ਵੀ ਖਰਾਬੀ ਆ ਰਹੀ ਹੈ ਅਤੇ ਇਸ ਸਬੰਧੀ ਰਿਕਵਰੀ ਹੋਣੀ ਵੀ ਮੁਸ਼ਕਲ ਹੋ ਜਾਵੇਗੀ। ਧਿਆਨ ਰਹੇ ਕਿ ਬਹੁਤ ਸਾਰੇ ਸਿਆਸੀ ਆਗੂ ਅਤੇ ਸਰਕਾਰੀ ਅਧਿਕਾਰੀ ਵੀ ਕਿਸਾਨ ਆਗੂ ਡੱਲੇਵਾਲ ਨੂੰ ਮਿਲਣ ਤਾਂ ਗਏ ਹਨ ਪਰ ਮਸਲੇ ਦਾ ਹੱਲ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।   

 

4 ਤੋਂ 6 ਜਨਵਰੀ ਤੱਕ ਪੰਜਾਬ ’ਚ ਮੀਂਹ ਦੀ ਵੀ ਸੰਭਾਵਨਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਚੱਲ ਰਹੀ ਹੈ ਅਤੇ ਠੰਡ ਨੇ ਜ਼ੋਰ ਫੜ ਲਿਆ ਹੈ। ਇਸਦੇ ਚੱਲਦਿਆਂ ਲਗਾਤਾਰ ਡਿੱਗ ਰਹੇ ਤਾਪਮਾਨ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ ਅਤੇ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਜਨ-ਜੀਵਨ ਵੀ ਪ੍ਰਭਾਵਿਤ ਕਰ ਦਿੱਤਾ। ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਦਿਨਾਂ ਦੌਰਾਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ। ਇਨ੍ਹਾਂ ਦਿਨਾਂ ਵਿੱਚ ਪੈ ਰਹੀ ਧੁੰਦ ਤੇ ਸੀਤ ਲਹਿਰ ਕਣਕ ਦੀ ਫਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਇਸੇ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਠੰਡ ਤੋਂ ਬਚਣ ਦੀ ਅਪੀਲ ਕੀਤੀ ਹੈ ਅਤੇ ਬਿਨਾ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਉਧਰ ਦੂਜੇ ਪਾਸੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ 4 ਤੋਂ 6 ਜਨਵਰੀ ਤੱਕ ਮੀਂਹ ਵੀ ਪੈ ਸਕਦਾ ਹੈ।

ਚੀਫ ਸੈਕਟਰੀ ਦੀ ਅਗਵਾਈ ਹੇਠ ਕਮੇਟੀ ਦਾ ਗਠਨ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਹੁਣ ਸੂਬੇ ਵਿੱਚ ਨਸ਼ਿਆਂ ਨੂੰ ਠੱਲ੍ਹਣ ਲਈ ਨਵੀਂ ਨੀਤੀ ਲਿਆਏਗੀ, ਜਿਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵਿਰੋਧੀ ਧਿਰਾਂ ਵੱਲੋਂ ਨਸ਼ਿਆਂ ਦੇ ਪ੍ਰਕੋਪ ਦੇ ਮੱਦੇਨਜ਼ਰ ਸੱਤਾਧਾਰੀ ਧਿਰ ’ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਇਸ ਨਵੀਂ ਨੀਤੀ ਦਾ ਇੱਕੋ ਮਕਸਦ ਨਸ਼ਿਆਂ ਦੀ ਰੋਕਥਾਮ, ਨਸ਼ਾ ਛੁਡਾਉਣਾ ਅਤੇ ਨਸ਼ੇੜੀਆਂ ਦਾ ਮੁੜ ਵਸੇਬਾ ਕਰਾਉਣ ਦਾ ਪ੍ਰਬੰਧ ਕਰਨਾ ਅਤੇ ਪ੍ਰੋਗਰਾਮ ਉਲੀਕਣਾ ਹੈ। ਇਸ ਨਵੀਂ ਨੀਤੀ ਨੂੰ ਸੂਬਾ ਸਰਕਾਰ ਆਉਂਦੇ ਦੋ-ਤਿੰਨ ਮਹੀਨਿਆਂ ਵਿੱਚ ਲਾਗੂ ਕਰਨ ਦੇ ਰੌਂਅ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਨੀਤੀ ਨੂੰ ਤਿਆਰ ਕਰਨ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੂਬੇ ਦੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਪ੍ਰੋਗਰਾਮ ਦੀ ਨਿਗਰਾਨੀ ਤੇ ਤਾਲਮੇਲ ਲਈ ਚੀਫ ਸੈਕਟਰੀ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਇੱਕ ਸਟੇਟ ਸਟੀਅਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਿਸ ਦਾ ਨੋਡਲ ਅਫਸਰ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੂੰ ਲਾਇਆ ਗਿਆ ਹੈ।

ਦਿਲਜੀਤ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਕੀਤਾ ਭਰਪੂਰ ਮਨੋਰੰਜਨ

ਲੁਧਿਆਣਾ/ਬਿਊਰੋ ਨਿਊਜ਼ 

ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦਾ ਨਵਾਂ ਸਾਲ ਦਾ ਜਸ਼ਨ ਦੁੱਗਣਾ ਕਰ ਦਿੱਤਾ ਹੈ। ਨਵੇਂ ਸਾਲ ਮੌਕੇ 31 ਦਸੰਬਰ ਦੀ ਰਾਤ ਨੂੰ ਲੁਧਿਆਣਾ ’ਚ ਖੇਤੀਬਾੜੀ ਯੂਨੀਵਰਸਿਟੀ ਵਿਚ ਦਿਲਜੀਤ ਦਾ ਦਿਲ ਲੁਮਿਨਾਟੀ ਕੰਸਰਟ ਹੋਇਆ ਅਤੇ ਜਿਸਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਗੀਤਾਂ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਿਆ। ਦਿਲਜੀਤ ਦੋਸਾਂਝ ਨੇ ਮੰਚ ’ਤੇ ਆਉਂਦੇ ਹੀ ਕਿਹਾ ਕਿ ‘ਪੰਜਾਬੀ ਆ ਗਏ ਓਏ’ ਤਾਂ ਦਰਸ਼ਕਾਂ ਨੇ ਇਸਦਾ ਭਰਪੂਰ ਸਮਰਥਨ ਕੀਤਾ ਅਤੇ ਦਿਲਜੀਤ ਨੇ ਦਰਸ਼ਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦਿਲਜੀਤ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਵਾਂ ਮਨੋਰੰਜਨ ਕੀਤਾ ਅਤੇ ਪੰਜਾਬੀ ਲੋਕ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਨੂੰ ਵੀ ਮੰਚ ’ਤੇ ਬੁਲਾਇਆ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਦਿਲਜੀਤ ਦੇ ਇਸ ਸ਼ੋਅ ਵਿਚ ਕਰੀਬ 45 ਹਜ਼ਾਰ ਵਿਅਕਤੀ ਪਹੰੁਚੇ ਹੋਏ ਸਨ। ਦਿਲਜੀਤ ਦੇ ਸ਼ੋਅ ਚੱਲਦਿਆਂ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰੇ 2 ਵਜੇ ਤੱਕ ਲੁਧਿਆਣਾ ਵਿਚ ਜਾਮ ਹੀ ਲੱਗਾ ਰਿਹਾ। ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਵੀ ਵਿਸ਼ੇਸ਼ ਤੌਰ ’ਤੇ ਸਹਿਯੋਗ ਲਈ ਧੰਨਵਾਦ ਕੀਤਾ।

 

6,7 ਅਤੇ 8 ਜਨਵਰੀ ਨੂੰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਸਰਕਾਰੀ ਬੱਸਾਂ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨਾਂ ਦੀ ਹੜਤਾਲ ’ਤੇ ਜਾ ਰਹੇ ਹਨ। ਇਸ ਕਰਕੇ 6, 7 ਅਤੇ 8 ਜਨਵਰੀ ਨੂੰ ਪੰਜਾਬ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੀਆਰਟੀਸੀ ਅਤੇ ਪਨਬਸ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਦੇ ਰਿਹਾਇਸ਼ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪੀਆਰਟੀਸੀ ਅਤੇ ਪਨਬਸ ਕਰਮਚਾਰੀ ਯੂਨੀਅਨ ਨੇ ਪਿਛਲੇ ਮਹੀਨੇ ਪੰਜਾਬ ਦੇ ਮੰਤਰੀਆਂ ਨੂੰ ਮੰਗ ਪੱਤਰ ਸੌਂਪ ਕੇ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ ਸੀ। ਹੁਣ ਜੇਕਰ ਪੰਜਾਬ ਵਿਚ ਤਿੰਨ ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹਿੰਦਾ ਹੈ ਤਾਂ ਰੋਜ਼ਾਨਾ ਸਫਰ ਕਰਨ ਵਾਲਿਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪੀਐਮ ਮੋਦੀ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ

ਚੰਡੀਗੜ੍ਹ/ਬਿਊਰੋ ਨਿਊਜ਼

ਨਵੇਂ ਸਾਲ 2025 ਦੇ ਪਹਿਲੇ ਦਿਨ ਅੱਜ 1 ਜਨਵਰੀ ਦਿਨ ਬੁੱਧਵਾਰ ਨੂੰ ਵੱਡੀ ਗਿਣਤੀ ਵਿਚ ਸੰਗਤ ਅੰਮਿ੍ਰਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਸ਼ਰਧਾਲੂਆਂ ਨੇ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹ ਕੇ ਮੱਥਾ ਟੇਕਿਆ ਤੇ ਨਵੇਂ ਸਾਲ ਮੌਕੇ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸੇ ਦੌਰਾਨ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਬਹੁਤ ਸਾਰੇ ਆਗੂਆਂ ਨੇ ਨਵੇਂ ਸਾਲ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਹਰੇਕ ਲਈ ਨਵੇਂ ਮੌਕੇ, ਸਫਲਤਾ ਤੇ ਬੇਸ਼ੁਮਾਰ ਖੁਸ਼ੀਆਂ ਲੈ ਕੇ ਆਵੇ। ਹਰ ਕਿਸੇ ਨੂੰ ਚੰਗੀ ਸਿਹਤ ਤੇ ਖ਼ੁਸ਼ਹਾਲੀ ਦੀ ਬਖ਼ਸ਼ਿਸ਼ ਹੋਵੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.