Monday, 15 June 2026

*ਚੰਡੀਗੜ੍ਹ/ਐਸ.ਏ.ਐਸ. ਨਗਰ : ਸਕੂਲੀ ਸਿੱਖਿਆ ਵਿੱਚ ਨਿਵੇਕਲੀਆਂ ਤਕਨੀਕਾਂ ਨੂੰ ਸ਼ਾਮਲ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਏਆਈ ਹੈਕਾਥੌਨ ਕਰਵਾਈ ਗਈ, ਜੋ ਆਪਣੀ ਕਿਸਮ ਦੇ ਪਹਿਲੇ ਪਾਇਲਟ ਪ੍ਰੋਜੈਕਟ ਦਾ ਗ੍ਰੈਂਡ ਫਿਨਾਲੇ ਹੋ ਨਿਬੜੀ। ਇਸ ਪ੍ਰਾਜੈਕਟ ਦਾ ਉਦੇਸ਼ ਵਿਦਿਆਰਥੀਆਂ ਦਰਮਿਆਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਜੈਕਟ ਫਸਟ ਅਕੈਡਮੀ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ (ਐਫਏਏਆਈ) ਅਤੇ ਸਕਿੱਲੀਅਰੀਅਮ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ, ਜਿਸ ਤਹਿਤ ਪੰਜਾਬ ਭਰ ਦੇ 22 ਸਕੂਲਾਂ ਦੇ 1,000 ਤੋਂ ਵੱਧ ਵਿਦਿਆਰਥੀ ਅਤੇ 22 ਅਧਿਆਪਕ ਨੇ ਸਿਖਲਾਈ ਪ੍ਰਾਪਤ ਕੀਤੀ।

ਪੀਐਸਈਬੀ ਅਤੇ ਇਸ ਪ੍ਰੋਗਰਾਮ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਵਧਾਈ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਨੌਜਵਾਨ ਸਿਖਿਆਰਥੀਆਂ ਵਿੱਚ ਨਵੀਨਤਾ, ਤਕਨੀਕੀ ਹੁਨਰ, ਰਚਨਾਤਮਕਤਾ ਅਤੇ ਲੀਡਰਸ਼ਿਪ ਗੁਣਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਨੂੰ ਭਵਿੱਖ ਦੇ ਉੱਦਮੀ ਬਣਨ ਲਈ ਉਤਸ਼ਾਹਿਤ ਕੀਤਾ ਗਿਆ। ਇਹ ਪਹਿਲ ਏਆਈ ਆਧਾਰਤ ਐਪਲੀਕੇਸ਼ਨਾਂ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਤਕਨੀਕੀ ਹੁਨਰ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਰਹੀ, ਜਿਸ ਤਹਿਤ ਏਆਈ ਮਾਹਰਾਂ ਵੱਲੋਂ ਵਿਦਿਆਰਥੀਆਂ ਲਈ 12 ਹਫ਼ਤਿਆਂ ਦੀਆਂ ਲਾਈਵ, ਇੰਟਰਐਕਟਿਵ ਆਨਲਾਈਨ ਕਲਾਸਾਂ ਲਗਾਈਆਂ ਗਈਆਂ।“

ਮੰਤਰੀ ਨੇ ਦੱਸਿਆ ਕਿ “ਸਿੱਖਿਆ ਵਿਭਾਗ ਵੱਲੋਂ ਆਉਣ ਵਾਲੇ ਅਕਾਦਮਿਕ ਸੈਸ਼ਨ ਵਿੱਚ ਏਆਈ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਸੂਬੇ ਭਰ ਦੇ ਹੋਰ ਸਕੂਲਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਇਹ ਸਿਰਫ਼ ਇੱਕ ਮੁਕਾਬਲਾ ਨਹੀਂ ਸਗੋਂ ਸਾਡੇ ਬੱਚਿਆਂ ਨੂੰ ਭਵਿੱਖ ਲਈ ਤਿਆਰ ਦਾ ਤਹੱਈਆ ਹੈ। ਏਆਈ ਹੁਣ ਕੋਈ ਭਵਿੱਖੀ ਵਿਸ਼ਾ ਨਹੀਂ ਹੈ। ਇਹ ਅਜੋਕੀ ਭਾਸ਼ਾ ਹੈ। ਇਸ ਪਾਇਲਟ ਪ੍ਰੋਜੈਕਟ ਅਤੇ ਹੈਕਾਥੌਨ ਰਾਹੀਂ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਤਕਨੀਕੀ ਕ੍ਰਾਂਤੀ ਵਿੱਚ ਕਿਸੇ ਪੱਖੋਂ ਵੀ ਪਿੱਛੇ ਨਾ ਰਹਿਣ।"

ਉਨ੍ਹਾਂ ਕਿਹਾ ਕਿ ਏਆਈ ਹੈਕਾਥੌਨ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਵਿੱਚ ਵਾਧਾ ਕਰੇਗੀ ਅਤੇ ਨਵੀਨਤਾ ਦੇ ਰੁਝਾਨ ਨੂੰ ਉਤਸ਼ਾਹਿਤ ਕਰੇਗੀ। ਅੱਜ ਅਸੀਂ ਜਿਸ ਉਤਸ਼ਾਹ ਅਤੇ ਗੁਣਵੱਤਾ ਵਾਲੇ ਪ੍ਰੋਜੈਕਟ ਨੂੰ ਦੇਖਿਆ ਹੈ, ਉਸ ਨਾਲ ਇਹ ਸਾਬਤ ਹੁੰਦਾ ਹੈ ਕਿ ਜਦੋਂ ਵਿਦਿਆਰਥੀਆਂ ਨੂੰ ਯੋਗ ਅਗਵਾਈ ਅਤੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਉਹ ਉੱਚ ਪੱਧਰ 'ਤੇ ਬਿਹਤਰ ਢੰਗ ਨਾਲ ਮੁਕਾਬਲਾ ਕਰਨ ਦੇ ਯੋਗ ਹਨ। ਇਹ ਸਿਰਫ਼ ਸ਼ੁਰੂਆਤ ਹੈ। ਇਸ ਸਮਾਗਮ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਕਨੀਕੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ।

ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ, “ਏਆਈ ਹੈਕਾਥੌਨ ਵਿੱਚ 20 ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ, ਜਿਸ ਵਿੱਚ 60 ਵਿਦਿਆਰਥੀਆਂ (ਹਰੇਕ ਸਕੂਲ ਤੋਂ ਤਿੰਨ) ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਹਰੇਕ ਟੀਮ ਨੂੰ ਆਪਣੇ ਨਵੀਨਤਾਕਾਰੀ ਪ੍ਰੋਜੈਕਟ ਪੇਸ਼ ਕਰਨ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ, ਜਿਸਦਾ ਮੁਲਾਂਕਣ ਏਆਈ ਮਾਹਿਰਾਂ ਦੇ ਇੱਕ ਪੈਨਲ ਵੱਲੋਂ ਕੀਤਾ ਗਿਆ। ਭਾਗ ਲੈਣ ਵਾਲੀਆਂ ਟੀਮਾਂ ਨੇ ਤਕਨੀਕੀ ਨਵੀਨਤਾ, ਵੀਡੀਓ ਬਣਾਉਣ, ਕਾਰੋਬਾਰੀ ਯੋਜਨਾਬੰਦੀ ਅਤੇ ਵੈੱਬ ਡਿਵੈਲਪਮੈਂਟ ਵਰਗੇ ਖੇਤਰਾਂ ਵਿੱਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਅਤੇ ਆਧੁਨਿਕ ਇਨ੍ਹਾਂ ਖੇਤਰਾਂ ਲਈ ਏਆਈ ਟੂਲਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ।“

ਉਨ੍ਹਾਂ ਕਿਹਾ ਕਿ ਚੋਟੀ ਦੀਆਂ ਤਿੰਨ ਟੀਮਾਂ ਨੂੰ ਸਰਟੀਫਿਕੇਟਾਂ ਸਮੇਤ ਨਕਦ ਇਨਾਮ ਦਿੱਤੇ ਗਏ। 11,000 ਰੁਪਏ ਦਾ ਪਹਿਲਾ ਇਨਾਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਖਟਕੜ ਕਲਾਂ (ਐਸ.ਬੀ.ਐਸ. ਨਗਰ) ਨੇ ਜਿੱਤਿਆ ਜਦਕਿ 5,100 ਰੁਪਏ ਦਾ ਦੂਜਾ ਇਨਾਮ ਰਵਿੰਦਰ ਖੁੱਲਰ ਮੈਮੋਰੀਅਲ ਜੀ.ਐਮ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ (ਜਲੰਧਰ) ਨੇ ਹਾਸਲ ਕੀਤਾ ਅਤੇ 3,100 ਰੁਪਏ ਦਾ ਤੀਜਾ ਇਨਾਮ ਸ਼ਹੀਦ ਊਧਮ ਸਿੰਘ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) ਨੇ ਜਿੱਤਿਆ।

ਚੇਅਰਮੈਨ ਨੇ ਦੱਸਿਆ ਕਿ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਦਸੂਹਾ (ਹੁਸ਼ਿਆਰਪੁਰ) ਨੂੰ 3,100 ਰੁਪਏ ਦਾ ਹੌਸਲਾ-ਵਧਾਊ ਇਨਾਮ ਦਿੱਤਾ ਗਿਆ। ਕੁੜੀਆਂ ਦੀ ਸ਼੍ਰੇਣੀ ਵਿੱਚ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ) ਨੂੰ ਵੀ 3,100 ਰੁਪਏ ਦਾ ਹੌਸਲਾ-ਵਧਾਊ ਇਨਾਮ ਦਿੱਤਾ ਗਿਆ।

ਸੁਨੀਲ ਜਾਖੜ ਨੇ ਕਿਹਾ : ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਹੈ
ਚੰਡੀਗੜ੍ਹ/ਬਿਊਰੋ ਨਿਊਜ਼
ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਗਗਨਦੀਪ ਸਿੰਘ ਖੁਦਕੁਸ਼ੀ ਮਾਮਲੇ ’ਤੇ ਅੱਜ ਪੰਜਾਬ ਭਾਜਪਾ ਦੇ ਵਫਦ ਵਲੋਂ ਸੁਨੀਲ ਜਾਖੜ ਦੀ ਅਗਵਾਈ ਹੇਠ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ਗਈ ਹੈ। ਭਾਜਪਾ ਦੇ ਵਫਦ ਨੇ ਗਗਨਦੀਪ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਕਰਨ ਦੀ ਮੰਗ ਕੀਤੀ ਹੈ। ਜਾਖੜ ਨੇ ਕਿਹਾ ਹੈ ਕਿ ਇਹ ਖੁਦਕੁਸ਼ੀ ਨਹੀਂ, ਬਲਕਿ ਕਤਲ ਦਾ ਮਾਮਲਾ ਹੈ। ਜਾਖੜ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਗਗਨਦੀਪ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਲਈ ਅਜੇ ਤੱਕ ਕਾਂਗਰਸ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਨੇ ਹੀ ਦਸਤਖਤ ਕੀਤੇ ਹਨ। ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਇਨਸਾਫ ਮੰਗ ਰਿਹਾ ਹੈ ਅਤੇ ਭਗਵੰਤ ਮਾਨ ਗੁਜਰਾਤ ਵਿਚ ਵੋੇਟਾਂ ਮੰਗ ਰਹੇ ਹਨ।

-ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਮਹਾਨ ਸ਼ਹੀਦ ਦੇ ਸ਼ਹੀਦੀ ਦਿਵਸ ਨੂੰ ਪੂਰੇ ਜੋਸ਼ ਤੇ ਜਜ਼ਬੇ ਨਾਲ ਮਨਾਇਆ

ਚੰਡੀਗੜ੍ਹ, 25 ਮਾਰਚ:


ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਅੱਜ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਪੁਰਜ਼ੋਰ ਜੋਸ਼ ਤੇ ਜਜ਼ਬੇ ਨਾਲ ਮਨਾਇਆ। ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੇਂਡੂ ਵਿਕਾਸ ਅਤੇ ਕਿਰਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।


ਇਕੱਠ ਨੂੰ ਸੰਬੋਧਨ ਕਦਿਰਆਂ ਸ. ਸੌਂਦ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਆਦਰਸ਼ ਸਮਾਜ ਨੂੰ ਨਿਆਂ, ਬਰਾਬਰੀ ਅਤੇ ਜ਼ਬਰ ਵਿਰੁੱਧ ਆਢਾ ਲੈਣ ਲਈ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਨੌਜਵਾਨਾਂ ਨੂੰ ਸ਼ਹੀਦਾਂ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਪੂਰੀ ਵਚਨਬੱਧਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਹੀਦਾਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਸਮੂਹਿਕ ਪਛਾਣ ਨੂੰ ਹੋਰ ਮਜ਼ਬੂਤ ਕਰਨ ਵਿੱਚ ਸੱਭਿਆਚਾਰਕ ਮੰਚਾਂ ਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦਾਂ ਦਾ ਸੰਦੇਸ਼ ਨੌਜਵਾਨਾਂ ਨੂੰ ਬੇਇਨਸਾਫ਼ੀ ਖ਼ਿਲਾਫ਼  ਸਵਾਲ ਉਠਾਉਣ, ਗਿਆਨ ਹਾਸਲ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਸੁਹਿਰਦਤਾ ਨਾਲ ਯੋਗਦਾਨ ਪਾਉਣ ਲਈ ਹਲੂਣਦਾ ਹੈ।

ਇਸ ਦੌਰਾਨ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਕਮਿਸ਼ਨ ਦੀਆਂ ਪਹਿਲਕਦਮੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਭਰ ਵਿੱਚ ਭੋਜਨ ਸੁਰੱਖਿਆ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦ੍ਰਿਤ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਅਤੇ ਟਿਕਾਊ ਅਭਿਆਸਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ 5723 ਸਕੂਲਾਂ ਵਿੱਚ ਨਿਊਟ੍ਰੀਸ਼ਨ ਗਾਰਡਨ ਸਥਾਪਤ ਕੀਤੇ ਗਏ ਹਨ।

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਹਿੰਮਤ, ਬੌਧਿਕ ਚੇਤਨਾ ਅਤੇ ਆਜ਼ਾਦੀ ਸੰਗਰਾਮ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਲਿਖਤਾਂ ਅਤੇ ਵਡੇਰੇ ਕਾਰਜ ਨੌਜਵਾਨਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਦੀ ਤਰਜਮਾਨੀ ਕਰਦੇ ਰਹਿਣਗੇ ਤਾਂ ਜੋ ਉਹ ਜਮਹੂਰੀ ਕਦਰਾਂ-ਕੀਮਤਾਂ ਅਤੇ ਭਾਈਚਾਰੇ ਨੂੰ ਬਰਕਰਾਰ ਰੱਖ ਸਕਣ। ਉਨ੍ਹਾਂ ਅੱਗੇ ਕਿਹਾ ਕਿ ਬਰਾਬਰੀ ਅਤੇ ਪ੍ਰਗਤੀਸ਼ੀਲ ਸਮਾਜ ਪ੍ਰਤੀ  ਸ. ਭਗਤ ਸਿੰਘ ਦੀ ਸੋਚ ਅਜੋਕੇ ਦੌਰ ਵਿੱਚ ਵੀ ਪੂਰਨ ਰੂਪ ਵਿੱਚ ਪ੍ਰਸੰਗਿਕ ਹੈ।

ਇਸ ਮੌਕੇ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਵਿਜੇ ਦੱਤ ਅਤੇ ਚੇਤਨ ਪ੍ਰਕਾਸ਼ ਧਾਲੀਵਾਲ, ਸਾਬਕਾ ਮੈਂਬਰ ਪ੍ਰੀਤੀ ਚਾਵਲਾ ਅਤੇ ਇੰਦਰਾ ਗੁਪਤਾ ਅਤੇ ਮੈਂਬਰ ਸਕੱਤਰ ਕਨੂੰ ਥਿੰਦ ਸ਼ਾਮਲ ਸਨ।

ਦੋ ਦਿਨਾਂ ਵਿੱਚ ਦੂਜੇ ਵਿਧਾਇਕ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਪਿਛਲੇ ਛੇ ਮਹੀਨਿਆਂ ਤੋਂ ਪੁਲਿਸ ਨੂੰ ਚਕਮਾ ਦੇ ਰਹੇ ਜ਼ਬਰ-ਜਨਾਹ ਦੇ ਮੁਲਜ਼ਮ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲਿਸ ਨੇ ਪਟਿਆਲਾ ’ਚ ਗਿ੍ਰਫਤਾਰ ਕਰ ਲਿਆ। ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਪਠਾਣਮਾਜਰਾ ’ਤੇ ਜ਼ਬਰ-ਜਨਾਹ, ਧੋਖਾਧੜੀ ਅਤੇ ਡਰਾਉਣ-ਧਮਕਾਉਣ ਵਰਗੇ ਗੰਭੀਰ ਇਲਜ਼ਾਮ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2 ਸਤੰਬਰ ਤੋਂ ਫਰਾਰ ਚੱਲ ਰਹੇ ਇਸ ਵਿਧਾਇਕ ਖਿਲਾਫ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਹ ਗਿ੍ਰਫ਼ਤਾਰੀ ਪੰਜਾਬ ਪੁਲਿਸ ਲਈ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ, ਕਿਉਂਕਿ ਪਿਛਲੇ 48 ਘੰਟਿਆਂ ਅੰਦਰ ਜੇਲ੍ਹ ਜਾਣ ਵਾਲੇ ਇਹ ਦੂਜੇ ਵਿਧਾਇਕ ਹਨ। ਇਸ ਤੋਂ ਪਹਿਲਾਂ ਲੰਘੇ ਸੋਮਵਾਰ ਨੂੰ ਸਾਬਕਾ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਇਹਨਾਂ ਗਿ੍ਰਫ਼ਤਾਰੀਆਂ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਇਸੇ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਹੈ ਅਤੇ ਇਹ ਸਪੱਸ਼ਟ ਸੁਨੇਹਾ ਹੈ ਕਿ ਕਾਨੂੰਨ ਦੇ ਲੰਬੇ ਹੱਥਾਂ ਤੋਂ ਕੋਈ ਵੀ ਬਚ ਨਹੀਂ ਸਕਦਾ, ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ ’ਤੇ ਕਿਉਂ ਨਾ ਹੋਵੇ।

*ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਡਟ ਕੇ ਖੜ੍ਹੀ, ਉਨ੍ਹਾਂ ਦੀ ਭਲਾਈ ਨੂੰ ਪਹਿਲ: ਹਰਪਾਲ ਸਿੰਘ ਚੀਮਾ*

*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਮੁਲਾਜ਼ਮਾਂ ਅਤੇ ਯੂਨੀਅਨਾਂ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ, ਜਾਇਜ਼ ਮੰਗਾਂ 'ਤੇ ਤੁਰੰਤ ਕਾਰਵਾਈ ਦਾ ਦਿੱਤਾ ਭਰੋਸਾ*

ਚੰਡੀਗੜ੍ਹ, 25 ਮਾਰਚ


ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵਜੋਂ ਅੱਜ ਪੰਜਾਬ ਭਰ ਦੇ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਦੀਆਂ ਲੰਬਿਤ ਮੰਗਾਂ ਅਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਆਪਣੇ ਦਫ਼ਤਰ ਵਿਖੇ ਅਹਿਮ ਮੀਟਿੰਗਾਂ ਕੀਤੀਆਂ।

ਇਨ੍ਹਾਂ ਮੀਟਿੰਗਾਂ ਦੌਰਾਨ, ਵਿੱਤ ਮੰਤਰੀ ਨੇ ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ, ਅਧਿਆਪਕ ਇਨਸਾਫ਼ ਕਮੇਟੀ, ਫਾਇਰ ਬ੍ਰਿਗੇਡ ਆਊਟਸੋਰਸ ਇੰਪਲਾਈਜ਼ ਯੂਨੀਅਨ, ਫਾਇਰ ਬ੍ਰਿਗੇਡ ਕੰਟਰੈਕਟ ਇੰਪਲਾਈਜ਼ ਯੂਨੀਅਨ ਅਤੇ ਜੰਗਲਾਤ ਵਰਕਰਜ਼ ਯੂਨੀਅਨ ਸਮੇਤ ਕਈ ਯੂਨੀਅਨਾਂ ਦੇ ਵਫ਼ਦਾਂ ਨਾਲ ਸਿੱਧੀ ਗੱਲਬਾਤ ਕੀਤੀ।

ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਮਸਲਿਆਂ 'ਤੇ ਵਿਸਤ੍ਰਿਤ ਚਰਚਾ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਕਿ ਯੂਨੀਅਨਾਂ ਵੱਲੋਂ ਉਠਾਈਆਂ ਗਈਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਵਿਚਾਰਿਆ ਅਤੇ ਹੱਲ ਕੀਤਾ ਜਾਵੇ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਲਾਈ ਨੂੰ ਸੁਰੱਖਿਅਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕੀਤਾ ਜਾਵੇ।"
ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਬਨਿਟ ਸਬ-ਕਮੇਟੀ ਮੁਲਾਜ਼ਮ ਨੁਮਾਇੰਦਿਆਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੱਕ ਪਾਰਦਰਸ਼ੀ ਅਤੇ ਜਵਾਬਦੇਹ ਵਿਧੀ ਰਾਹੀਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਿਆ ਅਤੇ ਹੱਲ ਕੀਤਾ ਜਾਵੇ।

ਇਨ੍ਹਾਂ ਮੀਟਿੰਗਾਂ ਦੌਰਾਨ ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਤੋਂ ਡਾ. ਟੀਨਾ ਅਤੇ ਅਜੈ ਕੁਮਾਰ, ਅਧਿਆਪਕ ਇਨਸਾਫ਼ ਕਮੇਟੀ ਤੋਂ ਵਿਕਰਮ ਦੇਵ ਸਿੰਘ, ਦਿਗਵਿਜੇ ਪਾਲ ਸ਼ਰਮਾ, ਸੁਖਵਿੰਦਰ ਸਿੰਘ ਚਾਹਲ ਅਤੇ ਬਾਜ਼ ਸਿੰਘ, ਫਾਇਰ ਬ੍ਰਿਗੇਡ ਆਊਟਸੋਰਸ ਇੰਪਲਾਈਜ਼ ਯੂਨੀਅਨ ਤੋਂ ਸਾਹਿਬ ਸਿੰਘ, ਗੁਰਵਿਰਯਮ ਸਿੰਘ ਅਤੇ ਸੁਖਜੀਤ ਸਿੰਘ, ਫਾਇਰ ਬ੍ਰਿਗੇਡ ਕੰਟਰੈਕਟ ਇੰਪਲਾਈਜ਼ ਯੂਨੀਅਨ ਤੋਂ ਸੋਭਾ ਸਿੰਘ, ਅਤੇ ਜੰਗਲਾਤ ਵਰਕਰਜ਼ ਯੂਨੀਅਨ ਤੋਂ ਮੱਖਣ ਸਿੰਘ ਵਾਹਿਦਪੁਰੀ, ਅਮਰੀਕ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ, ਰਵੀ ਕੁਮਾਰ ਅਤੇ ਸ਼ਿੰਦਰਪਾਲ ਸਿੰਘ ਨੇ ਆਪਣੀਆਂ ਯੂਨੀਅਨਾਂ ਦੇ ਮੁੱਦਿਆਂ ਨੂੰ ਪੇਸ਼ ਕੀਤਾ।

*

*ਇਤਿਹਾਸਕ ਸ੍ਰੀ ਭੈਣੀ ਸਾਹਿਬ ਪਿੰਡ ਲਈ ਮੈਗਾ ਸੀਵਰੇਜ ਯੋਜਨਾ ਅਤੇ ਸਾਹਨੇਵਾਲ ਲਈ ਨਵਾਂ ਸਬ-ਤਹਿਸੀਲ ਕੰਪਲੈਕਸ ਮਨਜ਼ੂਰ*

*ਲੁਧਿਆਣਾ ਜ਼ਿਲ੍ਹੇ ਵਿੱਚ ਸਫ਼ਾਈ ਸਹੂਲਤਾਂ ਵਿੱਚ ਸੁਧਾਰ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਮਜ਼ਬੂਤੀ ਦੇਣਗੇ ਪ੍ਰਾਜੈਕਟ: ਹਰਦੀਪ ਸਿੰਘ ਮੁੰਡੀਆਂ*

*ਚੰਡੀਗੜ੍ਹ/ਲੁਧਿਆਣਾ, 24 ਮਾਰਚ:*


ਪਿੰਡਾਂ ਦੇ ਬੁਨਿਆਦੀ ਢਾਂਚੇ ਅਤੇ ਲੋਕ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਹਲਕੇ ਲਈ 23.99 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਇਤਿਹਾਸਕ ਪਿੰਡ ਸ੍ਰੀ ਭੈਣੀ ਸਾਹਿਬ ਲਈ ਮੈਗਾ ਸੀਵਰੇਜ ਯੋਜਨਾ ਅਤੇ ਸਾਹਨੇਵਾਲ ਲਈ ਆਧੁਨਿਕ ਸਬ-ਤਹਿਸੀਲ ਕੰਪਲੈਕਸ ਦੀ ਉਸਾਰੀ ਸ਼ਾਮਲ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਤੇ ਸਾਹਨੇਵਾਲ ਤੋਂ ਵਿਧਾਇਕ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸ੍ਰੀ ਭੈਣੀ ਸਾਹਿਬ ਪਿੰਡ ਲਈ 13.36 ਕਰੋੜ ਰੁਪਏ ਦੀ ਸੀਵਰੇਜ ਯੋਜਨਾ ਮਨਜ਼ੂਰ ਕੀਤੀ ਗਈ ਹੈ। ਇਸ ਪ੍ਰਾਜੈਕਟ ਤਹਿਤ 1.80 ਕਿ.ਮੀ. ਲੰਮਾ ਮੁੱਖ ਜਾਂ ਇੰਟਰਸੈਪਟਿੰਗ ਸੀਵਰ ਅਤੇ 18.13 ਕਿ.ਮੀ. ਲੈਟਰਲ ਸੀਵਰ ਨੈੱਟਵਰਕ ਵਿਛਾਇਆ ਜਾਵੇਗਾ ਅਤੇ 670 ਘਰਾਂ ਨੂੰ ਕੁਨੈਕਸਨ ਦਿੱਤੇ ਜਾਣਗੇ। ਇਸ ਦੇ ਨਾਲ ਇੱਕ ਮੁੱਖ ਪੰਪਿੰਗ ਸਟੇਸ਼ਨ ਦੀ ਉਸਾਰੀ ਅਤੇ 1.0 ਐਮ.ਐਲ.ਡੀ. ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਲਗਾਇਆ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮੰਗ ਪਿੰਡ ਦੀ ਪੰਚਾਇਤ ਅਤੇ ਸ੍ਰੀ ਭੈਣੀ ਸਾਹਿਬ ਸੰਪ੍ਰਦਾਇ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਰੱਖੀ ਗਈ ਸੀ ਕਿਉਂਕਿ ਵਧਦੀ ਆਬਾਦੀ ਅਤੇ ਪੁਰਾਣੀ ਹੋ ਚੁੱਕੀ ਸੀਵਰੇਜ ਸਹੂਲਤਾਂ ਕਾਰਨ ਨਵੇਂ ਸੀਵਰੇਜ ਅਤੇ ਪਾਣੀ ਸਪਲਾਈ ਪ੍ਰਣਾਲੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।

ਦੱਸ ਦੇਈਏ ਕਿ 9 ਜਨਵਰੀ, 2026 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਸੀਨੀਅਰ ਅਧਿਕਾਰੀਆਂ ਸਮੇਤ ਪਿੰਡ ਦਾ ਦੌਰਾ ਕੀਤਾ ਸੀ, ਜਿੱਥੇ ਇਹ ਗੱਲ ਸਾਹਮਣੇ ਆਈ ਸੀ ਕਿ 2001-02 ਵਿੱਚ ਵਿਛਾਇਆ ਮੌਜੂਦਾ ਸੀਵਰੇਜ ਸਿਸਟਮ ਆਪਣੀ ਮਿਆਦ ਪੂਰੀ ਕਰ ਚੁੱਕਾ ਹੈ ਅਤੇ ਪਿੰਡ ਵਿੱਚ ਕਿਸੇ ਵੀ ਕਿਸਮ ਦੀ ਟ੍ਰੀਟਮੈਂਟ ਸਹੂਲਤ ਮੌਜੂਦ ਨਹੀਂ ਹੈ।

ਇਸੇ ਤਰ੍ਹਾਂ, ਇਕ ਹੋਰ ਅਹਿਮ ਫ਼ੈਸਲੇ ਤਹਿਤ ਪੰਜਾਬ ਸਰਕਾਰ ਨੇ ਸਾਹਨੇਵਾਲ ਵਿੱਚ ਨਵਾਂ ਸਬ-ਤਹਿਸੀਲ ਕੰਪਲੈਕਸ ਬਣਾਉਣ ਲਈ 10.64 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਪ੍ਰਾਜੈਕਟ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਸੁਖਾਲੇ ਤਰੀਕੇ ਨਾਲ ਪ੍ਰਦਾਨ ਕਰਨ ਵੱਲ ਕੇਂਦ੍ਰਿਤ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਨਵਾਂ ਕੰਪਲੈਕਸ ਸਾਹਨੇਵਾਲ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਅਤੇ ਪ੍ਰਸ਼ਾਸਨਿਕ ਸੇਵਾਵਾਂ ਲਈ ਲੁਧਿਆਣਾ ਜਾਣ ਦੀ ਲੋੜ ਤੋਂ ਮੁਕਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕੇਸਾਂ ਦਾ ਤੇਜ਼ ਨਿਪਟਾਰਾ, ਪ੍ਰਸ਼ਾਸਨਿਕ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਧੁਨਿਕ ਪ੍ਰਣਾਲੀ ਰਾਹੀਂ ਮਾਲੀਆ ਇਕੱਠਾ ਕਰਨ ਵਿੱਚ ਵੀ ਵਾਧਾ ਹੋਵੇਗਾ।

ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਸਾਹਨੇਵਾਲ ਹਲਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਜ਼ਮੀਨੀ ਪੱਧਰ ’ਤੇ ਪ੍ਰਸ਼ਾਸਨਿਕ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਗੇ।

ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਅਰਧ-ਸ਼ਹਿਰੀ ਇਲਾਕਿਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਚੰਡੀਗੜ੍ਹ : ਪੀਐਚਡੀਸੀਸੀਆਈ ਦੀ ਪੰਜਾਬ ਸਟੇਟ ਚੈਪਟਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀਐਫਆਰਡੀਏ) ਦੇ ਸਹਿਯੋਗ ਨਾਲ ਪਿਛਲੇ ਦਿਨ ਪੀਐਚਡੀ ਹਾਊਸ, ਚੰਡੀਗੜ੍ਹ ਵਿਚ ਨੈਸ਼ਨਲ ਪੈਨਸ਼ਨ ਸਿਸਟਮ (ਐਨਪੀਐਸ) : ਐਮਐਸਐਮਈ ਵਰਕਫੋਰਸ ਲਈ ਸੁਰੱਖਿਅਤ ਭਵਿੱਖ ਦੇ ਨਿਰਮਾਣ ਵਿਸ਼ੇ ’ਤੇ ਇਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਐਮਐਸਐਮਈ ਨੂੰ ਕਰਮਚਾਰੀਆਂ ਦੀਆਂ ਸੰਗਠਿਤ ਰਿਟਾਇਰਮੈਂਟ ਯੋਜਨਾ ਬਣਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਸਵਾਗਤੀ ਭਾਸ਼ਣ ਦਿੰਦੇ ਹੋਏ ਪੀਐਚਡੀਸੀਸੀਆਈ ਦੇ ਚੇਅਰਮੈਨ ਸ੍ਰੀ ਰਜਨੀਸ਼ ਬਾਂਸਲ ਨੇ ਵਿੱਤੀ ਸਾਖਰਤਾ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੀਐਚਡੀਸੀਸੀਆਈ ਦੀ ਵਚਨਬੱਧਤਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਐਨਪੀਐਸ ਇਕ ਪਾਰਦਰਸ਼ੀ ਅਤੇ ਘੱਟ ਲਾਗਤ ਵਾਲਾ ਪੈਨਸ਼ਨ ਹੱਲ ਹੈ, ਜੋ ਐਮਐਸਐਮਈ ਖੇਤਰ ਵਿਚ ਕਰਮਚਾਰੀਆਂ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਮੌਕੇ ਪੀਐਫਆਰਡੀਏ ਦੇ ਅਸਿਸਟੈਂਟ ਮੈਨੇਜਰ ਸ੍ਰੀ ਅਭਿਸ਼ੇਕ ਧੀਮਾਨ ਨੇ ਐਨਪੀਐਸ ਦੇ ਢਾਂਚੇ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਨਪੀਐਸ ਸਰਕਾਰ ਵਲੋਂ ਸੁਚੱਜੇ ਢੰਗ ਨਾਲ ਬਣਾਈ ਗਈ ਪੈਨਸ਼ਨ ਯੋਜਨਾ ਹੈ, ਜੋ ਲੰਬੇ ਸਮੇਂ ਲਈ ਵਿੱਤੀ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਦੀ ਹੈ।
ਐਚਡੀਐਫਸੀ ਦੇ ਸੀਨੀਅਰ ਮੈਨੇਜਰ ਸ੍ਰੀ ਐਸ਼ਵਰਿਆ ਮੌਦਗਿੱਲ ਨੇ ਪੈਨਸ਼ਨ ਫੰਡ ਬਾਰੇ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ਦਾ ਸੰਚਾਲਣ ਸ੍ਰੀ ਨਵੀਨ ਕੁਮਾਰ, ਰਿਹਾਇਸ਼ੀ ਮੈਨੇਜਰ ਪੀਐਚਡੀਸੀਸੀਆਈ ਨੇ ਕੀਤਾ। ਅਖੀਰ ਵਿਚ ਪੀਐਚਡੀਸੀਸੀਆਈ ਦੇ ਰਿਹਾਇਸ਼ੀ ਡਾਇਰੈਕਟਰ ਸ੍ਰੀ ਗੁਰਦਰਸ਼ਨ ਅਗਰਵਾਲ ਨੇ ਧੰਨਵਾਦ ਮਤਾ ਰੱਖਿਆ ਅਤੇ ਉਦਯੋਗਿਕ ਮੈਂਬਰਾਂ ਨੂੰ ਆਪਣੇ ਸੰਗਠਨਾਂ ਵਿਚ ਐਨਪੀਐਸ ਰਜਿਸਟਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਸੈਮੀਨਾਰ ਵਿਚ 70 ਤੋਂ ਵੱਧ ਉਦਯੋਗਿਕ ਨੇਤਾਵਾਂ ਅਤੇ ਐਮਐਸਐਮਈ ਪ੍ਰਤੀਨਿਧੀਆਂ ਨੇ ਹਿੱਸਾ ਲਿਆ। 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਿਧਾਨ ਸਭਾ ਸਕੱਤਰੇਤ ਵਿਖੇ ਸਾਲ 2026 ਲਈ ਪੰਜਾਬ ਵਿਧਾਨ ਸਭਾ ਡਾਇਰੀ ਦਾ ਅਧਿਕਾਰਤ ਉਦਘਾਟਨ ਕੀਤਾ।

 ਸਪੀਕਰ ਸੰਧਵਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਕੱਤਰੇਤ ਨੇਂ ਸਾਲ 2026 ਦੀ ਡਾਇਰੀ ਦੇ ਇਸ ਐਡੀਸ਼ਨ ਨੂੰ ਇੱਕ ਵਿਆਪਕ ਸੰਸਥਾਗਤ ਸਰੋਤ ਵਜੋਂ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾਇਰੀ ਵਿਧਾਨਕ ਜ਼ਿੰਮੇਵਾਰੀਆਂ ਦੇ ਯੋਜਨਾਬੱਧ ਢੰਗ ਨਾਲ ਸੰਗਠਿਤ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਰੋਜ਼ਾਨਾ ਸੰਸਦੀ ਕਾਰਜਾਂ ਦੇ ਨਾਲ-ਨਾਲ ਲੰਬੇ ਸਮੇਂ ਦੀ ਰਣਨੀਤਕ ਯੋਜਨਾਬੰਦੀ  ਲਈ ਇੱਕ ਸੁਚਾਰੂ ਸਾਧਨ ਉਪਲਬਧ ਕਰਵਾਇਆ ਜਾ ਸਕੇ ।

ਸਪੀਕਰ ਨੇ ਕਿਹਾ, ‘‘ਇਹ ਪ੍ਰਕਾਸ਼ਨ ਇੱਕ ਰੋਜ਼ਾਨਾ ਯੋਜਨਾਕਾਰ ਵਜੋਂ ਆਪਣੀ ਭੂਮਿਕਾ ਨਿਭਾਏਗੀ । ਇਹ ਮਹੱਤਵਪੂਰਨ ਜਾਣਕਾਰੀ ਦਾ ਲੋੜੀਂਦਾ ਸੰਗ੍ਰਹਿ ਹੈ , ਜੋ ਆਉਣ ਵਾਲੇ ਸਾਲ ਦੌਰਾਨ ਵਿਧਾਨਕ ਮਾਮਲਿਆਂ ਦੇ ਕੁਸ਼ਲ ਸੰਚਾਲਨ ਲਈ ਕਾਰਗਰ ਸਿੱਧ ਹੋਵੇਗਾ,’’।

ਇਸ ਸਮਾਰੋਹ ਵਿੱਚ ਸ. ਕੁਲਵੰਤ ਸਿੰਘ ਪੰਡੋਰੀ, ਮਾਣਯੋਗ ਵਿਧਾਨ ਸਭਾ ਮੈਂਬਰ (ਐਮ.ਐਲ.ਏ.), ਰਾਮ ਲੋਕ ਖਟਾਨਾ, ਸਕੱਤਰ, ਪੰਜਾਬ ਵਿਧਾਨ ਸਭਾ,
ਸਪੀਕਰ ਦੇ ਸਕੱਤਰ ਸੁਰਿੰਦਰ ਸਿੰਘ ਮੋਤੀ ਅਤੇ ਸਪੀਕਰ ਦੇ ਓ.ਐਸ.ਡੀ. ਮਨਿੰਦਰ ਸਿੰਘ ਤੇ ਕਈ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ ।

 ਉਨ੍ਹਾਂ ਆਸ  ਪ੍ਰਗਟਾਈ ਕਿ ਡਾਇਰੀ- 2026, ਪੰਜਾਬ ਵਿਧਾਨ ਸਭਾ ਦੇ ਇੱਕ ਸਾਲ ਦੇ ਸਾਰੇ ਪ੍ਰਸ਼ਾਸਕੀ ਅਤੇ ਵਿਧਾਨਕ ਸ਼ਡਿਊਲਜ਼ ਲਈ ਅਹਿਮ ਤੇ ਸਹੂਲਤ ਸਿੱਧ ਹੋਵੇਗੀ।

ਵੜਿੰਗ ਨੇ ਕਿਹਾ : ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਖੜ੍ਹਾ ਹਾਂ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗਗਨਦੀਪ ਸਿੰਘ ਖੁਦਕੁਸ਼ੀ ਮਾਮਲੇ ਵਿਚ ਸੀਬੀਆਈ ਜਾਂਚ ਦਾ ਵਿਰੋਧ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ’ਤੇ ਗੰਭੀਰ ਸਵਾਲ ਚੁੱਕੇ ਹਨ। ਬਿੱਟੂ ਨੇ ਇਲਜ਼ਾਮ ਲਗਾਇਆ ਹੈ ਕਿ ਵੜਿੰਗ ਦਾ ਅਜਿਹਾ ਵਤੀਰਾ ਉਸਦੀ ਆਪਣੀ ਜਾਂਚ ਦੇ ਡਰ ਤੋਂ ਸਾਹਮਣੇ ਆਇਆ ਹੈ। ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਅੱਜ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਪਿੱਠੂ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਬਾਕੀ ਸੰਸਦ ਮੈਂਬਰਾਂ ਨੇ ਇਕਜੁਟ ਹੋ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਖੁਦਕਸ਼ੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ, ਉਥੇ ਵੜਿੰਗ ਨੇ ਇਸ ਮਾਮਲੇ ਵਿਚ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਮੈਂ ਗਗਨਦੀਪ ਸਿੰਘ ਦੇ ਪਰਿਵਾਰ ਦੀ ਇੱਛਾ ਦੇ ਨਾਲ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਸੀਬੀਆਈ ਜਾਂਚ ਚਾਹੁੰਦਾ ਹੈ ਤਾਂ ਇਹ ਵੀ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਣੀ ਚਾਹੀਦੀ ਹੈ।  

ਚੰਡੀਗੜ੍ਹ : ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਇਥੇ ਡੀ.ਏ.ਵੀ. ਕਾਲਜ, ਸੈਕਟਰ-10 ਵਿਖੇ ਤਿੰਨ ਰੋਜ਼ਾ ਸੱਭਿਆਚਾਰਕ ਸਮਾਗਮ "ਕਾਰਵਾਂ 2026" ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦੀ ਉਦਘਾਟਨੀ ਦਿਨ ਸੰਸਥਾ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਨਾਲ ਸਮੁੱਚਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਸੱਭਿਆਚਾਰਕ ਮਹੱਤਤਾ ਅਤੇ ਰਾਸ਼ਟਰਵਾਦੀ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਲਈ ਸੰਸਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਜ ਦੇ ਸੰਦਰਭ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਾਰਥਕਤਾ 'ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਜ਼ਬਰ ਵਿਰੁੱਧ ਇਸ ਇਨਕਲਾਬੀ ਯੋਧੇ ਦੀ ਵਿਚਾਰਧਾਰਾ ਅਪਣਾਉਣ ਲਈ ਪ੍ਰੇਰਿਆ ਅਤੇ ਪਾਠ ਪੁਸਤਕਾਂ ਦੇ ਨਾਲ ਨਾਲ ਹੋਰ ਗਿਆਨ ਹਾਸਲ ਕਰਨ ਲਈ ਵੀ ਉਤਸ਼ਾਹਿਤ ਕੀਤਾ।

ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਅਸੀਂ ਸਿਰਫ਼ ਸ਼ਹੀਦਾਂ ਨੂੰ ਨਹੀਂ, ਸਗੋਂ ਉਨ੍ਹਾਂ ਦੇ ਸੰਕਲਪਾਂ ਨੂੰ ਯਾਦ ਕਰਦੇ ਹਾਂ। ਸ਼ਹੀਦ ਭਗਤ ਸਿੰਘ ਨੇ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਲਈ ਲੜਾਈ ਲੜੀ ਅਤੇ ਸੋਸ਼ਣ, ਭੁੱਖਮਰੀ ਅਤੇ ਅਸਮਾਨਤਾ ਤੋਂ ਮੁਕਤ ਸਮਾਜ ਦਾ ਸੁਪਨਾ ਸਿਰਜਿਆ। ‘ਕਾਰਵਾਂ 2026’ ਦਰਸਾਉਂਦਾ ਹੈ ਕਿ ਡੀਏਵੀ ਕਾਲਜ ਅਜਿਹੇ ਨਾਗਰਿਕਾਂ ਦਾ ਨਿਰਮਾਣ ਕਰ ਰਿਹਾ ਹੈ, ਜਿਨ੍ਹਾਂ ਵਿੱਚ ਸਹੀ-ਗਲਤ ਦੀ ਪਛਾਣ ਕਰਨ ਦੇ ਗੁਣ ਹੋਣ। ਉਨ੍ਹਾਂ ਨੌਜਵਾਨਾਂ ਨੂੰ ਇਸ 'ਕਾਰਵਾਂ' ਨੂੰ ਅੱਗੇ ਵਧਾਉਣ ਲਈ ਕਿਹਾ, ਤਾਂ ਜੋ 'ਰੰਗਲਾ ਪੰਜਾਬ' ਅਤੇ ਇੱਕ ਮਜ਼ਬੂਤ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ, ਜਿਸ ਦਾ ਸਾਡੇ ਸ਼ਹੀਦਾਂ ਨੇ ਸੁਪਨਾ ਦੇਖਿਆ ਸੀ।

ਸ਼ਹੀਦ ਭਗਤ ਸਿੰਘ ਦੀ ਭਾਣਜੀ ਸ੍ਰੀਮਤੀ ਗੁਰਜੀਤ ਕੌਰ ਢੱਟ ਦੀ ਮੌਜੂਦਗੀ ਨੇ ਇਸ ਸਮਾਰੋਹ ਦੇ ਮਾਣ ਨੂੰ ਹੋਰ ਵਧਾ ਦਿੱਤਾ ਅਤੇ ਉਨ੍ਹਾਂ ਆਪਣੇ ਮਾਮੇ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਸਥਾਈ ਆਦਰਸ਼ਾਂ ਨੂੰ ਦਰਸਾਉਂਦਿਆਂ ਇੱਕ ਭਾਵਨਾਤਮਕ ਸ਼ਰਧਾਂਜਲੀ ਦਿੱਤੀ, ਜਿਸ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਪ੍ਰਿੰਸੀਪਲ ਡਾ. ਮੋਨਾ ਨਾਰੰਗ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇੱਕ ਅਜਿਹੀ ਸ਼ਾਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਇਤਿਹਾਸ ਦੀ ਸੰਜੀਦਗੀ ਦਾ ਨੌਜਵਾਨਾਂ ਦੀ ਊਰਜਾ ਨਾਲ ਬਿਹਤਰ ਸੰਤੁਲਿਤ ਦੇਖਣ ਨੂੰ ਮਿਲਿਆ। ਸੱਭਿਆਚਾਰਕ ਪ੍ਰਦਰਸ਼ਨਾਂ ਦੌਰਾਨ ਸਪਤਕ ਦੇ ਦੇਸ਼ ਭਗਤੀ ਗੀਤਾਂ ਦੇ ਸੁਮੇਲ ਨਾਲ ਦੇਸ਼ ਦੀਆਂ ਮੂਲ ਕਦਰਾਂ-ਕੀਮਤਾਂ ਦੀ ਝਲਕ ਦੇਖਣ ਨੂੰ ਮਿਲੀ। ਗੁਰਵਿੰਦਰ ਅਤੇ ਕਰਸ਼ੁਭਜੀਤ ਸਿੰਘ ਦੀ "ਭਗਤ ਸਿੰਘ ਦੀ ਵਾਰ" ਦੀ ਵਿਸ਼ੇਸ਼ ਪੇਸ਼ਕਾਰੀ ਨੇ ਇਨਕਲਾਬੀ ਦੀ ਭਾਵਨਾ ਨੂੰ ਜੀਵਤ ਕਰ ਦਿੱਤਾ। ਦਿਲ ਖਿੱਚਵਾਂ ਦੇਸ਼ ਭਗਤੀ ਨਾਚ-ਨਾਟਕ, ਗੁਰਪ੍ਰੀਤ ਕੌਰ ਅਤੇ ਗੁਰਕਮਲ ਸਿੰਘ ਦੁਆਰਾ ਦਿਲ ਖਿੱਚਵੀਂ ਕਵਿਤਾ ਅਤੇ ਗਾਇਕ ਮੰਨਾ ਮੰਡ ਦੇ ਜੋਸ਼ੀਲੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।

ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰ ਪ੍ਰਿੰਸੀਪਲ ਆਰ. ਸੀ. ਜੀਵਨ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਸੁਮਿਤਾ ਬਖਸ਼ੀ (ਡੀ.ਐਸ.ਡਬਲਯੂ), ਡਾ. ਪੂਰਨਿਮਾ ਸਹਿਗਲ (ਵਧੀਕ ਡੀ.ਐਸ.ਡਬਲਯੂ) ਅਤੇ ਡਾ. ਮਨਮਿੰਦਰ ਸਿੰਘ ਆਨੰਦ (ਡਿਪਟੀ ਡੀ.ਐਸ.ਡਬਲਯੂ) ਦੀ ਅਗਵਾਈ ਹੇਠ ਕੀਤਾ ਗਿਆ ਸੀ।

ਡੀਐਮ ਖੁਦਕੁਸ਼ੀ ਮਾਮਲੇ ਤੋਂ ਧਿਆਨ ਭਟਕਾਉਣ ਦੇ ਲਗਾਏ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼  
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਗਿ੍ਰਫਤਾਰੀ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਮਜੀਠੀਆ ਨੇ ਇਸ ਗਿ੍ਰਫਤਾਰੀ ਨੂੰ ਇਕ ਸਿਆਸੀ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਕਾਰਵਾਈ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੀ ਖੁਦਕੁਸ਼ੀ ਦੇ ਸੰਵੇਦਨਸ਼ੀਲ ਮਾਮਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀ ਗਈ ਹੈ। ਮਜੀਠੀਆ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਹਰਮੀਤ ਸਿੰਘ ਪਠਾਣਮਾਜਰਾ ਨੂੰ ਫਰਾਰ ਹੋਣ ਵਿਚ ਮੱਦਦ ਕੀਤੀ ਅਤੇ ਹੁਣ ਜਦੋਂ ਸਰਕਾਰ ਖੁਦਕੁਸ਼ੀ ਮਾਮਲੇ ਵਿਚ ਘਿਰਦੀ ਨਜ਼ਰ ਆਈ ਤਾਂ ਗਿ੍ਰਫਤਾਰੀ ਦਾ ‘ਡਰਾਮਾ’ ਰਚਿਆ ਗਿਆ। ਅਕਾਲੀ ਆਗੂ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਪਹਿਲਾਂ ਆਪਣੇ ਦਾਗੀ ਆਗੂਆਂ ਨੂੰ ਪਨਾਹ ਦਿੰਦੀ ਹੈ ਅਤੇ ਫਿਰ ਸਿਆਸੀ ਲਾਹਾ ਲੈਣ ਲਈ ਅਜਿਹੇ ‘ਅਪਰੇਸ਼ਨਾਂ’ ਦਾ ਦਿਖਾਵਾ ਕਰਦੀ ਹੈ।

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਦੇ ਤਹਿਤ ਅੱਜ ਖੇਡ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ‘ਆਪ’ ਸਰਕਾਰ ਦੀ ਖੇਡ ਕ੍ਰਾਂਤੀ ਨਾਲ ਖੇਡ ਖੇਤਰ ਦੀ ਨੁਹਾਰ ਬਦਲਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਸਿੰਚਾਈ ਵਿਭਾਗ, ਸਿਹਤ ਵਿਭਾਗ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਰਿਪੋਰਟ ਕਾਰਡ ਪੇਸ਼ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਡਾਂ ਵਿੱਚ ਵੱਡੇ ਸੁਧਾਰਾਂ ਦੀ ਅਗਲੀ ਯੋਜਨਾ ਦਾ ਜ਼ਿਕਰ ਕੀਤਾ। ਇਸ ਯੋਜਨਾ ਤਹਿਤ ਖੇਡ ਬਜਟ 350 ਕਰੋੜ ਰੁਪਏ ਤੋਂ ਵਧਾ ਕੇ 1791 ਕਰੋੜ ਰੁਪਏ ਕੀਤਾ, ਕੋਚਾਂ ਦੀ ਗਿਣਤੀ ਵਿੱਚ 500 ਤੋਂ ਵਧਾ ਕੇ 2458 ਕੀਤੀ ਅਤੇ ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ੀਆਈ ਖੇਡਾਂ ਦੇ ਐਥਲੀਟਾਂ ਲਈ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਸ਼ਾਮਲ ਹੈ।
ਇਸ ਦਾ ਵੇਰਵਾ ਦਿੰਦੇ ਹੋਏ ਮੁੱਖ ਮੰਤਰੀ ਨੇ 3100 ਖੇਡ ਮੈਦਾਨਾਂ ਦੇ ਵਿਕਾਸ, 3000 ਜਿੰਮ, 17000 ਖੇਡ ਕਿੱਟਾਂ ਦੀ ਵੰਡ ਅਤੇ "ਖੇਡਾਂ ਵਤਨ ਪੰਜਾਬ ਦੀਆਂ" ਦੇ ਤੇਜ਼ੀ ਨਾਲ ਵਿਸਥਾਰ ਦਾ ਜ਼ਿਕਰ ਕੀਤਾ। ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੀ ਗਿਣਤੀ ਡੇਢ ਲੱਖ ਤੋਂ ਵਧ ਕੇ ਪੰਜ ਲੱਖ ਖਿਡਾਰੀਆਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ ਨੇ ਇਤਿਹਾਸ ਵਿੱਚ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਨਾਲ-ਨਾਲ 40 ਸਾਲਾਂ ਬਾਅਦ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-13 ਦੀ ਮੇਜ਼ਬਾਨੀ ਪ੍ਰਾਪਤ ਕੀਤੀ ਹੈ, ਜਿਸ ਨਾਲ ਸੂਬਾ, ਦੇਸ਼ ਵਿੱਚ ਖੇਡ ਧੁਰੇ ਵਜੋਂ ਉਭਰਿਆ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਏਸ਼ੀਅਨ ਖੇਡਾਂ 3-4 ਅਕਤੂਬਰ ਨੂੰ ਸਮਾਪਤ ਹੋਣਗੀਆਂ ਅਤੇ ਚੋਟੀ ਦੀਆਂ ਛੇ ਹਾਕੀ ਟੀਮਾਂ ਇਨ੍ਹਾਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣਗੀਆਂ। ਪਹਿਲੀ ਵਾਰ ਪੰਜਾਬ ਨੂੰ ਇਹ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਉਣ ਦਾ ਮੌਕਾ ਮਿਲਿਆ ਹੈ ਅਤੇ ਇਹ ਕਦਮ ਖੇਡਾਂ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ ਸੂਬੇ ਲਈ ਚਾਰ ਦੇਸ਼ੀ ਟੂਰਨਾਮੈਂਟ ਦੇ ਰੂਪ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਸੂਬੇ ਵਿੱਚ ਹਾਕੀ ਨੂੰ ਵੱਡਾ ਹੁਲਾਰਾ ਦੇਵੇਗਾ।”
ਇਸ ਟੂਰਨਾਮੈਂਟ ਦੀ ਅਹਿਮੀਅਤ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਾਕੀ ਵਿੱਚ ਪੰਜਾਬੀਆਂ ਦੀ ਸਰਦਾਰੀ ਹੋਣ ਦੇ ਬਾਵਜੂਦ ਪੰਜਾਬ ਨੇ ਹੁਣ ਤੱਕ ਕਦੇ ਵੀ ਕਿਸੇ ਵੱਡੇ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕੀਤੀ। ਪਹਿਲੀ ਵਾਰ, ਪੰਜਾਬ ਅਕਤੂਬਰ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ ਅਤੇ ਇਹ ਏਸ਼ੀਆ ਦਾ ਸਭ ਤੋਂ ਵੱਕਾਰੀ ਹਾਕੀ ਟੂਰਨਾਮੈਂਟ ਹੈ।” ਉਨ੍ਹਾਂ ਅੱਗੇ ਕਿਹਾ, “ਹਾਕੀ ਮੈਚ ਮੋਹਾਲੀ ਦੇ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਹੋਣਗੇ।”
ਮੁੱਖ ਮੰਤਰੀ ਨੇ ਬੈਡਮਿੰਟਨ ਚੈਂਪੀਅਨਸ਼ਿਪ ਦੀ ਵਾਪਸੀ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ, “40 ਸਾਲਾਂ ਬਾਅਦ ਸੂਬੇ ਨੂੰ ਜਲੰਧਰ ਵਿਖੇ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ ਹੈ। ਇਹ ਟੂਰਨਾਮੈਂਟ ਅੰਡਰ-13 ਵਰਗ ਲਈ ਹੋਵੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਸੂਬੇ ਨੂੰ ਸਮੁੱਚੇ ਵਿਕਾਸ ਤੇ ਖੇਡਾਂ ਲਈ ਹੁਲਾਰਾ ਮਿਲੇ।” ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਅੱਗੇ ਕਿਹਾ, “ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਲਈ ਖੇਡਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ।”
ਪੰਜਾਬ ਦੀ ਮਹਾਨ ਖੇਡ ਵਿਰਾਸਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨੇ ਕਈ ਮਹਾਨ ਖਿਡਾਰੀ ਪੈਦਾ ਕੀਤੇ ਹਨ ਅਤੇ ਸੂਬੇ ਦਾ ਸਦੀਆਂ ਤੋਂ ਖੇਡਾਂ ਨਾਲ ਗਹਿਰਾ ਨਾਤਾ ਹੈ।” ਉਨ੍ਹਾਂ ਕਿਹਾ, “ਸਾਡੇ ਮਹਾਨ ਸਿੱਖ ਗੁਰੂਆਂ ਨੇ ਖੇਡਾਂ ਰਾਹੀਂ ਨਾ ਸਿਰਫ਼ ਅਧਿਆਤਮਿਕਤਾ ਸਗੋਂ ਸਰੀਰਕ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਸਰੀਰਕ ਤੰਦਰੁਸਤੀ ਲਈ ਮੱਲ ਅਖਾੜਾ ਕਾਇਮ ਕੀਤਾ ਅਤੇ ਗੁਰੂ ਸਾਹਿਬ ਜੀ ਆਪਣੀ ਦੇਖ-ਰੇਖ ਹੇਠ ਕਸਰਤ ਤੇ ਕੁਸ਼ਤੀਆਂ ਕਰਵਾਉਂਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਨੌਜਵਾਨਾਂ ਨੂੰ ਘੋੜ ਸਵਾਰੀ ਤੇ ਤੀਰ ਅੰਦਾਜ਼ੀ ਵਿਚ ਮਾਹਿਰ ਕੀਤਾ।” ਉਨ੍ਹਾਂ ਕਿਹਾ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਦੀਆਂ ਹਰੇਕ ਪ੍ਰਕਾਰ ਦੀਆਂ ਖੇਡਾਂ ਅਤੇ ਯੁੱਧ-ਕਲਾਵਾਂ ਵਿਚ ਨਿਪੁੰਨ ਸਨ। ਅੱਜ ਵੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਚ ਹਰੇਕ ਸਾਲ ਹੋਲੇ-ਮਹੱਲੇ ਮੌਕੇ ਰਵਾਇਤੀ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੁੰਦਾ ਹੈ।”
ਆਧੁਨਿਕ ਖੇਡਾਂ ਵਿੱਚ ਪੰਜਾਬ ਦੇ ਯੋਗਦਾਨ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਭਾਰਤ ਦੀ ਆਸਟ੍ਰੇਲੀਆ ਟੂਰ ਟੀਮ ਦੇ ਕਪਤਾਨ ਹਾਰਦਿਕ ਸਿੰਘ, ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ, ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਪਲਪ੍ਰੀਤ ਸਿੰਘ ਬਰਾੜ, ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਰਹੇ ਗੁਰਪ੍ਰੀਤ ਸਿੰਘ ਸੰਧੂ ਅਤੇ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਸਾਰੇ ਪੰਜਾਬ ਤੋਂ ਹਨ।” ਉਨ੍ਹਾਂ ਅੱਗੇ ਕਿਹਾ, “ਇਹ ਸਾਰੇ ਖਿਡਾਰੀ ਸੂਬੇ ਅਤੇ ਦੇਸ਼ ਲਈ ਨਾਮਣਾ ਖੱਟ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਸਾਲ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਇਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ, ਜਿਸ ਵਿੱਚ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਵਰਗੀਆਂ ਖਿਡਾਰਨਾਂ ਸਨ।”
ਉਨ੍ਹਾਂ ਅੱਗੇ ਕਿਹਾ, “ਹਾਕੀ ਅਤੇ ਪੰਜਾਬ ਨੂੰ ਇਕੋ ਸਿੱਕੇ ਦੋ ਪਾਸੇ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਖਿਡਾਰੀਆਂ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਕਰਨਾ ਅਸੰਭਵ ਹੈ।” ਉਨ੍ਹਾਂ ਕਿਹਾ, “50 ਤੋਂ ਵੱਧ ਪੰਜਾਬੀ ਹਾਕੀ ਖਿਡਾਰੀਆਂ ਨੇ ਓਲੰਪਿਕ ਤਗਮੇ ਜਿੱਤੇ ਹਨ ਅਤੇ 10 ਪੰਜਾਬੀ ਖਿਡਾਰੀਆਂ ਨੇ ਓਲੰਪਿਕ ਹਾਕੀ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।”
ਇਤਿਹਾਸਕ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਬਲਬੀਰ ਸਿੰਘ ਸੀਨੀਅਰ ਅਤੇ ਊਧਮ ਸਿੰਘ ਨੇ ਤਿੰਨ-ਤਿੰਨ ਓਲੰਪਿਕ ਸੋਨ ਤਗਮੇ ਜਿੱਤੇ ਅਤੇ ਅਜੀਤ ਪਾਲ ਸਿੰਘ ਇਕਲੌਤਾ ਖਿਡਾਰੀ ਹੈ ਜਿਸ ਦੀ ਕਪਤਾਨੀ ਵਿੱਚ 1975 ਵਿੱਚ ਭਾਰਤ ਨੇ ਹਾਕੀ ਵਿਸ਼ਵ ਕੱਪ ਜਿੱਤਿਆ।”
ਉਨ੍ਹਾਂ ਅੱਗੇ ਕਿਹਾ, “ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਹਰਚਰਨ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਵਰਗੇ ਮਹਾਨ ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੇ 20 ਤੋਂ ਵੱਧ ਓਲੰਪੀਅਨ ਪੈਦਾ ਕੀਤੇ ਹਨ।” ਉਨ੍ਹਾਂ ਅੱਗੇ ਕਿਹਾ, “ਟੋਕੀਓ ਓਲੰਪਿਕ 2021 ਵਿੱਚ ਭਾਰਤ ਨੇ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ, ਜਿਸ ਦੀ ਅਗਵਾਈ ਮਨਪ੍ਰੀਤ ਸਿੰਘ ਸਮੇਤ 9 ਪੰਜਾਬੀ ਖਿਡਾਰੀਆਂ ਨਾਲ ਕੀਤੀ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਪੈਰਿਸ ਓਲੰਪਿਕ-2024 ਵਿੱਚ 10 ਪੰਜਾਬੀ ਖਿਡਾਰੀਆਂ ਵਾਲੀ ਭਾਰਤੀ ਹਾਕੀ ਟੀਮ ਨੇ ਫਿਰ ਕਾਂਸੀ ਦਾ ਤਗਮਾ ਜਿੱਤਿਆ ਸੀ, ਉਦੋਂ ਹਰਮਨਪ੍ਰੀਤ ਸਿੰਘ ਕਪਤਾਨ ਸੀ ਅਤੇ ਟਾਪ ਸਕੋਰਰ ਵੀ ।”
ਆਗਾਮੀ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਭਾਰਤ, ਪਾਕਿਸਤਾਨ, ਦੱਖਣੀ ਕੋਰੀਆ, ਜਾਪਾਨ, ਮਲੇਸ਼ੀਆ ਅਤੇ ਚੀਨ ਦੀਆਂ ਟੀਮਾਂ ਇਸ ਮੈਗਾ ਈਵੈਂਟ ਵਿੱਚ ਹਿੱਸਾ ਲੈਣਗੀਆਂ।” ਉਨ੍ਹਾਂ ਅੱਗੇ ਕਿਹਾ,“ਮੈਚਾਂ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਦੇ ਪ੍ਰਦਰਸ਼ਨ ਵਜੋਂ ਪੰਜਾਬ ਵੱਲੋਂ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਹੋਵੇਗੀ, ਜੋ ਨਾ ਕੇਵਲ ਦਿਲ ਟੁੰਬੇਗੀ ਸਗੋਂ ਨੌਜਵਾਨਾਂ ਨੂੰ ਹਾਕੀ ਵੱਲ ਵੀ ਪ੍ਰੇਰਿਤ ਕਰੇਗੀ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਖੇਡਾਂ ਨੂੰ ਹੁਲਾਰਾ ਦੇਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਪੇਸ਼ ਕੀਤੀ ਗਈ ਸੀ, ਜਿਸ ਤਹਿਤ ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਵਿਵਸਥਾ ਹੈ।”
ਉਨ੍ਹਾਂ ਅੱਗੇ ਕਿਹਾ, “2023 ਦੀਆਂ ਏਸ਼ੀਆਈ ਖੇਡਾਂ ਵਿੱਚ, ਪੰਜਾਬ ਦੇ ਐਥਲੀਟਾਂ ਨੇ 20 ਤਗਮੇ ਜਿੱਤੇ, ਜੋ ਕਿ ਇੱਕ ਇਤਿਹਾਸਕ ਰਿਕਾਰਡ ਹੈ।” ਉਨ੍ਹਾਂ ਅੱਗੇ ਕਿਹਾ, “ਓਲੰਪਿਕ ਦੇ ਕਾਂਸੀ ਤਮਗਾ ਜੇਤੂਆਂ (ਪੈਰਿਸ 2024) ਨੂੰ ਇਕ-ਇਕ ਕਰੋੜ ਰੁਪਏ ਦਿੱਤੇ ਗਏ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂਆਂ ਨੂੰ ਵੀ ਇਕ ਕਰੋੜ ਰੁਪਏ ਦੇ ਕੇ ਹੌਸਲਾ-ਅਫ਼ਜ਼ਾਈ ਕੀਤੀ ਗਈ।”
ਮੁੱਖ ਮੰਤਰੀ ਨੇ ਕਿਹਾ, “9 ਓਲੰਪਿਕ ਤਮਗਾ ਜੇਤੂਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ.  ਦੀਆਂ ਨੌਕਰੀਆਂ ਦਿੱਤੀਆਂ ਗਈਆਂ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਲਗਭਗ 100 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਹੈ।” ਉਨ੍ਹਾਂ ਅੱਗੇ ਕਿਹਾ, “ਖੇਡਾਂ ਦੇ ਬਜਟ ਵਿੱਚ 2026-27 ਵਿੱਚ 1791 ਕਰੋੜ ਰੁਪਏ ਦਾ ਇਤਿਹਾਸਕ ਵਾਧਾ ਕੀਤਾ ਗਿਆ , ਜੋ ਕਿ 2023-24 ਵਿੱਚ ਸਿਰਫ 350 ਕਰੋੜ ਰੁਪਏ ਸੀ।” ਉਨ੍ਹਾਂ ਅੱਗੇ ਕਿਹਾ, “ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2458 ਕਰ ਦਿੱਤੀ ਗਈ ਹੈ ਅਤੇ 324 ਨਵੇਂ ਕੋਚ ਭਰਤੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 48 ਹੋਣਹਾਰ ਖਿਡਾਰੀਆਂ ਨੂੰ ਬਤੌਰ ਕੋਚ ਨਿਯੁਕਤ ਕੀਤਾ ਗਿਆ ਹੈ।’’”
ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਖੇਡਾਂ ਵਤਨ ਪੰਜਾਬ ਦੀਆਂ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਹਨ।” ਉਨ੍ਹਾਂ ਅੱਗੇ ਕਿਹਾ,“ਇਨ੍ਹਾਂ ਖੇਡਾਂ ਵਿੱਚ 14 ਤੋਂ 60 ਸਾਲ ਤੋਂ ਵੱਧ ਉਮਰ ਵਾਲੇ ਖਿਡਾਰੀਆਂ ਨੇ ਭਾਗ ਲਿਆ ਅਤੇ ਸਾਲ 2023-24 ਵਿੱਚ ਲਗਭਗ 3.5 ਲੱਖ ਖਿਡਾਰੀਆਂ ਨੇ ਹਿੱਸਾ ਲਿਆ, ਇਹ ਗਿਣਤੀ 2024-25 ਵਿੱਚ ਵੱਧ ਕੇ 5 ਲੱਖ ਤੱਕ ਜਾ ਪਹੁੰਚੀ ।” ਉਨ੍ਹਾਂ ਅੱਗੇ ਕਿਹਾ, “10,000 ਤਗਮਾ ਜੇਤੂਆਂ ਨੂੰ ਸਾਲਾਨਾ 10 ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਤਿੰਨ ਸਾਲਾਂ ਵਿੱਚ 97.3 ਕਰੋੜ ਰੁਪਏ ਖਰਚ ਕੀਤੇ ਗਏ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਖੇਡਾਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸਭ ਤੋਂ ਅਸਰਦਾਰ ਤੇ ਕਾਰਗ਼ਰ ਹਥਿਆਰ ਹਨ, ਇਸੇ ਕਰਕੇ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ।”
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ 14 ਸਾਲਾਂ ਬਾਅਦ ਸਾਲ 2025 ਵਿੱਚ ਕਿਲਾ ਰਾਏਪੁਰ ਖੇਡ ਮੇਲੇ ਨੂੰ ਕਾਨੂੰਨ ਲਿਆ ਕੇ ਮੁੜ ਸੁਰਜੀਤ ਕੀਤਾ ਗਿਆ ਅਤੇ ਅਰਸੇ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਹੋਈਆਂ ।” ਉਨ੍ਹਾਂ ਕਿਹਾ, “ ਮਿੰਨੀ ਓਲੰਪਿਕ ਵਜੋਂ ਜਾਣੇ ਜਾਂਦੇ ਇਸ ਪੇਂਡੂ ਖੇਡ ਮੇਲੇ  ਦੀ ਪੁਨਰ ਸੁਰਜੀਤੀ ਵੱਲ ਪਹਿਲਾਂ ਕਿਸੇ ਨੇ ਵੀ ਇੱਛਾ ਨਹੀਂ ਸੀ ਦਿਖਾਈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦੇ ਰਹੀ ਹੈ, ਜਿਸ ਵਿੱਚ 1350 ਕਰੋੜ ਰੁਪਏ ਦੀ ਲਾਗਤ ਨਾਲ 3100 ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “101.8 ਕਰੋੜ ਦੀ ਲਾਗਤ ਨਾਲ 3000 ਜਿੰਮ ਅਤਿ- ਆਧੁਨਿਕ ਉਪਕਰਣਾਂ ਨਾਲ ਲੈਸ ਕੀਤੇ ਜਾ ਰਹੇ ਹਨ ਅਤੇ ਖਿਡਾਰੀਆਂ ਨੂੰ 50 ਕਰੋੜ ਰੁਪਏ ਦੀਆਂ 17000 ਖੇਡ ਕਿੱਟਾਂ ਵੰਡੀਆਂ ਗਈਆਂ ਹਨ।”
ਉਨ੍ਹਾਂ ਅੱਗੇ ਕਿਹਾ, “ਐਥਲੀਟਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ ਅਤੇ ਸਿਖਲਾਈ ਪ੍ਰਾਪਤ ਐਥਲੀਟਾਂ ਦੇ ਰੋਜ਼ਾਨਾ ਖੁਰਾਕ ਭੱਤੇ ਨੂੰ 240 ਰੁਪਏ ਤੋਂ ਵਧਾ ਕੇ 480 ਰੁਪਏ ਕਰ ਦਿੱਤਾ ਗਿਆ ਹੈ, ਜਿਸ ਵਿੱਚ 13 ਸੈਂਟਰ ਆਫ਼ ਐਕਸੀਲੈਂਸ ਵਿੱਚ ਪੋਸ਼ਣ-ਅਧਾਰਤ ਮੀਨੂ ਸ਼ਾਮਲ ਹਨ।”
ਬੁਨਿਆਦੀ ਢਾਂਚੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੋਹਾਲੀ, ਬਠਿੰਡਾ ਅਤੇ ਲੁਧਿਆਣਾ ਵਿੱਚ ਹਾਕੀ ਐਸਟਰੋਟਰਫ ਨੂੰ ਬਦਲ ਦਿੱਤਾ ਗਿਆ ਹੈ ਅਤੇ ਮੋਹਾਲੀ ਵਿੱਚ ਨਵਾਂ ਸਿੰਥੈਟਿਕ ਟਰੈਕ ਬਣਾਇਆ ਗਿਆ ਹੈ ਜਿਸ ਉਪਰ 9 ਕਰੋੜ ਰੁਪਏ ਖਰਚੇ ਗਏ ਹਨ।” ਉਨ੍ਹਾਂ ਅੱਗੇ ਕਿਹਾ, “ਸਪੋਰਟਸ ਮੈਡੀਸਨ ਕਾਡਰ ਵਿੱਚ 113 ਅਸਾਮੀਆਂ ਸਿਰਜੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 92 ਭਰੀਆਂ ਗਈਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਸਮੇਤ ਵੱਡੇ ਸ਼ਹਿਰਾਂ ਵਿੱਚ ਡਾਕਟਰ ਅਤੇ ਫਿਜ਼ੀਓਥੈਰੇਪਿਸਟ ਤਾਇਨਾਤ ਕੀਤੇ ਗਏ ਹਨ।’’

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.