Monday, 15 June 2026

ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਣੇ ਉਤਰੀ ਭਾਰਤ ’ਚ ਭਰਵਾਂ ਮੀਂਹ ਪਿਆ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਬਦਲੇ ਮੌਸਮ ਦੌਰਾਨ ਤਾਪਮਾਨ ਵਿਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਿਮਾਚਲ ਦੇ ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਮੈਦਾਨੀ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਬਰਫਬਾਰੀ ਜਾਰੀ ਹੈ। ਸ੍ਰੀਨਗਰ ਏਅਰਪੋਰਟ ’ਤੇ ਕਰੀਬ 4 ਇੰਚ ਤੱਕ ਬਰਫ ਜੰਮ ਗਈ ਹੈ ਅਤੇ ਇਸ ਕਰਕੇ ਹਵਾਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ  ਕਿ ਆਉਂਦੇ 2 ਦਿਨਾਂ ਦੌਰਾਨ ਗੜ੍ਹੇਮਾਰੀ ਹੋ ਸਕਦੀ ਹੈ ਅਤੇ ਹੋਰ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰ ਦਿੱਤਾ ਹੈ। ਇਸੇ ਦੌਰਾਨ 20 ਆਈਏਐਸ ਅਫਸਰਾਂ ਅਤੇ 6 ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸਦੇ ਚੱਲਦਿਆਂ ਆਈਏਐਸ ਆਦਿੱਤਿਆ ਡੇਚਲਵਾਲ ਨੂੰ ਰੋਪੜ ਦੇ ਨਵੇਂ ਡਿਪਟੀ ਕਮਿਸ਼ਨਰ ਦਾ ਚਾਰਜ ਦਿੱਤਾ ਹੈ। ਇਸਦੇ ਨਾਲ ਹੀ ਵਿਜੇ ਨਾਮਦੇਵ ਰਾਓ ਨੂੰ ਵਿੱਤ ਵਿਭਾਗ ਦੇ ਸਕੱਤਰ ਦੇ ਨਾਲ ਪਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਲਪ੍ਰੀਤ ਸਿੰਘ ਔਲਖ ਨੂੰ ਨਵਾਂਸ਼ਹਿਰ ਦਾ ਡਿਪਟੀ ਕਮਿਸ਼ਨਰ, ਨੀਰੂ ਕੱਤਿਆਲ ਗੁਪਤਾ ਨੂੰ ਲੁਧਿਆਣਾ ਨਗਰ ਨਿਗਮ ਦਾ ਕਮਿਸ਼ਨਰ ਅਤੇ ਆਈਏਐਸ ਵਰਜੀਤ ਵਾਲੀਆ ਨੂੰ ਪਟਿਆਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਆਈਏਐਸ ਸਾਖਸ਼ੀ ਸਾਹਨੀ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਚਾਰਜ ਦਿੱਤਾ ਗਿਆ ਹੈ। ਇਸ ਤਰ੍ਹਾਂ ਹੋਰ ਵੀ ਆਈਏਐਸ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਕਿਹਾ : ਵਿੱਤ ਆਯੋਗ ਰਾਹੀਂ ਮਿਲਣ ਵਾਲੀਆਂ ਗਰਾਂਟਾਂ ਰੋਕ ਰਹੀ ਪੰਜਾਬ ਸਰਕਾਰ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਗਰਾਂਟਾਂ ਰੋਕੇ ਜਾਣ ਦੇ ਮੁੱਦੇ ’ਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਔਜਲਾ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਵਿੱਤ ਆਯੋਗ ਦੇ ਤਹਿਤ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਵਿਕਾਸ ਗਰਾਂਟ ਨੂੰ ਜਾਣ ਬੁੱਝ ਕੇ ਰੋਕ ਰਹੀ ਹੈ। ਔਜਲਾ ਨੇ ਕਿਹਾ ਕਿ ਅੰਮਿ੍ਰਤਸਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਕਈ ਸਰਪੰਚਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਲੰਮੇ ਸਮੇਂ ਤੋਂ ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਹੈ ਕਿਉਂਕਿ ਸਰਕਾਰ ਵਲੋਂ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਔਜਲਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ’ਚ ਸੱਤਾਧਾਰੀ ਪਾਰਟੀ ਵਿਰੋਧੀ ਦਲਾਂ ਨਾਲ ਜੁੜੇ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਦਬਾਅ ਬਣਾ ਰਹੀ ਹੈ।

ਜਲੰਧਰ/ਬਿਊਰੋ ਨਿਊਜ਼ 

ਜਲੰਧਰ ਜ਼ਿਲ੍ਹੇ ਦੇ ਪਿੰਡ ਮਾਹਲ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਕੀਤੀ ਗਈ ਬੇਅਦਬੀ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਨੋਟਿਸ ਲਿਆ। ਜਥੇਦਾਰ ਗੜਗੱਜ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਪਹਿਰੇਦਾਰੀ, ਗੁਰੂ ਘਰ ਦੇ ਪ੍ਰਬੰਧ ਪੁਖਤਾ ਅਤੇ ਸੁਰੱਖਿਅਤ ਬਣਾਉਣ ਵਿੱਚ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਰਾਰਤੀ ਅਨਸਰਾਂ ਵੱਲੋਂ ਮਾਹਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਬੱਚੇ ਵੱਲੋਂ ਗੁਰੂ ਸਾਹਿਬ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਵਾ ਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ, ਜਿਸ ਨਾਲ ਸੰਗਤਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ। 

92 ਬੇਟੀਆਂ ਨੂੰ ਸ਼ਗਨ ਦੇ ਚੁੱਕਾ ਹੈ ਸਰਬੱਤ ਦਾ ਭਲਾ ਟਰੱਸਟ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ 8 ਧੀਆਂ ਦੇ ਵਿਆਹ ਲਈ ਇੱਕ-ਇੱਕ ਲੱਖ ਰੁਪਏ ਦੇ ਚੈਕ ਭੇਟ ਕੀਤੇ। ਇਹ ਸਹਾਇਤਾ ਟਰੱਸਟ ਦੀ ‘ਹੜ੍ਹ ਪ੍ਰਭਾਵਿਤ ਵਿਆਹ ਯੋਜਨਾ’ ਦੇ ਤਹਿਤ ਦਿੱਤੀ ਗਈ ਹੈ। ਇਸ ਮੌਕੇ ਟਰੱਸਟ ਦੇ ਸੰਸਥਾਪਕ ਅਤੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਵਿਸ਼ੇਸ਼ ਤੌਰ ’ਤੇ ਸਰਹੱਦੀ ਖੇਤਰ ਵਿਚ ਪਹੁੰਚੇ। ਡਾ. ਉਬਰਾਏ ਨੇ ਦੱਸਿਆ ਕਿ ਟਰੱਸਟ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ 300 ਧੀਆਂ ਦੇ ਵਿਆਹ ਕਰਨ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਦੇ ਲਈ 3 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੰਮਿ੍ਰਤਸਰ ਦੀਆਂ 8, ਤਰਨਤਾਰਨ ਦੀਆਂ 27 ਅਤੇ ਫਿਰੋਜ਼ਪੁਰ ਦੀਆਂ 21 ਧੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਤੋਂ ਬਾਅਦ, ਟਰੱਸਟ ਹੁਣ ਤੱਕ ਕੁੱਲ 92 ਵਿਆਹ ਕਰਵਾ ਚੁੱਕਾ ਹੈ। ਡਾ. ਉਬਰਾਏ ਨੇ ਇਹ ਵੀ ਦੱਸਿਆ ਕਿ 28 ਜਨਵਰੀ ਨੂੰ ਫਾਜ਼ਿਲਕਾ ਖੇਤਰ ਦੀਆਂ 24 ਹੋਰ ਧੀਆਂ ਦੇ ਵਿਆਹ ਦਾ ਖਰਚਾ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪਿਆ ਜਾਵੇਗਾ।  

ਚੰਡੀਗੜ੍ਹ/ਬਿਊਰੋ ਨਿਊਜ਼       

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਵਿਚ ਹੋਈ ਹੈ। ਇਸ ਮੀਟਿੰਗ ਵਿਚ  ਸੂਬੇ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਲੈ ਕੇ ਕਈ ਵੱਡੇ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਦੇ ਅਹਿਮ ਫੈਸਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਚੀਮਾ ਨੇ ਦੱਸਿਆ ਕਿ ਇਸ ਕੈਬਨਿਟ ਮੀਟਿੰਗ ਵਿਚ ‘ਭਗਵਾਨ ਰਾਮ ਜੀ’ ਦੇ ਜੀਵਨ ਉਤੇ ਅਧਾਰਿਤ 40 ਸ਼ੋਅ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਚੀਮਾ ਨੇ ਦੱਸਿਆ ਕਿ ਸਰਕਾਰ ਨੇ ‘ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਂਸੀਪਲ ਐਕਟ 2020’ ਦੀ ਧਾਰਾ 4 ਵਿੱਚ ਵੱਡੀ ਤਬਦੀਲੀ ਕੀਤੀ ਹੈ। ਇਸਦੇ ਚੱਲਦਿਆਂ ਹੁਣ ਨਗਰ ਕੌਂਸਲਾਂ ਦੀ ਜ਼ਮੀਨ ਨੂੰ ਇੱਕ ਵਿਭਾਗ ਤੋਂ ਦੂਜੇ ਵਿਭਾਗ ਜਾਂ ਜਨਤਕ ਕੰਮਾਂ ਲਈ ਤਬਦੀਲ ਕਰਨ ਦਾ ਅਧਿਕਾਰ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਕੋਲ ਹੋਵੇਗਾ। ਮੀਟਿੰਗ ਦੌਰਾਨ ਇਹ ਵੀ ਫੈਸਲਾ ਹੋਇਆ ਕਿ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਦੇ ਮਕਸਦ ਨਾਲ ਸਰਕਾਰ ਜਲਦੀ ਹੀ ਇਕ ਹਜ਼ਾਰ ਯੋਗਾ ਅਧਿਆਪਕਾਂ ਦੀ ਭਰਤੀ ਕਰੇਗੀ। ਇਨ੍ਹਾਂ ਫੈਸਲਿਆਂ ਤੋਂ ਇਲਾਵਾ ਪੰਜਾਬ ਕੈਬਨਿਟ ਵਿਚ ਹੋਰ ਵੀ ਕਈ ਫੈਸਲੇ ਕੀਤੇ ਗਏ ਹਨ। 

ਲੁਧਿਆਣਾ/ਬਿਊਰੋ ਨਿਊਜ਼  

ਪੰਜਾਬ ਵਿਚ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਵਿਚ ਇਕ ਵਾਰ ਫਿਰ ਤੋਂ ਬੈਲ ਗੱਡੀਆਂ ਦੀਆਂ ਦੌੜਾਂ ਹੋਣ ਜਾ ਰਹੀਆਂ ਹਨ। ਜੇਕਰ ਖੇਡਾਂ ਸ਼ੁਰੂ ਹੋਣ ਤੱਕ ਦੁਬਾਰਾ ਕੋਈ ਕਾਨੂੰਨੀ ਅੜਚਣ ਨਾ ਆਈ ਤਾਂ 11 ਸਾਲਾਂ ਬਾਅਦ ਇਹ ਇਤਿਹਾਸਕ ਖੇਡ ਦੁਬਾਰਾ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਆਉਂਦੀ 30 ਜਨਵਰੀ ਤੋਂ 1 ਫਰਵਰੀ ਤੱਕ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ 2014 ਵਿਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ। ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ’ਚ ਬਿੱਲ ਪਾਸ ਕਰਕੇ ਬੈਲ ਗੱਡੀਆਂ ਦੀਆਂ ਦੌੜਾਂ ਫਿਰ ਤੋਂ ਕਰਵਾਉਣ ਦਾ ਰਸਤਾ ਸਾਫ ਕਰ ਦਿੱਤਾ ਹੈ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੀ ਸ਼ੁਰੂਆਤ 1933 ਵਿਚ ਹੋਈ ਸੀ ਅਤੇ ਇਹ ਖੇਡਾਂ ਕਿਲ੍ਹਾ ਰਾਏਪੁਰ ਦੇ ਇੰਦਰ ਸਿੰਘ ਗਰੇਵਾਲ ਨੇ ਸ਼ੁਰੂ ਕਰਵਾਈਆਂ ਸਨ। ਹੁਣ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਦਾ ਆਯੋਜਨ ਕਰ ਰਹੀ ਹੈ। 

 

ਕਿਹਾ : ਮੈਂ ਹਾਂ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਔਫਰ ਮਿਲਿਆ ਹੈ। ਇਹ ਔਫਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਚੰਨੀ ਨੂੰ ਦਿੱਤਾ ਸੀ। ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਹਮੇਸ਼ਾ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ। ਚੰਨੀ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਕਈ ਔਫਰ ਆ ਰਹੇ ਹਨ। ਚੰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਚੰਨੀ ਪਾਰਟੀ ਬਦਲ  ਲਵੇਗਾ ਤਾਂ ਉਸ ਨੂੰ ਕਿਸੇ ਨੇ ਵੀ ਵੋਟ ਨਹੀਂ ਪਾਉਣੀ। ਇਸ ਤੋਂ ਪਹਿਲਾਂ ਚੰਨੀ ਨੇ ਪਾਰਟੀ ਵਿਚ ਵੱਡੇ ਅਹੁਦਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਦਲਿਤਾਂ ਨੂੰ ਕੋਈ ਮਹੱਤਵਪੂਰਨ ਅਹੁਦਾ ਨਹੀਂ ਦਿੱਤਾ ਗਿਆ ਹੈ। ਚੰਨੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੋਫਾੜ ਹੁੰਦੀ ਵੀ ਨਜ਼ਰ ਆਈ। ਇਸਦੇ ਚੱਲਦਿਆਂ 35 ਦੇ ਕਰੀਬ ਕਾਂਗਰਸੀ ਆਗੂਆਂ ਨੇ ਚੰਨੀ ਦੀ ਹਮਾਇਤ ਕੀਤੀ ਹੈ ਅਤੇ ਹਾਈਕਮਾਨ ਨੂੰ ਚਿੱਠੀ ਵੀ ਲਿਖੀ ਹੈ।

ਚੰਡੀਗੜ੍ਹ/ਬਿਊਰੋ ਨਿਊਜ਼

ਗੁਰਦਾਸਪੁਰ ਅਤੇ ਪਠਾਨਕੋਟ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਕੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਈਮੇਲ ’ਤੇ ਦਿੱਤੀ ਗਈ ਹੈ। ਧਮਕੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕੀਤੀ। ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸ਼ਨ ਵਲੋਂ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਘਰੀਂ ਭੇਜ ਦਿੱਤਾ ਗਿਆ। ਸਕੂਲਾਂ ਨੂੰ ਮਿਲੀਆਂ ਧਮਕੀਆਂ ਦੇ ਚੱਲਦਿਆਂ ਇਲਾਕੇ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਪਿਛਲੇ ਦਿਨੀਂ ਗੁਰਦਾਸਪੁਰ ਦੇ ਪ੍ਰਬੰਧਕੀ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਸਕੂਲਾਂ ਅਤੇ ਅਦਾਲਤਾਂ ਨੂੰ ਵੀ ਇਹੋ ਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। 

ਬਲਜੀਤ ਸਿੰਘ ਦਾਦੂਵਾਲ ਖਿਲਾਫ ਕਰੋੜਾਂ ਦੇ ਫੰਡਾਂ ਦੀ ਦੁਰਵਰਤੋਂ ਦੇ ਲਗਾਏ ਇਲਜ਼ਾਮ

ਅੰਮਿ੍ਰਤਸਰ/ਬਿਊਰੋ ਨਿਊਜ਼ 

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਲਜੀਤ ਸਿੰਘ ਦਾਦੂਵਾਲ ਖਿਲਾਫ ਸ਼ਿਕਾਇਤ ਪੱਤਰ ਸੌਂਪਿਆ ਹੈ। ਇਸ ਪੱਤਰ ਵਿਚ ਝੀਂਡਾ ਨੇ ਦਾਦੂਵਾਲ ਖਿਲਾਫ ਕਰੋੜਾਂ ਰੁਪਏ ਦੀ ਦੁਰਵਰਤੋਂ ਅਤੇ ਬਦਸਲੂਕੀ ਦੇ ਇਲਜ਼ਾਮ ਲਗਾਏ ਹਨ। ਝੀਂਡਾ ਨੇ ਦਾਦੂਵਾਲ ਖਿਲਾਫ ਪੰਥਕ ਮਰਿਆਦਾ ਅਨੁਸਾਰ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ 22 ਸਾਲ ਸੰਘਰਸ਼ ਕਰਕੇ ਅਤੇ ਆਪਣਾ ਕਾਰੋਬਾਰ ਦਾਅ ’ਤੇ ਲਗਾ ਕੇ ਹਰਿਆਣਾ ਲਈ ਵੱਖਰੀ ਕਮੇਟੀ ਹਾਸਲ ਕੀਤੀ ਹੈ, ਪਰ ਕੁਝ ਸ਼ਖ਼ਸੀਅਤਾਂ ਨੇ ਇਸ ਨੂੰ ਨਿੱਜੀ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਝੀਂਡਾ ਨੇ ਕਿਹਾ ਕਿ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਉਚੀ ਅਦਾਲਤ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਿੰਘ ਸਾਹਿਬ ਸੱਚਾਈ ਦਾ ਸਾਥ ਦੇਣਗੇ। 

ਪੰਜਾਬੀਆਂ ਨੂੰ ਸਿੱਖ ਰੈਜੀਮੈਂਟ ’ਚ ਸ਼ਾਮਲ ਹੋਣ ਦੀ ਅਪੀਲ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਫੌਜ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਅਪੀਲ ਕਰਦਿਆਂ ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋਣ ਦੀ ਗੱਲ ਕੀਤੀ ਹੈ। ਭਾਰਤੀ ਫੌਜ ਨੇ ਸਿੱਖ ਫੌਜੀਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਪੰਜਾਬੀਆਂ ਨੂੰ ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਆਪਣੇ ਅਧਿਕਾਰਤ ਬਿਆਨ ਵਿਚ ਫੌਜ ਨੇ ਸਿੱਖ ਰੈਜੀਮੈਂਟ ਨੂੰ ਭਾਰਤੀ ਫੌਜ ਦੀਆਂ ਸਭ ਤੋਂ ਵੱਕਾਰੀ ਅਤੇ ਵਿਲੱਖਣ ਰੈਜੀਮੈਂਟਾਂ ’ਚੋਂ ਇਕ ਦੱਸਿਆ ਅਤੇ ਪੰਜਾਬੀ ਨੌਜਵਾਨਾਂ ਨੂੰੂ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਸੀਨੀਅਰ ਫੌਜੀ ਅਧਿਕਾਰੀਆਂ ਨੇ ਪੰਜਾਬ ਤੋਂ ਘੱਟ ਰਹੀ ਭਰਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇਹ ਵੀ ਕਿਹਾ ਗਿਆ ਕਿ ਹਿੰਮਤ, ਅਨੁਸ਼ਾਸ਼ਨ ਅਤੇ ਕੁਰਬਾਨੀ ਦੇ ਸਿਧਾਂਤ ਸਿੱਖ ਫੌਜੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਸਿੱਖ ਰੈਜੀਮੈਂਟ ਦੇ ਬਹੁਤ ਸਾਰੇ ਸਿਪਾਹੀ ਜੂਨੀਅਰ ਕਮਿਸ਼ਨਡ ਅਫਸਰ ਅਤੇ ਕਮਿਸ਼ਨਡ ਅਫਸਰ ਦੇ ਅਹੁਦਿਆਂ ਤੱਕ ਪਹੁੰਚ ਗਏ ਹਨ।


ਮੰਡੀ ਗੋਬਿੰਦਗੜ੍ਹ, 20 ਜਨਵਰੀ: ਪਲੇਸਬੋ ਕਲੱਬ, ਸਕੂਲ ਆਫ਼ ਫਾਰਮੇਸੀ, ਸਰਦਾਰ ਲਾਲ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਅਤੇ ਮਾਤਾ ਜਰਨੈਲ ਕੌਰ ਕਾਲਜ ਆਫ਼ ਫਾਰਮੇਸੀ ਵੱਲੋਂ ਇਨੋਵੇਸ਼ਨ ਕੌਂਸਲ (IIC), ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ (IQAC), ਦੇਸ਼ ਭਗਤ ਯੂਨੀਵਰਸਿਟੀ ਅਤੇ ਫਾਰਮੀਨੌਕਸ ਪ੍ਰਾਈਵੇਟ ਲਿਮਟਿਡ, ਬੱਦੀ (ਸੋਲਨ, ਹਿਮਾਚਲ ਪ੍ਰਦੇਸ਼) ਦੇ ਸਹਿਯੋਗ ਨਾਲ ਇੱਕ ਉਦਯੋਗ-ਮੁਖੀ ਵਰਕਸ਼ਾਪ ਕਾਰਵਾਈ।
ਇਸ ਪ੍ਰੋਗਰਾਮ ਦਾ ਉਦੇਸ਼ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਵਿਹਾਰਕ ਅਨੁਭਵ ਅਤੇ ਫਾਰਮਾਸਿਊਟੀਕਲ ਉਦਯੋਗ ਦੇ ਕਾਰਜਾਂ ਦੀ ਯਥਾਰਥਵਾਦੀ ਸਮਝ ਪ੍ਰਦਾਨ ਕਰਨਾ ਸੀ, ਜਿਸ ਨਾਲ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਉਮੀਦਾਂ ਵਿਚਕਾਰ ਪਾੜੇ ਨੂੰ ਪੂਰਾ ਕੀਤਾ ਜਾ ਸਕੇ।  
ਇਸ ਵਰਕਸ਼ਾਪ ਦੌਰਾਨ ਦੋ ਤਕਨੀਕੀ ਸੈਸ਼ਨ ਕਰਵਾਏ ਗਏ। ਸਵੇਰ ਦਾ ਸੈਸ਼ਨ ‘ਫਾਰਮਾਸਿਊਟੀਕਲ ਇੰਡਸਟਰੀ ਦਾ ਰੋਡਮੈਪ - ਕਲਾਸਰੂਮ ਤੋਂ ਸ਼ਾਪ ਫਲੋਰ ਤੱਕ’ ਉਦਯੋਗ ਦੀਆਂ ਉਮੀਦਾਂ, ਹੁਨਰ ਦੇ ਪਾੜੇ, ਕਰੀਅਰ ਮਾਰਗਾਂ ਅਤੇ ਪੇਸ਼ੇਵਰ ਅਨੁਸ਼ਾਸਨ ’ਤੇ ਕੇਂਦ੍ਰਿਤ ਸੀ। ਦੁਪਹਿਰ ਦਾ ਸੈਸ਼ਨ ‘ਫਾਰਮਾਸਿਊਟੀਕਲ ਇੰਡਸਟਰੀ ਵਿੱਚ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ - ਕੌਣ ਕੀ ਕਰਦਾ ਹੈ ਅਤੇ ਕਿਉਂ ਤਾਲਮੇਲ ਗੁਣਵੱਤਾ ਦਾ ਫੈਸਲਾ ਕਰਦਾ ਹੈ’ QA, QC, ਉਤਪਾਦਨ, RA, IPQA ਅਤੇ ਵੇਅਰਹਾਊਸ ਵਰਗੇ ਮੁੱਖ ਵਿਭਾਗਾਂ ਵਿੱਚ ਸੂਝ-ਬੂਝ ਪੇਸ਼ ਕੀਤੀ, ਅੰਤਰ-ਵਿਭਾਗੀ ਤਾਲਮੇਲ ਅਤੇ ਗੁਣਵੱਤਾ ਪਾਲਣਾ ’ਤੇ ਜ਼ੋਰ ਦਿੱਤਾ ਗਿਆ।
ਇਸ ਦੌਰਾਨ ਰਿਸੋਰਸ ਪਰਸਨ ਵਿਪਿਨ ਸ਼ਰਮਾ ਅਤੇ ਪੂਜਾ ਸ਼ਰਮਾ ਨੇ ਕੀਮਤੀ ਉਦਯੋਗ ਸੂਝ, ਅਸਲ-ਜੀਵਨ ਦੇ ਕੇਸ ਅਧਿਐਨ ਅਤੇ ਵਿਹਾਰਕ ਅਨੁਭਵ ਸਾਂਝੇ ਕੀਤੇ, ਜਿਸ ਨਾਲ ਸੈਸ਼ਨਾਂ ਨੂੰ ਇੰਟਰੈਕਟਿਵ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ। ਤਕਨੀਕੀ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਕਰੀਅਰ ਦੀ ਤਿਆਰੀ, ਅਸਲ-ਸੰਸਾਰ ਦੇ ਕਾਰਜਾਂ ਅਤੇ ਗੁਣਵੱਤਾ ਪ੍ਰਣਾਲੀਆਂ ਬਾਰੇ ਸਪੱਸ਼ਟਤਾ ਪ੍ਰਾਪਤ ਕੀਤੀ।
ਵਰਕਸ਼ਾਪ ਦੀ ਸਮਾਪਤੀ ਪ੍ਰਿੰਸੀਪਲ ਡਾ. ਪੂਜਾ ਗੁਲਾਟੀ ਦੇ ਧੰਨਵਾਦ ਨਾਲ ਹੋਇਆ, ਜਿਨ੍ਹਾਂ ਨੇ ਸਹਿਯੋਗੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਪੇਸ਼ੇਵਰ ਵਿਕਾਸ ਲਈ ਸਿੱਖਿਆਵਾਂ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.