Saturday, 18 April 2026

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸੰਗਤ ਨੇ ਨਿਭਾਈ ਸੇਵਾ

ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼ 

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਸਰੋਵਰ ’ਚੋਂ ਗਾਰ ਕੱਢਣ ਦੀ ਸੇਵਾ ਅੱਜ ਸ਼ੁੱਕਰਵਾਰ ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਕੀਤੀ ਗਈ। ਇਹ ਸੇਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਅਤੇ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕੀਤੀ ਅਤੇ ਇਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਸਮੂਹ ਸੰਗਤ ਨੇ ਪਵਿੱਤਰ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਕੀਤੀ। ਸੰਗਤ ਨੇ ਗਾਰ ਕੱਢਣ ਦੀ ਇਸ ਸੇਵਾ ਨੂੰ ਵੱਡੀ ਭਗਤੀ ਅਤੇ ਉਤਸ਼ਾਹ ਨਾਲ ਨਿਭਾਇਆ ਹੈ। 

ਰਾਜਪਾਲ ਨੇ ਪੰਜ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਕੀਤਾ ਹੈ ਦੌਰਾ

ਅੰਮਿ੍ਰਤਸਰ/ਬਿਊਰੋ ਨਿਊਜ਼

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਦੇ ਪੰਜ ਜ਼ਿਲ੍ਹਿਆਂ ਅੰਮਿ੍ਰਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਇਕ ਵਿਸਥਾਰਿਤ ਰਿਪੋਰਟ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸੌਂਪੀ ਹੈ। ਰਾਜਪਾਲ ਨੇ 1 ਤੋਂ 4 ਸਤੰਬਰ ਤੱਕ ਇਨ੍ਹਾਂ ਪੰਜ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਉਥੋਂ ਦੀ ਜ਼ਮੀਨੀ ਸਥਿਤੀ ਤੋਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਹੜ੍ਹਾਂ ਕਾਰਨ ਜਾਨ-ਮਾਲ, ਫਸਲਾਂ ਅਤੇ ਬੁਨਿਆਦੀ ਢਾਂਚੇ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਪੁਨਰਵਾਸ ਕਾਰਜਾਂ ਦੇ ਵੇਰਵੇ ਵੀ ਸਾਂਝੇ ਕੀਤੇ। ਇਸੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿਚ ਵੀ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਇਸ ਮੁਸ਼ਕਲ ਦੀ ਘੜੀ ਵਿਚ ਫਾਜ਼ਿਲਕਾ ਵਿਚ ਤੈਨਾਤ ਭਾਰਤੀ ਫੌਜ ਦੇ ਜਵਾਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ।  

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਅਪੀਲ ’ਤੇ ਲਿਆ ਫੈਸਲਾ

ਰੂਪਨਗਰ/ਬਿਊਰੋ ਨਿਊਜ਼ 

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਅਧਿਕਾਰੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਬੇਨਤੀ ’ਤੇ ਭਾਖੜਾ ਡੈਮ ਤੋਂ ਪਾਣੀ ਦੇ ਨਿਕਾਸ ਨੂੰ 85 ਹਜ਼ਾਰ ਕਿਊਸਕ ਤੋਂ ਘਟਾ ਕੇ 70 ਹਜ਼ਾਰ ਕਿਊਸਕ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਡੀਸੀ ਨੇ ਬੀਬੀਐਮਬੀ ਨੂੰ ਇਕ ਸੁਨੇਹਾ ਭੇਜਿਆ ਸੀ ਕਿ ਲੁਧਿਆਣਾ ਜ਼ਿਲ੍ਹੇ ਵਿਚ ਸਤਲੁਜ ਦਰਿਆ ਨਾਲ ਲੱਗਦੇ ਕੁਝ ਬੰਨ੍ਹਾਂ ਵਿਚ ਪਾੜ ਪੈ ਰਿਹਾ ਹੈ ਅਤੇ ਸਤਲੁਜ ਵਿਚ ਪਾਣੀ ਦੇ ਨਿਕਾਸ ਨੂੰ ਘਟਾਇਆ ਜਾਣਾ ਚਾਹੀਦਾ ਹੈ। ਇਸਦੇ ਚੱਲਦਿਆਂ ਬੀਬੀਐਮਬੀ ਦੇ ਚੇਅਰਮੈਨ ਨੇ ਭਾਖੜਾ ਡੈਮ ਤੋਂ ਪਾਣੀ ਦੇ ਵਹਾਅ ਨੂੰ 15 ਹਜ਼ਾਰ ਕਿਊਸਕ ਘਟਾਇਆ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਦੇ ਚੱਲਦਿਆਂ ਬੀਬੀਐਮਬੀ ਦੇ ਅਧਿਕਾਰੀ ਅਗਲੇ ਕੁਝ ਦਿਨਾਂ ਲਈ ਭਾਖੜਾ ਡੈਮ ਵਿਚੋਂ ਪਾਣੀ ਦਾ ਵਹਾਅ 70 ਹਜ਼ਾਰ ਕਿਊਸਕ ਰੱਖਣ ਦਾ ਫੈਸਲਾ ਲੈ ਸਕਦੇ ਹਨ। 

ਚੌਹਾਨ ਨੇ ਕਿਹਾ : ਪੰਜਾਬ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਕਰੇਗੀ ਪੂਰੀ ਕੋਸ਼ਿਸ਼ 

ਗੁਰਦਾਸਪੁਰ/ਬਿਊਰੋ ਨਿਊਜ਼    

ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਅੱਜ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੂਬੇ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ। ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਧਰਮਕੋਟ ਰੰਧਾਵਾ ਵਿਖੇ ਹੜ੍ਹ ਪ੍ਰਭਾਵਿਤ ਵਿਅਕਤੀਆਂ ਨਾਲ ਗੱਲ ਕਰਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਪੰਜਾਬ ਦੇ ਸਰਹੱਦੀ ਖੇਤਰ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਫਸਲਾਂ ਤੇ ਪਸ਼ੂਧਨ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਹੜ੍ਹ ਦੌਰਾਨ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਸਮੇਤ ਹੜ੍ਹ ਪੀੜਤ ਹਰੇਕ ਪਰਿਵਾਰ ਦੀ ਮੱਦਦ ਕੀਤੀ ਜਾਵੇਗੀ। ਇਸੇ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਉਪਾਅ ਵਜੋਂ 71 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕੇਂਦਰੀ ਮੰਤਰੀ ਕੋਲੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਲੋਕਾਂ ਦੀ ਸਾਰ ਲਈ ਅੱਗੇ ਆਵੇ ਅਤੇ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ। 

ਪ੍ਰਸ਼ਾਸਨ ਨੂੰ ਜਾਰੀ ਕਰਨੀ ਪਈ ਐਡਵਾਈਜ਼ਰੀ

ਲੁਧਿਆਣਾ/ਬਿਊਰੋ ਨਿਊਜ਼ 

ਲੁਧਿਆਣਾ ਦੇ ਪੂਰਬੀ ਖੇਤਰ ਵਿਚ ਪੈਂਦੇ ਪਿੰਡ ਸਸਰਾਲੀ ਨੇੜੇ ਸਤਲੁਜ ਦਰਿਆ ਵਿਚ ਪਾਣੀ ਦੇ ਤੇਜ਼ ਵਹਾਅ ਕਰਕੇ ਸਥਿਤੀ ਨਾਜ਼ੁਕ ਬਣੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਐਡਵਾਈਜ਼ਰੀ ਜਾਰੀ ਕਰਕੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਅਪੀਲ ਕੀਤੀ। ਪ੍ਰਸ਼ਾਸਨ ਮੁਤਾਬਕ ਸਸਰਾਲੀ ਪਿੰਡ ਦੀ ਸਥਿਤੀ ਨਾਜ਼ੁਕ ਹੈ ਅਤੇ ਪਾਣੀ ਦਾ ਵਹਾਅ ਕਿਸੇ ਵੀ ਸਮੇਂ ਬੰਨ੍ਹ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਤਲੁਜ ਦਰਿਆ ਦੇ ਨੇੜਲੇ ਪਿੰਡ ਸਸਰਾਲੀ ਵਿਚ ਸਥਿਤੀ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਨ੍ਹ ਵਿਚ ਕੋਈ ਪਾੜ ਜਾਂ ਨੁਕਸਾਨ ਹੁੰਦਾ ਹੈ ਤਾਂ ਸਸਰਾਲੀ ਅਤੇ ਨੇੜਲੇ ਹੋਰ ਪਿੰਡ ਵੀ ਪ੍ਰਭਾਵਿਤ ਹੋ ਸਕਦੇ ਹਨ। ਐਡਵਾਈਜ਼ਰੀ ਵਿਚ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਅਤੇ ਹਾਲਾਤ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਹੰਗਾਮੀ ਹਾਲਾਤ ਵਿਚ ਘਰਾਂ ਦੀ ਪਹਿਲੀ ਮੰਜ਼ਿਲ ’ਤੇ ਜਾਣ ਦੀ ਹਦਾਇਤ ਕੀਤੀ ਹੈ। 

ਰਮਨ ਅਰੋੜਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਚੰਡੀਗੜ੍ਹ/ਬਿਊਰੋ ਨਿਊਜ਼

ਵਿਜੀਲੈਂਸ ਬਿਊਰੋ ਵਲੋਂ ਦਰਜ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਇਕ ਦਿਨ ਬਾਅਦ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਇਕ ਹੋਰ ਨਵੇਂ ਕੇਸ ਵਿਚ ਗਿ੍ਰਫਤਾਰ ਕਰ ਲਿਆ ਹੈ। ਵਿਧਾਨ ਸਭਾ ਹਲਕਾ ਜਲੰਧਰ (ਕੇਂਦਰੀ) ਤੋਂ ਵਿਧਾਇਕ ਰਮਨ ਅਰੋੜਾ ਖਿਲਾਫ ਰਾਮਾ ਮੰਡੀ ਪੁਲਿਸ ਥਾਣੇ ਵਿਚ ਇਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਵਿਧਾਇਕ ਖਿਲਾਫ ਇਕ ਨਿੱਜੀ ਸੰਸਥਾ ਵਲੋਂ ਦਰਜ ਕਰਵਾਈ ਗਈ ਜਬਰੀ ਵਸੂਲੀ ਦੀ ਸ਼ਿਕਾਇਤ ਤਹਿਤ 30 ਅਗਸਤ ਨੂੰ ਕੇਸ ਦਰਜ ਕੀਤਾ ਗਿਆ ਸੀ। ਰਮਨ ਅਰੋੜਾ ਨੂੰ ਨਾਭਾ ਜੇਲ੍ਹ ’ਚੋਂ ਪੋ੍ਰਡਕਸ਼ਨ ਵਾਰੰਟ ’ਤੇ ਲਿਆ ਕੇ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਰਮਨ ਅਰੋੜਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। 

ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਕਲਾਕਾਰ ਜਗਤ ਵੀ ਕਰ ਰਿਹਾ ਹੈ ਹੜ੍ਹ ਪੀੜਤਾਂ ਦੀ ਮੱਦਦ

ਅੰਮਿ੍ਰਤਸਰ/ਬਿਊਰੋ ਨਿਊਜ਼ 

ਐਸਜੀਪੀਸੀ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ੋ੍ਰਮਣੀ ਕਮੇਟੀ ਵਲੋਂ ਆਰੰਭ ਕੀਤੇ ਗਏ ਹੜ੍ਹ ਰਿਲੀਫ ਫੰਡ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸਦੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਦੇ ਕਰਮਚਾਰੀਆਂ ਨੇ ਅੱਜ 1 ਕਰੋੜ ਰੁਪਏ ਦਾ ਚੈਕ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਵੀ ਦਿੱਤਾ ਹੈ। ਇਸ ਮੌਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਹੈ, ਪਰ ਸਿੱਖ ਸੰਸਥਾ ਸ਼ੋ੍ਰਮਣੀ ਕਮੇਟੀ ਅਤੇ ਇਸਦੇ ਸਮੂਹ ਕਰਮਚਾਰੀ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕਿਆਂ ਵਿਚ ਪਹੁੰਚ ਕੇ ਲੋੜੀਦੀਆਂ ਵਸਤਾਂ ਮੁਹੱਈਆ ਕਰਵਾ ਰਹੇ ਹਨ। ਇਸੇ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਫਿਲਮੀ ਕਲਾਕਾਰ ਜਗਤ ਵਲੋਂ ਵੀ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਕੀਤੀ ਜਾ ਰਹੀ ਹੈ। 

ਕੇਜਰੀਵਾਲ ਨਾਲ ਮਾਨ ਦੀ ਗੁਰਦਾਸਪੁਰ ਫੇਰੀ ਹੋਈ ਰੱਦ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁਰਦਾਸਪੁਰ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਬੀਤੀ ਸ਼ਾਮ ਪੰਜਾਬ ਪਹੁੰਚੇ ਸਨ। ਇਸਦੇ ਚੱਲਦਿਆਂ ਕੇਜਰੀਵਾਲ ਨੇ ਅੱਜ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਸਿਹਤ ਖਰਾਬ ਹੋਣ ਕਰਕੇ ਮੁੱਖ ਮੰਤਰੀ ਮਾਨ ਨੇ ਆਪਣੀ ਗੁਰਦਾਸਪੁਰ ਦੀ ਫੇਰੀ ਰੱਦ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੂੰ ਤੇਜ਼ ਬੁਖਾਰ ਹੈ ਅਤੇ ਡਾਕਟਰ ਉਨ੍ਹਾਂ ਦੀ ਰਿਹਾਇਸ਼ ’ਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। 

ਸਿਆਸੀ ਆਗੂਆਂ ਵਲੋਂ ਪ੍ਰਭਾਵਿਤ ਖੇਤਰਾਂ ਦੇ ਲਏ ਜਾ ਰਹੇ ਹਨ ਜਾਇਜ਼ੇ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਆਏ ਸਭ ਤੋਂ ਭਿਆਨਕ ਹੜ੍ਹਾਂ ਨੇ ਸੂਬੇ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਹੜ੍ਹਾਂ ਨੇ ਸੂਬੇ ਦਾ ਜਿੰਨਾ ਨੁਕਸਾਨ ਕੀਤਾ ਹੈ, ਉਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਆਏ ਹੜ੍ਹਾਂ ਨਾਲ ਸੂਬੇ ਦੀ ਲੱਖਾਂ ਏਕੜ ਫਸਲ ਖਰਾਬ ਹੋ ਗਈ ਅਤੇ ਕਈ ਖੇਤਰਾਂ ਵਿਚ ਲੋਕਾਂ ਦੇ ਘਰ ਵੀ ਹੜ੍ਹਾਂ ਦੇ ਪਾਣੀ ਵਿਚ ਰੁੜ ਗਏ। ਇਸਦੇ ਚੱਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈਟੀਓ ਅਤੇ ਹੋਰ ਬਹੁਤ ਸਾਰੇ ਆਗੂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪੀੜਤ ਖੇਤਰਾਂ ਵਿਚ ਪਹੁੰਚੇ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ। ਲੰਘੇ ਕੱਲ੍ਹ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪੰਜਾਬ ਦੇ ਕੁਝ ਇਲਾਕਿਆਂ ਦਾ ਜਾਇਜ਼ਾ ਲਿਆ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਹੜ੍ਹ ਪੀੜਤਾਂ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਵੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀਆਂ ਤਕਲੀਫਾਂ ਸੁਣ ਰਹੇ ਹਨ ਅਤੇ ਸੰਭਵ ਸਹਾਇਤਾ ਕਰ ਰਹੇ ਹਨ। ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਵਲੋਂ ਹੜ੍ਹ ਪੀੜਤਾਂ ਦੀ ਦਿਨ-ਰਾਤ ਸਹਾਇਤਾ ਕੀਤੀ ਜਾ ਰਹੀ ਹੈ।  ਇਸਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਕੋਲੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼

ਪਹਾੜਾਂ ’ਚ ਪੈ ਰਹੇ ਮੀਂਹ ਕਰਕੇ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ ਪਹੁੰਚ ਗਿਆ ਹੈ ਅਤੇ ਇਸ ਨੂੰ ਲੈ ਕੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਹੈ। ਭਾਖੜਾ ਵਿਚ ਜਿੰਨਾ ਪਾਣੀ ਪਹਾੜਾਂ ’ਚੋਂ ਆ ਰਿਹਾ ਹੈ, ਓਨਾ ਪਾਣੀ ਹੀ ਸਤਲੁਜ ’ਚ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਫੁੱਟ ਹੇਠਾਂ ਹੈ ਅਤੇ ਰਣਜੀਤ ਸਾਗਰ ਡੈਮ ਵੀ ਖ਼ਤਰੇ ਦੇ ਨਿਸ਼ਾਨ ਤੋਂ ਇੱਕ ਮੀਟਰ ਹੀ ਹੇਠਾਂ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦੀ ਆਮਦ ਪਹਿਲਾਂ ਨਾਲੋਂ ਘਟੀ ਹੈ। ਪੌਂਗ ਡੈਮ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਤੋਂ ਸਾਢੇ ਚਾਰ ਫੁੱਟ ਉਪਰ ਚੱਲ ਰਿਹਾ ਹੈ। ਪੌਂਗ ਡੈਮ ਵਿਚ ਅੱਜ ਮੁੜ ਪਹਾੜਾਂ ’ਚੋਂ ਪਾਣੀ ਦੀ ਆਮਦ 1.14 ਲੱਖ ਕਿਊਸਿਕ ਹੋ ਗਈ ਹੈ ਅਤੇ ਇਸ ਡੈਮ ’ਚੋਂ ਇੱਕ ਲੱਖ ਕਿਊਸਿਕ ਪਾਣੀ ਬਿਆਸ ’ਚ ਛੱਡਿਆ ਜਾ ਰਿਹਾ ਹੈ। ਘੱਗਰ ’ਚ ਪਹਾੜਾਂ ’ਚੋਂ ਪਾਣੀ ਆਉਣਾ ਪਹਿਲਾਂ ਨਾਲੋਂ ਘੱਟ ਗਿਆ ਹੈ। ਮਾਨਸਾ ਦੇ ਸਰਦੂਲਗੜ੍ਹ ’ਚ ਹਾਲਾਤ ਚਿੰਤਾਜਨਕ ਹਨ ਕਿਉਂਕਿ ਸਰਦੂਲਗੜ੍ਹ ਨੇੜੇ ਘੱਗਰ ’ਚ ਪਾਣੀ 37550 ਕਿਊਸਿਕ ਹੋ ਗਿਆ ਹੈ। 

 

  

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਬਹੁਤ ਸਾਰੇ ਪਿੰਡ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ’ਤੇ ਲੋਕਾਂ ਦੀ ਰਾਹਤ ਲਈ ਵੱਖ-ਵੱਖ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹਰੇਕ ਪਿੰਡ ਵਿਚ ਗਜ਼ਟਿਡ ਅਫਸਰ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਹਰੇਕ ਪਿੰਡ ਲਈ ਇਕ-ਇਕ ਗਜ਼ਟਿਡ ਅਫਸਰ ਦੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਦਾ ਇਹੋ ਮੰਤਵ ਹੈ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨਾਲ ਪ੍ਰਸ਼ਾਸਨ ਦਾ ਸਿੱਧਾ ਰਾਬਤਾ ਹੋ ਸਕੇ। ਉਨ੍ਹਾਂ ਕਿਹਾ ਕਿ ਕੁਦਰਤੀ ਮਾਰ ਨਾਲ ਪ੍ਰਭਾਵਿਤ ਲੋਕ ਆਪਣੀ ਹਰ ਤਰ੍ਹਾਂ ਦੀ ਸਮੱਸਿਆ ਇਨ੍ਹਾਂ ਗਜ਼ਟਿਡ ਅਫਸਰਾਂ ਨੂੰ ਦੱਸ ਸਕਣਗੇ ਤੇ ਉਨ੍ਹਾਂ ਦਾ ਜਲਦ ਅਤੇ ਢੁੱਕਵਾਂ ਹੱਲ ਕੀਤਾ ਜਾਵੇਗਾ।

ਕਿਹਾ : ਪ੍ਰਧਾਨ ਮੰਤਰੀ ਦਾ ਪੰਜਾਬ ਵੱਲ ਧਿਆਨ ਨਾ ਦੇਣਾ ਦੁਖਦਾਈ

ਅੰਮਿ੍ਰਤਸਰ/ਬਿਊਰੋ ਨਿਊਜ਼  

ਨਵੇਂ ਬਣੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਵੱਲ ਧਿਆਨ ਨਾ ਦੇਣਾ ਅਤੀ ਦੁਖਦਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਪ੍ਰਗਟਾਵਾ ਸ਼ੋਸ਼ਲ ਮੀਡੀਆ ਰਾਹੀਂ ਕੀਤਾ ਹੈ। ਸਾਬਕਾ ਜਥੇਦਾਰ ਨੇ ਆਪਣਾ ਇਹ ਪ੍ਰਤੀਕਰਮ ਪੀਐਮ ਮੋਦੀ ਵਲੋਂ ਅਫਗਾਨਿਸਤਾਨ ਵਿਚ ਆਏ ਭੂਚਾਲ ਦੌਰਾਨ ਹੋਏ ਜਾਨੀ ਨੁਕਸਾਨ ’ਤੇ ਕੀਤੇ ਗਏ ਦੁੱਖ ਦੇ ਪ੍ਰਗਟਾਵੇ ਦੇ ਪ੍ਰਤੀਕਰਮ ਵਜੋਂ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨਿਸਤਾਨ ਵਿਚ ਭੂਚਾਲ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਅਫਗਾਨਿਸਤਾਨ ਨਾਲ ਹਮਦਰਦੀ ਜ਼ਾਹਿਰ ਕਰਨਾ ਚੰਗੀ ਗੱਲ ਹੈ, ਪਰ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਵੱਲ ਪ੍ਰਧਾਨ ਮੰਤਰੀ ਵਲੋਂ ਧਿਆਨ ਨਾ ਦੇਣਾ ਅਤਿ ਦੁੱਖਦਾਈ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.