Saturday, 18 April 2026

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ 

ਨਵੀਂ ਦਿੱਲੀ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਹਨ। ਇਨ੍ਹਾਂ ਵਿਚ 6 ਉਮੀਦਵਾਰ ਅਜਿਹੇ ਹਨ, ਜਿਹੜੇ ਭਾਜਪਾ ਜਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਜਿਨ੍ਹਾਂ 11 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ, ਉਨ੍ਹਾਂ ਵਿਚ ਬ੍ਰਹਮ ਸਿੰਘ ਤੰਵਰ, ਅਨਿਲ ਝਾਅ, ਦੀਪਕ ਸਿੰਗਲਾ, ਸਰਿਤਾ ਸਿੰਘ, ਬੀਬੀ ਤਿਆਗੀ, ਰਾਮ ਸਿੰਘ, ਜੁਬੈਰ ਚੌਧਰੀ, ਵੀਰ ਸਿੰਘ ਧੀਂਗਾਨ, ਗੌਰਵ ਸ਼ਰਮਾ, ਮਨੋਜ ਤਿਆਗੀ ਅਤੇ ਸੁਮੇਸ਼ ਸ਼ੌਕੀਨ ਸ਼ਾਮਲ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨੀਵਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਹੋਈ ਪਾਰਟੀ ਦੀ ਮੀਟਿੰਗ ਵਿਚ ਇਨ੍ਹਾਂ ਨਾਵਾਂ ’ਤੇ ਚਰਚਾ ਵੀ ਕੀਤੀ ਗਈ ਸੀ।  ਧਿਆਨ ਰਹੇ ਕਿ ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ 2025 ਨੂੰ ਸਮਾਪਤ ਹੋ ਰਿਹਾ ਹੈ। ਇਲੈਕਸ਼ਨ ਕਮਿਸ਼ਨ ਮੌਜੂਦਾ ਸਦਨ ਦੇ 5 ਸਾਲ ਦੇ ਕਾਰਜਕਾਲ ਦੇ ਖਤਮ ਹੋਣ ਦੀ ਮਿਤੀ ਤੋਂ ਪਹਿਲਾਂ ਚੋਣਾਂ ਸਬੰਧੀ ਪ੍ਰਕਿਰਿਆ ਪੂਰੀ ਕਰਵਾਉਂਦਾ ਹੈ। ਇਸ ਨੂੰ ਦੇਖਦਿਆਂ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਜਲਦੀ ਹੋ ਸਕਦਾ ਹੈ।  

 

 

ਦਿੱਲੀ ਸਰਕਾਰ ਨੂੰ ਵੀ ਕਿਹਾ, ਸਟੇਜ 4 ਦੀਆਂ ਪਾਬੰਦੀਆਂ ਹੀ ਲਾਗੂ ਰੱਖੋ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਮਾਨਯੋਗ ਜਸਟਿਸ ਅਭੈ ਐਸ. ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਇਸ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਜਦੋਂ ਏਅਰ ਕੁਆਲਿਟੀ ਇੰਡੈਕਸ 300 ਤੋਂ 400 ਦੇ ਵਿਚਕਾਰ ਪਹੁੰਚ ਗਿਆ ਹੈ ਤਾਂ ਪੜਾਅ 3 ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਵਿਚ ਦੇਰੀ ਕਿਉਂ ਕੀਤੀ ਗਈ? ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਵੀ ਇਸ ਸਬੰਧੀ ਦਿਸ਼ਾ-ਨਿਰਦੇਸ਼ ਦੱਸੋ। ਇਸੇ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਸਥਿਤੀ ਸਟੇਜ 4 ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਪੜਾਅ ’ਤੇ ਪਹੁੰਚ ਗਈ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਦਿੱਲੀ ਸਰਕਾਰ ਵੀ ਸਾਨੂੰ ਦੱਸੇ ਕਿ ਉਹ ਇਸ ਨੂੰ ਕਿਵੇਂ ਲਾਗੂ ਕਰੇਗੀ। ਅਸੀਂ ਇੱਥੇ ਇਹ ਸਪੱਸ਼ਟ ਕਰ ਰਹੇ ਹਾਂ ਕਿ ਤੁਸੀਂ ਸਾਡੀ ਇਜਾਜ਼ਤ ਤੋਂ ਬਿਨਾਂ ਸਟੇਜ 4 ਦੀਆਂ ਪਾਬੰਦੀਆਂ ਤੋਂ ਹੇਠਾਂ ਨਹੀਂ ਆਓਗੇ, ਭਾਵੇਂ ਹਵਾ ਦੀ ਗੁਣਵੱਤਾ 300 ਤੋਂ ਹੇਠਾਂ ਆ ਜਾਵੇ।  

 

ਗੌਤਮ ਅਡਾਨੀ ’ਤੇ ਲੱਗੇ ਹਨ ਭਿ੍ਰਸ਼ਟਾਚਾਰ ਦੇ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼

ਅਮਰੀਕਾ ਵਿਚ ਬਿਜਨਸਮੈਨ ਗੌਤਮ ਅਡਾਨੀ ’ਤੇ ਲੱਗੇ ਭਿ੍ਰਸ਼ਟਾਚਾਰ ਦੇ ਆਰੋਪਾਂ ’ਤੇ ਰਾਹੁਲ ਗਾਂਧੀ ਨੇ ਨਵੀਂ ਦਿੱਲੀ ’ਚ ਪ੍ਰੈਸ ਕਾਨਫਰੰਸ ਕੀਤੀ ਹੈ। ਰਾਹੁਲ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਅਡਾਨੀ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਸਕੈਮ ਕਰ ਰਹੇ ਹਨ ਅਤੇ ਬਾਹਰ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਡਾਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਚਾ ਰਹੇ ਹਨ। ਰਾਹੁਲ ਨੇ ਕਿਹਾ ਕਿ ਗੌਤਮ ਅਡਾਨੀ ਨੇ ਅਮਰੀਕਾ ਵਿਚ ਭਿ੍ਰਸ਼ਟਾਚਾਰ ਕੀਤਾ ਹੈ, ਪਰ ਭਾਰਤ ਵਿਚ ਉਸ ’ਤੇ ਕੁਝ ਨਹੀਂ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਦੀ ਫੈਡਰਲ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਗੌਤਮ ਅਡਾਨੀ ਸਣੇ 8 ਵਿਅਕਤੀਆਂ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਅਤੇ ਰਿਸ਼ਵਤ ਦੇ ਆਰੋਪ ਲੱਗੇ ਹਨ। 

 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਵਿੱਚ ਅਸਥਿਰ ਹਾਲਾਤ ਦੇ ਮੱਦੇਨਜ਼ਰ ਚੋਣਾਂ ਵਾਲੇ ਸੂਬੇ ਮਹਾਰਾਸ਼ਟਰ ਵਿੱਚ ਆਪਣੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਇਸ ਉੱਤਰ-ਪੂਰਬੀ ਸੂਬੇ ਵਿੱਚ ਸਥਿਤੀ ਦੀ ਸਮੀਖਿਆ ਲਈ ਇਕ ਮੀਟਿੰਗ ਕਰ ਸਕਦੇ ਹਨ। ਮਨੀਪੁਰ ਵਿੱਚ ਭੜਕੀ ਭੀੜ ਨੇ ਇੰਫਾਲ ਵਾਦੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੰਘੇ ਸ਼ਨਿਚਰਵਾਰ ਰਾਤ ਨੂੰ ਭਾਜਪਾ ਦੇ ਤਿੰਨ ਵਿਧਾਇਕਾਂ ਅਤੇ ਕਾਂਗਰਸ ਦੇ ਇਕ ਵਿਧਾਇਕ ਦੇ ਘਰ ਵਿੱਚ ਅੱਗ ਲਗਾ ਦਿੱਤੀ ਸੀ। ਨਾਲ ਹੀ, ਸੁਰੱਖਿਆ ਬਲਾਂ ਨੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਦੇ ਜੱਦੀ ਘਰ ਵਿੱਚ ਦਾਖ਼ਲ ਹੋਣ ਦੀ ਪ੍ਰਦਰਸ਼ਨਕਾਰੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਧਿਆਨ ਰਹੇ ਕਿ ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਪ੍ਰਚਾਰ ਮੁਹਿੰਮ ਤਹਿਤ ਕੁਝ ਚੋਣ ਰੈਲੀਆਂ ਵਿੱਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਨੇ ਰੈਲੀਆਂ ਰੱਦ ਕਰ ਦਿੱਤੀਆਂ ਹਨ। 

 

ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਮਾਮਲੇ ’ਚ ਦਿੱਤੀ ਤਿੱਖੀ ਪ੍ਰਤੀਕਿਰਿਆ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਵਿਚਕਾਰ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਦਹਾਕਿਆਂ ਤੋਂ ਰੇੜਕਾ ਚੱਲ ਰਿਹਾ ਹੈ। ਹੁਣ ਹਰਿਆਣਾ ਨੇ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਬਣਾਉਣ ਲਈ 10 ਏਕੜ ਜ਼ਮੀਨ ਦੀ ਮੰਗ ਕੀਤੀ ਹੈ ਅਤੇ ਉਸਦੇ ਬਦਲੇ 12 ਏਕੜ ਜ਼ਮੀਨ ਦੇਣ ਦੀ ਗੱਲ ਵੀ ਕਹੀ ਹੈ। ਹਰਿਆਣਾ ਨੇ ਇਸ ਮਾਮਲੇ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਸੱਦਣ ਦਾ ਵੀ ਫੈਸਲਾ ਕਰ ਲਿਆ ਹੈ। ਇਸੇ ਮਾਮਲੇ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਸ਼ਾਨ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਤੇ ਸਿਰਫ ਪੰਜਾਬੀਆਂ ਦਾ ਹੱਕ ਹੈ ਅਤੇ ਇਸ ਹੱਕ ਲਈ ਪੰਜਾਬ ਸਰਕਾਰ ਵੀ ਡਟ ਕੇ ਲੜਾਈ ਲੜੇਗੀ। ਉਨ੍ਹਾਂ ਕਿਹਾ ਹਰਿਆਣਾ ਦੀ ਮੰਗ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। 

 

ਨਵੀਂ ਦਿੱਲੀ/ਬਿਊਰੋ ਨਿਊਜ਼

ਨਵੀਂ ਦਿੱਲੀ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਅਨਿਲ ਝਾਅ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਅਨਿਲ ਝਾਅ ਨੇ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਭਾਜਪਾ ਦਾ ਸਾਬਕਾ ਵਿਧਾਇਕ ‘ਆਪ’ ਵਿਚ ਸ਼ਾਮਲ ਹੋ ਗਿਆ ਹੈ। ਅਨਿਲ ਝਾਅ ਦਾ ਪਾਰਟੀ ਛੱਡਣਾ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅਨਿਲ ਝਾਅ ਭਾਜਪਾ ਵਲੋਂ ਕਿਰਾੜੀ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਅਨਿਲ ਝਾਅ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਅਰਵਿੰਦ ਕੇਜਰੀਵਾਲ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਅਨਿਲ ਝਾਅ ਨੂੰ ‘ਆਪ’ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ।  

 

 

 

  

ਦਿੱਲੀ ’ਚ ਸਾਰੇ ਸਕੂਲ ਅਤੇ ਡੀਯੂ-ਜੇਐਨਯੂ ਦੇ ਕਾਲਜਾਂ ’ਚ ਔਨਲਾਈਨ ਕਲਾਸਾਂ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 500 ਤੋਂ ਵੀ ਪਾਰ ਹੋ ਗਿਆ। ਇਸਦੇ ਚੱਲਦਿਆਂ ਰੇਲਾਂ ਅਤੇ ਹਵਾਈ ਉਡਾਣਾਂ ਦੀ ਆਵਾਜਾਈ ਵੀ ਲੇਟ ਹੋ ਰਹੀ ਹੈ। ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਤਰਨਾਕ ਹੱਦ ਤੱਕ ਚਲਾ ਗਿਆ ਹੈ। ਦਿੱਲੀ-ਐਨ.ਸੀ.ਆਰ. ਦੇ 10ਵੀਂ ਤੱਕ ਦੇ ਸਕੂਲ ਪਹਿਲਾਂ ਹੀ ਔਨਲਾਈਨ ਕਰ ਦਿੱਤੇ ਗਏ ਸਨ। ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ 11ਵੀਂ ਅਤੇ 12ਵੀਂ ਦੀਆਂ ਕਲਾਸਾਂ ਵੀ ਔਨਲਾਈਨ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਿੱਲੀ ਯੂਨੀਵਰਸਿਟੀ ਅਤੇ ਜੇ.ਐਨ.ਯੂ. ਦੇ ਕਾਲਜਾਂ ਦੀਆਂ ਕਲਾਸਾਂ ਵੀ ਚਾਰ ਦਿਨ ਔਨਲਾਈਨ ਹੀ ਚੱਲਣਗੀਆਂ। ਪ੍ਰਦੂਸ਼ਣ ਦੇ ਚੱਲਦਿਆਂ ਸਿਹਤ ਵਿਭਾਗ ਨੇ ਬੱਚਿਆਂ, ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਹੈ। 

 

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪਾਰਟੀ ਵੀ ਛੱਡ ਦਿੱਤੀ ਹੈ। ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਅਸਤੀਫਾ ਦਿੱਤਾ ਹੈ। ਗਹਿਲੋਤ ਨੇ ਚਿੱਠੀ ਵਿਚ ਯਮੁਨਾ ਨਦੀ ਦੀ ਸਫਾਈ ਨੂੰ ਲੈ ਕੇ ‘ਆਪ’ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਨਾਲ ਸਿਆਸੀ ਲੜਾਈ ਲੜਨ ਵਿਚ ਗੁਜ਼ਾਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਲਾਸ਼ ਗਹਿਲੋਤ ਹੁਣ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦੇ ਹਨ। 

 

 

 

  

ਦਲਜੀਤ ਦੁਸਾਂਝ ਨੂੰ ਤੇਲੰਗਾਨਾ ਸਰਕਾਰ ਨੇ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਬਾਰੇ ਭੇਜਿਆ ਸੀ ਨੋਟਿਸ 
ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਆਪਣੇ ਸੰਗੀਤ ਸਮਾਰੋਹ ਦੌਰਾਨ ਤਿਲੰਗਾਨਾ ਸਰਕਾਰ ਵਲੋਂ ਭੇਜੇ ਨੋਟਿਸ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਸਾਰੇ ਸੂਬੇ ਸ਼ਰਾਬ ’ਤੇ ਪਾਬੰਦੀ ਲਗਾਉਂਦੇ ਹਨ ਤਾਂ ਉਹ ਵੀ ਸ਼ਰਾਬ ਬਾਰੇ ਗੀਤ ਗਾਉਣਾ ਬੰਦ ਕਰ ਦੇਣਗੇ। ਦਲਜੀਤ ਦੁਸਾਂਝ ਨੇ ਇਹ ਵੀ ਕਿਹਾ ਕਿ ਉਹ ਗੁਜਰਾਤ ਸਰਕਾਰ ਦਾ ਪ੍ਰਸੰਸਕ ਹੈ ਕਿਉਂਕਿ ਗੁਜਰਾਤ ਵਿਚ ਸ਼ਰਾਬ ’ਤੇ ਪਾਬੰਦੀ ਹੈ। ਅਹਿਮਦਾਬਾਦ ਵਿਚ ਆਪਣੇ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਵੀ ਮੈਂ ਸ਼ਰਾਬ ਬਾਰੇ ਕੋਈ ਗੀਤ ਨਹੀਂ ਗਾਵਾਂਗਾ, ਕਿਉਂਕਿ ਗੁਜਰਾਤ ਇਕ ਡਰਾਈ ਸੂਬਾ ਹੈ, ਭਾਵ ਉਥੇ ਸ਼ਰਾਬਬੰਦੀ ਲਾਗੂ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਲਗਾਤਾਰ ਅੱਜ 5ਵੇਂ ਦਿਨ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼ੇ੍ਰਣੀ ਵਿਚ ਦਰਜ ਕੀਤਾ ਗਿਆ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਮੁਤਾਬਕ ਅੱਜ ਐਤਵਾਰ ਸਵੇਰੇ 7 ਵਜੇ ਦਿੱਲੀ ਦੀਆਂ 14 ਲੋਕੇਸ਼ਨਾਂ ’ਤੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 400 ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਵਿਚ 37 ਫੀਸਦੀ ਪ੍ਰਦੂਸ਼ਣ ਦਿੱਲੀ ਅਤੇ ਨਾਲ ਲੱਗਦੇ ਸੂਬਿਆਂ ਵਿਚ ਪਰਾਲੀ ਸਾੜਨ ਨਾਲ ਹੋਇਆ ਹੈ। ਇਸੇ ਤਰ੍ਹਾਂ 12 ਫੀਸਦੀ ਪਲਿਊਸ਼ਨ ਦਾ ਕਾਰਨ ਗੱਡੀਆਂ ਵਿਚੋਂ ਨਿਕਲਣ ਵਾਲੇ ਕਾਰਬਨ ਕਰਕੇ ਹੈ। ਦਿੱਲੀ ਤੋਂ ਇਲਾਵਾ ਹਰਿਆਣਾ ਦੇ ਵੀ ਕਈ ਸ਼ਹਿਰਾਂ ਵਿਚ ਏਕਿਊਆਈ 400 ਦੇ ਕਰੀਬ ਪਹੁੰਚ ਗਿਆ ਹੈ। ਖਤਰਨਾਕ ਪ੍ਰਦੂਸ਼ਣ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿਚ 5ਵੀਂ ਤੱਕ ਦੇ ਬੱਚਿਆਂ ਲਈ ਔਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਕੀਤਾ ਹੈ।

 

 

 

  

ਗਹਿਲੋਤ ਨੇ ਦਿੱਲੀ ਦੀ ‘ਆਪ’ ਸਰਕਾਰ ’ਚ ਮੰਤਰੀ ਅਹੁਦੇ ਤੋਂ ਦੇ ਦਿੱਤਾ ਸੀ ਅਸਤੀਫਾ

ਨਵੀਂ ਦਿੱਲੀ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ’ਚ ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਲਾਸ਼ ਗਹਿਲੋਤ ਅੱਜ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੈਲਾਸ਼ ਗਹਿਲੋਤ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਹੈ। ਇਸ ਮੌਕੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਹਾਜ਼ਰ ਰਹੇ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਕੈਲਾਸ਼ ਗਹਿਲੋਤ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਦੇ ਦਬਾਅ ਹੇਠ ਕੋਈ ਕੰਮ ਨਹੀਂ ਕੀਤਾ ਹੈ। ਉਧਰ ਦੂਜੇ ਪਾਸੇ ਦਿੱਲੀ ਦੀ ‘ਆਪ’ ਸਰਕਾਰ ’ਚੋਂ ਕੈਲਾਸ਼ ਗਹਿਲੋਤ ਦੇ ਅਸਤੀਫਾ ਤੋਂ ਦੇਣ ਤੋਂ ਬਾਅਦ ‘ਆਪ’ ਵਿਧਾਇਕ ਰਘੁਵਿੰਦਰ ਸ਼ੌਕੀਨ ਨੂੰ ਨਵਾਂ ਕੈਬਨਿਟ ਮੰਤਰੀ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਵਲੋਂ ਸਾਂਝੀ ਕੀਤੀ ਗਈ ਹੈ।

 

 

ਦਿੱਲੀ ’ਚ ਸ਼ਰਾਬ ਨੀਤੀ ਘੁਟਾਲੇ ਨਾਲ ਜੁੜਿਆ ਹੈ ਮਾਮਲਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਹਾਈਕੋਰਟ ਨੇ ਅੱਜ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲੋਂ ਜਵਾਬ ਮੰਗਿਆ ਹੈ। ਕੇਜਰੀਵਾਲ ਨੇ ਕਥਿਤ ਆਬਕਾਰੀ ਨੀਤੀ ਘੁਟਾਲਾ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਏਜੰਸੀ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਸੰਮਨਾਂ ਨੂੰ ਚੁਣੌਤੀ ਦਿੱਤੀ ਹੈ। ਮਾਨਯੋਗ ਜਸਟਿਸ ਮਨੋਜ ਕੁਮਾਰ ਓਹਰੀ ਨੇ ਅਪਰਾਧਿਕ ਮਾਮਲੇ ਵਿਚ ਸੁਣਵਾਈ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਟਰਾਇਲ ਕੋਰਟ ਦਾ ਆਦੇਸ਼, ਜਿਸ ਨੂੰ ਕੇਜਰੀਵਾਲ ਨੇ ਚੁਣੌਤੀ ਦਿੱਤੀ ਹੈ, ਦੋ ਮਹੀਨੇ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਆਦੇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਹੁਦੇ ’ਤੇ ਸਨ ਤਾਂ ਉਨ੍ਹਾਂ ਖਿਲਾਫ ਭਿ੍ਰਸ਼ਟਾਚਾਰ ਦੇ ਆਰੋਪ ਲੱਗੇ ਸਨ। ਇਨ੍ਹਾਂ ਆਰੋਪਾਂ ਦੇ ਚੱਲਦਿਆਂ ਉਹ ਜੇਲ੍ਹ ਵਿਚ ਵੀ ਰਹੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.