Wednesday, 10 June 2026

ਮੰਤਰੀ ਨੇ ਪਰਵਾਸੀ ਪੰਜਾਬੀਆਂ ਦੇ ਮਸਲੇ ਤੁਰੰਤ ਹੱਲ ਕਰਨ ਦਾ ਦਿੱਤਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਕਰਵਾਈ ਗਈ ਆਨਲਾਈਨ ਐਨ.ਆਰ.ਆਈ. ਮਿਲਣੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਸਰਕਾਰ ਦੇ ਐਨ.ਆਰ.ਆਈ. ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਆਨਲਾਈਨ ਲਾਈਵ ਕਾਨਫਰੰਸ ਵਿਚ ਇੰਗਲੈਂਡ, ਕੈਨੈਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਪੰਜਾਬੀ ਐਨ.ਆਰ.ਆਈਜ਼ ਨੇ ਆਪਣੀਆਂ ਮੁਸ਼ਕਲਾਂ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ। ਇਸ ਆਨਲਾਈਨ ਐਨ.ਆਰ.ਆਈ. ਮਿਲਣੀ ਦੌਰਾਨ ਕਰੀਬ 16 ਐਨ.ਆਰ.ਆਈ. ਪੰਜਾਬੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿਚ ਜ਼ਮੀਨੀ ਵਿਵਾਦ ਅਤੇ ਪਰਿਵਾਰਕ ਮਾਮਲੇ ਮੁੱਖ ਤੌਰ ’ਤੇ ਸ਼ਾਮਲ ਹਨ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਉੱਚ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ। ਉਨ੍ਹਾਂ ਨੇ ਐਨ.ਆਰ.ਆਈਜ਼ ਦੀਆਂ ਗੱਲਾਂ ਧਿਆਨ ਨਾਲ ਸੁਣਦਿਆਂ ਹਰੇਕ ਮਾਮਲੇ ਨੂੰ ਗੰਭੀਰਤਾ ਨਾਲ ਨੋਟ ਕੀਤਾ ਅਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਅਮਰੀਕਾ ਅਤੇ ਚੀਨ ਦੇ ਰਿਸ਼ਤੇ ਪਹਿਲਾਂ ਨਾਲੋਂ ਬਿਹਤਰ ਹੋਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜਿੰਗ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਹੈ। ਬੀਜਿੰਗ ਦੇ ‘ਗਰੇਟ ਹਾਲ ਆਫ ਦ ਪੀਪਲ’ ਵਿਚ ਜਿਨਪਿੰਗ ਨੇ ਟਰੰਪ ਦਾ ਸਵਾਗਤ ਕੀਤਾ। ਇਸ ਦੌਰਾਨ ਡੋਨਾਲਡ ਟਰੰਪ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ ਅਤੇ ਦੋਵਾਂ ਨੇਤਾਵਾਂ ਨੇ ਹੱਥ ਵੀ ਮਿਲਾਇਆ। ਇਨ੍ਹਾਂ ਦੋਵੇਂ ਨੇਤਾਵਾਂ ਵਿਚ ਕਰੀਬ 2 ਘੰਟੇ ਮੀਟਿੰਗ ਚੱਲੀ। ਇਸ ਮੀਟਿੰਗ ਦੀ ਸ਼ੁਰੂਆਤ ਵਿਚ ਜਿਨਪਿੰਗ ਨੇ ਕਿਹਾ ਕਿ ਪੂਰੀ ਦੁਨੀਆ ਨੇ ਇਸ ਬੈਠਕ ’ਤੇ ਨਜ਼ਰ ਰੱਖੀ ਹੋਈ ਸੀ। ਉਨ੍ਹਾਂ ਕਿਹਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਅਮਰੀਕਾ-ਚੀਨ ਰਿਸ਼ਤੇ ਵਿਸ਼ਵ ਸਥਿਰਤਾ ਲਈ ਅਹਿਮ ਹਨ। ਜਿਨਪਿੰਗ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਵਿਰੋਧੀ ਨਹੀਂ, ਸਗੋਂ ਭਾਈਵਾਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਵਾਰ-ਵਾਰ ਸਾਬਿਤ ਹੋਇਆ ਹੈ ਕਿ ਟਰੇਡ ਵਾਰ ਵਿਚ ਕੋਈ ਜਿੱਤਦਾ ਨਹੀਂ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਨਪਿੰਗ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਤੁਹਾਡਾ ਦੋਸਤ ਹੋਣਾ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਪਹਿਲਾਂ ਨਾਲੋਂ ਬਿਹਤਰ ਹੋਣ ਵਾਲੇ ਹਨ। ਟਰੰਪ ਨੇ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਆਗੂਆਂ ਨੂੰ ਆਪਣੇ ਨਾਲ ਲੈ ਕੇ ਚੀਨ ਪਹੁੰਚੇ ਹਨ।

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਨਾਲ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਲਈ ਪੈਟਰੋਲ ’ਤੇ ਲੱਗਣ ਵਾਲਾ ਸੰਘੀ ਟੈਕਸ ਹਟਾਉਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਰਾਸ਼ਟਰਪਤੀ ਇਹ ਫ਼ੈਸਲਾ ਆਪਣੇ ਤੌਰ ’ਤੇ ਲਾਗੂ ਨਹੀਂ ਕਰ ਸਕਦੇ, ਇਸ ਲਈ ਮੁਲਕ ਦੀ ਸੰਸਦ (ਕਾਂਗਰਸ) ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮੱਰਾ ਦੇ ਕੰਮਾਂ ਲਈ ਵਾਹਨਾਂ ’ਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ (3 ਡਾਲਰ) ਨਾਲੋਂ ਤਕਰੀਬਨ ਪੰਜਾਹ ਫੀਸਦੀ ਵੱਧ ਹੈੈ ਇਸ ਵੇਲੇ ਪੈਟਰੋਲ ’ਤੇ 18.4 ਸੈਂਟ ਅਤੇ ਡੀਜ਼ਲ ’ਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ? ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟ ਛੋਟੀ ਜਾਪਦੀ ਹੈ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਇਹ ਮਦਦਗਾਰ ਸਾਬਤ ਹੋਵੇਗੀ।

 

 

ਕਿਹਾ : ਸਾਨੂੰ ਇਰਾਨ ਦੀ ਪੇਸ਼ਕਸ਼ ਬਿਲਕੁਲ ਵੀ ਪਸੰਦ ਨਹੀਂ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੀ ਨਵੀਂ ਸ਼ਾਂਤੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਮੈਂ ਇਰਾਨ ਦੇ ਪ੍ਰਤੀਨਿਧੀਆਂ ਦਾ ਜਵਾਬ ਪੜ੍ਹਿਆ ਹੈ ਅਤੇ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ। ਟਰੰਪ ਨੇ ਕਿਹਾ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਟਰੰਪ ਨੇ ਇਰਾਨ ’ਤੇ ਖੇਡਾਂ ਖੇਡਣ ਦਾ ਇਲਜ਼ਾਮ ਵੀ ਲਗਾਇਆ ਸੀ। ਇਰਾਨ ਦੇ ਸਰਕਾਰੀ ਮੀਡੀਆ ਮੁਤਾਬਕ, ਤਹਿਰਾਨ ਨੇ ਲੰਘੇ ਕੱਲ੍ਹ ਐਤਵਾਰ ਨੂੰ ਪਾਕਿਸਤਾਨ ਦੇ ਜ਼ਰੀਏ ਅਮਰੀਕਾ ਨੂੰ ਆਪਣੀ ਨਵੀਂ ਪੇਸ਼ਕਸ਼ ਭੇਜੀ ਸੀ। ਰਿਪੋਰਟ ਦੇ ਮੁਤਾਬਕ ਇਸ ਪੇਸ਼ਕਸ਼ ਵਿਚ ਜੰਗ ਨੂੰ ਖਤਮ ਕਰਨ, ਫਾਰਸ ਦੀ ਖਾੜ੍ਹੀ ਅਤੇ ਹੋਰਮੁਜ਼ ਸਟਰੇਟ ਵਿਚ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ, ਪਾਬੰਦੀਆਂ ਹਟਾਉਣ ਅਤੇ ਪ੍ਰਮਾਣੂ ਪ੍ਰੋਗਰਾਮ ’ਤੇ ਗੱਲਬਾਤ ਕਰਨ ਦੀ ਮੰਗ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ 28 ਫਰਵਰੀ ਤੋਂ ਸ਼ੁਰੂ ਹੋਈ ਇਸ ਜੰਗ ਕਾਰਨ ਤੇਲ ਦੀ ਵਿਸ਼ਵਵਿਆਪੀ ਸਪਲਾਈ ਪ੍ਰਭਾਵਿਤ ਹੋਈ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.