Monday, 15 June 2026


*•ਪੰਜ ਪੁਲਾਂ ਅਤੇ ਅਹਿਮ ਰੋਡ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਸੜਕੀ ਸੰਪਰਕ ਤੇ ਆਰਥਿਕ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ: ਬੈਂਸ*

*• ਬੁਨਿਆਦੀ ਢਾਂਚਾ ਪ੍ਰਾਜੈਕਟ ਸਥਾਨਕ ਲੋਕਾਂ ਦੀ ਜ਼ਿੰਦਗੀ ਵਿੱਚ ਲਿਆਉਣਗੇ ਸਕਾਰਾਤਮਕ ਬਦਲਾਅ: ਹਰਜੋਤ ਸਿੰਘ ਬੈਂਸ*

ਚੰਡੀਗੜ੍ਹ, 9 ਫਰਵਰੀ:–


ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਹੋਰ ਤੇਜ਼ੀ ਲਿਆਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ ਕਿ ਇਲਾਕੇ ਵਿੱਚ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਨਾਲ ਸਬੰਧਤ ਅਹਿਮ ਪ੍ਰੋਜੈਕਟਾਂ ਨੂੰ ਹਰੀ ਝੰਡੀ ਮਿਲ ਗਈ ਹੈ।

ਇੱਥੋਂ ਜਾਰੀ ਵੀਡੀਓ ਸੰਦੇਸ਼ ਵਿੱਚ ਸ. ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪੰਜ ਅਹਿਮ ਪੁਲਾਂ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਮਨਜ਼ੂਰੀ ਮਿਲ ਗਈ ਹੈ।

ਸ. ਬੈਂਸ ਨੇ ਕਿਹਾ, "ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਕਾਸ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।" ਉਨ੍ਹਾਂ ਕਿਹਾ ਕਿ ਪ੍ਰਵਾਨਿਤ ਪੁਲ ਪ੍ਰੋਜੈਕਟਾਂ ਵਿੱਚ ਬ੍ਰਹਮਪੁਰ ਅਤੇ ਡਰੋਲੀ ਪੁਲ ਸ਼ਾਮਲ ਹਨ, ਜੋ ਅਸਲ ਵਿੱਚ ਨਹਿਰ ਦੀ ਉਸਾਰੀ ਸਮੇਂ ਬਣਾਏ ਗਏ ਸਨ। ਇਨ੍ਹਾਂ ਪੁਲਾਂ ਨੂੰ ਆਧੁਨਿਕ ਜ਼ਰੂਰਤਾਂ ਨੂੰ ਵੇਖਦਿਆਂ ਹੁਣ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੰਗੂਵਾਲ ਡਬਲ ਪੁਲ ਇੱਕ ਰਣਨੀਤਕ ਪ੍ਰੋਜੈਕਟ ਹੈ। ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਖਾਸ ਕਰਕੇ ਗੁਰੂ ਕਾ ਲਾਹੌਰ ਵਿਖੇ ਵਿਆਹ ਪੁਰਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੌਰਾਨ ਵੱਡੀ ਗਿਣਤੀ ਵਿੱਚ ਪੁੱਜਣ ਵਾਲੀ ਸੰਗਤ ਨੂੰ ਜਿੱਥੇ ਵੱਡੀ ਸੌਖ ਹੋਵੇਗੀ ਉੱਥੇ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ। ਉਨ੍ਹਾਂ ਕਿਹਾ, "ਇਸ ਨਾਲ ਸੰਗਤ ਲਈ ਨਿਰਵਿਘਨ ਯਾਤਰਾ ਯਕੀਨੀ ਬਣਾਏਗੀ।"

ਇਸ ਤੋਂ ਇਲਾਵਾ, ਅਟਾਰੀ ਪਿੰਡ ਦਾ ਪੁਲ ਅਟਾਰੀ ਪਿੰਡ ਨੂੰ ਸਿੱਧੇ ਕੌਮੀ ਰਾਜਮਾਰਗ ਨਾਲ ਜੋੜੇਗਾ ਜਿਸ ਨਾਲ ਲੰਬੇ ਚੱਕਰ ਖਤਮ ਹੋਣਗੇ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਾਓਵਾਲ ਪੁਲ ਨਾਲ ਖੇਤਰ ਵਿੱਚ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਰਸਾ ਨੰਗਲ ਪੁਲ ਪ੍ਰੋਜੈਕਟ ਦਾ ਟੈਂਡਰ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ ਅਤੇ ਇਸ ਦਾ ਕੰਮ 14 ਅਪ੍ਰੈਲ ਦੇ ਆਸਪਾਸ ਸ਼ੁਰੂ ਹੋ ਜਾਵੇਗਾ।

ਸ. ਬੈਂਸ ਨੇ ਨੰਗਲ ਤੋਂ ਕਲਮਾ ਮੋੜ ਸੜਕ ਅਤੇ ਭੰਗਲਾਂ ਤੋਂ ਕਾਨਪੁਰ ਖੂਹੀ ਸੜਕ ਸਬੰਧੀ ਯੋਜਨਾਵਾਂ ਬਾਰੇ ਵੀ ਯੋਜਨਾ ਸਾਂਝੀ ਕੀਤੀ। ਨੰਗਲ ਤੋਂ ਕਲਮਾ ਮੋੜ ਸੜਕ 10 ਕਰੋੜ ਰੁਪਏ ਦੀ ਲਾਗਤ ਨਾਲ ਭਾਰੀ ਉਦਯੋਗਿਕ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਈ ਜਾਵੇਗੀ, ਜਦੋਂ ਕਿ ਭੰਗਲਾਂ ਤੋਂ ਕਾਨਪੁਰ ਖੂਹੀ ਸੜਕ ਨੂੰ ਅਪਗ੍ਰੇਡ ਕਰਨ ਨਾਲ ਬੱਸ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਖੇੜਾ ਕਲਮੋਟ ਵਿੱਚ ਪਾਣੀ ਭਰਨ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੜਕ ਦੇ ਦੋਵੇਂ ਪਾਸੇ ਕੰਕਰੀਟ ਦੀ ਡਰੇਨ ਬਣਾਈ ਜਾਵੇਗੀ। ਇਹ ਪ੍ਰਾਜੈਕਟ ਲਗਭਗ 12.5 ਕਰੋੜ ਰੁਪਏ ਨਾਲ ਤਿਆਰ ਹੋਵੇਗਾ। ਇਨ੍ਹਾਂ ਦੋਵਾਂ ਪ੍ਰੋਜੈਕਟਾਂ 'ਤੇ ਕੰਮ ਅਗਲੇ ਦੋ ਹਫ਼ਤਿਆਂ ਦੇ ਅੰਦਰ ਸ਼ੁਰੂ ਹੋ ਜਾਵੇਗਾ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਜਿੱਥੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਉੱਥੇ ਇਲਾਕੇ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਸੜਕੀ ਸੰਪਰਕ ਬਿਹਤਰ ਹੋਵੇਗਾ।  ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮਹਿਜ਼ ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ, ਬਲਕਿ ਲੋਕਾਂ ਦੀਆਂ ਜਿੰਦਗੀਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦਾ ਜ਼ਰੀਆ ਸਾਬਤ ਹੋਣਗੇ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਟਿਕਾਊ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਦਿੱਲੀ ਦੇ ਸਕੂਲਾਂ ਨੂੰ ਵੀ ਮਿਲੀ ਹੈ ਬੰਬ ਦੀ ਧਮਕੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਈਕੋਰਟ ਨੂੰ ਇਕ ਈਮੇਲ ਪ੍ਰਾਪਤ ਹੋਈ ਹੈ, ਜਿਸ ਵਿਚ ਕੰਪਲੈਕਸ ’ਚ ਬੰਬ ਰੱਖੇ ਜਾਣ ਦੀ ਧਮਕੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਦੋ ਵਾਰ ਹਾਈਕੋਰਟ ਨੂੰ ਅਜਿਹੀ ਧਮਕੀ ਮਿਲੀ ਸੀ। ਇਸੇ ਦੌਰਾਨ ਰਾਜਧਾਨੀ ਦਿੱਲੀ ਵਿਚ 10 ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਫਿਰ ਧਮਕੀ ਮਿਲੀ ਹੈ। ਈਮੇਲ ਰਾਹੀਂ ਮਿਲੀ ਇਸ ਧਮਕੀ ਤੋਂ ਬਾਅਦ ਵੱਡੇ ਪੱਧਰ ’ਤੇ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਦਿੱਲੀ ਫਾਇਰ ਸਰਵਿਸ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਗਿਆ ਕਿ ਕਈ ਵਿਦਿਅਕ ਸੰਸਥਾਵਾਂ ਤੋਂ ਐਮਰਜੈਂਸੀ ਕਾਲਾਂ ਪ੍ਰਾਪਤ ਹੋਈਆਂ ਅਤੇ ਜਿਸ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅਤੇ ਬੰਬ ਨਿਰੋਧਕ ਦਸਤੇ ਤੁਰੰਤ ਉਨ੍ਹਾਂ ਸਥਾਨਾਂ ’ਤੇ ਭੇਜੇ ਗਏ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਲਈ ਗਈ ਹੈ।  

ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸਪਸ਼ਟੀਕਰਨ ਦੇਣ ਲਈ ਕੀਤਾ ਤਲਬ
ਚੰਡੀਗੜ੍ਹ, 9 ਫਰਵਰੀ: 
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਬਾਰੇ ਕੀਤੀ ਗਈ ਟਿੱਪਣੀ ਦਾ ਸੂ-ਮੋਟੋ ਨੋਟਿਸ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀਓ ਖਿਲਾਫ ਗ਼ਲਤ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਤੋਂ ਡੀਐਸਪੀ /ਐਸਪੀ ਪੱਧਰ ਦੇ ਅਧਿਕਾਰੀ ਰਾਹੀਂ 11 ਫਰਵਰੀ 2026 ਨੂੰ ਬਾਅਦ ਦੁਪਹਿਰ 3 ਵਜੇ ਰਿਪੋਰਟ ਤਲਬ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਇਸ ਵਾਇਰਲ ਵੀਡੀਓ ਸਬੰਧੀ ਸਪਸ਼ਟੀਕਰਨ ਦੇਣ ਲਈ 11 ਫਰਵਰੀ 2026 ਨੂੰ ਦੁਪਹਿਰ 3 ਵਜੇ ਤਲਬ ਕੀਤਾ ਗਿਆ ਹੈ।

ਬੈਰੀਕੇਡ ਪੁੱਟ ਕੇ ਲੰਘਣ ਦੀ ਕੋਸ਼ਿਸ਼ ਕਰਦੇ ਵਰਕਰਾਂ ਖਿਲਾਫ ਕੀਤੀ ਗਈ ਕਾਰਵਾਈ

ਚੰਡੀਗੜ੍ਹ/ਬਿਊਰੋ ਨਿਊਜ਼ 

ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਘਰ ਦਾ ਘਿਰਾਓ ਕਰਨ ਜਾਂਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਨੇ ਐਮ.ਐਲ.ਏ. ਹੋਸਟਲ ਦੇ ਗੇਟ ਉਤੇ ਹੀ ਵੱਡੀਆਂ ਰੋਕਾਂ ਲਗਾ ਕੇ ਰੋਕ ਦਿੱਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਪੁਲਿਸ ਦੀਆਂ ਰੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ’ਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ’ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਖਿਲਾਫ ‘ਆਪ’ ਵਲੋਂ ਚੰਡੀਗੜ੍ਹ ਦੇ ਐਮ.ਐਲ.ਏ. ਹੋਸਟਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਬੈਂਡ ਬਾਜੇ ਵਾਲਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਗਲਤੀ ਲਈ ਮੁਆਫੀ ਮੰਗਣ ਲਈ ਕਿਹਾ ਹੈ। 

ਮੰਡੀ ਗੋਬਿੰਦਗੜ੍ਹ, 9 ਫਰਵਰੀ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੇ ਵਫ਼ਦ ਨੇ ਚੰਡੀਗੜ੍ਹ ਵਿੱਚ ਆਯੋਜਿਤ ਅਲਬਰਟਾ (ਕੈਨੇਡਾ) - ਭਾਰਤ ਡਿਪਲੋਮੈਟਿਕ ਸਟੇਟ ਵਿਜ਼ਿਟ 2026 ਵਿੱਚ ਸ਼ਾਮਿਲ ਹੋ ਕੇ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਨਾਲ ਵਿਸ਼ਵਵਿਆਪੀ ਅਕਾਦਮਿਕ ਸਹਿਯੋਗ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਪ੍ਰਤੀ ਆਪਣੀ ਵਚਨਬੱਧਤਾ `ਪੇਸ਼ ਕੀਤੀ।
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਉੱਚ-ਪੱਧਰੀ ਕਾਰਜਕਾਰੀ ਮੀਟਿੰਗ ਅਤੇ ਰਣਨੀਤਕ ਸੰਵਾਦ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਅਲਬਰਟਾ, ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਵਾਦ ਮੰਤਰੀ ਰਾਜਨ ਸਾਹਨੀ ਨਾਲ ਗੱਲਬਾਤ ਕੀਤੀ।
ਇਸ ਗੱਲਬਾਤ ਦੌਰਾਨ ਯੂਨੀਵਰਸਿਟੀ ਲੀਡਰਸ਼ਿਪ ਨੇ ਰਸਮੀ ਤੌਰ 'ਤੇ ਡੀਬੀਯੂ ਵੱਲੋਂ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਵਾਦ ਮੰਤਰੀ ਰਾਜਨ ਸਾਹਨੀ ਨੂੰ ਇੱਕ ਅਧਿਕਾਰਤ ਸਹਿਯੋਗ ਲਈ  ਦਸਤਾਵੇਜ਼ ਪੇਸ਼ ਕੀਤਾ। ਦਸਤਾਵੇਜ਼ ਵਿੱਚ ਡੀਬੀਯੂ ਦੇ ਦ੍ਰਿਸ਼ਟੀਕੋਣ, ਅਕਾਦਮਿਕ ਸ਼ਕਤੀਆਂ ਅਤੇ ਭਾਰਤ ਅਤੇ ਅਲਬਰਟਾ ਵਿਚਕਾਰ ਸਹਿਯੋਗ ਦੇ ਪ੍ਰਸਤਾਵਿਤ ਖੇਤਰਾਂ ਨੂੰ ਮੁੱਖ ਰਣਨੀਤਕ ਥੰਮ੍ਹਾਂ ਵਿੱਚ ਦਰਸਾਇਆ ਗਿਆ ਹੈ, ਜਿਸ ਵਿੱਚ ਸਿੱਖਿਆ ਅਤੇ ਅਕਾਦਮਿਕ ਨਵੀਨਤਾ, ਖੋਜ ਅਤੇ ਗਿਆਨ ਸਿਰਜਣਾ, ਤਕਨਾਲੋਜੀ ਅਤੇ ਉੱਭਰ ਰਹੇ ਖੇਤਰ, ਊਰਜਾ ਅਤੇ ਹਾਈਡ੍ਰੋਜਨ, ਖੇਤੀਬਾੜੀ-ਤਕਨੀਕ ਅਤੇ ਹੁਨਰ ਵਿਕਾਸ ਸ਼ਾਮਲ ਹਨ।
ਇਸ ਪੱਤਰ ਵਿੱਚ ਡੀਬੀਯੂ ਦੀ ਸੰਯੁਕਤ ਅਕਾਦਮਿਕ ਪ੍ਰੋਗਰਾਮਾਂ, ਸਹਿਯੋਗੀ ਖੋਜ ਪਹਿਲਕਦਮੀਆਂ, ਵਿਦਿਆਰਥੀ ਅਤੇ ਫੈਕਲਟੀ ਗਤੀਸ਼ੀਲਤਾ, ਉਦਯੋਗ ਨਾਲ ਜੁੜੇ ਹੁਨਰ ਵਿਕਾਸ, ਅਤੇ ਨਵੀਨਤਾ-ਅਧਾਰਤ ਭਾਈਵਾਲੀ ਵਿੱਚ ਸ਼ਾਮਲ ਹੋਣ ਦੀ ਤਿਆਰੀ ਨੂੰ ਉਜਾਗਰ ਕੀਤਾ ਗਿਆ। ਇਹ ਪ੍ਰਸਤਾਵਿਤ ਸਹਿਯੋਗ ਵਿਸ਼ਵਵਿਆਪੀ ਸਭ ਤੋਂ ਵਧੀਆ ਅਭਿਆਸਾਂ ਨਾਲ ਜੁੜੇ ਹੋਏ ਹਨ ਅਤੇ ਭਾਰਤ ਅਤੇ ਅਲਬਰਟਾ ਵਿਚਕਾਰ ਅਕਾਦਮਿਕ ਅਤੇ ਉਦਯੋਗਿਕ ਸਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਭਵਿੱਖ ਲਈ ਕਾਰਜਬਲ ਤਿਆਰ ਕਰਨ ਦੇ ਉਦੇਸ਼ ਨਾਲ ਸਾਰਥਕ ਹਨ।


ਡਾ. ਸਿੱਧੂ ਪਹਿਲਾਂ ਹੀ ਕਾਂਗਰਸ ਪਾਰਟੀ ਛੱਡਣ ਦਾ ਕਰ ਚੁੱਕੀ ਹੈ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਡਾ. ਸਿੱਧੂ ਨੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਇਸੇ ਦੌਰਾਨ ਬਘੇਲ ਨੇ ਦੱਸਿਆ ਕਿ ਡਾ. ਸਿੱਧੂ ਪਹਿਲਾਂ ਹੀ ਪਾਰਟੀ ਵਿਚੋਂ ਮੁਅੱਤਲ ਸੀ ਅਤੇ ਹੁਣ ਉਸ ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸਿਆਸੀ ਹਲਕਿਆਂ ਵਿਚ ਚਰਚਾ ਛਿੜ ਗਈ ਹੈ ਅਤੇ ਹੁਣ ਸਿੱਧੂ ਜੋੜਾ ਕਿਸੇ ਹੋਰ ਸਿਆਸੀ ਪਾਰਟੀ ਵਿਚ ਜਾ ਸਕਦਾ ਹੈ।

ਕਾਲਜ ’ਚ ਬਣਿਆ ਦਹਿਸ਼ਤ ਦਾ ਮਾਹੌਲ
ਤਰਨਤਾਰਨ/ਬਿਊਰੋ ਨਿਊਜ਼
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਇਕ ਕਾਲਜ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਨੌਜਵਾਨ ਨੇ ਆਪਣੀ ਸਹਿਪਾਠੀ ਵਿਦਿਆਰਥਣ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇਨ੍ਹਾਂ ਦੋਵਾਂ ਵਿਦਿਆਰਥੀਆਂ ਸੰਦੀਪ ਕੌਰ ਅਤੇ ਪਿ੍ਰੰਸਰਾਜ ਸਿੰਘ ਦੀ ਮੌਤ ਹੋ ਗਈ। ਪਿ੍ਰੰਸਰਾਜ ਸਿੰਘ ਅਤੇ ਸੰਦੀਪ ਕੌਰ ਦੋਵੇਂ ਕਾਲਜ ਵਿਚ ਲਾਅ ਦੀ ਪੜ੍ਹਾਈ ਕਰ ਰਹੇ ਸਨ।  ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਕਾਲਜ ਦੇ ਅੰਦਰ ਵਾਪਰੀ। ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦਿਨ ਦਿਹਾੜੇ ਕਾਲਜ ਕੈਂਪਸ ਵਿਚ ਹੋਈ ਇਸ ਗੋਲੀਬਾਰੀ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵਲੋਂ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਸੀਸੀ ਟੀਵੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।


ਜਾਖੜ ਨੇ ਕਾਂਗਰਸੀ ਸੰਸਦ ਮੈਂਬਰਾਂ ’ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਲੋਕ ਸਭਾ ਵਿਚ ਪਾਏ ਜਾ ਰਹੇ ਵਿਘਨ ਨੂੰ ਸੋਝੀ ਸਮਝੀ ਸਾਜਿਸ਼ ਦੱਸਿਆ ਹੈ। ਜਾਖੜ ਨੇ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੇ ਰੱਦ ਹੋਣ ਦਾ ਜ਼ਿਕਰ ਵੀ ਕੀਤਾ। ਜਾਖੜ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਲੋਕ ਸਭਾ ਵਿੱਚ ਕੁੱਝ ਕਾਂਗਰਸੀ ਸੰਸਦ ਮੈਂਬਰਾਂ ਦੇ ਵਿਵਹਾਰ ਬਾਰੇ ਚਿੰਤਾਵਾਂ ਨੂੰ ਰੁਟੀਨ ਦੇ ਵਿਘਨ ਵਜੋਂ ਖਾਰਜ ਨਹੀਂ ਕੀਤਾ ਜਾ ਸਕਦਾ। ਜਾਖੜ ਨੇ ਕਿਹਾ ਕਿ ਇਹ ਉਹੀ ਵਿਅਕਤੀ ਹਨ ਜਿਨ੍ਹਾਂ ਨੇ 2022 ਵਿੱਚ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਹਾਲਾਤ ਪੈਦਾ ਕੀਤੇ ਸਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦਾ ਇਜਲਾਸ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।  

ਕਿਹਾ : 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਅੰਮਿ੍ਰਤਧਾਰੀ ਗੁਰਸਿੱਖ ਅਫ਼ਸਰਾਂ ’ਤੇ ਅਧਾਰਤ ਜਾਂਚ ਟੀਮ ਬਣਾਵੇ

ਅੰਮਿ੍ਰਤਸਰ/ਬਿਊੁਰੋ ਨਿਊਜ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਜਾਂਚ ਕਰ ਰਹੀ ਪੁਲਿਸ ਟੀਮ ਅੰਮਿ੍ਰਤਧਾਰੀ ਗੁਰਸਿੱਖ ਅਫਸਰਾਂ ’ਤੇ ਅਧਾਰਤ ਹੀ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਟਿੱਪਣੀਆਂ ਕਰਨ ਵਾਲੇ ਪ੍ਰਚਾਰਕ ਗੁਰਜੰਟ ਸਿੰਘ ਨੇ ਭਾਵੇਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੁੱਜ ਕੇ ਮੁਆਫੀ ਮੰਗੀ ਹੈ, ਪਰ ਉਸਦੇ ਮਾਮਲੇ ’ਤੇ ਪੰਜ ਸਿੰਘ ਸਾਹਿਬਾਨ ਦੀ ਆਗਾਮੀ ਹੋਣ ਵਾਲੀ ਇਕੱਤਰਤਾ ਵਿਚ ਵਿਚਾਰ ਕੀਤਾ ਜਾਵੇਗਾ। ਉਦੋਂ ਤੱਕ ਉਸਦੇ ਕਿਸੇ ਵੀ ਧਾਰਮਿਕ ਸਟੇਜ ’ਤੇ ਕੀਰਤਨ ਕਰਨ ਜਾਂ ਪ੍ਰਚਾਰ ਕਰਨ ’ਤੇ ਪਾਬੰਦੀ ਲਾਈ ਜਾਂਦੀ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੋਲਾ ਵੀ ਹਾਜ਼ਰ ਸਨ।

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਰਹਿਣ ਦੇ ਗੁਰ ਦੱਸੇ

ਚੰਡੀਗੜ੍ਹ/ਬਿਊਰੋ ਨਿਊਜ਼   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਦਿਆਰਥੀਆਂ ਦੇ ਪ੍ਰੀਖਿਆਵਾਂ ਵਿਚਲੇ ਤਣਾਅ ਨੂੰ ਦੂਰ ਕਰਨ ਲਈ ‘ਪ੍ਰੀਖਿਆ ਪੇ ਚਰਚਾ’ ਦਾ ਨੌਵਾਂ ਐਡੀਸ਼ਨ ਕਰਵਾਇਆ ਗਿਆ। ਜਿਸ ਦੌਰਾਨ ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਨੰਨਿਆ ਸ਼ਰਮਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ। ਅਨੰਨਿਆ ਸ਼ਰਮਾ ਦੀ ਚੋਣ ਚੰਡੀਗੜ੍ਹ ਦੇ ਇਕ ਲੱਖ ਤੋਂ ਵੀ ਵੱਧ ਵਿਦਿਆਰਥੀਆਂ ਵਿਚੋਂ ਕੀਤੀ ਗਈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-32 ਦੇ ਇਕ ਸਕੂਲ ਦੇ ਵਿਦਿਆਰਥੀ ਦੀ ਵੀ ਚੋਣ ‘ਪ੍ਰੀਕਸ਼ਾ ਪੇ ਚਰਚਾ’ ਲਈ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਤਣਾਅ ਨੂੰ ਘਟਾਉਣ ਲਈ ਗੁਰ ਦੱਸੇ ਹਨ। ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਆਪ ’ਤੇ ਭਰੋਸਾ ਕਰੋ ਅਤੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰੋ ਅਤੇ ਹਮੇਸ਼ਾ ਹਾਂ-ਪੱਖੀ ਕਿਰਦਾਰ ਨਿਭਾਓ।

ਅੰਮਿ੍ਰਤਸਰ/ਬਿਊਰੋ ਨਿਊਜ਼ 

ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਵਿਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲਹਾਏ ਜਾਣ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਖਿਆ ਕਿ ਇਹ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਅਧਿਆਪਕ ਯੋਗਤਾ ਪ੍ਰੀਖਿਆ ਲਈ ਬਠਿੰਡਾ ਦੇ ਪਿੰਡ ਭੋਖੜਾ ਵਿਖੇ ਦਿੱਲੀ ਪਬਲਿਕ ਸਕੂਲ ’ਚ ਬਣੇ ਪ੍ਰੀਖਿਆ ਕੇਂਦਰ ਵਿਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਬਹੁਗਿਣਤੀ ਸਿੱਖ ਵਸੋਂ ਵਾਲਾ ਖਿੱਤਾ ਹੈ, ਜਿਥੇ ਹਰ ਇਕ ਨੂੰ ਇਹ ਪਤਾ ਹੈ ਕਿ ਕੜਾ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ, ਪਰ ਇਸ ਦੇ ਬਾਵਜੂਦ ਵੀ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲਹਾਉਣ ਦੀ ਹਰਕਤ ਮੰਦਭਾਗੀ ਹੈ। ਐਡਵੋਕੇਟ ਧਾਮੀ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਹਰਕਤਾਂ ਦਾ ਮੌਕੇ ’ਤੇ ਹੀ ਵਿਰੋਧ ਦਰਜ ਕਰਵਾਇਆ ਜਾਵੇ।

ਬਿਜਨਸ ਆਈਡੀਆ ਨਾ ਦੇਣ ’ਤੇ ਰੁਕੇਗਾ ਵਿਦਿਆਰਥੀਆਂ ਦਾ ਰਿਜ਼ਲਟ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਪੰਜਾਬ ਸਰਕਾਰ ਦੇ ਉਦਮੀ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜ਼ਿਆਦਾਤਰ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਇਸ ਪ੍ਰੋਜੈਕਟ ਦੇ ਤਹਿਤ ਆਪਣੇ ਬਿਜਨਸ ਆਈਡੀਆ ਵਿਭਾਗ ਨੂੰ ਨਹੀਂ ਭੇਜੇ। ਇਸਦੇ ਚੱਲਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੈਕਟਰੀ ਨੇ ਪ੍ਰਾਈਵੇਟ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਨੋਟਿਸ ਜਾਰੀ ਕਰਕੇ ਸਖਤ ਚਿਤਾਵਨੀ ਦਿੱਤੀ ਹੈ। ਬੋਰਡ ਨੇ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਸਾਫ ਕਹਿ ਦਿੱਤਾ ਹੈ ਕਿ ਜਿਨ੍ਹਾਂ ਨੇ ਬਿਜਨਸ ਆਈਡੀਆ ਸਬਮਿਟ ਨਹੀਂ ਕੀਤੇ, ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਬੋਰਡ ਵਲੋਂ ਰਿਜਲਟ ਰੋਕ ਦਿੱਤਾ ਜਾਵੇਗਾ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ 9 ਫਰਵਰੀ ਤੱਕ ਵਿਦਿਆਰਥੀਆਂ ਦੇ ਬਿਜਨਸ ਆਈਡੀਆ ਭੇਜਣ ਲਈ ਕਿਹਾ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.