Saturday, 18 April 2026

ਭਾਜਪਾ ’ਤੇ ਪੈਸੇ ਵੰਡਣ ਦਾ ਲਗਾਏ ਆਰੋਪ-ਭਾਗਵਤ ਕੋਲੋਂ ਮੰਗਿਆ ਜਵਾਬ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਇਕ ਚਿੱਠੀ ਲਿਖੀ ਹੈ ਅਤੇ ਉਨ੍ਹਾਂ ਕੋਲੋਂ 4 ਸਵਾਲ ਪੁੱਛੇ ਗਏ ਹਨ। ਕੇਜਰੀਵਾਲ ਨੇ ਭਾਗਵਤ ਕੋਲੋਂ ਪੁੱਛਿਆ ਕਿ ਭਾਜਪਾ ਆਗੂ ਪੈਸੇ ਵੰਡ ਰਹੇ ਹਨ। ਪੂਰਵਾਂਚਲੀ ਅਤੇ ਦਲਿਤ ਲੋਕਾਂ ਦੇ ਨਾਮ ਮਿਟਾਉਣ ਦੀ ਵੀ ਭਾਜਪਾ ਕੋਸ਼ਿਸ਼ ਕਰ ਰਹੀ ਹੈ। ਵੋਟ ਖਰੀਦ ਰਹੀ ਹੈ। ਕੀ ਆਰ.ਐਸ.ਐਸ. ਨੂੰ ਨਹੀਂ ਲੱਗਾ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਕੇਜਰੀਵਾਲ ਨੇ ਪੁੱਛਿਆ ਕਿ ਭਾਜਪਾ ਨੇ ਪਿਛਲੇ ਦਿਨਾਂ ਵਿਚ ਜੋ ਗਲਤ ਕੀਤਾ ਹੈ, ਕੀ ਆਰ.ਐਸ.ਐਸ. ਉਸਦਾ ਸਮਰਥਨ ਕਰਦੀ ਹੈ। ਜ਼ਿਕਰਯੋਗ ਹੈ ਕਿ ‘ਆਪ’ ਆਗੂ ਪਿ੍ਰਅੰਕਾ ਕੱਕੜ ਨੇ ਆਰੋਪ ਲਗਾਇਆ ਸੀ ਕਿ ਭਾਜਪਾ ਨੇਤਾ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿਚ ਪੈਸੇ ਵੰਡ ਰਹੇ ਹਨ। ਉਧਰ ਦੂਜੇ ਪਾਸੇ ਦਿੱਲੀ ਭਾਜਪਾ ਦੇ ਆਗੂ ਵੀਰੇਂਦਰ ਸਚਦੇਵਾ ਨੇ ਵੀ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਅਤੇ ਕੇਜਰੀਵਾਲ ਨੂੰ ਨਵੇਂ ਸਾਲ ’ਤੇ 5 ਸੰਕਲਪ ਲੈਣ ਲਈ ਕਿਹਾ ਹੈ। ਸਚਦੇਵਾ ਨੇ ਕਿਹਾ ਕਿ ਨਵੇਂ ਸਾਲ ਵਿਚ ਕੇਜਰੀਵਾਲ ਨੂੰ ਇਕ ਤਾਂ ਝੂਲ ਬੋਲਣਾ ਬੰਦ ਕਰਨਾ ਚਾਹੀਦਾ ਹੈ।  

 

ਦਿੱਲੀ ਪੁਲਿਸ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼

ਮਹਿਲਾ ਸਨਮਾਨ ਯੋਜਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚੇ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ। ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੀਆਂ ਕਈ ਮਹਿਲਾਵਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ। ਭਾਜਪਾ ਮਹਿਲਾ ਮੋਰਚਾ ਦਿੱਲੀ ਦੀ ਪ੍ਰਧਾਨ ਰਿਚਾ ਪਾਂਡੇ ਦਾ ਆਰੋਪ ਹੈ ਕਿ ਕੇਜਰੀਵਾਲ ਨੇ ਪੰਜਾਬ ਵਿਚ ਵੀ ਮਹਿਲਾਵਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਨਹੀਂ ਦਿੱਤੇ ਗਏ। ਦਿੱਲੀ ਵਿਚ ਵੀ ਅਜਿਹਾ ਹੀ ਵਾਅਦਾ ਕਰਕੇ ਜਨਤਾ ਨੂੰ ਠੱਗਿਆ ਜਾ ਰਿਹਾ ਹੈ। ਮਹਿਲਾ ਮੋਰਚਾ ਦੀ ਇਕ ਹੋਰ ਆਗੂ ਯੋਗਿਤਾ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਫਰਜ਼ੀ ਤਰੀਕੇ ਨਾਲ ਲੋਕਾਂ ਦਾ ਰਜਿਸਟਰੇਸ਼ਨ ਕਰਵਾ ਰਹੀ ਹੈ। ਧਿਆਨ ਰਹੇ ਕਿ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ।  

ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 36ਵੇਂ ਦਿਨ ਵੀ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਖਨੌਰੀ ਬਾਰਡਰ ’ਤੇ ਪਿੰਡ ਢਾਬੀ ਗੁੱਜਰਾਂ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਰੱਖਿਆ ਗਿਆ ਮਰਨ ਵਰਤ ਅੱਜ 36ਵੇਂ ਦਿਨ ਵੀ ਜਾਰੀ ਰਿਹਾ ਹੈ। ਇਸਦੇ ਚੱਲਦਿਆਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਹੀ ਚਿੰਤਾਜਨਕ ਹੋ ਗਈ ਹੈ। ਜਗਜੀਤ ਸਿੰਘ ਡੱਲੇਵਾਲ ਮਾਮਲੇ ’ਚ ਅੱਜ ਵੀ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ। ਇਸੇ ਦੌਰਾਨ ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੂੰ ਤਿੰਨ ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜਨਵਰੀ ਨੂੰ ਹੋਵੇਗੀ। ਧਿਆਨ ਰਹੇ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਤਾਂ ਬਹੁਤ ਸਾਰੇ ਆਗੂ ਗਏ ਹਨ, ਪਰ ਮਸਲੇ ਦਾ ਹੱਲ ਅਜੇ ਤੱਕ ਨਹੀਂ ਨਿਕਲਿਆ। 

 

ਭਾਜਪਾ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਤੋਂ ਘਬਰਾਈ : ਕੇਜਰੀਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਰੋਪ ਲਾਇਆ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਗਿ੍ਰਫਤਾਰ ਕਰਨ ਦੀ ਸਾਜਿਸ਼ ਰਚੀ ਜਾ ਰਹੀ  ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਨੂੰ ਆਗਾਮੀ ਦਿਨਾਂ ਦੌਰਾਨ ਕਿਸੇ ‘ਫਰਜ਼ੀ’ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਇਹ ਗੱਲ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਕਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਅਤੇ ਸਿਹਤ ਵਿਭਾਗਾਂ ਨੇ ‘ਆਪ’ ਦੇ ਵਾਅਦਿਆਂ ਉਤੇ ਆਧਾਰਤ ਯੋਜਨਾਵਾਂ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ। ਇਸ ਕਾਰਨ ਦਿੱਲੀ ਵਿਧਾਨ  ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਕੇਜਰੀਵਾਲ ਨੇ ਆਰੋਪ ਲਗਾਇਆ ਕਿ ਭਾਜਪਾ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਤੋਂ ਘਬਰਾ ਗਈ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਆਤਿਸ਼ੀ ਨੂੰ ਆਉਣ ਵਾਲੇ ਦਿਨਾਂ ਵਿੱਚ ‘ਫਰਜ਼ੀ’ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਤਿਸ਼ੀ ਦੀ ਗਿ੍ਰਫਤਾਰੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਖਿਲਾਫ ਛਾਪੇ ਵੀ ਮਾਰੇ ਜਾ ਸਕਦੇ ਹਨ।     

 

ਭਗਵੰਤ ਮਾਨ ਕੋਲ 1 ਕਰੋੜ 97 ਲੱਖ ਰੁਪਏ ਦੀ ਸੰਪਤੀ

ਨਵੀਂ ਦਿੱਲੀ/ਬਿਊਰੋ ਨਿਊਜ਼

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਭਾਰਤ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਦੇ ਕੋਲ 931 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 15 ਲੱਖ ਰੁਪਏ ਦੀ ਸੰਪਤੀ ਨਾਲ ਸਭ ਤੋਂ ਗਰੀਬ ਮੁੱਖ ਮੰਤਰੀ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਪਤੀ 1 ਕਰੋੜ 97 ਲੱਖ ਰੁਪਏ ਦੱਸੀ ਗਈ ਹੈ। ਇਸਦੇ ਚੱਲਦਿਆਂ 31 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਔਸਤ ਸੰਪਤੀ 52.59 ਕਰੋੜ ਰੁਪਏ ਹੈ, ਜਦੋਂ ਕਿ ਕੁੱਲ ਸੰਪਤੀ 1630 ਕਰੋੜ ਰੁਪਏ ਹੈ। ਇਹ ਜਾਣਕਾਰੀ ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮਰਜ਼ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ। 

ਵਿਧਾਇਕਾਂ ਨੂੰ ਤਾਂ ਤਨਖਾਹ ਨਹੀਂ ਮਿਲ ਰਹੀ : ਸਾਬਕਾ ਮੇਅਰ ਦਾ ਆਰੋਪ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਲਈ 7 ਫਾਰਚੂਨਰ ਅਤੇ 1 ਰੇਂਜ ਰੋਵਰ ਕਾਰ ਖਰੀਦੀ ਜਾਵੇਗੀ। ਇਨ੍ਹਾਂ 8 ਕਾਰਾਂ ਦੀ ਕੁੱਲ ਕੀਮਤ 3 ਕਰੋੜ ਰੁਪਏ ਹੋਵੇਗੀ। ਇਨ੍ਹਾਂ ਵਿਚ 4 ਗੱਡੀਆਂ ਮੁੱਖ ਮੰਤਰੀ ਦੇ ਵੱਖ-ਵੱਖ ਦੌਰਿਆਂ ਦੇ ਲਈ ਦਿੱਲੀ ਵਿਚ ਰੱਖੀਆਂ ਜਾਣਗੀਆਂ, ਜਦੋਂ ਕਿ ਦੋ ਕਾਰਾਂ ਸ੍ਰੀਨਗਰ ਅਤੇ ਦੋ ਕਾਰਾਂ ਜੰਮੂ ਵਿਚ ਰੱਖੀਆਂ ਜਾਣਗੀਆਂ। ਇਸੇ ਦੌਰਾਨ ਸ੍ਰੀਨਗਰ ਦੇ ਸਾਬਕਾ ਮੇਅਰ ਜੁਨੈਦ ਮੱਟੂ ਨੇ ਆਰੋਪ ਲਗਾਉਂਦਿਆਂ ਕਿਹਾ ਹੈ ਕਿ ਇਕ ਪਾਸੇ ਵਿਧਾਇਕਾਂ ਨੂੰ ਪਹਿਲੀ ਤਨਖਾਹ ਨਹੀਂ ਮਿਲੀ ਹੈ, ਦੂਜੇ ਪਾਸੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਰਾਜਸ਼ਾਹੀ ਘੱਟ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਦਰਜਾ ਘੱਟ ਹੋਇਆ ਹੈ, ਪਰ ਅਬਦੁੱਲਾ ਰਾਜਸ਼ਾਹੀ ਦਾ ਨਹੀਂ। ਮੀਡੀਆ ਰਿਪੋਰਟਾਂ ਅਨੁਸਾਰ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਨਵੇਂ ਚੁਣੇ 90 ਵਿਧਾਇਕਾਂ ਦੀ ਪਹਿਲੀ ਤਨਖਾਹ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਅਬਦੁਲ ਰਹੀਮ ਰਾਥਰ ਨੇ ਸੂਬਾ ਸਰਕਾਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਤਨਖਾਹ ਨੂੰ ਲੈ ਕੇ ਸਰਕਾਰ ਕੋਲੋਂ ਸਪੱਸ਼ਟੀਕਰਨ ਵੀ ਮੰਗਿਆ ਹੈ। 

 

ਚੰਡੀਗੜ੍ਹ :  ਭਾਰਤੀ ਜਨਤਾ ਪਾਰਟੀ ਪੰਜਾਬ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ । ਅਸੀਂ ਸਾਰੇ ਪੰਜਾਬੀਆਂ ਵਿੱਚ ਉਨ੍ਹਾਂ ਦਾ ਹਮੇਸ਼ਾ ਸਤਿਕਾਰ ਰਹੇਗਾ ਅਤੇ ਉਨ੍ਹਾਂ ਨੇ ਨਾ ਸਿਰਫ਼ ਦੁਨੀਆਂ ਵਿੱਚ ਦੇਸ਼ ਦਾ ਮਾਣ ਵਧਾਇਆ ਸਗੋਂ ਪੰਜਾਬ ਦਾ ਨਾਂ ਵੀ ਉੱਚਾ ਕੀਤਾ। ਦੇਸ਼ ਦੇ ਆਰਥਿਕ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਨੂੰ ਔਖੀ ਆਰਥਿਕ ਸਥਿਤੀ ਵਿੱਚੋਂ ਕੱਢਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਭਾਰਤੀ ਜਨਤਾ ਪਾਰਟੀ ਉਨ੍ਹਾਂ ਵੱਲੋਂ ਕੀਤੇ ਕੰਮਾਂ ਅਤੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਪਾਏ ਯੋਗਦਾਨ ਦਾ ਸਨਮਾਨ ਕਰਦੀ ਹੈ, ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਚੰਡੀਗੜ੍ਹ ਵਿਖੇ ਸੂਬਾ ਮੀਡੀਆ ਹੈੱਡ ਵਿਨੀਤ ਜੋਸ਼ੀ ਅਤੇ ਸੂਬਾਈ ਬੁਲਾਰੇ ਚੇਤਨ ਮੋਹਨ ਦੀ ਹਾਜਰੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਜੋਸ਼ੀ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸਰੀਨ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਸ. ਮਨਮੋਹਨ ਸਿੰਘ ਜੀ ਦੀ ਯਾਦ ਵਿੱਚ ਯਾਦਗਾਰ ਅਤੇ ਸਮਾਧੀ ਬਣਾਉਣ ਦਾ ਫੈਸਲਾ ਕੀਤਾ ਗਿਆ। ਪੰਜਾਬ ਭਾਜਪਾ ਇਸ ਦਾ ਸਵਾਗਤ ਕਰਦੀ ਹੈ। ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਸ਼੍ਰੀ ਮਲਕਾਰਜੁਨ ਖੜਗੇ ਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਸੀ। ਜ਼ਮੀਨ ਐਕਵਾਇਰ ਕਰਨ, ਟਰੱਸਟ ਬਣਾਉਣ ਅਤੇ ਜ਼ਮੀਨ ਨੂੰ ਟਰੱਸਟ ਦੇ ਨਾਂ ਕਰਵਾਉਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਡੀ ਕੋਸ਼ਿਸ਼ ਹੈ ਕਿ ਮਨਮੋਹਨ ਸਿੰਘ ਜੀ ਮੈਮੋਰੀਅਲ ਜਲਦੀ ਤੋਂ ਜਲਦੀ ਤਿਆਰ ਹੋਣਾ ਚਾਹੀਦਾ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਇਸ ਮੁੱਦੇ 'ਤੇ ਵੀ ਸਿਆਸਤ ਕਰ ਰਹੀ ਹੈ। ਡਾ: ਮਨਮੋਹਨ ਸਿੰਘ ਨਹਿਰੂ ਗਾਂਧੀ ਪਰਿਵਾਰ ਤੋਂ ਬਾਹਰੋਂ 10 ਸਾਲ ਪੂਰੇ ਕਰਨ ਵਾਲੇ ਪਹਿਲੇ ਕਾਂਗਰਸੀ ਪ੍ਰਧਾਨ ਮੰਤਰੀ ਸਨ । ਕਾਂਗਰਸ ਨੇ ਆਪਣੇ ਜੀਵਨ ਦੌਰਾਨ ਕਦੇ ਵੀ ਉਨ੍ਹਾਂ ਦਾ ਸਨਮਾਨ ਨਹੀਂ ਕੀਤਾ ਅਤੇ ਹੁਣ ਉਨ੍ਹਾਂ ਦੇ ਨਾਂ 'ਤੇ ਰਾਜਨੀਤੀ ਕਰ ਰਹੀ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਅਸੀਂ ਕਾਂਗਰਸ ਨੂੰ ਦੁਖ ਦੇ ਸਮੇਂ ਰਾਜਨੀਤੀ ਤੋਂ ਬਚਣ ਦੀ ਅਪੀਲ ਕਰਦੇ ਹਾਂ। ਕਾਂਗਰਸ ਨੇ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰਲੇ ਨੇਤਾਵਾਂ ਬਾਰੇ ਕਦੇ ਨਹੀਂ ਸੋਚਿਆ। ਜੇਕਰ ਕਾਂਗਰਸ ਦੇ ਵੱਡੇ ਨੇਤਾਵਾਂ ਸ਼੍ਰੀ ਮਦਨ ਮੋਹਨ ਮਾਲਵੀਆ, ਨਰਸਿਮਹਾ ਰਾਓ ਅਤੇ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣ ਦਾ ਕੰਮ ਕੀਤਾ ਗਿਆ ਸੀ ਤਾਂ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ। ਸਰਦਾਰ ਪਟੇਲ ਦੀ ਸਭ ਤੋਂ ਉੱਚੀ ਮੂਰਤੀ ਕਿਸਨੇ ਬਣਾਈ? ਪ੍ਰਧਾਨ ਮੰਤਰੀ ਨੇ ਮਿਊਜ਼ੀਅਮ ਬਣਾ ਕੇ ਸਾਰਿਆਂ ਦਾ ਸਨਮਾਨ ਕੀਤਾ। ਪੀਵੀ ਨਰਸਿਮਹਾ ਰਾਓ ਜੀ ਨਾਲ ਜੋ ਵੀ ਹੋਇਆ। ਇਸ ਨੂੰ ਕੌਣ ਭੁੱਲ ਸਕਦਾ ਹੈ? ਫਿਰ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਦੀ ਯਾਦ ਨੂੰ ਲੈ ਕੇ ਕਿਸੇ ਕਿਸਮ ਦੀ ਰਾਜਨੀਤੀ ਨਾ ਕੀਤੀ ਜਾਵੇ, ਅੰਤ ਵਿੱਚ ਸਰੀਨ ਨੇ ਆਪਣੀ ਗੱਲ ਸਮਾਪਤ ਕਰਦਿਆਂ ਕਿਹਾ।

ਬਰਫਬਾਰੀ ਕਾਰਨ ਸੜਕਾਂ ’ਤੇ ਗੱਡੀਆਂ ਦੀਆਂ ਲੱਗੀਆਂ ਲਾਈਨਾਂ

ਚੰਡੀਗੜ੍ਹ/ਬਿਊਰੋ ਨਿਊਜ਼ 

ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਵਿਚ ਬਰਫਬਾਰੀ ਹੋ ਰਹੀ ਹੈ। ਇਸਦੇ ਚੱਲਦਿਆਂ ਹਿਮਾਚਲ ਦਾ ਲਾਹੌਲ ਤੇ ਸਪਿਤੀ ਦਾ ਕੁਕੁਮਸੇਰੀ ਸਭ ਤੋਂ ਠੰਡਾ ਰਿਹਾ। ਇੱਥੇ ਰਾਤ ਦਾ ਤਾਪਮਾਨ ਮਾਈਨਸ 7 ਡਿਗਰੀ ਤੱਕ ਚਲਾ ਗਿਆ ਹੈ। ਹਿਮਾਚਲ ਵਿਚ ਬਰਫਬਾਰੀ ਦੇ ਚੱਲਦਿਆਂ ਤਿੰਨ ਨੈਸ਼ਨਲ ਹਾਈਵੇ ਸਣੇ 200 ਤੋਂ ਜ਼ਿਆਦਾ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ਿਮਲਾ ਵਿਚ ਸਭ ਤੋਂ ਜ਼ਿਆਦਾ 145 ਸੜਕਾਂ ਬੰਦ ਕੀਤੀਆਂ ਗਈਆਂ, ਜਦੋਂ ਕਿ ਕੁੱਲੂ ਵਿਚ 25 ਅਤੇ ਮੰਡੀ ਜ਼ਿਲ੍ਹੇ ਵਿਚ 20 ਸੜਕਾਂ ਬਰਫਬਾਰੀ ਕਰਕੇ ਬੰਦ ਕੀਤੀਆਂ ਗਈਆਂ ਹਨ। ਬਰਫਬਾਰੀ ਕਾਰਨ ਸੜਕਾਂ ’ਤੇ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਰਕੇ ਸੈਲਾਨੀਆਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਦਿੱਲੀ ਐਨ.ਸੀ.ਆਰ., ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਵੀ ਤਾਪਮਾਨ ਹੋਰ ਘੱਟ ਹੋ ਸਕਦਾ ਹੈ। ਇਸਦੇ ਚੱਲਦਿਆਂ ਕਈ ਸੂਬਿਆਂ ਵਿਚ ਕੋਹਰੇ ਦਾ ਵੀ ਅਲਰਟ ਕੀਤਾ ਗਿਆ ਹੈ। ਦਿੱਲੀ ਏਅਰਪੋਰਟ ਨੇ ਐਡਵਾਈਜਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੁਝ ਫਲਾਈਟਾਂ ਕੋਹਰੇ ਦੀ ਵਜ੍ਹਾ ਕਰਕੇ ਪ੍ਰਭਾਵਿਤ ਵੀ ਹੋ ਸਕਦੀਆਂ ਹਨ।

 

ਆਰਥਿਕਤਾ ਦੇ ਸਭ ਵੱਡੇ ਡਾਕਟਰ ਸਨ ਡਾ. ਮਨਮੋਹਨ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਸ਼ਨੀਵਾਰ ਕੀਤਾ ਜਾਵੇਗਾ। ਆਰਥਿਕਤਾ ਦੇ ਸਭ ਤੋਂ ਵੱਡੇ ਡਾਕਟਰ ਮੰਨੇ ਜਾਂਦੇ ਡਾ. ਮਨਮੋਹਨ ਸਿੰਘ ਦੀ ਉਮਰ 92 ਸਾਲ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਡਾ. ਮਨਮੋਹਨ ਸਿੰਘ 2004 ਵਿਚ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਬਣੇ ਸਨ ਅਤੇ ਉਨ੍ਹਾਂ ਨੇ ਮਈ 2014 ਤੱਕ ਇਸ ਅਹੁਦੇ ’ਤੇ ਦੋ ਕਾਰਜਕਾਲ ਪੂਰੇ ਕੀਤੇ। ਡਾ. ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ’ਤੇ ਕੇਂਦਰ ਸਰਕਾਰ ਨੇ 7 ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਡਾ. ਮਨਮੋਹਨ ਸਿੰਘ ਹੋਰਾਂ ਨੂੰ ਆਰਥਿਕਤਾ ਦੇ ਸਭ ਤੋਂ ਵੱਡੇ ਡਾਕਟਰ ਮੰਨਿਆ ਜਾਂਦਾ ਹੈ। ਡਾ. ਮਨਮੋਹਨ ਸਿੰਘ ਦੇ ਦਿਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।    

 

ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ

ਨਵੀਂ ਦਿੱਲੀ/ਬਿਊੁਰੋ ਨਿਊਜ਼

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ  ਸਬਜ਼ੀਆਂ ਦੇ ਭਾਅ ਜਾਣਨ ਲਈ ਨਵੀਂ ਦਿੱਲੀ ਦੀ ਇਕ ਸਬਜ਼ੀ ਮੰਡੀ ਵਿਚ ਪਹੁੰਚ ਗਏ। ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਸਵਾਲ ਚੁੱਕੇ ਹਨ। ਰਾਹੁਲ ਨੇ ਸਬਜ਼ੀ ਮੰਡੀ ਦੇ ਦੌਰੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਕਿ ਲਸਣ ਦੀ ਕੀਮਤ ਕਦੇ 40 ਰੁਪਏ ਸੀ, ਅੱਜ 400 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਨੇ ਆਮ ਆਦਮੀ ਦਾ ਰਸੋਈ ਬਜਟ ਵਿਗਾੜ ਦਿੱਤਾ ਹੈ ਅਤੇ ਸਰਕਾਰ ਕੁੰਭਕਰਨ ਵਾਂਗ ਸੌਂ ਰਹੀ ਹੈ।  ਇਸ ਮੌਕੇ ਰਾਹੁਲ ਨੇ ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰਾਂ ਅਤੇ ਸਬਜ਼ੀ ਖਰੀਦਣ ਲਈ ਪਹੁੰਚੇ ਗ੍ਰਾਹਕਾਂ ਨਾਲ ਗੱਲਬਾਤ ਵੀ ਕੀਤੀ। ਰਾਹੁਲ ਨੇ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਮੋਦੀ ਸਰਕਾਰ ਅਮੀਰਾਂ ਨੂੰ ਫਾਇਦਾ ਪਹੁੰਚਾ ਰਹੀ ਹੈ।  

 

ਜੰਮੂ ’ਚ ਤਲਾਬ ਜੰਮਿਆ ਅਤੇ ਪੰਜਾਬ ’ਚ ਵੀ ਠੰਡ ਹੋਰ ਵਧੀ

ਚੰਡੀਗੜ੍ਹ/ਬਿਊਰੋ ਨਿਊਜ਼

ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਦੇ ਕਾਰਨ ਕਈ ਸੜਕਾਂ ਬੰਦ ਹਨ। ਹਿਮਾਚਲ ਵਿਚ ਦੋ ਹਾਈਵੇ ਸਣੇ 24 ਸੜਕਾਂ ’ਤੇ ਲਗਾਤਾਰ ਤੀਜੇ ਦਿਨ ਵੀ ਬੱਸਾਂ ਦੀ ਆਵਾਜਾਈ ਬੰਦ ਰਹੀ। ਨੈਸ਼ਨਲ ਹਾਈਵੇ 305 ’ਤੇ ਕਰੀਬ 1 ਫੁੱਟ ਤੱਕ ਬਰਫ ਸੀ ਅਤੇ ਪ੍ਰਸ਼ਾਸਨ ਬਰਫ ਹਟਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਵਿਚ ਪੈ ਰਹੀ ਕੜਾਕੇ ਦੀ ਠੰਡ ਅਤੇ ਬਰਫਬਾਰੀ ਦੇ ਚੱਲਦਿਆਂ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੰਮੂ ਦੇ ਸੋਪੋਰ ਵਿਚ ਹਰਿਤਾਰਾ ਇਲਾਕੇ ਵਿਚ ਬਣਿਆ ਇਕ ਤਲਾਬ ਪੂੁਰੀ ਤਰ੍ਹਾਂ ਜੰਮ ਗਿਆ। ਉਧਰ ਦੂਜੇ ਪਾਸੇ ਉਤਰਾਖੰਡ ਵਿਚ ਵੀ ਜੋਸ਼ੀਮੱਠ ਅਤੇ ਪਿਥੌਰਾਗੜ੍ਹ ਵਿਚ ਬਰਫਬਾਰੀ ਕਾਰਨ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਬੰਦ ਹਨ। ਇਸਦੇ ਚੱਲਦਿਆਂ ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ’ਚ ਮੀਂਹ ਵੀ ਪਿਆ ਹੈ, ਜਿਸ ਕਾਰਨ ਠੰਡ ਨੇ ਹੋਰ ਜ਼ੋਰ ਫੜ ਲਿਆ ਹੈ।

 

ਸ਼ਿਮਲਾ ’ਚ ਸੜਕਾਂ ’ਤੇ ਜੰਮੀ 3-3 ਇੰਚ ਬਰਫ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤ ਦੇ 3 ਸੂਬਿਆਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਵਿਚ ਬਰਫਬਾਰੀ ਦਾ ਦੌਰ ਜਾਰੀ ਹੈ। ਬਰਫਬਾਰੀ ਦੇ ਚੱਲਦਿਆਂ ਹਿਮਾਚਲ ਵਿਚ ਦੋ ਨੈਸ਼ਨਲ ਹਾਈਵੇ ਸਣੇ 30 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ’ਚ ਸੀਜਨ ਦੀ ਦੂਜੀ ਬਰਫਬਾਰੀ ਹੋਈ ਹੈ, ਜਿਸ ਨਾਲ ਸੜਕਾਂ ’ਤੇ 3-3 ਇੰਚ ਬਰਫ ਦੀ ਪਰਤ ਜੰਮ ਗਈ। ਇਸ ਕਰਕੇ ਕਈ ਗੱਡੀਆਂ ਬਰਫ ਵਿਚ ਫਸ ਗਈਆਂ ਅਤੇ ਪੁਲਿਸ ਨੇ ਗੱਡੀਆਂ ਨੂੰ ਬਰਫ ਵਿਚੋਂ ਕੱਢਣ ਲਈ ਰੈਸਕਿਊ ਅਪਰੇਸ਼ਨ ਵੀ ਚਲਾਇਆ। ਉਤਰਾਖੰਡ ਵਿਚ ਵੀ ਤਾਜ਼ਾ ਬਰਫਬਾਰੀ ਹੋਈ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਠੰਡ ਵਧ ਗਈ ਹੈ। ਇਸਦੇ ਚੱਲਦਿਆਂ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਹਲਕਾ ਮੀਂਹ ਵੀ ਪਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.