Saturday, 18 April 2026

ਡੈਮਾਂ ’ਚੋਂ ਛੱਡੇ ਗਏ ਪਾਣੀ ਦੀ ਨਿਆਇਕ ਜਾਂਚ ਵੀ ਮੰਗੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ’ਤੇ ਆਰੋਪ ਲਗਾਇਆ ਕਿ ਇਸ ਸਰਕਾਰ ਨੇ 12 ਹਜ਼ਾਰ ਕਰੋੜ ਰੁਪਏ ਦੇ ‘ਰਾਜ ਆਫਤ ਰਾਹਤ ਫੰਡ’ ਨੂੰ ਹੜੱਪ ਲਿਆ ਹੈ। ਵੜਿੰਗ ਨੇ ਇਨ੍ਹਾਂ ਫੰਡਾਂ ਦੀ ਸਥਿਤੀ ਬਾਰੇ ਸਰਕਾਰ ਦੀ ਜਵਾਬਦੇਹੀ ਨਿਰਧਾਰਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ ਫੰਡਾਂ ਦੀ ਵਰਤੋਂ ਕਿਤੇ ਹੋਰ ਕੀਤੀ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਨਿਰਾਸ਼ਾ ਵਿਚ ਛੱਡ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਫੰਡਾਂ ਨੂੰ ਡਾਇਵਰਟ ਕਰਨ ਲਈ ਸੂਬਾ ਸਰਕਾਰ ਵਿਰੁੱਧ ਅਪਰਾਧਿਕ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਕਿ ਡੈਮਾਂ ਵਿਚ ਪਾਣੀ ਰੋਕਣ ਅਤੇ ਫਿਰ ਅਚਾਨਕ ਛੱਡਣ ਲਈ ਕੌਣ ਜ਼ਿੰਮੇਵਾਰ ਹੈ। ਵੜਿੰਗ ਨੇ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਵਲੋਂ ਐਲਾਨੇ 1600 ਕਰੋੜ ਰੁਪਏ ਦੇ ਪੈਕੇਜ ਨੂੰ ਮਾਮੂਲੀ ਦੱਸਿਆ ਹੈ। 

ਪਠਾਨਮਾਜਰਾ ਦੇ ‘ਫਰਜ਼ੀ ਮੁਕਾਬਲੇ’ ਦਾ ਜਤਾਇਆ ਖਦਸ਼ਾ

ਚੰਡੀਗੜ੍ਹ/ਬਿਊਰੋ ਨਿਊਜ਼ 

ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ ਵਿਚ ਪਠਾਨਮਾਜਰਾ ਦੀ ਪਤਨੀ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਖਦਸ਼ਾ ਜਤਾਇਆ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਪਤੀ ਦਾ ‘ਫਰਜ਼ੀ ਮੁਕਾਬਲਾ’ ਕਰ ਸਕਦੀ ਹੈ। ਇਸਦੇ ਚੱਲਦਿਆਂ ਮਾਨਯੋਗ ਜੱਜ ਤਿ੍ਰਭੂਵਨ ਦਹੀਆ ਦੀ ਬੈਂਚ ਨੇ ਇਸ ਪਟੀਸ਼ਨ ’ਤੇ ਸੁਣਵਾਈ ਲਈ 23 ਸਤੰਬਰ ਦੀ ਤਰੀਕ ਨਿਰਧਾਰਿਤ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 1 ਸਤੰਬਰ ਨੂੰ  ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਥਾਣੇ ਵਿਚ ਪਠਾਨਮਾਜਰਾ ਖਿਲਾਫ ਬਲਾਤਕਾਰ ਅਤੇ ਹੋਰ ਅਪਰਾਧਾਂ ਲਈ ਕੇਸ ਦਰਜ ਕੀਤਾ ਗਿਆ ਸੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਠਾਨਮਾਜਰਾ ਖਿਲਾਫ ਕਾਰਵਾਈ ਸਿਆਸੀ ਬਦਲਾਖੋਰੀ ਕਰਕੇ ਹੋਈ ਹੈ, ਕਿਉਂਕਿ ਵਿਧਾਇਕ ਨੇ ਹੜ੍ਹਾਂ ਸਬੰਧੀ ਆਪਣੀ ਹੀ ਆਮ ਆਦਮੀ ਪਾਰਟੀ ਵਿਰੁੱਧ ਬਿਆਨ ਦਿੱਤੇ ਸਨ। ਧਿਆਨ ਰਹੇ ਕਿ ਪਠਾਨਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਪਠਾਨਮਾਜਰਾ ਪੁਲਿਸ ਹਿਰਸਾਤ ’ਚੋਂ ਫਰਾਰ ਹੋ ਗਏ ਸਨ।

ਅੰਮਿ੍ਰਤਸਰ/ਬਿਊਰੋ ਨਿਊਜ਼ 

ਨਵੇਂ ਬਣੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਲਈ ਐਲਾਨੀ ਗਈ ਹੈ, ਉਹ ਬਹੁਤ ਘੱਟ ਹੈ। ਅੰਮਿ੍ਰਤਸਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਵਿਅਕਤੀਆਂ ਦੇ ਬੈਂਕ ਖਾਤਿਆਂ ਵਿਚ ਸਹਾਇਤਾ ਰਾਸ਼ੀ ਜਾਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ  ਕੇਂਦਰ ਵਲੋਂ ਭੇਜੀ ਜਾਣ ਵਾਲੀ ਸਹਾਇਤਾ ਰਾਸ਼ੀ ਕਿਤੇ ਸੂਬਾ ਸਰਕਾਰ ਆਪਣੇ ਇਸ਼ਤਿਹਾਰਾਂ ’ਤੇ ਹੀ ਨਾ ਖਰਚ ਦੇਵੇ। ਉਨ੍ਹਾਂ ਪੰਜਾਬ ਵਿਚ ਆਏ ਹੜ੍ਹਾਂ ਨੂੰ ਕੁਦਰਤੀ ਕਰੋਪੀ ਦੇ ਨਾਲ-ਨਾਲ ਲੋਕਾਂ ਵਲੋਂ ਪੈਦਾ ਕੀਤੇ ਹਾਲਾਤ ਦਾ ਖਾਮਿਆਜ਼ਾ ਵੀ ਦੱਸਿਆ। ਉਨ੍ਹਾਂ ਕਿਹਾ ਕਿ ਹਿਮਾਚਲ ’ਚ ਵੱਡੇ ਪੱਧਰ ’ਤੇ ਪਹਾੜਾਂ ਦੀ ਕਟਾਈ ਹੋਈ ਹੈ ਅਤੇ ਕਈ ਹੋਰ ਅਣਅਧਿਕਾਰਤ ਉਸਾਰੀਆਂ ਕੀਤੀਆਂ ਗਈਆਂ, ਜਿਸ ਕਾਰਨ ਇਹ ਕੁਦਰਤੀ ਆਫਤਾਂ ਆਈਆਂ ਹਨ। ਇਸਦੇ ਚੱਲਦਿਆਂ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਆਗੂਆਂ ਵਲੋਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। 

ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ

ਫਰੀਦਕੋਟ/ਬਿਊਰੋ ਨਿਊਜ਼ 

ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਭਾਰੀ ਮਾਤਰਾ ਵਿਚ ਹੈਰੋਇਨ ਜ਼ਬਤ ਕੀਤੀ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 12 ਕਿੱਲੋ 100 ਗਰਾਮ ਹੈਰੋਇਨ ਬਰਾਮਦ ਕੀਤੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਸ ਹੈਰੋਇਨ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕਰਕੇ ਲਿਆਂਦਾ ਗਿਆ ਸੀ। ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਫਰੀਦਕੋਟ ਵਿਚ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਡਾ. ਜੈਨ ਨੇ ਦਾਅਵਾ ਕੀਤਾ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਨੇ ਡਰੋਨ ਰਾਹੀਂ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿਚ ਇਕ ਦਿਨ ’ਚ ਹੈਰੋਇਨ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ਅਤੇ ਇਸ ਮਾਮਲੇ ਵਿਚ ਹੋਰ ਜਾਂਚ ਕੀਤੀ ਜਾ ਰਹੀ ਹੈ।

ਰਾਜਪਾਲ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਵੀ ਕੀਤਾ ਹਵਾਈ ਸਰਵੇਖਣ

ਮੁਹਾਲੀ/ਬਿਊਰੋ ਨਿਊਜ਼ 

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਹਾਲ ਜਾਣਿਆ ਹੈ। ਧਿਆਨ ਰਹੇ ਕਿ ਭਗਵੰਤ ਮਾਨ ਦਾ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸੇ ਦੌਰਾਨ ਰਾਜਪਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਬਾਰੇ ਜਾਣਕਾਰੀ ਪੁੱਛੀ ਸੀ। ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਹਸਪਤਾਲ ਜਾ ਕੇ ਸੀਐਮ ਭਗਵੰਤ ਮਾਨ ਦੀ ਸਿਹਤ ਬਾਰੇ ਪੁੱਛੋ ਅਤੇ ਇਸ ਸਬੰਧੀ ਸਾਨੂੰ ਵੀ ਜਾਣੂ ਕਰਵਾਓ। ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਠੀਕ ਹੈ। ਇਸ ਤੋਂ ਬਾਅਦ ਰਾਜਪਾਲ ਕਟਾਰੀਆ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੀ ਮੱਦਦ ਲਈ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ ਅਤੇ ਰਾਹਤ ਪੈਕੇਜ ਦਾ ਐਲਾਨ ਵੀ ਕੀਤਾ ਸੀ। 

13 ਸਤੰਬਰ ਨੂੰ ਅੰਮਿ੍ਰਤਸਰ ’ਚ ਐਸਜੀਪੀਸੀ ਦੇ ਦਫਤਰ ਵਿਖੇ ਹੋਵੇਗੀ ਮੀਟਿੰਗ

ਅੰਮਿ੍ਰਤਸਰ/ਬਿਊਰੋ ਨਿਊਜ਼

ਪੰਜਾਬ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 13 ਸਤੰਬਰ ਨੂੰ ਦੁਪਹਿਰੇ 12 ਵਜੇ ਇਕ ਮੀਟਿੰਗ ਸੱਦੀ ਹੈ। ਇਹ ਮੀਟਿੰਗ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮਿ੍ਰਤਸਰ ਸਥਿਤ ਦਫਤਰ ਵਿਚ ਹੋਵੇਗੀ ਅਤੇ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਵਿਚ ਲੱਗੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਜਥੇਦਾਰ ਵਲੋਂ ਸਮਾਜ ਸੇਵੀ ਤੇ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਇਕ-ਇਕ ਪ੍ਰਤੀਨਿਧੀ ਹੀ ਇਸ ਮੀਟਿੰਗ ਲਈ ਭੇਜਣ ਤਾਂ ਜੋ ਵਿਚਾਰ ਵਟਾਂਦਰਾ ਕਰਕੇ ਅਤੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਹੜ੍ਹ ਪੀੜਤਾਂ ਲਈ ਇਕ ਯੋਜਨਾ ਬਣਾਈ ਜਾ ਸਕੇ।

ਪੰਜਾਬ ਨੂੰ ਪਹਿਲਾਂ ਤੋਂ ਦਿੱਤੇ 12 ਹਜ਼ਾਰ ਕਰੋੜ ਦੇ ਆਫਤ ਰਾਹਤ ਫੰਡ ਦੇ ਨਾਲ ਹੋਰ ਵਾਧੂ 1600 ਕਰੋੜ ਰੁਪਏ ਦਿੱਤੇ 

ਚੰਡੀਗੜ੍ਹ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ ਅਤੇ ਗੁਰਦਾਸਪੁਰ ਵਿੱਚ ਅਧਿਕਾਰੀਆਂ ਅਤੇ ਪੀੜਤਾਂ ਲੋਕਾਂ ਨਾਲ ਬੈਠਕ ਕਰਕੇ ਆਫਤ ਦਾ ਮੁਲਾਂਕਣ ਕੀਤਾ। ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬ ਲਈ 11 ਨੁਕਾਤੀ ਪੈਕੇਜ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਫਤ ਦੇ ਮੌਕੇ ਪੰਜਾਬ ਨਾਲ ਖੜਨ ਅਤੇ ਪੀੜਿਤ ਲੋਕਾਂ ਨੂੰ ਮਦਦ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ । ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਦੁੱਖ ਅਤੇ ਸਮੱਸਿਆ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ

ਪ੍ਰਧਾਨ ਮੰਤਰੀ ਨੇ ਪੰਜਾਬ ਲਈ ਜੋ ਐਲਾਨ ਕੀਤੇ ਉਨ੍ਹਾਂ ਵੇਰਵਾ ਇਸ ਤਰ੍ਹਾਂ ਹੈ=:

 

=ਪੰਜਾਬ ਲਈ 1600 ਕਰੋੜ ਦੀ ਵਿੱਤੀ ਰਾਹਤ ਰਾਸ਼ੀ ਦਾ ਐਲਾਨ।

 

=ਇਹ ਰਾਸ਼ੀ ਪਹਿਲਾਂ ਹੀ ਸੂਬਾ ਸਰਕਾਰ ਨੂੰ ਭੇਜੀ ਗਈ 12000 ਕਰੋੜ ਦੀ ਰਾਸ਼ੀ ਤੋਂ ਅਲੱਗ ਹੋਵੇਗੀ।

 

=ਸਟੇਟ ਡਿਜ਼ਾਸਟਰ ਰਿਲੀਫ਼ ਫੰਡ (ਐੱਸਡੀਆਰਐੱਫ) ਅਤੇ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਐਡਵਾਂਸ ਜਾਰੀ ਕੀਤੀ ਜਾਵੇਗੀ।

 

=ਬਹੁ-ਧਾਰਾਵੀਂ ਯੋਜਨਾ ਰਾਹੀਂ ਪੀਐੱਮ ਅਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਨੈਸ਼ਨਲ ਹਾਈਵੇਜ਼ ਨੂੰ ਠੀਕ ਕਰਨਾ, ਸਕੂਲਾਂ ਦੀ ਉਸਾਰੀ ਕਰਵਾਉਣਾਂ, ਪਸ਼ੂਆਂ ਤੇ ਮਵੇਸ਼ੀਆਂ ਲਈ ਮਿੰਨੀ ਕਿੱਟਾਂ ਦਾ ਪ੍ਰਬੰਧ ਕਰਨਾ ਅਤੇ ਪੀਐੱਮਐੱਨਆਰਐਫ਼ ਦੇ ਫੰਡ ਨਾਲ ਰਾਹਤ ਮੁਹੱਈਆ ਕਰਵਾਉਣਾ ਹੈ। 

 

=ਕਿਸਾਨ ਭਾਈਚਾਰੇ ਦੀ ਮਦਦ ਲਈ ਮਹੱਤਵਪੂਰਨ ਲੋੜ ਨੂੰ ਦੇਖਦੇ ਹੋਏ, ਉਨ੍ਹਾਂ ਕਿਸਾਨਾਂ ਨੂੰ ਵਾਧੂ ਸਹਾਇਤਾ ਦਿੱਤੀ ਜਾਵੇਗੀ,ਜਿਨ੍ਹਾਂ ਕੋਲ ਇਸ ਸਮੇਂ ਬਿਜਲੀ ਕੁਨੈਕਸ਼ਨਾਂ ਦੀ ਘਾਟ ਹੈ।

 

=ਸੂਬਾ ਸਰਕਾਰ ਦੇ ਖਾਸ ਪ੍ਰਸਤਾਵ ਦੇ ਮੱਦੇਨਜ਼ਰ ਜੋ ਬੋਰ ਗਾਰ ਨਾਲ ਭਰ ਗਏ ਹਨ ਜਾਂ ਪਾਣੀ ਵਿੱਚ ਵਹਿ ਗਏ ਹਨ, ਉਨ੍ਹਾਂ ਲਈ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਅਧੀਨ ਪ੍ਰੋਜੈਕਟ ਤਹਿਤ ਨਵੀਨੀਕਰਨ ਲਈ ਮਦਦ ਦਿੱਤੀ ਜਾਵੇਗੀ।

 

=ਡੀਜ਼ਲ ’ਤੇ ਚੱਲਣ ਵਾਲੇ ਬੋਰ ਪੰਪਾਂ, ਸੋਲਰ ਪੈਨਲਾਂ ਲਈ  ਨਾਲ ਕਨਵਰਜੈਂਸ ਅਤੇ ਪਰ ਡਰੋਪ ਮੋਰ ਕਰੌਪ ਗਾਇਡਲਾਇਨਜ਼ ਤਹਿਤ ਮਾਈਕ੍ਰੋ ਸਿੰਚਾਈ ਲਈ ਸਹਾਇਤਾ ਦੀ ਸਹੂਲਤ ਦਿੱਤੀ ਜਾਵੇਗੀ।

 

=ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ ਤਹਿਤ, ਪੇਂਡੂ ਖੇਤਰਾਂ ਵਿੱਚ ਘਰਾਂ ਦੇ ਪੁਨਰ ਨਿਰਮਾਣ ਲਈ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ ‘‘ਵਿਸ਼ੇਸ਼ ਪ੍ਰੋਜੈਕਟ” ਦੇ ਤਹਿਤ ਵਿੱਤੀ ਸਹਾਇਤਾ ਉਨ੍ਹਾਂ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੇ ਘਰ ਹੜ੍ਹਾਂ ਕਾਰਨ ਨੁਕਸਾਨੇ ਗਏ ਹਨ।

 

=ਪੰਜਾਬ ਵਿੱਚ ਹਾਲ ਹੀ ਵਿੱਚ ਹੜ੍ਹਾਂ ਵਿੱਚ ਨੁਕਸਾਨੇ ਗਏ ਸਰਕਾਰੀ ਸਕੂਲਾਂ ਨੂੰ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸੂਬਾ ਸਰਕਾਰ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਲੋੜੀਂਦੀ ਸਹਾਇਕ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ।

 

=ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਦੇ ਤਹਿਤ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਰੀਚਾਰਜ ਢਾਂਚਿਆਂ ਦਾ ਨਿਰਮਾਣ ਵਿਆਪਕ ਤੌਰ ’ਤੇ ਕੀਤਾ ਜਾਵੇਗਾ। ਇਸ ਦਾ ਉਦੇਸ਼ ਨੁਕਸਾਨੇ ਗਏ ਰੀਚਾਰਜ ਢਾਂਚਿਆਂ ਦੀ ਮੁਰੰਮਤ ਕਰਨਾ ਅਤੇ ਵਾਧੂ ਪਾਣੀ ਦੀ ਸੰਭਾਲ ਦੇ ਢਾਂਚਿਆਂ ਦਾ ਨਿਰਮਾਣ ਕਰਨਾ ਹੋਵੇਗਾ।

 

=ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਆਫ਼ਤ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਵਾਰਸਾਂ ਨੂੰ ਪ੍ਰਤੀ ਵਿਅਕਤੀ 2 ਲੱਖ ਰੁਪਏ ਅਤੇ ਗੰਭੀਰ ਜਖ਼ਮੀਆ ਦੇ ਇਲ਼ਾਜ਼ ਲਈ 50,000 ਮੁਆਵਜਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ।

 

=ਹੜ੍ਹਾਂ ਦੌਰਾਨ ਅਨਾਥ ਹੋਏ ਬੱਚਿਆਂ ਦੀ ਦੇਖ-ਭਾਲ ਲਈ ਪੀਐੱਮ ਚਾਇਲਡ ਕੇਅਰ ਸਕੀਮ ਤਹਿਤ ਸਹਾਇਤਾ ਕੀਤੀ ਜਾਵੇਗੀ।

 

 

 

  

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਭਾਜਪਾ ਸਰਕਾਰ ਵਿਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ’ਤੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਇਸ ਗੱਲ ਤੋਂ ਡਰਦੇ ਮਾਰੇ ਭਗਵੰਤ ਮਾਨ ਹਸਪਤਾਲ ’ਚ ਦਾਖਲ ਹੋ ਗਏ ਤੇ ਉਨ੍ਹਾਂ ਦੀ ਕੁਰਸੀ ਬਚ ਗਈ। ਸਿਰਸਾ ਨੇ ਵੀ ਕਿਹਾ ਕਿ ਉਹ ਭਗਵੰਤ ਨਾਲ ਖੜ੍ਹੇ ਹਨ। ਕੇਜਰੀਵਾਲ ’ਤੇ ਸਵਾਲ ਚੁੱਕਦਿਆਂ ਮਨਜਿੰਦਰ ਸਿਰਸਾ ਨੇ ਕਿਹਾ ਕਿ ਉਹ ਦਿੱਲੀ ਹਾਰ ਕੇ ਪੰਜਾਬ ਪਹੁੰਚੇ ਅਤੇ ਹੁਣ ਜਦੋਂ ਪੰਜਾਬ ਵਿਚ ਹੜ੍ਹ ਆਇਆ ਤਾਂ ਉਹ ਗੁਜਰਾਤ ਭੱਜ ਗਏ ਹਨ। 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸਵਾਲ ਚੁੱਕੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੀਐਮ ਨਰਿੰਦਰ ਮੋਦੀ ਨੇ ਪੰਜਾਬ ਫੇਰੀ ਦੌਰਾਨ ਪੰਜਾਬ ਅਤੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪ੍ਰਧਾਨ ਮੰਤਰੀ ਵਲੋਂ ਪੰਜਾਬ ਨੂੰ ਦਿੱਤੇ 1600 ਕਰੋੜ ਰੁਪਏ ਦੇ ਪੈਕੇਜ ਨੂੰ ਘੱਟ ਦੱਸਿਆ ਤਾਂ ਪੀਐਮ ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਹਿੰਦੀ ਸਮਝ ਨਹੀਂ ਆਉਂਦੀ। ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਾਂ ਬੋਲੀ ਪੰਜਾਬੀ ਨੂੰ ਵੀ ਅਪਮਾਨਿਤ ਕੀਤਾ ਹੈ। ਹਰਪਾਲ ਚੀਮਾ ਨੇ ਆਰੋਪ ਲਗਾਉਂਦਿਆਂ ਕਿ ਪ੍ਰਧਾਨ ਮੰਤਰੀ ਕਿਸਾਨ ਅੰਦੋਲਨ ਦਾ ਬਦਲਾ ਪੰਜਾਬ ਤੋਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਕਰਕੇ ਹੋਏ ਨੁਕਸਾਨ ਲਈ 20 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਸੀ, ਪਰ ਪ੍ਰਧਾਨ ਮੰਤਰੀ ਵਲੋਂ ਸਿਰਫ 1600 ਕਰੋੜ ਰੁਪਏ ਹੀ ਦਿੱਤੇ ਗਏ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀਐਮ ਮੋਦੀ ਨੇ ਆਪਣੀ ਆਦਤ ਮੁਤਾਬਕ ਆਫਤ ਦੀ ਘੜੀ ਵਿਚ ਵੀ ਪੰਜਾਬ ਨਾਲ ਭੱਦਾ ਮਜ਼ਾਕ ਕੀਤਾ ਹੈ।  

ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਦੀ ਕਰ ਰਹੇ ਹਨ ਸਹਾਇਤਾ

ਮੋਗਾ/ਬਿਊਰੋ ਨਿਊਜ਼ 

ਬਾਲੀਵੁੱਡ ਅਦਾਕਾਰ ਸੋਨੂੰੂ ਸੂਦ ਨੇ ਕੋਵਿਡ ਦੇ ਦੌਰ ਵਿਚ ਇਨਸਾਨੀਅਤ ਦੀ ਸੇਵਾ ਕਰਕੇ ਵੱਡਾ ਨਾਮਣਾ ਖੱਟਿਆ ਸੀ ਅਤੇ ਹੁਣ ਉਹ ਪੰਜਾਬ ਵਿਚ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਵੀ ਅੱਗੇ ਆਏ ਹਨ। ਸੋਨੂੰ ਸੂਦ ਨੇ ਮੋਗਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ। ਇਸ ਮੌਕੇ ਸੋਨੂੰ ਸੂਦ ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵੀ ਹਾਜ਼ਰ ਸੀ। ਸੋਨੂੰ ਸੂਦ ਨੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਆਏ ਹਨ, ਜਿੱਥੇ ਲੋਕ ਬਹੁਤ ਮੁਸੀਬਤਾਂ ਵਿਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਰੇ ਘਰ ਦੇ ਦਰਵਾਜ਼ੇ ਸਦਾ ਹੀ ਲੋੜਵੰਦਾਂ ਦੀ ਮੱਦਦ ਲਈ ਖੁੱਲ੍ਹੇ ਹਨ। ਧਿਆਨ ਰਹੇ ਕਿ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਬਹੁਤ ਸਾਰੇ ਫਿਲਮੀ ਕਲਾਕਰਾਂ, ਅਦਾਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਮੱਦਦ ਕੀਤੀ ਜਾ ਰਹੀ ਹੈ। 

ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਵਿਚ ਹੜ੍ਹਾਂ ਕਾਰਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਐਲਾਨ ਵੀ ਕੀਤਾ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗੁਰਦਾਸਪੁਰ ਪੁੱਜੇ ਅਤੇ ਉਨ੍ਹਾਂ ਨੇ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਟੀਮ ਨਾਲ ਵੀ ਗੱਲਬਾਤ ਕੀਤੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ ਵੀ ਹਾਜ਼ਰ ਰਹੇ।  ਧਿਆਨ ਰਹੇ ਕਿ ਪੰਜਾਬ ਵਿਚ ਸਾਲ 1988 ਤੋਂ ਬਾਅਦ ਹੁਣ ਆਏ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖਤਮ ਹੋ ਗਈ ਅਤੇ ਕਈ ਪਰਿਵਾਰਾਂ ਦੇ ਘਰ ਵੀ ਹੜ੍ਹਾਂ ਦੇ ਪਾਣੀ ਵਿਚ ਰੁੜ ਗਏ ਹਨ। 

ਸੀਐਮ ਭਗਵੰਤ ਮਾਨ ਕੈਬਨਿਟ ਮੀਟਿੰਗ ’ਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਏ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼ 

ਅੱਜ ਚੰਡੀਗੜ੍ਹ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਕੈਬਨਿਟ ਮੀਟਿੰਗ ਵਿਚ ਵਰਚੂਅਲੀ ਤੌਰ ’ਤੇ ਸ਼ਾਮਲ ਹੋਏ ਹਨ। ਮੀਟਿੰਗ ਖਤਮ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਹੜ੍ਹਾਂ ਸਬੰਧੀ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਸਭ ਤੋਂ ਪਹਿਲਾਂ ਮਾਨ ਨੇ ਕਿਹਾ ਕਿ ਮੈਂ ਹਸਪਤਾਲ ਵਿਖੇ ਆਪਣੇ ਕਮਰੇ ਵਿਚ ਬਹਿ ਕੇ ਹਰ ਸਮੇਂ ਪੰਜਾਬੀਆਂ ਦੀ ਚਿੰਤਾ ਕਰਦਾ ਹਾਂ ਤੇ ਜਲਦ ਹੀ ਠੀਕ ਹੋ ਕੇ ਉਨ੍ਹਾਂ ਦੇ ਵਿਚਕਾਰ ਜਾਵਾਂਗਾ। ਧਿਆਨ ਰਹੇ ਕਿ ਮੁੱਖ ਮੰਤਰੀ ਮਾਨ ਦੀ ਸਿਹਤ ਪਿਛਲੇ ਦਿਨੀਂ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਚੱਲ ਰਿਹਾ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਸਾਰੇ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਲੋਕਾਂ ਦੇ ਨਾਲ ਜਾ ਕੇ ਖੜ੍ਹੇ ਹੋਵੋ। ਉਨ੍ਹਾਂ ਦੱਸਿਆ ਕਿ ਅਸੀਂ ‘ਜਿਸ ਦਾ ਖੇਤ, ਉਸ ਦੀ ਰੇਤ’  ਨੂੰ ਮਨਜੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੜ੍ਹਾਂ ਕਾਰਨ ਖਰਾਬ ਹੋਈਆਂ ਫਸਲਾਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਹੜ੍ਹਾਂ ਕਾਰਨ ਜਿਨ੍ਹਾਂ ਵਿਅਕਤੀਆਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਹਰ ਦੁੱਖ ਦੀ ਘੜੀ ਵਿਚ ਪੰਜਾਬੀਆਂ ਦੇ ਨਾਲ ਖੜ੍ਹੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.