Sunday, 19 April 2026

ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਵੀ ਹੋਈ ਸਰਗਰਮ

ਤਰਨਤਾਰਨ/ਬਿਊਰੋ ਨਿਊਜ਼

ਵਿਧਾਨ ਸਭਾ ਹਲਕਾ ਤਰਨਤਾਰਨ ’ਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੀ ਸਰਗਰਮ ਹੋ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਇੰਚਾਰਜ ਨਿਯੁਕਤ ਕੀਤਾ ਹੈ। ਧਿਆਨ ਰਹੇ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਇਸ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਹਰਜੀਤ ਸਿੰਘ ਸੰਧੂ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਇਸੇ ਦੌਰਾਨ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਅਜੇ ਤੱਕ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਤਾਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਸੀ, ਜਿਸ ਕਰਕੇ ਇਹ ਸੀਟ ਖਾਲੀ ਹੋ ਗਈ ਸੀ ਅਤੇ ਹੁਣ ਇਸ ਸੀਟ ’ਤੇ ਜ਼ਿਮਨੀ ਚੋਣ ਹੋਣੀ ਹੈ।

ਕਥਾਵਾਚਕ ਤੇ ਸੇਵਾਦਾਰ ਮੁਅੱਤਲ, ਆਰਜ਼ੀ ਗ੍ਰੰਥੀ ਦੀਆਂ ਸੇਵਾਵਾਂ ਵੀ ਸਮਾਪਤ

ਅੰਮਿ੍ਰਤਸਰ/ਬਿਊਰੋ ਨਿਊਜ਼

ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਪਹੁੰਚਣ ਮੌਕੇ ਗੁਰਦੁਆਰਾ ਸਾਹਿਬ ਅੰਦਰ ਹੋਈ ਮਰਯਾਦਾ ਦੀ ਉਲੰਘਣਾ ਕਰਕੇ 4 ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਲੰਘੇ ਦਿਨੀਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਰਾਹੁਲ ਗਾਂਧੀ ਦੇ ਆਉਣ ਸਮੇਂ ਹੋਈ ਮਰਯਾਦਾ ਦੀ ਉਲੰਘਣਾ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਪੜਤਾਲ ਕਰਵਾਈ ਗਈ ਸੀ। ਪੜਤਾਲ ਰਿਪੋਰਟ ਅੱਜ ਮਿਲਣ ਮਗਰੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਵਿਚ ਕਥਾਵਾਚਕ ਪਲਵਿੰਦਰ ਸਿੰਘ ਤੇ ਸੇਵਾਦਾਰ ਹਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਇਵਜ਼ੀ ਤੌਰ ’ਤੇ ਸੇਵਾ ਨਿਭਾਅ ਰਹੇ ਗ੍ਰੰਥੀ ਕੁਲਵਿੰਦਰ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਮੈਨੇਜਰ ਪ੍ਰਗਟ ਸਿੰਘ ਨੂੰ ਚੇਤਾਵਨੀ ਦਿੰਦਿਆਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਪੁਲਿਸ ਵਲੋਂ 39 ਵਿਅਕਤੀਆਂ ਨੂੰ ਕੀਤਾ ਗਿਆ ਗਿ੍ਰਫਤਾਰ

ਫਗਵਾੜਾ/ਬਿਊਰੋ ਨਿਊਜ਼

ਫਗਵਾੜਾ ਪੁਲਿਸ ਨੇ ਵੱਡੇ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਫਗਵਾੜਾ ’ਚ ਪਲਾਹੀ ਰੋਡ ’ਤੇ ਇਕ ਹੋਟਲ ਵਿਚ ਚੱਲ ਰਹੇ ਇਸ ਗੈਰਕਾਨੂੰਨੀ ਰੈਕੇਟ ’ਤੇ ਛਾਪਾ ਮਾਰਿਆ ਅਤੇ 39 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ 40 ਲੈਪਟਾਪ, 67 ਮੋਬਾਇਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਵੱਡੇ ਨੈਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਗਿਰੋਹ ਵਿਦੇਸ਼ਾਂ ਦੇ ਲੋਕਾਂ ਨਾਲ ਸਾਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ’ਤੇ ਧੋਖਾਧੜੀ ਕਰ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਧਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਲਈ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼

ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਵਿਚ ਮੁੱਖ ਬੁਲਾਰੇ ਤੇ ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਬੁਲਾਰੇ ਸਿਆਸੀ ਖੇਤਰ ਅਤੇ ਧਾਰਮਿਕ ਖੇਤਰ ਲਈ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ’ਤੇ ਦਫਤਰ ਤੋਂ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਹੋਣਗੇ। ਇਸੇ ਤਰ੍ਹਾਂ ਟੀ.ਵੀ. ਡਿਬੇਟਾਂ ਲਈ ਵੀ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਕਿ ਪਾਰਟੀ ਦਾ ਪੱਖ ਰੱਖਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੁਲਾਰਿਆਂ ਦੀ ਜਲਦੀ ਹੀ ਦੋ ਦਿਨਾ ਵਰਕਸ਼ਾਪ ਵੀ ਲਗਾਈ ਜਾਵੇਗੀ।

ਦਲ ਖਾਲਸਾ ਵਲੋਂ ਵੀ 21 ਸਤੰਬਰ ਨੂੰ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ ‘ਪੰਜਾਬ ਸੰਮੇਲਨ’

ਚੰਡੀਗੜ੍ਹ/ਬਿਊਰੋ ਨਿਊਜ਼

ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਉਂਦੀ 25 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਟੇਟ ਜਨਰਲ ਡੈਲੀਗੇਟ ਇਜਲਾਸ ਸੱਦਿਆ ਹੈ। ਇਸ ਡੈਲੀਗੇਟ ਇਜਲਾਸ ਵਿਚ ਜਿੱਥੇ ਅਗਲੇ ਪੋ੍ਰਗਰਾਮ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਹੋਵੇਗੀ, ਉਥੇ ਹੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਸਿੱਖ ਜਥੇਬੰਦੀ ਦਲ ਖਾਲਸਾ ਵਲੋਂ ਵੀ ਪੰਜਾਬ ਅਤੇ ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦੇ ਸਬੰਧ ਵਿਚ ਵਿਚਾਰ-ਚਰਚਾ ਕਰਨ ਲਈ 21 ਸਤੰਬਰ ਨੂੰ ਜਲੰਧਰ ਵਿਖੇ ਪੰਜਾਬ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਲ ਖਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਵਲੋਂ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ’ਤੇ ਰੋਕ ਨਹੀਂ ਲਗਾਉਣੀ ਚਾਹੀਦੀ, ਬਲਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਵੀ ਤੁਰੰਤ ਖੋਲ੍ਹਣਾ ਚਾਹੀਦਾ ਹੈ। 

ਬਿਆਸ ਦਰਿਆ ਕਿਨਾਰੇ ਵਸੇ ਕਿਸਾਨਾਂ ਦੀਆਂ ਚਿੰਤਾਵਾਂ ਫਿਰ ਵਧੀਆਂ

ਮੁਕੇਰੀਆਂ/ਬਿਊਰੋ ਨਿਊਜ਼

ਪੌਂਗ ਡੈਮ ਵਿਚ ਵਧਦੇ ਜਾ ਰਹੇ ਪਾਣੀ ਦੇ ਪੱਧਰ ਨੇ ਕਿਸਾਨਾਂ ਦੀਆਂ ਚਿੰਤਾਵਾਂ ਮੁੜ ਵਧਾ ਦਿੱਤੀਆਂ ਹਨ। ਡੈਮ ’ਚੋਂ ਪਹਿਲਾਂ ਹੀ ਛੱਡਿਆ ਜਾ ਰਿਹਾ ਪਾਣੀ ਕਿਸਾਨਾਂ ਦੀਆਂ ਫਸਲਾਂ ਡੋਬ ਰਿਹਾ ਹੈ। ਧਿਆਨ ਰਹੇ ਕਿ ਪਿਛਲੇ ਦਿਨ ਪੌਂਗ ਡੈਮ ਵਿਚ ਪਾਣੀ ਦੀ ਆਮਦ ਵਿਚ ਵੱਡੇ ਪੱਧਰ ’ਤੇ ਵਾਧਾ ਹੋਇਆ ਸੀ ਅਤੇ ਅੱਜ ਪਾਣੀ ਦਾ ਪੱਧਰ 1395 ਫੁੱਟ ਨੂੰ ਪਾਰ ਕਰ ਗਿਆ ਹੈ ਅਤੇ ਇਹ ਵਾਧਾ ਲਗਾਤਾਰ ਜਾਰੀ ਹੈ। ਇਸ ਨੂੰ ਦੇਖਦਿਆਂ ਮੁਕੇਰੀਆਂ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਹੜ੍ਹ ਕਾਰਨ ਬਿਆਸ ਦਰਿਆ ਕਿਨਾਰੇ ਜ਼ਮੀਨਾਂ ਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਪਹਿਲਾਂ ਹੀ ਫਸਲਾਂ ਦਾ ਨੁਕਸਾਨ ਝੱਲ ਚੁੱਕੇ ਕਿਸਾਨਾਂ ਨੂੰ ਅਗਲੀ ਫਸਲ ਤੋਂ ਵੀ ਵਾਂਝਾ ਰਹਿਣਾ ਪੈ ਸਕਦਾ ਹੈ।

ਹੜ੍ਹ ਪੀੜਤਾਂ ਦੀ ਮੱਦਦ ਲਈ ਸ਼ੋ੍ਰਮਣੀ ਕਮੇਟੀ ਨੇ ਰੱਖਿਆ ਹੈ 20 ਕਰੋੜ ਰੁਪਏ ਦਾ ਬਜਟ

ਅੰਮਿ੍ਰਤਸਰ/ਬਿਊਰੋ ਨਿਊਜ਼ 

ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮੱਦਦ ਲਈ ਸ਼ੋ੍ਰਮਣੀ ਕਮੇਟੀ ਵਲੋਂ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਬਜਟ ਵਿਚੋਂ ਹੜ੍ਹ ਪੀੜਤ ਕਿਸਾਨਾਂ ਨੂੰ 8 ਲੱਖ ਲੀਟਰ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ। ਇਸਦੇ ਚੱਲਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਹੱਦੀ ਖੇਤਰ ਦੇ ਪਿੰਡ ਮਹਿੰਦੀਪੁਰ ਵਿਖੇ ਕਿਸਾਨਾਂ ਦੇ ਟਰੈਕਟਰਾਂ ਵਿਚ 6 ਹਜ਼ਾਰ ਲੀਟਰ ਡੀਜ਼ਲ ਆਪਣੇ ਹੱਥੀਂ ਪਾਇਆ ਹੈ। ਇਸ ਮੌਕੇ ਧਾਮੀ ਨੇ ਕਿਹਾ ਕਿ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੀ ਸਰਹੱਦ ਵਿਚ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੀ ਆਪਣੀ ਫਸਲ ਵਿਚੋਂ ਹਰ ਸੀਜ਼ਨ ਵਿਚ ਕਣਕ ਤੇ ਝੋਨਾ ਭੇਜ ਕੇ ਸ਼ੋ੍ਰਮਣੀ ਕਮੇਟੀ ਦੀ ਮੱਦਦ ਕਰਦੇ ਆ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਹੁਣ ਸ਼ੋ੍ਰਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇ।

ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ, ਦੋਸ਼ੀਆਂ ਖਿਲਾਫ ਹੋਵੇਗੀ ਕਾਰਵਾਈ

ਅੰਮਿ੍ਰਤਸਰ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਲੰਘੇ ਕੱਲ੍ਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਪਹੁੰਚੇ ਸਨ। ਇਸੇ ਦੌਰਾਨ ਰਾਹੁਲ ਗਾਂਧੀ ਨੇ ਰਮਦਾਸ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਮਾਮਲਾ ਹੁਣ ਹੌਲੀ-ਹੌਲੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸੇ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਧਾਮੀ ਨੇ ਕਿਹਾ ਕਿ ਅੰਤਿ੍ਰੰਗ ਕਮੇਟੀ ਵਲੋਂ ਕੀਤੇ ਗਏ ਫੈਸਲੇ ਮੁਤਾਬਕ ਗੁਰਦੁਆਰਾ ਸਾਹਿਬਾਨਾਂ ਦੇ ਦਰਬਾਰ ਸਾਹਿਬ ਅੰਦਰ ਸਿਆਸੀ ਸਖਸ਼ੀਅਤਾਂ ਨੂੰ ਸਿਰੋਪਾ ਦੇਣ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਦੋਸ਼ੀ ਕਾਂਗਰਸ ਪਾਰਟੀ ਦੇ ਆਗੂ ਅਤੇ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਗਾਂਧੀ ਨੂੰ ਗੁਰਦੁਆਰਾ ਸਾਹਿਬ ਤੋਂ ਸਿਰੋਪਾ ਦੇਣਾ ਤਾਂ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ।  

ਸੀਐਮ ਭਗਵੰਤ ਮਾਨ ਨੇ ਕਿਹਾ - ਸਾਰੇ ਪੰਜਾਬੀ ਇਕ-ਦੂਜੇ ਦੀ ਮੱਦਦ ਲਈ ਅੱਗੇ ਆਉਣ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ‘ਮਿਸ਼ਨ ਚੜ੍ਹਦੀ ਕਲਾ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਈ ਹੁਣ ਮੁਸ਼ਕਲ ਦੀ ਘੜੀ ਹੈ, ਪਰ ਪੰਜਾਬ ਨੇ ਕਦੇ ਵੀ ਕਿਸੇ ਮੁਸੀਬਤ ਸਾਹਮਣੇ ਆਪਣਾ ਸਿਰ ਨਹੀਂ ਝੁਕਾਇਆ ਹੈ। ਸੀਐਮ ਮਾਨ ਨੇ ਕਿਹਾ ਕਿ ਸਾਰੇ ਪੰਜਾਬੀ ਮਿਲ ਕੇ ਇਕ-ਦੂਜੇ ਦੀ ਮੱਦਦ ਲਈ ਅੱਗੇ ਆਉਣ। ਇਸਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਪੰਜਾਬ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਰਾਹਤ ਕਾਰਜਾਂ ਵਿਚ ਅੱਗੇ ਵਧਣ ਦਾ ਸਮਾਂ ਹੈ ਅਤੇ ਪੰਜਾਬ ਹਰ ਮੁਸੀਬਤ ਦੇ ਸਾਹਮਣੇ ਹਿੱਕ ਡਾਹ ਕੇ ਖੜ੍ਹਾ ਹੁੰਦਾ ਹੈ। ਮੁੱਖ ਮੰਤਰੀ ਨੇ ‘ਮਿਸ਼ਨ ਚੜ੍ਹਦੀ ਕਲਾ’ ਵਿਚ ਖੁੱਲ੍ਹਦਿਲੀ ਨਾਲ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਪਿਛਲੇ ਦਿਨੀਂ ਬਹੁਤ ਹੀ ਭਿਆਨਕ ਦੌਰ ਵਿਚੋਂ ਲੰਘਿਆ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵਲੋਂ ਦਿੱਤਾ ਹੋਇਆ ਇਕ-ਇਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ। ਧਿਆਨ ਰਹੇ ਕਿ ਪਿਛਲੇ ਦਿਨੀਂ ਹੜ੍ਹਾਂ ਕਰਕੇ ਪੰਜਾਬ ਦੇ ਕਈ ਖੇਤਰਾਂ ਵਿਚ ਬਹੁਤ ਨੁਕਸਾਨ ਹੋਇਆ ਹੈ। 

ਹੜ੍ਹ ਪੀੜਤਾਂ ਦੀ ਪਹਿਲਾਂ ਵੀ ਸਹਾਇਤਾ ਕਰ ਰਹੇ ਹਨ ਫਿਲਮੀ ਕਲਾਕਾਰ

ਫਿਰੋਜ਼ਪੁਰ/ਬਿਊਰੋ ਨਿਊਜ਼

ਪੰਜਾਬ ਵਿਚ ਪਿਛਲੇ ਦਿਨੀਂ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਇਸ ਨੁਕਸਾਨ ਦੀ ਭਰਪਾਈ ਕਰਨ ਲਈ ਬਹੁਤ ਸਾਰੇ ਫਿਲਮੀ ਕਲਾਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਹੜ੍ਹ ਪੀੜਤਾਂ ਦੀ ਮੱਦਦ ਕਰ ਰਹੀਆਂ ਹਨ। ਇਸਦੇ ਚੱਲਦਿਆਂ ਫਿਲਮੀ ਅਦਾਕਾਰ ਹੌਬੀ ਧਾਲੀਵਾਲ ਅਤੇ ਕੌਮਾਂਤਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਹੜ੍ਹ ਪੀੜਤਾਂ ਦੀ 200 ਏਕੜ ਜ਼ਮੀਨ ਊਪਜਾਊ ਬਣਾ ਕੇ ਦੇਵੇਗੀ। ਹੌਬੀ ਧਾਲੀਵਾਲ ਅਤੇ ਇਸ ਜਥੇਬੰਦੀ ਨੇ ਫਿਰੋਜ਼ਪੁਰ ਦੇ ਪਿੰਡ ਚੌਂਕੀ ਮਹੰਦੇ ਵਾਲੀ ਵਿਚ 25 ਪਰਿਵਾਰਾਂ ਦੀ 200 ਏਕੜ ਜ਼ਮੀਨ ਨੂੰ ਉਪਜਾਊ ਬਣਾ ਕੇ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਜਥੇਬੰਦੀ ਨੇ ਆਪਣੇ ਮੈਂਬਰਾਂ ਅਤੇ ਹੌਬੀ ਧਾਲੀਵਾਲ ਨਾਲ ਮਿਲ ਕੇ ਫੀਡ, ਚਾਰੇ ਅਤੇ ਰਾਸ਼ਨ ਦੀ ਸੇਵਾ ਕੀਤੀ ਹੈ। ਦੱਸਣਯੋਗ ਹੈ ਕਿ ਬਹੁਤ ਸਾਰੇ ਕਲਾਕਾਰਾਂ ਅਤੇ ਫਿਲਮੀ ਅਦਾਕਾਰਾਂ ਨੇ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਹੈ ਅਤੇ ਹੋਰ ਵੀ ਮੱਦਦ ਕਰ ਰਹੇ ਹਨ।

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਜੀਠੀਆ ਹਨ ਜੇਲ੍ਹ ’ਚ

ਚੰਡੀਗੜ੍ਹ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ’ਚ ਬੰਦ ਹਨ। ਇਸਦੇ ਚੱਲਦਿਆਂ ਮਜੀਠੀਆ ਨੇ ਰੈਗੂਲਰ ਜ਼ਮਾਨਤ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ 14 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਧਿਆਨ ਰਹੇ ਕਿ ਜ਼ਿਲ੍ਹਾ ਅਦਾਲਤ ਵਲੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਮਜੀਠੀਆ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸੇ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 14 ਅਕਤੂਬਰ ਤੱਕ ਜਵਾਬ ਅਤੇ ਮਾਮਲੇ ’ਤੇ ਸਟੇਟਸ ਰਿਪੋਰਟ ਦਾਇਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂੁਨ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਹੀ ਨਾਭਾ ਦੀ ਜੇਲ੍ਹ ਵਿਚ ਬੰਦ ਹਨ।

ਅੰਤਰਰਾਸ਼ਟਰੀ ਯਾਤਰੀਆਂ ਨੂੰ ਹੋਵੇਗਾ ਫਾਇਦਾ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ਦੇ ਏਅਰਪੋਰਟ ਤੋਂ ਹੁਣ ਅੰਤਰਰਾਸ਼ਟਰੀ ਯਾਤਰੀ ਇਮੀਗਰੇਸ਼ਨ ਲਈ ਲੰਬੀਆਂ ਲਾਈਨਾਂ ਤੋਂ ਬਚ ਸਕਣਗੇ। ਹਵਾਈ ਅੱਡੇ ’ਤੇ ਫਾਸਟ ਟਰੈਕ ਇਮੀਗਰੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ ਨੇ ਇਸ ਵਿਸ਼ਵ ਪੱਧਰੀ ਸਹੂਲਤ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ। ਹਵਾਈ ਅੱਡੇ ’ਤੇ ਹੁਣ ਅੱਠ ਆਟੋਮੈਟਿਡ ਈ-ਗੇਟ, ਚਾਰ ਆਗਮਨ ਲਈ ਅਤੇ ਚਾਰ ਰਵਾਨਗੀ ਲਈ ਲਗਾਏ ਗਏ ਹਨ। ਇਸਦੇ ਚੱਲਦਿਆਂ ਯਾਤਰੀ ਹੁਣ ਕੁਝ ਸਕਿੰਟਾਂ ਵਿਚ ਹੀ ਬਾਇਓ ਮੈਟਰਿਕ ਤਸਦੀਕ ਨਾਲ ਇਮੀਗਰੇਸ਼ਨ ਕਲੀਅਰ ਕਰ ਸਕਣਗੇ।  ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਹੈ ਕਿ ਅੰਮਿ੍ਰਤਸਰ ਲਈ ਇਹ ਇਕ ਇਤਿਹਾਸਕ ਕਦਮ ਹੈ। ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਲਈ ਇਮੀਗਰੇਸ਼ਨ ਪ੍ਰਕਿਰਿਆ ਹੋਰ ਤੇਜ਼ ਅਤੇ ਸੁਚਾਰੂ ਹੋਵੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.