Friday, 12 June 2026

ਕਿਹਾ : ਉਤਰ ਪੂਰਬ ਵਿਚ ਬੇਮਿਸਾਲ ਵਿਕਾਸ ਆ ਰਿਹਾ ਨਜ਼ਰ

ਨਵੀਂ ਦਿੱਲੀ/ਬਿਊਰੋ ਨਿਊਜ਼  

ਨਵੀਂ ਦਿੱਲੀ ’ਚ ‘ਰਾਈਜਿੰਗ ਨੌਰਥ ਈਸਟ ਇਨਵੈਸਟਰਜ਼ ਸਮਿਟ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਬੇਮਿਸਾਲ ਤਰੱਕੀ ਦੇਖ ਰਿਹਾ ਹੈ ਅਤੇ ਸਰਕਾਰ ਆਪਣੀ ਵਿਕਾਸ ਕਹਾਣੀ ਨੂੰ ਤੇਜ਼ ਕਰਨ ਲਈ ਦਿ੍ਰੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉੱਤਰ-ਪੂਰਬ ਦੀ ਵਿਭਿੰਨਤਾ ਇਸਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਹ ਵਿਕਾਸ ਦੇ ਮੋਹਰੀ ਖੇਤਰ ਵਜੋਂ ਉੱਭਰ ਰਿਹਾ ਹੈ। ਪੀਐਮ ਮੋਦੀ ਵੱਲੋਂ ਉਦਘਾਟਨ ਕੀਤੇ ਗਏ ਇਸ ਦੋ-ਰੋਜ਼ਾ ਸਮਾਗਮ ਵਿਚ ਖੇਤਰ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਨੌਕਰਸ਼ਾਹ, ਡਿਪਲੋਮੈਟ ਅਤੇ ਹੋਰ ਵਿਅਕਤੀ ਸ਼ਾਮਲ ਹੋਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਪਹਿਲਾਂ ਬੰਬਾਂ, ਬੰਦੂਕਾਂ ਅਤੇ ਰਾਕੇਟਾਂ ਦਾ ਸਮਾਨਾਰਥੀ ਸੀ, ਜਿਸਨੇ ਉੱਥੋਂ ਦੇ ਨੌਜਵਾਨਾਂ ਤੋਂ ਬਹੁਤ ਸਾਰੇ ਮੌਕੇ ਖੋਹ ਲਏ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਜ਼ੀਰੋ ਟਾਲਰੈਂਸ ਨੀਤੀ ਦੀ ਪਾਲਣਾ ਕਰਦੀ ਹੈ, ਭਾਵੇਂ ਉਹ ਅੱਤਵਾਦ ਹੋਵੇ ਜਾਂ ਨਕਸਲਵਾਦ।

ਵਿਜੈ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ਖਿਲਾਫ ਕੀਤੀ ਸੀ ਵਿਵਾਦਤ ਟਿੱਪਣੀ

ਭੋਪਾਲ/ਬਿਊਰੋ ਨਿਊਜ਼ 

ਮੱਧ ਪ੍ਰਦੇਸ਼ ਸਰਕਾਰ ਨੇ ਭਾਜਪਾ ਦੇ ਨੇਤਾ ਅਤੇ ਸੂਬਾਈ ਮੰਤਰੀ ਮੰਡਲ ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰੀ ਕੁੰਵਰ ਵਿਜੈ ਸ਼ਾਹ ਵੱਲੋਂ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਮੱਧ ਪ੍ਰਦੇਸ਼ ਸਰਕਾਰ ਨੂੰ ਸਿੱਟ ਬਣਾਉਣ ਦੇ ਨਿਰਦੇਸ਼ ਦੇਣ ਤੋਂ ਬਾਅਦ ਲਿਆ ਗਿਆ ਹੈ। ਇਸ ਜਾਂਚ ਟੀਮ ਵਿੱਚ ਇੱਕ ਮਹਿਲਾ ਅਧਿਕਾਰੀ ਸਣੇ ਤਿੰਨ ਆਈਪੀਐੱਸ ਅਧਿਕਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਿਜੈ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ਖ਼ਿਲਾਫ ਵਿਵਾਦਤ ਟਿੱਪਣੀ ਕਰਦਿਆਂ ਉਨ੍ਹਾਂ ਨੂੰ ‘ਅਤਿਵਾਦੀਆਂ ਦੀ ਭੈਣ’ ਕਿਹਾ ਸੀ। ਸੁਪਰੀਮ ਕੋਰਟ ਨੇ ਪੁਲਿਸ ਡਾਇਰੈਕਟਰ ਜਨਰਲ ਨੂੰ 20 ਮਈ ਤੱਕ ਸਿੱਟ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਜ਼ਿਕਰਯੋਗ ਹੈ ਕਿ ਮੰਤਰੀ ਦੀਆਂ ਟਿੱਪਣੀਆਂ ਨੂੰ ‘ਘਟੀਆ ਅਤੇ ਸ਼ਰਮਨਾਕ’ ਕਰਾਰ ਦਿੰਦਿਆਂ ਅਦਾਲਤ ਨੇ ਸ਼ਾਹ ਦੀ ਜਨਤਕ ਮੁਆਫ਼ੀ ਨੂੰ ਵੀ ਰੱਦ ਕਰ ਦਿੱਤਾ ਸੀ। 

 

ਨਿਸ਼ੀਕਾਂਤ ਦੂਬੇ ਨੇ ਕਾਂਗਰਸੀਆਂ ਨੂੰ ਦੱਸਿਆ ਦੇਸ਼ਧ੍ਰੋਹੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਪਰੇਸ਼ਨ ਸਿੰਦੂਰ ਤੋਂ ਪਹਿਲਾਂ ਪਾਕਿਸਤਾਨ ਨੂੰ ਭਾਰਤ ਵਲੋਂ ਦਿੱਤੀ ਗਈ ਜਾਣਕਾਰੀ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਲਗਾਤਾਰ ਸਵਾਲ ਉਠਾ ਰਹੇ ਸਨ। ਇਸਦੇ ਚੱਲਦਿਆਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਇਹ ਸਮਝੌਤਾ ਤਾਂ 1994 ਵਿਚ ਕਾਂਗਰਸ ਸਰਕਾਰ ਸਮੇਂ ਹੋਇਆ ਸੀ। ਇਸ ਕਰਕੇ ਅਸਲੀ ਦੇਸ਼ਧ੍ਰੋਹੀ ਤਾਂ ਕਾਂਗਰਸੀ ਹਨ। ਭਾਜਪਾ ਆਗੂ ਦੂਬੇ ਨੇ ਕਿਹਾ ਕਿ 1991 ਵਿਚ ਕਾਂਗਰਸ ਨੇ ਚੰਦਰ ਸ਼ੇਖਰ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਦਿੱਤਾ ਸੀ, ਉਸ ਸਮੇਂ ਭਾਰਤ-ਪਾਕਿਸਤਾਨ ਵਿਚਾਲੇ ਇਕ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ 1994 ਵਿਚ ਪੀ.ਵੀ. ਨਰਸਿਮ੍ਹਾ ਰਾਓ ਦੀ ਸਰਕਾਰ ਆਈ ਤਾਂ ਇਹ ਸਮਝੌਤਾ ਲਾਗੂ ਹੋਇਆ। ਇਸਦੇ ਤਹਿਤ ਫੌਜ ਕਿੱਥੇ ਤੈਨਾਤ ਹੋਵੇਗੀ ਅਤੇ ਹਵਾਈ ਫੌਜ ਕਿਸ ਤਰ੍ਹਾਂ ਕੰਮ ਕਰੇਗੀ, ਇਹ ਗੱਲਾਂ ਵਿਰੋਧੀ ਦੇਸ਼ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ।   

 

ਕਿਹਾ : ਤੁਸੀਂ ਪੂਰੇ ਦੇਸ਼ ਨੂੰ ਸ਼ਰਮਸ਼ਾਰ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਰਨਲ ਸੋਫੀਆ ਕੁਰੈਸ਼ੀ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਮੱਧ ਪ੍ਰਦੇਸ਼ ਦੇ ਮੰਤਰੀ ਵਿਜੈ ਸ਼ਾਹ ਦੀ ਸੁਪਰੀਮ ਕੋਰਟ ਨੇ ਜੰਮ ਕੇ ਖਿਚਾਈ ਕੀਤੀ ਹੈ। ਇਸਦੇ ਨਾਲ ਹੀ ਸਰਬਉਚ ਅਦਾਲਤ ਨੇ ਸ਼ਾਹ ਖਿਲਾਫ ਐਫ.ਆਈ.ਆਰ. ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਨਯੋਗ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐਨ. ਕੋਟਿਸ਼ਵਰ ਸਿੰਘ ਦੇ ਬੈਂਚ ਨੇ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਉਸ ਦੀਆਂ ਉਹ ਵੀਡੀਓਜ਼ ਦੇਖੀਆਂ ਹਨ, ਜਿਸ ਵਿਚ ਉਸ ਨੇ ਟਿੱਪਣੀਆਂ ਕੀਤੀਆਂ ਤੇ ਮਗਰੋਂ ਮੁਆਫੀ ਵੀ ਮੰਗੀ। ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਇਨ੍ਹਾਂ ਟਿੱਪਣੀਆਂ ਕਰਕੇ ਪੂਰਾ ਦੇਸ਼ ਸ਼ਰਮਸ਼ਾਰ ਸੀ।    

 

28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ

ਰਾਏਪੁਰ/ਬਿਊਰੋ ਨਿਊਜ਼ 

ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿਚ ਡੀ.ਆਰ.ਜੀ. ਜਵਾਨਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿਚ 28 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਮੁਕਾਬਲੇ ਦੌਰਾਨ ਇਕ ਫੌਜੀ ਜਵਾਨ ਸ਼ਹੀਦ ਹੋਣ ਅਤੇ ਇਕ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿਚ ਖਤਰਨਾਕ ਨਕਸਲੀ ਮਾਰੇ ਗਏ ਹਨ।    

ਕਿਹਾ : ਪੂਰੀ ਦੁਨੀਆ ਨੇ ਸੁਣੀ ਭਾਰਤੀ ਹਵਾਈ ਸੈਨਾ ਦੀ ਗੂੰਜ

ਅਹਿਮਦਾਬਾਦ/ਬਿਊਰੋ ਨਿਊਜ਼

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਗੁਜਰਾਤ ਦੇ ਭੁਜ ਏਅਰਬੇਸ ਪਹੁੰਚੇ। ਇੱਥੇ ਉਨ੍ਹਾਂ ਭੁਜ ਏਅਰ ਫੋਰਸ ਸਟੇਸ਼ਨ ’ਤੇ ਤਾਇਨਾਤ ਏਅਰ ਫੋਰਸ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਵਧਾਈ ਦੇਣ ਆਇਆ ਹਾਂ ਕਿਉਂਕਿ ਤੁਸੀਂ ਆਪ੍ਰੇਸ਼ਨ ਸੰਦੂਰ ਵਿਚ ਇਕ ਚਮਤਕਾਰੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭੁਜ 1965 ਅਤੇ 1971 ਦੀਆਂ ਜੰਗਾਂ ਵਿਚ ਸਾਡੀ ਜਿੱਤ ਦਾ ਗਵਾਹ ਰਿਹਾ ਹੈ ਅਤੇ ਅੱਜ ਵੀ ਇਹ ਆਪ੍ਰੇਸ਼ਨ ਸੰਦੂਰ ਦੀ ਸਫਲਤਾ ਦਾ ਗਵਾਹ ਹੈ। ਇਸ ਕਾਰਵਾਈ ਵਿਚ ਤੁਹਾਡੇ ਕੀਤੇ ਕੰਮ ’ਤੇ ਸਾਰੇ ਭਾਰਤੀਆਂ ਨੂੰ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਅੰਦਰ ਜੋ ਮਿਜ਼ਾਈਲਾਂ ਸੁੱਟੀਆਂ ਹਨ, ਪੂਰੀ ਦੁਨੀਆ ਨੇ ਇਸਦੀ ਗੂੰਜ ਸੁਣੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ, ਜਿਸ ਦੀ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਸ਼ਲਾਘਾ ਕੀਤੀ ਜਾ ਰਹੀ ਹੈ। 

   

 

 

 

 

ਅਗਲੇਰੀ ਜਾਂਚ ਲਈ ਘੁਸਪੈਠੀਏ ਨੂੰ ਕੀਤਾ ਪੁਲਿਸ ਹਵਾਲੇ

ਅੰਮਿ੍ਰਤਸਰ/ਬਿਊਰੋ ਨਿਊਜ਼

ਬੀਐੱਸਐੱਫ ਜਵਾਨਾਂ ਨੇ ਅੰਮਿ੍ਰਤਸਰ ਦੇ ਸਰਹੱਦੀ ਖੇਤਰ ’ਚੋਂ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਫੌਜੀ ਜਵਾਨਾਂ ਨੇ ਕੌਮਾਂਤਰੀ ਸਰਹੱਦ ਪਾਰ ਕਰ ਰਹੇ ਇਕ ਸ਼ੱਕੀ ਵਿਅਕਤੀ ਦੀ ਹਰਕਤ ਦੇਖੀ ਅਤੇ ਉਹ ਵਿਅਕਤੀ ਸਰਹੱਦ ’ਤੇ ਕੰਡਿਆਲੀ ਤਾਰ ਦੇ ਨੇੜੇ ਆ ਗਿਆ ਸੀ। ਸਰਹੱਦ ’ਤੇ ਮੁਸਤੈਦ ਜਵਾਨਾਂ ਨੇ ਉਸ ਨੂੰ ਰੁਕਣ ਲਈ ਚੁਣੌਤੀ ਦਿੱਤੀ ਅਤੇ ਬਾਅਦ ਵਿੱਚ ਉਸ ਨੂੰ ਕਾਬੂ ਕਰ ਲਿਆ। ਘੁਸਪੈਠੀਏ ਨੇ ਆਪਣੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਦੱਸੀ ਹੈ। ਤਲਾਸ਼ੀ ਲੈਣ ’ਤੇ ਉਸਦੇ ਕਬਜ਼ੇ ਵਿੱਚੋਂ 330 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਬੀਐੱਸਐੱਫ ਨੇ ਸ਼ੁਰੂਆਤੀ ਪੁੱਛਗਿੱਛ ਮਗਰੋਂ ਪਾਕਿਸਤਾਨੀ ਘੁਸਪੈਠੀਏ ਨੂੰ ਅਗਲੇਰੀ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ ਹੈ।

ਅਫਗਾਨਿਸਤਾਨ ਨੇ ਭਾਰਤੀ ਰਾਕੇਟ ਹਮਲੇ ਦਾ ਪਾਕਿਸਤਾਨੀ ਦਾਅਵਾ ਕੀਤਾ ਸੀ ਖਾਰਜ

ਨਵੀਂ ਦਿੱਲੀ/ਬਿਊਰੋ ਨਿਊਜ਼   

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮਾਵਲਵੀ ਆਮਿਰ ਖਾਨ ਮੁਤਾਕੀ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਜੈਸ਼ੰਕਰ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਨ ਦੇ ਲਈ ਮੁਤਾਕੀ ਨੂੰ ਸ਼ੁਕਰੀਆ ਵੀ ਕਿਹਾ। ਅਫਗਾਨਿਸਤਾਨ ਨੇ ਪਾਕਿਸਤਾਨ ਦੇ ਉਨ੍ਹਾਂ ਆਰੋਪਾਂ ਨੂੰ ਖਾਰਜ ਕਰ ਦਿੱਤਾ ਸੀ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਭਾਰਤੀ ਮਿਜ਼ਾਈਲਾਂ ਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ ਸੀ। ਜੈਸ਼ੰਕਰ ਨੇ ਇਸ ਗੱਲ ਲਈ ਵੀ ਅਫਗਾਨ ਸਰਕਾਰ ਨੂੰ ਸ਼ੁਕਰੀਆ ਕਿਹਾ। ਜ਼ਿਕਰਯੋਗ ਹੈ ਕਿ ਇਹ ਭਾਰਤ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਚਾਲੇ ਮੰਤਰੀ ਪੱਧਰ ਦੀ ਇਹ ਪਹਿਲੀ ਗੱਲਬਾਤ ਸੀ। ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਫਗਾਨ ਦਾ ਪੁਰਾਣਾ ਦੋਸਤਾਨਾ ਰਿਸ਼ਤਾ ਹੈ। 

 

ਹਿੰਮਤ ਅਤੇ ਦਿ੍ਰੜ ਇਰਾਦੇ ਦੀ ਗੀਤਾ ਸਮੋਥਾ ਨੇ ਕੀਤੀ ਮਿਸਾਲ ਕਾਇਮ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੀ ਗੀਤਾ ਸਮੋਥਾ ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਫੋਰਸ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਰਾਜਸਥਾਨ ਦੇ ਸ਼ੀਕਰ ਜ਼ਿਲ੍ਹੇ ਨਾਲ ਸਬੰਧਤ ਗੀਤਾ ਸਮੋਥਾ ਨੇ ਹਿੰਮਤ ਅਤੇ ਦਿ੍ਰੜ ਇਰਾਦੇ ਦੀ ਮਿਸਾਲ ਕਾਇਮ ਕੀਤੀ ਹੈ। ਸੀ.ਆਈ.ਐਸ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿਰਫ ਨਿੱਜੀ ਜਿੱਤ ਨਹੀਂ, ਸਗੋਂ ਫੋਰਸ ਲਈ ਇਤਿਹਾਸ ਪਲ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੀਆਂ ਵਰਦੀਧਾਰੀ ਸੇਵਾਵਾਂ ਵਿਚ ਮਹਿਲਾਵਾਂ ਦੀ ਵਿਕਸਤ ਹੋ ਰਹੀ ਭੂਮਿਕਾ ਦਾ ਇਹ ਇਕ ਸ਼ਕਤੀਸ਼ਾਲੀ ਪ੍ਰਤੀਕ ਹੈ।   

 

 

ਪੰਜਾਬ ਦੀ ਰਾਜਨੀਤਕ ਰਣਨੀਤੀ ’ਤੇ ਹੋਈ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ’ਚ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਇਹ ਜਾਣਕਾਰੀ ਰਵਨੀਤ ਬਿੱਟੂ ਵਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲਣ ਦਾ ਮਾਣ ਮਹਿਸੂਸ ਹੋਇਆ। ਇਸ ਦੌਰਾਨ ਪਾਕਿਸਤਾਨ ਉਤੇ ਭਾਰਤ ਦੀ ਹਾਲੀਆ ਜਿੱਤ ’ਤੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਮੁਸ਼ਕਿਲ ਹਾਲਾਤ ਨੂੰ ਦਿ੍ਰੜਤਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਦੀ ਮਿਸਾਲੀ ਅਗਵਾਈ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁਲਾਕਾਤ ਸਮੇਂ ਪੰਜਾਬ ਦੇ ਵਿਕਾਸ ਲਈ ਮੁੱਖ ਪਹਿਲਕਦਮੀਆਂ ’ਤੇ ਚਰਚਾ ਕੀਤੀ, ਜੋ ਸਾਡੇ ਰਾਜ ਲਈ ਵਿਕਾਸ ਅਤੇ ਖੁਸ਼ਹਾਲੀ ’ਤੇ ਕੇਂਦਿ੍ਰਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਮੌਜੂਦਾ ਧਾਰਮਿਕ ਅਤੇ ਰਾਜਨੀਤਿਕ ਦਿ੍ਰਸ਼ਟੀਕੋਣ ਅਤੇ ਅੱਗੇ ਦੇ ਰਸਤੇ ’ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਧਿਆਨ ਰਹੇ ਕਿ ਰਵਨੀਤ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਵੀ ਲੜਾ ਦਿੱਤੀ ਸੀ। ਰਵਨੀਤ ਬਿੱਟੂ ਭਾਵੇਂ ਚੋਣ ਹਾਰ ਗਏ ਸਨ, ਪਰ ਫਿਰ ਵੀ ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਦੇ ਦਿੱਤਾ ਸੀ।   

22 ਮਈ ਨੂੰ ਹੋਵੇਗੀ ਪਹਿਲੇ ਜਥੇ ਦੀ ਰਵਾਨਗੀ 

ਦੇਹਰਾਦੂਨ/ਬਿਊਰੋ ਨਿਊਜ਼

ਹਰ ਸਾਲ ਸ਼ਰਧਾਲੂਆਂ ਲਈ ਅਧਿਆਤਮਿਕ ਉੱਨਤੀ ਦਾ ਰਾਹ ਪੱਧਰਾ ਕਰਨ ਵਾਲੀ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਪਵਿੱਤਰ ਯਾਤਰਾ 25 ਮਈ 2025 ਤੋਂ ਸ਼ੁਰੂ ਹੋ ਰਹੀ ਹੈ। ਇਹ ਪਵਿੱਤਰ ਯਾਤਰਾ ਆਉਂਦੀ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜਥੇ ਦੀ ਰਵਾਨਗੀ ਨਾਲ ਸ਼ੁਰੂ ਹੋਵੇਗੀ। ਇਸ ਧਾਰਮਿਕ ਸਮਾਰੋਹ ’ਚ ਉੱਤਰਾਖੰਡ ਦੇ ਮਾਣਯੋਗ ਰਾਜਪਾਲ, ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਮਾਣਯੋਗ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਤਿਕਾਰਯੋਗ ਮੰਤਰੀ, ਸੰਤ ਸਮਾਜ ਅਤੇ ਹੋਰ ਪਤਵੰਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕੰਪਲੈਕਸ, ਰਿਸ਼ੀਕੇਸ਼ ਵਿਖੇ ਪਹੰੁਚਣਗੇ। ਇਹ ਵੀ ਕਿਹਾ ਗਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਸਾਰੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਦਿਲੋਂ ਸਵਾਗਤ ਅਤੇ ਸਤਿਕਾਰ ਕਰਦਾ ਹੈ। ਇਹ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸਾਂਝੀ ਕੀਤੀ ਗਈ ਹੈ।      

 

ਭਾਰਤ-ਪਾਕਿ ਟਕਰਾਅ ਦੌਰਾਨ ਸਕੂਲ ਕੀਤੇ ਗਏ ਸਨ ਬੰਦ

ਜੰਮੂ/ਬਿਊਰੋ ਨਿਊਜ਼ 

ਕੰਟਰੋਲ ਰੇਖਾ ਦੇ ਨੇੜੇ ਸਥਿਤ ਜ਼ਿਲ੍ਹਿਆਂ ਨੂੰ ਛੱਡ ਕੇ ਕਸ਼ਮੀਰ ਵਾਦੀ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਅੱਜ ਬੁੱਧਵਾਰ ਨੂੰ ਮੁੜ ਖੁੱਲ੍ਹ ਗਏ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੋਰਾ ਵਿਚ ਸਕੂਲ ਅਤੇ ਕਾਲਜ ਇਕ ਹਫ਼ਤੇ ਲਈ ਬੰਦ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਘਾਟੀ ਵਿਚ ਹੋਰ ਥਾਵਾਂ ’ਤੇ ਸਕੂਲ ਮੰਗਲਵਾਰ ਨੂੰ ਖੁੱਲ੍ਹ ਗਏ ਸਨ। ਬਾਰਾਮੂਲਾ ਦੇ ਇਕ ਵਿਦਿਆਰਥੀ ਦਾ ਕਹਿਣਾ ਸੀ ਕਿ ਗੋਲੀਬੰਦੀ ਤੋਂ ਅਸੀਂ ਬਹੁਤ ਖੁਸ਼ ਹਾਂ ਅਤੇ ਹੁਣ ਅਸੀਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਦਿਆਂ ਆਪਣੀਆਂ ਨਿਯਮਤ ਕਲਾਸਾਂ ’ਤੇ ਧਿਆਨ ਕੇਂਦਰਿਤ ਕਰਾਂਗੇ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.