Friday, 17 April 2026

ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਵੀ ਹੋਰ ਖਰਾਬ ਹੋਈ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅੱਜ ਵੀ ਹਵਾ ਦੀ ਗੁਣਵੱਤਾ ਮਾੜੀ ਅਤੇ ਬਹੁਤ ਮਾੜੀ ਸ਼ੇ੍ਰਣੀ ਵਿਚ ਦਰਜ ਕੀਤੀ ਗਈ। ਜਦੋਂ ਕਿ ਪੰਜਾਬ ਵਿਚ ਹਵਾ ਦੀ ਗੁਣਵੱਤਾ ਮਾੜੀ ਸ਼ੇ੍ਰਣੀ ਵਿਚ ਰਹੀ। ਇਸੇ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿਚ ਵੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼ੇ੍ਰਣੀ ਵਿਚ ਰਹੀ, ਜਦੋਂ ਕਿ ਆਨੰਦ ਵਿਹਾਰ ਖੇਤਰ ਵਿਚ ਇਹ ‘ਗੰਭੀਰ’ ਸ਼ੇ੍ਰਣੀ ਵਿਚ ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਗਈ ਹੈ ਅਤੇ ਧੀਮੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। ਦੱਸਣਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿਚ 18 ਤੋਂ 21 ਅਕਤੂਬਰ ਤੱਕ ਗਰੀਨ ਪਟਾਕੇ ਵੇਚਣ ਅਤੇ ਚਲਾਉਣ ਦੀ ਇਜ਼ਾਜਤ ਦਿੱਤੀ ਸੀ। ਇਸਦੇ ਬਾਵਜੂਦ ਵੀ ਲੋਕਾਂ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਕੋਈ ਪਰਵਾਹ ਨਹੀਂ ਕੀਤੀ।

ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਦਾ ਵੀ ਕੀਤਾ ਵਾਅਦਾ

ਲਖਨਊ/ਬਿਊਰੋ ਨਿਊਜ਼

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੇ ਸਰਕਾਰੀ ਨਿਵਾਸ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਕਣਕ ਦੇ ਬੀਜ ਨਾਲ ਲੱਦੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਮੁੱਖ ਮੰਤਰੀ ਅਦਿੱਤਿਆਨਾਥ ਨੇ ਕਿਹਾ ਕਿ ਤਿਉਹਾਰਾਂ ਦਾ ਅਸਲੀ ਆਨੰਦ ਤਾਂ ਹੀ ਹੈ, ਜਦੋਂ ਅਸੀਂ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਖੜ੍ਹੇ ਹੋਈਏ। ਉਨ੍ਹਾਂ ਕਿਹਾ ਕਿ ਇਸੇ ਭਾਵਨਾ ਨਾਲ ਇਸ ਔਖੇ ਸਮੇਂ ਵਿਚ ਉਤਰ ਪ੍ਰਦੇਸ਼ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਸਬੰਧੀ ਆਫਤ ਦਾ ਸਾਹਮਣਾ ਪੰਜਾਬ ਦੇ ਕਿਸਾਨ ਇਕੱਲੇ ਨਹੀਂ ਕਰਨਗੇ, ਉਨ੍ਹਾਂ ਨਾਲ ਕੇਂਦਰ ਸਰਕਾਰ ਅਤੇ ਉਤਰ ਪ੍ਰਦੇਸ਼ ਦੀ ਸਰਕਾਰ ਵੀ ਖੜ੍ਹੀ ਹੈ। ਆਦਿੱਤਿਅਨਾਥ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਕਿਸਾਨਾਂ ਨੂੰ ਸ਼ਕਤੀਸ਼ਾਲੀ, ਆਤਮ ਨਿਰਭਰ ਅਤੇ ਖੁਸ਼ਹਾਲ ਬਣਾਵਾਂਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਇਕ ਹਜ਼ਾਰ ਕੁਇੰਟਲ ਕਣਕ ਦਾ ਬੀਜ ਭੇਜਿਆ ਗਿਆ ਹੈ।

ਇੰਡੀਆ ਗਠਜੋੜ ਦੀ ਸਰਕਾਰ ਬਣੀ ਤਾਂ ਮੁਕੇਸ਼ ਸਾਹਨੀ ਡਿਪਟੀ ਸੀਐਮ ਹੋਣਗੇ 

ਪਟਨਾ/ਬਿਊਰੋ ਨਿਊਜ਼ 

ਬਿਹਾਰ ਵਿਧਾਨ ਸਭਾ ਚੋਣਾਂ ਲਈ ‘ਇੰਡੀਆ’ ਗਠਜੋੜ ਦੇ ਮੁੱਖ ਮੰਤਰੀ ਚਿਹਰਾ ਰਾਸ਼ਟਰੀ ਜਨਤਾ ਦੇ ਮੁਖੀ ਤੇਜਸਵੀ ਯਾਦਵ ਹੋਣਗੇ। ਕਾਂਗਰਸ ਪਾਰਟੀ ਦੇ ਆਗੂ ਅਸ਼ੋਕ ਗਹਿਲੋਤ ਨੇ ਮਹਾਂਗਠਜੋੜ ਦੀ ਸਾਂਝੀ ਪ੍ਰੈਸ ਕਾਨਫਰੰਸ ਵਿਚ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਉਪ ਮੁੱਖ ਮੰਤਰੀ ਮੁਕੇਸ਼ ਸਾਹਨੀ ਹੋਣਗੇ। ਇਸੇ ਦੌਰਾਨ ਤੇਜਸਵੀ ਯਾਦਵ ਨੇ ਕਿਹਾ ਕਿ ‘ਇੰਡੀਆ’ ਗਠਜੋੜ ਦੇ ਆਗੂਆਂ ਨੇ ਮੇਰੇ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਮੈਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਯਾਦਵ ਨੇ ਕਿਹਾ ਕਿ ਅਸੀਂ ਬਿਹਾਰ ’ਚ ਮੌਜੂਦਾ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਉਖਾੜ ਸੁੱਟਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਵਿਚ ਇੰਡੀਆ ਗਠਜੋੜ ਦੀ ਸਰਕਾਰ ਹੀ ਬਣੇਗੀ। ਮਹਾਂਗਠਜੋੜ ਦੀ ਸਾਂਝੀ ਮੀਟਿੰਗ ਕਰੀਬ 50 ਮਿੰਟ ਤੱਕ ਚੱਲੀ, ਜਿਸ ਵਿਚ 7 ਪਾਰੀਆਂ ਦੇ 14 ਆਗੂ ਸ਼ਾਮਲ ਸਨ। ਮੀਟਿੰਗ ਦੌਰਾਨ ਸ਼ਾਮਲ ਪਾਰਟੀਆਂ ਦੇ ਸਾਰੇ ਆਗੂਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਸਾਰਿਆਂ ਨੇ ਮਹਾਂਗਠਜੋੜ ’ਚ ਏਕਤਾ ਦੀ ਗੱਲ ਕੀਤੀ। 

ਫਿਲਮ ਇੰਡਸਟਰੀ ਦੇ ਕਲਾਕਾਰਾਂ ਵਲੋਂ ਅਸਰਾਨੀ ਦੀ ਮੌਤ ’ਤੇ ਦੁੱਖ ਪ੍ਰਗਟ

ਮੁੰਬਈ/ਬਿਊਰੋ ਨਿਊਜ਼

ਬਲਾਕਬਸਟਰ ਫਿਲਮ ‘ਸ਼ੋਅਲੇ’ ਵਿਚ ਬਿ੍ਰਟਿਸ਼ ਯੁੱਗ ਦੇ ਜੇਲ੍ਹਰ ਦੀ ਭੂਮਿਕਾ ਲਈ ਜਾਣੇ ਜਾਂਦੇ ਗੋਵਰਧਨ ਅਸਰਾਨੀ ਦਾ 84 ਸਾਲ ਦੀ ਉਮਰ ਵਿਚ ਲੰਘੇ ਕੱਲ੍ਹ ਦਿਹਾਂਤ ਹੋ ਗਿਆ ਹੈ। ਅਦਾਕਾਰ ਨੂੰ ਚਾਰ ਦਿਨ ਪਹਿਲਾਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਜਾਨ ਚਲੇ ਗਈ। ਅਸਰਾਨੀ ਨੇ ਬਾਲੀਵੁੱਡ ਵਿਚ 300 ਤੋਂ ਵੀ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਵਰਧਨ ਅਸਰਾਨੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਜਾਰੀ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਸਨ। ਅਸਰਾਨੀ ਦੇ ਦਿਹਾਂਤ ’ਤੇ ਫਿਲਮ ਇੰਡਸਟਰੀ ਦੇ ਕਲਾਕਾਰਾਂ ਅਤੇ ਹੋਰਨਾਂ ਵੱਖ-ਵੱਖ ਹਸਤੀਆਂ ਨੇ ਡੂੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਚੰਡੀਗੜ੍ਹ/ਬਿਊਰੋ ਨਿਊਜ਼

ਦਿੱਲੀ ਵਿਚ ਹਵਾ ਦੀ ਗੁਣਵੱਤਾ ਜ਼ਹਿਰੀਲੀ ਹੋ ਗਈ ਹੈ। ਇਸੇ ਤਰ੍ਹਾਂ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅੱਜ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼ੇ੍ਰਣੀ ਵਿਚ ਦਰਜ ਕੀਤੀ ਗਈ, ਜਦੋਂ ਕਿ ਪੰਜਾਬ ਵਿਚ ਵੀ ਹਵਾ ਦੀ ਗੁਣਵੱਤਾ ਖਰਾਬ ਹੀ ਰਹੀ। ਦਿੱਲੀ ਵਿਚ ਅੱਜ ਸਵੇਰੇ 9 ਵਜੇ ਹਵਾ ਦੀ ਗੁਣਵੱਤਾ ਸੂਚਕਾਂਕ 335 ਸੀ, ਜੋ ਕਿ ਬਹੁਤ ਮਾੜੀ ਸ਼ੇ੍ਰਣੀ ਵਿਚ ਆਉਂਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹਾ ਅੰਮਿ੍ਰਤਸਰ ਵਿਚ ਸਵੇਰੇ 9 ਵਜੇ ਹਵਾ ਦੀ ਗੁਣਵੱਤਾ 253 ਦਰਜ ਕੀਤੀ ਗਈ। ਜਲੰਧਰ 261, ਪਟਿਆਲਾ ਵਿਚ 207, ਲੁਧਿਆਣਾ ਵਿਚ 234 ਅਤੇ ਚੰਡੀਗੜ੍ਹ ਵਿਚ 169 ਦਰਜ ਕੀਤੀ ਗਈ ਹੈ। ਧਿਆਨ ਰਹੇ ਕਿ ਦੋ ਦਿਨ ਮਨਾਈ ਗਈ ਦੀਵਾਲੀ ਕਰਕੇ ਵੀ ਹਵਾ ਦੀ ਗੁਣਵੱਤਾ ਖਰਾਬ ਹੋਈ ਹੈ।

ਜਾਤੀ ਭੇਦਭਾਵ ਦਾ ਸ਼ਿਕਾਰ ਹੋ ਗਏ ਸਨ ਪੂਰਨ ਕੁਮਾਰ
ਚੰਡੀਗੜ੍ਹ/ਬਿਊਰੋ ਨਿਊਜ਼  
ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਵਲੋਂ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਅੱਜ 9ਵੇਂ ਦਿਨ ਉਨ੍ਹਾਂ ਦਾ ਪੀਜੀਆਈ ਚੰਡੀਗੜ੍ਹ ਵਿਚ ਪੋਸਟ ਮਾਰਟਮ ਕੀਤਾ ਗਿਆ। ਇਕ ਮੈਜਿਸਟਰੇਟ ਦੀ ਮੌਜੂਦਗੀ ਵਿਚ ਇਸ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਅਤੇ ਇਸ ਪ੍ਰਕਿਰਿਆ ਨੂੰ ਕਰੀਬ ਚਾਰ ਘੰਟੇ ਲੱਗੇ। ਇਸ ਤੋਂ ਬਾਅਦ ਪੂਰਨ ਕੁਮਾਰ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੀ ਚੰਡੀਗੜ੍ਹ ਦੇ ਸੈਕਟਰ 24 ਵਿਚਲੀ ਰਿਹਾਇਸ਼ ’ਤੇ ਲਿਜਾਇਆ ਗਿਆ। ਜਾਤੀ ਭੇਦਭਾਵ ਦਾ ਸ਼ਿਕਾਰ ਹੋਏ ਪੂਰਨ ਕੁਮਾਰ ਦਾ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਸਸਕਾਰ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਆਈ.ਪੀ.ਐਸ. ਅਧਿਕਾਰੀ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ ਨੇ ਅੱਜ ਸਵੇਰੇ ਆਪਣੇ ਪਤੀ ਦੇ ਪੋਸਟ ਮਾਰਟਮ ਲਈ ਸਹਿਮਤੀ ਦੇ ਦਿੱਤੀ ਸੀ।  

ਕਿਹਾ : ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ ਭਗਵੰਤ ਮਾਨ ਦੀ ਸਰਕਾਰ

ਨਵੀਂ ਦਿੱਲੀ/ਬਿਊੁਰੋ ਨਿਊਜ਼

ਦਿੱਲੀ ਦੀ ਭਾਜਪਾ ਸਰਕਾਰ ’ਚ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਕੌਮੀ ਰਾਜਧਾਨੀ ਵਿਚ ਹਵਾ ਦੀ ਮਾੜੀ ਗੁਣਵੱਤਾ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਬਾਵਜੂਦ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ।  ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਦੀਵਾਲੀ, ਹਿੰਦੂਆਂ ਤੇ ਸਨਾਤਨੀਆਂ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੀ ਮਾੜੀ ਹਵਾ ਗੁਣਵੱਤਾ ਨੂੰ ਤਿਉਹਾਰ ਨਾਲ ਜੋੜਨਾ ਕਿਸੇ ‘ਪਾਪ’ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਿਰਫ ਦੀਵਾਲੀ ਦੇ ਪਟਾਕਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਗੁੰਮਰਾਹਕੁੰਨ ਹੋਵੇਗਾ। ਧਿਆਨ ਰਹੇ ਕਿ ਦਿੱਲੀ, ਪੰਜਾਬ ਅਤੇ ਹਰਿਆਣਾ ’ਚ ਹਵਾ ਪ੍ਰਦੂੁਸ਼ਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ’ਚ ਸੋਗ ਦੀ ਲਹਿਰ
ਮੁੰਬਈ/ਬਿਊਰੋ ਨਿਊਜ਼
ਮਹਾਂਭਾਰਤ ਵਿਚ ਕਰਨ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦਿਹਾਂਤ ਹੋ ਗਿਆ ਹੈ। ਪੰਕਜ ਧੀਰ ਦੀ ਉਮਰ 68 ਸਾਲ ਸੀ ਅਤੇ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਬੀ.ਆਰ. ਚੋਪੜਾ ਦੇ ਮਸ਼ਹੂਰ ਸੀਰੀਅਲ ‘ਮਹਾਂਭਾਰਤ’ ਵਿਚ ਕਰਨ ਅਤੇ ‘ਚੰਦਰਕਾਂਤਾ’ ਵਿਚ ਰਾਜਾ ਸ਼ਿਵ ਦੱਤ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਦੇ ਦਿਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੰਕਜ ਧੀਰ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੇ ਟੀ.ਵੀ. ਸ਼ੋਅਜ਼ ਅਤੇ ਫਿਲਮਾਂ ਵਿਚ ਕੰਮ ਕੀਤਾ, ਜਿਸ ਨਾਲ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿਚ ਇਕ ਖਾਸ ਥਾਂ ਬਣਾ ਲਈ ਸੀ। ਪੰਕਜ ਧੀਰ ਦੀ ਅਦਾਕਾਰੀ ਦੀ ਸ਼ੈਲੀ ਅਤੇ ਵਿਲੱਖਣਤਾ ਨੇ ਉਨ੍ਹਾਂ ਨੂੰ ਸਿਨੇਮਾ ਜਗਤ ਵਿਚ ਇਕ ਵੱਖਰੀ ਪਛਾਣ ਦਿੱਤੀ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਨੂੰ ਰਾਸ਼ਟਰੀ ਮਾਣ ਦਾ ਪ੍ਰਤੀਕ ਦੱਸਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਉਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਨੂੰ ਦਿ੍ਰੜਤਾ ਅਤੇ ਰਾਸ਼ਟਰੀ ਮਾਣ ਦਾ ਪ੍ਰਤੀਕ ਦੱਸਿਆ ਹੈ। ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿਚ ਪਿਪਿੰਗ ਸਮਾਰੋਹ ਵਿਚ ਟੈਰੀਟੋਰੀਅਲ ਆਰਮੀ ਵਿਚ ਸੇਵਾ ਨਿਭਾ ਰਹੇ ਸਟਾਰ ਜੈਵਲਿਨ ਥਰੋਅਰ ਨੂੰ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਚਿੰਨ ਪ੍ਰਦਾਨ ਕੀਤਾ। ਸਮਾਗਮ ਵਿਚ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਥਲ ਸੈਨਾ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਖੰਡਰਾ ਵਿਚ 24 ਦਸੰਬਰ 1997 ਨੂੰ ਜਨਮੇ ਨੀਰਜ ਚੋਪੜਾ ਨੇ ਟੋਕੀਓ ਉਲੰਪਿਕ 2020 ਵਿਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੌਰਾਨ ਅਥਲੈਟਿਕਸ ਵਿਚ ਭਾਰਤ ਦਾ ਪਹਿਲਾ ਉਲੰਪਿਕ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ।

ਸੀਐਮ ਰੇਖਾ ਗੁਪਤਾ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. ਵਿਚ ਗਰੀਨ ਪਟਾਖੇ ਵੇਚਣ ਅਤੇ ਚਲਾਉਣ ਦੀ ਇਜ਼ਾਜਤ ਦੇ ਦਿੱਤੀ ਹੈ ਅਤੇ ਇਹ ਇਜਾਜ਼ਤ 18 ਤੋਂ 21 ਅਕਤੂਬਰ ਤੱਕ ਹੋਵੇਗੀ। ਇਸ ਦੌਰਾਨ ਲੋਕ ਸਵੇਰੇ 6 ਤੋਂ 7 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਗਰੀਨ ਪਟਾਖੇ ਚਲਾ ਸਕਣਗੇ। ਭਾਰਤ ਦੇ ਮਾਨਯੋਗ ਚੀਫ ਜਸਟਿਸ ਬੀ.ਆਰ. ਗਵੱਈ ਅਤੇ ਜਸਟਿਸ ਕੇ. ਵਿਨੋਦ ਚੰਦਨ ਦੀ ਬੈਂਚ ਨੇ ਕਿਹਾ ਕਿ ਅਸੀਂ ਕੁਝ ਸ਼ਰਤਾਂ ਦੇ ਤਹਿਤ ਗਰੀਨ ਪਟਾਖੇ ਚਲਾਉਣ ਦੀ ਇਜ਼ਾਜਤ ਦੇ ਰਹੇ ਹਾਂ। ਚੀਫ ਜਸਟਿਸ ਗਵੱਈ ਨੇ ਇਹ ਵੀ ਕਿਹਾ ਕਿ ਅਸੀਂ ਵਾਤਾਵਰਣ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਾਂਗੇ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਿਵਾਲੀ, ਗੁਰਪੁਰਬ ਅਤੇ ਕ੍ਰਿਸਮਸ ਵਰਗੇ ਤਿਉਹਾਰਾਂ ਮੌਕੇ ਗਰੀਨ ਪਟਾਖੇ ਚਲਾਉਣ ਦੀ ਇਜਾਜ਼ਤ ਮੰਗੀ ਸੀ। ਇਸੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਫੈਸਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ।

ਪੁਲਿਸ ਅਤੇ ਫਾਇਰ ਸਟਾਫ ਨੇ ਹੈਲੀਕਾਪਟਰ ਨੂੰ ਧੱਕਾ ਲਗਾ ਕੇ ਬਾਹਰ ਕੱਢਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਰਲ ਪਹੁੰਚੀ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਉਤਰਨ ਤੋਂ ਬਾਅਦ ਇਕ ਟੋਏ ਵਿਚ ਫਸ ਗਿਆ। ਇਸ ਮੌਕੇ ਮੌਜੂੁਦ ਪੁਲਿਸ ਅਤੇ ਫਾਇਰ ਕਰਮਚਾਰੀਆਂ ਨੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਧੱਕਾ ਲਗਾ ਕੇ ਟੋਏ ਵਿਚੋਂ ਬਾਹਰ ਕੱਢਿਆ। ਇਹ ਘਟਨਾ ਕੇਰਲ ਵਿਚ ਰਾਜੀਵ ਗਾਂਧੀ ਸਟੇਡੀਅਮ ’ਚ ਵਾਪਰੀ ਹੈ। ਘਟਨਾ ਸਥਾਨ ’ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਹੈਲੀਪੈਡ ਜਲਦਬਾਜ਼ੀ ਵਿਚ ਬਣਾਇਆ ਗਿਆ ਸੀ ਅਤੇ ਇਸ ਕਰਕੇ ਕੰਕਰੀਟ ਪੂਰੀ ਤਰ੍ਹਾਂ ਜੰਮ ਨਹੀਂ ਸਕਿਆ।  ਰਾਸ਼ਟਰਪਤੀ ਮੁਰਮੂ ਅੱਜ ਕੇਰਲ ਵਿਚ ਸਬਰੀਮਾਲਾ ਮੰਦਰ ਵਿਚ ਜਾ ਰਹੇ ਸਨ ਅਤੇ ਉਨ੍ਹਾਂ ਨੇ ਬਿਨਾ ਕਿਸੇ ਦੇਰੀ ਦੇ ਸੜਕੀ ਰਸਤੇ ਆਪਣੀ ਯਾਤਰਾ ਜਾਰੀ ਰੱਖੀ ਤੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ। ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਵਾਲੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ ਦਰੋਪਦੀ ਮੁਰਮੂ।

ਕੁਰੂਕਸ਼ੇਤਰ/ਬਿਊਰੋ ਨਿਊਜ਼ 

ਹਰਿਆਣਾ ਦੇ ਕੁਰੂਕਸ਼ੇਤਰ ਸਥਿਤ ਮਿੰਨੀ ਸਕੱਤਰੇਤ ਵਿਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਇਕ ਸਰਕਾਰੀ ਅਧਿਕਾਰੀ ਡੀ.ਐਫ.ਸੀ. ਰਾਜੇਸ਼ ਆਰੀਆ ਦੇ ਥੱਪੜ ਮਾਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਪੁਲਿਸ ਨੇ ਚਡੂਨੀ ਨੂੰ ਗਿ੍ਰਫਤਾਰ ਕਰ ਲਿਆ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਆਪਣੇ ਸਮਰਥਕਾਂ ਨਾਲ ਕਿਸਾਨੀ ਮੰਗਾਂ ਨੂੰ ਲੈ ਕੇ ਕੁਰੂਕਸ਼ੇਤਰ ਦੇ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ’ਤੇ ਬੈਠੇ ਸਨ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਸਰਕਾਰੀ ਅਧਿਕਾਰੀ ਨਾਲ ਚਡੂਨੀ ਦੀ ਬਹਿਸ ਹੋ ਗਈ। ਇਹ ਬਹਿਸ ਇੱਥੋਂ ਤੱਕ ਵਧੀ ਗਈ ਕਿ ਚਡੂਨੀ ਨੇ ਸਰਕਾਰੀ ਅਧਿਕਾਰੀ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਮਾਹੌਲ ਵੀ ਕਾਫੀ ਤਣਾਅਪੂਰਨ ਬਣ ਗਿਆ ਸੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.