Monday, 15 June 2026

ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਜਾਣਕਾਰੀ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕਾਫੀ ਦੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਅੰਮਿ੍ਰਤਸਰ ਸਥਿਤ ਮੁੱਖ ਦਫਤਰ ਵਿਖੇ ਜਾਰੀ ਰਹੀ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ਵਿਚ ਗਿਆਨੀ ਰਘਬੀਰ ਸਿੰਘ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦੇ ਮਾਮਲੇ ਬਾਰੇ ਕੋਈ ਅਹਿਮ ਫੈਸਲਾ ਲਏ ਜਾਣ ਦੀ ਚਰਚਾ ਸੀ। ਮੀਟਿੰਗ ਪਿੱਛੋਂ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਘਬੀਰ ਸਿੰਘ ਨੇ ਐਸਜੀਪੀਸੀ ਦੀ ਬਦਨਾਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਲਈ ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ ਹਨ।

 

 

 

 

ਮਖੂ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਦਿਆਂ ਇਸ ਨੂੰ ਕਿਸਾਨਾਂ ਲਈ ਇਤਿਹਾਸਕ ਤੋਹਫਾ ਦੱਸਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਹ ਇਤਿਹਾਸਕ ਕਦਮ ਸਿੱਧ ਹੋਵੇਗਾ। ਇਸ ਨਹਿਰ ਨੂੰ ਮਾਲਵਾ ਖੇਤਰ ਦੀ ਜੀਵਨ ਰੇਖਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸਿੰਚਾਈ ਸਮਰੱਥਾ ਵਧੀ ਹੈ ਜਿਸ ਨਾਲ ਪੰਜਾਬ ਦੇ ਖੇਤਾਂ ਵਿੱਚ ਨਹਿਰੀ ਪਾਣੀ ਦੀ ਪਹੁੰਚ ਹੋਰ ਵਧੇਗੀ। 180 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਇਸ ਨਹਿਰ ਦੀ ਸਮਰੱਥਾ ਵਿੱਚ 2681 ਕਿਊਸਿਕ ਦਾ ਵਾਧਾ ਹੋਇਆ ਹੈ ਜਿਸ ਨਾਲ ਇਸ ਦੀ ਸਮਰੱਥਾ 11,192 ਕਿਊਸਿਕ ਤੋਂ ਵਧ ਕੇ 13,873 ਕਿਊਸਿਕ ਹੋ ਗਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀਆਂ ਸਰਕਾਰਾਂ 74 ਸਾਲਾਂ ਤੱਕ ਨਹਿਰ ਦੀ ਸਮਰੱਥਾ ਵਧਾਉਣ ਜਾਂ ਕੰਕਰੀਟ ਲਾਈਨਿੰਗ ਕਰਨ ਵਿੱਚ ਅਸਫਲ ਰਹੀਆਂ, ਪਰ ਮੌਜੂਦਾ ਸਰਕਾਰ ਨੇ ਜ਼ਮੀਨੀ ਪੱਧਰ 'ਤੇ ਵੱਡੇ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਪੰਜਾਬ ਦੇ ਖੇਤਾਂ ਤੱਕ ਸਿਰਫ਼ 21 ਨਹਿਰੀ ਪਾਣੀ ਪਹੁੰਚਦਾ ਸੀ, ਜਦੋਂ ਕਿ ਅੱਜ ਇਹ 68 ਫੀਸਦੀ ਤੱਕ ਪਹੁੰਚ ਗਿਆ ਹੈ, ਜਿਸ ਨਾਲ ਸੂਬੇ ਭਰ ਵਿੱਚ ਸਿੰਚਾਈ ਵਿਵਸਥਾ ਵਿੱਚ ਕ੍ਰਾਂਤੀਕਾਰੀ ਸੁਧਾਰ ਹੋਇਆ ਹੈ।
ਮੁੱਖ ਮੰਤਰੀ ਨੇ ਅੱਜ ਮੁੜ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹਨ ਅਤੇ ਕਿਸੇ ਹੋਰ ਸੂਬੇ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਪਾਣੀ ਦੂਜੇ ਸੂਬਿਆਂ ਨੂੰ ਦੇਣ ਲਈ ਸਮਝੌਤਿਆਂ 'ਤੇ ਦਸਤਖਤ ਕਰਕੇ ਪੰਜਾਬ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਪਾਰਟੀ ਨੂੰ ਕਮੇਟੀ ਬਣਾਉਣ ਲਈ 11 ਮੈਂਬਰ ਨਹੀਂ ਮਿਲ ਰਹੇ, ਉਹ ਪੰਜਾਬ ਵਿੱਚ 117 ਸੀਟਾਂ ਜਿੱਤਣ ਦਾ ਸੁਪਨਾ ਦੇਖ ਰਹੀ ਹੈ।
ਇਸ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅੱਜ ਪੰਜਾਬ ਦੇ ਲੋਕਾਂ ਲਈ ਖਾਸ ਕਰਕੇ ਮਾਲਵਾ ਖੇਤਰ ਲਈ ਇਤਿਹਾਸਕ ਅਤੇ ਖੁਸ਼ੀ ਭਰਿਆ ਦਿਨ ਹੈ। ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਦੀ ਜੀਵਨ ਰੇਖਾ ਮੰਨੀ ਜਾਂਦੀ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ (ਰੀਲਾਈਨਿੰਗ) ਦੇ ਪਹਿਲੇ ਪੜਾਅ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ, "ਨਵੀਨੀਕਰਨ ਨਾਲ ਇਹ ਨਹਿਰ ਮਨੁੱਖਾਂ, ਪਸ਼ੂਆਂ ਅਤੇ ਖੇਤੀਬਾੜੀ ਖੇਤਰ, ਸਭ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਕੇ ਵਰਦਾਨ ਸਾਬਤ ਹੋਵੇਗੀ।"
ਮੁੱਖ ਮੰਤਰੀ ਨੇ ਕਿਹਾ, “ਪਹਿਲੇ ਪੜਾਅ 'ਤੇ 180 ਕਰੋੜ ਰੁਪਏ ਦਾ ਖਰਚਾ ਆਇਆ ਹੈ। ਮੈਂ ਇੰਜੀਨੀਅਰਾਂ, ਸਰਕਾਰੀ ਅਧਿਕਾਰੀਆਂ ਅਤੇ ਕਾਮਿਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ 35 ਦਿਨਾਂ ਦੇ ਅੰਦਰ 15 ਕਿਲੋਮੀਟਰ ਨਹਿਰ ਦੀ ਲਾਈਨਿੰਗ ਨੂੰ ਜੰਗੀ ਪੱਧਰ 'ਤੇ ਪੂਰਾ ਕੀਤਾ।” ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਕੁੱਲ 126 ਸਰਕਾਰੀ ਮੁਲਾਜ਼ਮ ਅਤੇ 4,000 ਕਾਮੇ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਕਿਹਾ, “ਪਹਿਲੇ ਪੜਾਅ ਦੇ ਉਦਘਾਟਨ ਦੇ ਨਾਲ ਨਹਿਰ ਦੀ ਸਮਰੱਥਾ 2,681 ਕਿਊਸਿਕ ਵਧ ਗਈ ਹੈ। ਪਹਿਲਾਂ, ਨਹਿਰ ਦੀ ਸਮਰੱਥਾ 11,192 ਕਿਊਸਿਕ ਸੀ, ਜੋ ਹੁਣ ਵਧ ਕੇ 13,873 ਕਿਊਸਿਕ ਹੋ ਗਈ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਨਹਿਰ ਦੀ ਡੂੰਘਾਈ 18 ਫੁੱਟ ਤੋਂ ਵਧ ਕੇ 21 ਫੁੱਟ ਹੋ ਗਈ ਹੈ ਅਤੇ ਨਹਿਰ ਦੀ ਚੌੜਾਈ 163 ਫੁੱਟ ਤੋਂ ਵਧ ਕੇ 180 ਫੁੱਟ ਹੋ ਗਈ ਹੈ।” ਹਰੀਕੇ ਹੈੱਡਵਰਕਸ ਤੋਂ ਸ਼ੁਰੂ ਹੋਈ ਇਹ ਨਹਿਰ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਚਾਰ ਜ਼ਿਲ੍ਹਿਆਂ ਦੇ ਅਧੀਨ ਆਉਂਦੇ ਖੇਤਰਾਂ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਕਰਦੀ ਹੈ। “ਇਸ ਨਹਿਰ ਦੇ ਨਵੀਨੀਕਰਨ ਨਾਲ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ 14 ਬਲਾਕਾਂ ਗਿੱਦੜਬਾਹਾ, ਮਖੂ, ਮਮਦੋਟ, ਬੱਲੂਆਣਾ, ਜਲਾਲਾਬਾਦ, ਗੁਰੂ ਹਰ ਸਹਾਏ, ਅਰਨੀਵਾਲਾ, ਖੂਈਆਂ ਸਰਵਰ, ਲੰਬੀ, ਮਲੋਟ, ਫਾਜ਼ਿਲਕਾ, ਮੁਕਤਸਰ ਅਤੇ ਫਿਰੋਜ਼ਪੁਰ ਨੂੰ ਸਿੱਧਾ ਲਾਭ ਹੋਵੇਗਾ।”
ਮੁੱਖ ਮੰਤਰੀ ਨੇ ਕਿਹਾ, “ਇਸ ਨਹਿਰ ਦੀ ਰੀਲਾਈਨਿੰਗ ਨਾਲ 6,45,200 ਹੈਕਟੇਅਰ ਰਕਬੇ ਨੂੰ ਸਿੰਚਾਈ ਦਾ ਪਾਣੀ ਮਿਲੇਗਾ। ਹੁਣ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਰਹੱਦੀ ਖੇਤਰਾਂ ਖਾਸ ਕਰਕੇ ਫਾਜ਼ਿਲਕਾ ਅਤੇ ਜਲਾਲਾਬਾਦ ਨੂੰ ਫਿਰੋਜ਼ਪੁਰ ਫੀਡਰ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।” ਉਨ੍ਹਾਂ ਦੱਸਿਆ ਕਿ ਪਹਿਲਾਂ ਹੁਸੈਨੀਵਾਲਾ ਹੈੱਡਵਰਕਸ ਤੋਂ ਫੀਡਰ ਰਾਹੀਂ ਪਾਕਿਸਤਾਨ ਨੂੰ ਪਾਣੀ ਜਾਂਦਾ ਹੈ ਅਤੇ ਦੂਸ਼ਿਤ ਪਾਣੀ ਪਾਕਿਸਤਾਨ ਦੇ ਕਸੂਰ ਸ਼ਹਿਰ ਨੇੜੇ ਵਗਦੇ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ, ਜੋ ਦੇਸ਼ ਵਿੱਚ ਦੁਬਾਰਾ ਦਾਖਲ ਹੁੰਦਾ ਹੈ। ਉਨ੍ਹਾਂ ਕਿਹਾ ਕਿ “ਸਰਹੱਦੀ ਪਿੰਡਾਂ ਨੂੰ ਦੂਸ਼ਿਤ ਪਾਣੀ ਮਿਲਦਾ ਹੈ ਪਰ ਹੁਣ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਅਤੇ ਪਿੰਡਾਂ ਨੂੰ ਸਾਫ਼ ਪਾਣੀ ਸਪਲਾਈ ਕਰਨ ਲਈ ਵਾਟਰ ਰੀਚਾਰਜ ਸਿਸਟਮ ਸ਼ੁਰੂ ਕੀਤਾ ਗਿਆ ਹੈ।”
ਨਹਿਰਾਂ ਦੇ ਨਵੀਨੀਕਰਨ ਲਈ ਪਹਿਲੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੇ ਸਾਲ, ਸਰਹਿੰਦ ਫੀਡਰ ਦੀ ਲਾਈਨਿੰਗ ਦਾ ਕੰਮ, ਜੋ ਕਿ ਫਿਰੋਜ਼ਪੁਰ ਫੀਡਰ ਸਿਸਟਮ ਦਾ ਹੀ ਹਿੱਸਾ ਹੈ, ਪੂਰਾ ਹੋ ਗਿਆ ਸੀ। ਫਿਰੋਜ਼ਪੁਰ ਫੀਡਰ ਦੀ ਰੀਲਾਈਨਿੰਗ ਨਾਲ, ਸਰਹਿੰਦ ਫੀਡਰ ਦੀ ਸਮਰੱਥਾ ਵਧੇਗੀ, ਜਿਸ ਨਾਲ ਪਾਣੀ ਦੀ ਕਮੀ ਦਾ ਮਸਲਾ ਸਥਾਈ ਤੌਰ 'ਤੇ ਹੱਲ ਹੋ ਜਾਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਫਿਰੋਜ਼ਪੁਰ ਫੀਡਰ ਨਹਿਰ 1952 ਵਿੱਚ ਬਣਾਈ ਗਈ ਸੀ ਅਤੇ ਪਿਛਲੇ 74 ਸਾਲਾਂ ਵਿੱਚ ਪਿਛਲੀਆਂ ਸਰਕਾਰਾਂ ਨੇ ਇਸ ਦੀ ਸਮਰੱਥਾ ਵਧਾਉਣ ਜਾਂ ਕੰਕਰੀਟ ਲਾਈਨਿੰਗ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।
ਮੁੱਖ ਮੰਤਰੀ ਨੇ ਕਿਹਾ, “ਨਹਿਰ ਦਾ ਮੌਜੂਦਾ ਢਾਂਚਾ ਵੇਲਾ ਵਿਹਾਅ ਗਿਆ ਸੀ, ਜਿਸ ਕਾਰਨ ਸਾਉਣੀ ਦੇ ਸੀਜ਼ਨ ਦੌਰਾਨ ਲਗਭਗ 1,000 ਕਿਊਸਿਕ ਪਾਣੀ ਦੀ ਥੁੜ੍ਹ ਹੋ ਜਾਂਦੀ ਸੀ ਅਤੇ ਨਹਿਰਾਂ ਨੂੰ ਰੋਟੇਸ਼ਨਲ ਆਧਾਰ 'ਤੇ ਚਲਾਉਣਾ ਪੈਂਦਾ ਸੀ। ਨਹਿਰ ਦੇ ਨਵੀਨੀਕਰਨ ਦਾ ਇਹ ਪ੍ਰੋਜੈਕਟ ਮਾਲਵਾ ਖੇਤਰ ਦੇ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਨੇ ਨਹਿਰੀ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ 6,500 ਕਰੋੜ ਖਰਚ ਕੀਤੇ ਹਨ ਅਤੇ ਪਹਿਲੀ ਵਾਰ ਸੂਬੇ ਦੇ 1365 ਪਿੰਡਾਂ ਨੂੰ ਨਹਿਰੀ ਪਾਣੀ ਮਿਲਿਆ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ 'ਆਪ' ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਸੂਬੇ ਵਿੱਚ ਸਿੰਚਾਈ ਲਈ ਸਿਰਫ 21 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਸੀ। “ਅੱਜ, ਨਹਿਰੀ ਪਾਣੀ ਦਾ 68 ਫੀਸਦੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਤੱਕ ਇਸ ਨੂੰ 85 ਫੀਸਦੀ ਤੱਕ ਵਧਾ ਦਿੱਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਟੇਲਾਂ 'ਤੇ ਪਾਣੀ ਪਹੁੰਚਾਉਣ ਲਈ 6,900 ਕਿਲੋਮੀਟਰ ਲੰਮੇ 18,349 ਖਾਲਿਆਂ ਨੂੰ ਬਹਾਲ ਕੀਤਾ ਗਿਆ।
ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਜਿਨ੍ਹਾਂ ਲੀਡਰਾਂ ਦੇ ਘਰਾਂ ਤੱਕ ਨਹਿਰਾਂ ਖਤਮ ਹੋ ਜਾਂਦੀਆਂ ਸਨ, ਉਨ੍ਹਾਂ ਨੇ ਕਦੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ। ਅਜਿਹੇ ਫੈਸਲੇ ਸਿਰਫ਼ ਉਹ ਆਗੂ ਹੀ ਲੈ ਸਕਦੇ ਹਨ ਜੋ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਹੋਣ, ਨਾ ਕਿ ਉਹ ਜਿਹੜੇ ਪਹਾੜਾਂ 'ਤੇ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਹੋਣ।" ਉਨ੍ਹਾਂ ਅੱਗੇ ਕਿਹਾ, "ਇਹ ਰਵਾਇਤੀ ਸਿਆਸੀ ਪਾਰਟੀਆਂ ਗੱਦਾਰ ਸਨ ਜੋ ਕਦੇ ਵੀ ਸੂਬੇ ਅਤੇ ਇਸ ਦੇ ਲੋਕਾਂ ਪ੍ਰਤੀ ਵਫ਼ਾਦਾਰ ਨਹੀਂ ਰਹੀਆਂ।"
ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ, "ਜਿਨ੍ਹਾਂ ਲੋਕਾਂ ਨੇ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ.) ਨਹਿਰ ਦੇ ਸਮਝੌਤੇ 'ਤੇ ਦਸਤਖਤ ਕੀਤੇ ਸਨ ਅਤੇ ਇਸ ਦੇ ਸਰਵੇਖਣ ਦੀ ਇਜਾਜ਼ਤ ਦਿੱਤੀ ਸੀ, ਉਨ੍ਹਾਂ ਦੇ ਹਰਿਆਣਾ ਵਿੱਚ ਵੱਡੇ ਰਿਜ਼ੋਰਟ ਹਨ, ਜਦੋਂ ਕਿ ਦੂਜਾ ਜਿਸ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਟੱਕ ਲਾਉਣ ਲਈ ਚਾਂਦੀ ਦੀ ਕਹੀ ਪੇਸ਼ ਕੀਤੀ ਸੀ, ਅੱਜ ਉਹ ਆਪਣੇ ਆਪ ਨੂੰ 'ਪਾਣੀ ਦਾ ਰਾਖਾ' ਕਹਾਉਂਦੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਨਿੱਜੀ ਰਾਜਨੀਤਿਕ ਹਿੱਤਾਂ ਲਈ ਸੂਬੇ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸੇ ਕਰਕੇ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਾਕਾਰ ਦਿੱਤਾ।"
ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' 'ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ, "ਇਸ ਡਰਾਮੇ ਦਾ ਅਸਲੀ ਨਾਮ 'ਪਰਿਵਾਰ ਬਚਾਓ ਯਾਤਰਾ' ਹੈ। 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ, ਇਹ ਸੂਬੇ ਨੂੰ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ?"
ਸਰਹੱਦੀ ਇਲਾਕੇ ਦੇ ਵਸਨੀਕਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੇ ਵਸਨੀਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜੋ ਦੇਸ਼ ਦੇ ਸੱਚੇ ਦੇਸ਼ ਭਗਤ ਹਨ।"
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਸਰਹੱਦੀ ਵਾੜ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤਬਦੀਲ ਕਰਨ ਲਈ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਵਾੜ ਤੋਂ ਪਰੇ ਫਸੇ ਹਜ਼ਾਰਾਂ ਏਕੜ ਖੇਤਾਂ ‘ਤੇ ਬੇਰੋਕ ਖੇਤੀ ਲਈ ਰਾਹ ਪੱਧਰਾ ਹੋ ਜਾਵੇਗਾ। ਉਨ੍ਹਾਂ ਕਿਹਾ, "ਕਿਸਾਨਾਂ ਨੂੰ ਲੰਬੇ ਸਮੇਂ ਤੋਂ ਪਛਾਣ ਪੱਤਰ ਦਿਖਾ ਕੇ ਬੀਐਸਐਫ ਦੀ ਸੁਰੱਖਿਆ ਹੇਠ ਆਪਣੇ ਖੇਤਾਂ ਤੱਕ ਪਹੁੰਚਣ ਲਈ ਵਾੜ ਪਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ 532 ਕਿਲੋਮੀਟਰ ਭਾਰਤ-ਪਾਕਿ ਸਰਹੱਦ 'ਤੇ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਇਹ ਵਾੜ ਪੰਜਾਬ ਦੇ ਖੇਤਰ ਵਿੱਚ ਬਹੁਤ ਅੰਦਰ ਲਗਾਈ ਗਈ ਹੈ।"
ਪਾਣੀ ਦੀ ਵੰਡ ਸਬੰਧੀ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ, "ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਹੈ ਅਤੇ ਕਿਸੇ ਨੂੰ ਵੀ ਸੂਬੇ ਤੋਂ ਇੱਕ ਬੂੰਦ ਵੀ ਪਾਣੀ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।" ਉਨ੍ਹਾਂ ਅੱਗੇ ਕਿਹਾ, "ਸਤਲੁਜ ਯਮੁਨਾ ਲਿੰਕ ਦੇ ਮੁੱਦੇ ਸਿਰਫ਼ ਯਮੁਨਾ ਸਤਲੁਜ ਲਿੰਕ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ, ਜੋ ਯਮੁਨਾ ਦੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਨੂੰ ਯਕੀਨੀ ਬਣਾਏਗਾ। ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਹੈ ਅਤੇ ਪਾਣੀ ਦੇਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸੂਬੇ ਕੋਲ ਆਪਣਾ ਦਰਿਆਈ ਪਾਣੀ ਹੋਣ ਦੇ ਬਾਵਜੂਦ ਪੰਜਾਬ ਪਾਣੀ ਸਬੰਧੀ ਆਪਣੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਸੂਬਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਭਗ 60 ਫ਼ੀਸਦ ਪਾਣੀ ਦਿੰਦਾ ਹੈ ਜਿਨ੍ਹਾਂ ਵਿੱਚੋਂ ਰਾਵੀ-ਬਿਆਸ ਅਤੇ ਸਤਲੁਜ ਦਰਿਆ ਨਹੀਂ ਲੰਘਦੇ। ਪੰਜਾਬ ਦੇ ਦਰਿਆਵਾਂ ਦਾ ਪਾਣੀ ਭਾਈਵਾਲ ਸੂਬਿਆਂ ਵਿੱਚ ਸਾਂਝਾ ਕੀਤਾ ਜਾਂਦਾ ਹੈ, ਜਦੋਂ ਕਿ ਹੜ੍ਹਾਂ ਨਾਲ ਸਬੰਧਤ ਨੁਕਸਾਨ ਸਿਰਫ਼ ਪੰਜਾਬ ਨੂੰ ਹੀ ਝੱਲਣਾ ਪੈਂਦਾ ਹੈ ਅਤੇ ਭਾਰੀ ਸਾਲਾਨਾ ਵਿੱਤੀ ਬੋਝ ਚੁੱਕਣਾ ਪੈਂਦਾ ਹੈ।" ਉਨ੍ਹਾਂ ਕਿਹਾ, "ਸੂਬੇ ਅਤੇ ਇਸ ਦੇ ਲੋਕਾਂ ਦੇ ਹਿੱਤ ਸਭ ਤੋਂ ਉੱਪਰ ਹੈ ਅਤੇ ਇਸ ਸਬੰਧ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।"
ਅਕਾਲੀ ਲੀਡਰਸ਼ਿਪ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ, "ਜਿਨ੍ਹਾਂ ਨੂੰ ਆਪਣੀ ਪਾਰਟੀ ਦੀ ਕਮੇਟੀ ਬਣਾਉਣ ਲਈ 11 ਮੈਂਬਰ ਵੀ ਨਹੀਂ ਮਿਲ ਰਹੇ, ਉਹ ਸੂਬੇ ਵਿੱਚ 117 ਸੀਟਾਂ ਜਿੱਤਣ ਦੇ ਸੁਪਨੇ ਦੇਖ ਰਹੇ ਹਨ।" ਉਨ੍ਹਾਂ ਅੱਗੇ ਕਿਹਾ, "ਇਨ੍ਹਾਂ ਆਗੂਆਂ ਨੇ ਸੂਬੇ ਵਿੱਚ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਸੀ ਅਤੇ ਨਸ਼ਾ ਤਸਕਰਾਂ ਨੂੰ ਬਚਾ ਕੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ। ਅੱਜ ਵੀ, ਉਹ ਗੈਂਗਸਟਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਤਰਨ ਤਾਰਨ ਉਪ ਚੋਣਾਂ ਦੌਰਾਨ ਪਾਰਟੀ ਦੀ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਗਿਆ ਸੀ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਕਾਲੀ ਦਲ ਸਿਆਸੀ ਤੌਰ 'ਤੇ ਨਾਕਾਰਾ ਆਗੂਆਂ ਦੀ ਪਾਰਟੀ ਹੈ ਜਿਨ੍ਹਾਂ ਨੂੰ ਵਾਰ-ਵਾਰ ਲੋਕਾਂ ਵੱਲੋਂ ਨਕਾਰਿਆ ਗਿਆ ਹੈ। ਉਹ ਧਰਮ ਦੀ ਦੁਰਵਰਤੋਂ ਕਰ ਸਕਦੇ ਹਨ ਪਰ ਲੋਕ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਕਦੇ ਮੁਆਫ਼ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਦੁਬਾਰਾ ਸਬਕ ਸਿਖਾਉਣਗੇ।” ਉਨ੍ਹਾਂ ਅੱਗੇ ਕਿਹਾ, “ਲੋਕਾਂ ਨੇ ਉਨ੍ਹਾਂ ਨੂੰ ਵਾਰ-ਵਾਰ ਚੁਣਿਆ ਸੀ ਪਰ ਉਨ੍ਹਾਂ ਨੇ ਸੂਬੇ ਦੀ ਪਿੱਠ ਵਿੱਚ ਛੁਰਾ ਮਾਰਿਆ। ਉਨ੍ਹਾਂ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।”
ਉਨ੍ਹਾਂ ਕਿਹਾ, "ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਸਧਾਰਨ ਘਰ ਦਾ ਪੁੱਤਰ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਿਹਾ ਹੈ।" ਉਨ੍ਹਾਂ ਕਿਹਾ ਕਿ ਲੋਕਾਂ ਦਾ ਅਜਿਹੀਆਂ ਪਾਰਟੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਕਿਹਾ, "ਪਿਛਲੀਆਂ ਸਰਕਾਰਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਬਜਾਏ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਵਧੇਰੇ ਚਿੰਤਾ ਦਿਖਾਈ ਅਤੇ ਇਸੇ ਲਈ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ। ਉਹ ਸਵੇਰੇ-ਸਵੇਰੇ ਹੀ ਮੇਰੇ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਮੈਂ ਲੋਕਾਂ ਦੇ ਸਾਹਮਣੇ ਉਨ੍ਹਾਂ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ।"
ਇਕ ਹੋਰ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕਾਂਗਰਸ ਅਤੇ ਅਕਾਲੀਆਂ ਦਾ ਸਿਰਫ਼ ਚਾਰ ਸੂਤਰੀ ਏਜੰਡਾ ਹੈ ਜਿਸ ਤਹਿਤ ਉਹ ਆਪਣੇ ਪੁੱਤ-ਭਤੀਜਾ ਅਤੇ ਸਾਲਾ-ਜੀਜਾ ਦੀ ਭਲਾਈ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਨ।’’”
ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ, “ਆਪ ਸਰਕਾਰ ਲੋਕਾਂ ਦੀ ਭਲਾਈ ਲਈ ਸਰਕਾਰੀ ਖਜ਼ਾਨੇ ਦੇ ਇੱਕ-ਇੱਕ ਪੈਸੇ ਦੀ ਪੂਰੀ ਜ਼ਿੰਮੇਵਾਰੀ ਨਾਲ ਸੁਚੱਜੀ ਵਰਤੋਂ ਕਰ ਰਹੀ ਹੈ। 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਵੀ ਬਿਜਲੀ ਮਿਲ ਰਹੀ ਹੈ, ਜੋ ਨਿਵੇਕਲੀ ਮਿਸਾਲ ਹੈ।”
ਉਨ੍ਹਾਂ ਅੱਗੇ ਕਿਹਾ ਕਿ ਇੱਕ ਅਜਿਹੇ ਸਮੇਂ ਜਦੋਂ ਦੇਸ਼ ਦੀਆਂ ਜਾਇਦਾਦਾਂ ਕੇਂਦਰ ਸਰਕਾਰ ਵੱਲੋਂ ਆਪਣੇ ਰਸੂਖ਼ਦਾਰ ਕਰੀਬੀਆਂ ਜਾਂ ਦੋਸਤਾਂ ਨੂੰ ਨਿਗੂਣੀਆਂ ਕੀਮਤਾਂ ‘ਤੇ ਵੰਡੀਆਂ ਜਾ ਰਹੀਆਂ ਹਨ, ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਇਤਿਹਾਸ ਰਚਿਆ ਹੈ।”
ਸਿਹਤ ਸੰਭਾਲ ਸੁਧਾਰਾਂ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, “ਮੁਫ਼ਤ ਸਿਹਤ ਸੰਭਾਲ ਪ੍ਰਦਾਨ ਕਰਨ ਲਈ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਲੇਠੀ ਯੋਜਨਾ ਹੈ, ਜੋ ਪੰਜਾਬ ਵਿੱਚ ਵਸਦੇ ਹਰੇਕ ਪਰਿਵਾਰ ਲਈ 10 ਲੱਖ ਤੱਕ ਦਾ ਨਕਦ ਰਹਿਤ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ, ਭਾਰਤ ਦਾ ਪਹਿਲਾ ਸੂਬਾ ਹੈ, ਜਿਸ ਨੇ ਅਜਿਹੀ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕੀਤੀ ਹੈ, ਜਿਸ ਨਾਲ ਲੋਕਾਂ ’ਤੇ ਵਿੱਤੀ ਬੋਝ ਕਾਫ਼ੀ ਹੱਦ ਤੱਕ ਘਟਿਆ ਹੈ ਅਤੇ ਨਾਲ ਹੀ ਮਿਆਰੀ ਸੇਵਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਇਤਿਹਾਸਕ ਕਦਮ ਦਾ ਉਦੇਸ਼ ਸਾਰੇ ਪਰਿਵਾਰਾਂ ਨੂੰ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ।”
ਉਨ੍ਹਾਂ ਅੱਗੇ ਕਿਹਾ ਕਿ 63,000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਦੇ ਦਿੱਤੀਆਂ ਗਈਆਂ ਹਨ।
ਨਸ਼ਿਆਂ ਵਿਰੁੱਧ ਲੜਾਈ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਡਰੱਗ ਮਾਫੀਆ ਨੂੰ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਸਰਪ੍ਰਸਤੀ ਦਿੱਤੀ ਜਾਂਦੀ ਸੀ, ਪਰ ਸਾਡੀ ਸਰਕਾਰ ਨੇ ਨਸ਼ਿਆਂ ਵਿਰੁੱਧ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਲਾਹਨਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਸੁਚੱਜੀ ਯੋਜਨਾਬੰਦੀ ਕੀਤੀ ਗਈ ਹੈ ਅਤੇ ਜੰਗ ਪੂਰੀ ਤਰ੍ਹਾਂ ਸ਼ੁਰੂ ਹੋ ਗਈ ਹੈ। ਨਸ਼ਿਆਂ ਦੀ ਸਪਲਾਈ ਨੂੰ ਤੋੜਨ ਤੋਂ ਇਲਾਵਾ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ।”’’
ਭਾਈਚਾਰਕ ਸ਼ਮੂਲੀਅਤ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਲੋਕਾਂ ਦੇ ਸਰਗਰਮ ਸਹਿਯੋਗ ਨਾਲ ਇਸ ਮੁਹਿੰਮ ਨੂੰ ਲੋਕ-ਲਹਿਰ ਬਣਾਉਣ ਦੀ ਲੋੜ ਹੈ। ਉਹ ਦਿਨ ਦੂਰ ਨਹੀਂ ਜਦੋਂ, ਭਾਈਚਾਰਕ ਸ਼ਮੂਲੀਅਤ ਨਾਲ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ।” ਉਨ੍ਹਾਂ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਪੰਜਾਬ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ।

ਕੁਦਰਤੀ ਤਰੀਕੇ ਨਾਲ ਕਰਵਾਉਣਗੇ ਸਿਹਤ ਸਬੰਧੀ ਆਪਣਾ ਇਲਾਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਹਫਤੇ ਲਈ ਬੈਂਗਲੁਰੂ ਦੇ ਨਿੱਜੀ ਨੇਚਰ ਕੇਅਰ ਸੈਂਟਰ ਚਲੇ ਗਏ ਹਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੀਐਮ ਮਾਨ ਕੁਦਰਤੀ ਤਰੀਕੇ ਨਾਲ ਆਪਣੀ ਸਿਹਤ ਸਬੰਧੀ ਟਰੀਟਮੈਂਟ ਲੈਣਗੇ। ਜ਼ਿਕਰਯੋਗ ਹੈ ਕਿ ਮਹਾਂ ਸ਼ਿਵਰਾਤਰੀ ਵਾਲੇ ਦਿਨ ਸੀਐਮ ਮਾਨ ਸੰਗਰੂਰ ਪਹੰੁਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਇਸਦੇ ਚੱਲਦਿਆਂ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਿਚੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲਿਆ ਸੀ। ਲੰਘੇ ਕੱਲ੍ਹ ਵੀ ਉਨ੍ਹਾਂ ਨੇ ਜਲੰਧਰ ਅਤੇ ਫਿਰੋਜ਼ਪੁਰ ਵਿਚ ਪਾਰਟੀ ਦੇ ਸਮਾਗਮਾਂ ਨੂੰ ਸੰਬੋਧਨ ਕੀਤਾ ਅਤੇ ਇਸ ਤੋਂ ਬਾਅਦ ਉਹ ਬੈਂਗਲੁਰੂ ਚਲੇ ਗਏ ਹਨ। ਇਸੇ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸੀਐਮ ਮਾਨ ’ਤੇ ਤਨਜ਼ ਕੱਸਣੇ ਸ਼ੁਰੂ ਕਰ ਦਿੱਤੇ ਹਨ।

ਚੰਡੀਗੜ੍ਹ 25 ਫਰਵਰੀ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੁਲਿਸ ਚੌਕੀ ਕੈਲਾਸ਼ ਚੌਕ, ਲੁਧਿਆਣਾ ਦੇ ਇੰਚਾਰਜ ਵਜੋਂ ਤਾਇਨਾਤ ਸਹਾਇਕ ਸਬ-ਇੰਸਪੈਕਟਰ ਜਨਕ ਰਾਜ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ, ਸਟੇਟ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਸਿਵਲ ਲਾਈਨ, ਲੁਧਿਆਣਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਭਰਾ ਨੂੰ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਵਿੱਚ ਮੁਲਜ਼ਮ ਏਐਸਆਈ ਜਾਂਚ ਅਧਿਕਾਰੀ ਸੀ। ਇਸ ਸਬੰਧੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਥਾਣੇ ਵਿੱਚ ਆਪਣੇ ਭਰਾ ਨੂੰ ਮਿਲਣ ਗਿਆ ਤਾਂ ਮੁਲਜ਼ਮ ਏਐਸਆਈ ਨੇ ਉਸਦੇ ਗ੍ਰਿਫ਼ਤਾਰ ਭਰਾ ਨੂੰ ਮਿਲਣ ਬਦਲੇ ਮੌਕੇ 'ਤੇ ਹੀ ਉਸ ਕੋਲੋਂ 10,000 ਰੁਪਏ ਰਿਸ਼ਵਤ ਲਈ।

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਏਐਸਆਈ ਨੇ ਸ਼ਿਕਾਇਤਕਰਤਾ ਦੇ ਭਰਾ ਨੂੰ ਹੋਰ ਪੁਲਿਸ ਰਿਮਾਂਡ ‘ਤੇ ਨਾ ਰੱਖਣ ਬਦਲੇ ਐਸਐਚਓ ਲਈ ਦੋ ਲੱਖ ਰੁਪਏ ਅਤੇ ਆਪਣੇ ਲਈ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ, ਲੁਧਿਆਣਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ 'ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਏਐਸਆਈ ਜਨਕ ਰਾਜ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧੀ, ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ  ਦੇ ਪੁਲਿਸ ਸਟੇਸ਼ਨ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਜਾਂਚ ਟੀਮ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਰਨਗੇ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਨੂੰ ਤੇਜ਼ ਅਤੇ ਨਿਰਪੱਖ ਢੰਗ ਨਾਲ ਅੱਗੇ ਵਧਾਉਣ ਲਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਇਸ ਸੰਬੰਧੀ ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਪਹਿਲਾਂ ਦਰਜ ਮਾਮਲੇ ਦੀ ਜਾਂਚ ਹੁਣ ਨਵੀਂ ਟੀਮ ਦੇ ਹਵਾਲੇ ਕਰ ਦਿੱਤੀ ਗਈ ਹੈ। ਨਵੇਂ ਜਾਰੀ ਹੁਕਮਾਂ ਅਨੁਸਾਰ ਇਸ ਤੋਂ ਪਹਿਲਾਂ ਬਣਾਈਆਂ ਗਈਆਂ ਤਿੰਨ ਟੀਮਾਂ ਦੇ ਆਦੇਸ਼ ਰੱਦ ਕਰਦੇ ਹੋਏ ਤਾਜ਼ਾ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੀਤੀ ਜਾਵੇਗੀ। ਐਸ.ਆਈ.ਟੀ. ਦੇ ਚੇਅਰਮੈਨ ਵਜੋਂ ਨਾਨਕ ਸਿੰਘ (ਆਈ.ਪੀ.ਐਸ.) ਦੀ ਨਿਯੁਕਤੀ ਕੀਤੀ ਗਈ ਹੈ।

ਚੰਡੀਗੜ੍ਹ, 25 ਫਰਵਰੀ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ 0 ਤੋਂ 6 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਢੁਕਵੇਂ ਅਤੇ ਦੂਰਗਾਮੀ ਕਦਮ ਚੁੱਕ ਰਹੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੀਆਂ ਕੁੱਲ 6110 ਅਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ  ਮੰਤਰੀ ਨੇ ਦੱਸਿਆ ਕਿ ਕੁੱਲ 6110 ਅਸਾਮੀਆਂ ਵਿੱਚੋਂ 1316 ਅਸਾਮੀਆਂ ਆਂਗਨਵਾੜੀ ਵਰਕਰਾਂ ਅਤੇ 4794 ਅਸਾਮੀਆਂ ਆਂਗਨਵਾੜੀ ਹੈਲਪਰਾਂ ਦੀਆਂ ਹਨ। ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰ 11 ਮਾਰਚ 2026 ਰਾਤ 11.59 ਵਜੇ ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 10 ਦਸੰਬਰ 2025 ਨਿਰਧਾਰਤ ਕੀਤੀ ਗਈ ਸੀ, ਜਿਸ ਵਿੱਚ ਹੁਣ ਵਾਧਾ ਕੀਤਾ ਗਿਆ ਹੈ। ਇਸ ਅਨੁਸਾਰ ਹੁਣ ਪੰਜਾਬ ਰਾਜ ਦੀਆਂ ਯੋਗ (ਕੇਵਲ ਇਸਤਰੀਆਂ) ਉਮੀਦਵਾਰਾਂ 25 ਫਰਵਰੀ ਤੋਂ 11 ਮਾਰਚ 2026 ਰਾਤ 11.59 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਅਰਜ਼ੀਆਂ sswcd.punjab.gov.in ਲਿੰਕ ਰਾਹੀਂ, ਨਿਰਧਾਰਿਤ ਫਾਰਮੈਟ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਕੇਵਲ ਆਨਲਾਈਨ ਮੋਡ ਰਾਹੀਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਹੋਰ ਕਿਸੇ ਵੀ ਮੋਡ ਰਾਹੀਂ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਵੱਲੋਂ ਇਨ੍ਹਾਂ ਅਸਾਮੀਆਂ ਲਈ ਪਹਿਲਾਂ ਹੀ ਅਪਲਾਈ ਕੀਤਾ ਗਿਆ ਹੈ, ਉਨ੍ਹਾਂ ਨੂੰ ਮੁੜ ਤੋਂ ਅਰਜ਼ੀ ਦੇਣ ਦੀ ਲੋੜ ਨਹੀਂ। ਹਾਲਾਂਕਿ ਜਿਨ੍ਹਾਂ ਉਮੀਦਵਾਰਾਂ ਦੀਆਂ ਅਰਜ਼ੀਆਂ ਪਹਿਲਾਂ ਦਸਤਾਵੇਜ਼ਾਂ ਦੀ ਘਾਟ ਕਾਰਨ ਰੱਦ ਹੋਈਆਂ ਸਨ, ਉਹ ਉਮੀਦਵਾਰ ਮੁੜ ਤੋਂ ਅਪਲਾਈ ਕਰ ਸਕਦੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ 0 ਤੋਂ 6 ਸਾਲ ਦੀ ਉਮਰ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਨਾਜ਼ੁਕ ਅਤੇ ਮਹੱਤਵਪੂਰਨ ਦੌਰ ਹੁੰਦਾ ਹੈ, ਜਿਸ ਦੌਰਾਨ ਮਿਲਣ ਵਾਲੀ ਸਿੱਖਿਆ, ਦੇਖਭਾਲ ਅਤੇ ਪੋਸ਼ਣ ਬੱਚੇ ਦੇ ਪੂਰੇ ਜੀਵਨ ਦੀ ਮਜ਼ਬੂਤ ਨੀਂਹ ਬਣਦੇ ਹਨ। ਉਨ੍ਹਾਂ ਕਿਹਾ ਕਿ ਹਰ ਬੱਚਾ, ਚਾਹੇ ਉਹ ਸ਼ਹਿਰ ਵਿੱਚ ਰਹਿੰਦਾ ਹੋਵੇ ਜਾਂ ਪਿੰਡ ਵਿੱਚ, ਇੱਕ ਸੁਰੱਖਿਅਤ ਅਤੇ ਉਤਸ਼ਾਹ ਭਰਪੂਰ ਮਾਹੌਲ ਦਾ ਹੱਕਦਾਰ ਹੈ ਅਤੇ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਬੱਚਾ ਸਿਰਫ਼ ਸਾਧਨਾਂ ਦੀ ਘਾਟ ਕਾਰਨ ਆਪਣੇ ਸੁਪਨਿਆਂ ਤੋਂ ਵੰਚਿਤ ਨਾ ਰਹੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਆਂਗਨਵਾੜੀ ਸੈਂਟਰ ਵਿੱਚ ਯੋਗ ਅਤੇ ਕਾਬਿਲ ਸਟਾਫ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ, ਤਾਂ ਜੋ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ, ਸੰਤੁਲਿਤ ਪੋਸ਼ਣ ਅਤੇ ਸੰਵੇਦਨਸ਼ੀਲ ਦੇਖਭਾਲ ਦੀਆਂ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਸਕਣ। ਇਸ ਭਰਤੀ ਪ੍ਰਕਿਰਿਆ ਨਾਲ ਇੱਕ ਪਾਸੇ ਰੋਜ਼ਗਾਰ ਦੇ ਨਵੇਂ ਮੌਕੇ ਉਪਲਬਧ ਹੋਣਗੇ, ਦੂਜੇ ਪਾਸੇ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਟੀਚੇ ਨੂੰ ਹੋਰ ਮਜ਼ਬੂਤੀ ਮਿਲੇਗੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਸ਼ਹਿਰਾਂ, ਬਲਾਕਾਂ ਅਤੇ ਪਿੰਡ ਪੱਧਰ ‘ਤੇ ਚੱਲ ਰਹੇ ਆਂਗਨਵਾੜੀ ਸੈਂਟਰਾਂ ਰਾਹੀਂ ਬੱਚਿਆਂ ਨੂੰ ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਦੇ ਸਮਾਨ ਗੁਣਵੱਤਾ ਵਾਲੀ ਸਿੱਖਿਆ, ਉਚਿਤ ਫਰਨੀਚਰ ਅਤੇ ਆਧੁਨਿਕ ਕਰੀਕੁਲਮ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

100 ਮਿਲੀਅਨ ਦਾ ਅੰਕੜਾ ਕੀਤਾ ਪਾਰ - ਟਰੰਪ ਦੂਜੇ ਨੰਬਰ ’ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਇਜ਼ਰਾਈਲ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਛਾੜ ਕੇ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸਿਆਸੀ ਆਗੂ ਬਣ ਗਏ ਹਨ। ਪੀਐਮ ਮੋਦੀ, ਜੋ 2014 ਵਿੱਚ ਇੰਸਟਾਗ੍ਰਾਮ ਨਾਲ ਜੁੜੇ ਸਨ ਅਤੇ ਹੁਣ ਉਨ੍ਹਾਂ ਇਸ ਮੰਚ ’ਤੇ 100 ਮਿਲੀਅਨ ਫਾਲੋਅਰਜ਼ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਫਾਲੋਅਰਜ਼ ਦੀ ਗਿਣਤੀ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਅੰਕੜਿਆਂ ਅਨੁਸਾਰ, ਅਗਲੇ ਪੰਜ ਪ੍ਰਮੁੱਖ ਵਿਸ਼ਵ ਨੇਤਾਵਾਂ ਦੇ ਕੁੱਲ ਮਿਲਾ ਕੇ ਫਾਲੋਅਰਜ਼ ਵੀ ਪੀਐੱਮ ਮੋਦੀ ਦੀ ਇਕੱਲੀ ਗਿਣਤੀ ਤੋਂ ਘੱਟ ਹਨ। ਦੱਸਣਯੋਗ ਹੈ ਕਿ ਡੋਨਾਲਡ ਟਰੰਪ 43.2 ਮਿਲੀਅਨ ਫਾਲੋਅਰਜ਼ ਨਾਲ ਦੂਜੇ ਸਥਾਨ ’ਤੇ ਹਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਇਹ ਉਪਲਬਧੀ  ਪੀਐਮ ਮੋਦੀ ਦੀ ਵਿਸ਼ਵਵਿਆਪੀ ਲੋਕਪਿ੍ਰਯਤਾ ਅਤੇ ਨੌਜਵਾਨਾਂ ਵਿੱਚ ਉਨ੍ਹਾਂ ਦੀ ਪਹੁੰਚ ਨੂੰ ਦਰਸਾਉਂਦੀ ਹੈ।

ਚੰਡੀਗੜ੍ਹ, 25 ਫਰਵਰੀ:  ਫ਼ਸਲੀ ਖ਼ਰੀਦ ਸਬੰਧੀ ਤਿਆਰੀਆਂ ਦੀ ਨਿਗਰਾਨੀ ਲਈ ਗਠਿਤ ਮੰਤਰੀ ਸਮੂਹ(ਜੀਓਐਮ) ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਆਵਾਜਾਈ ਮੰਤਰੀ ਲਾਲਜੀਤ ਸਿੰਘ ਭੁੱਲਰ ਸ਼ਾਮਿਲ ਹਨ, ਨੇ ਅੱਜ ਆਉਣ ਵਾਲੇ ਕਣਕ ਖਰੀਦ ਸੀਜ਼ਨ 2026-27 ਦੀ ਵਿਆਪਕ ਸਮੀਖਿਆ ਕਰਨ ਲਈ ਮੀਟਿੰਗ ਕੀਤੀ।

ਮੰਤਰੀ ਸਮੂਹ ਨੂੰ ਇਸ ਮੌਕੇ ਦੱਸਿਆ ਗਿਆ ਕਿ ਕਣਕ ਖ਼ਰੀਦ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵੱਲੋਂ ਵਿਭਾਗ ਲਗਭਗ 132 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਉਪਜ ਦੀ ਖ਼ਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2585 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ।

ਭੰਡਾਰਨ ਦੀ ਜਗ੍ਹਾ ਦੇ ਮੁੱਦੇ ਸਬੰਧੀ ਮੰਤਰੀ ਸਮੂਹ ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਅਗਸਤ 2025 ਤੋਂ ਹੁਣ ਤੱਕ ਹਰ ਮਹੀਨੇ 5 ਐਲ.ਐਮ.ਟੀ. ਕਣਕ ਅਤੇ 5 ਐਲਐਮਟੀ ਚੌਲ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ, ਜਦੋਂ ਕਿ 2026-27 ਦੇ ਸੀਜ਼ਨ ਵਿੱਚ ਖਰੀਦੀ ਜਾਣ ਵਾਲੀ ਕਣਕ ਲਈ ਢੁਕਵੀਂ ਸਟੋਰੇਜ ਸਪੇਸ ਨੂੰ ਯਕੀਨੀ ਬਣਾਉਣ ਲਈ ਹਰ ਮਹੀਨੇ ਘੱਟੋ-ਘੱਟ 15 ਐਲਐਮਟੀ ਕਣਕ ਦੀ ਚੁਕਾਈ  ਦੀ ਲੋੜ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਬੰਧ ਵਿੱਚ ਸਮੇਂ ਸਮੇਂ ਉੱਤੇ ਅਤੇ ਹਾਲ ਹੀ ਵਿੱਚ ਵੀ ਜ਼ੋਰਦਾਰ ਢੰਗ ਨਾਲ ਕੇਂਦਰ ਸਰਕਾਰ ਕੋਲ ਮੁੱਦਾ ਉਠਾਇਆ ਗਿਆ ਹੈ।

ਇਸ ਤੋਂ ਇਲਾਵਾ ਆਉਣ ਵਾਲੇ ਸੀਜ਼ਨ ਦੇ ਸਬੰਧੀ ਕਣਕ ਦੀ ਸੁਰੱਖਿਅਤ ਸਟੋਰੇਜ ਨੂੰ ਯਕੀਨੀ ਬਣਾਉਣ ਲਈ ਵਿਭਾਗ ਪਲਿੰਥ ਬਣਾਉਣ ਅਤੇ ਚੌਲ ਮਿੱਲਾਂ ਵਿੱਚ ਖਾਲੀ ਥਾਵਾਂ ਦੀ ਵਰਤੋਂ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਖਰੀਦ ਪ੍ਰਬੰਧਾਂ ਦੀ ਨਿਯਮਿਤ ਸਮੀਖਿਆ ਕੀਤੀ ਜਾ ਰਹੀ ਹੈ। ਡੀਐਫਐਸਸੀਜ਼ ਵੱਲੋਂ ਸੰਕਟਕਾਲੀ ਯੋਜਨਾਵਾਂ ਅਤੇ ਬਦਲਵੇਂ ਪ੍ਰਬੰਧ ਤਿਆਰ ਕਰਨ ਲਈ ਐਫ.ਸੀ.ਆਈ. ਦੇ ਜ਼ਿਲ੍ਹਾ ਮੈਨੇਜਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਸੀਜ਼ਨ ਦੌਰਾਨ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਲੋੜੀਂਦੀਆਂ ਹੋਰ ਵਸਤਾਂ  ਸਬੰਧੀ 391320 ਪਲਾਸਟਿਕ ਦੇ ਕਰੇਟਾਂ ਲਈ ਆਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 231055 ਪ੍ਰਾਪਤ ਹੋ ਚੁੱਕੇ ਹਨ ਜਦੋਂ ਕਿ ਬਾਕੀ ਮਾਰਚ ਤੱਕ ਪ੍ਰਾਪਤ ਹੋ ਜਾਣਗੇ। ਇਸ ਤੋਂ ਇਲਾਵਾ, 675000 ਲੱਕੜ ਦੇ ਕਰੇਟਾਂ ਦੀ ਸਪਲਾਈ ਲਈ ਆਰਡਰ ਦਿੱਤੇ ਗਏ ਹਨ ਅਤੇ ਕਣਕ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਲਈ ਲੋੜੀਂਦੇ ਐਲਪੀਈਡੀ ਕਵਰ (ਤਰਪਾਲਾਂ) ਵੀ ਉਪਲਬਧ ਹਨ।

ਆੜ੍ਹਤੀਆਂ ਵੱਲੋਂ ਕਮਿਸ਼ਨ ਦੀਆਂ ਦਰਾਂ 45 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 64 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਸਬੰਧੀ ਮੰਤਰੀ ਸਮੂਹ ਦੇ ਇਹ  ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਸੂਬਾ ਸਰਕਾਰ ਵੱਲੋਂ ਹਰ ਸੰਭਵ ਮੌਕੇ ’ਤੇ ਕੇਂਦਰ ਸਰਕਾਰ ਕੋਲ ਇਹ ਮਾਮਲਾ ਜ਼ੋਰ ਸ਼ੋਰ ਨਾਲ ਉਠਾਇਆ ਜਾ ਰਿਹਾ ਹੈ।

ਖਰੀਦ ਪ੍ਰਕਿਰਿਆ ਨਾਲ ਜੁੜੇ ਹਰੇਕ ਭਾਈਵਾਲੀ ਦੀ ਭਲਾਈ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਤਰੀ ਸਮੂਹ ਨੇ ਅਧਿਕਾਰੀਆਂ ਨੂੰ ਹਰ ਕਦਮ ’ਤੇ ਪਾਰਦਰਸ਼ਤਾ ਨਾਲ ਨਿਰਵਿਘਨ ਖ਼ਰੀਦ ਸੀਜ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਅਜੈਵੀਰ ਸਿੰਘ ਸਰਾਓ, ਅਤੇ ਜੀ.ਐਮ. ਵਿੱਤ ਸਰਵੇਸ਼ ਕੁਮਾਰ ਮੌਜੂਦ ਸਨ।

ਚੰਡੀਗੜ੍ਹ/ਫਾਜ਼ਿਲਕਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਫਾਜ਼ਿਲਕਾ ਨੇ ਇੱਕ ਦੋਸ਼ੀ ਨੂੰ 2.1 ਕਿਲੋਗ੍ਰਾਮ ਹੈਰੋਇਨ ਅਤੇ ਸੱਤ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਨਾਮ ਸਿੰਘ ਉਰਫ਼ ਗਾਮਾ ਵਾਸੀ ਭੰਗੇ ਵਾਲਾ (ਝੂਗੇ ਕਿਸ਼ੋਰ ਸਿੰਘ ਵਾਲਾ), ਫਿਰੋਜ਼ਪੁਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9 ਐਮਐਮ ਗਲੌਕ ਅਤੇ ਚਾਰ .30 ਬੋਰ ਦੇ ਪਿਸਤੌਲ ਅਤੇ ਦੋ 9 ਐਮਐਮ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਟੀਮਾਂ ਨੇ ਉਸ ਦਾ ਹੀਰੋ ਡੀਲਕਸ ਮੋਟਰਸਾਈਕਲ, ਜਿਸਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤੀ ਜਾ ਰਹੀ ਸੀ, ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਅਤੇ ਹਥਿਆਰਾਂ ਦੀ ਇਹ ਖੇਪ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਡਰੋਨ ਰਾਹੀਂ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਏਆਈਜੀ ਐਸਐਸਓਸੀ ਫਾਜ਼ਿਲਕਾ ਨਰੇਸ਼ ਕੁਮਾਰ ਡੋਗਰਾ ਨੇ ਦੱਸਿਆ ਕਿ ਭਰੋਸੇਯੋਗ ਸੂਹ 'ਤੇ ਕਾਰਵਾਈ ਕਰਦਿਆਂ, ਐਸਐਸਓਸੀ ਫਾਜ਼ਿਲਕਾ ਦੀਆਂ ਟੀਮਾਂ ਨੇ ਜਲਾਲਾਬਾਦ ਖੇਤਰ ਵਿੱਚ ਇੱਕ ਵਿਸ਼ੇਸ਼ ਆਪਰੇਸ਼ਨ ਚਲਾਇਆ ਅਤੇ ਦੋਸ਼ੀ ਨੂੰ ਫਾਜ਼ਿਲਕਾ ਦੇ ਪਿੰਡ ਬਾਘੇ ਕੇ ਉੱਤਰ ਨੇੜਿਓਂ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਉਸ ਕੋਲੋਂ 2.1 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਖੁਲਾਸੇ ਦੌਰਾਨ ਗ੍ਰਿਫ਼ਤਾਰ ਮੁਲਜ਼ਮ ਵੱਲੋਂ ਦੱਸੇ ਗਏ ਟਿਕਾਣੇ ਤੋਂ ਚਾਰ ਹੋਰ ਪਿਸਤੌਲ ਬਰਾਮਦ ਕੀਤੇ ਗਏ।

ਇਸ ਸਬੰਧੀ, ਐਫਆਈਆਰ ਨੰਬਰ 02 ਮਿਤੀ 24-02-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21ਸੀ ਅਤੇ 25 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਦਰਜ ਕੀਤੀ ਗਈ ਹੈ।

ਜਲੰਧਰ, 25 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਹਰ ਰੋਜ਼ ਪਾਕਿਸਤਾਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਡਰੋਨਾਂ ਦੀ ਘੁਸਪੈਠ ਰਾਹੀਂ ਸੂਬੇ ਦਾ ਮਾਹੌਲ ਖਰਾਬ ਕਰਨ ਲਈ ਘੜੇ ਜਾ ਰਹੇ ਨਾਪਾਕ ਮਨਸੂਬਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਕੌਮਾਂਤਰੀ ਸਰਹੱਦ ਦੀ ਰਾਖੀ ਲਈ ਡਟ ਕੇ ਪਹਿਰਾ ਦੇ ਰਹੀ ਹੈ ਅਤੇ ਪੰਜਾਬ ਪੁਲਿਸ ਸਿਰਫ ਪੰਜਾਬ ਦੀ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਪੁਲਿਸ ਹੈ ਜੋ ਆਪਣਾ ਫਰਜ਼ ਨਿਭਾਅ ਰਹੀ ਹੈ। ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ 2,577 ਨਵੇਂ ਪੁਲਿਸ ਜਵਾਨਾਂ ਨੂੰ ਰਸਮੀ ਤੌਰ 'ਤੇ ਪੰਜਾਬ ਪੁਲਿਸ ਵਿੱਚ ਸ਼ਾਮਲ ਕਰਵਾਇਆ। ਮੁੱਖ ਮੰਤਰੀ ਦੀ ਇਸ ਪਹਿਲਕਦਮੀ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਪੁਲਿਸ ਦੇ ਆਧੁਨਿਕੀਕਰਨ ਲਈ ਸੂਬਾ ਸਰਕਾਰ ਦੀ ਦੋਹਰੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਪੰਜਾਬ ਪੁਲਿਸ ਦੀ ਭਰਤੀ ਮੁਹਿੰਮ ਨੂੰ 'ਆਪ' ਸਰਕਾਰ ਦੀ ਰੋਜ਼ਗਾਰ ਕ੍ਰਾਂਤੀ ਦਾ ਅਹਿਮ ਹਿੱਸਾ ਐਲਾਨਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2022 ਤੋਂ ਲੈ ਕੇ ਹੁਣ ਤੱਕ 12,010 ਤੋਂ ਵੱਧ ਪੁਲਿਸ ਜਵਾਨ ਨਿਯੁਕਤ ਕੀਤੇ ਗਏ ਹਨ, ਵਿਗਿਆਨਕ ਲੀਹਾਂ 'ਤੇ ਫੋਰਸ ਨੂੰ ਅਪਗ੍ਰੇਡ ਕਰਨ ਲਈ 1100 ਕਰੋੜ ਰੁਪਏ ਰੱਖੇ ਗਏ ਹਨ ਅਤੇ ਸਾਈਬਰ ਅਪਰਾਧ, ਅੱਤਵਾਦ ਅਤੇ ਨਸ਼ਿਆਂ ਦਾ ਟਾਕਰਾ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ, ਵਿਸ਼ੇਸ਼ ਤਕਨੀਕੀ ਯੂਨਿਟ ਅਤੇ ਮਜ਼ਬੂਤ ਐਂਟੀ-ਨਾਰਕੋਟਿਕਸ ਟਾਸਕ ਫੋਰਸ ਸਮੇਤ ਅਤਿ-ਆਧੁਨਿਕ ਕਦਮ ਚੁੱਕੇ ਜਾ ਰਹੇ ਹਨ।
‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ 50,238 ਗ੍ਰਿਫ਼ਤਾਰੀਆਂ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਬਚਾਈਆਂ ਗਈਆਂ 46,399 ਜ਼ਿੰਦਗੀਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਰਿਕਾਰਡ ਭਰਤੀ, ਤੇਜ਼ੀ ਨਾਲ ਤਕਨੀਕੀ ਅਪਗ੍ਰੇਡੇਸ਼ਨ ਅਤੇ ਅਪਰਾਧ ਵਿਰੁੱਧ ਬੇਮਿਸਾਲ ਕਾਰਵਾਈ ਹੋ ਰਹੀ ਹੈ, ਜੋ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਦੇ ਦ੍ਰਿੜ੍ਹ ਸੰਕਲਪ ਦੀ ਗਵਾਹੀ ਭਰਦੀ ਹੈ।
‘ਐਕਸ’ ’ਤੇ ਸਮਾਰੋਹ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਜਲੰਧਰ ਵਿੱਚ ਪੰਜਾਬ ਪੁਲਿਸ ਦੀ ਵੱਕਾਰੀ ਪਾਸਿੰਗ-ਆਊਟ ਪਰੇਡ ਵਿੱਚ ਸ਼ਾਮਲ ਹੋਣਾ ਮਾਣ-ਸਨਮਾਨ ਦੀ ਗੱਲ ਸੀ। ਕੁੱਲ 2,577 ਨਵੇਂ, ਬਹੁਤ ਪ੍ਰੇਰਨਾਦਾਇਕ ਅਫਸਰ ਅਧਿਕਾਰਤ ਤੌਰ 'ਤੇ ਪੰਜਾਬ ਪੁਲਿਸ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਹਨ, ਇਨ੍ਹਾਂ ਸਾਰਿਆਂ ਨੂੰ ਵਧਾਈਆਂ। ਸਾਡੀ ਸਰਕਾਰ ਦੀ ਅਗਵਾਈ ਹੇਠ 12,000 ਤੋਂ ਵੱਧ ਜਵਾਨਾਂ ਦੀ ਪੁਲਿਸ ਵਿੱਚ ਭਰਤੀ ਦਾ ਰਿਕਾਰਡ ਕਾਇਮ ਕੀਤਾ ਗਿਆ ਹੈ, ਉੱਚ-ਤਕਨੀਕੀ ਯੂਨਿਟਾਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਸਖ਼ਤ ਮੁਹਿੰਮ ਜਾਰੀ ਹੈ। ਅਸੀਂ ਪੰਜਾਬ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਜੈ ਹਿੰਦ।”
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਹੁਦਾ ਸੰਭਾਲਣ ਤੋਂ ਬਾਅਦ, ਮੈਂ ਪੰਜਾਬ ਪੁਲਿਸ ਨੂੰ ਵਿਗਿਆਨਕ ਲੀਹਾਂ 'ਤੇ ਅਪਗ੍ਰੇਡ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਇਸ ਮਕਸਦ ਲਈ 1,100 ਕਰੋੜ ਰੁਪਏ ਰੱਖੇ ਗਏ ਹਨ।” ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਨੂੰ ਹਰੇਕ ਤਰ੍ਹਾਂ ਦੀ ਚੁਣੌਤੀ ਦਾ ਮੁਕਾਬਲਾ ਕਰਨ ਅਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਆਧੁਨਿਕ ਲੀਹਾਂ 'ਤੇ ਲੈਸ ਕੀਤਾ ਗਿਆ ਹੈ।”
ਪੰਜਾਬ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਪੁਲਿਸ ਆਪਣੀ ਡਿਊਟੀ ਨੂੰ ਮੁਸਤੈਦੀ ਨਾਲ ਨਾਲ ਨਿਭਾਅ ਰਹੀ ਹੈ।"
ਸਮਾਰੋਹ ਵਿੱਚ ਸ਼ਾਮਲ ਹੋਣ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਪਾਸਿੰਗ ਆਊਟ ਪਰੇਡ ਲਈ ਪੰਜਾਬ ਆਰਮਡ ਪੁਲਿਸ ਕੈਂਪਸ ਵਿੱਚ ਆ ਕੇ ਬਹੁਤ ਖੁਸ਼ ਹਾਂ।" ਉਨ੍ਹਾਂ ਅੱਗੇ ਕਿਹਾ, "ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਪੰਜਾਬ ਪੁਲਿਸ ਦੇ ਵੱਖ-ਵੱਖ ਕਾਡਰਾਂ ਦੇ ਕੁੱਲ 2,577 ਜਵਾਨ ਅਤੇ ਅਧਿਕਾਰੀ ਹਿੱਸਾ ਲੈ ਰਹੇ ਹਨ। ਇਹ ਪਰੇਡ ਉਨ੍ਹਾਂ ਦੀ ਮੁੱਢਲੀ ਸਿਖਲਾਈ ਦੇ ਮੁਕੰਮਲ ਹੋ ਜਾਣ ਨੂੰ ਦਰਸਾਉਂਦੀ ਹੈ ਅਤੇ ਇਨ੍ਹਾਂ ਸਾਰੇ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ।"
ਪੁਲਿਸ ਟ੍ਰੇਨਿੰਗ ਸੈਂਟਰਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਵੱਖ-ਵੱਖ ਰੈਂਕਾਂ ਦੇ ਇਨ੍ਹਾਂ ਨਵੇਂ ਭਰਤੀ ਪੁਲਿਸ ਜਵਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ, ਪੁਲਿਸ ਰਿਕਰੂਟ ਟ੍ਰੇਨਿੰਗ ਸੈਂਟਰ, ਜਹਾਨ ਖੇਲਾਂ (ਹੁਸ਼ਿਆਰਪੁਰ) ਅਤੇ ਇਨ-ਸਰਵਿਸ ਟ੍ਰੇਨਿੰਗ ਸੈਂਟਰ, ਕਪੂਰਥਲਾ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ।"
ਉਨ੍ਹਾਂ ਅੱਗੇ ਕਿਹਾ, “ਮਾਰਚ, 2022 ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਨੇ ਵੱਖ-ਵੱਖ ਕਾਡਰਾਂ ਅਤੇ ਰੈਂਕਾਂ ਦੇ 12,010 ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਹਨ। ਇਨ੍ਹਾਂ ਵਿੱਚ 1,062 ਸਬ-ਇੰਸਪੈਕਟਰ, 450 ਹੈੱਡ ਕਾਂਸਟੇਬਲ, 10,098 ਕਾਂਸਟੇਬਲ ਅਤੇ 400 ਸਿਵਲੀਅਨ ਸਟਾਫ ਸ਼ਾਮਲ ਹੈ, ਜਿਨ੍ਹਾਂ ਨੇ ਵੱਖ-ਵੱਖ ਪੰਜਾਬ ਪੁਲਿਸ ਸਿਖਲਾਈ ਕੇਂਦਰਾਂ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ।”
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਅਧੀਨ ਭਰਤੀ ਪ੍ਰਕਿਰਿਆ ਨਿਰੰਤਰ ਜਾਰੀ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਦੋਂ ਤੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਹੈ, ਪੰਜਾਬ ਪੁਲਿਸ ਭਰਤੀ ਪ੍ਰਕਿਰਿਆ ਹਰ ਸਾਲ ਜਾਰੀ ਰਹੀ ਹੈ। ਇਸੇ ਲੜੀ ਤਹਿਤ ਸਾਲ 2025 ਤੋਂ 1,900 ਤੋਂ ਵੱਧ ਭਰਤੀ ਕੀਤੇ ਜਵਾਨਾਂ ਲਈ ਮੁੱਢਲੀ ਸਿਖਲਾਈ ਮਾਰਚ, 2026 ਵਿੱਚ ਸ਼ੁਰੂ ਹੋ ਗਈ। ਇਸੇ ਤਰ੍ਹਾਂ 1,746 ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।” ਉਨ੍ਹਾਂ ਅੱਗੇ ਕਿਹਾ, “ਸਾਲ 2026 ਵਿੱਚ ਕੀਤੀ ਜਾਣ ਵਾਲੀ 3,400 ਪੁਲਿਸ ਜਵਾਨਾਂ ਦੀ ਭਰਤੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਹੋਵੇਗੀ।”
ਤਕਨੀਕੀ ਅਪਗ੍ਰੇਡੇਸ਼ਨ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸੂਬਾ ਸਰਕਾਰ ਪੰਜਾਬ ਪੁਲਿਸ ਨੂੰ ਤਕਨੀਕੀ ਤੌਰ 'ਤੇ ਲੈਸ ਕਰਨ ਅਤੇ ਹੋਰ ਸਮਰੱਥਵਾਨ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।" ਉਨ੍ਹਾਂ ਅੱਗੇ ਕਿਹਾ, "ਪੰਜਾਬ, ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਤਕਨੀਕੀ ਮੁਹਾਰਤ ਵਿੱਚ ਨਿਪੁੰਨ 182 ਸਬ-ਇੰਸਪੈਕਟਰਾਂ ਦੀ ਭਰਤੀ ਕੀਤੀ ਹੈ ਜਿਸ ਵਿੱਚ 112 ਤਕਨੀਕੀ ਮਾਹਿਰ, 11 ਫੋਰੈਂਸਿਕ ਮਾਹਿਰ, ਐਚ.ਆਰ. ਮੈਨੇਜਰ ਅਤੇ 30 ਕੌਂਸਲਰ ਅਤੇ ਤਕਨੀਕੀ ਖੇਤਰਾਂ ਵਿੱਚ ਮੁਹਾਰਤ ਵਾਲੇ 1,547 ਕਾਂਸਟੇਬਲ ਸ਼ਾਮਲ ਹਨ।" ਉਨ੍ਹਾਂ ਕਿਹਾ, "ਇਸ ਭਰਤੀ ਦਾ ਮੁੱਖ ਉਦੇਸ਼ ਆਪਣੇ ਤਕਨੀਕੀ ਸੇਵਾਵਾਂ ਵਿੰਗ ਰਾਹੀਂ ਸਾਈਬਰ ਅਪਰਾਧ, ਵਿੱਤੀ ਧੋਖਾਧੜੀ, ਗੈਂਗਸਟਰ, ਅੱਤਵਾਦ, ਨਸ਼ੀਲੇ ਪਦਾਰਥਾਂ ਅਤੇ ਇਸ ਤਰ੍ਹਾਂ ਦੇ ਅਪਰਾਧਾਂ ਦਾ ਮੁਕਾਬਲਾ ਕਰਨਾ ਹੈ।"
ਉਨ੍ਹਾਂ ਅੱਗੇ ਕਿਹਾ, "ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਅਧਿਕਾਰੀ ਬੀ.ਟੈਕ, ਐਮ.ਟੈੱਕ ਅਤੇ ਐਲ.ਐਲ.ਬੀ. ਵਰਗੀਆਂ ਯੋਗਤਾਵਾਂ ਰੱਖਦੇ ਹਨ।" ਵਿਸ਼ੇਸ਼ ਭਰਤੀ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿੰਗ ਨੇ 125 ਕਾਨੂੰਨੀ ਅਧਿਕਾਰੀ, 21 ਫੋਰੈਂਸਿਕ ਮਾਹਿਰ, 196 ਆਈ.ਟੀ. ਮਾਹਿਰ ਅਤੇ 77 ਵਿੱਤੀ ਮਾਹਿਰ ਭਰਤੀ ਕੀਤੇ ਹਨ ਜਿਨ੍ਹਾਂ ਨੇ ਸਿਖਲਾਈ ਪੂਰੀ ਕਰ ਲਈ ਹੈ ਅਤੇ ਵੱਖ-ਵੱਖ ਪੰਜਾਬ ਪੁਲਿਸ ਯੂਨਿਟਾਂ ਵਿੱਚ ਤਾਇਨਾਤ ਹੋ ਕੇ ਆਪਣੀਆਂ ਪੇਸ਼ੇਵਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।"
ਸੜਕ ਸੁਰੱਖਿਆ ਫੋਰਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਹੈ, ਜੋ ਕਿ ਸੂਬਾ ਭਰ ਵਿੱਚ ਹਾਦਸੇ ਦੇ ਪੀੜਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰ ਰਹੀ ਹੈ।” ਉਨ੍ਹਾਂ ਅੱਗੇ ਕਿਹਾ, “ਸੜਕ ਸੁਰੱਖਿਆ ਫੋਰਸ 146 ਨਵੇਂ ਵਾਹਨਾਂ ਅਤੇ ਆਧੁਨਿਕ ਉਪਕਰਨਾਂ ਨਾਲ ਲੈਸ ਹੈ, ਜਿਸ ਨਾਲ ਹੁਣ ਤੱਕ 46,399 ਜਾਨਾਂ ਬਚਾਈਆਂ ਗਈਆਂ ਹਨ ਅਤੇ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ ਹੈ।”
ਉਨ੍ਹਾਂ ਅੱਗੇ ਕਿਹਾ, “ਪੁਲਿਸਿੰਗ ਦੇ ਇਸ ਵਿਲੱਖਣ ਉਪਰਾਲੇ ਨੇ ਦੁਨੀਆ ਭਰ ਤੋਂ ਜੱਸ ਖੱਟਿਆ ਹੈ ਅਤੇ ਸੂਬਾ 6 ਮਿੰਟ 20 ਸਕਿੰਟ ਦੇ ਸਮੇਂ ਅੰਦਰ ਹਾਦਸੇ ਵਾਲੇ ਸਥਾਨ ਉਤੇ ਪਹੁੰਚ ਕੇ ਸਹਾਇਤਾ ਦੇਣ ਵਾਲਾ ਵਿਸ਼ੇਸ਼ ਫੋਰਸ ਵਾਲਾ ਪਹਿਲਾ ਸੂਬਾ ਬਣ ਕੇ ਉਭਰਿਆ ਹੈ।” ਭਗਵੰਤ ਸਿੰਘ ਮਾਨ ਨੇ ਕਿਹਾ, “ਐਸ.ਐਸ.ਐਫ. ਨੂੰ ਹਰ 30 ਕਿਲੋਮੀਟਰ ਦੇ ਘੇਰੇ ਵਿੱਚ ਤਾਇਨਾਤ ਕੀਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 48 ਫੀਸਦੀ ਦੀ ਕਮੀ ਆਈ ਹੈ, ਜਿਸ ਦੀ ਭਾਰਤ ਸਰਕਾਰ ਨੇ ਵੀ ਸ਼ਲਾਘਾ ਕੀਤੀ ਹੈ।”
'ਯੁੱਧ ਨਸ਼ੇ ਵਿਰੁੱਧ' ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੂੰ ਆਧੁਨਿਕ ਅਤੇ ਅਪਗ੍ਰੇਡ ਕੀਤਾ ਗਿਆ ਹੈ, ਜਿਸ ਵਿੱਚ ਆਈ.ਟੀ. ਬੁਨਿਆਦੀ ਢਾਂਚਾ ਵੀ ਸ਼ਾਮਲ ਹੈ।" ਉਨ੍ਹਾਂ ਅੱਗੇ ਕਿਹਾ, "ਪੰਜਾਬ ਸਰਕਾਰ ਨੇ ਮਾਰਚ, 2025 ਵਿੱਚ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ 50,238 ਤੋਂ ਵੱਧ ਗ੍ਰਿਫ਼ਤਾਰੀਆਂ, 35,133 ਐਫ.ਆਈ.ਆਰ. ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 2,230 ਕਿਲੋਗ੍ਰਾਮ ਹੈਰੋਇਨ, 668 ਕਿਲੋਗ੍ਰਾਮ ਅਫੀਮ ਅਤੇ 29 ਟਨ ਭੁੱਕੀ ਸ਼ਾਮਲ ਹੈ।" ਉਨ੍ਹਾਂ ਕਿਹਾ, "ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ ਅਤੇ ਆਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੇਠਲੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ।"
ਮੁੜ ਵਸੇਬੇ ਦੇ ਯਤਨਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਜਨਤਕ ਥਾਵਾਂ 'ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਾਲ-ਨਾਲ ਨਸ਼ਾ ਛੁਡਾਊ ਕੇਂਦਰਾਂ ਨੂੰ ਮੁਫ਼ਤ ਸਲਾਹ ਸੇਵਾਵਾਂ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।”
ਪੁਲਿਸ ਫੋਰਸ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਪੁਲਿਸ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਅਤੇ ਸਰਹੱਦੀ ਸੂਬੇ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਹੈ।” ਉਨ੍ਹਾਂ ਅੱਗੇ ਕਿਹਾ, “ਸਾਡੇ ਪੁਲਿਸ ਮੁਲਾਜ਼ਮਾਂ ਦੀਆਂ ਕੁਰਬਾਨੀਆਂ ਕਾਰਨ ਪੰਜਾਬ ਵਿੱਚ ਸ਼ਾਂਤੀ ਬਰਕਰਾਰ ਹੋਈ ਹੈ।”
ਬਾਹਰੀ ਖਤਰਿਆਂ ਬਾਰੇ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇੱਕ ਸਰਹੱਦੀ ਸੂਬਾ ਹੋਣ ਦੇ ਨਾਤੇ, ਪੰਜਾਬ ਨੂੰ ਗੁਆਂਢੀ ਦੇਸ਼ਾਂ ਵੱਲੋਂ ਸਾਡੇ ਨੌਜਵਾਨਾਂ ਨੂੰ ਭਰਮਾਉਣ ਅਤੇ ਪੰਜਾਬ ਨੂੰ ਕਾਲੇ ਯੁੱਗ ਵਿੱਚ ਵਾਪਸ ਧੱਕਣ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।"
ਉਨ੍ਹਾਂ ਆਸ ਪ੍ਰਗਟਾਈ ਕਿ “ਪੰਜਾਬ ਪੁਲਿਸ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪੂਰੀ ਤਾਕਤ ਨਾਲ ਆਪਣਾ ਫਰਜ਼ ਨਿਭਾਉਂਦੀ ਰਹੇਗੀ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਪੁਲਿਸ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸੂਬੇ ਅਤੇ ਦੇਸ਼ ਦੀ ਸੇਵਾ ਕਰਨ ਦੀ ਆਪਣੀ ਸ਼ਾਨਦਾਰ ਵਿਰਾਸਤ ਨੂੰ ਹਮੇਸ਼ਾ ਕਾਇਮ ਰੱਖੇਗੀ।”
ਹਾਲ ਹੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦੋ ਪੁਲਿਸ ਕਰਮਚਾਰੀਆਂ ਨੂੰ ਸ਼ਹੀਦ ਕਰਨ ਦੇ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਤਾਕਤਾਂ ਨੇ ਅਜਿਹੀ ਘਿਨਾਉਣੀ ਕਾਰਵਾਈ ਰਾਹੀਂ ਪੁਲਿਸ ਫੋਰਸ ਦੇ ਮਨੋਬਲ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ।”
ਉਨ੍ਹਾਂ ਅੱਗੇ ਕਿਹਾ, “ਇਹ ਨਾਪਾਕ ਤਾਕਤਾਂ ਭੁੱਲ ਗਈਆਂ ਸਨ ਕਿ ਬਹਾਦਰ ਪੰਜਾਬ ਪੁਲਿਸ ਫੋਰਸ ਸੂਬੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਦੀ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਪੁਲਿਸ ਬੜੀ ਘਾਲਣਾ ਘਾਲ ਕੇ ਹਾਸਲ ਕੀਤੀ ਸੂਬੇ ਦੀ ਸ਼ਾਂਤੀ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”
ਸਿਖਲਾਈ ਢਾਂਚੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਨੇ ਪੰਜਾਬ ਭਰ ਵਿੱਚ ਅਤਿ-ਆਧੁਨਿਕ ਪੁਲਿਸ ਸਿਖਲਾਈ ਕੇਂਦਰ ਸਥਾਪਤ ਕੀਤੇ ਹਨ ਜਿਨ੍ਹਾਂ ਦਾ ਦੇਸ਼ ਭਰ ਵਿੱਚ ਸ਼ਾਇਦ ਹੀ ਕੋਈ ਮੁਕਾਬਲਾ ਹੋਵੇ।” ਉਨ੍ਹਾਂ ਅੱਗੇ ਕਿਹਾ, “ਦੇਸ਼ ਭਰ ਦੇ ਕਈ ਸੂਬੇ ਆਧੁਨਿਕ ਸਿਖਲਾਈ ਦੇਣ ਲਈ ਪੰਜਾਬ ਪੁਲਿਸ ਨਾਲ ਸੰਪਰਕ ਕਰਦੇ ਹਨ। ਨਾ ਸਿਰਫ਼ ਦੇਸ਼ ਭਰ ਤੋਂ, ਸਗੋਂ ਹੋਰ ਦੇਸ਼ਾਂ ਦੀਆਂ ਕਈ ਫੋਰਸਾਂ ਵੀ ਆਪਣੀ ਪੁਲਿਸ ਫੋਰਸ ਨੂੰ ਸਿਖਲਾਈ ਦੇਣ ਲਈ ਪੰਜਾਬ ਨਾਲ ਸੰਪਰਕ ਕਰਦੀਆਂ ਹਨ।”
ਆਧੁਨਿਕ ਤਕਨਾਲੋਜੀ ਦੀ ਵਰਤੋਂ ਬਾਰੇ ਗੱਲ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਨੇ ਪੰਜਾਬ ਪੁਲਿਸ ਦੀ ਕੁਸ਼ਲਤਾ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤਕਨੀਕ ਪੇਸ਼ ਕੀਤੀ ਹੈ ਤਾਂ ਜੋ ਇਸ ਨੂੰ ਦੇਸ਼ ਦੀ ਮੋਹਰੀ ਫੋਰਸ ਬਣਾਇਆ ਜਾ ਸਕੇ।” ਉਨ੍ਹਾਂ ਅੱਗੇ ਕਿਹਾ, “ਇਹ ਪਹਿਲਕਦਮੀ ਸੂਬੇ ਵਿੱਚ ਪੁਲਿਸਿੰਗ ਨੂੰ ਹੋਰ ਬਿਹਤਰ ਬਣਾਉਣ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਏਗੀ।” ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਪੁਲਿਸ ਫੋਰਸ ਨੂੰ ਬਿਹਤਰ ਅਭਿਆਸਾਂ ਨਾਲ ਲੈਸ ਕਰਨ ਅਤੇ ਵਿਗਿਆਨਕ ਢੰਗ ਨਾਲ ਇਸ ਨੂੰ ਵਿਕਸਤ ਕਰਨ ਵਿੱਚ ਇੱਕ ਮੀਲ ਪੱਥਰ ਵਜੋਂ ਕੰਮ ਕਰੇਗੀ।”
ਉਨ੍ਹਾਂ ਕਿਹਾ, “ਸਰਹੱਦੀ ਸੂਬਾ ਹੋਣ ਕਰਕੇ, ਸੂਬਾ ਵਿਰੋਧੀ ਤਾਕਤਾਂ ਪ੍ਰਾਪਤ ਕੀਤੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਨਾਪਾਕ ਮਨਸੂਬੇ ਘੜ ਰਹੀਆਂ ਹਨ ਪਰ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ, “ਸੂਬੇ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਪੁਲਿਸ ਫੋਰਸ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਉੱਨਤ ਜ਼ਰੂਰਤਾਂ ਅਨੁਸਾਰ ਅਪਡੇਟ ਕੀਤਾ ਜਾਵੇ।” ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਪੰਜਾਬ ਪੁਲਿਸ ਪੂਰੀ ਪੇਸ਼ੇਵਾਰਾਨਾ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਸ਼ਾਨਦਾਰ ਵਿਰਾਸਤ ਨੂੰ ਹਮੇਸ਼ਾ ਬਰਕਰਾਰ ਰੱਖੇਗੀ।”
ਨਵ-ਨਿਯੁਕਤਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਤੁਹਾਡੇ ਲਈ ਇੱਕ ਯਾਦਗਾਰੀ ਪਲ ਹੈ ਕਿਉਂਕਿ ਤੁਸੀਂ ਪੰਜਾਬ ਪੁਲਿਸ ਪਰਿਵਾਰ ਦਾ ਅਨਿੱਖੜਵਾਂ ਅੰਗ ਬਣ ਗਏ ਹੋ।” ਉਨ੍ਹਾਂ ਨੇ ਨਵ-ਨਿਯੁਕਤ ਜਵਾਨਾਂ ਨੂੰ ਆਪਣੀ ਡਿਊਟੀ ਪੂਰੀ ਲਗਨ, ਸਖ਼ਤ ਮਿਹਨਤ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕੇ।" ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਪੁਲਿਸ ਮੁਲਾਜ਼ਮਾਂ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।”
ਇਸ ਤੋਂ ਪਹਿਲਾਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਨਵ-ਨਿਯੁਕਤ ਜਵਾਨਾਂ ਨੂੰ ਵਧਾਈ ਦਿੱਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਸਨਮਾਨਿਤ ਕੀਤਾ।
ਸਮਾਰੋਹ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰੇਡ ਦਾ ਵਿਆਪਕ ਨਿਰੀਖਣ ਕੀਤਾ, ਮਾਰਚਿੰਗ ਟੁਕੜੀਆਂ ਦਾ ਨੇੜਿਓਂ ਜਾਇਜ਼ਾ ਲਿਆ ਅਤੇ ਕਾਰਵਾਈ ਦੀ ਨਿਗਰਾਨੀ ਕਰ ਰਹੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਨਵ-ਨਿਯੁਕਤ ਪੁਲਿਸ ਜਵਾਨਾਂ ਵੱਲੋਂ ਦਿਖਾਏ ਗਏ ਅਨੁਸ਼ਾਸਨ, ਤਾਲਮੇਲ ਅਤੇ ਉੱਚ ਮਿਆਰਾਂ ਦੀ ਸ਼ਲਾਘਾ ਕਰਦਿਆਂ ਰਸਮੀ ਸਲਾਮੀ ਲਈ। ਮੁੱਖ ਮੰਤਰੀ ਨੇ ਸਿਖਲਾਈ ਦੌਰਾਨ ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ, ਸਮਰਪਣ ਅਤੇ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸਿਖਿਆਰਥੀਆਂ ਅਤੇ ਕੈਡਿਟਾਂ ਨੂੰ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਵੀ ਵੰਡੇ। ਇਸ ਸਮਾਗਮ ਦੌਰਾਨ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਪਾਸਿੰਗ ਆਊਟ ਪਰੇਡ ਰਾਹੀਂ ਇਸ ਸਮਾਗਮ ਨੂੰ ਨਵ-ਨਿਯੁਕਤ ਪੁਲਿਸ ਜਵਾਨਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮੁੱਚੀ ਪੰਜਾਬ ਪੁਲਿਸ ਲਈ ਮਾਣਮੱਤਾ ਅਤੇ ਯਾਦਗਾਰੀ ਪਲ ਬਣਾਇਆ ਗਿਆ।

ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਸੂਬੇ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਬਣਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਲਈ ਆਧੁਨਿਕ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐਮ) ਮਸ਼ੀਨਾਂ ਦੀ ਖਰੀਦ ਲਈ 395 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ, ਕਸਟਮ ਹਾਇਰਿੰਗ ਸੈਂਟਰਾਂ (ਸੀਐਚਸੀ), ਵਿਅਕਤੀਗਤ ਕਿਸਾਨਾਂ ਅਤੇ ਸਪਲਾਈ ਚੇਨਾਂ ਸਮੇਤ 5358 ਲਾਭਪਾਤਰੀਆਂ ਨੂੰ ਸੀਆਰਐਮ ਮਸ਼ੀਨਾਂ ਦੀ ਖਰੀਦ ਉਤੇ 50 ਫ਼ੀਸਦ ਤੋਂ 80 ਫ਼ੀਸਦ ਤੱਕ ਸਬਸਿਡੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ-ਸੀਟੂ ਅਤੇ ਐਕਸ-ਸੀਟੂ ਪ੍ਰਬੰਧਨ 'ਤੇ ਵਿਸ਼ੇਸ਼ ਧਿਆਨ ਕੇਂਦਰਤ ਦਿੱਤਾ ਗਿਆ ਹੈ ਜੋ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਪ੍ਰਤੀ ਸੂਬੇ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਸ. ਖੁੱਡੀਆਂ ਨੇ ਵਿਆਪਕ ਵੰਡ ਨੈੱਟਵਰਕ ਦਾ ਜ਼ਿਕਰ ਕੀਤਾ, ਜੋ ਮਸ਼ੀਨਰੀ ਦੀ ਕਿਸਾਨਾਂ ਤੱਕ ਆਸਾਨ ਪੁਹੰਚ ਨੂੰ ਯਕੀਨੀ ਬਣਾਉਂਦਾ ਹੈ। ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਕਿਫਾਇਤੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ’ਚ 66 ਸਹਿਕਾਰੀ ਸਭਾਵਾਂ ਵੱਲੋਂ 1151 ਨਵੇਂ ਕਸਟਮ ਹਾਇਰਿੰਗ ਸੈਂਟਰ (ਸੀ.ਐਚ.ਸੀ.) ਸਥਾਪਤ ਕੀਤੇ ਗਏ। ਇਸ ਵਿੱਚ 1042 ਪੇਂਡੂ ਉੱਦਮੀ ਸ਼ਾਮਲ ਹਨ, ਜੋ ਸਥਾਨਕ ਉੱਦਮ ਨੂੰ ਚਲਾ ਕੇ ਯੋਜਨਾ ਨੂੰ ਮਜ਼ਬੂਤ ਆਧਾਰ ਦਿੰਦੇ ਹਨ, 28 ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ.) ਪੈਮਾਨੇ ਦੀ ਆਰਥਿਕਤਾ ਨੂੰ ਵਧਾਉਂਦੇ ਹਨ ਅਤੇ 15 ਗ੍ਰਾਮ ਪੰਚਾਇਤਾਂ ਪਿੰਡ ਪੱਧਰ ’ਤੇ ਭਾਈਚਾਰਕ ਤੌਰ ’ਤੇ ਹੱਲ ਯਕੀਨੀ ਬਣਾਉਂਦੀਆਂ ਹਨ।

ਸਿੱਧੀ ਮਾਲਕੀ ਨੂੰ ਵੱਡਾ ਹੁਲਾਰਾ ਦਿੰਦਿਆਂ ਇਸ ਯੋਜਨਾ ਨੇ 4181 ਵਿਅਕਤੀਗਤ ਕਿਸਾਨਾਂ ਨੂੰ ਵੀ ਆਧੁਨਿਕ, ਕੁਸ਼ਲ ਸੀਆਰਐਮ ਮਸ਼ੀਨਾਂ ਪ੍ਰਦਾਨ ਕਰਕੇ ਲਾਭ ਪਹੁੰਚਾਇਆ ਹੈ। ਇਸ ਤੋਂ ਇਲਾਵਾ ਉਦਯੋਗਿਕ ਵੈਲੀਊ ਚੇਨ ਨੂੰ ਮਜ਼ਬੂਤ ਕਰਨ ਲਈ ਇੱਕ ਰਣਨੀਤਕ ਕਦਮ ਤਹਿਤ, 26 ਪੈਡੀ ਸਪਲਾਈ ਚੇਨ ਸਥਾਪਤ ਕੀਤੀਆਂ ਗਈਆਂ ਹਨ। ਇਹ ਸਪਲਾਈ ਚੇਨ ਪਰਾਲੀ ਨੂੰ ਬਾਇਓਮਾਸ ਪਲਾਂਟਾਂ ਅਤੇ ਉਦਯੋਗਿਕ ਇਕਾਈਆਂ ਤੱਕ ਪਹੁੰਚਣ ਅਤੇ ਲਿਆਉਣ-ਲਿਜਾਣ, ਪ੍ਰਭਾਵਸ਼ਾਲੀ ਢੰਗ ਨਾਲ ਰਹਿੰਦ-ਖੂੰਹਦ ਨੂੰ ਮਾਲੀਏ ਵਿੱਚ ਬਦਲਣ ਅਤੇ ਇੱਕ ਸਰਕੂਲਰ ਅਰਥਵਿਵਸਥਾ ਦਾ ਨਿਰਮਾਣ ਕਰਨ ਵਿੱਚ ਅਹਿਮ ਯੋਗਦਾਨ ਨਿਭਾਏਗੀ।

 ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 395 ਕਰੋੜ ਰੁਪਏ ਦੀ ਮਿਸਾਲੀ ਸਬਸਿਡੀ ਕਿਸਾਨ ਭਾਈਚਾਰੇ ਅਤੇ ਵਾਤਾਵਰਣ ਪ੍ਰਤੀ ਸਰਕਾਰ ਦੇ ਦ੍ਰਿੜ ਵਚਨਬੱਧਤਾ ਦਾ ਸਪੱਸ਼ਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼  ਸਬਸਿਡੀ ਨਹੀਂ ਸਗੋਂ ਸੂਬੇ ਦੇ ਭਵਿੱਖ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਸਾਹ ਲੈਣ ਵਾਲੀ ਸਵੱਛ ਤੇ ਤਾਜ਼ੀ ਹਵਾ ਵਿੱਚ ਇੱਕ ਨਿਵੇਸ਼ ਹੈ। ਸਰਕਾਰ ਵੱਲੋਂ ਪਿੰਡ ਪੱਧਰ ’ਤੇ ਮਸ਼ੀਨਰੀ ਦੀ ਉਪਲਬਧਤਾ ਤੋਂ ਲੈ ਕੇ ਪਰਾਲੀ ਲਈ ਮਜ਼ਬੂਤ ਮਾਰਕੀਟ ਯਕੀਨੀ ਬਣਾਉਣ ਤੱਕ ਸਾਰੇ ਹੱਲ ਪ੍ਰਦਾਨ ਕੀਤੇ ਜਾ ਰਹੇ ਹਨ।

ਖੇਤੀਬਾੜੀ ਮੰਤਰੀ ਨੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਉਪਕਰਣਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ। ਸਾਲ 2025-26 ਲਈ ਸੀਆਰਐਮ ਸਕੀਮ ਅਧੀਨ ਇਸ ਅਹਿਮ ਯਤਨ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆ ਰਹੇ ਹਨ, ਕਿਉਂਕਿ ਸਾਉਣੀ ਸੀਜ਼ਨ 2025 ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 53 ਫ਼ੀਸਦ ਦੀ ਗਿਰਾਵਟ ਆਈ ਹੈ, ਜਿਸ ਨਾਲ ਸਾਲ 2024 ਵਿੱਚ ਮਾਮਲੇ 10,909 ਤੋਂ ਘਟ ਕੇ 5,114 ਰਹਿ ਗਏ, ਜਿਸ ਨਾਲ ਦੇਸ਼ ਵਿੱਚ ਟਿਕਾਊ ਖੇਤੀਬਾੜੀ ਲਈ ਇੱਕ ਨਵਾਂ ਮਾਪਦੰਡ ਸਥਾਪਤ ਹੋਇਆ ਹੈ।

ਗਣੇਸ਼ ਦਾਸ ਅਰੋੜਾ ਦੀ ਹੋਈ ਮੌਤ - ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਗਣੇਸ਼ ਦਾਸ ਅਰੋੜਾ ਵਲੋਂ ਅੱਜ ਦੁਪਹਿਰ ਕਰੀਬ 1 ਵਜੇ ਹਰਿਆਣਾ ਸਿਵਲ ਸਕੱਤਰੇਤ ਦੀ ਦਸਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਅਚਾਨਕ ਘਟਨਾ ਨਾਲ ਹਰਿਆਣਾ ਸਿਵਲ ਸਕੱਤਰੇਤ ਅਤੇ ਪੰਜਾਬ ਸਿਵਲ ਸਕੱਤਰੇਤ ਵਿਚ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਦੁਪਹਿਰ ਦੇ ਸਮੇਂ ਵਾਪਰੀ, ਜਦੋਂ ਦਫ਼ਤਰੀ ਕੰਮਕਾਜ ਚੱਲ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਕਰਮਚਾਰੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਖ਼ਮੀ ਹਾਲਤ ਵਿਚ ਉਸ ਅਧਿਕਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘਟਨਾ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਪ੍ਰਸ਼ਾਸਨਿਕ ਵਰਗ ਵਿਚ ਸੋਗ ਦੀ ਲਹਿਰ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.