Wednesday, 10 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਅਤੇ ਓਮਾਨ ਹੋਰਮੁਜ਼ ਸਟਰੇਟ ’ਚੋਂ ਗੁਜਰਨ ਵਾਲੇ ਜਹਾਜ਼ਾਂ ਤੋਂ ਫੀਸ ਵਸੂਲੀ ਦੇ ਸਿਸਟਮ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਅਮਰੀਕਾ ਦੇ ਮੀਡੀਆ ਮੁਤਾਬਕ ਇਰਾਨ ਦੀ ਨਵੀਂ ਬਣਾਈ ਗਈ ‘ਪਰਸੀਅਨ ਗਲਫ ਸਟਰੇਟ ਅਥਾਰਿਟੀ’ ਨੇ ਕਿਹਾ ਕਿ ਉਸਨੇ ਹੋਰਮੁਜ਼ ਸਟਰੇਟ ਦੇ ‘ਮੈਨੇਜਮੈਂਟ ਸੁਪਰਵਿਜ਼ਨ ਏਰੀਆ’ ਦੀ ਸੀਮਾ ਤੈਅ ਕਰ ਦਿੱਤੀ ਹੈ। ਅਥਾਰਿਟੀ ਦੇ ਮੁਤਾਬਕ, ਇੱਥੇ ਗੁਜ਼ਰਨ ਦੇ ਲਈ ਪਰਮਿਟ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਲੰਘੇ ਫਰਵਰੀ ਮਹੀਨੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਰਾਨ ਨੇ ਹੋਰਮੁਜ਼ ਸਟਰੇਟ ਵਿਚ ਕਮਰਸ਼ੀਅਲ ਟਰੈਫਿਕ ਰੋਕ ਦਿੱਤਾ ਸੀ। ਇਸ ਨਾਲ ਅੰਤਰਰਾਸ਼ਟਰੀ ਸ਼ਿਪਿੰਗ ਪ੍ਰਭਾਵਿਤ ਹੋਈ ਅਤੇ ਊਰਜਾ ਕੀਮਤਾਂ ਵਿਚ ਤੇਜ਼ੀ ਆਈ। ਇਸ ਤੋਂ ਬਾਅਦ ਇਰਾਨੀ ਅਧਿਕਾਰੀਆਂ ਨੇ ਇਸ ਜਲਮਾਰਗ ਜ਼ਰੀਏ ਮਾਲੀਆ ਇਕੱਠਾ ਕਰਨ ਦੇ ਲਈ ਚਰਚਾ ਕੀਤੀ ਸੀ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹੋਰਮੁਜ਼ ਸਟਰੇਟ ਅੰਤਰਰਾਸ਼ਟਰੀ ਜਲਮਾਰਗ ਹੈ ਅਤੇ ਇਥੇ ਕਿਸੇ ਤਰ੍ਹਾਂ ਦਾ ਟੋਲ ਨਹੀਂ ਹੋਣਾ ਚਾਹੀਦਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਵੀ ਇਰਾਨ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਸਾਨੂੰ ਇਹ ਮਨਜੂਰ ਨਹੀਂ ਹੈ।

ਇਜ਼ਰਾਈਲ ਨੇ ਕਿਹਾ : ਹਮਲਾ ਰੁਕਣਾ ਨਹੀਂ ਚਾਹੀਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਜੰਗ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਮਤਭੇਦ ਸਾਹਮਣੇ ਆ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨੇਤਨਯਾਹੂ ਚਾਹੁੰਦੇ ਹਨ ਕਿ ਇਰਾਨ ’ਤੇ ਹਮਲੇ ਜਾਰੀ ਰਹਿਣ, ਜਦੋਂ ਕਿ ਟਰੰਪ ਫਿਲਹਾਲ ਗੱਲਬਾਤ ਅਤੇ ਡੀਲ ਨੂੰ ਮੌਕਾ ਦੇਣਾ ਚਾਹੁੰਦੇ ਹਨ। ਇਨ੍ਹਾਂ ਦੋਵੇਂ ਆਗੂਆਂ ਵਿਚਾਲੇ ਪਿਛਲੇ ਦਿਨੀਂ ਕਰੀਬ ਇਕ ਘੰਟਾ ਫੋਨ ’ਤੇ ਗੱਲਬਾਤ ਹੋਈ ਹੈ। ਇਸ ਸਬੰਧੀ ਅਮਰੀਕੀ ਅਧਿਕਾਰੀ ਦਾ ਕਹਿਣਾ ਸੀ ਕਿ ਨੇਤਨਯਾਹੂ ਨੇ ਕਿਹਾ ਹੈ ਕਿ ਇਰਾਨ ’ਤੇ ਹਮਲੇ ਰੋਕਣਾ ਗਲਤੀ ਹੈ ਅਤੇ ਫੌਜੀ ਕਾਰਵਾਈ ਜਾਰੀ ਰਹਿਣੀ ਚਾਹੀਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਲੰਘੇ ਐਤਵਾਰ ਨੂੰ ਨੇਤਨਯਾਹੂ ਨੂੰ ਦੱਸਿਆ ਸੀ ਕਿ ਅਮਰੀਕਾ ਇਰਾਨ ’ਤੇ ਨਵੇਂ ਟਾਰਗਿਟ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਟਰੰਪ ਨੇ ਐਲਾਨ ਕਰ ਦਿੱਤਾ ਸੀ ਕਿ ਇਰਾਨ ’ਤੇ ਹਮਲਿਆਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਟਰੰਪ ਨੇ ਕਿਹਾ ਕਿ ਕਤਰ, ਸਾਊਦੀ ਅਰਬ ਅਤੇ ਯੂਏਈ ਵਰਗੇ ਖਾੜੀ ਦੇਸ਼ਾਂ ਦੀ ਅਪੀਲ ’ਤੇ ਇਹ ਫੈਸਲਾ ਲਿਆ ਗਿਆ ਹੈ।

ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਮੇਲੋਡੀ ਟੌਫੀ ਗਿਫਟ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਮ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਆਪਣੇ  ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ’ਤੇ ਇਟਲੀ ਪਹੁੰਚੇ। ਮੇਲੋਨੀ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ  ਪ੍ਰਧਾਨ ਮੰਤਰੀ ਮੋਦੀ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਰੋਮ ਵਿਚ ਤੁਹਾਡਾ ਸਵਾਗਤ ਹੈ, ਮੇਰੇ ਦੋਸਤ। ਉਨ੍ਹਾਂ ਨੇ ਕੋਲੋਜ਼ੀਅਮ ਵਿਖੇ ਦੋਵਾਂ ਨੇਤਾਵਾਂ ਦੀ ਇਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ਹੈ। ਪੀਐਮ ਮੋਦੀ ਦਾ ਭਾਰਤੀ ਭਾਈਚਾਰੇ ਨੇ ਰੋਮ ਵਿਚ ਸ਼ਾਨਦਾਰ ਸਵਾਗਤ ਵੀ ਕੀਤਾ। ਇਸ ਮੌਕੇ ਮੋਦੀ ਨੇ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਦੀ ਇਟਲੀ ਯਾਤਰਾ ਨੇ ਉਸ ਸਮੇਂ ਇਕ ਖੁਸ਼ਗਵਾਰ ਮੋੜ ਲੈ ਲਿਆ  ਜਦੋਂ ਉਨ੍ਹਾਂ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ  ਨੂੰ ‘ਮੈਲੋਡੀ’ ਟੌਫੀਆਂ ਦਾ ਇਕ ਪੈਕੇਟ ਤੋਹਫੇ ਵਜੋਂ ਦਿੱਤਾ। ਇਹ ਦੋਵੇਂ ਪ੍ਰਧਾਨ ਮੰਤਰੀ ਰੋਮ ਦੀਆਂ ਸੜਕਾਂ ’ਤੇ ਇਕ ਹੀ ਕਾਰ ਵਿਚ ਘੁੰਮੇ ਅਤੇ ਕਰੀਬ 2 ਹਜ਼ਾਰ ਸਾਲ ਪੁਰਾਣੇ ਇਤਿਹਾਸਕ ਕੋਲੋਜ਼ੀਅਮ ਦਾ ਦੌਰਾ ਵੀ ਕੀਤਾ। 

ਮੈਲਬਰਨ/ਬਿਊਰੋ ਨਿਊਜ਼
ਆਸਟਰੇਲੀਆ ਸਰਕਾਰ ਨੇ ਦੇਸ਼ ਦੇ ਸਿੱਖਿਆ ਢਾਂਚੇ ਨੂੰ ਸਾਫ-ਸੁਥਰਾ ਬਣਾਉਣ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਨਿੱਜੀ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਕਾਲਜਾਂ ’ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਅਤੇ ਸਖ਼ਤ ਨਿਯਮਾਂ ਤਹਿਤ ਕਈ ਨਵੇਂ ਨਿੱਜੀ ਕਾਲਜਾਂ ਅਤੇ ਅੰਗਰੇਜ਼ੀ ਭਾਸ਼ਾ ਸੰਸਥਾਵਾਂ ਦੇ ਅਗਲੇ 12 ਮਹੀਨਿਆਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਕਰਨ ਅਤੇ ਨਵੇਂ ਕੋਰਸ ਸ਼ੁਰੂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਦਾ ਇਹ ਵੱਡਾ ਕਦਮ ਫ਼ਰਜ਼ੀ ਕਾਲਜਾਂ, ਵੀਜ਼ਾ ਨਿਯਮਾਂ ਦੀ ਉਲੰਘਣਾ ਅਤੇ ਘੱਟ ਮਿਆਰੀ ਸਿੱਖਿਆ ਸੰਸਥਾਵਾਂ ’ਤੇ ਸਖਤੀ ਲਈ ਚੁੱਕਿਆ ਗਿਆ ਹੈ। ਸਰਕਾਰ ਦੇ ਇਸ ਅਹਿਮ ਫੈਸਲੇ ਤੋਂ ਬਾਅਦ ਹੁਣ ਆਸਟਰੇਲੀਅਨ ਸਕਿੱਲਜ਼ ਕੁਆਲਿਟੀ ਅਥਾਰਟੀ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ ਅਤੇ ਇਸ ਵੇਲੇ ਚੱਲ ਰਹੇ ਨਿੱਜੀ ਕਾਲਜਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਵਿਸ਼ੇਸ਼ ਪੜਤਾਲ ਤਹਿਤ ਵਿਦਿਆਰਥੀਆਂ ਦੀ ਹਾਜ਼ਰੀ, ਅਸਲ ਦਾਖਲੇ, ਪੜ੍ਹਾਈ ਦੇ ਮਿਆਰ, ਸਿੱਖਿਆ ਏਜੰਟਾਂ ਦੇ ਕੰਮਕਾਜ ਅਤੇ ਕਾਲਜਾਂ ਦੇ ਵਿੱਤੀ ਰਿਕਾਰਡ ਦੀ ਸਖ਼ਤ ਆਡਿਟਿੰਗ ਕੀਤੀ ਜਾਵੇਗੀ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.