Monday, 15 June 2026

ਚੰਡੀਗੜ੍ਹ/ਮਲੋਟ, 24 ਮਾਰਚ: ਮਲੋਟ ਹਲਕੇ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਮਲੋਟ ਸ਼ਹਿਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੂਤ 2 ਸਕੀਮ ਅਧੀਨ ₹16.25 ਕਰੋੜ ਦੀ ਲਾਗਤ ਨਾਲ ਮਲੋਟ ਸ਼ਹਿਰ ਲਈ ਵਾਟਰ ਸਪਲਾਈ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਲਗਭਗ ਇੱਕ ਲੱਖ ਆਬਾਦੀ ਨੂੰ ਸਿੱਧਾ ਲਾਭ ਮਿਲੇਗਾ।

ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸਰਹਿੰਦ ਫੀਡਰ ‘ਤੇ ਨਵੀਂ ਪੰਪਿੰਗ ਮਸ਼ੀਨਰੀ ਲਗਾਈ ਜਾਵੇਗੀ ਅਤੇ ਪੁਰਾਣੀ ਤੇ ਲੀਕੇਜ ਕਾਰਨ ਖਰਾਬ ਹੋ ਚੁੱਕੀ 8300 ਮੀਟਰ ਪਾਇਪ ਲਾਈਨ ਨੂੰ ਬਦਲ ਕੇ ਨਵੀਂ ਲਾਈਨ ਵਿਛਾਈ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ਦੇ ਹਰ ਨੁੱਕਰ ਤੱਕ ਪਾਣੀ ਪਹੁੰਚਾਉਣ ਲਈ ਕਰੀਬ 20 ਕਿਲੋਮੀਟਰ ਨਵੀਂ ਪਾਇਪ ਲਾਈਨ ਵੀ ਵਿਛਾਈ ਜਾਵੇਗੀ।

ਉਨ੍ਹਾਂ ਨੇ ਹੋਰ ਦੱਸਿਆ ਕਿ ਇਸ ਯੋਜਨਾ ਤਹਿਤ ਲਗਭਗ 3000 ਘਰਾਂ ਨੂੰ ਨਵੇਂ ਹਾਊਸ ਕਨੈਕਸ਼ਨ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਲੋਕਾਂ ਨੂੰ ਸਾਫ਼ ਅਤੇ ਪੂਰੀ ਮਾਤਰਾ ਵਿੱਚ ਪੀਣ ਵਾਲਾ ਪਾਣੀ ਮਿਲੇਗਾ।

ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਨਾਲ ਮਲੋਟ ਦੇ ਨਿਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਹੁਸੈਨੀਵਾਲਾ (ਫਿਰੋਜ਼ਪੁਰ) : ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਦੇ ਸਨਮਾਨ ਵਜੋਂ ਉਨ੍ਹਾਂ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਇੱਥੇ ਇਤਿਹਾਸਕ ਕੌਮੀ ਸ਼ਹੀਦ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ 24.99 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ।
ਦੇਸ਼ ਦੇ ਮਹਾਨ ਇਨਕਲਾਬੀਆਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾ ਸਿਰਫ਼ ਉਨ੍ਹਾਂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਨਹੀਂ, ਸਗੋਂ ਉਨ੍ਹਾਂ ਦੇ ਆਦਰਸ਼ਾਂ ਅਤੇ ਬੇਇਨਸਾਫ਼ੀ ਵਿਰੁੱਧ ਆਢਾ ਲੈਣ ਵਾਲੇ ਦ੍ਰਿੜ ਇਰਾਦਿਆਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਹੈ। ਉਨ੍ਹਾਂ ਨੇ ਸ਼ਹੀਦਾਂ ਦੀ ਮਹਾਨ ਸੋਚ ਅਨੁਸਾਰ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ ਅਤੇ ਨਾਲ ਹੀ ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਹਾਲੇ ਤੱਕ ਭਾਰਤ ਰਤਨ (ਸਭ ਤੋਂ ਉੱਚੇ ਸਨਮਾਨ) ਨਾ ਦਿੱਤੇ ਜਾਣ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਜੇਕਰ ਦੇਸ਼ ਦੀ ਵਾਗਡੋਰ ਅਜਿਹੇ ਦਲੇਰ, ਨੌਜਵਾਨਾਂ ਦੇ ਹੱਥ ਹੁੰਦੀ ਤਾਂ ਭਾਰਤ ਦਾ ਚਿਹਰਾ-ਮੋਹਰਾ ਹੋਰ ਹੀ ਹੁੰਦਾ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਇਸ ਦੇਸ਼ ਦੇ ਲਾਲਚੀ ਤੇ ਸਵਾਰਥੀ ਆਗੂਆਂ ਨੇ ਜਿਉਂਦੇ ਜੀਅ ਆਪਣੇ ਨਾਵਾਂ ’ਤੇ ਸਟੇਡੀਅਮ ਬਣਾਏ ਹਨ, ਪਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਸੱਚੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਲਈ ਹਾਲੇ ਤੱਕ ਕੋਈ ਵੀ ਮੂਹਰੇ ਨਹੀਂ ਆਇਆ ।”
ਮੁੱਖ ਮੰਤਰੀ ਨੇ ਕਿਹਾ, “ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਨੇ ਛੋਟੀ ਉਮਰ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਆਜ਼ਾਦੀ ਤੋਂ ਬਾਅਦ ਕੁਰਸੀ ਦੇ ਲੋਭੀਆਂ ਨੇ ਸੱਤਾ ’ਤੇ ਕਬਜ਼ਾ ਕਰ ਲਿਆ ਅਤੇ ਲਹੂ ਡੋਲ੍ਹ ਕੇ ਹਾਸਲ ਕੀਤੀ ਉਸ ਆਜ਼ਾਦੀ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ, ਜਿਸ ਲਈ ਉਹ ਕਦੇ ਲੜੇ ਵੀ ਨਹੀਂ ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਯਾਦ ਕਰਨ ਲਈ ਸਿਰਫ਼ ਫੁੱਲ ਹੀ ਰਹਿਗੇ, ਜਦਕਿ ਹੋਰ ਲੋਕ ਆਜ਼ਾਦੀ ਦੀ ਵਿਰਾਸਤ ਦਾ ਝੂਠਾ ਦਾਅਵਾ ਕਰਕੇ ਮੋਹਰੀ ਬਣ ਗਏ,।” ਮੁੱਖ ਮੰਤਰੀ ਨੇ ਕਿਹਾ, ‘‘ਉਨ੍ਹਾਂ ਮਹਾਨ ਯੋਧਿਆਂ ਨੂੰ ਚੁੱਪ ਕਰਾਉਣ ਲਈ ਹੀ ਜਲਦੀ ਫਾਂਸੀ ਦੇ ਦਿੱਤੀ ਗਈ ਸੀ ਕਿਉਂਕਿ ਲੋਕ ਉਨ੍ਹਾਂ ਦੇ ਬੇਖੌਫ਼ ਵਿਚਾਰਾਂ ਪਿੱਛੇ ਇਕੱਠੇ ਹੋਣ ਲੱਗ ਪਏ ਸਨ।”’’
ਮਹਿੰਗੇ ਮੁੱਲ ਮਿਲੀ ਆਜ਼ਾਦੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ  ਮੁੱਖ ਮੰਤਰੀ ਨੇ ਕਿਹਾ, “ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਸਾਡੀ ਆਜ਼ਾਦੀ ਕਿੰਨੀ ਮਹਿੰਗੀ ਹੋਵੇਗੀ, ਵੰਡ ਦੌਰਾਨ ਲਗਭਗ 10 ਲੱਖ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਲੱਖਾਂ ਲੋਕਾਂ ਨੂੰ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ।” ਉਨ੍ਹਾਂ ਅੱਗੇ ਕਿਹਾ, “ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਪਰ  ਸੱਤਾਧਾਰੀ ਇਸ ਦਰਦ ਨੂੰ ਸਮਝਣ ਵਿੱਚ ਅਸਫਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ’ਤੇ ਬਣਿਆ ਇੱਕ ਤਿਆਰ-ਬਰ-ਤਿਆਰ ਮੁਲਕ ਵਿਰਾਸਤ ਵਿੱਚ ਮਿਲ ਗਿਆ।”
ਮੁੱਖ ਮੰਤਰੀ ਨੇ ਕਿਹਾ, “ਕੁਝ ਨਾਸ਼ੁਕਰੇ ਨੇਤਾ ਹੁਣ ਦਾਅਵਾ ਕਰਦੇ ਹਨ ਕਿ ਭਾਰਤ ਨੂੰ ਸੱਚੀ ਆਜ਼ਾਦੀ ਸਿਰਫ਼ 2014 ਵਿੱਚ ਮਿਲੀ ਹੈ, ਜੋ ਕਿ ਸਾਡੇ ਸ਼ਹੀਦਾਂ ਦਾ ਘੋਰ ਅਪਮਾਨ ਹੈ,।” ਉਨ੍ਹਾਂ ਕਿਹਾ, “ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੁਝ ਲੋਕ ਸ਼ਹੀਦ ਭਗਤ ਸਿੰਘ ਨੂੰ ਸਿਰਫ਼ ਇੱਕ ‘ਸਮਾਜ ਸੇਵਕ’ ਵਜੋਂ ਪੇਸ਼ ਕਰਦੇ ਹਨ, ਸ਼ਹੀਦ ਨਹੀਂ ਮੰਨਦੇ।  ਅਜਿਹੇ ਸਰਟੀਫਿਕੇਟ ਦੇਣ ਵਾਲੇ ਇਹ ਲੋਕ ਕੌਣ ਹਨ?”
ਲੋਕਾਂ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ, “ਅੱਜ ਦਾ ਦਿਨ ਇਨ੍ਹਾਂ ਮਹਾਨ ਨਾਇਕਾਂ ਨੂੰ ਯਾਦ ਕਰਨ, ਉਨ੍ਹਾਂ ਦੀਆਂ ਮਹਾਨ ਕਹਾਣੀਆਂ ਨੂੰ ਪੜ੍ਹਨ, ਸੁਣਨ ਦਾ ਹੈ, ਜੋ ਰਹਿੰਦੀ ਦੁਨੀਆਂ ਦੱਕ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।”
ਮੁੱਖ ਮੰਤਰੀ ਨੇ ਦੁਹਰਾਇਆ ਕਿ ਰਾਜਨੀਤਿਕ ਤਰਜੀਹਾਂ ਲੰਬੇ ਸਮੇਂ ਤੋਂ ਗਲਤ ਰਹੀਆਂ ਹਨ। ਉਨ੍ਹਾਂ ਕਿਹਾ, “ ਸਿਆਸੀ ਆਗੂਆਂ ਨੇ ਖੁਦ ਦੇ ਬੁੱਤ ਲਗਾਏ ਅਤੇ ਜਿਉਂਦੇ ਜੀਅ ਆਪਣੇ ਨਾਮ ’ਤੇ ਸਟੇਡੀਅਮ ਬਣਵਾ ਲਏ, ਪਰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵਰਗੇ ਸ਼ਹੀਦਾਂ ਦਾ ਸਨਮਾਨ ਕਰਨ ਬਾਰੇ ਕਿਸੇ ਨੂੰ ਖ਼ਬਰ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਾਨੂੰ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਲਈ ਵੀ ਸੰਘਰਸ਼ ਕਰਨਾ ਪਿਆ ਕਿਉਂਕਿ ਕੇਂਦਰ ਵੱਲੋਂ ਵਾਰ-ਵਾਰ ਸਾਡੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਪਰ ਅੰਤ ਵਿੱਚ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਅਸੀਂ ਇਸ ਦਾ ਨਾਮ ਉਨ੍ਹਾਂ ਦੇ ਸਨਮਾਨ ਵਿੱਚ ਰੱਖਣ ਵਿੱਚ ਕਾਮਯਾਬ ਹੋਏ।
ਹੋਰ ਕਦਮਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਆਪਣਾ ਗੁਰੂ ਮੰਨਦੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ 1952 ਦੀਆਂ ਪਹਿਲੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਜਾਂਦੇ, ਤਾਂ ਅੱਜ ਦੇਸ਼ ਦਾ ਨਕਸ਼ਾ ਪੂਰੀ ਤਰ੍ਹਾਂ ਵੱਖਰਾ ਹੋਣਾ ਸੀ। ਅੱਜ ਨੇਪਾਲ ਵਿੱਚ ਇੱਕ 35 ਸਾਲਾ ਨੌਜਵਾਨ ਪ੍ਰਧਾਨ ਮੰਤਰੀ ਬਣ ਗਿਆ ਹੈ। ਜੇਕਰ ਇੱਥੇ ਵੀ ਨੌਜਵਾਨਾਂ ਨੂੰ ਅਗਵਾਈ ਸੌਂਪੀ ਜਾਂਦੀ ਤਾਂ ਭਾਰਤ ਦੁਨੀਆ ਭਰ ਵਿੱਚ ਮੋਹਰੀ ਦੇਸ਼ ਵਜੋਂ ਉਭਰਦਾ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਦਾ ਸਿਲਸਿਲਾ ਰਸਮੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕ ਸ਼ਹੀਦ ਭਗਤ ਸਿੰਘ ਨੂੰ ਸਿਰਫ਼ ਉਨ੍ਹਾਂ ਦੇ ਜਨਮ ਜਾਂ ਸ਼ਹੀਦੀ ਵਰ੍ਹੇਗੰਢ ’ਤੇ ਯਾਦ ਕਰਦੇ ਹਨ, ਪਰ ਉਹ ਸਿਰਫ਼ ਇੱਕ ਪਰਿਵਾਰ ਨਾਲ ਨਹੀਂ, ਸਗੋਂ ਸਾਡੇ ਸਾਰਿਆਂ ਨਾਲ ਸਬੰਧਤ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰੀਏ, ਤਾਂ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।”
ਉਨ੍ਹਾਂ ਅੱਗੇ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਸਾਡੇ ਮਹਾਨ ਗੁਰੂਆਂ ਨੇ ਹਮੇਸ਼ਾ ਸਾਨੂੰ ਬੇਇਨਸਾਫ਼ੀ ਅਤੇ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣਾ ਸਿਖਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਅਸੀਂ ਇਨ੍ਹਾਂ ਕੁਰਬਾਨੀਆਂ ਨੂੰ ਭੁੱਲ ਰਹੇ ਹਾਂ। ਅਸੀਂ ਪ੍ਰੀਖਿਆਵਾਂ ਲਈ ਤੱਥਾਂ ਨੂੰ ਯਾਦ ਰੱਖਦੇ ਹਾਂ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਵਿੱਚ ਨਾਕਾਮ ਰਹੇ ਹਾਂ।
ਇਸ ਸ਼ਹੀਦ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਨਿੱਜੀ ਜ਼ਿੰਦਗੀ ਨਾਲੋਂ ਇਨਕਲਾਬ ਦਾ ਰਸਤਾ ਚੁਣਿਆ ਅਤੇ ਆਪਣੀ ਮੰਗਣੀ ਵਾਲੇ ਵਾਲੇ ਦਿਨ ਵੀ ਘਰੋਂ ਬਾਹਰ ਗਏ।
ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਲੋਕ ਵਾਹਨਾਂ ’ਤੇ ਉਨ੍ਹਾਂ ਦੀ ਤਸਵੀਰ ਲਾ ਕੇ ਕਹਿੰਦੇ ਹਨ ਕਿ ਉਹ ਵਾਪਸ ਆ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕਰਨ ਦੀ ਬਜਾਏ, ਸਾਨੂੰ ਉਨ੍ਹਾਂ ਦੇ ਦਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ  ਬੰਬਾਂ ਅਤੇ ਹਥਿਆਰਾਂ ਦੀ ਲੋੜ ਨਹੀਂ ਹੈ। ਵੋਟ ਦੀ ਸ਼ਕਤੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਹੀ ਆਗੂਆਂ ਦੀ ਚੋਣ ਕਰਕੇ ਲੋਕ ਅਸਲ ਮਾਇਨੇ ‘ਚ ਤਬਦੀਲੀ ਲਿਆ ਸਕਦੇ ਹਨ।
ਲੋਕਾਂ ਨੂੰ ਪ੍ਰਣ ਲੈਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਆਓ ਅਸੀਂ ਸ਼ਹੀਦਾਂ ਦੇ ਰਸਤੇ ’ਤੇ ਚੱਲਣ ਅਤੇ ਆਪਣੇ ਹੱਥਾਂ ਨਾਲ ਆਪਣੇ ਪੰਜਾਬ ਦਾ ਨਿਰਮਾਣ ਕਰਨ ਦਾ ਸੰਕਲਪ ਕਰੀਏ।”ਉਨ੍ਹਾਂ ਅੱਗੇ ਕਿਹਾ ਕਿ ਹੁਸੈਨੀਵਾਲਾ ਦੀ ਇਹ ਪਵਿੱਤਰ ਧਰਤੀ, ਜਿੱਥੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਮ੍ਰਿਤਕ ਦੇਹਾਂ ਦਾ ਅੰਗਰੇਜ਼ਾਂ ਦੁਆਰਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਪੀੜ੍ਹੀਆਂ ਨੂੰ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਸ ਪਵਿੱਤਰ ਧਰਤੀ ’ਤੇ ਆ ਕੇ ਦੇਸ਼ ਦੀ ਆਜ਼ਾਦੀ ਲਈ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਦੇਣ ਵਾਲੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ ਅਤੇ ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੇ ਅਣਗਿਣਤ ਨੌਜਵਾਨਾਂ ਨੂੰ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਨਿਰਸਵਾਰਥ ਦੇਸ਼ ਦੀ ਸੇਵਾ ਕਰਨ ਲਈ ਲੱਖਾਂ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਨੌਜਵਾਨਾਂ ਨੂੰ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਭਾਰਤ ਬਣਾਉਣ ਲਈ ਉਨ੍ਹਾਂ ਦੇ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ 24.99 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਸਾਡੇ ਮਹਾਨ ਸ਼ਹੀਦਾਂ ਦਾ ਸਨਮਾਨ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਹੁਸੈਨੀਵਾਲਾ ਵਿਖੇ ਵਿਰਾਸਤੀ ਖੇਤਰ ਨੂੰ ਵਿਕਸਤ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਵੀ ਹੈ।
ਇਸ ਪ੍ਰੋਜੈਕਟ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਵਿੱਚ ਇੱਕ ਸ਼ਾਨਦਾਰ ਵਿਰਾਸਤੀ ਪ੍ਰਵੇਸ਼ ਦੁਆਰ, ਸ਼ਹੀਦਾਂ ਦੇ ਜੀਵਨ ਨੂੰ ਸਮਰਪਿਤ ਗਲਿਆਰਾ, ਕੰਧ ਚਿੱਤਰਕਾਰੀ, ਪਾਰਕਾਂ ਅਤੇ ਯਾਦਗਾਰੀ ਖੇਤਰਾਂ ਦਾ ਸੁੰਦਰੀਕਰਨ ਅਤੇ ਲੈਂਡਸਕੇਪਿੰਗ ਸ਼ਾਮਲ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਚ ਇਤਿਹਾਸਕ ਘਟਨਾਵਾਂ ਨਾਲ ਸਬੰਧਤ ਵਿਸ਼ਾਗਤ ਚਿੱਤਰ, ਪੁਰਾਣੇ ਪੁਲ ’ਤੇ 3-ਡੀ ਮੈਪਿੰਗ ਸ਼ੋਅ, ਇੱਕ ਸੰਗੀਤਕ ਫੁਹਾਰਾ, ਬੱਚਿਆਂ ਲਈ ਖੇਡਣ ਦਾ ਖੇਤਰ, ਬਜ਼ੁਰਗ ਨਾਗਰਿਕਾਂ ਲਈ ਆਰਾਮਦਾਇਕ ਸਥਾਨ, ਇੱਕ ਆਨ-ਗਰਿੱਡ ਸੋਲਰ ਪਾਵਰ ਪਲਾਂਟ ਅਤੇ ਸਾਫ਼ ਪੀਣ ਵਾਲੇ ਪਾਣੀ ਲਈ ਇੱਕ ਆਰਓ ਪਲਾਂਟ ਲਗਾਉਣਾ ਵੀ ਸ਼ਾਮਲ ਹੈ।

*ਚੰਡੀਗੜ੍ਹ, 24 ਮਾਰਚ:* ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਵਿਭਾਗ ਵਿੱਚ ਤਰਸ ਦੇ ਅਧਾਰ ‘ਤੇ 14 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਵਿਭਾਗ ਵਿੱਚ ਸ਼ਾਮਲ ਹੋਏ ਨਵੇਂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਗਰੁੱਪ ‘ਸੀ’ ਅਤੇ ‘ਡੀ’ ਦੀਆਂ ਇਹ ਨਿਯੁਕਤੀਆਂ ਸੂਬਾ ਸਰਕਾਰ ਦੀ ਨੀਤੀ ਤਹਿਤ ਕੀਤੀਆਂ ਗਈਆਂ ਹਨ, ਜੋ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਦੇਣ ਅਤੇ ਇਨ੍ਹਾਂ ਪਰਿਵਾਰਾਂ ਦੇ ਯੋਗ ਆਸ਼ਰਿਤਾਂ ਨੂੰ ਸਮੇਂ ਸਿਰ ਰੁਜ਼ਗਾਰ ਮੁਹੱਈਆ ਕਰਵਾਉਣ ’ਤੇ ਆਧਾਰਤ ਹੈ।

ਉਨ੍ਹਾਂ ਦੱਸਿਆ ਕਿ ਕੁੱਲ 14 ਉਮੀਦਵਾਰਾਂ ਵਿੱਚੋਂ ਦੋ ਨੂੰ ਕਲਰਕ, 9 ਨੂੰ ਸੇਵਾਦਾਰ, ਇੱਕ ਨੂੰ ਸਹਾਇਕ ਸੇਵਾਦਾਰ, ਇੱਕ ਨੂੰ ਜੂਨੀਅਰ ਟੈਕਨੀਸ਼ੀਅਨ ਅਤੇ ਇੱਕ ਨੂੰ ਸਹਾਇਕ (ਤਕਨੀਕੀ) ਵਜੋਂ ਨਿਯੁਕਤ ਕੀਤਾ ਗਿਆ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਦ੍ਰਿੜ੍ਹਤਾ ਨਾਲ ਵਚਨਬੱਧ ਹੈ ਅਤੇ ਸਮੁੱਚਿਤ ਵਿਕਾਸ ਲਈ ਨਿਰੰਤਰ ਕੰਮ ਕਰ ਰਹੀ ਹੈ।

ਨਿਯੁਕਤੀ ਪੱਤਰਾਂ ਦੀ ਵੰਡ ’ਤੇ ਤਸੱਲੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਉਮੀਦਵਾਰ ਸੂਬੇ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨਵ-ਨਿਯੁਕਤ ਉਮੀਦਵਾਰਾਂ ਨੂੰ ਇਮਾਨਦਾਰੀ, ਸਮਰਪਣ ਅਤੇ ਤਨਦੇਹੀ ਨਾਲ ਆਪਣੇ ਫ਼ਰਜ਼ ਨਿਭਾਉਣ ਦੀ ਅਪੀਲ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਰੁਜ਼ਗਾਰ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਦਿੱਤੀ ਹੈ, ਹੁਣ ਇਨ੍ਹਾਂ ਨਵ-ਨਿਯੁਕਤ ਉਮੀਦਵਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਅਤੇ ਇਮਾਨਦਾਰੀ ਨਾਲ ਕੰਮ ਕਰਨ।

ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਨੀਲਕੰਠ ਐਸ. ਅਵਹਦ, ਵਿਭਾਗ ਮੁਖੀ ਮੈਡਮ ਸਈਦ ਸਹਿਰੀਸ਼ ਅਸਗਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ  ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਨੰਗਲ, ਤਲਵਾੜਾ ਅਤੇ ਨਾਲ ਲੱਗਦੇ ਕਸਬਿਆਂ ਦੀ ਵਾਧੂ (ਸਰਪਲੱਸ) ਜ਼ਮੀਨ ਦੇ  ਮਾਲਕੀ ਅਧਿਕਾਰ ਸਬੰਧਤ ਦੁਕਾਨਦਾਰਾਂ, ਵਸਨੀਕਾਂ ਅਤੇ ਹੋਰ ਕਾਬਜ਼ਕਾਰਾਂ ਨੂੰ ਦੇਵੇਗੀ ਕਿਉਂਕਿ ਇਹ ਜ਼ਮੀਨ ਬੀ.ਬੀ.ਐਮ.ਬੀ. ਦੀ ਨਹੀਂ ਸਗੋਂ ਸਿਰਫ਼ ਪੰਜਾਬ ਦੀ ਹੈ। ਇਸ ਫੈਸਲੇ ਨਾਲ ਇਲਾਕੇ ਦੇ ਹਜ਼ਾਰਾਂ ਪਰਿਵਾਰਾਂ ‘ਤੇ ਦਹਾਕਿਆਂ ਤੋਂ ਲਟਕਦੀ ਤਲਵਾਰ ਖ਼ਤਮ ਹੋ ਜਾਵੇਗੀ ਕਿਉਂਕਿ ਜਲ ਸਰੋਤ ਵਿਭਾਗ ਨੇ 800 ਏਕੜ ਤੋਂ ਵੱਧ ਅਜਿਹੀ ਜ਼ਮੀਨ ਸਬੰਧੀ ਬੀ.ਬੀ.ਐਮ.ਬੀ. ਨਾਲ ਰਸਮੀ ਰਾਬਤਾ ਸ਼ੁਰੂ ਵੀ ਕਰ ਦਿੱਤਾ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਵੀ ਦਿੱਤੀਆਂ ਅਤੇ ਆਪਣੇ ਹੱਥੀਂ ਕੰਮ ਵੀ ਕੀਤਾ ਤਾਂ ਜੋ ਇੱਕ ਨਵੇਂ ਆਜ਼ਾਦ ਭਾਰਤ ਨੂੰ ਪਾਣੀ ਅਤੇ ਬਿਜਲੀ ਮਿਲ ਸਕੇ। ਉਨ੍ਹਾਂ ਇਹ ਸ਼ਹਿਰ ਬਣਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ। ਫਿਰ ਵੀ ਪਿਛਲੇ 50 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਪ੍ਰੋਜੈਕਟ ਨੂੰ ਚਲਾਉਣ ਵਾਲੀ ਅਥਾਰਟੀ ਬੀ.ਬੀ.ਐਮ.ਬੀ. ਨੇ, ਇੱਕ ਮਾਲਕਾਂ ਵਾਂਗ ਵਿਹਾਰ ਕਰਨਾ ਸ਼ੁਰੂ ਕਰਕੇ ਉਨ੍ਹਾਂ ਲੋਕਾਂ ਨੂੰ ਹੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਇਸਨੂੰ ਬਣਾਇਆ ਸੀ।”

ਲੋਕਾਂ ਨੂੰ ਦਿੱਤੇ ਭਰੋਸੇ ਦਾ ਜ਼ਿਕਰ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, ‘‘ਚਾਰ ਮਹੀਨੇ ਪਹਿਲਾਂ ਮੈਂ ਨੰਗਲ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਿਆ ਸੀ ਅਤੇ ਸਥਾਈ ਹੱਲ ਦਾ ਵਾਅਦਾ ਕੀਤਾ ਸੀ। ਅੱਜ ਉਹ ਵਾਅਦਾ ਪੂਰਾ ਹੋ ਰਿਹਾ ਹੈ। ਜਲ ਸਰੋਤ ਵਿਭਾਗ ਨੇ ਬੀ.ਬੀ.ਐਮ.ਬੀ. ਨੂੰ ਰਸਮੀ ਨੋਟਿਸ ਭੇਜੇ ਹਨ, ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ 800 ਏਕੜ ਤੋਂ ਵੱਧ ਵਾਧੂ ਜ਼ਮੀਨ ਪੰਜਾਬ ਦੀ ਜਾਇਦਾਦ ਹੈ।”


ਕਾਨੂੰਨੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਕੋਲ ਅਜਿਹੀਆਂ ਜਾਇਦਾਦਾਂ ਲਈ ਲੀਜ਼ ਨੀਤੀ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਡੈਮ ਪ੍ਰੋਜੈਕਟਾਂ ਲਈ ਸਾਡੇ ਲੋਕਾਂ ਤੋਂ ਜ਼ਮੀਨਾਂ ਲਈਆਂ ਗਈਆਂ ਸਨ। ਹੁਣ ਇਹ ਪ੍ਰੋਜੈਕਟ ਮੁਕੰਮਲ ਹੋ ਗਏ ਹਨ, ਇਸ ਲਈ ਵਾਧੂ ਜ਼ਮੀਨਾਂ ਸੂਬੇ ਦੇ ਉਨ੍ਹਾਂ ਲੋਕਾਂ ਨੂੰ ਵਾਪਸ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜੋ ਪੀੜ੍ਹੀਆਂ ਤੋਂ ਇਨ੍ਹਾਂ ਜ਼ਮੀਨਾਂ ’ਤੇ ਰਹਿ ਰਹੇ ਹਨ।

ਨੀਤੀਗਤ ਢਾਂਚੇ ਦੀ ਰੂਪ-ਰੇਖਾ ਬਾਰੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬਾ ਸਰਕਾਰ ਜਲ ਸਰੋਤ ਵਿਭਾਗ ਦੀ ਨਿਗਰਾਨੀ ਹੇਠ ਮੌਜੂਦਾ ਕਾਬਜ਼ਕਾਰਾਂ ਨੂੰ ਮਾਲਕੀ ਅਧਿਕਾਰ ਦੇਣ ਲਈ ਇੱਕ ਵਿਆਪਕ ਨੀਤੀ ਤਿਆਰ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਯੋਗ ਦੁਕਾਨਦਾਰਾਂ, ਪਰਿਵਾਰਾਂ ਅਤੇ ਨਿਵਾਸੀਆਂ ਨੂੰ ਸਹੀ ਮਾਲਕੀ ਦਿੱਤੀ ਜਾਵੇਗੀ। ਉਨ੍ਹਾਂ ਨੂੰ ਸਟੈਂਪ ਡਿਊਟੀ ਦੇ ਅਨੁਸਾਰ ਸਿਰਫ਼ ਬਣਦੇ ਖ਼ਰਚੇ ਜਮ੍ਹਾ ਕਰਨੇ ਪੈਣਗੇ ਅਤੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਸੰਸਾ ਨਹੀਂ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਨੰਗਲ ਲਈ ਇੱਕ ਨਵੇਂ ਜੁਡੀਸ਼ੀਅਲ ਕੰਪਲੈਕਸ ਦੀ ਪਛਾਣ ਵੀ ਕੀਤੀ ਗਈ ਹੈ ਅਤੇ ਜਲਦ ਹੀ ਇਸਨੂੰ ਤਿਆਰ ਕੀਤਾ ਜਾਵੇਗਾ।

ਸ. ਬੈਂਸ ਨੇ ਕਿਹਾ ਕਿ ਇਹ ਸਿਰਫ਼ ਨੀਤੀਗਤ ਤਬਦੀਲੀ ਨਹੀਂ ਹੈ। ਇਹ ਇੱਕ ਇਤਿਹਾਸਕ ਗਲਤੀ ਦਾ ਸੁਧਾਰ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜ਼ਮੀਨਾਂ ਕੁਰਬਾਨ ਕੀਤੀਆਂ।

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਿਭਾਗਾਂ ਨੂੰ ਹੋਰਨਾਂ ਮੰਤਰੀਆਂ ਵਿੱਚ ਵੰਡ ਦਿੱਤਾ ਹੈ। ਲਾਲਜੀਤ ਸਿੰਘ ਭੁੱਲਰ ਦੀ ਗਿ੍ਰਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਵਿਭਾਗਾਂ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੂੰ ਸੌਂਪ ਦਿੱਤੀ ਹੈ। ਸਾਬਕਾ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਅਸਤੀਫਾ ਲੰਘੇ ਕੱਲ੍ਹ ਪੰਜਾਬ ਦੇ ਰਾਜਪਾਲ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ। ਮੁੱਖ ਮੰਤਰੀ ਦੇ ਗੁਜਰਾਤ ਦੇ ਚਾਰ ਦਿਨਾਂ ਦੌਰੇ ’ਤੇ ਜਾਣ ਤੋਂ ਠੀਕ ਪਹਿਲਾਂ ਇਹ ਨਵੀਂ ਵੰਡ ਕੀਤੀ ਗਈ ਹੈ। ਪਾਰਟੀ ਨੇ ਆਪਣੇ ਪੁਰਾਣੇ ਵਫਾਦਾਰ ਹਰਪਾਲ ਸਿੰਘ ਚੀਮਾ ’ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਵਿੱਤ ਅਤੇ ਆਬਕਾਰੀ ਵਿਭਾਗਾਂ ਦੇ ਨਾਲ-ਨਾਲ ਹੁਣ ਟਰਾਂਸਪੋਰਟ ਵਿਭਾਗ ਦੀ ਵੀ ਜ਼ਿੰਮੇਵਾਰੀ ਦੇ ਦਿੱਤੀ ਹੈ। ਦੂਜੇ ਪਾਸੇ, ਡਾ. ਰਵਜੋਤ ਸਿੰਘ ਨੂੰ ਐੱਨ.ਆਰ.ਆਈ. ਮਾਮਲਿਆਂ ਦੇ ਨਾਲ ਜੇਲ੍ਹ ਵਿਭਾਗ ਸੌਂਪਿਆ ਗਿਆ ਹੈ। ਇਸ ਫੈਸਲੇ ਨੇ ਤੁਰੰਤ ਕੈਬਨਿਟ ਵਿੱਚ ਕਿਸੇ ਵੱਡੇ ਫੇਰਬਦਲ ਦੀਆਂ ਅਟਕਲਾਂ ’ਤੇ ਵਿਰਾਮ ਲਗਾ ਦਿੱਤਾ ਹੈ।

ਖਟਕੜ ਕਲਾਂ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦਿਨ ਦੇਸ਼ ਨੂੰ ਸ਼ਹੀਦਾਂ ਵੱਲੋਂ ਦਿੱਤੀ ਮਹਾਨ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮਾਤ- ਭੂਮੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਇਨਕਲਾਬੀ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਸ਼ਹੀਦਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਵਾਲਾ ਰੰਗਲਾ ਪੰਜਾਬ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ।
ਦੇਸ਼ ਦੇ ਮਹਾਨ ਇਨਕਲਾਬੀਆਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾ ਸਿਰਫ਼ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਨਹੀਂ ਸਗੋਂ ਉਨ੍ਹਾਂ ਦੇ ਆਦਰਸ਼ਾਂ ਅਤੇ ਬੇਇਨਸਾਫ਼ੀ ਵਿਰੁੱਧ ਆਢਾ ਲੈਣ ਵਾਲੇ ਇਰਾਦਿਆਂ ਨੂੰ ਅੱਗੇ ਵਧਾਉਣ ਦਾ ਹੈ। ਉਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਦੇ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ, ਨਾਲ ਹੀ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਭਾਰਤ ਰਤਨ (ਸਭ ਤੋਂ ਉੱਚੇ ਸਨਮਾਨ) ਤੋਂ ਲਗਾਤਾਰ ਇਨਕਾਰ ਕਰਨ ’ਤੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਜੇਕਰ ਸ਼ੁਰੂਆਤੀ ਸਾਲਾਂ ਦੌਰਾਨ ਦੇਸ਼ ਦੀ ਵਾਗਡੋਰ ਅਜਿਹੇ ਦਲੇਰ ਤੇ ਰੌਸ਼ਨ-ਦਿਮਾਗ ਨੌਜਵਾਨ ਦੇ ਹੱਥ ਹੁੰਦੀ ਤਾਂ ਦੇਸ਼ ਦੀ ਸਥਿਤੀ ਹੋਰ ਹੀ ਹੁੰਦੀ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਦਿਨ ਸਾਨੂੰ ਸ਼ਹੀਦ ਭਗਤ ਸਿੰਘ ਵੱਲੋਂ ਮਾਤ- ਭੂਮੀ ਲਈ ਦਿੱਤੇ ਗਏ ਲਾਸਾਨੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਸਾਨੂੰ ਹਮੇਸ਼ਾ ਅਨਿਆਂ, ਜ਼ੁਲਮ ਵਿਰੁੱਧ ਡੱਟਣ ਲਈ ਪ੍ਰੇਰਿਤ ਕਰੇਗੀ। ਸਮਾਜ ਵਿੱਚ ਪ੍ਰਚਲਿਤ ਹਰ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਜੰਗ ਛੇੜਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ।”
ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਹੀ ਗਰੀਬੀ ਅਤੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦਾ ਵਾਹਿਦ ਅਤੇ ਸਥਾਈ ਹੱਲ ਹੈ। ਉਨ੍ਹਾਂ ਕਿਹਾ,“ਸਿੱਖਿਆ ਸਮਾਜ ਨੂੰ ਦਰਪੇਸ਼ ਸਾਰੀਆਂ ਬੁਰਾਈਆਂ ਦਾ ਇਲਾਜ ਹੈ, ਇਸੇ ਲਈ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੰਦਿਆਂ ਇਸ ਖੇਤਰ ਵਿੱਚ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ। ਕੋਈ ਵੀ ਮੁਫ਼ਤ ਸਹੂਲਤ ਜਾਂ ਰਿਆਇਤ ਗਰੀਬੀ ਜਾਂ ਸਮਾਜਿਕ ਬੁਰਾਈਆਂ ਨੂੰ ਖਤਮ ਨਹੀਂ ਕਰ ਸਕਦੀ, ਪਰ ਸਿੱਖਿਆ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਲਾਚਾਰੀ ਤੇ ਬੇਬਸੀ ਦੇ ਇਸ ਚੱਕਰ ’ਚੋਂ ਬਾਹਰ ਕੱਢ ਸਕਦੀ ਹੈ। ਇਸੇ ਲਈ ਸਾਡੀ ਸਰਕਾਰ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਆਮ ਆਦਮੀ ਨੂੰ ਸਸ਼ਕਤ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ,”।
ਸਮਾਜਿਕ ਪਰਿਵਰਤਨ ਵਿੱਚ ਗਿਆਨ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ, ‘‘ਸਿੱਖਿਆ ਉਹ ਚਾਨਣ ਹੈ ਜੋ ਅਗਿਆਨਤਾ ਦੇ ਹਨੇਰੇ ਦੂਰ ਕਰਦੀ ਦਿੰਦੀ ਹੈ। ਜੇਕਰ ਅਸੀਂ ਅਸਲ ਤਬਦੀਲੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ, ਸਸ਼ਕਤ ਬਣਾਉਣਾ ਚਾਹੀਦਾ ਹੈ ਅਤੇ ਸਮਾਜ ਨੂੰ ਉੱਚਾ ਚੁੱਕਣ ਕੇ ਗਰੀਬੀ ਨੂੰ ਖਤਮ ਕਰਨਾ ਚਾਹੀਦਾ ਹੈ। ਅਸਲ ਤਬਦੀਲੀ ਅਸਥਾਈ ਲਾਭਾਂ ਨਾਲ ਨਹੀਂ ਸਗੋਂ ਸੱਚੇ ਗਿਆਨ ਅਤੇ ਜਾਗਰੂਕਤਾ ਨਾਲ ਆਵੇਗੀ,।’’
ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਮਹਾਨ ਸ਼ਹੀਦਾਂ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ। ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸਾਂਝੇ ਯਤਨਾਂ ਸਦਕਾ ਪੰਜਾਬ ਦੇਸ਼ ਵਿੱਚ ਇੱਕ ਮੋਹਰੀ ਸੂਬੇ ਵਜੋਂ ਉਭਰੇਗਾ।
23 ਮਾਰਚ ਦੀ ਮਹੱਤਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਿਰਫ਼ 23 ਮਾਰਚ ਹੋਣ ਕਰਕੇ ਇਹ ਦਿਨ ਖਾਸ ਨਹੀਂ ਹੈ, ਇਹ ਆਮ ਦਿਨ ਅਸਾਧਾਰਨ ਬਣ ਜਾਂਦਾ ਹੈ ਕਿਉਂਕਿ ਇਸ ਵਿਸ਼ੇਸ਼ ਦਿਨ ਦੇਸ਼ ਦੇ ਤਿੰਨ ਬਹਾਦਰ ਸਪੂਤਾਂ ਨੇ ਦੇਸ਼ ਲਈ ਆਪਣੀ ਜਵਾਨੀ ਅਤੇ ਜਾਨਾਂ ਕੁਰਬਾਨ ਕੀਤੀਆਂ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਨੇ ਆਜ਼ਾਦੀ ਸੰਗਰਾਮ ਵਿੱਚ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਦੇ ਅਥਾਹ ਯੋਗਦਾਨ ਕਾਰਨ 15-16 ਸਾਲਾਂ ਦਰਮਿਆਨ ਲਾਲ ਕਿਲ੍ਹੇ ‘ਤੇ ਭਾਰਤੀ ਝੰਡਾ ਲਹਿਰਾਇਆ ਜਾ ਸਕਿਆ।
ਮੁੱਖ ਮੰਤਰੀ ਨੇ ਸ਼ਹੀਦਾਂ ਦੀ ਕੁਰਬਾਨੀ ਦੇ ਨਿਰਸਵਾਰਥ ਸੁਭਾਅ ਅਤੇ ਲੋਕਤੰਤਰੀ ਅਧਿਕਾਰਾਂ ਦੀ ਕੀਮਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੱਤਾ ਜਾਂ ਸਿਆਸੀ ਲਾਭ ਲਈ ਆਪਣੀਆਂ ਜਾਨਾਂ ਨਹੀਂ ਦਿੱਤੀਆਂ। ਉਨ੍ਹਾਂ ਦੀ ਕੁਰਬਾਨੀ ਨਿਰਸਵਾਰਥ ਸੀ। ਉਨ੍ਹਾਂ ਦੀ ਬਦੌਲਤ ਹੀ ਅੱਜ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਜਦੋਂ ਅਸੀਂ ਆਪਣੇ ਵੋਟਰ ਆਈਡੀ ਕਾਰਡ ਨੂੰ ਵੇਖਦੇ ਹਾਂ, ਤਾਂ ਸਾਨੂੰ ਆਪਣੀ ਫੋਟੋ ਦਿਖਾਈ ਦੇਵੇਗੀ, ਪਰ ਜੇ ਅਸੀਂ ਧਿਆਨ ਨਾਲ ਵੇਖਦੇ ਹਾਂ, ਤਾਂ ਸਾਨੂੰ ਇਨ੍ਹਾਂ ਸ਼ਹੀਦਾਂ ਦੀ ਖੁਸ਼ਬੂ ਮਹਿਸੂਸ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਸਾਨੂੰ ਆਪਣੀ ਵੋਟ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਲੋਕ ਤਿਉਹਾਰ ਤਾਂ ਮਨਾਉਂਦੇ ਸਨ ਪਰ ਅੰਗਰੇਜ਼ਾਂ ਦੇ ਸਾਡੇ ’ਤੇ ਰਾਜ ਕਰਨ ਕਾਰਨ ਸਾਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਸੀ। ਇਨ੍ਹਾਂ ਸ਼ਹੀਦਾਂ ਨੇ ਇਸ ਲਈ ਲੜਾਈ ਲੜੀ ਤਾਂ ਜੋ ਅਸੀਂ ਲੋਕਤੰਤਰੀ ਪ੍ਰਕਿਰਿਆ ਰਾਹੀਂ ਆਪਣਾ ਆਗੂ ਚੁਣ ਸਕੀਏ। ਉਨ੍ਹਾਂ ਅੱਗੇ ਕਿਹਾ ਕਿ ਇਹ ਅਧਿਕਾਰ ਬਹੁਤ ਅਹਿਮੀਅਤ ਰੱਖਦਾ ਹੈ ਅਤੇ ਲੋਕਾਂ ਨੂੰ ਪੈਸੇ, ਪ੍ਰਭਾਵ ਜਾਂ ਲਾਲਚ ਵਿੱਚ ਆ ਕੇ ਕਦੇ ਵੀ ਆਪਣੀ ਵੋਟ ਨਹੀਂ ਵੇਚਣੀ ਚਾਹੀਦੀ।
ਸ਼ਹੀਦਾਂ ਦੇ ਦ੍ਰਿਸ਼ਟੀਕੋਣ ਦੀ ਡੂੰਘਾਈ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੋਟਰ ਕਾਰਡ ਬੇਸ਼ਕੀਮਤੀ ਹੈ ਕਿਉਂਕਿ ਇਹ ਸ਼ਹੀਦਾਂ ਦੀਆਂ ਮਹਾਨ ਕੁਰਬਾਨੀ ਦੁਆਰਾ ਕਮਾਇਆ ਗਿਆ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਬਾਰੇ ਅਣਗਿਣਤ ਕਹਾਣੀਆਂ, ਕਿਤਾਬਾਂ, ਪੱਤਰ, ਨਾਟਕ ਅਤੇ ਫਿਲਮਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿੰਨਾ ਜ਼ਿਆਦਾ ਤੁਸੀਂ ਉਨ੍ਹਾਂ ਬਾਰੇ ਪੜ੍ਹੋਗੇ, ਓਨਾ ਹੀ ਤੁਸੀਂ ਛੋਟੀ ਉਮਰ ਵਿੱਚ ਵੀ ਦੇਸ਼ ਦੇ ਭਵਿੱਖ ਬਾਰੇ ਉਨ੍ਹਾਂ ਦੀ ਡੂੰਘੀ ਸੋਚ ਬਾਰੇ ਜਾਣ ਕੇ ਦੀ ਉਨ੍ਹਾਂ ਦੀ ਪ੍ਰਸ਼ੰਸਾ ਕਰੋਗੇ। ਅੰਗਰੇਜ਼ਾਂ ਨੇ ਇਹ ਸੋਚ ਕੇ ਸ਼ਾਨਦਾਰ ਢਾਂਚੇ ਬਣਾਏ ਕਿ ਉਹ ਹਮੇਸ਼ਾ ਲਈ ਰਾਜ ਕਰਨਗੇ, ਪਰ ਉਹ ਇਹ ਅੰਦਾਜ਼ਾ ਲਾਉਣ ਵਿੱਚ ਨਾਕਾਮ ਰਹੇ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਨੌਜਵਾਨ ਇਨਕਲਾਬੀ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਬੈਠੇ ਹਨ।
ਲਗਾਤਾਰ ਚੁਣੌਤੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਤੋਂ ਵੱਧ ਸਮੇਂ ਬਾਅਦ ਵੀ, ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਅਜੇ ਵੀ ਪੂਰੀ ਤਰ੍ਹਾਂ ਸਾਕਾਰ ਨਹੀਂ ਹੋਏ ਹਨ। ਦੇਸ਼ ਨੂੰ ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਸਾਡੀ ਸਰਕਾਰ ਨੇ ਇਨ੍ਹਾਂ ਮੁੱਦਿਆਂ ਤੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਨਿਰੰਤਰ ਯਤਨ ਕੀਤੇ ਹਨ।
ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੇ ਸ਼ਹੀਦਾਂ ਦਾ ਸਤਿਕਾਰ ਕਰੇ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲੇ। ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਸਮੇਂ ਦੇ ਨਾਲ ਆਪਣੀ ਪਛਾਣ ਗੁਆ ਬੈਠਦੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਸੰਘਰਸ਼ ਤੋਂ ਲੈ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਵੱਖ-ਵੱਖ ਅੰਦੋਲਨਾਂ ਤੱਕ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ।
ਪੰਜਾਬ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ ਦਾ ਸਿਰਫ਼ ਦੋ ਪ੍ਰਤੀਸ਼ਤ ਹੋਣ ਦੇ ਬਾਵਜੂਦ, ਆਜ਼ਾਦੀ ਸੰਗਰਾਮ ਦੌਰਾਨ ਫਾਂਸੀ ਦਿੱਤੇ ਗਏ ਜਾਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ 80 ਫ਼ੀਸਦ ਸ਼ਹੀਦ ਪੰਜਾਬ ਤੋਂ ਸਨ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਦੇ ਸਮੇਂ ਜਦੋਂ ਦੇਸ਼ ਜਸ਼ਨ ਮਨਾ ਰਿਹਾ ਸੀ, ਪੰਜਾਬ ਨੇ ਵੰਡ ਦੀ ਭਿਆਨਕਤਾ ਦਾ ਸਾਹਮਣਾ ਕੀਤਾ, ਜਿੱਥੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ, ਬੇਘਰ ਹੋਏ ਅਤੇ ਆਪਣੇ ਘਰ ਅਤੇ ਜਾਇਦਾਦਾਂ ਨੂੰ ਹਮੇਸ਼ਾ ਲਈ ਗੁਆ ਬੈਠੇ।
ਆਪਣੀ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਆਪ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਇੱਕ ਸਦਭਾਵਨਾਪੂਰਨ ਅਤੇ ਸਮਾਨਤਾਵਾਦੀ ਸਮਾਜ ਦੀ ਉਸਾਰੀ ਲਈ ਵਚਨਬੱਧ ਹੈ। ਇਸ ਨੌਜਵਾਨ ਨਾਇਕ ਨੇ ਦੇਸ਼ ਨੂੰ ਵਿਦੇਸ਼ੀ ਸ਼ਾਸਨ ਤੋਂ ਮੁਕਤ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਦੇ ਰਾਹ ’ਤੇ ਚਲਦਿਆਂ ਪਹਿਲਾਂ ਹੀ ਕਈ ਲੋਕ-ਪੱਖੀ ਅਤੇ ਵਿਕਾਸ-ਮੁਖੀ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ।

ਕਿਹਾ : ਪੰਜਾਬ ਪੁਲਿਸ ਜਾਂਚ ਕਰਨ ਦੇ ਹੈ ਕਾਬਿਲ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮਿ੍ਰਤਸਰ ’ਚ ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀ.ਐਮ. ਗਗਨਦੀਪ ਸਿੰਘ ਵਲੋਂ ਕੀਤੀ ਗਈ ਖੁਦਕਸ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਖੁਦਕਸ਼ੀ ਮਾਮਲੇ ਵਿਚ ਪੰਜਾਬ ’ਚ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਮਾਮਲੇ ਵਿਚ ਸੀਬੀਆਈ ਜਾਂਚ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਮੰਤਰੀ- ਸੰਤਰੀ ਦੀ ਪਰਵਾਹ ਨਹੀਂ ਕਰਦੇ, ਸਾਡੇ ਲਈ ਸਾਰੇ ਮੰਤਰੀ-ਸੰਤਰੀ ਇਕੋ ਜਿਹੇ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਜ਼ਰੂਰ ਹੋਵੇਗੀ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ  ਖੁਦਕੁਸ਼ੀ ਮਾਮਲੇ ਵਿਚ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਅਸਤੀਫਾ ਹੋ ਗਿਆ ਹੈ, ਗਿ੍ਰਫਤਾਰੀ ਵੀ ਹੋ ਗਈ ਹੈ ਅਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਗਗਨਦੀਪ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਪੰਜਾਬ ਪੁਲਿਸ ਇਸ ਮਾਮਲੇ ਵਿਚ ਜਾਂਚ ਕਰਨ ਦੇ ਕਾਬਿਲ ਹੈ।  

ਮੰਡੀ ਗੋਬਿੰਦਗੜ੍ਹ, 23 ਮਾਰਚ: ਗਲੋਬਲ ਰਿਸਰਚ ਆਈਕਨ ਪ੍ਰੋ. ਅਨਿਲ ਕੇ. ਸ਼ਰਮਾ ਨੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ਇੱਕ ਸ਼ਾਨਦਾਰ ਭਾਸ਼ਣ ਦਿੱਤਾ, ਜਿਸ ਵਿੱਚ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਕਾਦਮਿਕ ਉੱਤਮਤਾ ਅਤੇ ਵਿਗਿਆਨਕ ਇਮਾਨਦਾਰੀ ਬਾਰੇ ਆਪਣੀ ਸੂਝ ਨਾਲ ਪ੍ਰੇਰਿਤ ਕੀਤਾ ਗਿਆ। ‘ਇੱਕ ਉਤਸੁਕ ਮਨ ਤੋਂ ਇੱਕ ਪ੍ਰਭਾਵਸ਼ਾਲੀ ਵਿਗਿਆਨੀ ਤੱਕ:ਪ੍ਰਭਾਵਸ਼ਾਲੀ ਖੋਜ ਲਈ ਰਣਨੀਤੀਆਂ’ ਸਿਰਲੇਖ ਵਾਲੇ ਇਸ ਭਾਸ਼ਣ ਨੇ ਵਿਦਵਾਨਾਂ ਅਤੇ ਫੈਕਲਟੀ ਮੈਂਬਰਾਂ ਅਤੇ ਸਰੋਤਿਆਂ ਨੂੰ ਆਕਰਸ਼ਿਤ ਕੀਤਾ।
ਐਮਿਟੀ ਯੂਨੀਵਰਸਿਟੀ ਪੰਜਾਬ ਵਿਖੇ ਖੋਜ ਅਤੇ ਵਿਕਾਸ ਦੇ ਡੀਨ ਵਜੋਂ ਸੇਵਾ ਨਿਭਾ ਰਹੇ ਪ੍ਰੋ. ਸ਼ਰਮਾ ਨੇ ਧੋਖੇਵਾਜ਼ੀ ਪ੍ਰਕਾਸ਼ਨ ਦੀ ਵਧਦੀ ਸਮੱਸਿਆ ਨੂੰ ਸੰਬੋਧਿਤ ਕੀਤਾ, ਖੋਜਕਰਤਾਵਾਂ ਨੂੰ ਉੱਚ-ਪ੍ਰਭਾਵ ਵਾਲੇ ਜਰਨਲਾਂ ਦੀ ਪਛਾਣ ਕਰਨ ਅਤੇ ਕਲੋਨ ਕੀਤੇ ਪ੍ਰਕਾਸ਼ਨਾਂ ਤੋਂ ਬਚਣ ਲਈ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਵਿਦਵਾਨਾਂ ਨੂੰ ਉਨ੍ਹਾਂ ਦੇ ਖੋਜ ਕਾਰਜ ਦੀ ਰੱਖਿਆ ਕਰਨ ਵਿੱਚ ਮਦਦ ਕਰਨ ਲਈ ਹਵਾਲਾ ਟੂਲ ਅਤੇ ਜਰਨਲ ਤਸਦੀਕ ਪਲੇਟਫਾਰਮਾਂ ਦਾ ਪ੍ਰਦਰਸ਼ਨ ਕੀਤਾ।
12,000 ਤੋਂ ਵੱਧ ਹਵਾਲੇ, ਐਚ-ਇੰਡੈਕਸ 51, 360 ਤੋਂ ਵੱਧ ਪ੍ਰਕਾਸ਼ਨਾਂ, ਅਤੇ 1285 ਤੋਂ ਵੱਧ ਸੰਚਤ ਪ੍ਰਭਾਵ ਕਾਰਕ ਦੇ ਆਪਣੇ ਸ਼ਾਨਦਾਰ ਕਰੀਅਰ ਤੋਂ ਲੈ ਕੇ, ਪ੍ਰੋ. ਸ਼ਰਮਾ ਨੇ ਸੋਰਾਇਸਿਸ ਅਤੇ ਛਾਤੀ ਦੇ ਕੈਂਸਰ ’ਤੇ ਆਪਣੀ ਮੋਹਰੀ ਖੋਜ ਤੋਂ ਸੂਝ ਸਾਂਝੀ ਕੀਤੀ। ਸਟੈਨਫੋਰਡ ਯੂਨੀਵਰਸਿਟੀ ਦੁਆਰਾ ਉਨ੍ਹਾਂ ਨੂੰ ਲਗਾਤਾਰ ਪੰਜ ਸਾਲਾਂ ਤੋਂ ਦੁਨੀਆ ਦੇ ਚੋਟੀ ਦੇ 2% ਉੱਚ ਹਵਾਲਾ ਦਿੱਤੇ ਗਏ ਖੋਜਕਰਤਾਵਾਂ ਵਿੱਚ ਦਰਜਾ ਦਿੱਤਾ ਗਿਆ ਹੈ।
ਇਸ ਸਮਾਗਮ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ ਹਰਸ਼ ਸਦਾਵਰਤੀ ਦੇ ਨਾਲ-ਨਾਲ ਸੀਨੀਅਰ ਅਕਾਦਮਿਕ ਲੀਡਰਸ਼ਿਪ ਦੀ ਮੌਜੂਦਗੀ ਰਹੀ।
ਰਾਇਲ ਸੋਸਾਇਟੀ ਆਫ਼ ਬਾਇਓਲੋਜੀ ਅਤੇ ਰਾਇਲ ਸੋਸਾਇਟੀ ਆਫ਼ ਕੈਮਿਸਟਰੀ ਦੇ ਫੈਲੋ, ਪ੍ਰੋ. ਸ਼ਰਮਾ ਕੋਲ 23 ਪੇਟੈਂਟ ਹਨ ਅਤੇ ਉਨ੍ਹਾਂ ਨੇ 19 ਕਿਤਾਬਾਂ ਲਿਖੀਆਂ ਹਨ। ਸ਼ਿਕਾਗੋ ਵਿਖੇ ਇਲੀਨੋਇਸ ਯੂਨੀਵਰਸਿਟੀ ਦੇ ਸੀਨੀਅਰ ਰਿਸਰਚ ਸਾਇੰਟਿਸਟ ਤੋਂ ਲੈ ਕੇ ਇੱਕ ਗਲੋਬਲ ਬਾਇਓਟੈਕਨਾਲੋਜੀ ਲੀਡਰ ਤੱਕ ਦਾ ਉਨ੍ਹਾਂ ਦਾ ਸਫ਼ਰ ਭਾਰਤੀ ਵਿਗਿਆਨੀਆਂ ਲਈ ਇੱਕ ਸ਼ਕਤੀਸ਼ਾਲੀ ਬਲੂਪ੍ਰਿੰਟ ਵਜੋਂ ਕੰਮ ਕਰਦਾ ਹੈ। 

ਅਮਰੀਕਾ ਵਲੋਂ ਤੋਹਫੇ ’ਚ ਦਿੱਤਾ ਗਿਆ ਸੀ ਇਹ ਜਹਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣੀ ਅਮਰੀਕਾ ਮਹਾਂਦੀਪ ਦੇ ਉਤਰ-ਪੱਛਮ ਵਿਚ ਸਥਿਤ ਕੋਲੰਬੀਆ ਵਿਚ ਇਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਕੋਲੰਬੀਆ ਵਿਚ ਉਡਾਣ ਭਰਨ ਦੌਰਾਨ ਏਅਰ ਫੋਰਸ ਦਾ ਇਕ ਹਰਕੂਲਸ ਸੀ-130 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 66 ਫੌਜੀਆਂ ਦੀ ਜਾਨ ਚਲੇ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ 58 ਫੌਜੀ, 6 ਹਵਾਈ ਸੈਨਾ ਕਰਮਚਾਰੀ ਅਤੇ ਦੋ ਪੁਲਿਸ ਅਧਿਕਾਰੀਆਂ ਦੀ ਇਸ ਹਾਦਸੇ ਵਿਚ ਜਾਨ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿਚ 114 ਸੈਨਿਕ ਅਤੇ 11 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਹਾਦਸਾ ਪੇਰੂ ਦੀ ਸਰਹੱਦ ਦੇ ਨੇੜੇ ਦੱਖਣੀ ਐਮਾਜ਼ਾਨ ਖੇਤਰ ਵਿਚ ਵਾਪਰਿਆ। ਕੋਲੰਬੀਆ ਦੇ ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਹੈ ਕਿ ਜਹਾਜ਼ ਰਨਵੇਅ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ। ਇਹ ਵੀ ਦੱਸਿਆ ਗਿਆ ਕਿ ਇਹ ਜਹਾਜ਼ ਅਮਰੀਕਾ ਵਲੋਂ ਤੋਹਫੇ ਦੇ ਰੂਪ ਵਿਚ ਕੋਲੰਬੀਆ ਨੂੰ ਦਿੱਤਾ ਗਿਆ ਸੀ.

ਜਲੰਧਰ: ਪੰਜਾਬ ਵਿੱਚ ਬੈਡਮਿੰਟਨ ਨੂੰ ਵੱਡਾ ਬੜ੍ਹਾਵਾ ਮਿਲਣ ਜਾ ਰਿਹਾ ਹੈ, ਕਿਉਂਕਿ ਰਾਜ 40 ਸਾਲਾਂ ਬਾਅਦ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀਏਆਈ) ਨੇ 38ਵੀਂ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਪੰਜਾਬ ਨੂੰ ਸੌਂਪੀ ਹੈ।

ਜਾਣਕਾਰੀ ਦਿੰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 9 ਤੋਂ 12 ਦਸੰਬਰ 2026 ਤੱਕ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ਵਿੱਚ ਕਰਵਾਈ ਜਾਵੇਗੀ। ਇਸ ਵਿੱਚ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 350 ਖਿਡਾਰੀ ਹਿੱਸਾ ਲੈਣਗੇ। ਪੰਜਾਬ ਵਿੱਚ ਇਸ ਤੋਂ ਪਹਿਲਾਂ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 1987 ਵਿੱਚ ਜਲੰਧਰ ਵਿੱਚ ਹੀ ਹੋਈ ਸੀ।

ਖੰਨਾ ਨੇ ਦੱਸਿਆ ਕਿ ਪੀਬੀਏ ਲਗਾਤਾਰ ਬੀਏਆਈ ਨਾਲ ਸੰਪਰਕ ਵਿੱਚ ਸੀ ਅਤੇ ਸਟੇਡੀਅਮ ਦੀਆਂ ਵਧੀਆ ਸੁਵਿਧਾਵਾਂ ਦੇ ਨਿਰੀਖਣ ਤੋਂ ਬਾਅਦ ਹੀ ਮੇਜ਼ਬਾਨੀ ਦਾ ਹੱਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ ਕੁੱਲ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਚੈਂਪੀਅਨਸ਼ਿਪ ਵਿੱਚ ਅੰਡਰ-13 ਲੜਕਿਆਂ ਅਤੇ ਲੜਕੀਆਂ ਦੇ ਸਿੰਗਲਜ਼ ਅਤੇ ਡਬਲਜ਼ ਮੁਕਾਬਲੇ ਹੋਣਗੇ, ਜੋ ਬੀਏਆਈ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਏ ਜਾਣਗੇ। ਖਿਡਾਰੀਆਂ, ਕੋਚਾਂ, ਮੈਨੇਜਰਾਂ ਅਤੇ ਅਧਿਕਾਰੀਆਂ ਦੇ ਰਹਿਣ ਅਤੇ ਖਾਣ ਦੀ ਵਿਵਸਥਾ ਪੀਬੀਏ ਵੱਲੋਂ ਕੀਤੀ ਜਾਵੇਗੀ।

ਖੰਨਾ ਨੇ ਕਿਹਾ ਕਿ ਇਸ ਆਯੋਜਨ ਨਾਲ ਰਾਜ ਦੇ ਉਭਰਦੇ ਖਿਡਾਰੀਆਂ ਨੂੰ ਵੱਡਾ ਫਾਇਦਾ ਮਿਲੇਗਾ ਅਤੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਦੇਖਣ ਅਤੇ ਉਨ੍ਹਾਂ ਨਾਲ ਖੇਡਣ ਦਾ ਮੌਕਾ ਮਿਲੇਗਾ।

ਗੌਰਤਲਬ ਹੈ ਕਿ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਪਿਛਲੇ ਪੰਜ ਸਾਲਾਂ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਵੱਡਾ ਸੁਧਾਰ ਕੀਤਾ ਗਿਆ ਹੈ। ਹੁਣ ਇੱਥੇ 10 ਕੋਰਟ, ਜਿਮ, ਰੈਸਟੋਰੈਂਟ, ਸਪੋਰਟਸ ਸ਼ਾਪ ਅਤੇ ਫਿਜ਼ਿਓਥੈਰੇਪੀ ਸੈਂਟਰ ਦੀਆਂ ਸੁਵਿਧਾਵਾਂ ਉਪਲਬਧ ਹਨ।

ਪੂਰਵ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਸਟੇਡੀਅਮ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਡੀਬੀਏ, ਜਲੰਧਰ ਦੀ ਅੰਤਰਿਮ ਕਮੇਟੀ ਦੇ ਕੰਮ ਦੀ ਸਰਾਹਨਾ ਕੀਤੀ ਸੀ।

ਦੱਸਣਯੋਗ ਹੈ ਕਿ ਰਿਤਿਨ ਖੰਨਾ, ਜੋ ਪੂਰਵ ਰਾਸ਼ਟਰੀ ਖਿਡਾਰੀ ਵੀ ਰਹੇ ਹਨ, ਨੂੰ ਖੇਡ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪੰਜਾਬ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸੀਐਮ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਚੰਡੀਗੜ੍ਹ ਵਿਚ ਖੇਡਾਂ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੇਡਾਂ ਵਿਚ ਪੰਜਾਬ ਦੀ ਧਰਤੀ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਨਾਲ ਹੀ ਪੰਜਾਬ ਦਾ ਖੇਡਾਂ ਸਬੰਧੀ ਬਹੁਤ ਲੰਬਾ ਇਤਿਹਾਸ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ਮਿਲਿਆ ਹੈ ਅਤੇ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਕਈ ਵੱਡੇ ਖਿਡਾਰੀ ਦੇਸ਼ ਨੂੰ ਦਿੱਤੇ ਹਨ ਅਤੇ ਹਾਕੀ ਵਿਚ 50 ਤੋਂ ਵੱਧ ਖਿਡਾਰੀਆਂ ਨੇ ਉਲੰਪਿਕ ਤਗਮੇ ਜਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ 2023 ਵਿਚ ਪੰਜਾਬ ਵਿਚ ਇਕ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਨੇ ਖੇਡ ਬਜਟ 350 ਕਰੋੜ ਤੋਂ ਵਧਾ ਕੇ 1791 ਕਰੋੜ ਰੁਪਏ ਕਰ ਦਿੱਤਾ ਹੈ। ਸੀਐਮ ਨੇ ਕਿਹਾ ਕਿ ਪੰਜਾਬ ਵਿਚ ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2,458 ਕਰ ਦਿੱਤੀ ਅਤੇ 324 ਨਵੇਂ ਕੋਚ ਭਰਤੀ ਕੀਤੇ ਗਏ ਹਨ।

ਬੇਟੇ ਕਰਨ ਸਿੱਧੂ ਨੂੰ ਮਿਲੇਗਾ ਪਟਿਆਲਾ ਵਾਲਾ ਘਰ ਅਤੇ ਬੇਟੀ ਨੂੰ ਮਿਲੇਗਾ ਅੰਮਿ੍ਰਤਸਰ ਸਥਿਤ ਘਰ
ਪਟਿਆਲਾ/ਬਿਊਰੋ ਨਿਊਜ਼
ਸਾਬਕਾ ਕਿ੍ਰਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਜਾਇਦਾਦ ਆਪਣੇ ਬੇਟੇ ਅਤੇ ਬੇਟੀ ਵਿਚਕਾਰ ਵੰਡਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਪੋਸਟ ਵਿੱਚ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਪਟਿਆਲਾ ਦੀ ਯਾਦਵਿੰਦਰਾ ਕਲੋਨੀ ਵਿੱਚ ਸਥਿਤ ਜੱਦੀ ਘਰ ਦਾ ਵਾਰਸ ਹੋਵੇਗਾ। ਜਦਕਿ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੂੰ ਅੰਮਿ੍ਰਤਸਰ ਵਾਲਾ ਘਰ ਮਿਲੇਗਾ। ਉਨ੍ਹਾਂ ਨੇ ਫੇਸਬੁੱਕ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, ਉਹ ਘਰ ਜੋ ਮੈਂ ਮਾਤਾ ਪਾਰਵਤੀ ਦੇ ਆਸ਼ੀਰਵਾਦ ਨਾਲ ਉਸ ਜ਼ੁਬਾਨ ਦਾ ਮਾਣ ਰੱਖਣ ਲਈ ਬਣਾਇਆ, ਜੋ ਮੈਂ ਅੰਮਿ੍ਰਤਸਰ ਨੂੰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਲੋਕਾਂ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਚੋਣਾਂ ਤੋਂ ਬਾਅਦ ਇੱਥੇ ਨਹੀਂ ਰਹੇਗਾ ਪਰ ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਇੱਥੇ ਹੀ ਰਹਾਂਗਾ। ਸਿੱਧੂ ਨੇ ਕਿਹਾ ਕਿ ਮੈਂ ਸਿਆਸਤ ਤੋਂ ਇੱਕ ਪੈਸਾ ਵੀ ਨਹੀਂ ਕਮਾਇਆ, ਸਿਰਫ ਮਿਹਨਤ ਦੀ ਕਮਾਈ ਕੀਤੀ। ਸਿੱਧੂ ਨੇ ਦੱਸਿਆ ਕਿ ਕਰਨ ਨੂੰ ਮੇਰਾ ਉਹ ਜੱਦੀ ਘਰ ਵਿਰਾਸਤ ਵਿੱਚ ਮਿਲੇਗਾ ਜੋ ਮੇਰੇ ਪਿਤਾ ਜੀ ਨੇ ਬਣਾਇਆ ਸੀ ਅਤੇ ਅੰਮਿ੍ਰਤਸਰ ਵਾਲਾ ਘਰ ਰਾਬੀਆ ਨੂੰ ਵਿਰਾਸਤ ਵਿੱਚ ਮਿਲੇਗਾ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.