Wednesday, 10 June 2026

ਦਿੱਲੀ ’ਚ ਹੋਣ ਵਾਲੇ ਬਰਿਕਸ ਸੰਮੇਲਨ ’ਚ ਹਿੱਸਾ ਲੈਣਗੇ ਪੂਤਿਨ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਤੰਬਰ ਮਹੀਨੇ ਦੌਰਾਨ ਫਿਰ ਭਾਰਤ ਦੌਰੇ ’ਤੇ ਆਉਣਗੇ। ਰੂਸ ਦੀ ਸਰਕਾਰ ਦਾ ਕਹਿਣਾ ਹੈ ਕਿ ਪੂਤਿਨ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਬਰਿਕਸ ਸੰਮੇਲਨ ਵਿਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਤਿਨ ਨੂੰ ਦਸੰਬਰ 2025 ਵਿਚ ਉਨ੍ਹਾਂ ਦੇ ਭਾਰਤ ਦੌਰੇ  ਦੌਰਾਨ ਅਧਿਕਾਰਤ ਦੌਰ ’ਤੇ  ਸਮਿਟ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਕ ਸਾਲ ਦੇ ਅੰਦਰ ਪੂਤਿਨ ਦਾ ਇਹ ਦੂਜਾ  ਭਾਰਤ ਦੌਰਾ ਹੋਵੇਗਾ। ਇਸ ਸਾਲ ਭਾਰਤ ਬਰਿਕਸ ਸੰਮੇਲਨ ਦੀ ਅਗਵਾਈ ਕਰ ਰਿਹਾ ਹੈ। ਬਰਿਕਸ ਦੁਨੀਆ ਦੀ ਵੱਡੀ ਉਭਰਦੀ ਅਰਥ ਵਿਵਸਥਾਵਾਂ ਦਾ ਸਮੂਹ ਹੈ, ਜਿਸ ਵਿਚ ਭਾਰਤ, ਰੂਸ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਤੋਂ ਇਲਾਵਾ ਹੁਣ ਮਿਸਰ, ਇਰਾਨ, ਇਥੋਪੀਆ, ਯੂਏਈ ਅਤੇ ਇੰਡੋਨੇਸ਼ੀਆ ਵਰਗੇ ਨਵੇਂ ਦੇਸ਼ ਵੀ ਸ਼ਾਮਲ ਹੋ ਚੁੱਕੇ ਹਨ।

ਵੈਨਕੂਵਰ : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਕੈਨੇਡਾ ਵਿੱਚ ਹੰਟਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਕਰੂਜ਼ ਜਹਾਜ਼ ਨਾਲ ਜੁੜਿਆ ਹੋਇਆ ਹੈ। ਅਧਿਕਾਰੀਆਂ ਮੁਤਾਬਕ ਜਹਾਜ਼ ਦੇ ਚਾਰ ਯਾਤਰੀਆਂ ਵਿੱਚੋਂ ਇੱਕ ਵਿਅਕਤੀ, ਜੋ ਵਿੱਚ ਕਵਾਰੰਟੀਨ ਵਿੱਚ ਸੀ, ਨੇ ਵੀਰਵਾਰ ਨੂੰ ਲੱਛਣ ਮਹਿਸੂਸ ਕੀਤੇ। ਸ਼ੁੱਕਰਵਾਰ ਨੂੰ ਕੀਤੇ ਗਏ ਟੈਸਟ ਵਿੱਚ ਉਸਦਾ ਨਤੀਜਾ “ਪ੍ਰਿਜ਼ੰਪਟਿਵ ਪਾਜ਼ੀਟਿਵ” ਆਇਆ ਸੀ।ਬਾਅਦ ਵਿੱਚ ਨਮੂਨੇ ਨੂੰ ਭੇਜਿਆ ਗਿਆ, ਜਿੱਥੇ ਜਾਂਚ ਦੌਰਾਨ “ਐਂਡੀਜ਼ ਸਟ੍ਰੇਨ” ਹੰਟਾਵਾਇਰਸ ਦੀ ਪੁਸ਼ਟੀ ਹੋਈ। ਸਿਹਤ ਏਜੰਸੀ ਨੇ ਦੱਸਿਆ ਕਿ ਸੰਕਰਮਿਤ ਵਿਅਕਤੀ ਦੇ ਯਾਤਰਾ ਸਾਥੀ ਦਾ ਟੈਸਟ ਨੈਗੇਟਿਵ ਆਇਆ ਹੈ। ਇਸ ਵੇਲੇ ਤੱਕ ਹੋਰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਫੈਡਰਲ ਏਜੰਸੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉੱਚ ਖਤਰੇ ਵਾਲਾ ਸੰਪਰਕ ਮੰਨਿਆ ਗਿਆ ਹੈ, ਉਹ ਇਕਾਂਤਵਾਸ ਵਿੱਚ ਹਨ ਅਤੇ ਸਥਾਨਕ ਸਿਹਤ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਨਿਗਰਾਨੀ ਜਾਰੀ ਹੈ। ਹੰਟਾਵਾਇਰਸ ਇੱਕ ਦੁਰਲੱਭ ਪਰ ਗੰਭੀਰ ਬਿਮਾਰੀ ਹੈ ਜੋ ਆਮ ਤੌਰ ’ਤੇ ਚੂਹਿਆਂ ਦੇ ਸੰਪਰਕ ਰਾਹੀਂ ਫੈਲਦੀ ਹੈ ਅਤੇ ਇਹ ਮਨੁੱਖਾਂ ਵਿੱਚ ਗੰਭੀਰ ਸਾਹ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਇਰਾਨ ਦੀ ਇਕ ਮੀਡੀਆ ਏਜੰਸੀ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਇਰਾਨ ਨਾਲ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਲਈ ਪੰਜ ਵੱਡੀਆਂ ਸ਼ਰਤਾਂ ਰੱਖੀਆਂ ਹਨ। ਇਰਾਨ ਦੀ ਇਕ ਮੀਡੀਆ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਇਰਾਨ ਨੂੰ ਬੰਬਾਰੀ ਨਾਲ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦੇਵੇਗਾ। ਨਾਲ ਹੀ ਮੰਗ ਕੀਤੀ ਹੈ ਕਿ ਇਰਾਨ ਆਪਣੇ 400 ਕਿਲੋਗਰਾਮ ਐਨਰਿਚਡ  ਯੂਰੇਨੀਅਮ ਅਮਰੀਕਾ ਨੂੰ ਸੌਂਪੇ। ਇਸੇ ਤਰ੍ਹਾਂ ਅਮਰੀਕਾ ਦੀ ਇਕ ਸ਼ਰਤ ਹੋਰ ਦੱਸੀ ਗਈ ਹੈ ਕਿ ਇਰਾਨ ਵਿਚ ਸਿਰਫ ਇਕ ਪ੍ਰਮਾਣੂ ਸੈਂਟਰ ਹੀ ਚਾਲੂ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਮਰੀਕਾ, ਇਰਾਨ ਦੀ ਫਰੀਜ਼ ਹੋਈ ਵਿਦੇਸ਼ੀ ਸੰਪਤੀ ਵਿਚੋਂ 25 ਫੀਸਦੀ ਤੋਂ ਜ਼ਿਆਦਾ ਰਕਮ ਜਾਰੀ ਕਰਨ ਦੇ ਪੱਖ ਵਿਚ ਨਹੀਂ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਾਸ਼ਿੰਗਟਨ ਚਾਹੁੰਦਾ ਹੈ ਕਿ ਲਿਬਨਾਨ ਸਣੇ ਸਾਰੇ ਮੋਰਚਿਆਂ ’ਤੇ ਯੁੱਧ ਖਤਮ ਕਰਨ ਦਾ ਮੁੱਦਾ ਗੱਲਬਾਤ ਦੇ ਜ਼ਰੀਏ ਹੱਲ ਕੀਤਾ ਜਾਵੇ। ਹਾਲਾਂਕਿ ਇਨ੍ਹਾਂ ਸ਼ਰਤਾਂ ’ਤੇ ਅਮਰੀਕਾ ਜਾਂ ਇਰਾਨ ਵਲੋਂ ਕੋਈ ਵੀ ਅਧਿਕਾਰਕਤ ਪੁਸ਼ਟੀ ਨਹੀਂ ਕੀਤੀ ਗਈ ਹੈ।  

ਪੀਐਮ ਨਰਿੰਦਰ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਨਾਲ ਕੀਤੀ ਬੈਠਕ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਏਈ ਦੌਰੇ ’ਤੇ ਪਹੁੰਚੇ ਹਨ। ਇਸੇ ਦੌਰਾਨ ਆਬੂਧਾਬੀ ਪਹੁੰਚਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਗਾਰਡ ਆਫ ਆਨਰ’ ਨਾਲ ਸਵਾਗਤ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਯੂਏਈ ਏਅਰਫੋਰਸ  ਦੇ ਐਫ-16 ਫਾਈਟਰ ਜਹਾਜ਼ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਐਸਕਾਰਟ ਕੀਤਾ। ਪ੍ਰਧਾਨ ਮੰਤਰੀ ਮੋਦੀ ਅਤੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਵਿਚਾਲੇ ਦੋਪੱਖੀ ਬੈਠਕ ਹੋਈ ਹੈ। ਇਸਦੇ ਚੱਲਦਿਆਂ ਭਾਰਤ ਅਤੇ ਯੂਏਈ ਵਿਚਾਲੇ ਐਲਪੀਜੀ ਨੂੰ ਲੈ ਕੇ ਅਹਿਮ ਸਮਝੌਤਾ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਮਝੌਤਿਆਂ ’ਤੇ ਦਸਤਖਤ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਦੋਵਾਂ ਆਗੂਆਂ ਨੇ ਊਰਜਾ ਸੁਰੱਖਿਆ, ਵਪਾਰ, ਨਿਵੇਸ਼ ਅਤੇ ਪੱਛਮੀ ਏਸ਼ੀਆ ਦੇ ਹਾਲਾਤ ’ਤੇ ਵੀ ਚਰਚਾ ਕੀਤੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.