Wednesday, 10 June 2026

ਪੀਐਮ ਨਰਿੰਦਰ ਮੋਦੀ ਨੇ ਕਿਹਾ : ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਾਰ ਦੇ ਸਭ ਤੋਂ ਅਹਿਮ ਸਮੁੰਦਰੀ ਮਾਰਗ ਹੋਰਮੁਜ਼ ਜਲਡਮਰੂ ਵਿਚ ਇਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੇ ਖਤਰੇ ਵਿਚ ਪੈਣ ਕਾਰਨ ਤਣਾਅ ਬੇਹੱਦ ਵਧ ਗਿਆ ਹੈ। ਅਮਰੀਕੀ ਫੌਜ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਇਸ ਰਸਤੇ ਰਾਹੀਂ ਫਸੇ ਹੋਏ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਖਬਰ ਇਹ ਵੀ ਆਈ ਹੈ ਕਿ ਇਰਾਨੀ ਡਰੋਨ ਵਲੋਂ ਸੰਯੁਕਤ ਅਰਬ ਅਮੀਰਾਤ ਦੀ ਇਕ ਤੇਲ ਸਹੂਲਤ ਵਾਲੇ ਸਥਾਨ ’ਤੇ ਕੀਤੇ ਗਏ ਹਮਲੇ ਵਿਚ 3 ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ ਹਨ। ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਐਡਮਿਰਲ ਬਰੈਡ ਕੂਪਰ ਨੇ ਦੱਸਿਆ ਕਿ ਇਰਾਨ ਨੇ ਸੋਮਵਾਰ ਨੂੰ ਹਾਰਮੋਜ਼ ਦੇ ਇਲਾਕੇ ਵਿਚ ਹਮਲਾਵਰ ਰੁਖ਼ ਅਪਣਾਇਆ, ਜਿਸ ਤੋਂ ਬਾਅਦ ਅਮਰੀਕੀ ਹੈਲੀਕਾਪਟਰਾਂ ਨੇ ਇਰਾਨ ਦੀਆਂ 6 ਛੋਟੀਆਂ ਕਿਸ਼ਤੀਆਂ ਨੂੰ ਡੋਬ ਦਿੱਤਾ, ਜੋ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨੀ ਡਰੋਨ ਹਮਲੇ ਵਿਚ 3 ਭਾਰਤੀ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਨੋਟਿਸ ਲਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ।

ਦੁਬਈ/ਬਿਊਰੋ ਨਿਊਜ਼
ਦੁਬਈ ਏਅਰਪੋਰਟਸ ਦੇ ਸੀ.ਈ.ਓ. ਪਾਲ ਗਿ੍ਰਫਿਥਸ ਨੇ ਦੱਸਿਆ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਹਵਾਈ ਖੇਤਰ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸਦੇ ਨਾਲ ਹੀ ਦੁਬਈ ਇੰਟਰਨੈਸ਼ਨਲ ਅਤੇ ਅਲ ਮਕਤੂਮ ਇੰਟਰਨੈਸ਼ਨਲ ਹਵਾਈ ਅੱਡਿਆਂ ’ਤੇ ਉਡਾਣਾਂ ਦਾ ਸੰਚਾਲਣ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਡਾਣਾਂ ਨੂੰ ਰੂਟ ਦੀ ਸਮਰੱਥਾ ਅਨੁਸਾਰ ਮੁੜ ਪੁਰਾਣੀ ਸਥਿਤੀ ਵਿੱਚ ਲਿਆਂਦਾ ਜਾ ਰਿਹਾ ਹੈ। ਪਾਲ ਗਿ੍ਰਫਿਥਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਕਿ 28 ਫਰਵਰੀ ਦੇ ਅੰਤ ਤੋਂ ਇਰਾਨ ਜੰਗ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਦੁਬਈ ਦੇ ਹਵਾਈ ਅੱਡਿਆਂ ਨੇ ਚੁਣੌਤੀਪੂਰਨ ਸਮੇਂ ਦੌਰਾਨ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦੌਰਾਨ 60 ਲੱਖ ਤੋਂ ਵੱਧ ਲੋਕਾਂ ਨੇ ਇੱਥੋਂ ਸਫ਼ਰ ਕੀਤਾ। ਇੱਥੇ 32,000 ਤੋਂ ਵੱਧ ਜਹਾਜ਼ਾਂ ਦੀ ਆਵਾਜਾਈ ਦਰਜ ਕੀਤੀ ਗਈ। ਸੀ.ਈ.ਓ. ਨੇ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਦੁਬਈ ਰਾਹੀਂ ਸਫ਼ਰ ਕਰਨ ਦੀ ਮੰਗ ਅਜੇ ਵੀ ਬਹੁਤ ਜ਼ਿਆਦਾ ਹੈ।

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਪ੍ਰਾਜੈਕਟ ਫਰੀਡਮ’ ਨਾਮਕ ਇਕ ਜਲ ਸੈਨਾ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਦਾ ਉਦੇਸ਼ ਹੋਰਮੁਜ਼ ਜਲਮਡਰੂ ਵਿਚ ਫਸੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਕੱਢਣਾ ਹੈ ਅਤੇ ਇਹ ਕਾਰਵਾਈ ਪੱਛਮੀ ਏਸ਼ੀਆ ਵਿਚ ਸ਼ੁਰੂ ਹੋ ਚੁੱਕੀ ਹੈ। ਟਰੰਪ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਸੰਵੇਦਨਸ਼ੀਲ ਅਤੇ ਭੀੜ-ਭੜੱਕੇ ਵਾਲੇ ਸਮੁੰਦਰੀ ਰਸਤੇ ਵਿਚ ਫਸੇ ਜਹਾਜ਼ਾਂ ਨੂੰ ਮੁਕਤ ਕਰਾਉਣ ਲਈ ਅਮਰੀਕੀ ਸਹਾਇਤਾ ਦੀ ਬੇਨਤੀ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਨੇ ਸੰਯੁਕਤ ਰਾਜ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਹੋਰਮੁਜ਼ ਜਲਡਮਰੂ ਵਿਚ ਫਸੇ ਉਨ੍ਹਾਂ ਦੇ ਜਹਾਜ਼ਾਂ ਨੂੰ ਮੁਕਤ ਕਰਵਾਉਣ ਵਿਚ ਮੱਦਦ ਕਰ ਸਕਦੇ ਹਾਂ। ਟਰੰਪ ਨੇ ਇਨ੍ਹਾਂ ਜਹਾਜ਼ਾਂ ਨੂੰ ‘ਨਿਰਪੱਖ ਅਤੇ ਨਿਰਦੋਸ਼ ਧਿਰਾਂ’ ਨਾਲ ਸਬੰਧਤ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲੀ ਜੰਗ ਕਾਰਨ ਖਾੜੀ ਦੇਸ਼ਾਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਕਿਹਾ : 60 ਦਿਨਾਂ ਦੀ ਸਮਾਂ ਸੀਮਾ ਤੋਂ ਪਹਿਲਾਂ ਇਰਾਨ ਨਾਲ ਜੰਗ ਹੋ ਸਕਦੀ ਹੈ ‘ਖਤਮ’
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਹ ਦਲੀਲ ਦਿੱਤੀ ਹੈ ਕਿ 60 ਦਿਨਾਂ ਦੀ ਸਮਾਂ ਸੀਮਾ ਤੋਂ ਪਹਿਲਾਂ ਇਰਾਨ ਨਾਲ ਜੰਗ ਖਤਮ ਹੋ ਸਕਦੀ ਹੈ। ਇਹ ਬਿਆਨ ਰੱਖਿਆ ਮੰਤਰੀ ਪੀਟ ਹੇਗਸੇਬ ਵਲੋਂ ਸੈਨੇਟ ਵਿਚ ਗਵਾਹੀ ਦੌਰਾਨ ਪੇਸ਼ ਕੀਤੀ ਗਈ ਦਲੀਲ ਨੂੰ ਅੱਗੇ ਵਧਾਉਂਦਾ ਹੈ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੰਗਬੰਦੀ ਨੇ ਅਸਲ ਵਿਚ ਜੰਗ ਨੂੰ ਰੋਕ ਦਿੱਤਾ ਹੈ। ਇਸ ਤਰਕ ਦੇ ਤਹਿਤ ਪ੍ਰਸ਼ਾਸਨ ਨੇ ਅਜੇ ਤੱਕ 1973 ਦੇ ਕਾਨੂੰਨ ਦੁਆਰਾ ਲਾਜ਼ਮੀ ਕੀਤੀ ਉਸ ਲੋੜ ਨੂੰ ਪੂਰਾ ਨਹੀਂ ਕੀਤਾ ਹੈ, ਜਿਸ ਵਿਚ 60 ਦਿਨਾਂ ਤੋਂ ਵੱਧ ਚੱਲਣ ਵਾਲੀ ਫੌਜੀ ਕਾਰਵਾਈ ਲਈ ਕਾਂਗਰਸ ਤੋਂ ਰਸਮੀ ਮਨਜੂਰੀ ਲੈਣੀ ਪੈਂਦੀ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਉਸ ਕਾਨੂੰਨ ਦੇ ਉਦੇਸ਼ਾਂ ਲਈ 28 ਫਰਵਰੀ ਨੂੰ ਸ਼ੁਰੂ ਹੋਈਆਂ ਦੁਸ਼ਮਣੀਆਂ ਖਤਮ ਹੋ ਗਈਆਂ ਹਨ। ਦੱਸਣਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਦੇ ਚੱਲਦਿਆਂ ਖਾੜੀ ਦੇਸ਼ਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.