Saturday, 18 April 2026

ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਰਾਹੁਲ ਨਾਲ ਰਹੀ ਹਾਜ਼ਰ

ਚੰਡੀਗੜ੍ਹ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਅੰਮਿ੍ਰਤਸਰ ਅਤੇ ਗੁਰਦਾਸਪੁਰ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ। ਇਸ ਮੌਕੇ ਰਾਹੁਲ ਨੇ ਹੜ੍ਹ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ । ਰਾਹੁਲ ਪਹਿਲਾਂ ਅੰਮਿ੍ਰਤਸਰ ਦੇ ਅਜਨਾਲਾ ਖੇਤਰ ਵਿਚ ਗਏ ਅਤੇ ਉਥੇ ਉਨ੍ਹਾਂ ਹੜ੍ਹਾਂ ਨਾਲ ਹੋਏ ਨੁਕਸਾਨ ਸਬੰਧੀ ਜਾਣਕਾਰੀ ਲਈ। ਇਸ ਤੋਂ ਬਾਅਦ ਰਾਹੁਲ ਗਾਂਧੀ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਵਿਚ ਪਹੁੰਚ ਗਏ। ਰਾਹੁਲ ਨੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਰਾਹੁਲ ਗਾਂਧੀ ਦੇ ਨਾਲ ਹਾਜ਼ਰ ਰਹੀ। ਧਿਆਨ ਰਹੇ ਕਿ ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਗੁਰਦਾਸਪੁਰ, ਪਠਾਨਕੋਟ, ਅੰਮਿ੍ਰਤਸਰ, ਫਿਰੋਜ਼ਪੁਰ ਅਤੇ ਕਪੂਰਥਲਾ ਖੇਤਰ ਵਿਚ ਭਾਰੀ ਨੁਕਸਾਨ ਹੋਇਆ ਹੈ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਕਰ ਚੁੱਕੀ ਹੈ। 

 

 

ਰਾਹੁਲ ਗਾਂਧੀ ਨੂੰ ਰਾਵੀ ਦਰਿਆ ਦੇ ਪਾਰਲੇ ਪਿੰਡਾਂ ’ਚ ਜਾਣ ਤੋਂ ਰੋਕਿਆ

ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਹੁਲ ਦੀ ਹੋ ਗਈ ਬਹਿਸ

ਗੁਰਦਾਸਪੁਰ/ਬਿਊਰੋ ਨਿਊਜ਼

ਰਾਹੁਲ ਗਾਂਧੀ ਅੱਜ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਨੇੜੇ ਰਾਵੀ ਦਰਿਆ ਦੇ ਮਕੌੜਾ ਪੱਤਣ ਵਿਖੇ ਵੀ ਪਹੁੰਚੇ ਅਤੇ ਇੱਥੇ ਵੀ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਹੁਲ ਗਾਂਧੀ ਨੂੰ ਮਕੌੜਾ ਪੱਤਣ ਤੋਂ ਰਾਵੀ ਦਰਿਆ ਦੇ ਪਾਰ ਸਥਿਤ 7 ਪਿੰਡਾਂ ਵਿਚ ਜਾਣ ਤੋਂ ਰੋਕ ਦਿੱਤਾ ਗਿਆ। ਜਿਸ ਕਾਰਨ ਰਾਹੁਲ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਹਿਸ ਵੀ ਹੋ ਗਈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੱਸਿਆ ਕਿ ਉਹ ਰਾਵੀ ਦਰਿਆ ਤੋਂ ਪਾਰ ਵਸੇ ਪਿੰਡਾਂ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਮਿਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਰਾਹੁਲ ਨੂੰ ਰਾਵੀ ਦਰਿਆ ਤੋਂ ਪਾਰ ਜਾਣ ਤੋਂ ਰੋਕ ਦਿੱਤਾ ਗਿਆ, ਜਦੋਂ ਕਿ ਲੋਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ।

ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਮੁੱਖ ਮੰਤਰੀ ਦਾ ਚੱਲ ਰਿਹਾ ਸੀ ਇਲਾਜ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਭਗਵੰਤ ਮਾਨ ਨੂੰ ਪਿਛਲੇ ਹਫਤੇ ਥਕਾਵਟ ਅਤੇ ਦਿਲ ਦੀ ਧੜਕਣ ਆਮ ਨਾ ਹੋਣ ਕਰਕੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮੁੱਖ ਮੰਤਰੀ ਮਾਨ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਵੀ ਨਾਰਮਲ ਆਈਆਂ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ। ਡਾਕਟਰਾਂ ਨੇ ਸੀਐਮ ਮਾਨ ਨੂੰ ਅਜੇ ਕੁਝ ਦਿਨ ਘਰ ਵਿਚ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਮਾਨ ਨੇ ਹਸਪਤਾਲ ਵਿਚੋਂ ਹੀ ਵੀਡੀਓ ਕਾਨਫਰਸਿੰਗ ਜ਼ਰੀਏ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਸੀ। ਭਗਵੰਤ ਮਾਨ ਦੀ ਸਿਹਤ ਦਾ ਹਾਲ ਜਾਣਨ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਅਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਹਸਪਤਾਲ ਪਹੁੰਚੇ ਸਨ। 

ਕਿਹਾ : ਕੇਂਦਰ ਸਰਕਾਰ ਆਪਣੇ ਫੈਸਲੇ ’ਤੇ ਮੁੜ ਕਰੇ ਵਿਚਾਰ

ਚੰਡੀਗੜ੍ਹ/ਬਿਊਰੋ ਨਿਊਜ਼ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥਿਆਂ ’ਤੇ ਭਾਰਤ ਸਰਕਾਰ ਨੇ ਸੁਰੱਖਿਆ ਦੇ ਨਾਮ ’ਤੇ ਰੋਕ ਲਗਾਈ ਹੈ। ਇਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਸੁਖਬੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡ ਸਬੰਧ ਮੁੜ ਸ਼ੁਰੂ ਹੋ ਰਹੇ ਹਨ ਅਤੇ ਸਿੱਖ ਸ਼ਰਧਾਲੂਆਂ ਨੂੰ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਤੋਂ ਰੋਕਣ ਵਾਲਾ ਸਰਕਾਰ ਦਾ ਫੈਸਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗਾ ਹੈ। 

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਜੀਠੀਆ ਹਨ ਜੇਲ੍ਹ ’ਚ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਸਬੰਧੀ ਪਟੀਸ਼ਨ ’ਤੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਹਾਈਕੋਰਟ ਨੇ ਸੂਬਾ ਸਰਕਾਰ ਕੋਲੋਂ 2 ਹਫਤਿਆਂ ਵਿਚ ਜਵਾਬ ਮੰਗਿਆ ਹੈ ਅਤੇ 23 ਸਤੰਬਰ ਲਈ ਨੋਟਿਸ ਵੀ ਜਾਰੀ ਕੀਤਾ ਹੈ। ਮਾਨਯੋਗ ਜਸਟਿਸ ਤਿ੍ਰਭੁਵਨ ਦਹੀਆ ਵਲੋਂ ਇਹ ਨਿਰਦੇਸ਼ ਮਜੀਠੀਆ ਦੀ ਪਟੀਸ਼ਨ ’ਤੇ ਜਾਰੀ ਕੀਤੇ ਗਏ ਹਨ। ਧਿਆਨ ਰਹੇ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਇਸ ਸਮੇਂ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਇਸੇ ਦੌਰਾਨ ਮਜੀਠੀਆ ਦੇ ਵਕੀਲ ਵਲੋਂ ਲਗਾਤਾਰ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਮਜੀਠੀਆ ਨੂੰ ਝੂਠਾ ਫਸਾਇਆ ਜਾ ਰਿਹਾ ਹੈ। 

ਕਿਹਾ : ਬਾਬੇ ਦੇ ਦਰ ’ਤੇ ਜਾਣ ਲਈ ਪਾਬੰਦੀ ਲਗਾਉਣਾ ਘੋਰ ਜ਼ਿਆਦਤੀ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ ਹੈ। ਸੀਐਮ ਮਾਨ ਨੇ ਚੰਡੀਗੜ੍ਹ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਰੋਪ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਜਥਿਆਂ ਨੂੰ ਰੋਕਿਆ ਜਾ ਰਿਹਾ ਹੈ, ਜੋ ਕਿ ਪੰਜਾਬੀਆਂ ਦੀ ਆਸਥਾ ’ਤੇ ਹਮਲਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਗਾਮ ਘਟਨਾ ਤੋਂ ਪਹਿਲਾਂ ਸ਼ੂਟਿੰਗ ਹੋਈ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕ ਦਿੱਤਾ ਸੀ, ਪਰ ਭਾਰਤ-ਪਾਕਿਸਤਾਨ ਦਾ ਕ੍ਰਿਕਟ ਮੈਚ ਲੰਘੇ ਦਿਨ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਪਾਕਿਸਤਾਨ ਵਿਚ ਪਹਿਲੀ ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਜਾਣ ਵਾਲੇ ਸ਼ਰਧਾਲੂਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਦੇ ਜ਼ਜਬਾਤਾਂ ਨਾਲ ਖੇਡ ਰਹੇ ਹਨ, ਜਦੋਂ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। 

ਐਡਵੋਕੇਟ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ 

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਅੱਜ ਅੰਮਿ੍ਰਤਸਰ ’ਚ ਹੋਈ ਹੈ। ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 20 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋਂ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ ਦੀ ਮੁਰੰਮਤ ਲਈ 50-50 ਹਜ਼ਾਰ ਦੀ ਰਾਸ਼ੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵਲੋਂ ਲੰਗਰ ਅਤੇ ਰਸਦਾਂ ਦੀਆਂ ਹੋਰ ਸੇਵਾਵਾਂ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਲਈ 8 ਲੱਖ ਲੀਟਰ ਡੀਜ਼ਲ ਮੁਹੱਈਆ ਕਰਵਾਉਣ ਦਾ ਫੈਸਲਾ ਵੀ ਕੀਤਾ ਹੈ। ਧਾਮੀ ਨੇ ਇਹ ਵੀ ਦੱਸਿਆ ਕਿ ਹੜ੍ਹ ਪੀੜਤ ਇਲਾਕਿਆਂ ਵਿਚ ਰਾਹਤ ਸੇਵਾਵਾਂ ਜਾਰੀ ਰਹਿਣਗੀਆਂ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ।

ਕਿਹਾ : ਸਰਕਾਰ ਪੰਚਾਇਤਾਂ ਤੋਂ ਗਰਾਂਟਾਂ ਦੇ ਪੈਸੇ ਵਾਪਸ ਮੰਗਵਾਉਣ ਲੱਗੀ

ਜਲੰਧਰ/ਬਿਊਰੋ ਨਿਊਜ਼ 

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। ਜਾਖੜ ਨੇ ਜਲੰਧਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਰਵੱਈਆ ਠੀਕ ਨਹੀਂ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਦੀ ਚਿੱਠੀ, ਜੋ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1 ਸਤੰਬਰ ਨੂੰ ਲਿਖੀ ਸੀ, ਉਹ ਇਕ ਕੋਝਾ ਮਜ਼ਾਕ ਸੀ। ਜਾਖੜ  ਨੇ ਕਿਹਾ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਮੈਂ ਗਿਆ ਸੀ ਅਤੇ ਇਸ ਮੁਸ਼ਕਲ ਦੀ ਘੜੀ ਵਿਚ ਸਿਆਸਤ ਤੋਂ ਉਪਰ ਉਠ ਕੇ ਸਾਨੂੰ ਇਕ ਹੋ ਕੇ ਚੱਲਣਾ ਚਾਹੀਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਚਾਇਤਾਂ ਤੋਂ ਗਰਾਂਟਾਂ ਦੇ ਪੈਸੇ ਵਾਪਸ ਮੰਗਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ, ਇਸ ਮੁਸ਼ਕਲ ਦੀ ਘੜੀ ਵਿਚ ਸਿਆਸਤ ਨਾ ਕਰੇ।

ਇਆਲੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖੀ ਚਿੱਠੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਪਿਛਲੇ ਦਿਨਾਂ ਦੌਰਾਨ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਇਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਹੈ। ਇਆਲੀ ਨੇ ਇਸ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖ ਕੇ ਅਪੀਲ ਵੀ ਕੀਤੀ ਹੈ। ਉਨ੍ਹਾਂ ਚਿੱਠੀ ਵਿਚ ਲਿਖਿਆ ਕਿ ਹੜ੍ਹਾਂ ਕਾਰਨ ਪੰਜਾਬ ਵਿਚ ਗੰਭੀਰ ਹਾਲਾਤ ਬਣੇ ਹੋਏ ਹਨ ਅਤੇ ਇਸ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਣਾ ਚਾਹੀਦਾ ਹੈ। ਇਆਲੀ ਨੇ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਦੇ ਲੋਕਾਂ ਦੇ ਜੀਵਨ, ਸੰਪਤੀ ਅਤੇ ਖੇਤੀਬਾੜੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਹਜ਼ਾਰਾਂ ਪਰਿਵਾਰਾਂ ’ਤੇ ਗੰਭੀਰ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੜ੍ਹ ਪੀੜਤਾਂ ਦੀ ਮੱਦਦ ਲਈ ਠੋਸ ਨੀਤੀ ਬਣਾਈ ਜਾਣੀ ਚਾਹੀਦੀ ਹੈ।

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਨੇ ਨਾ ਸਿਰਫ ਬਾਦਲ ਵਲੋਂ ਵੰਡੇ ਜਾ ਰਹੇ ਬੀਜ਼ਾਂ ਦੀ ਗੁਣਵੱਤਾ ’ਤੇ ਸਵਾਲ ਚੁੱਕੇ, ਸਗੋਂ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਏ ਇਕ ਵੱਡੇ ਬੀਜ ਘੁਟਾਲੇ ਦਾ ਵੀ ਖੁਲਾਸਾ ਕੀਤਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਸੁਖਬੀਰ ਬਾਦਲ ਵਲੋਂ ਵੰਡੇ ਜਾ ਰਹੇ ਬੀਜਾਂ ਦੀ ਵੀ ਜਾਂਚ ਕਰਵਾਉਣਗੇ ਅਤੇ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਹੜ੍ਹਾਂ ਅਤੇ ਹੋਰ ਮੁੱਦਿਆਂ ’ਤੇ ਕੀਤੇ ਗਏ ਸਿਆਸੀ ਹਮਲਿਆਂ ਦਾ ਵੀ ਕਰਾਰ ਜਵਾਬ ਦਿੱਤਾ ਹੈ।

12 ਸਾਲ ਪੁਰਾਣੇ ਮਾਮਲੇ ਵਿਚ ਦਿੱਤਾ ਗਿਆ ਦੋਸ਼ੀ ਕਰਾਰ

ਤਰਨਤਾਰਨ/ਬਿਊਰੋ ਨਿਊਜ਼

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਵਿਧਾਇਕ ਲਾਲਪੁਰਾ ਨੂੰ ਇਕ ਅਣਵਿਆਹੁਤਾ ਲੜਕੀ ’ਤੇ ਤਸ਼ੱਦਦ ਢਾਹੁਣ ਦੇ 12 ਸਾਲ ਪੁਰਾਣੇ ਮਾਮਲੇ ਵਿਚ ਤਰਨਤਾਰਨ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਲੰਬੇ ਸਮੇਂ ਤੱਕ ਚੱਲੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿਚ ਅਦਾਲਤ ਵਲੋਂ ਮਨਜਿੰਦਰ ਸਿੰਘ ਲਾਲਪੁਰਾ ਸਣੇ 7 ਵਿਅਕਤੀਆਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਵਿਧਾਇਕ ਲਾਲਪੁਰਾ ਦੀ ਵਿਧਾਨ ਸਭਾ ਮੈਂਬਰਸ਼ਿਪ ’ਤੇ ਵੀ ਖਤਰਾ ਮੰਡਰਾ ਸਕਦਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਹੁਣ ਤੱਕ ਵੱਖ-ਵੱਖ ਮਾਮਲਿਆਂ ਵਿਚ ਘਿਰ ਚੁੱਕੇ ਹਨ। 

ਕਿਹਾ : ਹੜ੍ਹਾਂ ਦੇ ਸਾਰੇ ਪੀੜਤਾਂ ਨੂੰ ਜਲਦ ਮਿਲੇਗਾ ਮੁਆਵਜ਼ਾ

ਚੰਡੀਗੜ੍ਹ/ਬਿਊਰੋ ਨਿਊਜ਼  

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਅਤੇ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਉਚ ਪੱਧਰੀ ਮੀਟਿੰਗ ਕੀਤੀ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੇ ਸਾਰੇ ਪੀੜਤਾਂ ਨੂੰ  ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਜਿਵੇਂ ਹੀ ਇਹ ਕਾਰਵਾਈ ਪੂਰੀ ਹੋ ਜਾਵੇਗੀ ਸਰਕਾਰ ਵਲੋਂ ਤੁਰੰਤ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਅਧਿਕਾਰੀ ਪਿੰਡ-ਪਿੰਡ ਜਾ ਕੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ ਫਸਲਾਂ ਦੇ ਹੋਏ ਨੁਕਸਾਨ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ, ਮਕਾਨਾਂ ਦੇ ਹੋਏ ਨੁਕਸਾਨ ਲਈ 40 ਹਜ਼ਾਰ ਰੁਪਏ ਅਤੇ ਪਸ਼ੂਆਂ ਦੀ ਮੌਤ ਲਈ 37 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹੜ੍ਹਾਂ ਦੌਰਾਨ ਜਾਨ ਗੁਆਉਣ ਵਾਲੇ 55 ਵਿਅਕਤੀਆਂ ਵਿਚੋਂ 42 ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦਿੱਤਾ ਗਿਆ ਹੈ।

 

ਕਿਹਾ, ਗੰਭੀਰਤਾ ਤੋਂ ਸੱਖਣੀ ਆਪ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਪੇਸ਼ ਕੀਤੀ ਰਿਪੋਰਟ ਤੱਥਾਂ ਤੋਂ ਰਹਿਤ

ਪ੍ਰਧਾਨ ਮੰਤਰੀ ਵੱਲੋਂ ਐਲਾਣੀ 1600 ਕਰੋੜ ਇਕ ਫੌਰੀ ਰਾਹਤ, ਪ੍ਰਸਤਾਵ ਪ੍ਰਾਪਤ ਹੋਣ ਤੇ ਕੇਂਦਰ ਭੇਜੇਗਾ ਹੋਰ ਮਦਦ 

ਸੁਪਰ ਸੀਐਮ ਬਣੇ ਕੇਜਰੀਵਾਲ ਨੂੰ ਕੀਤੇ ਸਵਾਲ, ਕਿਹਾ ਇਕੋ ਝੂਠ ਵਾਰ ਵਾਰ ਬੋਲਣ ਨਾਲ ਉਹ ਸੱਚ ਨਹੀਂ ਹੋ ਜਾਂਦਾ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਹੈ ਕਿ ਇਹ ਸਰਕਾਰ ਕੇਂਦਰੀ ਮਦਦ ਲੈਣ ਲਈ ਤਰਕਹੀਣ ਆਂਕੜੇ ਪੇਸ਼ ਕਰ ਰਹੀ ਰਹੀ ਹੈ, ਜਿਸ ਦਾ ਖਮਿਆਜਾ ਪੰਜਾਬ ਦੇ ਲੋਕ ਭੁਗਤ ਰਹੇ ਹਨ।

ਉਹਨਾਂ ਨੇ ਆਖਿਆ ਕਿ ਬਾਵਜੂਦ ਇਸਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਲਈ 1600 ਕਰੋੜ ਰੁਪਏ ਦੀ ਫੌਰੀ ਰਾਹਤ ਦੇ ਕੇ ਗਏ ਹਨ ਅਤੇ ਇਹ ਵੀ ਕਹਿ ਕੇ ਗਏ ਹਨ ਕਿ ਜੋ ਵੀ ਹੋਰ ਪ੍ਰਸਤਾਵ ਆਉਣਗੇ ਉਹਨਾਂ ਲਈ ਅਨੁਸਾਰ ਵੀ ਮਦਦ ਕੀਤੀ ਜਾਵੇਗੀ।

ਉਨ੍ਹਾਂ ਨੇ ਸੁਪਰ ਸੀਐਮ ਬਣੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਇਕੋ ਝੂਠ ਵਾਰ ਵਾਰ ਬੋਲਣ ਨਾਲ ਉਹ ਸੱਚ ਨਹੀਂ ਬਣ ਜਾਂਦਾ । ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਹੀ ਤਰਕਹੀਣ ਅਤੇ ਤੱਥਾਂ ਤੋਂ ਰਹਿਤ ਰਿਪੋਰਟਾਂ ਕਾਰਨ ਪੰਜਾਬ ਦੇ ਅਸਲ ਮੁੱਦੇ ਦਬ ਕੇ ਰਹਿ ਗਏ। ਅੱਜ ਇੱਥੇ ਪ੍ਰੈਸ ਕਾਨਫੰਰਸ ਵਿੱਚ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਸਕੱਤਰ ਪ੍ਰਧਾਨ ਮੰਤਰੀ ਦੇ ਸਾਮਣੇ ਨੁਕਸਾਨ 13289 ਕਰੋੜ ਦੱਸ ਰਹੇ ਸੀ ਜਦਕਿ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ 20 ਹਜ਼ਾਰ ਕਰੋੜ ਦੱਸਿਆ ਗਿਆ, ਮਨਮਰਜ਼ੀ ਦੇ ਅੰਕੜੇ ਪ੍ਰਧਾਨ ਮੰਤਰੀ ਦੇ ਅੱਗੇ ਪੇਸ਼ ਕਰ ਆਮ ਆਦਮੀ ਪਾਰਟੀ ਸਰਕਾਰ ਨੇ ਆਪਣਾ ਗ਼ੈਰ ਜ਼ਿੰਮੇਵਾਰਾਨਾ ਰਵੱਈਆ ਦਰਸਾਇਆ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੇਂਡੂ ਵਿਕਾਸ ਲਈ 5043 ਕਰੋੜ ਰੁਪਏ ਦੀ ਮੰਗ ਕੀਤੀ ਗਈ ਜਦਕਿ ਇਸ ਸਰਕਾਰ ਵੱਲੋਂ ਸੂਬੇ ਦੇ ਸਾਰੇ 13500 ਪਿੰਡਾਂ ਵਿੱਚ ਸਾਲ 22-23 ਵਿੱਚ ਸਿਰਫ 1156 ਕਰੋੜ ਅਤੇ 23-24 ਵਿੱਚ 778 ਕਰੋੜ ਰੁਪਏ ਹੀ ਪੇਂਡੂ ਵਿਕਾਸ ਤੇ ਖਰਚ ਕੀਤੇ ਗਏ।

ਇਸੇ ਤਰ੍ਹਾਂ ਇਸ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਮੰਡੀ ਬੋਰਡ ਰਾਹੀਂ ਸੜਕਾਂ ਬਣਾਉਣ ਤੇ ਸਿਰਫ 500 ਕਰੋੜ ਰੁਪਏ ਖਰਚ ਕੀਤਾ ਹੈ। ਪਰ ਹੁਣ ਸਿਰਫ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸੜਕਾ ਦੇ ਲਈ ਪੰਜਾਬ ਸਰਕਾਰ 1022 ਮੰਗ ਰਹੀ ਹੈ। ਜਦਕਿ ਇਸੇ ਸਰਕਾਰ ਦਾ ਕੁਝ ਦਿਨ ਪਹਿਲਾਂ ਐਲਾਨ ਸੀ ਕਿ ਇਹ 800 ਕਰੋੜ ਰੁਪਏ ਨਾਲ 8 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਤੇ ਮੁਰਮੰਤ ਕਰੇਗੀ। ਇਸ ਤਰ੍ਹਾਂ ਇਹ ਸਾਰੇ ਅੰਕੜੇ ਤੱਥਾਂ ਤੋਂ ਸੱਖਣੇ ਅਤੇ ਆਪਾ ਵਿਰੋਧੀ ਹਨ ਅਤੇ ਸਰਕਾਰ ਦੇ ਡਰਾਮੇਬਾਜ਼ੀ ਅਤੇ ਗੰਭੀਰਤਾ ਰਹਿਤ ਵਿਹਾਰ ਦਾ ਪ੍ਰਮਾਣ ਹਨ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਸੂਬੇ ਦੇ 60 ਹਜਾਰ ਕਰੋੜ ਰੁਪਏ ਕੇਂਦਰ ਵੱਲ ਖੜੇ ਹੋਣ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਵੱਲੋਂ ਰੇਤੇ ਤੇ ਐਕਸਾਈਜ ਵਿਚੋਂ ਹੀ 60 ਹਜਾਰ ਕਰੋੜ ਦਾ ਮਾਲੀਆਂ ਕੱਢ ਲੈਣ ਦੇ ਸੁਪਨਈ ਦਾਅਵੇ ਵਾਂਗ ਇਕ ਕਾਲਪਨਿਕ ਆਂਕੜਾ ਹੈ ਜਿਸ ਦਾ ਕੋਈ ਅਧਾਰ ਨਹੀਂ। ਪਰ ਫਿਰ ਵੀ ਜੇਕਰ ਅਜਿਹਾ ਸੀ ਹੀ ਤਾਂ ਇਸ ਲਈ ਸੂਬੇ ਦੇ ਖਜ਼ਾਨਾ ਮੰਤਰੀ ਨੇ ਕੁਝ ਦਿਨ ਪਹਿਲਾਂ ਇਸੇ 3 ਸਤੰਬਰ 2025 ਨੂੰ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਇਹ ਮੁੱਦਾ ਕਿਉਂ ਨਹੀਂ ਉਠਾਇਆ।

ਉਹਨਾਂ ਨੇ ਪੰਜਾਬ ਨਾਲ ਵਿਤਕਰੇਬਾਜ਼ੀ ਦੇ ਲਾਏ ਗਏ ਦੋਸ਼ਾਂ ਸਬੰਧੀ ਵੀ ਸਪਸ਼ਟ ਕੀਤਾ ਤੇ ਬਿਹਾਰ ਜਿਸ ਦੀ ਆਬਾਦੀ 13 ਕਰੋੜ ਅਤੇ ਖੇਤਰਫਲ ਪੰਜਾਬ ਤੋਂ ਲਗਭਗ ਦੁੱਗਣਾ ਹੈ ਅਤੇ ਉਥੇ ਜਲਦ ਹੀ ਚੋਣਾਂ ਵੀ ਹੋਣ ਵਾਲੀਆਂ ਹਨ ਫਿਰ ਵੀ ਉਸ ਨੂੰ ਦਿੱਤੀ ਗਈ ਰਕਮਾਂ ਸਿੱਧ ਕਰਦੀਆਂ ਹਨ ਕਿ ਪੰਜਾਬ ਨਾਲ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਬਿਆਨਾਂ ਦਾ ਹਵਾਲਾ ਦਿੱਤਾ ਦਿੰਦਿਆਂ ਉਹਨਾਂ ਕਿਹਾ ਕਿ ਇਸੇ ਸਰਕਾਰ ਨੇ ਕੇਂਦਰ ਸਰਕਾਰ ਤੋਂ ਆਏ 230 ਕਰੋੜ ਰੁਪਏ ਬਾਰਸਾਂ ਤੋਂ ਪਹਿਲਾਂ ਹੜ ਪ੍ਰਬੰਧਾਂ ਤੇ ਖਰਚਣ ਦਾ ਦਾਅਵਾ ਕੀਤਾ ਸੀ ਤਾਂ ਕੀ ਉਸ ਵੇਲੇ ਐਸਡੀਆਰਐਫ ਦੀਆਂ ਸ਼ਰਤਾਂ ਸਰਕਾਰ ਦੇ ਲਈ ਅੜੀਕਾ ਨਹੀਂ ਬਣੀਆਂ ਜੋ ਹੁਣ ਸਰਕਾਰ ਇਹਨਾਂ ਸ਼ਰਤਾਂ ਦਾ ਹਵਾਲਾ ਦੇ ਕੇ ਆਪਣੇ ਗੁਨਾਹਾਂ ਤੋਂ ਬਚਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਸਰਕਾਰ ਨੇ ਉਕਤ ਰਕਮ ਵੀ ਸਹੀ ਥਾਂ ਤੇ ਨਹੀਂ ਖਰਚੀ ਨਹੀਂ ਤਾਂ ਇਸ ਕਦਰ ਪੰਜਾਬ ਵਿਚ ਤਬਾਹੀ ਨਾ ਹੁੰਦੀ।

ਉਹਨਾਂ ਕਿਹਾ ਕਿ ਸੂਬਾ ਸਰਕਾਰ ਕੋਲ ਪਹਿਲਾਂ ਹੀ ਐਸਡੀਆਰਐਫ ਵਿੱਚ 12 ਹਜ਼ਾਰ ਕਰੋੜ ਰੁਪਏ ਪਏ ਹਨ ਪਰ ਇਹ ਵੀ ਸੱਚ ਹੈ ਕਿ ਅਸਲ ਵਿੱਚ ਇਹ ਪੈਸਾ ਸੂਬਾ ਸਰਕਾਰ ਆਪਣੀ ਇਸ਼ਤਿਹਾਬਾਜੀ ਅਤੇ ਕੇਜਰੀਵਾਲ ਨੂੰ ਚੌਣ ਦੌਰਿਆਂ ਤੇ ਘੁੰਮਾਉਣ ਦੇ ਗੈਰ ਜ਼ਰੂਰੀ ਕੰਮਾਂ ਦੇ ਖਰਚ ਕਰਕੇ ਖੁਰਦ ਬੁਰਦ ਕਰ ਚੁੱਕੀ ਹੈ। ਜਿਸ ਕਰਕੇ ਇਹ ਹੁਣ ਨਿਯਮਾਂ ਦਾ ਹਵਾਲਾ ਦੇ ਕੇ ਆਪਣਾ ਗੁਨਾਹ ਛੁਪਾਉਣਾ ਚਾਹੁੰਦੀ ਹੈ।

ਉਹਨਾਂ ਨੇ ਕਿਹਾ ਕਿ ਸਾਲ 2023 ਵਿੱਚ ਵੀ ਭਗਵੰਤ ਸਿੰਘ ਮਾਨ ਨੇ 15 ਹਜਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਦਿੱਤੇ ਉਹੀ ਕੇਂਦਰ ਸਰਕਾਰ ਵਾਲੇ 6800 ਰੁਪਏ ਸਨ ਅਤੇ ਹੁਣ ਫਿਰ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ 20 ਹਜਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਿੱਥੋਂ ਦੇਣਗੇ।

ਸੁਨੀਲ ਜਾਖੜ ਨੇ ਕਿਹਾ ਕਿ ਬੇਸ਼ੱਕ ਕਿਸਾਨ ਨੂੰ ਹਰ ਰਾਹਤ ਮਿਲਣੀ ਚਾਹੀਦੀ ਹੈ ਪਰ ਸੂਬਾ ਸਰਕਾਰ ਜੇਕਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕਰ ਦਿੰਦੀ ਅਤੇ ਕਿਸਾਨਾਂ ਦੇ ਹਿੱਸੇ ਦਾ ਪ੍ਰੀਮੀਅਮ ਦੀ ਬਣਦੀ ਰਕਮ 32 ਕਰੋੜ ਅਦਾ ਕਰ ਦਿੰਦੀ ਤਾਂ ਅੱਜ ਹੜ੍ਹ ਪ੍ਰਭਾਵਿਤ ਹਰੇਕ ਕਿਸਾਨ ਨੂੰ ਪ੍ਰਤੀ ਏਕੜ 42 ਹਜਾਰ ਰੁਪਏ ਦਾ ਬੀਮਾ ਕਵਰ ਮਿਲ ਰਿਹਾ ਹੁੰਦਾ ।

ਭਾਜਪਾ ਸੂਬਾ ਪ੍ਰਧਾਨ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਸਪਸ਼ਟ ਕਹਿ ਕੇ ਗਏ ਹਨ ਕਿ ਇਹ 1600 ਕਰੋੜ ਰੁਪਏ ਕੇਵਲ ਅਤੇ ਕੇਵਲ ਫੌਰੀ ਰਾਹਤ ਹੈ ਅਤੇ ਸੂਬਾ ਸਰਕਾਰ ਤੋਂ ਹੋਰ ਪ੍ਰਸਤਾਵ ਆਉਣ ਤੇ ਕੇਂਦਰ ਸਰਕਾਰ ਵੱਲੋਂ ਮਦਦ ਭੇਜੀ ਜਾਵੇਗੀ। ਇਸ ਤੋਂ ਬਿਨਾਂ ਉਹਨਾਂ ਵੱਲੋਂ ਸਕੂਲਾਂ, ਨੈਸ਼ਨਲ ਹਾਈਵੇ ਅਤੇ ਮਕਾਨਾਂ ਦੇ ਨੁਕਸਾਨ ਦੀ ਭਰਪਾਈ ਵੀ ਵੱਖ-ਵੱਖ ਸਕੀਮਾਂ ਵਿੱਚ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸਨਮਾਨ ਨਿਧੀ ਸਕੀਮ ਦੀ ਕਿਸਤ ਅਤੇ ਐਸਡੀਆਰਐਫ ਦੀ ਦੂਜੀ ਕਿਸ਼ਤ ਦੀ ਅਡਵਾਂਸ ਜਾਰੀ ਕਰਨ ਦੀ ਗੱਲ ਪ੍ਰਧਾਨ ਮੰਤਰੀ ਕਹਿ ਕੇ ਗਏ ਹਨ।

 

ਉਹਨਾਂ ਕਿਹਾ ਕਿ ਮਨਰੇਗਾ ਸਕੀਮ ਦੇ ਤਹਿਤ ਪੇਂਡੂ ਵਿਕਾਸ ਲਈ ਜੋ ਵੀ ਸੂਬਾ ਸਰਕਾਰ ਚਾਹੇ ਕਰ ਸਕਦੀ ਹੈ ਪਰ ਇਸ ਲਈ ਉਸ ਕੋਲ ਨੀਅਤ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਅੱਗੇ ਖੇਤ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਹੜਾਂ ਕਾਰਨ ਹੋਏ ਨੁਕਸਾਨ ਦਾ ਕੋਈ ਜ ਿਤੱਕ ਨਹੀਂ ਕੀਤਾ ਗਿਆ ਹੈ।

ਸੂਬਾ ਸਰਕਾਰ ਦੇ ਢਿੱਲੇ ਰਵਈਏ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਕਿਸੇ ਵੇਲੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਸਕੀਮ ਤਹਿਤ ਪੰਜਾਬ ਦੇ 23 ਲੱਖ ਕਿਸਾਨਾਂ ਨੂੰ ਲਾਭ ਮਿਲਦਾ ਸੀ ਪਰ ਇਸ ਦੇ ਵਿਭਾਗਾਂ ਵੱਲੋਂ ਈਕੇਵਾਈਸੀ ਨਾ ਕਰਵਾਉਣ ਕਾਰਨ ਇਹ ਲਾਭ ਹੁਣ ਕੇਵਲ 8 ਲੱਖ ਕਿਸਾਨਾਂ ਤੱਕ ਸਿਮਟ ਕੇ ਰਹਿ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੀ ਦੇ ਸੁਪਰ ਸੀਐਮ ਅਰਵਿੰ ਦ ਕੇਜਰੀਵਾਲ ਦੀ ਸਰਕਾਰ ਆਪਣੀਆਂ ਨਾਕਾਮੀਆਂ ਦਾ ਬੋਝ ਹੋਰਨਾਂ ਤੇ ਸੁੱਟ ਕੇ ਆਪਣੇ ਗੁਨਾਹਾਂ ਤੋਂ ਬਚਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਉਸ ਨੂੰ ਅਜਿਹਾ ਕਰਨ ਨਹੀਂ ਦੇਣਗੇ । 

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.