Saturday, 18 April 2026

ਕੇਜਰੀਵਾਲ ਦਾ ਜਵਾਬ - ਰਾਹੁਲ ਨੂੰ ਕਾਂਗਰਸ ਬਚਾਉਂਦੀ ਹੈ ਅਤੇ ਮੈਨੂੰ ਦੇਸ਼

ਨਵੀਂ ਦਿੱਲੀ/ਬਿਊਰੋ ਨਿਊੁਜ਼

ਦਿੱਲੀ ’ਚ ਵਿਧਾਨ ਸਭਾ ਚੋਣਾਂ ਦੇ ਮੌਸਮ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਚੱਲਦਿਆਂ ਰਾਹੁਲ ਨੇ ਸੀਲਮਪੁਰ ਵਿਚ ਕਾਂਗਰਸ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ। ਰਾਹੁਲ ਨੇ ਪੀਐਮ ਮੋਦੀ ਅਤੇ ਕੇਜਰੀਵਾਲ ਨੂੰ ਇਕੋ ਜਿਹੇ ਦੱਸਿਆ ਹੈ। ਰਾਹੁਲ ਨੇ ਕਿਹਾ ਕਿ ਇਹ ਦੋਵੇਂ ਆਗੂ ਅਡਾਨੀ ਤੇ ਅੰਬਾਨੀ ਦੇ ਬਾਰੇ ਕੁਝ ਵੀ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਭਾਰਤ ਵਿਚ 150 ਅਰਬਪਤੀ ਵਿਅਕਤੀ ਹਨ, ਜੋ ਭਾਰਤ ਨੂੰ ਕੰਟਰੋਲ ਕਰਦੇ ਹਨ ਅਤੇ ਦੇਸ਼ ਦਾ ਪੂਰਾ ਫਾਇਦਾ ਇਨ੍ਹਾਂ ਅਰਬਪਤੀਆਂ ਨੂੰ ਮਿਲਦਾ ਹੈ। ਰਾਹੁਲ ਨੇ ਕਿਹਾ ਕਿ ਅਡਾਨੀ ਅਤੇ ਅੰਬਾਨੀ ਪੀਐਮ ਮੋਦੀ ਦੀ ਮਾਰਕੀਟਿੰਗ ਕਰਦੇ ਹਨ ਅਤੇ ਕਾਂਗਰਸ ਅਰਬਪਤੀਆਂ ਦਾ ਦੇਸ਼ ਨਹੀਂ ਚਾਹੁੰਦੀ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਭਾਰਤ ਵਿਚ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ।  

ਜੰਮੂ ਰੇਲ ਡਿਵੀਜ਼ਨ ਦਾ ਵੀ ਕੀਤਾ ਗਿਆ ਉਦਘਾਟਨ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਈ ਰੇਲਵੇ ਪ੍ਰੋਜੈਕਟਾਂ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਵਿਚ ਨਵੇਂ ਜੰਮੂ ਰੇਲਵੇ ਡਵੀਜ਼ਨ ਅਤੇ ਚਾਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕੀਤਾ। ਪੀਐਮ ਨੇ ਪੂਰਬੀ ਤੱਟ ਰੇਲਵੇ ਦੇ ਰਾਏਗੜ੍ਹਾ ਰੇਲਵੇ ਡਿਵੀਜ਼ਨ ਬਿਲਡਿੰਗ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਹੁਣ ਮੈਟਰੋ ਨੈਟਵਰਕ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੇਲੰਗਾਨਾ, ਓੜੀਸਾ ਅਤੇ ਜੰਮੂ ਕਸ਼ਮੀਰ ਦੇ ਲਈ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡਾ ਦੇਸ਼ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਮੂ ਡਿਵੀਜ਼ਨ ਹੁਣ ਤੱਕ ਫਿਰੋਜ਼ਪੁਰ ਵਿਚ ਆਉਂਦਾ ਸੀ ਜੋ ਕਿ ਉਤਰ ਰੇਲਵੇ ਜ਼ੋਨ ਵਿਚ ਹੈ। ਹੁਣ ਤੋਂ ਇਸ ਨੂੰ ਜੰਮੂ ਡਿਵੀਜ਼ਨ ਕਿਹਾ ਜਾਵੇਗਾ ਅਤੇ ਇਹ ਦੇਸ਼ ਦਾ 69ਵਾਂ ਡਿਵੀਜ਼ਨ ਹੋਵੇਗਾ। ਦੱਸਣਯੋਗ ਹੈ ਕਿ ਹੁਣ ਦੇਸ਼ ਵਿਚ ਰੇਲਵੇ ਦੇ ਕੁੱਲ 17 ਜੋਨ ਅਤੇ 69 ਡਿਵੀਜ਼ਨਾਂ ਹਨ।  

 

2700 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ ਜੈਡ ਮੋੜ ਟਨਲ

ਜੰਮੂ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਗਾਂਦਰਬਲ ਵਿਚ ਜੈਡ ਮੋੜ ਟਨਲ ਦਾ ਉਦਘਾਟਨ ਕੀਤਾ ਹੈ। ਸ੍ਰੀਨਗਰ-ਲੇਹ ਹਾਈਵੇ ’ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਟਨਲ ਸ੍ਰੀਨਗਰ ਨੂੰ ਸੋਨਮਰਗ ਨਾਲ ਜੋੜੇਗੀ। ਬਰਫਬਾਰੀ ਕਾਰਨ ਇਹ ਹਾਈਵੇ ਕਰੀਬ 6 ਮਹੀਨੇ ਬੰਦ ਹੀ ਰਹਿੰਦਾ ਹੈ। ਟਨਲ ਬਣਨ ਨਾਲ ਲੋਕਾਂ ਨੂੰ ਹਰ ਮੌਸਮ ’ਚ ਕਨੈਕਟਿਵਟੀ ਮਿਲੇਗੀ। ਸ੍ਰੀਨਗਰ-ਲੇਹ ਹਾਈਵੇ ’ਤੇ ਗਗਨਗੀਰ ਤੋਂ ਸੋਨਮਰਗ ਵਿਚਾਲੇ ਪਹਿਲਾਂ 1 ਘੰਟੇ ਤੋਂ ਜ਼ਿਆਦਾ ਸਮਾਂ ਲੱਗਦਾ ਸੀ। ਇਸ ਟਨਲ ਨਾਲ ਹੁਣ ਇਹ ਦੂਰੀ ਸਿਰਫ 15 ਮਿੰਟਾਂ ਵਿਚ ਪੂਰੀ ਹੋ ਸਕੇਗੀ। ਦੱਸਿਆ ਗਿਆ ਕਿ ਜੈਡ ਮੋੜ ਟਨਲ 2700 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ ਅਤੇ ਇਸਦਾ ਨਿਰਮਾਣ 2018 ਵਿਚ ਸ਼ੁਰੂ ਹੋਇਆ ਸੀ।

ਹੁਣ 3 ਮਹੀਨੇ ਦੀ ਬੱਚੀ ਆਈ ਵਾਇਰਸ ਦੀ ਲਪੇਟ ’ਚ

ਨਵੀਂ ਦਿੱਲੀ/ਬਿਊਰੋ ਨਿਊਜ਼ 

ਚੀਨ ਵਿਚ ਫੈਲੇ ਕਰੋਨਾ ਵਰਗੇ ਵਾਇਰਸ ਦਾ ਭਾਰਤ ਵਿਚ ਦੂਜਾ ਕੇਸ ਮਿਲਿਆ ਹੈ। ਇਸ ਵਾਇਰਸ ਦਾ ਨਾਮ ਹਿਊਮਨ ਮੈਟਾਨਿਊਮੋ ਵਾਇਰਸ ਹੈ। ਭਾਰਤ ਵਿਚ ਇਸ ਵਾਇਰਸ ਦੇ ਦੋਵੇਂ ਮਾਮਲੇ ਕਰਨਾਟਕ ਵਿਚ ਮਿਲੇ ਹਨ। ਇਸ ਵਾਇਰਸ ਤੋਂ 8 ਮਹੀਨਿਆਂ ਦਾ ਬੱਚਾ ਅਤੇ 3 ਮਹੀਨਿਆਂ ਦੀ ਬੱਚੀ ਪੀੜਤ ਹੋਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕਰਨਾਟਕ ਵਿਚ ਵਾਇਰਸ ਦੇ ਦੋ ਮਾਮਲਿਆਂ ਦਾ ਪਤਾ ਲਗਾਇਆ ਹੈ। ਇਹ ਦੋਵੇਂ ਬੱਚੇ ਰੂਟੀਨ ਜਾਂਚ ਦੇ ਲਈ ਹਸਪਤਾਲ ਲਿਆਂਦੇ ਗਏ ਸਨ, ਜਿੱਥੇ ਟੈਸਟ ਕਰਨ ’ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਇਰਸ ਦਾ ਅਸਰ ਛੋਟੇ ਬੱਚਿਆਂ ’ਤੇ ਦੇਖਿਆ ਜਾ ਰਿਹਾ ਹੈ। ਭਾਰਤ ਵਿਚ ਇਸ ਵਾਇਰਸ ਦੇ ਮਾਮਲੇ ਆਉਂਦੇ ਸਾਰ ਹੀ ਸਰਕਾਰ ਵੀ ਚੌਕਸ ਹੋ ਗਈ ਹੈ ਅਤੇ ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।  

 

ਫਾਊਂਡੇਸ਼ਨ ਦੇ ਚੇਅਰਮੈਨ ਨੇ ਆਰੋਪੀ ਨੂੰ ਮੁਆਫੀ ਮੰਗਣ ਲਈ ਕਿਹਾ

ਨਵੀਂ ਦਿੱਲੀ/ਬਿਊਰੋ ਨਿਊਜ਼

ਲਾਹੌਰ ਸਥਿਤ ਇਕ ਗੈਰ-ਮੁਨਾਫਾ ਸੰਗਠਨ ਦੇ ਪ੍ਰਧਾਨ ਨੇ ਇਕ ਸੇਵਾਮੁਕਤ ਪਾਕਿਸਤਾਨੀ ਫੌਜੀ ਅਧਿਕਾਰੀ ਨੂੰ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ‘ਅਪਰਾਧੀ’ ਕਹਿਣ ਲਈ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ। ਨਾਲ ਹੀ ਪਾਕਿ ਦੇ ਫੌਜੀ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜ ਕੇ 50 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਇਹ ਕਾਨੂੰਨੀ ਨੋਟਿਸ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਤੇ ਪਾਕਿਸਤਾਨ ਆਰਮਡ ਫੋਰਸਿਜ਼ ਦੇ ਸੇਵਾਮੁਕਤ ਅਧਿਕਾਰੀ ਤਾਰਿਕ ਮਜੀਦ ਨੂੰ ਭੇਜਿਆ ਗਿਆ ਹੈ। ਧਿਆਨ ਰਹੇ ਕਿ ਤਾਰਿਕ ਮਜੀਦ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ’ਤੇ ਵਿਦੇਸ਼ੀ ਗਰਾਟਾਂ ਲੈਣ ਦਾ ਆਰੋਪ ਲਗਾਇਆ ਹੈ ਅਤੇ ਮਹਾਨ ਆਜ਼ਾਦੀ ਘੁਲਾਈਏ ਭਗਤ ਸਿੰਘ ਨੂੰ ‘ਅਪਰਾਧੀ’ ਕਿਹਾ ਹੈ। ਇਸਦੇ ਚੱਲਦਿਆਂ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਆਰੋਪੀ ਨੂੰ ਬਿਨਾ ਸ਼ਰਤ ਮੁਆਫੀ ਮੰਗਣ ਲਈ ਵੀ ਕਿਹਾ ਹੈ। ਇਸ ਮਾਮਲੇ ’ਤੇ ਹੁਣ 17 ਜਨਵਰੀ ਨੂੰ ਸੁਣਵਾਈ ਹੋਵੇਗੀ।  

 

 

ਐਸਕੇਐਮ ਨੇ ਮੀਟਿੰਗ ’ਚ ਸ਼ਾਮਲ ਹੋਣ ਤੋਂ ਕੀਤਾ ਸੀ ਇਨਕਾਰ

ਚੰਡੀਗੜ੍ਹ/ਬਿਊਰੋ ਨਿਊਜ਼

ਕਿਸਾਨਾਂ ਨਾਲ ਗੱਲਬਾਤ ਦੇ ਲਈ ਸੁਪਰੀਮ ਕੋਰਟ ਵਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੀ ਮੀਟਿੰਗ ਰੱਦ ਕਰ ਦਿੱਤੀ ਹੈ। ਇਹ ਮੀਟਿੰਗ ਪੰਚਕੂਲਾ ਵਿਚ ਅੱਜ ਸਵੇਰੇ 11 ਵਜੇ ਰੱਖੀ ਗਈ ਸੀ। ਕਿਸਾਨ ਜਥੇਬੰਦੀਆਂ ਵਲੋਂ ਇਸ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦੇ ਕਾਰਨ ਇਹ ਮੀਟਿੰਗ ਰੱਦ ਕਰਨੀ ਪਈ ਹੈ। ਹੁਣ ਕਮੇਟੀ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੂੰ ਭਲਕੇ 4 ਜਨਵਰੀ ਲਈ ਗੱਲਬਾਤ ਲਈ ਸੱਦਾ ਭੇਜਿਆ ਹੈ।  ਉਧਰ ਦੂਜੇ ਪਾਸੇ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 39ਵੇਂ ਦਿਨ ਵੀ ਜਾਰੀ ਰਿਹਾ ਹੈ, ਪਰ ਉਨ੍ਹਾਂ ਦੀ ਸਿਹਤ ਬਹੁਤ ਹੀ ਚਿੰਤਾਜਨਕ ਹੋ ਗਈ ਹੈ। ਇਸਦੇ ਚੱਲਦਿਆਂ ਡੱਲੇਵਾਲ ਨੇ ਭਲਕੇ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਹੋਣ ਵਾਲੀ ‘ਕਿਸਾਨ ਮਹਾਂਪੰਚਾਇਤ’ ਵਿਚ ਵੱਡੀ ਗਿਣਤੀ ’ਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।    

 

ਕਿਹਾ : ਪਰਵਾਸੀ ਭਾਰਤੀਆਂ ਦੇ ਦਿਲ ’ਚ ਧੜਕਦਾ ਹੈ ਭਾਰਤ

ਭੁਵਨੇਸ਼ਵਰ/ਬਿਊਰੋ ਨਿਊਜ਼  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਉੜੀਸਾ ਦੇ ਭੁਵਨੇਸ਼ਵਰ ਵਿਚ 18ਵੇਂ ਪਰਵਾਸੀ ਭਾਰਤੀ ਦਿਵਸ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਰਵਾਸੀ ਭਾਰਤੀ ਜਿੱਥੇ ਵੀ ਜਾਂਦੇ ਹਨ, ਉਹ ਉਸ ਨੂੰ ਆਪਣਾ ਬਣਾਉਂਦੇ ਹਨ। ਇਸਦੇ ਬਾਵਜੂਦ ਵੀ ਭਾਰਤ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਧੜਕਦਾ ਹੈ ਅਤੇ ਇਸ ਕਰਕੇ ਹੀ ਮੇਰਾ ਸਿਰ ਦੁਨੀਆ ਵਿਚ ਉੱਚਾ ਰਹਿੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਮੇਡ ਇਨ ਇੰਡੀਆ ਲੜਾਕੂ ਜਹਾਜ਼ ਬਣਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਮੇਡ ਇਨ ਇੰਡੀਆ ਜਹਾਜ਼ ਵਿਚ ਪਰਵਾਸੀ ਭਾਰਤੀ ਦਿਵਸ ਮਨਾਉਣ ਲਈ ਆਓਗੇ। ਮੋਦੀ ਨੇ ਪਰਵਾਸੀ ਭਾਰਤੀ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾਈ। ਇਹ ਭਾਰਤੀ ਪਰਵਾਸੀਆਂ ਲਈ ਇੱਕ ਵਿਸ਼ੇਸ਼ ਸੈਲਾਨੀ ਰੇਲਗੱਡੀ ਹੈ, ਜੋ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਤਿੰਨ ਹਫਤਿਆਂ ਦੀ ਮਿਆਦ ਵਿਚ ਵੱਖ-ਵੱਖ ਸੈਲਾਨੀ ਸਥਾਨਾਂ ਦੀ ਯਾਤਰਾ ਕਰੇਗੀ। ਪਰਵਾਸੀ ਭਾਰਤੀ ਦਿਵਸ ’ਚ ਸ਼ਾਮਲ ਹੋਣ ਲਈ 70 ਦੇਸ਼ਾਂ ਦੇ 3 ਹਜ਼ਾਰ ਤੋਂ ਵੱਧ ਡੈਲੀਗੇਟ ਉੜੀਸਾ ਪਹੁੰਚੇ ਹਨ। 

 

ਕੇਂਦਰ ਸਰਕਾਰ ਪੁੱਛੇਗੀ ਯਾਤਰਾ ਸਬੰਧੀ ਖਰਚਾ ਕਿਸ ਨੇ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਸਰਕਾਰ ਹੁਣ ਵਿਦੇਸ਼ ਜਾਣ ਵਾਲੇ ਵਿਅਕਤੀਆਂ ਕੋਲੋਂ 19 ਤਰ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਲਵੇਗੀ। ਇਨ੍ਹਾਂ ਵਿਚ ਯਾਤਰੀ ਕਦੋਂ, ਕਿੱਥੇ ਅਤੇ ਕਿਸ ਤਰ੍ਹਾਂ ਯਾਤਰਾ ਕਰ ਰਿਹਾ ਹੈ, ਇਸਦਾ ਖਰਚਾ ਕਿਸ ਨੇ ਅਤੇ ਕਿਉਂ ਚੁੱਕਿਆ ਹੈ। ਇਸਦੇ ਨਾਲ ਹੀ ਯਾਤਰੀ ਆਪਣੇ ਨਾਲ ਕਿੰਨੇ ਬੈਗ ਲੈ ਕੇ ਗਿਆ ਹੈ ਅਤੇ ਜਹਾਜ਼ ਦੀ ਕਿਸ ਸੀਟ ’ਤੇ ਬੈਠਾ ਸੀ, ਇਸ ਸਬੰਧੀ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ ਜਾਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਇਹ ਡੇਟਾ 5 ਸਾਲ ਤੱਕ ਸਟੋਰ ਰਹੇਗਾ ਅਤੇ ਜ਼ਰੂਰਤ ਪੈਣ ’ਤੇ ਇਸ ਨੂੰ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਨਾਲ ਵੀ ਸਾਂਝਾ ਕੀਤਾ ਜਾ ਸਕੇਗਾ। ਇਸ ਨਿਯਮ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦੀ ਤਿਆਰੀ ਹੋ ਰਹੀ ਹੈ ਅਤੇ ਇਸ ਸਬੰਧੀ ਸਾਰੀਆਂ ਏਅਰਲਾਈਨਜ਼ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਦੱਸਿਆ ਗਿਆ ਹੈ ਕਿ ਇਹ ਕਦਮ ਤਸਕਰੀ ’ਤੇ ਨਜ਼ਰ ਰੱਖਣ ਲਈ ਚੁੱਕਿਆ ਗਿਆ ਹੈ। ਜਦੋਂ ਵੀ ਕਿਸੇ ਵਿਅਕਤੀ ਦੀ ਵਿਦੇਸ਼ ਯਾਤਰਾ ਸਬੰਧੀ ਸ਼ੱਕ ਨਜ਼ਰ ਆਇਆ ਤਾਂ ਉਸਦੀ ਤੁਰੰਤ ਜਾਂਚ ਹੋਵੇਗੀ।  

 

ਬਗੈਰ ਗਠਜੋੜ ਦੇ ਅਸੀਂ ਚੋਣਾਂ ਨਹੀਂ ਲੜ ਸਕਦੇ : ਪਰਮਜੀਤ ਸਿੰਘ ਸਰਨਾ

ਪਰਮਜੀਤ ਸਿੰਘ ਸਰਨਾ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਸ਼ੋ੍ਰਮਣੀ ਅਕਾਲੀ ਦਲ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ ਅਤੇ ਅਸੀਂ ਬਗੈਰ ਗਠਜੋੜ ਤੋਂ ਦਿੱਲੀ ਵਿਚ ਚੋਣਾਂ ਨਹੀਂ ਲੜ ਸਕਦੇ।  ਸਰਨਾ ਨੇ ਕਿਹਾ ਕਿ ਦਿੱਲੀ ਵਿਚ ਕੋਈ ਵੀ ਅਜਿਹੀ ਸੀਟ ਨਹੀਂ ਹੈ ਜਿਥੇ ਅਕਾਲੀ ਦਲ ਆਪਣੇ ਦਮ ’ਤੇ ਉਮੀਦਵਾਰ ਖੜ੍ਹਾ ਕਰਕੇ ਚੋਣਾਂ ਜਿੱਤ ਸਕੇ। ਉਹਨਾਂ ਕਿਹਾ ਕਿ ਭਾਜਪਾ ਨਾਲ 1996 ਤੋਂ ਗਠਜੋੜ ਕਰਕੇ ਅਸੀਂ ਚੋਣਾਂ ਲੜਦੇ ਸੀ ਪਰ ਇਸ ਵਾਰ ਅਸੀਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਚੋਣ ਗਠਜੋੜ ਟੁੱਟ ਗਿਆ ਹੈ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਅਸੀਂ ਗਠਜੋੜ ਨਹੀਂ ਕਰ ਸਕਦੇ। ਸਰਨਾ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਇਸ ਵਾਰ ਸ਼ੋ੍ਰਮਣੀ ਅਕਾਲੀ ਦਲ ਦਿੱਲੀ ’ਚ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਧਿਆਨ ਰਹੇ ਕਿ ਇਹ ਗੱਲ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦਿੱਲੀ ਵਿਚ ਕਿਹੜੀ ਸਿਆਸੀ ਪਾਰਟੀ ਦਾ ਸਮਰਥਨ ਕਰੇਗਾ।

 

34 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਤੇ 5 ਕੋਚਾਂ ਨੂੰ ਮਿਲੇਗਾ ਦਰੋਣਾਚਾਰੀਆ ਐਵਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼ 

ਨੈਸ਼ਨਲ ਸਪੋਰਟਸ ਐਵਾਰਡ 2024 ਦਾ ਐਲਾਨ ਅੱਜ ਵੀਰਵਾਰ ਨੂੰ ਖੇਡ ਮੰਤਰਾਲੇ ਨੇ ਕਰ ਦਿੱਤਾ ਹੈ। ਉਲੰਪਿਕ ਵਿਚ ਡਬਲ ਮੈਡਲ ਜਿੱਤਣ ਵਾਲੀ ਸ਼ੂਟਰ ਮਨੂ ਭਾਕਰ, ਵਰਲਡ ਚੈਸ ਚੈਂਪੀਅਨ ਡੀ. ਗੁਕੇਸ਼, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ ਐਥਲੀਟ ਪਲੇਅਰ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 34 ਖਿਡਾਰੀਆਂ ਨੂੰ ਅਰਜੁਨ ਐਵਾਰਡ ਪੁਰਸਕਾਰ ਦਿੱਤਾ ਜਾਵੇਗਾ ਅਤੇ 5 ਕੋਚਾਂ ਨੂੰ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਵੰਡ ਸਮਾਰੋਹ ਆਉਂਦੀ 17 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿਚ ਹੋਵੇਗਾ।    

 

2012 ਤੋਂ 2017 ਦੌਰਾਨ ਭਾਰਤ ਦੇ ਰਾਸ਼ਟਰਪਤੀ ਰਹੇ ਹਨ ਮੁਖਰਜੀ

ਨਵੀਂ ਦਿੱਲੀ/ਬਿਊਰੋ ਨਿਊਜ਼  

ਕਾਂਗਰਸ ਪਾਰਟੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਦੀ ਕੀਤੀ ਜਾ ਰਹੀ ਮੰਗ ਵਿਚਾਲੇ ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਯਾਦਗਾਰ ਪਹਿਲਾਂ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੂੰ ਚਿੱਠੀ ਲਿਖ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 2019 ’ਚ ਪ੍ਰਣਬ ਮੁਖਰਜੀ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਵੀ ਕਰ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਵਿਚ ਰਾਜਘਾਟ ਦੇ ਨੇੜੇ ਬਣਾਏ ਗਏ ‘ਰਾਸ਼ਟਰੀ ਯਾਦਗਾਰ ਸਥਾਨ’ ਵਿਚ ਪ੍ਰਣਬ ਮੁਖਰਜੀ ਦੀ ਯਾਦਗਾਰ ਲਈ ਜ਼ਮੀਨ ਦੀ ਚੋਣ ਕਰ ਲਈ ਗਈ ਹੈ। ਧਿਆਨ ਰਹੇ ਕਿ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਸਬੰਧੀ ਵੀ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 31 ਅਗਸਤ 2020 ਨੂੰ ਦਿਹਾਂਤ ਹੋ ਗਿਆ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਲੰਘੀ 26 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ।

 

10 ਸਾਲ ਭਾਰਤ ਤੇ ਪ੍ਰਧਾਨ ਮੰਤਰੀ ਰਹੇ ਹਨ ਡਾ. ਮਨਮੋਹਨ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਅਲਾਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਯਾਦਗਾਰ ਦੇ ਲਈ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਕੁਝ ਥਾਵਾਂ ਦਾ ਸੁਝਾਅ ਦਿੱਤਾ ਹੈ। ਪਰਿਵਾਰ ਵਲੋਂ ਜਗ੍ਹਾ ਦੀ ਚੋਣ ਹੋ ਜਾਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਸ਼ੁਰੂ ਹੋ ਜਾਏਗੀ। ਸੂਤਰਾਂ ਦੇ ਮੁਤਾਬਕ ਗਾਂਧੀ-ਨਹਿਰੂ ਪਰਿਵਾਰ ਦੀਆਂ ਸਮਾਧੀਆਂ ਦੇ ਨਜ਼ਦੀਕ ਹੀ ਡਾ. ਮਨਮੋਹਨ ਸਿੰਘ ਦੀ ਯਾਦਗਾਰ ਬਣਾਏ ਜਾਣ ਦੀ ਸੰਭਾਵਨਾ ਹੈ। ਇਸ ਯਾਦਗਾਰ ਲਈ ਡੇਢ ਏਕੜ ਜ਼ਮੀਨ ਦਿੱਤੀ ਜਾ ਸਕਦੀ ਹੈ। ਇਸਦੇ ਲਈ ਸ਼ਹਿਰੀ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੇ ਰਾਜਘਾਟ ਅਤੇ ਉਸਦੇ ਨੇੜਲੇ ਖੇਤਰ ਦਾ ਦੌਰਾ ਵੀ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ਮੀਨ ਕਿਸੇ ਟਰੱਸਟ ਨੂੰ ਹੀ ਅਲਾਟ ਕੀਤੀ ਜਾ ਸਕਦੀ ਹੈ। ਇਸ ਕਰਕੇ ਪਹਿਲਾਂ ਟਰੱਸਟ ਦਾ ਗਠਨ ਕਰਨਾ ਪਵੇਗਾ ਅਤੇ ਫਿਰ ਜ਼ਮੀਨ ਦੀ ਅਲਾਟਮੈਂਟ ਟਰੱਸਟ ਹੀ ਕਰੇਗਾ।   

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.