Wednesday, 10 June 2026

ਏ.ਆਈ. ’ਚ ਤੇਜ਼ੀ ਨਾਲ ਮਾਰਕੀਟ ਕੈਪ 475 ਲੱਖ ਕਰੋੜ ਹੋਇਆ
ਮੁੰਬਈ/ਬਿਊਰੋ ਨਿਊਜ਼
ਸਾਊਥ ਕੋਰੀਆ ਦਾ ਸ਼ੇਅਰ ਬਜ਼ਾਰ ਭਾਰਤ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਮਾਰਕੀਟ ਬਣ ਗਿਆ ਹੈ। ਇਸਦਾ ਵੱਡਾ ਕਾਰਨ ਚਿੱਪ ਬਣਾਉਣ ਵਾਲੀਆਂ ਦਿੱਗਜ਼ ਕੰਪਨੀਆਂ ਹਨ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਵਧਦੇ ਇਸਤੇਮਾਲ ਦੇ ਦਮ ’ਤੇ ਲਗਾਤਾਰ ਰਿਕਾਰਡ ਬਣਾ ਰਹੀ ਹੈ। ਬਲੂਮਬਰਗ ਦੇ ਅਨੁਸਾਰ ਇਸ ਸਾਲ ਸਾਊਥ ਕੋਰੀਆ ਦੀ ਲਿਸਟਿਡ ਕੰਪਨੀਆਂ ਦੀ ਕੁੱਲ ਮਾਰਕੀਟ ਕੈਪ 86 ਫੀਸਦੀ ਵਧ ਕੇ 5 ਟਿ੍ਰਲੀਅਨ ਡਾਲਰ (ਕਰੀਬ 475 ਲੱਖ ਕਰੋੜ ਰੁਪਏ) ’ਤੇ ਪਹੁੰਚ ਗਈ ਹੈ। ਇਸੇ ਦੌਰਾਨ ਭਾਰਤੀ ਸ਼ੇਅਰ ਬਜ਼ਾਰ ਦੀ ਮਾਰਕੀਟ ਕੈਪ ਘਟ ਕੇ ਕਰੀਬ 456 ਲੱਖ ਕਰੋੜ ਰਹਿ ਗਈ ਹੈ। ਭਾਰਤੀ ਸ਼ੇਅਰ ਬਜ਼ਾਰ ਦੇ ਦੁਨੀਆ ਵਿਚ ਇਕ ਦਰਜਾ ਹੇਠ ਖਿਸਕਣ ਦੇ ਪਿੱਛੇ ਰੁਪਏ ਵਿਚ ਕਮਜ਼ੋਰੀ ਦੱਸਿਆ ਜਾ ਰਿਹਾ ਹੈ।  

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਇਰਾਨ ‘ਬਹੁਤ ਵਧੀਆ ਸਮਝੌਤੇ’ ਦੇ ਨੇੜੇ ਹਨ, ਪਰ ਜੇ ਵਾਸ਼ਿੰਗਟਨ ਨੂੰ ਉਹ ਨਹੀਂ ਮਿਲਦਾ, ਜੋ ਉਹ ਚਾਹੁੰਦਾ ਹੈ ਤਾਂ ਉਹ ਮਾਮਲੇ ਨੂੰ ਕਿਸੇ ਹੋਰ ਤਰੀਕੇ ਨਾਲ ਖਤਮ ਕਰੇਗਾ। ਟਰੰਪ ਨੇ ਇਹ ਟਿੱਪਣੀਆਂ ਆਪਣੀ ਨੂੰਹ ਲਾਰਾ ਟਰੰਪ ਨਾਲ ਇਕ ਇੰਟਰਵਿਊ ਦੌਰਾਨ ਕੀਤੀਆਂ ਹਨ। ਟਰੰਪ ਨੇ ਕਿਹਾ ਕਿ ਅਸੀਂ ਬਹੁਤ ਵਧੀਆ ਸਮਝੌਤੇ ਦੇ ਨੇੜੇ ਹਾਂ। ਟਰੰਪ ਨੇ ਦੱਸਿਆ ਹੈ ਕਿ ਇਰਾਨੀਆਂ ਨੇ ਕਿਹਾ ਹੈ ਕਿ ਉਹ ਪ੍ਰਮਾਣੂ ਹਥਿਆਰ ਵਿਕਸਤ ਨਹੀਂ ਕਰ ਰਹੇ। ਉਧਰ ਦੂਜੇ ਪਾਸੇ ਇਰਾਨ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਇਰਾਨ, ਅਮਰੀਕਾ ਨਾਲ ਆਪਣਾ ਟਕਰਾਅ ਖਤਮ ਕਰਨ ਵਾਲੇ ਕਿਸੇ ਵੀ ਸਮਝੌਤੇ ਨੂੰ ਉਦੋਂ ਤੱਕ ਸਵੀਕਾਰ ਨਹੀਂ ਕਰੇਗਾ, ਜਦੋਂ ਤੱਕ ਇਹ ਯਕੀਨੀ ਨਾ ਹੋ ਜਾਵੇ ਕਿ ਇਰਾਨੀ ਲੋਕਾਂ ਦੇ ਅਧਿਕਾਰ ਸੁਰੱਖਿਅਤ ਹਨ।

ਕੇਂਦਰੀ ਚੋਣਾਂ ਵਿਚ ‘ਨਸਲਵਾਦ’ ਮੁੱਦਾ ਬਣਨ ਦੀ ਸੰਭਾਵਨਾ
ਸਿਡਨੀ/ਬਿਊਰੋ ਨਿਊਜ਼
ਆਸਟਰੇਲੀਆ ਦੀ ਸਿਆਸਤ ਵਿਚ ਪਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇਕ ਵਾਰ ਫਿਰ ਚਰਚਾ ਹੈ। ਸਿਡਨੀ ਦੇ ਮੀਡੀਆ ਦੀ ਰਿਪੋਰਟ ਮੁਤਾਬਕ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ‘ਵਨ ਨੇਸ਼ਨ’ ਪਾਰਟੀ ਦੀ ਵਧਦੀ ਪ੍ਰਸਿੱਧੀ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉਤੇ ਦਬਾਅ ਵਧ ਰਿਹਾ ਹੈ। ਇਸੇ ਦੌਰਾਨ ਕੇਂਦਰੀ ਚੋਣਾਂ ਵਿਚ ਵੀ ‘ਨਸਲਵਾਦ’ ਮੁੱਦਾ ਬਣਨ ਦੀ ਸੰਭਾਵਨਾ ਹੈ ਅਤੇ ਰੈਜੀਡੈਂਸੀ ਨੂੰ ਵੀ ਆਉਂਦੇ ਦਸ ਸਾਲਾਂ ਤੱਕ ਰੋਕਣ ਦੀ ਚਰਚਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ‘ਵਨ ਨੇਸ਼ਨ’ ਦੀ ਸਥਾਪਨਾ ਪੌਲੀਨ ਹੈਨਸਨ ਨੇ 1996 ਵਿਚ ਕੀਤੀ ਸੀ ਅਤੇ ਉਹ ਆਪਣੇ ਤਿੱਖੇ ਅਤੇ ਵਿਵਾਦਤ ਬਿਆਨਾਂ ਲਈ ਮਸ਼ਹੂਰ ਰਹੀ ਹੈ। ਖਾਸ ਕਰਕੇ ਪਰਵਾਸੀਆਂ ਅਤੇ ਮੂਲ ਨਿਵਾਸੀ ਲੋਕਾਂ ਬਾਰੇ। ਆਸਟਰੇਲੀਆ ਵਿਚ ਰਹਿੰਦੇ ਕਈ ਪਰਵਾਸੀ ਪਹਿਲਾਂ ਹੀ ਮਹਿੰਗਾਈ, ਨੌਕਰੀਆਂ ਅਤੇ ਵੀਜ਼ਾ ਸਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿਚ ਨਸਲਵਾਦੀ ਰਾਜਨੀਤੀ ਉਨ੍ਹਾਂ ਵਿਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ। ਰਿਪੋਰਟ ਵਿਚ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਸਮਝਦਾਰ ਆਗੂਆਂ ਨੂੰ ਨਸਲਵਾਦ ਦੇ ਖਿਲਾਫ ਡਟ ਕੇ ਖੜ੍ਹਨਾ ਚਾਹੀਦਾ ਹੈ ਅਤੇ ਇਸ ਨੂੰ ਰਾਜਨੀਤੀ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਕੈਨੇਡਾ ਨੇ ਆਪਣੇ ਆਰਥਿਕ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਦੋਵਾਂ ਦੇਸ਼ਾਂ ਨੇ ਸਾਂਝੇ ਤੌਰ ’ਤੇ ‘ਭਾਰਤ-ਕੈਨੇਡਾ ਵਪਾਰ ਅਤੇ ਨਿਵੇਸ਼ ਮੰਚ’ ਦੀ ਸ਼ੁਰੂਆਤ ਕੀਤੀ ਹੈ। ਇਸ ਮੰਚ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਇਕ ਮੰਚ ’ਤੇ ਲਿਆਉਣਾ ਅਤੇ ਨਵੀਆਂ ਵਪਾਰਕ ਸਾਂਝੇਦਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ। ਅੱਜ ਸ਼ੁੱਕਰਵਾਰ ਨੂੰ ਸਾਂਝੇ ਬਿਆਨ ਅਨੁਸਾਰ, ਇਹ ਫੈਸਲਾ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ 25 ਤੋਂ 27 ਮਈ ਤੱਕ ਦੀ ਕੈਨੇਡਾ ਦੀ ਅਧਿਕਾਰਤ ਯਾਤਰਾ ਤੋਂ ਬਾਅਦ  ਲਿਆ ਗਿਆ ਹੈ। ਆਪਣੀ ਇਸ ਯਾਤਰਾ ਦੌਰਾਨ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਕਈ ਵੱਡੇ ਕਾਰੋਬਾਰੀ ਦਿੱਗਜ਼ਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਹਨ। ਭਾਰਤ ਅਤੇ ਕੈਨੇਡਾ ਨੇ ‘ਵਿਆਪਕ ਆਰਥਿਕ ਭਾਈਵਾਲੀ ਸਮਝੌਤੇ’ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ ਹੈ। ਇਹ ਸਮਝੌਤਾ ਦੁਵੱਲੇ ਆਰਥਿਕ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.