Sunday, 14 June 2026

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਪਵਿੱਤਰ ਤਿਉਹਾਰ ਹੋਲਾ ਮੁਹੱਲਾ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਮੱਦੇਨਜ਼ਰ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਇਸ ਧਾਰਮਿਕ ਸਮਾਗਮ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ।

ਜ਼ਿਕਰਯੋਗ ਹੈ ਕਿ ਤਿੰਨ ਰੋਜ਼ਾ  ਸਾਲਾਨਾ  ਹੋਲਾ ਮੁਹੱਲਾ 2 ਮਾਰਚ ਤੋਂ 4 ਮਾਰਚ, 2026 ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੂਪਨਗਰ ਰੇਂਜ ਨਾਨਕ ਸਿੰਘ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਰੂਪਨਗਰ ਮਨਿੰਦਰ ਸਿੰਘ ਨਾਲ ਇੱਕ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਨਿਰਦੇਸ਼ ਦਿੱਤੇ ਕਿ ਦੁਨੀਆ ਭਰ ਤੋਂ ਖਾਲਸੇ ਦੇ ਜਨਮ ਸਥਾਨ ’ਤੇ ਨੱਤਮਤਸਕ ਹੋਣ ਵਾਲੀਆਂ ਲੱਖਾਂ ਸੰਗਤਾਂ  ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣ।


ਦੱਸਣਯੋਗ ਹੈ ਕਿ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ 12 ਖੇਤਰਾਂ ਵਿੱਚ ਵੰਡਿਆ ਗਿਆ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਭਗ 5000 ਪੁਲਿਸ ਕਰਮੀਆਂ ਦੀ ਨਫ਼ਰੀ ਤਾਇਨਾਤ ਕੀਤੀ ਗਈ ਹੈ। ਹਵਾਈ ਨਿਗਰਾਨੀ ਅਤੇ ਭੀੜ ਦੀ ਨਿਗਰਾਨੀ ਲਈ ਛੇ ਡਰੋਨ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਲਾਈਵ ਫੀਡ ਦੀ ਨਿਗਰਾਨੀ ਕੇਂਦਰੀ ਕੰਟਰੋਲ ਰੂਮ ’ਤੇ ਕੀਤੀ ਜਾਵੇਗੀ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਰੇ ਸੈਕਟਰ ਇੰਚਾਰਜਾਂ ਅਤੇ ਤਾਇਨਾਤ ਪੁਲਿਸ ਫੋਰਸ ਨੂੰ ਸੰਗਤ ਨਾਲ ਬਹੁਤ ਹੀ ਨਿਮਰਤਾ ਨਾਲ ਪੇਸ਼ ਆਉਣ ਅਤੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਹੋਲਾ ਮੁਹੱਲਾ ਦੇ ਸ਼ਾਂਤੀਪੂਰਨ ਅਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਰੂਪਨਗਰ ਪੁਲਿਸ ਵੱਲੋਂ ਕਈ ਨਵੀਆਂ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸਮਰੱਥਾ ਅਨੁਸਾਰ ਕੁੱਲ 21 ਪਾਰਕਿੰਗ ਖੇਤਰ ਨਿਰਧਾਰਤ ਕੀਤੇ ਗਏ ਹਨ ਅਤੇ ਸੰਗਤਾਂ ਦੇ ਮਾਰਗਦਰਸ਼ਨ ਲਈ ਪਾਰਕਿੰਗ ਅਤੇ ਰੂਟਾਂ ਲਈ ਇੱਕ ਕਲਰ-ਕੋਡਿੰਗ ਯੋਜਨਾ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ 100 ਈ-ਰਿਕਸ਼ਾ ਅਤੇ 50 ਮਿੰਨੀ-ਬੱਸਾਂ ਸਮੇਤ 24 ਘੰਟੇ ਸ਼ਟਲ ਸੇਵਾਵਾਂ ਪਾਰਕਿੰਗ ਖੇਤਰਾਂ ਤੇ ਉਪਲਬਧ ਰਹਿਣਗੀਆਂ।

ਉਨ੍ਹਾਂ ਅੱਗੇ ਕਿਹਾ ਕਿ ਸੰਗਤਾਂ ਨੂੰ ਸ਼ਟਲ ਬੱਸ ਸੇਵਾਵਾਂ, ਪਾਰਕਿੰਗ ਪੁਆਇੰਟਾਂ, ਡਾਕਰਟਰੀ ਸਹੂਲਤਾਂ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਵੇਰਵਿਆਂ ਵਿੱਚ ਮਦਦ ਕਰਨ ਲਈ ਵੱਖ-ਵੱਖ ਥਾਵਾਂ ’ਤੇ ਕਿਊਆਰ-ਕੋਡ ਅਧਾਰਤ ਜਾਣਕਾਰੀ ਪ੍ਰਣਾਲੀਆਂ ਸਥਾਪਤ ਕੀਤੀਆਂ ਗਈਆਂ ਹਨ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸ਼ਹਿਰ ਦੀਆਂ ਪਹੁੰਚ ਸੜਕਾਂ ਨੂੰ ਕਵਰ ਕਰਨ ਲਈ ਪੀਟੀਜ਼ੈਡ ਅਤੇ ਏਐਨਪੀਆਰ ਕੈਮਰੇ ਸਮੇਤ ਲਗਭਗ 200 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਟ੍ਰੈਫਿਕ ਦੀ ਆਮਦ ਬਾਰੇ ਅਸਲ-ਸਮੇਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਸਟੇਸ਼ਨ ਆਨੰਦਪੁਰ ਸਾਹਿਬ ਵਿਖੇ ਸੀਸੀਟੀਵੀ ਕੰਟਰੋਲ ਰੂਮ ਰਾਹੀਂ 24 ਘੰਟੇ ਲਾਈਵ ਨਿਗਰਾਨੀ ਵੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਚਰਨ ਗੰਗਾ ਸਟੇਡੀਅਮ ਵਿਖੇ ਪ੍ਰਭਾਵਸ਼ਾਲੀ ਭੀੜ ਪ੍ਰਬੰਧਨ ਲਈ ਤਿੰਨ-ਪਰਤੀ ਬੈਰੀਕੇਡਿੰਗ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹੋਲਾ ਮੁਹੱਲਾ ਦਾ ਤਿਉਹਾਰ ਸਿੱਖ ਭਾਈਚਾਰੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ, ਜਿਸ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ  ਹੁੰਦੀ ਹੈ।

ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਦੇਣ ਵਾਲੇ ਨੂੰ ਗਿ੍ਰਫ਼ਤਾਰ ਕਰਨ ਦੀ ਕੀਤੀ ਮੰਗ

ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਅੱਜ ਵੀਰਵਾਰ ਨੂੰ ਨਵੀਂ ਦਿੱਲੀ ਸਥਿਤ ਸੰਸਦ ਭਵਨ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਦੇ ਖਿਲਾਫ਼ ਕੀਤਾ ਗਿਆ। ਕਾਂਗਰਸੀ ਸੰਸਦ ਮੈਂਬਰਾਂ ਨੇ ਧਮਕੀਆਂ ਦੇਣ ਵਾਲੇ ਅਣਪਛਾਤੇ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ। ਵਿਰੋਧ ਪ੍ਰਦਰਸ਼ਨ ਕਰਨ ਵਾਲੇ ਸੰਸਦ ਮੈਂਬਰਾਂ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਡਾ. ਧਰਮਵੀਰ ਗਾਂਧੀ, ਸ਼ੇਰ ਸਿੰਘ ਘੁਬਾਇਆ, ਗੁਰਜੀਤ ਸਿੰਘ ਔਜਲਾ, ਮੁਨੀਸ਼ ਤਿਵਾੜੀ ਅਤੇ ਕੁਮਾਰੀ ਸ਼ੈਲਜਾ ਸ਼ਾਮਲ ਸਨ। ਕਾਂਗਰਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਭਾਈਚਾਰੇ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਸ਼ਰਧਾ ਅਤੇ ਪਹਿਚਾਣ ਦਾ ਪ੍ਰਤੀਕ ਹੈ ਅਤੇ ਹਰਿਮੰਦਰ ਸਾਹਿਬ ਨੂੰ ਠੇਸ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

  

ਨਵੀਂ ਦਿੱਲੀ/ਬਿਊਰੋ ਨਿਊਜ਼ 

ਹੁਣ ਕਰਜ਼ਾ ਰਿਕਵਰੀ ਦੇ ਨਾਂ ’ਤੇ ਬੈਂਕ ਜਾਂ ਉਨ੍ਹਾਂ ਦੇ ਏਜੰਟ ਗਾਹਕਾਂ ਨੂੰ ਡਰਾ-ਧਮਕਾ ਨਹੀਂ ਸਕਣਗੇ। ਭਾਰਤੀ ਰਿਜ਼ਰਵ ਬੈਂਕ ਨੇ ਸ਼ੈਡਿਊਲਡ ਕਮਰਸ਼ੀਅਲ ਬੈਂਕਾਂ ਅਤੇ ਹਾਊਸਿੰਗ ਫਾਇਨੈਂਸ ਕੰਪਨੀਆਂ ਲਈ ਕਰਜ਼ਾ ਰਿਕਵਰੀ ਸੰਬੰਧੀ ਨਵੇਂ ਡ੍ਰਾਫਟ ਨਿਯਮ ਜਾਰੀ ਕੀਤੇ ਹਨ। ਨਵੇਂ ਨਿਯਮਾਂ ਮੁਤਾਬਕ ਰਿਕਵਰੀ ਏਜੰਟਾਂ ਦੀ ਹਰ ਕਾਲ ਰਿਕਾਰਡ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗਾਹਕਾਂ ਨਾਲ ਸਲੀਕੇ ਅਤੇ ਤਮੀਜ਼ ਨਾਲ ਗੱਲ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਗਮੀ, ਵਿਆਹ ਜਾਂ ਤਿਉਹਾਰ ਵਰਗੇ ਮੌਕਿਆਂ ’ਤੇ ਰਿਕਵਰੀ ਲਈ ਫੋਨ ਕਰਨਾ ਜਾਂ ਘਰ ਜਾਣਾ ਹੁਣ ਮਨ੍ਹਾਂ ਹੋਵੇਗਾ। ਇਨ੍ਹਾਂ ਨਿਯਮਾਂ ਅਧੀਨ ਹੁਣ ਰਿਕਵਰੀ ਏਜੰਟਾਂ ਲਈ ਖ਼ਾਸ ਟ੍ਰੇਨਿੰਗ ਲੈਣਾ ਵੀ ਲਾਜ਼ਮੀ ਹੋਵੇਗਾ। ਇਹ ਨਵੇਂ ਨਿਰਦੇਸ਼ ਇਸੇ ਸਾਲ 1 ਜੁਲਾਈ ਤੋਂ ਲਾਗੂ ਹੋਣਗੇ। ਆਰਬੀਆਈ ਨੇ ਕਿਹਾ ਹੈ ਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਕਵਰੀ ਏਜੰਟ ਵੱਲੋਂ ਕੀਤੀ ਗਈ ਹਰ ਕਾਲ ਰਿਕਾਰਡ ਹੋਵੇ। ਨਾਲ ਹੀ, ਕੇਂਦਰੀ ਬੈਂਕ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਏਜੰਟ ਹਮੇਸ਼ਾ ਗਾਹਕਾਂ ਨਾਲ ਸੱਭਿਆਚਾਰਕ ਅਤੇ ਸਹੀ ਢੰਗ ਨਾਲ ਗੱਲ ਕਰੇ।

ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ ਮੀਟਿੰਗਾਂ ਦੀ ਪ੍ਰਧਾਨਗੀ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 29 ਜੁਲਾਈ ਨੂੰ ਪਾਰਟੀ ਦੀਆਂ ਤਿੰਨ ਅਹਿਮ ਮੀਟਿੰਗ ਸੱਦੀਆਂ ਗਈਆਂ ਹਨ। ਇਹ ਮੀਟਿੰਗਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਹੋਣਗੀਆਂ। ਸਭ ਤੋਂ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਵੇਗੀ ਅਤੇ ਦੁਪਹਿਰ 2 ਵਜੇ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ। ਜਦਕਿ ਤੀਜੀ ਮੀਟਿੰਗ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਵੇਗੀ। ਇਨ੍ਹਾਂ ਤਿੰਨੋਂ ਮੀਟਿੰਗਾਂ ਦੀ ਪ੍ਰਧਾਨਗੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗ ਦੌਰਾਨ ਲੈਂਡ ਪੂਲਿੰਗ, ਪੰਜਾਬ ਸਰਕਾਰ ਦੀਆਂ ਨਾਕਾਮੀਆਂ, ਭਿ੍ਰਸ਼ਟਾਚਾਰ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਕਿਹਾ : ਅਸੀਂ ਸਭ ਤੋਂ ਵੱਡੇ ਤਸਕਰ ਨੂੰ ਫੜ ਕੇ ਭੇਜਿਆ ਹੈ ਜੇਲ੍ਹ

ਸੁਨਾਮ/ਬਿਊਰੋ ਨਿਊਜ਼ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਅੱਜ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿਚ ‘ਆਪ’ ਸੁਮਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।  ਇਸ ਮੌਕੇ ਭਵਾਨੀਗੜ੍ਹ-ਸੁਨਾਮ ਰੋਡ ਦਾ ਨਾਮ ਸ਼ਹੀਦ ਊਧਮ ਸਿੰਘ ਮਾਰਗ ਰੱਖਿਆ ਗਿਆ ਅਤੇ ਇਸ ਤੋਂ ਇਲਾਵਾ 85 ਕਰੋੜ ਰੁਪਏ ਦੀਆਂ ਹੋਰ ਯੋਜਨਾਵਾਂ ਦਾ ਵੀ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ’ਤੇ ਸਿਆਸੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਸਭ ਤੋਂ ਵੱਡੇ ਤਸਕਰ ਨੂੰ ਫੜ ਕੇ ਜੇਲ੍ਹ ਅੰਦਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੁਣ ਨਸ਼ਾ ਖਤਮ ਹੋਣ ਲੱਗਿਆ ਹੈ ਅਤੇ ਜਿਹੜੇ ਪਰਿਵਾਰ ਨਸ਼ੇ ਕਾਰਨ ਬਰਬਾਦ ਹੋ ਗਏ ਸਨ ਉਨ੍ਹਾਂ ਅੰਦਰ ਵੀ ਪੰਜਾਬ ’ਚੋਂ ਨਸ਼ੇ ਖਤਮ ਹੋਣ ਦੀ ਉਮੀਦ ਜਾਗੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਕੋਈ ਅਹਿਸਾਨ ਨਹੀਂ ਹੈ, ਬਲਕਿ ਇਹ ਸਾਡਾ ਫਰਜ਼ ਹੈ ਅਤੇ ਇਸੇ ਫਰਜ਼ ਨੂੰ ਅੱਜ ਅਸੀਂ ਨਿਭਾਅ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦੋਂ ਕੀ ਚਿਤਾਓਂ ਪਰ ਹਰ ਬਰਸ ਚੜ੍ਹੇਂਗੇ ਫੂਲ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਨਿਸ਼ਾਨ ਹੋਗਾ।

  

ਬੰਬੇ ਹਾਈ ਕੋਰਟ ਨੇ ਸਾਰੇ 12 ਆਰੋਪੀਆਂ ਨੂੰ ਕਰ ਦਿੱਤਾ ਸੀ ਬਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : 2006 ਮੁੰਬਈ ਰੇਲ ਧਮਾਕਾ ਮਾਮਲੇ ਦੇ ਦੋਸ਼ੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਬੰਬੇ ਹਾਈ ਕੋਰਟ ਨੇ ਮੁੰਬਈ ਰੇਲ  ਧਮਾਕੇ ਦੇ ਸਾਰੇ 12 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਫੈਸਲੇ ’ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨੂੰ ਇਕ ਮਿਸਾਲ ਨਹੀਂ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ 2006 ਦੇ ਮੁੰਬਈ ਰੇਲ ਧਮਾਕੇ ਦੌਰਾਨ 187 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 800 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ 12 ਦੋਸ਼ੀਆਂ ਵਿਚੋਂ ਪੰਜ ਨੂੰ ਮੌਤ ਦੀ ਸਜ਼ਾ ਅਤੇ ਸੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਇਕ ਵਿਅਕਤੀ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ।

     

ਕਿਹਾ : ਭਾਰਤ ਭੁਗਤ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦੀ ਦੋਸਤੀ ਦਾ ਨਤੀਜਾ

ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ’ਤੇ 1 ਅਗਸਤ ਤੋਂ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਕਸਿਆ ਹੈ। ਉਨ੍ਹਾਂ ਲਿਖਿਆ ਕਿ ਦੁਸ਼ਮਨ ਨਾ ਕਰੇ, ਦੋਸਤ ਨੇ ਵੋ ਕਾਮ ਕੀਆ ਹੈ। ਵੜਿੰਗ ਨੇ ਅੱਗੇ ਲਿਖਿਆ ਕਿ ਮੋਦੀ ਜੀ ਕੇ ਮਿੱਤਰ ਟਰੰਪ ਨੇ ਭਾਰਤ ’ਤੇ 25 ਫੀਸਦੀ ਟੈਰਿਫ ਅਤੇ ਪੈਨਲਟੀ ਲਗਾਈ ਹੈ। ਇਸ ਤੋਂ ਇਲਾਵਾ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਦੇ ਮਾਮਲੇ ’ਚ ਵੀ ਭਾਰਤ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਦੋਸਤ ਦੱਸ ਕੇ ਖੁਸ਼ ਹੁੰਦੇ ਰਹਿੰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਰੰਪ ਨਾਲ ਨਿਭਾਈ ਜਾ ਰਹੀ ਦੋਸਤੀ ਦਾ ਨਤੀਜਾ ਭੁਗਤ ਰਿਹਾ ਹੈ।

  

ਸਰਕਾਰ ਵੱਲੋਂ ਦਾਖਲ ਨਹੀਂ ਕੀਤਾ ਗਿਆ ਜਵਾਬ, ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ

ਮੋਹਾਲੀ/ਬਿਊਰੋ ਨਿਊਜ਼ : ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਗਿ੍ਰਫ਼ਤਾਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਿਊ ਨਾਭਾ ਜੇਲ੍ਹ ’ਚ ਆਪਣੀ ਬੈਰਕ ਬਦਲਣ ਲਈ ਮੋਹਾਲੀ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ। ਜਿਸ ’ਤੇ ਮੋਹਾਲੀ ਅਦਾਲਤ ’ਚ ਅੱਜ ਸੁਣਵਾਈ ਹੋਈ ਪ੍ਰੰਤੂ ਇਸ ਮਾਮਲੇ ’ਚ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ। ਇਸ ਮਾਮਲੇ ’ਤੇ ਅਦਾਲਤ ਵੱਲੋਂ ਅਗਲੀ ਸੁਣਵਾਈ ਆਉਂਦੀ 22 ਜੁਲਾਈ ਨੂੰ ਕੀਤੀ ਜਾਵੇਗੀ ਅਤੇ ਇਸੇ ਦਿਨ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਵੀ ਸੁਣਵਾਈ ਹੋਣੀ ਹੈ। ਮਜੀਠੀਆ ਦੇ ਵਕੀਲਾਂ ਨੇ ਪਟੀਸ਼ਨ ’ਚ ਦਲੀਲ ਦਿੱਤੀ ਸੀ ਕਿ ਉਹ ਸਾਬਕਾ ਮੰਤਰੀ ਹਨ, ਇਸ ਲਈ ਉਨ੍ਹਾਂ ਨੂੰ ਜੇਲ੍ਹ ਨਿਯਮਾਂ ਅਨੁਸਾਰ ਆਰੇਂਜ ਕੈਟਾਗਿਰੀ ਦੀ ਸਹੂਲਤ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਬਾਕੀ ਕੈਦੀਆਂ ਨਾਲੋਂ ਅਲੱਗ ਰੱਖਿਆ ਜਾਵੇ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ’ਚ ਕਿਹਾ ਸੀ ਕਿ ਮਜੀਠੀਆ ਨੂੰ ਜੇਲ੍ਹ ਅੰਦਰ ਕੋਈ ਸਹੂਲਤ ਨਹੀਂ ਦਿੱਤੀ ਜਾਵੇਗੀ ਅਤੇ ਉਹ ਆਮ ਕੈਦੀਆਂ ਵਾਂਗ ਹੀ ਰਹਿਣਗੇ।

  

ਜਾਂਚ ਏਜੰਸੀ ਆਰੋਪੀਆਂ ਖਿਲਾਫ਼ ਸਾਬਿਤ ਨਹੀਂ ਕਰ ਸਕੀਆਂ ਆਰੋਪ

ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਮਾਲੇਗਾਓਂ ਬੰਬ ਧਮਾਕਾ ਮਾਮਲੇ ’ਚ ਐਨਆਈਏ ਦੀ ਸਪੈਸ਼ਲ ਅਦਾਲਤ ਨੇ ਸਾਧਵੀ ਪ੍ਰਗਿਆ ਸਮੇਤ ਸਾਰੇ ਸੱਤ ਆਰੋਪੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਸੱਤ ਆਰੋਪੀਆਂ ’ਚ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ, ਕਰਨਲ ਪ੍ਰਸਾਦ ਪੁਰੋਹਿਤ, ਰਮੇਸ਼ ਉਪਾਧਿਆਏ, ਅਜੇ ਰਾਹਿਰਕਰ, ਸੁਧਾਕਰ ਚਤੁਰਵੇਦੀ, ਸਮੀਰ ਕੁਲਕਰਨੀ ਅਤੇ ਸੁਧਾਕਰ ਧਰ ਦਿਵੇਦੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਮਾਲੇਗਾਓਂ ’ਚ 29 ਸਤੰਬਰ 2008 ਨੂੰ ਬੰਬ ਧਮਾਕਾ ਹੋਇਆ ਸੀ ਅਤੇ ਇਸ ਧਮਾਕੇ ਦੌਰਾਨ 6 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਦਕਿ 100 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। 17 ਸਾਲ ਬਾਅਦ ਸੁਣਾਏ ਗਏ ਫੈਸਲੇ ਦੌਰਾਨ ਜੱਜ ਏ ਕੇ ਲਾਹੋਟੀ ਨੇ ਕਿਹਾ ਕਿ ਜਾਂਚ ਏਜੰਸੀਆਂ ਆਰੋਪੀਆਂ ਖਿਲਾਫ਼ ਆਰੋਪ ਸਾਬਤ ਨਹੀਂ ਕਰ ਸਕੀਆਂ। ਜੱਜ ਨੇ ਕਿਹਾ ਕਿ ਬੰਬ ਧਮਾਕਾ ਹੋਇਆ ਪਰ ਇਹ ਸਾਬਤ ਨਹੀਂ ਹੋ ਸਕਿਆ ਇਹ ਬੰਬ ਮੋਟਰ ਸਾਈਕਲ ’ਚ ਰੱਖਿਆ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਬਤ ਨਹੀਂ ਹੋਇਆ ਕਿ ਧਮਾਕੇ ਵਾਲਾ ਮੋਟਰ ਸਾਈਕਲ ਸਾਧਵੀ ਪ੍ਰਗਿਆ ਦੇ ਨਾਮ ਸੀ। ਜਾਂਚ ਏਜੰਸੀਆਂ ਇਹ ਵੀ ਸਾਬਤ ਨਹੀਂ ਕਰ ਸਕੀਆਂ ਕਿ ਬੰਬ ਕਰਨਲ ਪ੍ਰਸਾਦ ਪੁਰੋਹਿਤ ਵੱਲੋਂ ਬਣਾਇਆ ਗਿਆ ਸੀ।

  

ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੀਤਾ ਐਲਾਨ, 1 ਅਗਸਤ ਤੋਂ ਸ਼ੁਰੂ ਹੋਵੇਗੀ ਯੋਜਨਾ

ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਵਾਸੀਆਂ ਨੂੰ 125 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਨਿਤਿਸ਼ ਕੁਮਾਰ ਨੇ ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਇਕ ਪੋਸਟ ਰਾਹੀਂ ਕਿਹਾ ਕਿ ਇਸ ਨਾਲ ਸੂਬੇ ਦੇ 1.67 ਕਰੋੜ ਘਰਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ 125 ਯੂਨਿਟ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਪਹਿਲੀ ਅਗਸਤ ਤੋਂ ਮਿਲਣਾ ਸ਼ੁਰੂ ਹੋਵੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੁਲਾਈ ਦਾ ਜੋ ਬਿਲ ਅਗਸਤ ਵਿਚ ਆਵੇਗਾ ਉਸ ਬਿਲ ਵਿਚੋਂ 125 ਯੂਨਿਟਾਂ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ। ਉਧਰ ਨਿਤਿਸ਼ ਕੁਮਾਰ ਦੇ ਵਿਰੋਧੀ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਿਹਾਰ ਵਾਸੀਆਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰ ਚੁੱਕੇ ਹਨ।

  

25 ਫੀਸਦੀ ਟੈਰਿਫ ਲਗਾਉਣ ਦੇ ਨਾਲ-ਨਾਲ 6 ਕੰਪਨੀਆਂ ’ਤੇ ਵੀ ਲਗਾਈ ਪਾਬੰਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ 1 ਅਗਸਤ ਤੋਂ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਭਾਰਤ ’ਤੇ 25 ਫੀਸਦੀ ਟੈਰਿਫ ਲਗਾਉਣ ਪਿੱਛੇ ਬਿ੍ਰਕਸ ਦੇਸਾਂ ਦੇ ਸਮੂਹ ਨੂੰ ਵੀ ਇਕ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਿ੍ਰਕਸ ਅਮਰੀਕਾ ਵਿਰੋਧੀ ਦੇਸ਼ਾਂ ਦਾ ਇਕ ਗਰੁੱਪ ਹੈ। ਟਰੰਪ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ ਪਰ ਉਹ ਸਾਡੇ ਨਾਲ ਬਿਜਨਸ ਦੇ ਮਾਮਲੇ ’ਚ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹਨ। ਭਾਰਤ ਦਾ ਟੈਰਿਫ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ ਅਤੇ ਹੁਣ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ’ਚ ਕਟੌਤੀ ਨਹੀਂ ਕੀਤੀ ਜਾ ਸਕਦੀ।  ਇਸ ਦੇ ਨਾਲ ਹੀ ਟਰੰਪ ਨੇ ਈਰਾਨ ਤੋਂ ਪਾਬੰਦੀਸ਼ੁਦਾ ਰਸਾਇਣ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਖਰੀਦ ਕਰਨ ਵਾਲੀਆਂ 24 ਕੰਪਨੀਆਂ ’ਤੇ ਵੀ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਵਿਚ 6 ਭਾਰਤੀ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਚੀਨ ਦੀਆਂ 7, ਯੂਏਈ ਦੀਆਂ 6, ਹਾਂਗਕਾਂਗ ਦੀਆਂ 3 ਜਦਕਿ ਤੁਰਕੀ ਅਤੇ ਰੂਸ ਦੀ 1-1 ਕੰਪਨੀ ਸ਼ਾਮਲ ਹੈ।

  

ਸ਼ੋ੍ਰਮਣੀ ਕਮੇਟੀ ਨੇ ਚਾਹਵਾਨ ਸ਼ਰਧਾਲੂਆਂ ਤੋਂ 4 ਅਗਸਤ ਤੱਕ ਮੰਗੇ ਪਾਸਪੋਰਟ

ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਵੰਬਰ ਵਿਚ ਭੇਜਿਆ ਜਾਵੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਪਾਕਿ ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ 4 ਅਗਸਤ ਤੱਕ ਆਪਣੇ ਪਾਸਪੋਰਟ ਕਰਵਾਉਣ ਲਈ ਕਿਹਾ ਗਿਆ ਹੈ। ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਸ਼ਰਧਾਲੂ ਪਾਸਪੋਰਟ ਦੇ ਨਾਲ-ਨਾਲ ਪਛਾਣ ਵਜੋਂ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਕਾਪੀ ਵੀ ਜ਼ਰੂਰ ਲਗਾਉਣ ਤਾਂ ਜੋ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਜਾ ਸਕੀ।

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.