Friday, 17 April 2026

ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਰਹੇ ਹਨ ਸਰਦਾਰ ਵੱਲਭ ਭਾਈ ਪਟੇਲ

ਵਡੋਦਰਾ/ਬਿਊਰੋ ਨਿਊਜ਼   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਗੁਜਰਾਤ ਵਿਚ ਸਟੈਚੂ ਆਫ ਯੂਨਿਟੀ ਵਿਖੇ ਸ਼ਰਧਾਂਜਲੀ ਭੇਟ ਕੀਤੀ। ਨਰਿੰਦਰ ਮੋਦੀ ਦੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਸਾਲ 2014 ਤੋਂ ਸਰਦਾਰ ਪਟੇਲ ਦੀ ਜਨਮ ਵਰ੍ਹੇਗੰਢ ਮੌਕੇ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪੀਐਮ ਮੋਦੀ ਨੇ ਇਸ ਮੌਕੇ ਇਕੱਠ ਨੂੰ ਏਕਤਾ ਦਿਵਸ ਦੀ ਸਹੁੰ ਵੀ ਚੁਕਾਈ ਅਤੇ ਰਾਸ਼ਟਰੀ ਏਕਤਾ ਦਿਵਸ ਪਰੇਡ ਦੇਖੀ। ਇਸ ਵਾਰ ਇਹ ਸਮਾਗਮ ਹੋਰ ਵੀ ਖਾਸ ਰਿਹਾ ਕਿਉਂਕਿ ਇਹ ਪਰੇਡ ਗਣਤੰਤਰ ਦਿਵਸ ਪਰੇਡ ਦੀ ਤਰਜ਼ ’ਤੇ ਆਯੋਜਿਤ ਕੀਤੀ ਗਈ। ਇਸ ਪਰੇਡ ਵਿਚ ਬੀ.ਐਸ.ਐਫ. ਅਤੇ ਸੀ.ਆਰ.ਪੀ.ਐਫ. ਵਰਗੇ ਨੀਮ ਫੌਜੀ ਬਲ ਅਤੇ ਵੱਖ-ਵੱਖ ਸੂਬਿਆਂ ਦੇ ਪੁਲਿਸ ਬਲਾਂ ਦੀਆਂ ਟੁਕੜੀਆਂ ਵੀ ਸ਼ਾਮਲ ਸਨ।

ਕਿਹਾ : ਨੌਜਵਾਨਾਂ ਨਾਲ ਕੀਤਾ ਗਿਆ ਅਣਮਨੁੱਖੀ ਵਰਤਾਰਾ

ਚੰਡੀਗੜ੍ਹ/ਬਿਊਰੋ ਨਿਊਜ਼ 

ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅਮਰੀਕਾ ਵਲੋਂ ਹਰਿਆਣਾ ਦੇ ਡਿਪੋਰਟ ਕੀਤੇ ਨੌਜਵਾਨਾਂ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਵਾਪਸ ਭੇਜਣ ਸਮੇਂ ਵਿਦੇਸ਼ੀ ਸਰਕਾਰਾਂ ਨੂੰ ਮਨੁੱਖਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਵਿੱਜ ਨੇ ਕਿਹਾ ਕਿ ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਦੇ ਵੀ ਮਨੁੱਖੀ ਅਧਿਕਾਰ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਏਜੰਟਾਂ ਵਿਰੁੱਧ ਕਾਰਵਾਈ ਲਈ ਨੀਤੀ ਤਿਆਰ ਕੀਤੀ ਹੈ, ਜੋ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਦੇ ਹਨ। ਧਿਆਨ ਰਹੇ ਕਿ ਅਮਰੀਕਾ ਨੇ ਜਿਹੜੇ ਨੌਜਵਾਨ ਡਿਪੋਰਟ ਕੀਤੇ ਹਨ, ਉਨ੍ਹਾਂ ਦੇ ਪੈਰਾਂ ਵਿਚ ਬੇੜੀਆਂ ਪਾਈਆਂ ਹੋਈਆਂ ਸਨ। 

ਕਿਹਾ : ਮੋਦੀ ’ਚ ਇਹ ਕਹਿਣ ਦੀ ਹਿੰਮਤ ਨਹੀਂ ਕਿ ਟਰੰਪ ਝੂਠ ਬੋਲ ਰਹੇ ਹਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬਿਹਾਰ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਵਾਲ ਚੁੱਕੇ ਹਨ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਪੋਕ ਦੱਸਦਿਆਂ ਕਿਹਾ ਕਿ ਇਨ੍ਹਾਂ ’ਚ ਇਹ ਕਹਿਣ ਦੀ ਹਿੰਮਤ ਨਹੀਂ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਝੂਠ ਬੋਲ ਰਹੇ ਹਨ। ਜ਼ਿਕਰਯੋਗ ਹੈ ਕਿ ਟਰੰਪ ਵਲੋਂ ਵਾਰ-ਵਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਨੂੰ ਰੋਕਿਆ ਹੈ। ਬਿਹਾਰ ਦੇ ਨਾਲੰਦਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਐਨ.ਡੀ.ਏ. ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ‘ਵੋਟ ਚੋਰੀ’ ਰਾਹੀਂ ਸਰਕਾਰ ਬਣਾਈ ਸੀ ਅਤੇ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਿਹਾਰ ਵਿਚ ‘ਇੰਡੀਆ’ ਗਠਜੋੜ ਦੀ ਸਰਕਾਰ ਬਣੀ ਤਾਂ ਦੁਨੀਆ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਵੀ ਨਾਲੰਦਾ ਵਿਖੇ ਬਣਾਈ ਜਾਵੇਗੀ। 

24 ਨਵੰਬਰ ਨੂੰ ਚੁੱਕਣਗੇ ਅਹੁਦੇ ਦੀ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਚੀਫ ਜਸਟਿਸ ਭੂਸ਼ਣ ਆਰ. ਗਵਈ ਨੇ ਅੱਜ ਕੇਂਦਰ ਸਰਕਾਰ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸੀਨੀਅਰ ਜੱਜ ਜਸਟਿਸ ਸੂਰਿਆ ਕਾਂਤ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਦਾ ਨਾਮ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਦੇ 53ਵੇਂ ਚੀਫ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਰਵਾਇਤੀ ਤੌਰ ’ਤੇ ਮੌਜੂਦਾ ਚੀਫ ਜਸਟਿਸ ਕਾਨੂੰਨ ਮੰਤਰਾਲੇ ਤੋਂ ਬੇਨਤੀ ਪ੍ਰਾਪਤ ਕਰਨ ਤੋਂ ਬਾਅਦ ਹੀ ਆਪਣੇ ਉੱਤਰਾਧਿਕਾਰੀ ਦੀ ਸਿਫ਼ਾਰਸ਼ ਕਰਦੇ ਹਨ। ਮੌਜੂਦਾ ਚੀਫ ਜਸਟਿਸ ਗਵਈ ਦਾ ਕਾਰਜਕਾਲ 23 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਦੱਸਣਯੋਗ ਹੈ ਕਿ ਜਸਟਿਸ ਸੂਰਿਆ ਕਾਂਤ 24 ਨਵੰਬਰ ਨੂੰ ਸੀ.ਜੇ.ਆਈ. ਵਜੋਂ ਸਹੁੰ ਚੁੱਕਣਗੇ ਅਤੇ ਉਹ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ। 

ਰਾਫੇਲ ’ਚ ਉਡਾਣ ਭਰਨ ਵਾਲੀ ਪਹਿਲੀ ਰਾਸ਼ਟਰਪਤੀ ਹੈ ਮੁਰਮੂ

ਅੰਬਾਲਾ/ਬਿਊਰੋ ਨਿਊਜ਼  

ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਬਾਲਾ ਹਵਾਈ ਫੌਜ ਸਟੇਸ਼ਨ ਤੋਂ ਫਰਾਂਸ ਦੇ ਬਣੇ ਰਾਫੇਲ ਲੜਾਕੂ ਜਹਾਜ਼ ਵਿਚ ਉਡਾਣ ਭਰੀ ਹੈ। ਦਰੋਪਦੀ ਮੁਰਮੂ ਰਾਫੇਲ ਵਿਚ ਉਡਾਣ ਭਰਨ ਵਾਲੀ ਪਹਿਲੀ ਰਾਸ਼ਟਰਪਤੀ ਬਣ ਗਈ ਹੈ। ਰਾਸ਼ਟਰਪਤੀ ਦੀ ਇਸ ਉਡਾਣ ਨੂੰ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਖੁਦ ਉਡਾ ਰਹੇ ਸਨ। ਉਡਾਣ ਭਰਨ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਨੂੰ ਅੰਬਾਲਾ ਏਅਰ ਫੋਰਸ ਸਟੇਸ਼ਨ ’ਤੇ ਗਾਰਡ ਆਫ ਆਨਰ ਦਿੱਤਾ ਗਿਆ। ਰਾਸ਼ਟਰਪਤੀ ਮੁਰਮੂ ਮੁੱਖ ਮਹਿਮਾਨ ਦੇ ਤੌਰ ’ਤੇ ਹਵਾਈ ਫੌਜ ਵਲੋਂ ਆਯੋਜਿਤ ਇਕ ਸਮਾਗਮ ਵਿਚ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਦਰੋਪਦੀ ਮੁਰਮੂ ਨੇ 8 ਅਪ੍ਰੈਲ 2023 ਨੂੰ ਅਸਾਮ ਦੇ ਤੇਜਪੁਰ ਹਵਾਈ ਫੌਜ ਦੇ ਸਟੇਸ਼ਨ ’ਤੇ ਸੁਖੋਈ-30 ਐਮ.ਕੇ.ਆਈ. ਲੜਾਕੂ ਜਹਾਜ਼ ਵਿਚ ਵੀ ਉਡਾਣ ਭਰੀ ਸੀ।

ਮੈਕਸੀਕੋ ਰਸਤੇ ਅਮਰੀਕਾ ’ਚ ਗੈਰਕਾਨੂੰਨੀ ਤਰੀਕੇ ਨਾਲ ਹੋਏ ਸੀ ਦਾਖ਼ਲ

ਅੰਬਾਲਾ/ਬਿਊਰੋ ਨਿਊਜ਼ 

ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਡਿਪੋਰਟ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਏ ਸਨ ਅਤੇ ਇਨ੍ਹਾਂ ਨੂੰ ਕਈ ਮਹੀਨੇ ਤੱਕ ਉਥੋਂ ਦੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਗਿਆ। ਇਨ੍ਹਾਂ ਨੌਜਵਾਨਾਂ ਨੇ ਵਤਨ ਵਾਪਸੀ ’ਤੇ ਦੱਸਿਆ ਕਿ ਅਮਰੀਕਾ ਵਿਚ ਉਨ੍ਹਾਂ ਉੱਤੇ ਤਸ਼ੱਦਦ ਅਤੇ ਅਤਿਆਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਰਮੀ ਸਮੇਂ ਹੀਟਰ ਤੇ ਸਰਦੀ ਵਿੱਚ ਏ.ਸੀ. ਚਲਾ  ਕੇ ਉਨ੍ਹਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਖਾਣ-ਪੀਣ ਦੀ ਘਾਟ ਤੇ ਬੇਹੱਦ ਸਖ਼ਤ ਸੁਰੱਖਿਆ ਨਿਯਮਾਂ ਨੇ ਉਨ੍ਹਾਂ ਦੀ ਹਾਲਤ ਖ਼ਰਾਬ ਕਰ ਦਿੱਤੀ। ਇਨ੍ਹਾਂ ਡਿਪੋਰਟ ਹੋਏ ਨੌਜਵਾਨਾਂ ਵਿਚ ਸਭ ਤੋਂ ਵੱਧ ਕਰਨਾਲ ਦੇ 16, ਕੈਥਲ ਦੇ 14, ਅੰਬਾਲਾ ਤੇ ਕੁਰੂਕਸ਼ੇਤਰ ਦੇ 5-5, ਜੀਂਦ ਦੇ 4 ਅਤੇ ਫਤਿਹਾਬਾਦ ਦੇ 3 ਨੌਜਵਾਨ ਸ਼ਾਮਲ ਹਨ। ਇਸੇ ਤਰ੍ਹਾਂ ਰੋਹਤਕ, ਹਿਸਾਰ ਅਤੇ ਪਲਵਲ ਦੇ ਕੁਝ ਨੌਜਵਾਨ ਵੀ ਅਮਰੀਕੀ ਤੋਂ ਡਿਪੋਰਟ ਹੋਣ ਵਾਲਿਆਂ ਵਿਚ ਸ਼ਾਮਲ ਹਨ।

ਅੰਤਰਰਾਸ਼ਟਰੀ ਹਵਾਈ ਕਿਰਾਏ ਆਉਂਦੇ ਦਿਨਾਂ ’ਚ ਹੋਰ ਵਧਣ ਦੇ ਆਸਾਰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਹਵਾਈ ਸਫਰ ਅਗਲੇ ਮਹੀਨੇ ਪਹਿਲੀ ਨਵੰਬਰ ਤੋਂ ਮਹਿੰਗਾ ਹੋ ਰਿਹਾ ਹੈ। ਨਵੇਂ ਸਾਲ ਦੀ ਆਮਦ ਤੇ ਕਿ੍ਰਸਮਸ ਦੀਆਂ ਛੁੱਟੀਆਂ ਮੌਕੇ ਅੰਤਰਰਾਸ਼ਟਰੀ ਸਫਰ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਵੱਖ-ਵੱਖ ਏਅਰ ਲਾਈਨਾਂ ਨੇ ਆਪਣੀ ਵੈਬਸਾਈਟ ’ਤੇ ਪਹਿਲੀ ਨਵੰਬਰ ਤੋਂ ਟਿਕਟਾਂ ਦੀ ਵਿਕਰੀ ਵਿਚ ਵਾਧਾ ਕੀਤਾ ਹੈ। ਵਧੇਰੇ ਏਅਰ ਲਾਈਨ ਕੰਪਨੀਆਂ ਨੇ ਮੁਸਾਫ਼ਰਾਂ ਦੇ ਕੈਰੀ ਬੈਗ ਦਾ ਭਾਰ ਜੋ ਪਹਿਲਾਂ ਦਸ ਕਿਲੋਗ੍ਰਾਮ ਸੀ, ਉਸ ਨੂੰ ਘੱਟ ਕਰਕੇ ਸੱਤ ਕਿਲੋਗ੍ਰਾਮ ਕਰ ਦਿੱਤਾ ਹੈ। ਇਸ ਵਿੱਚ ਲੈਪਟੌਪ ਲੈ ਕੇ ਜਾਣ ਦੀ ਛੋਟ ਦੇਣੀ ਵੀ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਜਨਵਰੀ-ਫ਼ਰਵਰੀ ਮਹੀਨੇ ਦੌਰਾਨ ਟਿਕਟਾਂ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ। 

ਪ੍ਰਧਾਨ ਮੰਤਰੀ ਮੋਦੀ ਵਲੋਂ ਪੀੜਤ ਪਰਿਵਾਰਾਂ ਲਈ ਮੱਦਦ ਦਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼  

ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਚਿਨਾਤੇਕੁਰ ਦੇ ਨੇੜੇ ਇਕ ਨਿੱਜੀ ਬੱਸ ਨੂੰ ਅੱਗ ਲੱਗਣ ਕਾਰਨ 20 ਸਵਾਰੀਆਂ ਜਿੰਦਾ ਸੜ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦਰਦਨਾਕ ਹਾਦਸਾ ਅੱਜ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ 3 ਵਜੇ ਵਾਪਰਿਆ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ। ਇਹ ਮੰਦਭਾਗੀ ਬੱਸ ਹੈਦਰਾਬਾਦ ਤੋਂ ਬੈਂਗਲੁਰੂ ਜਾ ਰਹੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਮੋਟਰ ਸਾਈਕਲ ਬੱਸ ਦੇ ਹੇਠਾਂ ਜਾ ਵੜਿਆ ਅਤੇ ਉਹ ਬੱਸ ਦੀ ਤੇਲ ਵਾਲੀ ਟੈਂਕੀ ਨਾਲ ਟਕਰਾ ਗਿਆ। ਇਸ ਦੇ ਚੱਲਦਿਆਂ ਤੇਲ ਵਾਲੀ ਟੈਂਕੀ ਨੂੰ ਅੱਗ ਲੱਗ ਗਈ ਅਤੇ ਇਸ ਅੱਗ ਨੇ ਬਹੁਤ ਤੇਜ਼ੀ ਨਾਲ ਪੂਰੀ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਬੱਸ ਵਿਚ 40 ਵਿਅਕਤੀ ਸਵਾਰ ਸਨ ਅਤੇ ਕਈਆਂ ਨੇ ਐਮਰਜੈਂਸੀ ਦਰਵਾਜ਼ੇ ਰਾਹੀਂ ਨਿਕਲ ਕੇ ਜਾਨ ਬਚਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਸਹਾਇਤਾ ਦਾ ਐਲਾਨ ਕੀਤਾ ਹੈ। 

ਚੰਡੀਗੜ੍ਹ ਨੇੜੇ ਛੱਤਬੀੜ ਚਿੜੀਆਘਰ ’ਚ ਵੀ ਅੱਗ ਲੱਗਣ ਕਾਰਨ ਡੇਢ ਦਰਜਨ ਈ-ਰਿਕਸ਼ਾ ਸੜ ਕੇ ਹੋਏ ਸੁਆਹ

ਨਵੀਂ ਦਿੱਲੀ/ਬਿਊਰੋ ਨਿਊਜ਼  

ਰਾਜਸਥਾਨ ਵਿਚ ਜੈਪੁਰ ਦਿਹਾਤੀ ਜ਼ਿਲ੍ਹੇ ਦੇ ਸ਼ਾਹਪੁਰਾ ਸਬ-ਡਵੀਜ਼ਨ ਦੇ ਮਨੋਹਰਪੁਰ ਥਾਣਾ ਖੇਤਰ ਵਿਚ ਅੱਜ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਟੋਡੀ ਪਿੰਡ ਵਿਚ ਇੱਟਾਂ ਦੇ ਭੱਠੇ ਵੱਲ ਮਜ਼ਦੂਰਾਂ ਨੂੰ ਲਿਜਾ ਰਹੀ ਇਕ ਬੱਸ 11 ਹਜ਼ਾਰ ਵੋਲਟ ਦੀ ਹਾਈ-ਟੈਨਸ਼ਨ ਲਾਈਨ ਦੇ ਸੰਪਰਕ ਵਿਚ ਆ ਗਈ। ਕੁਝ ਹੀ ਪਲਾਂ ਵਿਚ ਬੱਸ ਵਿਚੋਂ ਕਰੰਟ ਲੰਘਿਆ ਅਤੇ ਇਕ ਚੰਗਿਆੜੀ ਨਾਲ ਬੱਸ ਵਿਚ ਅੱਗ ਲੱਗ ਗਈ। ਇਸ ਬੱਸ ਵਿਚ ਸਵਾਰ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲਾਂ ਵਿਚ ਦਾਖਲ ਕਰਵਾਇਆ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਦਾ ਹੈ ਕਿ ਬੱਸ ਹਾਈ-ਟੈਨਸ਼ਨ ਲਾਈਨ ਦੇ ਬਹੁਤ ਨੇੜਿਓਂ ਲੰਘੀ ਸੀ। ਉਧਰ ਦੂਜੇ ਪਾਸੇ ਚੰਡੀਗੜ੍ਹ ਨੇੜਲੇ ਛੱਤਬੀੜ ਚਿੜੀਆਘਰ ਵਿੱਚ ਵੀ ਅੱਗ ਲੱਗ ਗਈ, ਜਿਸ ਕਾਰਨ ਡੇਢ ਦਰਜਨ ਦੇ ਕਰੀਬ ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ।

ਪੀਯੂਸ਼ ਪਾਂਡੇ ਨੂੰ ਮਿਲ ਚੁੱਕਾ ਹੈ ਪਦਮਸ੍ਰੀ ਐਵਾਰਡ

ਮੁੰਬਈ/ਬਿਊਰੋ ਨਿਊਜ਼ 

ਇਸ਼ਤਿਹਾਰ ਉਦਯੋਗ ਦੀਆਂ ਕੁਝ ਪ੍ਰਸਿੱਧ ਮੁਹਿੰਮਾਂ ਦੇ ਪਿੱਛੇ ਰਹੇ ਮਹਾਨਾਇਕ ਪੀਯੂਸ਼ ਪਾਂਡੇ ਦਾ 70 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਪਾਂਡੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਦੀ ਚੋਣ ਮੁਹਿੰਮ ਦੇ ਸੰਚਾਰ ਯਤਨਾਂ ਲਈ ਵਿਆਪਕ ਤੌਰ ’ਤੇ ਸਿਹਰਾ ਦਿੱਤਾ ਜਾਂਦਾ ਹੈ। ਧਿਆਨ ਰਹੇ ਕਿ 1980 ਦੇ ਦਹਾਕੇ ਦੇ ਅਖੀਰ ਵਿਚ ਪਾਂਡੇ ਨੇ ਸਰਕਾਰ ਵਲੋਂ ਤਿਆਰ ਕੀਤੇ ਗਏ ਅਤੇ ਵਿਆਪਕ ਤੌਰ ’ਤੇ ਪ੍ਰਸਿੱਧ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਲਈ ਬੋਲ ਲਿਖੇ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਯੂਸ਼ ਪਾਂਡੇ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਕਿਹਾ ਕਿ ਇਸ਼ਤਿਹਾਰਾਂ ਦੀ ਦੁਨੀਆ ਵਿਚ ਉਨ੍ਹਾਂ ਦਾ ਸ਼ਾਨਦਾਰ ਯੋਗਦਾਨ ਰਿਹਾ ਹੈ। ਪੀਯੂਸ਼ ਪਾਂਡੇ ਦਾ ਜਨਮ 1955 ਵਿਚ ਰਾਜਸਥਾਨ ਦੇ ਜੈਪੁਰ ਵਿਚ ਹੋਇਆ ਸੀ। ਪੀਯੂਸ਼ ਪਾਂਡੇ ਦਾ ਭਰਾ ਪ੍ਰਸੂਨ ਪਾਂਡੇ ਇਕ ਮਸ਼ਹੂਰ ਨਿਰਦੇਸ਼ਕ ਹੈ, ਜਦੋਂ ਕਿ ਉਨ੍ਹਾਂ ਦੀ ਭੈਣ ਇਲਾ ਅਰੁਣ ਵੀ ਇਕ ਗਾਇਕਾ ਅਤੇ ਅਦਾਕਾਰਾ ਹੈ। 

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ 350ਵੇਂ ਸ਼ਹੀਦੀ ਸਮਾਗਮ ਲਈ ਦਿੱਤਾ ਸੱਦਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਮਵਾਰ ਨੂੰ ਦਿੱਲੀ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਸੀਐਮ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਸੌਂਪਿਆ। ਇਸ ਮੁਲਾਕਾਤ ਤੋਂ ਬਾਅਦ ਸੀਐਮ ਮਾਨ ਨੇ ਦੱਸਿਆ ਕਿ ਸ਼ਹੀਦੀ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮ 18 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਆਯੋਜਿਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਇਸ ਇਤਿਹਾਸਕ ਸਮਾਗਮ ਲਈ ਪੰਜਾਬ ਸਰਕਾਰ ਵਲੋਂ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਹਸਤੀਆਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ। 

ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਦਾਅਵਾ ਫਿਰ ਦੁਹਰਾਇਆ ਹੈ। ਟਰੰਪ ਨੇ ਕਿਹਾ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ ਅਤੇ ਉਹ ਇਸ ਸਾਲ ਅਖੀਰ ਤੱਕ ਰੂਸ ਕੋਲੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਇਸਦੇ ਨਾਲ ਹੀ ਟਰੰਪ ਨੇ ਕਿਹਾ ਕਿ ਇਹ ਇਕ ਪ੍ਰਕਿਰਿਆ ਹੈ ਅਤੇ ਇਸ ’ਚ ਕੁਝ ਸਮਾਂ ਲੱਗੇਗਾ। ਟਰੰਪ ਨੇ ਇਹ ਵੀ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ। ਇਸੇ ਦੌਰਾਨ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅਗਾਮੀ ਮੀਟਿੰਗ ਬਾਰੇ ਕਿਹਾ ਕਿ ਉਹ ਉਨ੍ਹਾਂ ਨਾਲ ਰੂਸ-ਯੂਕਰੇਨ ਜੰਗ ਖਤਮ ਕਰਨ ਦੇ ਰਾਹ ਕੱਢਣ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਉਧਰ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਜੇਕਰ ਸਾਡੇ ’ਤੇ ਅਮਰੀਕੀ ਟੌਮਹੌਕ ਮਿਜ਼ਾਈਲਾਂ ਨਾਲ ਹਮਲਾ ਹੁੰਦਾ ਹੈ ਤਾਂ ਇਸਦਾ ਸਖਤ ਜਵਾਬ ਦਿਆਂਗੇ। ਪੂਤਿਨ ਦਾ ਇਹ ਬਿਆਨ ਅਮਰੀਕਾ ਵਲੋਂ ਦੋ ਰੂਸੀ ਕੰਪਨੀਆਂ ’ਤੇ ਰੋਕ ਲਗਾਉਣ ਤੋਂ ਬਾਅਦ ਆਇਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.