Thursday, 28 May 2026

ਚੰਡੀਗੜ੍ਹ : ਸੂਬੇ ਦੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਕਰਨ ਵਾਲੀ ਝੋਨੇ ਦੇ ਫ਼ਸਲ ‘ਚੋਂ ਕੱਢ ਕੇ ਫਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕਰਨ ਲਈ ਅਹਿਮ ਕਦਮ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2026-27 ਸੀਜ਼ਨ ਲਈ ਸਾਉਣੀ ਦੀ ਮੱਕੀ ਵਿਭਿੰਨਤਾ ਯੋਜਨਾ ਨੂੰ ਛੇ ਜ਼ਿਲ੍ਹਿਆਂ ਤੋਂ ਹੁਣ 16 ਜ਼ਿਲ੍ਹਿਆਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਵਾਸਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਦਾ ਵਿੱਤੀ ਲਾਭ ਵੀ ਦਿੱਤਾ ਜਾਵੇਗਾ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਫੈਸਲਾ 2025-26 ਸਾਉਣੀ ਸੀਜ਼ਨ ਦੌਰਾਨ ਛੇ ਜ਼ਿਲ੍ਹਿਆਂ ਵਿੱਚ ਲਾਗੂ ਕੀਤੇ ਗਏ ਪਾਇਲਟ ਪ੍ਰੋਜੈਕਟ ਨੂੰ ਕਿਸਾਨਾਂ ਵੱਲੋਂ ਵੱਡਾ ਹੁੰਗਾਰਾ ਮਿਲਣ ਬਾਅਦ ਲਿਆ ਗਿਆ ਹੈ। ਸ. ਖੁੱਡੀਆਂ ਨੇ ਕਿਸਾਨਾਂ ਨੂੰ ਝੋਨੇ ਤੋਂ ਸਾਉਣੀ ਮੱਕੀ ਦੀ ਕਾਸ਼ਤ ਵੱਲ ਜਾਣ ਲਈ ਉਤਸ਼ਾਹਿਤ ਕਰਕੇ ਸੂਬੇ ‘ਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਇਸ ਪ੍ਰਾਜੈਕਟ ਦੇ ਵਿਸਥਾਰ ਨੂੰ ਇੱਕ "ਨਿਰਣਾਇਕ ਕਦਮ" ਦੱਸਿਆ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਪਟਿਆਲਾ, ਪਠਾਨਕੋਟ, ਰੂਪਨਗਰ, ਸੰਗਰੂਰ, ਐਸਏਐਸ ਨਗਰ, ਐਸਬੀਐਸ ਨਗਰ ਅਤੇ ਤਰਨ ਤਾਰਨ ਵਿੱਚ 20,000 ਹੈਕਟੇਅਰ (50000 ਏਕੜ) ਰਕਬੇ ਨੂੰ ਸਾਉਣੀ ਦੀ ਮੱਕੀ ਅਧੀਨ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕਿਸਾਨਾਂ ਨੂੰ ਪਿਛਲੇ ਸਾਲ ਵਾਂਗ ਪ੍ਰਤੀ ਹੈਕਟੇਅਰ 17,500 ਰੁਪਏ ਦੀ ਸਬਸਿਡੀ ਵੀ ਦਿੱਤੀ ਜਾਵੇਗੀ। ਇਸ ਵਿੱਚੋਂ 4,500 ਰੁਪਏ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਲਾਗਤ (ਇਨਪੁੱਟ) ਬਿੱਲ ਜਮ੍ਹਾਂ ਕਰਵਾਉਣ 'ਤੇ ਜਾਰੀ ਕੀਤੇ ਜਾਣਗੇ, ਜਦੋਂਕਿ ਬਾਕੀ 13,000 ਰੁਪਏ ਲਾਜ਼ਮੀ ਜੀਓ-ਟੈਗਡ ਫ਼ਸਲ ਤਸਦੀਕ ਤੋਂ ਬਾਅਦ ਦੋ ਕਿਸ਼ਤਾਂ ਵਿੱਚ ਅਦਾ ਕੀਤੇ ਜਾਣਗੇ।

ਸੂਬੇ ਦੇ ਭੂਮੀਗਤ ਪਾਣੀ ਦੇ ਕੀਮਤੀ ਸਰੋਤਾਂ ਨੂੰ ਬਚਾਉਣ ਲਈ ਸੂਬੇ ਦੇ ਕਿਸਾਨਾਂ ਨੂੰ ਸਾਉਣੀ ਦੀ ਮੱਕੀ ਬੀਜਣ ਦੀ ਅਪੀਲ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਛੁੱਕ ਕਿਸਾਨ ਸਰਕਾਰ ਦੀ ਵੈੱਬਸਾਈਟ https://agrimachinerypb.com ਉਤੇ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇੱਕ ਲਾਜ਼ਮੀ ਜੇ-ਫਾਰਮ ਅਤੇ ਖੇਤ ਦੀ ਜੀਓ-ਟੈਗਿੰਗ ਦੀ ਲੋੜ ਹੋਵੇਗੀ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਬਿਨੈਕਾਰ ਕਿਸਾਨ ਨੇ ਪਿਛਲੇ ਸਾਲ ਝੋਨਾ ਲਾਇਆ ਸੀ, ਜੋ ਇਸ ਸਾਲ ਮੱਕੀ ਦੀ ਕਾਸ਼ਤ ਵੱਲ ਜਾ ਰਿਹਾ ਹੈ।

ਸ. ਖੁੱਡੀਆਂ ਨੇ ਅੱਗੇ ਦੱਸਿਆ ਕਿ ਉੱਨਤ ਕਿਸਾਨ ਪੋਰਟਲ ਰਾਹੀਂ ਤਸਦੀਕ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲਾ 15 ਜੁਲਾਈ ਤੋਂ 25 ਜੁਲਾਈ ਤੱਕ, ਜਿਸ ਤੋਂ ਬਾਅਦ 5 ਅਗਸਤ ਤੋਂ 15 ਅਗਸਤ, 2026 ਤੱਕ ਦੂਜਾ ਪੜਾਅ ਹੋਵੇਗਾ। ਹਰੇਕ ਤਸਦੀਕ ਤੋਂ ਬਾਅਦ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਪ੍ਰਤੀ ਹੈਕਟੇਅਰ ਕ੍ਰਮਵਾਰ 9500 ਰੁਪਏ ਅਤੇ 7500 ਰੁਪਏ ਜਾਰੀ ਕਰਨਗੇ।

ਖੇਤੀਬਾੜੀ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਲੈ ਕੇ ਤਸਦੀਕ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਗਿਆ ਹੈ ਤਾਂ ਜੋ ਪਾਰਦਰਸ਼ਤਾ ਅਤੇ ਯੋਗ ਤੇ ਸਹੀ ਲਾਭਪਾਤਰੀਆਂ ਨੂੰ ਸਮੇਂ ਸਿਰ ਸਬਸਿਡੀ ਦੀ ਵੰਡ ਯਕੀਨੀ ਬਣਾਇਆ ਜਾ ਸਕੇ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਫੀਲਡ ਸਟਾਫ ਨੂੰ ਇਸ ਯੋਜਨਾ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲੋਕ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਯਕੀਨੀ ਖ਼ਰੀਦ ਵਿਧੀ ਦੇ ਨਾਲ 17500 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਉਪਲਬਧ ਕਰਵਾ ਕੇ ਮੱਕੀ ਨੂੰ ਝੋਨੇ ਦਾ ਇੱਕ ਵਿਹਾਰਕ ਤੇ ਟਿਕਾਊ ਵਿਕਲਪ ਬਣਾਉਣ ਲਈ ਯਤਨਸ਼ੀਲ ਹੈ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੋ-ਫ਼ਸਲੀ (ਝੋਨਾ-ਕਣਕ) ਚੱਕਰ ਹੁਣ ਟਿਕਾਊ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿਰਫ਼ ਇੱਕ ਫ਼ਸਲ ਨੂੰ ਬਦਲਣ ਬਾਰੇ ਨਹੀਂ ਸਗੋਂ ਇਹ ਪੰਜਾਬ ਦੇ ਪਾਣੀ ਨੂੰ ਸੁਰੱਖਿਅਤ ਕਰਨ ਅਤੇ ਸੂਬੇ ਦੇ ਕਿਸਾਨਾਂ ਲਈ ਵੱਧ ਮੁਨਾਫ਼ਾ ਯਕੀਨੀ ਬਣਾਉਣ ਬਾਰੇ ਹੈ।

ਮੰਡੀ ਗੋਬਿੰਦਗੜ੍ਹ, 1 ਮਈ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੇ ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂ-ਜਿਤਸੂ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਮਗਿਆਂ ਸਮੇਤ ਕਈ ਤਮਗੇ ਜਿੱਤੇ। ਭੋਪਾਲ ਵਿੱਚ ਐਲਐਨਸੀਟੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਮੁਕਾਬਲੇ ਵਿੱਚ ਦੇਸ਼ ਭਰ ਦੇ ਪ੍ਰਮੁੱਖ ਮਾਰਸ਼ਲ ਆਰਟ ਖਿਡਾਰੀਆਂ ਨੇ ਹਿੱਸਾ ਲਿਆ।
ਡੀਬੀਯੂ ਦੀ ਸ਼ਾਨਦਾਰ ਮੁਹਿੰਮ ਦੀ ਅਗਵਾਈ ਸੋਨੇ ਦੇ ਤਮਗਾ ਜੇਤੂ ਮਮਤਾ ਉਪਾਧਿਆਏ, ਕਾਜਲ ਪਾਂਡੇ ਅਤੇ ਪ੍ਰਮੋਦ ਨੇ ਕੀਤੀ, ਜਿਨ੍ਹਾਂ ਨੇ ਆਪਣੀਆਂ-ਆਪਣੀਆਂ ਵਜ਼ਨ ਸ਼੍ਰੇਣੀਆਂ ਵਿੱਚ ਉੱਤਮ ਤਕਨੀਕ, ਅਟੱਲ ਦ੍ਰਿੜਤਾ ਅਤੇ ਸੰਤੁਲਨ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਫਾਈਨਲ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਫੈਸਲਾਕੁਨ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨ ਬਣਾਇਆ।
ਚਾਂਦੀ ਦੇ ਤਮਗਾ ਜੇਤੂ ਵਿਨੋਜ ਕੁਮਾਰ, ਅਰਵਿੰਦ ਦੇਵਾਸੀ ਅਤੇ ਕੁਲਦੀਪ ਨੇ ਵੀ ਜ਼ਬਰਦਸਤ ਟੱਕਰ ਦਿੱਤੀ, ਪਰ ਬਹੁਤ ਹੀ ਕਰੀਬੀ ਫਾਈਨਲਾਂ ਵਿੱਚ ਥੋੜ੍ਹੇ ਅੰਤਰ ਨਾਲ ਪਿੱਛੇ ਰਹੇ।
ਕਾਂਸੀ ਦੇ ਤਮਗੇ ਮਮਤਾ ਮੇਹਲਾ, ਤੰਨੂ, ਮੇਘਾ ਅਤੇ ਅਵਿਨਾਸ਼ ਨੇ ਜਿੱਤੇ, ਜਿਨ੍ਹਾਂ ਨੇ ਕਾਬਿਲ-ਏ-ਤਾਰੀਫ਼ ਹੌਸਲਾ ਅਤੇ ਮੁਕਾਬਲੇ ਦੀ ਭਾਵਨਾ ਦਰਸਾਈ।
ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ, ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਟੀਮ ਦੀਆਂ ਉਪਲਬਧੀਆਂ 'ਤੇ ਗਹਿਰਾ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਟੀਮ ਮੈਨੇਜਰ ਮਨਦੀਪ ਕੁਮਾਰ ਅਤੇ ਕੋਚ ਰਾਹੁਲ ਨੂੰ ਵੀ ਦਿਲੋਂ ਵਧਾਈ ਦਿੱਤੀ।
ਇਹ ਉਪਲਬਧੀ ਦੇਸ਼ ਭਗਤ ਯੂਨੀਵਰਸਿਟੀ ਨੂੰ ਭਾਰਤ ਵਿੱਚ ਮਾਰਸ਼ਲ ਆਰਟ ਅਤੇ ਲੜਾਕੂ ਖੇਡਾਂ ਵਿੱਚ ਇੱਕ ਉਭਰਦੀ ਤਾਕਤ ਵਜੋਂ ਸਥਾਪਿਤ ਕਰਦੀ ਹੈ। ਖਿਡਾਰੀ ਰਾਸ਼ਟਰੀ ਪੱਧਰ 'ਤੇ ਆਪਣੀ ਛਾਪ ਛੱਡਦੇ ਹੋਏ ਵਾਪਸ ਆਏ ਅਤੇ ਉਨ੍ਹਾਂ ਦਾ ਨਾਇਕਾਂ ਵਾਂਗ ਸਵਾਗਤ ਕੀਤਾ ਗਿਆ।

ਦਸੂਹਾ (ਹੁਸ਼ਿਆਰਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਹਲਕੇ ਦੇ ਘੋਗਰਾ ਵਿਖੇ ਲੋਕ ਮਿਲਣੀ ਵਿੱਚ ਵਿਰੋਧੀ ਧਿਰ ਉਤੇ ਸਿੱਧੇ ਤੌਰ 'ਤੇ ਨਿਸ਼ਾਨਾ ਸਾਧਦੇ ਹੋਏ ਐਲਾਨ ਕੀਤਾ ਕਿ ਜਦੋਂ ਤੱਕ ਆਮ ਆਦਮੀ ਪਾਰਟੀ (ਆਪ) ਸੱਤਾ ਵਿੱਚ ਹੈ, ਔਰਤਾਂ ਨੂੰ ਉਨ੍ਹਾਂ ਦੀ ਸਨਮਾਨ ਰਾਸ਼ੀ ਅਤੇ ਸੂਬੇ ਵਿੱਚ ਮੁਫ਼ਤ ਬਿਜਲੀ ਮਿਲਦੀ ਰਹੇਗੀ।
ਇਸ ਮੌਕੇ ਉਨ੍ਹਾਂ ਨੇ ਸੰਕਲਪ ਲੈਂਦਿਆਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਥਾਈ ਤੌਰ 'ਤੇ ਵਿਵਸਥਾ ਕਰ ਦਿੱਤੀ ਹੈ ਕਿਉਂਕਿ ਬੇਅਦਬੀ ਦੇ ਗੁਨਾਹਗਾਰ ਨੂੰ ਹੁਣ ਉਮਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਦੀ ਨੀਅਤ ਸਾਫ ਹੁੰਦੀ ਤਾਂ ਬਹੁਤ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਦਾ ਵਾਪਰਨਾ ਬੰਦ ਹੋ ਸਕਦਾ ਸੀ।
ਪੰਜਾਬ ਨੂੰ ਨਸ਼ਿਆਂ ਵਿੱਚ ਡੋਬਣ ਲਈ ਅਕਾਲੀ ਦਲ ਅਤੇ ਸੂਬੇ ਨੂੰ ਬਦਨਾਮ ਕਰਨ ਲਈ ਹਰ ਰੋਜ਼ ਕੂੜ ਪ੍ਰਚਾਰ ਕਰਨ ਲਈ ਸਾਰੀਆਂ ਵਿਰੋਧੀ ਪਾਰਟੀਆਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਪਹਿਲਾਂ ਆਈਆਂ ਸਰਕਾਰਾਂ ਵਿੱਚ ਇੱਕੋ ਇੱਕ ਫ਼ਰਕ ਹੈ ਹੁਣ ਲੋਕਾਂ ਦਾ ਪੈਸਾ ਲੋਕਾਂ ਕੋਲ ਜਾਂਦਾ ਹੈ, ਪਹਿਲਾਂ ਵਾਂਗ ਲੀਡਰਾਂ ਦੀਆਂ ਜੇਬਾਂ ਵਿੱਚ ਨਹੀਂ ਜਾਂਦਾ।
ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬੇ ਦੀ ਬੇਮਿਸਾਲ ਤਰੱਕੀ ਅਤੇ ਖੁਸ਼ਹਾਲੀ ਤੋਂ ਈਰਖਾ ਕਰਦੇ ਹੋਏ ਪੰਜਾਬ ਦੇ ਦੋਖੀ ਮੇਰੇ ਵਿਰੁੱਧ ਬਦਨੀਅਤ ਨਾਲ ਕੂੜ ਪ੍ਰਚਾਰ ਕਰ ਰਹੇ ਹਨ। ਇਹ ਤਾਕਤਾਂ ਜੋ ਸੂਬੇ ਦੇ ਵਿਕਾਸ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਦੀਆਂ ਦੁਸ਼ਮਣ ਹਨ, ਹੁਣ ਮੈਨੂੰ ਬੇਤੁੱਕੇ ਮੁੱਦਿਆਂ 'ਤੇ ਬਦਨਾਮ ਕਰਨ ਲਈ ਨੀਵੇਂ ਪੱਧਰ ’ਤੇ ਡਿੱਗ ਚੁੱਕੀਆਂ ਹਨ। ਮੇਰਾ ਜੀਵਨ ਇੱਕ ਖੁੱਲ੍ਹੀ ਕਿਤਾਬ ਹੈ ਕਿਉਂਕਿ ਮੈਂ ਆਪਣਾ ਸਾਰਾ ਜੀਵਨ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਨੂੰ ਸਮਰਪਿਤ ਕੀਤਾ ਹੈ ਅਤੇ ਇਸ ਨੇਕ ਕੰਮ ਲਈ ਸਖ਼ਤ ਯਤਨ ਕਰ ਰਿਹਾ ਹਾਂ।”
ਉਨ੍ਹਾਂ ਨੇ ਅੱਗੇ ਕਿਹਾ, “ਰਵਾਇਤੀ ਪਾਰਟੀਆਂ ਨੇ ਹਮੇਸ਼ਾ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝਿਆ ਹੈ ਅਤੇ ਕਦੇ ਵੀ ਉਨ੍ਹਾਂ ਦੀ ਭਲਾਈ ਦੀ ਪ੍ਰਵਾਹ ਨਹੀਂ ਕੀਤੀ, ਅਤੇ ਉਹ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਮੇਰੇ ਵਿਰੁੱਧ ਬੇਬੁਨਿਆਦ ਪ੍ਰਚਾਰ ਕਰ ਰਹੇ ਹਨ।”
ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਤਾਕਤਾਂ ਹੁਣ ਬੇਬੁਨਿਆਦ, ਤਰਕਹੀਣ ਅਤੇ ਗੁੰਮਰਾਹਕੁੰਨ ਪ੍ਰਚਾਰ ਨਾਲ ਮੇਰੇ ਅਕਸ ਨੂੰ ਖਰਾਬ ਕਰਨ 'ਤੇ ਤੁਲੀਆਂ ਹੋਈਆਂ ਹਨ, ਜਿਸ ਕਾਰਨ ਸੂਬੇ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਮੈਂ ਸੂਬੇ ਦੇ ਬੇਮਿਸਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਜੀਅ-ਜਾਨ ਨਾਲ ਕੰਮ ਕਰ ਰਿਹਾ ਹੈ ਅਤੇ ਆਏ ਦਿਨ ਅਸੀਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਲੋਕ-ਪੱਖੀ ਉਪਰਾਲੇ ਕਰ ਰਹੇ ਹਾਂ।”
ਮੁੱਖ ਮੰਤਰੀ ਨੇ ਅੱਗੇ ਕਿਹਾ, “ਪਹਿਲੀਆਂ ਸਰਕਾਰਾਂ ਦੇ ਉਲਟ, ਮੈਂ ਕਦੇ ਵੀ ਸਰਕਾਰੀ ਖਜ਼ਾਨੇ ਵਿੱਚੋਂ ਇੱਕ ਪੈਸਾ ਵੀ ਨਹੀਂ ਮੰਗਿਆ, ਸਗੋਂ ਮੈਂ ਇਹ ਯਕੀਨੀ ਬਣਾਇਆ ਹੈ ਕਿ ਟੈਕਸਦਾਤਾਵਾਂ ਦਾ ਇੱਕ-ਇੱਕ ਰੁਪਿਆ ਜਨਤਕ ਭਲਾਈ ਲਈ ਸਮਝਦਾਰੀ ਨਾਲ ਖਰਚ ਕੀਤਾ ਜਾਵੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਉਨ੍ਹਾਂ ਦਾ ਪੁੱਤਰ ਤੇ ਭਰਾ ਹੋਣ ਦੇ ਨਾਤੇ ਮੈਂ ਆਪਣੇ ਪਹਿਲੇ ਲੀਡਰਾਂ ਵਾਂਗ ਅਮੀਰੀ ਦੀ ਜ਼ਿੰਦਗੀ ਜੀਉਣ ਦੀ ਬਜਾਏ ਆਮ ਲੋਕਾਂ ਦੇ ਦੁੱਖ-ਦਰਦ ਵੰਡਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਪਹਿਲਾਂ ਦਾ ਕੋਈ ਵੀ ਸ਼ਾਸਕ ਲੋਕਾਂ ਕੋਲ ਇਸ ਤਰੀਕੇ ਨਾਲ ਨਹੀਂ ਆਇਆ ਸੀ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲਬਾਤ ਕਰੇ ਅਤੇ ਉਨ੍ਹਾਂ ਮੁਸ਼ਕਲਾਂ ਨੂੰ ਤਨਦੇਹੀ ਨਾਲ ਹੱਲ ਕਰੇ।”
ਮੁੱਖ ਮੰਤਰੀ ਨੇ ਅੱਗੇ ਕਿਹਾ, "ਉਨ੍ਹਾਂ ਹੰਕਾਰੀ ਸਿਆਸਤਦਾਨਾਂ ਨੇ ਹਮੇਸ਼ਾ ਲੋਕਾਂ ਨੂੰ ਮਿਲਣ ਦੀ ਬਜਾਏ ਆਪਣੇ ਮਹਿਲ ਦੀਆਂ ਉੱਚੀਆਂ ਕੰਧਾਂ ਵਿੱਚ ਆਪਣੇ ਆਪ ਨੂੰ ਸੀਮਤ ਰੱਖਿਆ ਹੈ ਅਤੇ ਹੁਣ ਸੂਬਾ ਸਰਕਾਰ ਦੇ ਹਰ ਕਦਮ ਤੋਂ ਉਹ ਬੁਖਲਾਏ ਹੋਏ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਮੈਂ ਹਮੇਸ਼ਾ ਵਿਕਾਸ ਮੁਖੀ ਅਤੇ ਨਾਗਰਿਕ ਕੇਂਦਰਿਤ ਨੀਤੀਆਂ ਬਣਾਉਣ ਲਈ ਸਿੱਧਾ ਲੋਕਾਂ ਤੋਂ ਫੀਡਬੈਕ ਲੈਣ ਲਈ ਮੈਦਾਨ ਵਿੱਚ ਰਿਹਾ ਹਾਂ, ਜਿਸ ਨਾਲ ਪੰਜਾਬ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਨਾਲ ਪੂਰੀ ਵਿਰੋਧੀ ਧਿਰ ਸਦਮੇ ਵਿੱਚ ਹੈ ਅਤੇ ਸਾਰੇ ਵਿਰੋਧੀਆਂ ਨੇ ਝੂਠੇ ਦੋਸ਼ ਲਾ ਕੇ ਮੈਨੂੰ ਬਦਨਾਮ ਕਰਨ ਲਈ ਸੋਚੀ-ਸਮਝੀ ਰਣਨੀਤੀ ਨਾਲ ਮੇਰੇ ਵਿਰੁੱਧ ਹੱਥ ਮਿਲਾਇਆ ਹੈ।”
ਉਨ੍ਹਾਂ ਅੱਗੇ ਕਿਹਾ, “ਇਹ ਤਾਕਤਾਂ ਮਨਘੜਤ ਅਤੇ ਅਪਮਾਨਜਨਕ ਕਹਾਣੀ ਘੜ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ਨੂੰ ਲੋਕ ਸਵੀਕਾਰ ਨਹੀਂ ਕਰਨਗੇ ਅਤੇ ਇਨ੍ਹਾਂ ਤਾਕਤਾਂ ਨੂੰ ਸਬਕ ਸਿਖਾਇਆ ਜਾਵੇਗਾ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, “ਸੂਬੇ ਦੇ ਸੂਝਵਾਨ ਲੋਕ ਵਿਰੋਧੀ ਧਿਰ ਦੇ ਇਨ੍ਹਾਂ ਆਗੂਆਂ ਦੇ ਸ਼ੱਕੀ ਤੇ ਧੋਖੇਬਾਜ਼ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਹ ਜ਼ਰੂਰ ਇਨ੍ਹਾਂ ਨੂੰ ਸਬਕ ਸਿਖਾਉਣਗੇ। ਵਿਰੋਧੀ ਧਿਰ ਦੀਆਂ ਨੌਟੰਕੀਆਂ ਮੈਨੂੰ ਕਦੇ ਵੀ ਸੂਬੇ ਦੇ ਲੋਕਾਂ ਦੀ ਸੇਵਾ ਤੋਂ ਨਹੀਂ ਰੋਕ ਸਕਦੀਆਂ ਅਤੇ ਮੈਂ ਆਪਣੇ ਆਖਰੀ ਸਾਹ ਤੱਕ ਡਟਿਆ ਰਹਾਂਗਾ।”
ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਪਾਰਟੀਆਂ ਕੋਲ ਸੂਬਾ ਸਰਕਾਰ ਵਿਰੁੱਧ ਕੋਈ ਏਜੰਡਾ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ ਜਿਸ ਕਰਕੇ ਵਿਰੋਧੀ ਧਿਰਾਂ ਮੁੱਦਾਹੀਣ ਹਨ।”
ਅਕਾਲੀ ਦਲ 'ਤੇ ਸਿੱਧਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅਕਾਲੀਆਂ ਨੂੰ ਪਾਈ ਗਈ ਹਰ ਵੋਟ ਗੁਰੂ ਸਾਹਿਬ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਬੇਅਦਬੀ ਦੇ ਹੱਕ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਹਰੇਕ ਵਿਅਕਤੀ ਦੀ ਮਾਨਸਿਕਤਾ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਨਿਰਦੋਸ਼ਾਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਘੋਰ ਨਿਰਾਦਰ ਕੀਤਾ ਹੈ।"
ਉਨ੍ਹਾਂ ਅੱਗੇ ਕਿਹਾ, "ਸਾਬਕਾ ਉਪ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਸੂਬੇ ਦਾ ਵੱਡਾ ਵਿਕਾਸ ਹੋਇਆ ਹੈ ਪਰ ਕੋਟਕਪੂਰਾ, ਬਹਿਬਲ ਕਲਾਂ ਅਤੇ ਹੋਰ ਥਾਵਾਂ ਦੇ ਮੁੱਦੇ ’ਤੇ ਅੱਖਾਂ ਬੰਦ ਕਰ ਲੈਂਦੇ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਨਿਰਦੋਸ਼ ਲੋਕ ਮਾਰੇ ਗਏ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਅਸਲ ਵਿੱਚ 'ਪਰਿਵਾਰ ਬਚਾਓ ਯਾਤਰਾ' ਹੈ। 15 ਸਾਲਾਂ ਤੱਕ ਸੂਬੇ ਨੂੰ ਲੁੱਟਣ ਤੋਂ ਬਾਅਦ, ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਸੂਬੇ ਨੂੰ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਉਨ੍ਹਾਂ ਅੱਗੇ ਕਿਹਾ, “ਅਕਾਲੀਆਂ ਨੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਡੂੰਘੀ ਸੱਟ ਮਾਰਨ ਅਤੇ ਸੂਬੇ ਦੇ ਕਈ ਮਾਫੀਆ ਨੂੰ ਸਰਪ੍ਰਸਤੀ ਦੇਣ ਤੋਂ ਇਲਾਵਾ, ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਅਕਾਲੀ ਲੀਡਰਸ਼ਿਪ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸੂਬੇ ਦੀਆਂ ਕਈ ਪੀੜ੍ਹੀਆਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਸੀ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਲੰਮੇ ਕੁਸ਼ਾਸਨ ਦੌਰਾਨ ਇਹ ਕਾਰੋਬਾਰ ਵਧਿਆ-ਫੁੱਲਿਆ ਸੀ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਅਕਾਲੀਆਂ 'ਤੇ ਪੀੜ੍ਹੀਆਂ ਦੀ ਨਸਲਕੁਸ਼ੀ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਦੇ ਵਪਾਰ ਨੂੰ ਉਨ੍ਹਾਂ ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀ। ਇਨ੍ਹਾਂ ਆਗੂਆਂ ਦੇ ਹੱਥ ਲੱਖਾਂ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਜੋ ਉਨ੍ਹਾਂ ਦੀਆਂ ਸਰਕਾਰੀ ਗੱਡੀਆਂ ਵਿੱਚ ਸੂਬੇ ਵਿੱਚ ਸਪਲਾਈ ਕੀਤੇ ਜਾਣ ਵਾਲੇ ਨਸ਼ੇ ਦਾ ਸ਼ਿਕਾਰ ਹੋ ਗਏ ਸਨ। ਇਨ੍ਹਾਂ ਆਗੂਆਂ ਦੇ ਪਾਪ ਮੁਆਫ਼ ਨਹੀਂ ਕੀਤੇ ਜਾ ਸਕਦੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੁਕਰਮਾਂ ਲਈ ਲੋਕ ਕਦੇ ਵੀ ਮੁਆਫ਼ ਨਹੀਂ ਕਰ ਸਕਦੇ।”
ਵਿਧਾਨਕ ਕਾਰਵਾਈ 'ਤੇ ਚਾਨਣਾ ਪਾਉਂਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅਸੀਂ ਖੁਸ਼ਕਿਸਮਤ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਸਰਬਸੰਮਤੀ ਨਾਲ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਪਾਸ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਖ਼ਤ ਸਜ਼ਾ ਨਿਰਧਾਰਤ ਕੀਤੀ ਗਈ ਹੈ। ਇਹ ਐਕਟ ਭਵਿੱਖ ਵਿੱਚ ਬੇਅਦਬੀ ਦੇ ਅੰਤ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਕਦੇ ਵੀ ਅਜਿਹੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਹੋਣ ਦੀ ਹਿੰਮਤ ਨਹੀਂ ਕਰੇਗਾ।"
ਉਨ੍ਹਾਂ ਅੱਗੇ ਕਿਹਾ, "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਘਿਨਾਉਣਾ ਜੁਰਮ ਸੂਬੇ ਵਿੱਚ ਸਖ਼ਤ ਘਾਲਣਾ ਘਾਲ ਕੇ ਹਾਸਲ ਕੀਤੀ ਸ਼ਾਂਤੀ, ਸਦਭਾਵਨਾ, ਭਾਈਚਾਰਾ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਸੀ। ਇਹ ਐਕਟ ਇਹ ਯਕੀਨੀ ਬਣਾਏਗਾ ਕਿ ਇਸ ਨਾ-ਮੁਆਫੀਯੋਗ ਅਪਰਾਧ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਦੂਜਿਆਂ ਲਈ ਮਿਸਾਲ ਕਾਇਮ ਹੋਵੇਗੀ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਦੇ ਪਿਤਾ ਹਨ ਅਤੇ ਸੂਬਾ ਸਰਕਾਰ ਪਵਿੱਤਰ ਗ੍ਰੰਥ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਦੁਨੀਆ ਭਰ ਦੇ ਲੋਕ ਖੁਸ਼ ਹਨ ਅਤੇ ਮੈਨੂੰ ਰੋਜ਼ਾਨਾ ਉਨ੍ਹਾਂ ਲੋਕਾਂ ਦੇ ਕਈ ਫੋਨ ਆ ਰਹੇ ਹਨ ਜੋ ਇਸ ਇਤਿਹਾਸਕ ਐਕਟ ਲਈ ਮੇਰਾ ਧੰਨਵਾਦ ਕਰਦੇ ਹਨ।”
ਅਕਾਲੀ ਲੀਡਰਸ਼ਿਪ 'ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਮੌਕਾਪ੍ਰਸਤ ਆਗੂ ਹਨ ਜੋ ਆਪਣੀ ਸਹੂਲਤ ਅਤੇ ਨਿੱਜੀ ਰਾਜਨੀਤਿਕ ਹਿੱਤਾਂ ਅਨੁਸਾਰ ਗਿਰਗਿਟ ਵਾਂਗ ਆਪਣੇ ਰੰਗ ਤੇ ਸਟੈਂਡ ਬਦਲਦੇ ਹਨ। ਹਰ ਕੋਈ ਜਾਣਦਾ ਹੈ ਕਿ ਇਹ ਪਰਿਵਾਰ ਅੰਗਰੇਜ਼ਾਂ ਦੀ ਕਠਪੁਤਲੀ ਸੀ ਅਤੇ ਉਨ੍ਹਾਂ ਨੇ ਦੇਸ਼ ਲਈ ਲੜਨ ਵਾਲੇ ਦੇਸ਼ ਭਗਤਾਂ ਵਿਰੁੱਧ ਸ਼ੌਕ ਰੱਖਣ ਲਈ ਉਨ੍ਹਾਂ ਨੂੰ ਸਰ ਦੀ ਉਪਾਧੀ ਦਿੱਤੀ ਸੀ।”
ਉਨ੍ਹਾਂ ਅੱਗੇ ਕਿਹਾ, “ਇਸ ਪਰਿਵਾਰ ਨੇ 13 ਅਪ੍ਰੈਲ, 1919 ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਇਸ ਘਿਨਾਉਣੀ ਘਟਨਾ ਤੋਂ ਬਾਅਦ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਕੇ ਸਨਮਾਨਿਤ ਕੀਤਾ ਸੀ। ਇਸ ਕਾਰਵਾਈ ਨੇ ਉਨ੍ਹਾਂ ਦੀ ਰਾਸ਼ਟਰ ਵਿਰੋਧੀ ਅਤੇ ਪੰਜਾਬ ਵਿਰੋਧੀ ਮਾਨਸਿਕਤਾ ਅਤੇ ਕਿਰਦਾਰ ਨੂੰ ਨੰਗਾ ਕਰ ਦਿੱਤਾ।”
ਉਨ੍ਹਾਂ ਅੱਗੇ ਕਿਹਾ, "ਸਿਰਫ ਇਹ ਹੀ ਨਹੀਂ, ਪਰਿਵਾਰ ਨੇ ਇਹ ਵੀ ਯਕੀਨੀ ਬਣਾਇਆ ਕਿ ਜਨਰਲ ਡਾਇਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਅਤੇ ਮੁਆਫ਼ੀ ਦਿੱਤੀ ਜਾਵੇ। ਇਹ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਥੇਦਾਰ ਅਰੂੜ ਸਿੰਘ, ਜਿਸ ਨੇ ਸਿਰੋਪਾ ਦਿੱਤਾ ਸੀ, ਸਾਬਕਾ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਨਾਨਾ ਜੀ ਸਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਮਿਟਾਇਆ ਨਹੀਂ ਜਾ ਸਕਦਾ ਅਤੇ ਬਾਦਲਾਂ ਦੇ ਪੁਰਖਿਆਂ ਦੇ ਸ਼ੱਕੀ ਕਿਰਦਾਰ ਇਤਿਹਾਸ ਦੇ ਪੰਨਿਆਂ 'ਤੇ ਉੱਕਰੇ ਹੋਏ ਹਨ। ਇਸ ਪਰਿਵਾਰ ਦੇ ਹੱਥ ਦੇਸ਼ ਭਗਤਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਰਾਸ਼ਟਰਵਾਦੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਵਿੱਚ ਹਰ ਆਗੂ ਸੂਬੇ ਦਾ ਮੁਖੀ ਬਣਨ ਦੀ ਇੱਛਾ ਰੱਖਦਾ ਹੈ, ਜਿਸ ਕਰਕੇ ਉਨ੍ਹਾਂ ਕੋਲ ਚੋਣਾਂ ਵਿੱਚ ਕੰਮ ਕਰਨ ਲਈ ਆਮ ਵਰਕਰਾਂ ਦੀ ਥਾਂ ਜ਼ਿਆਦਾ ਮੁੱਖ ਮੰਤਰੀ ਦੇ ਚਿਹਰੇ ਹਨ। ਕਾਂਗਰਸ ਪਾਰਟੀ ਇੱਕ ਵੰਡਿਆ ਹੋਇਆ ਘਰ ਹੈ ਜੋ ਉਨ੍ਹਾਂ ਦੇ ਆਪਸੀ ਕਾਟੋ ਕਲੇਸ਼ ਨਾਲ ਹੀ ਢਹਿ-ਢੇਰੀ ਹੋ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਕੋਲ ਤਿੰਨ ਕਲਮਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਬਦਲ ਹੋਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲੀ ਕਲਮ ਲਾਲ ਸਿਆਹੀ ਵਾਲੀ ਕਾਂਗਰਸ ਦੀ ਕਲਮ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ, 1984 ਦੇ ਦੰਗਿਆਂ ਅਤੇ ਹੋਰ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਸਟੈਂਡਾਂ ਦੀ ਪ੍ਰਤੀਕ ਹੈ। ਦੂਜੀ ਕਲਮ ਅਕਾਲੀਆਂ ਦੀ ਹੈ ਜਿਸ ਕੋਲ ਸਿਰਫ਼ ਇੱਕ ਸਿਆਹੀ ਹੈ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਤੀਜੀ ਕਲਮ 'ਆਪ' ਪਾਰਟੀ ਦੀ ਹੈ ਜੋ ਹਰ ਆਏ ਦਿਨ ਮਾਰਗ-ਦਰਸ਼ਕ ਪਹਿਲਕਦਮੀਆਂ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੀ ਹੈ।
ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਸੂਬੇ ਦਾ ਹੈ ਅਤੇ ਅਸੀਂ ਇਸਨੂੰ ਸਮਝਦਾਰੀ ਨਾਲ ਲੋਕਾਂ ਦੀ ਭਲਾਈ 'ਤੇ ਖਰਚ ਕਰ ਰਹੇ ਹਾਂ। ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਲੋਕਾਂ ਕੋਲ ਵਾਪਸ ਆ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ 90 ਫੀਸਦ ਘਰ-ਪਰਿਵਾਰਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕੀਤੀ, ਭ੍ਰਿਸ਼ਟਾਚਾਰ ਤੋਂ ਬਿਨਾਂ ਨੌਜਵਾਨਾਂ ਨੂੰ 65,000 ਤੋਂ ਵੱਧ ਨੌਕਰੀਆਂ ਦਿੱਤੀਆਂ, ਮਜ਼ਬੂਤ ਸੜਕਾਂ ਬਣਾਈਆਂ, ਟੋਲ ਪਲਾਜ਼ੇ ਬੰਦ ਕੀਤੇ, ਜਿਸ ਨਾਲ ਰੋਜ਼ਾਨਾ 70 ਲੱਖ ਰੁਪਏ ਦੀ ਬੱਚਤ ਹੋਈ ਹੈ, ਅਤੇ ਉਸਾਰੂ ਬੁਨਿਆਦੀ ਢਾਂਚਾ ਉਸਾਰ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ, ‘’ਜਿਸ ਸਮੇਂ ਅਸੀਂ ਸੱਤਾ ‘ਚ ਆਏ, ਉਸ ਸਮੇਂ ਸੂਬੇ ਵਿੱਚ ਸਿੰਚਾਈ ਦੇ ਉਦੇਸ਼ਾਂ ਲਈ ਸਿਰਫ਼ 22 ਫੀਸਦ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਸੀ।
ਸਮਾਜ ਸੁਧਾਰ 'ਤੇ ਜ਼ੋਰ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਕੋਈ ਵੀ ਮੁਫ਼ਤ ਜਾਂ ਰਿਆਇਤ ਵਾਲੇ ਕਾਰਡ ਗਰੀਬੀ ਜਾਂ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਨਹੀਂ ਕਰ ਸਕਦੇ ਪਰ ਸਿੱਖਿਆ ਉਹ ਕੁੰਜੀ ਹੈ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਉਨ੍ਹਾਂ ਨੂੰ ਇਸ ਮਕੜਜਾਲ ਵਿੱਚੋਂ ਬਾਹਰ ਕੱਢ ਸਕਦੀ ਹੈ। ਸਿੱਖਿਆ ਉਹ ਰੌਸ਼ਨੀ ਹੈ ਜੋ ਹਨੇਰੇ ਨੂੰ ਦੂਰ ਕਰਕੇ ਦੁਨੀਆ ਨੂੰ ਰੌਸ਼ਨ ਕਰਦੀ ਹੈ ਅਤੇ ਇਸੇ ਲਈ ਅਸੀਂ ਇਸ 'ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ ਅਤੇ ਹਰ ਪਰਿਵਾਰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਹੱਕਦਾਰ ਹੈ। 30 ਲੱਖ ਤੋਂ ਵੱਧ ਲਾਭਪਾਤਰੀ ਪਹਿਲਾਂ ਹੀ ਸਿਹਤ ਕਾਰਡ ਬਣਵਾ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, "ਇਸ ਯੋਜਨਾ ਤਹਿਤ ਹੁਣ ਤੱਕ 1.65 ਲੱਖ ਲੋਕਾਂ ਨੇ ਮੁਫ਼ਤ ਇਲਾਜ ਦੀ ਸਹੂਲਤ ਹਾਸਲ ਕੀਤੀ ਹੈ ਅਤੇ ਮੈਂ ਲੋਕਾਂ ਨੂੰ ਇਨ੍ਹਾਂ ਕਾਰਡਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਾ ਹਾਂ।
ਉਨ੍ਹਾਂ ਅੱਗੇ ਕਿਹਾ, “ਸੂਬੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ਲਈ ਟਿਊਬਵੈੱਲਾਂ ਨੂੰ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਗਈ ਹੈ। ਕਿਸਾਨਾਂ ਨੂੰ ਹੁਣ ਪਹਿਲੀ ਵਾਰ ਸਿੰਚਾਈ ਲਈ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ।”
ਮਹਿਲਾ ਸਸ਼ਕਤੀਕਰਨ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਵਨ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ 1500 ਰੁਪਏ ਦਿੱਤੇ ਜਾ ਰਹੇ ਹਨ।”
ਉਨ੍ਹਾਂ ਅੱਗੇ ਕਿਹਾ, “ਇਹ ਕੋਈ ਰਾਜਨੀਤਿਕ ਸਮਾਗਮ ਨਹੀਂ ਹੈ, ਸਗੋਂ ਲੋਕਾਂ ਨਾਲ ਗੱਲਬਾਤ ਦਾ ਇੱਕ ਜ਼ਰੀਆ ਹੈ। ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਕਿਸੇ ਨੇ ਵੀ ਲੋਕਾਂ ਦੀ ਭਲਾਈ ਦੀ ਪਰਵਾਹ ਨਹੀਂ ਕੀਤੀ। ਇਨ੍ਹਾਂ ਪਾਰਟੀਆਂ ਨੇ ਆਪਣੇ ਮੁਫਾਦਾਂ ਲਈ ਕੋਝੀਆਂ ਖੇਡਾਂ ਖੇਡੀਆਂ ਅਤੇ ਰਾਜ ਦੀ ਦੌਲਤ ਲੁੱਟੀ, ਪਰ ਲੋਕਾਂ ਨੇ ਝਾੜੂ ਨੂੰ ਵੋਟ ਦਿੱਤੀ, ਜਿਸਨੇ ਸਕੂਲਾਂ, ਹਸਪਤਾਲਾਂ ਅਤੇ ਹੋਰ ਖੇਤਰਾਂ ਦੀ ਨੁਹਾਰ ਬਦਲ ਦਿੱਤੀ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਕਾਲੀ ਆਗੂ ਪਹਿਲਾਂ ਪੰਜ ਮੌਕੇ ਦਿੱਤੇ ਜਾਣ ਦੇ ਬਾਵਜੂਦ ਲੋਕਾਂ ਤੋਂ ਇੱਕ ਹੋਰ ਮੌਕਾ ਮੰਗ ਰਹੇ ਹਨ। ਲੋਕਾਂ ਦੀ ਸੇਵਾ ਕਰਨ ਦੀ ਬਜਾਏ, ਉਨ੍ਹਾਂ ਨੇ ਸੂਬੇ ਨੂੰ ਲੁੱਟਿਆ ਅਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।”
ਮੁੱਖ ਮੰਤਰੀ ਨੇ ਅੱਗੇ ਕਿਹਾ, “ਇਹ ਪਾਰਟੀਆਂ ਸੂਬੇ ਦੀ ਦੌਲਤ ਨੂੰ ਦੁਬਾਰਾ ਲੁੱਟਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਨ, ਜੋ ਕਿ ਸੱਤਾ ਪ੍ਰਾਪਤ ਕਰਨ ਦਾ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਲੋਕ ਕਦੇ ਵੀ ਸੂਬੇ ਜਾਂ ਇਥੋਂ ਦੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਸਰਕਾਰ ਦੀ ਦੁਰਵਰਤੋਂ ਕਰਕੇ ਸੱਤਾ ਹਥਿਆਉਣਾ ਹੈ। ਇਹ ਮੌਕਾਪ੍ਰਸਤ ਆਗੂ ਹੈਰਾਨ ਹਨ  ਕਿਉਂਕਿ ਲੋਕ ਹੁਣ ਉਨ੍ਹਾਂ ਵੱਲ ਅੱਖ ਨਹੀਂ ਕਰ ਰਹੇ  ਅਤੇ ਉਨ੍ਹਾਂ ਦਾ ਏਜੰਡਾ ਆਪਣੇ  ਪਰਿਵਾਰਾਂ ਦੀ ਭਲਾਈ ਤੱਕ ਸੀਮਤ ਹੈ।”
ਉਨ੍ਹਾਂ ਅੱਗੇ ਕਿਹਾ, “ਇਹਨਾਂ ਪਾਰਟੀਆਂ ਨੇ ਲੰਬੇ ਸਮੇਂ ਤੱਕ ਰਾਜ ਕੀਤਾ ਪਰ ਆਪਣੀ ਅਯੋਗਤਾ ਅਤੇ ਕੁਸ਼ਾਸਨ ਕਾਰਨ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜੋ ਉਨ੍ਹਾਂ ਲਈ ਅਣਥੱਕ ਮਿਹਨਤ ਕਰ ਰਹੀ ਹੈ। ਰਵਾਇਤੀ ਪਾਰਟੀਆਂ ਸਾਡੇ ਨਾਲ ਇਸ ਲਈ ਈਰਖਾ ਕਰਦੀਆਂ ਹਨ ਕਿਉਂਕਿ ਅਸੀਂ ਆਮ ਆਦਮੀ ਦੀ ਭਲਾਈ ਦਾ ਏਜੰਡਾ ਰੱਖਿਆ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਇਹ ਪਾਰਟੀਆਂ ਨੇ ਸੱਤਾ ਵਿੱਚ ਆ ਕੇ ਲੋਕਾਂ ਅਤੇ ਦੇਸ਼ ਨੂੰ ਲੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ । ਸੁਖਬੀਰ ਸਿੰਘ ਬਾਦਲ ਪੰਜਾਬ ਦੇ ਇੱਕ ਕਾਨਵੈਂਟ ਪੜ੍ਹੇ-ਲਿਖੇ ਰਾਜਨੀਤਿਕ ਨੇਤਾ ਹਨ ਜੋ ਸੂਬੇ ਦੀ ਮੁੱਢਲੀ ਭੂਗੋਲਿਕ ਸਥਿਤੀ ਤੋਂ ਜਾਣੂ ਨਹੀਂ ਹਨ ਪਰ ਫਿਰ ਵੀ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਹਨ।”

ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਛਾਪੇਮਾਰੀ ਨੂੰ ਦਿੱਤੀ ਚੁਣੌਤੀ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਪਣੀਆਂ ਕੰਪਨੀਆਂ ’ਤੇ ਹੋਈ ਛਾਪੇਮਾਰੀ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਬੋਰਡ ਦੀ ਇਸ ਕਾਰਵਾਈ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਰਾਜਿੰਦਰ ਗੁਪਤਾ ਨੇ ਇਲਜ਼ਾਮ ਲਾਇਆ ਹੈ ਕਿ ਪ੍ਰਦੂਸ਼ਣ ਬੋਰਡ ਵੱਲੋਂ ਉਨ੍ਹਾਂ ਦੀਆਂ ਕੰਪਨੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਿੰਦਰ ਗੁਪਤਾ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਹੁਣ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ। ਰਾਜਿੰਦਰ ਗੁਪਤਾ ਨੂੰ ਭਾਜਪਾ ਦੀ ਰਾਜ ਸਭਾ ਮੈਂਬਰਾਂ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਜਾ ਚੁੱਕਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੀਤੀ ਗਈ ਛਾਪੇਮਾਰੀ ਦੇ ਚੱਲਦਿਆਂ ਰਾਜਿੰਦਰ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ।

ਮੰਡੀ ਗੋਬਿੰਦਗੜ੍ਹ, 4 ਮਈ: ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ਇੱਕ ਰੰਗੀਨ ਐਲੂਮਨਾਈ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੁਰਾਣੇ ਵਿਦਿਆਰਥੀ, ਅਧਿਆਪਕ ਅਤੇ ਮੌਜੂਦਾ ਵਿਦਿਆਰਥੀ ਇਕੱਠੇ ਹੋਏ। ਇਹ ਸਮਾਗਮ ਸਾਂਝੀਆਂ ਯਾਦਾਂ, ਪੇਸ਼ੇਵਰ ਵਿਕਾਸ ਅਤੇ ਸੰਸਥਾਤਮਕ ਮਾਣ ਦਾ ਪ੍ਰਤੀਕ ਬਣਿਆ।
ਇਹ ਪ੍ਰੋਗਰਾਮ ਐਲੂਮਨਾਈ ਲਈ ਆਪਣੀ ਮਾਂ ਸੰਸਥਾ ਨਾਲ ਦੁਬਾਰਾ ਜੁੜਨ ਦਾ ਮਹੱਤਵਪੂਰਨ ਮੰਚ ਸਾਬਤ ਹੋਇਆ, ਜਿੱਥੇ ਉਨ੍ਹਾਂ ਨੇ ਆਪਣੇ ਪੇਸ਼ੇਵਰ ਸਫਰ ਸਾਂਝੇ ਕੀਤੇ। ਉਨ੍ਹਾਂ ਦੇ ਤਜਰਬਿਆਂ ਨੇ ਕਰੀਅਰ ਮੌਕਿਆਂ, ਉਦਯੋਗ ਦੀਆਂ ਉਮੀਦਾਂ ਅਤੇ ਲਾਜ਼ਮੀ ਹੁਨਰ ਵਿਕਾਸ ਬਾਰੇ ਕੀਮਤੀ ਜਾਣਕਾਰੀ ਦਿੱਤੀ, ਜਿਸ ਨਾਲ ਵਿਦਿਆਰਥੀਆਂ ਨੂੰ ਉੱਚੇ ਲਕਸ਼ ਬਣਾਉਣ ਅਤੇ ਆਪਣੇ ਭਵਿੱਖ ਦੀ ਯੋਜਨਾ ਬਣਾਉਣ ਲਈ ਪ੍ਰੇਰਣਾ ਮਿਲੀ।
ਸਮਾਗਮ ਵਿੱਚ ਸਵਾਗਤ ਸੰਬੋਧਨ, ਇੰਟਰਐਕਟਿਵ ਸੈਸ਼ਨ ਅਤੇ ਦਿਲ ਨੂੰ ਛੂਹਣ ਵਾਲੀਆਂ ਯਾਦਾਂ ਸ਼ਾਮਲ ਸਨ। ਐਲੂਮਨਾਈ ਨੇ ਆਪਣੇ ਮਾਰਗਦਰਸ਼ਕਾਂ ਦਾ ਸੱਚੇ ਦਿਲੋਂ ਧੰਨਵਾਦ ਕੀਤਾ, ਜਦਕਿ ਅਧਿਆਪਕਾਂ ਨੇ ਆਪਣੇ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਲਗਾਤਾਰ ਸਹਿਯੋਗ ਲਈ ਉਤਸ਼ਾਹਿਤ ਕੀਤਾ।
ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ, ਚਰਚਾ ਵਿੱਚ ਸ਼ਾਮਲ ਹੋਏ ਅਤੇ ਕਰੀਅਰ ਯੋਜਨਾ ਅਤੇ ਪੇਸ਼ੇਵਰ ਤਰੱਕੀ ਬਾਰੇ ਵਿਆਹਾਰਿਕ ਗਿਆਨ ਹਾਸਲ ਕੀਤਾ। ਇਸ ਗਰਮਜੋਸ਼ ਅਤੇ ਯਾਦਗਾਰ ਮਾਹੌਲ ਨੇ ਨਾ ਸਿਰਫ਼ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਸਗੋਂ ਮਜ਼ਬੂਤ ਸੰਬੰਧ ਵੀ ਬਣਾਏ, ਜਿਸ ਨਾਲ ਇੱਕ ਸਰਗਰਮ ਅਤੇ ਸਹਿਯੋਗੀ ਐਲੂਮਨਾਈ ਨੈੱਟਵਰਕ ਮਜ਼ਬੂਤ ਹੋਇਆ।
ਸਕੂਲ ਆਫ ਫਾਰਮੇਸੀ ਦੀ ਪ੍ਰਿੰਸੀਪਲ ਡਾ. ਪੂਜਾ ਗੁਲਾਟੀ ਨੇ ਪ੍ਰੇਰਣਾਦਾਇਕ ਸੰਬੋਧਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਫਾਰਮੇਸੀ ਖੇਤਰ ਵਿੱਚ ਨਿਰੰਤਰ ਸਿੱਖਣ, ਪੇਸ਼ੇਵਰ ਨੈਤਿਕਤਾ ਅਤੇ ਸਮਰਪਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਲਮਨਾਈ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਣਾ ਲੈਣ, ਆਪਣੇ ਲਕਸ਼ਾਂ ‘ਤੇ ਕੇਂਦ੍ਰਿਤ ਰਹਿਣ ਅਤੇ ਸਮਾਜ ਤੇ ਸਿਹਤ ਸੇਵਾਵਾਂ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
ਇਸ ਸਮਾਗਮ ਨੂੰ ਯੂਨੀਵਰਸਿਟੀ ਪ੍ਰਬੰਧਨ ਦੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਹੋਰ ਵੀ ਸ਼ਾਨ ਮਿਲੀ। ਚਾਂਸਲਰ ਡਾ. ਜੋਰਾ ਸਿੰਘ ਨੇ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਐਲੂਮਨਾਈ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਪਹਿਲ ਦੀ ਸਰਾਹਨਾ ਕੀਤੀ। ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਵੀ ਫਾਰਮੇਸੀ ਫੈਕਲਟੀ ਦੀ ਪ੍ਰਸ਼ੰਸਾ ਕਰਦੇ ਹੋਏ ਸੰਸਥਾ ਦੇ ਵਿਕਾਸ ਅਤੇ ਵਿਦਿਆਰਥੀ ਉੱਨਤੀ ਵਿੱਚ ਐਲਮਨਾਈ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਹੁਣ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਹੋਵੇਗੀ ਰੀਟਰੀਟ ਸੈਰੇਮਨੀ
ਅੰਮਿ੍ਰਤਸਰ/ਬਿਊਰੋ ਨਿਊਜ਼  
ਅਟਾਰੀ-ਵਾਹਗਾ ਸਰਹੱਦ ’ਤੇ ਹੁੰਦੇ ਸ਼ਾਨਦਾਰ ‘ਬੀਟਿੰਗ ਰੀਟਰੀਟ’ ਸਮਾਰੋਹ ਦੇ ਸਮੇਂ ਵਿਚ ਅੱਜ 1 ਮਈ ਤੋਂ ਬਦਲਾਅ ਕੀਤਾ ਗਿਆ ਹੈ। ਇਹ ਰੋਜ਼ਾਨਾ ਹੋਣ ਵਾਲਾ ਪ੍ਰੋਗਰਾਮ ਹੁਣ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਪ੍ਰੋਗਰਾਮ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਹੁੰਦਾ ਸੀ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਗਰਮੀ ਦੇ ਵਧਦੇ ਪ੍ਰਕੋਪ ਕਾਰਨ ਸਮੇਂ ਵਿਚ ਇਹ ਤਬਦੀਲੀ ਕੀਤੀ ਗਈ ਹੈ। ਆਮ ਤੌਰ ’ਤੇ ਦਿਨ ਦੀ ਰੋਸ਼ਨੀ ਅਤੇ ਮੌਸਮੀ ਸਥਿਤੀਆਂ ਅਨੁਸਾਰ ਇਹ ਸਮਾਂ ਬਦਲਿਆ ਜਾਂਦਾ ਹੈ। ਹਰ ਸ਼ਾਮ ਅਟਾਰੀ ਸਰਹੱਦ ਦੇਸ਼ ਭਗਤੀ ਦੇ ਰੰਗ ਵਿਚ ਰੰਗੀ ਜਾਂਦੀ ਹੈ, ਜਿੱਥੇ ਭਾਰਤੀ ਬੀਐਸਐਫ ਦੇ ਜਵਾਨ ਅਤੇ ਪਾਕਿਸਤਾਨੀ ਰੇਂਜਰ ਆਪਣੀ ਤਾਲਮੇਲ ਭਰੀ ਅਤੇ ਜੋਸ਼ੀਲੀ ਪਰੇਡ ਦਾ ਪ੍ਰਦਰਸ਼ਨ ਕਰਦੇ ਹਨ। ਇਸੇ ਦੌਰਾਨ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਨੁਸ਼ਾਸ਼ਨ, ਬਹਾਦਰੀ ਅਤੇ ਰਾਸ਼ਟਰੀ ਜਜ਼ਬੇ ਦੇ ਇਸ ਪ੍ਰਦਰਸ਼ਨ ਦਾ ਪੂਰਾ ਅਨੰਦ ਲੈਣ ਲਈ ਸਮੇਂ ਤੋਂ ਪਹਿਲਾਂ ਪਹੁੰਚਣ। ਅਟਾਰੀ ਵਿਖੇ ਹੋਣ ਵਾਲੀ ਰੀਟਰੀਟ ਸੈਰੇਮਨੀ ਨਾਗਰਿਕਾਂ ਦਾ ਆਪਣੀਆਂ ਸਰਹੱਦਾਂ ਨਾਲ ਡੂੰਘੇ ਭਾਵਨਾਤਮਕ ਰਿਸ਼ਤੇ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਬਣੀ ਹੋਈ ਹੈ।

ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਅੱਜ ਮਜ਼ਦੂਰ ਦਿਵਸ ਉੱਤੇ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਚੰਡੀਗੜ੍ਹ ਵਿੱਚ ‘ਜਨਤਾ ਦੀ ਵਿਧਾਨ ਸਭਾ’ ਲਗਾਈ ਗਈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਕਾਰਜਕਾਰੀ ਮੈਂਬਰ ਤਰੁਨ ਚੁਘ, ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ, ਮਹਿਲਾ ਭਾਜਪਾ ਦੀ ਪ੍ਰਧਾਨ ਜੈ ਇੰਦਰ ਕੌਰ ਸਣੇ ਵੱਡੀ ਗਿਣਤੀ ਆਗੂ ਮੌਜੂਦ ਰਹੇ। ਇਨ੍ਹਾਂ ਆਗੂਆਂ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ। ਇਸ ਦੌਰਾਨ ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਨਿੰਦਾ ਮਤਾ ਵੀ ਲਿਆਂਦਾ ਗਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਜ਼ਦੂਰਾਂ ਦੇ ਨਾਮ ਉੱਤੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਜੋ ਕਿ ਪੂਰੇ ਨਹੀਂ ਕੀਤੇ ਗਏ।  

ਚੰਡੀਗੜ੍ਹ : ਸੂਬੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਉਨ੍ਹਾਂ ਵਿਦਿਆਰਥੀਆਂ, ਜੋ ਪਿਛਲੇ 16 ਸਾਲਾਂ ਵਿੱਚ ਆਪਣੀਆਂ 10ਵੀਂ ਜਾਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਪਾਸ ਨਹੀਂ ਕਰ ਸਕੇ, ਨੂੰ ਵਿਸ਼ੇਸ਼ ਮੌਕਾ (ਸਪੈਸ਼ਲ ਮਰਸੀ ਚਾਂਸ) ਪ੍ਰਦਾਨ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਉਮੀਦਵਾਰ 25 ਮਈ, 2026 ਤੱਕ ਪੀਐਸਈਬੀ ਦੀ ਵੈੱਬਸਾਈਟ 'ਤੇ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਕਦਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ। ਇਸ ਕਦਮ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਅਤੇ ਕਰੀਅਰ ਬਣਾਉਣ ਦਾ ਇੱਕ ਨਵਾਂ ਮੌਕਾ ਦੇਣਾ ਹੈ, ਜੋ ਸਾਲ 2010 ਅਤੇ 2025 ਦਰਮਿਆਨ ਆਪਣੀਆਂ 10ਵੀਂ ਜਾਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਪਾਸ ਨਹੀਂ ਕਰ ਸਕੇ।

ਯੋਗਤਾ ਮਾਪਦੰਡਾਂ ਬਾਰੇ ਜਾਣਕਾਰੀ ਦਿੰਦਿਆਂ ਸ. ਬੈਂਸ ਨੇ ਕਿਹਾ ਕਿ ਇਹ ਵਿਸ਼ੇਸ਼ ਮੌਕਾ ਉਨ੍ਹਾਂ ਉਮੀਦਵਾਰਾਂ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਮਾਰਚ 2010 ਅਤੇ ਮਾਰਚ 2025 ਦਰਮਿਆਨ 10ਵੀਂ ਜਾਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਨ੍ਹਾਂ ਦੇ ਰੀਅਪੀਅਰ ਜਾਂ ਕੰਪਾਰਟਮੈਂਟ ਦੇ ਸਾਰੇ ਮੌਕੇ ਖਤਮ ਹੋ ਗਏ ਹਨ ਜਾਂ ਜੋ ਆਪਣੀ ਅਕਾਦਮਿਕ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ। ਇਸ ਵਿੱਚ ਉਹ ਉਮੀਦਵਾਰ ਵੀ ਸ਼ਾਮਲ ਹਨ ਜਿਹਨਾਂ ਨੇ ਮਾਰਚ 2010 ਅਤੇ ਮਾਰਚ 2026 ਦਰਮਿਆਨ ਪ੍ਰੀਖਿਆ ਦਿੱਤੀ ਸੀ ਅਤੇ ਫੇਲ੍ਹ ਹੋ ਗਏ ਸਨ, ਬਸ਼ਰਤੇ ਉਨ੍ਹਾਂ ਨੇ ਘੱਟੋ-ਘੱਟ ਇੱਕ ਮੁੱਖ ਵਿਸ਼ਾ ਪਾਸ ਕੀਤਾ ਹੋਵੇ। ਇਹ ਮੌਕਾ 10ਵੀਂ ਅਤੇ 12ਵੀਂ ਜਮਾਤ ਦੀ ਓਪਨ ਸਕੂਲ ਸਟ੍ਰੀਮ ਦੇ ਵਿਦਿਆਰਥੀਆਂ ਲਈ ਵੀ ਉਪਲੱਬਧ ਹੈ।

ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀ ਫਾਰਮ ਅਤੇ ਵਿਆਪਕ ਦਿਸ਼ਾ-ਨਿਰਦੇਸ਼ ਪੀਐਸਈਬੀ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਉਪਲਬਧ ਹਨ।

ਸ. ਬੈਂਸ ਨੇ ਕਿਹਾ ਕਿ ਇਹ ਸਪੈਸ਼ਲ ਮਰਸੀ ਚਾਂਸ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਸਾਬਤ ਹੋਵੇਗਾ ਜੋ ਆਪਣੀ ਅਧੂਰੀ ਸਿੱਖਿਆ ਨੂੰ ਪੂਰਾ ਕਰਨਾ ਅਤੇ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਲਈ ਉਮੀਦ ਦੇ ਨਵੇਂ ਰਾਹ ਖੋਲ੍ਹ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ ਓਪਰੇ ਵਿਵਹਾਰ ਨੇ ਸਦਨ ਨੂੰ ਚੱਕਰੀਂ ਪਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ 1 ਮਈ ਨੂੰ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਇਜਲਾਸ ਹੰਗਾਮਿਆਂ ਭਰਪੂਰ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤੀ ‘ਗਰਮ-ਨਰਮ’ ਵਿਵਹਾਰ ਨੇ ਸਦਨ ਨੂੰ ਹੈਰਾਨ ਕਰ ਦਿੱਤਾ। ਮਜ਼ਦੂਰਾਂ ਦੇ ਹੱਕ ਵਿਚ ਪੇਸ਼ ਕੀਤੇ ਗਏ ਮਤੇ ’ਤੇ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਾਨਕ ਗੁੱਸੇ ਵਿਚ ਆ ਕੇ ਬਾਜਵਾ ਦੇ ਬਿਆਨ ’ਤੇ ਇਤਰਾਜ਼ ਜਤਾਇਆ। ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਦਿਨ ਦੇ ਵਿਸ਼ੇਸ਼ ਇਜਲਾਸ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਦਲੀਲ ਦਿੱਤੀ ਕਿ ਇਕ ਦਿਨ ਦੇ ਇਜਲਾਸਾਂ ਦਾ ਅੱਜ ਤੱਕ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ ਅਤੇ ਇਹ ਸਿਰਫ ਖਾਨਾਪੂਰਤੀ ਬਣ ਕੇ ਰਹਿ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਗਵੰਤ ਮਾਨ ਨੇ ਆਪਣੀ ਸੀਟ ਤੋਂ ਉਠ ਕੇ ਬਾਜਵਾ ਨੂੰ ਝਿੜਕਾਂ ਵੀ ਮਾਰੀਆਂ। ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਮੰਗ ਕੀਤੀ ਕਿ ਸਦਨ ਦੇ ਸਾਰੇ ਮੈਂਬਰਾਂ ਦਾ ‘ਐਲਕੋਮੀਟਰ’ ਟੈਸਟ ਕਰਵਾਇਆ ਜਾਵੇ। ਇਸ ਕਾਰਨ ਵਿਧਾਨ ਸਭਾ ਵਿਚ ਗੁੱਸੇ ਭਰੇ ਦਿ੍ਰਸ਼ ਦੇਖਣ ਨੂੰ ਮਿਲੇ ਅਤੇ ਖੁੱਲ੍ਹੀ ਬਹਿਸ ਹੋਈ। ਜ਼ਿਕਰਯੋਗ ਹੈ ਕਿ ਸਦਨ ਵਿਚ ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਕੋਈ ਵੀ ਵਿਧਾਇਕ ਮੌਜੂਦ ਨਹੀਂ ਸੀ।

ਸਤੌਜ (ਸੰਗਰੂਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਕਰਕੇ ਅਤੇ ਪੰਜਾਬੀ ਨੂੰ ਆਪਣੀ ਮਾਤ-ਭਾਸ਼ਾ ਦਰਜ ਕਰਕੇ ਮਰਦਮਸ਼ੁਮਾਰੀ-2027 ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਬਾਰੇ ਮਹੱਤਵਰਪੂਰਨ ਨੀਤੀਗਤ ਫੈਸਲੇ ਮਰਦਮਸ਼ੁਮਾਰੀ ਦੇ ਸਟੀਕ ਅੰਕੜਿਆਂ ’ਤੇ ਨਿਰਭਰ ਕਰਦੇ ਹਨ।  
ਆਪਣੇ ਜੱਦੀ ਪਿੰਡ ਸਤੌਜ ਵਿੱਚ ਮਰਦਮਸ਼ੁਮਾਰੀ ਦੇ ਅਧਿਕਾਰਤ ਆਨਲਾਈਨ ਪੋਰਟਲ ਰਾਹੀਂ ਸਵੈ-ਗਣਨਾ ਦੀ ਪ੍ਰਕਿਰਿਆ ਨੂੰ ਪੂਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਨਾਗਰਿਕ ਕੇਂਦਰਿਤ ਅਤੇ ਤਕਨਾਲੋਜੀ-ਅਧਾਰਿਤ ਮਰਦਮਸ਼ੁਮਾਰੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, "ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਨਾਲ ਸਬੰਧਤ ਕਈ ਮੁੱਖ ਫੈਸਲੇ ਮਰਦਮਸ਼ੁਮਾਰੀ ਦੇ ਅੰਕੜਿਆਂ 'ਤੇ ਨਿਰਭਰ ਕਰਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਲੋਕ ਵਧ-ਚੜ੍ਹ ਕੇ ਅੱਗੇ ਆਉਣ ਅਤੇ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਵਜੋਂ ਦਰਜ ਕਰਨ ਤਾਂ ਕਿ ਢੁਕਵੀਂ ਨੁਮਾਇੰਦਗੀ ਯਕੀਨੀ ਬਣਾਈ ਜਾ ਸਕੇ।"
ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ, ਜਿਸ ਦਾ ਸਿਰਲੇਖ "ਮਕਾਨਾਂ ਦਾ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ" ਹੈ, ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵੰਤ ਮਾਨ ਸਰਕਾਰ ਦੀ ਡਿਜੀਟਲ ਪਹਿਲਕਦਮੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਅਧਿਕਾਰਤ ਆਨਲਾਈਨ ਪੋਰਟਲ ਰਾਹੀਂ ਆਪਣੀ ਸਵੈ-ਗਣਨਾ ਨੂੰ ਪੂਰਾ ਕਰਕੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਪ੍ਰਕਿਰਿਆ ਸਰਲ, ਪਹੁੰਚਯੋਗ ਅਤੇ ਨਾਗਰਿਕ-ਕੇਂਦਰਿਤ ਹੈ। ਇਹ ਲੋਕਾਂ ਨੂੰ ਡਿਜੀਟਲ ਮਰਦਮਸ਼ੁਮਾਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਪਹਿਲਕਦਮੀ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਇਸ ਤਕਨਾਲੋਜੀ-ਅਧਾਰਿਤ ਪ੍ਰਕਿਰਿਆ ਨੂੰ ਅਪਣਾਉਣ ਅਤੇ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਮੇਰੇ ਵੱਲੋਂ ਅੱਜ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਮਤਲਬ ਮਿਸਾਲ ਪੇਸ਼ ਕਰਨਾ ਹੈ ਤਾਂ ਜੋ ਸੂਬਾ ਭਰ ਦੇ ਲੋਕ ਸਹੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰ ਸਕਣ। ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ 30 ਅਪ੍ਰੈਲ ਤੋਂ 14 ਮਈ ਤੱਕ ਉਪਲਬਧ ਸਵੈ-ਗਣਨਾ ਸਹੂਲਤ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਵਿਆਪਕ ਤੇ ਭਰੋਸੇਮੰਦ ਰਾਸ਼ਟਰੀ ਡਾਟਾਬੇਸ ਬਣਾਉਣ ਵਿੱਚ ਯੋਗਦਾਨ ਪਾਉਣ।"
ਭਰੋਸੇਯੋਗ ਅੰਕੜਿਆਂ ਦੀ ਅਹਿਮਤੀਅਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ, "ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਨੀਤੀ ਨਿਰਮਾਣ ਲਈ ਮਜ਼ਬੂਤ ਡਾਟਾਬੇਸ ਜ਼ਰੂਰੀ ਹੈ। ਮਰਦਰਮਸ਼ੁਮਾਰੀ ਦੇ ਪੁਖਤਾ ਅੰਕੜੇ ਸ਼ਾਸਨ ਦਾ ਧੁਰਾ ਸਾਬਤ ਹੁੰਦੇ ਹਨ ਅਤੇ ਇਹ ਅੰਕੜੇ ਹੀ ਯਕੀਨੀ ਬਣਾਉਂਦੇ ਹਨ ਕਿ ਭਲਾਈ ਯੋਜਨਾਵਾਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਰੋਤਾਂ ਦੀ ਬਰਾਬਰ ਵੰਡ ਸਮਾਜ ਦੇ ਹਰ ਵਰਗ ਤੱਕ ਪਹੁੰਚੇ।"
ਡਿਜੀਟਲ ਗਣਨਾ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਵੈ-ਗਣਨਾ-2027 ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਵਿਅਕਤੀਗਤ ਤੌਰ ’ਤੇ ਜਨ ਅੰਕੜਿਆਂ ਅਤੇ ਸਮਾਜਿਕ-ਆਰਥਿਕ ਵੇਰਵਿਆਂ ਨੂੰ ਆਸਾਨੀ ਨਾਲ ਆਨਲਾਈਨ ਭਰਨ ਦੀ ਆਗਿਆ ਮਿਲਦੀ ਹੈ। ਇਹ ਪਹਿਲ ਪਾਰਦਰਸ਼ਤਾ ਨੂੰ ਵਧਾਉਂਦੀ ਹੈ, ਕੁਸ਼ਲਤਾ ਵਿੱਚ ਸੁਧਾਰ ਕਰਦੀ ਹੈ, ਅਤੇ ਸਟੀਕ ਅੰਕੜਿਆਂ ਨੂੰ ਯਕੀਨੀ ਬਣਾਉਂਦੀ ਹੈ।”
ਉਨ੍ਹਾਂ ਅੱਗੇ ਕਿਹਾ, “ਡਿਜੀਟਲ ਪਹੁੰਚ ਦਸਤੀ ਪ੍ਰਕਿਰਿਆਵਾਂ 'ਤੇ ਨਿਰਭਰਤਾ ਨੂੰ ਘਟਾਉਂਦੀ  ਹੈ, ਤੇਜ਼ੀ ਨਾਲ ਅੰਕੜੇ ਇਕੱਠੇ ਕਰਨ ਦੇ ਸਮਰੱਥ ਬਣਾਉਂਦੀ ਹੈ ਅਤੇ ਰਾਸ਼ਟਰੀ ਡਾਟਾਬੇਸ ਨੂੰ ਮਜ਼ਬੂਤ ਕਰਦੀ ਹੈ।”
ਅਗਲੇ ਪੜਾਅ ਦੀ ਰੂਪ-ਰੇਖਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਵਿੱਚ 15 ਮਈ ਤੋਂ 13 ਜੂਨ, 2026 ਤੱਕ ਘਰ-ਘਰ ਸਰਵੇਖਣ ਵੀ ਸ਼ਾਮਲ ਹੋਵੇਗਾ। ਇਸ ਸਮੇਂ ਦੌਰਾਨ ਰਿਹਾਇਸ਼ੀ ਹਾਲਤਾਂ, ਸਹੂਲਤਾਂ ਅਤੇ ਅਸਾਸਿਆਂ ਨਾਲ ਸਬੰਧਤ 33 ਸਵਾਲ ਪੁੱਛੇ ਜਾਣਗੇ  ਅਤੇ ਹਰੇਕ ਘਰ ਦੀ ਗਿਣਤੀ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਪਰਿਵਾਰ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਸ ਤੋਂ ਵਿਰਵਾ ਨਾ ਰਹੇ।”

ਚੰਡੀਗੜ੍ਹ : ਲੋਹਾ ਅਤੇ ਸਟੀਲ ਸੈਕਟਰ ਵਿੱਚ ਟੈਕਸ ਚੋਰੀ ਵਿਰੁੱਧ ਵੱਡੀ ਕਾਰਵਾਈ ਦਾ ਐਲਾਨ ਕਰਦਿਆਂ, ਪੰਜਾਬ ਦੇ ਵਿੱਤ ਅਤੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਸੂਬੇ ਦੇ ਕਰ ਵਿਭਾਗ ਨੇ 200 ਤੋਂ ਵੱਧ ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਹੈ ਅਤੇ ਲਗਭਗ 5 ਕਰੋੜ ਰੁਪਏ ਦੀ ਮਾਰਕੀਟ ਕੀਮਤ ਦਾ ਮਾਲ ਜ਼ਬਤ ਕੀਤਾ ਹੈ। ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵੱਡੀ ਇਨਫੋਰਸਮੈਂਟ ਮੁਹਿੰਮ ਦਾ ਨਿਸ਼ਾਨਾ ਜਾਅਲੀ ਬਿਲਿੰਗ ਅਤੇ ਬਿਨਾਂ ਸਹੀ ਦਸਤਾਵੇਜ਼ਾਂ ਦੇ ਮਾਲ ਦੀ ਢੋਆ-ਢੁਆਈ ਨੂੰ ਰੋਕਣਾ ਹੈ, ਜਿਸ ਵਿੱਚ ਉਲੰਘਣਾ ਕਰਨ ਵਾਲਿਆਂ 'ਤੇ 3 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ।

ਆਪ੍ਰੇਸ਼ਨ ਦੇ ਵੇਰਵੇ ਦਿੰਦਿਆਂ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਰ ਵਿਭਾਗ ਦੀ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ ਨੇ ਅੱਜ ਇੱਕ ਵੱਡੀ ਇਨਫੋਰਸਮੈਂਟ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ। ਉਨ੍ਹਾਂ ਕਿਹਾ, “ਇਹ ਰਣਨੀਤਕ ਕਾਰਵਾਈ ਮੁੱਖ ਤੌਰ 'ਤੇ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਆਸ-ਪਾਸ ਦੇ ਇਲਾਕਿਆਂ ਸਮੇਤ ਪ੍ਰਮੁੱਖ ਲੋਹਾ ਅਤੇ ਸਟੀਲ ਬੈਲਟ 'ਤੇ ਕੇਂਦਰਿਤ ਸੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਮਾਲ ਦੀ ਢੋਆ-ਢੁਆਈ ਅਤੇ ਜਾਅਲੀ ਬਿਲਿੰਗ ਦੀ ਗੈਰ-ਕਾਨੂੰਨੀ ਵਰਤੋਂ ਰਾਹੀਂ ਹੋ ਰਹੀ ਟੈਕਸ ਚੋਰੀ ਨੂੰ ਸਖ਼ਤੀ ਨਾਲ ਠੱਲ੍ਹ ਪਾਉਣਾ ਸੀ।”

ਫੜੇ ਗਏ ਮਾਲ ਦੇ ਪੱਧਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿੱਤ ਮੰਤਰੀ ਨੇ ਖੁਲਾਸਾ ਕੀਤਾ, “ਇਸ ਵਿਸ਼ੇਸ਼ ਕਾਰਵਾਈ ਦੌਰਾਨ ਬਾਰੀਕੀ ਨਾਲ ਜਾਂਚ ਕਰਨ ਲਈ ਲੋਹੇ ਦੇ ਸਕ੍ਰੈਪ ਅਤੇ ਤਿਆਰ ਸਟੀਲ ਦੇ ਮਾਲ ਦੀ ਢੋਆ-ਢੁਆਈ ਕਰਨ ਵਾਲੇ 200 ਤੋਂ ਵੱਧ ਵਾਹਨਾਂ ਨੂੰ ਰੋਕਿਆ ਗਿਆ। ਇਸ ਕਾਰਵਾਈ ਵਿੱਚ ਸ਼ਾਮਲ ਮਾਲ ਦੀ ਕੁੱਲ ਮਾਤਰਾ 1,600 ਮੀਟ੍ਰਿਕ ਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ, ਜਿਸ ਦੀ ਮਾਰਕੀਟ ਕੀਮਤ ਲਗਭਗ 5 ਕਰੋੜ ਰੁਪਏ ਹੈ। ਮੁੱਢਲੀ ਜਾਂਚ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਕਈ ਖੇਪਾਂ ਜਾਂ ਤਾਂ ਬਿਨਾਂ ਸਹੀ ਇਨਵਾਇਸ ਅਤੇ ਈ-ਵੇਅ ਬਿੱਲਾਂ ਦੇ ਲਿਜਾਈਆਂ ਜਾ ਰਹੀਆਂ ਸਨ ਜਾਂ ਉਨ੍ਹਾਂ ਨਾਲ ਸ਼ੱਕੀ ਜਾਅਲੀ ਦਸਤਾਵੇਜ਼ ਲਗਾਏ ਗਏ ਸਨ।”

ਵਿਭਾਗ ਦੀਆਂ ਅਗਲੀਆਂ ਕਾਰਵਾਈਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਉਨ੍ਹਾਂ ਕਿਹਾ, “ਜੀ.ਐਸ.ਟੀ. ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਡਿਫਾਲਟਰਾਂ ਵਿਰੁੱਧ ਅਧਿਕਾਰਤ ਤੌਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਤੀਜੇ ਵਜੋਂ ਲੱਗਣ ਵਾਲਾ ਜੁਰਮਾਨਾ 3 ਕਰੋੜ ਰੁਪਏ ਤੋਂ ਪਾਰ ਜਾਣ ਦੀ ਉਮੀਦ ਹੈ, ਜੋ ਕਿ ਵਿਸਤ੍ਰਿਤ ਪੜਤਾਲ ਅਤੇ ਫੈਸਲੇ 'ਤੇ ਨਿਰਭਰ ਕਰੇਗਾ।”

ਸਰਕਾਰੀ ਖਜ਼ਾਨੇ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿੱਤ ਮੰਤਰੀ ਨੇ ਅੱਗੇ ਕਿਹਾ, “ਇਨਫੋਰਸਮੈਂਟ ਟੀਮਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਸਰਕਾਰੀ ਮਾਲੀਏ ਨੂੰ ਸੁਰੱਖਿਅਤ ਰੱਖਣ ਲਈ ਬਕਾਇਆ ਟੈਕਸ ਅਤੇ ਜੁਰਮਾਨੇ ਦੀ ਤੁਰੰਤ ਵਸੂਲੀ ਸਮੇਤ ਤੇਜ਼ੀ ਨਾਲ ਜਾਂਚ ਕਰਨ ਅਤੇ ਫੌਰੀ ਤੌਰ 'ਤੇ ਅਗਲੀ ਕਾਰਵਾਈ ਨੂੰ ਅੰਜਾਮ ਦੇਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦ੍ਰਿੜ ਸਟੈਂਡ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜੀ.ਐਸ.ਟੀ. ਕਾਨੂੰਨਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਜਾਅਲੀ ਬਿਲਿੰਗ ਜਾਂ ਬਿਨਾਂ ਅਧਿਕਾਰਤ ਮਨਜ਼ੂਰੀ ਤੋਂ ਮਾਲ ਦੀ ਢੋਆ-ਢੁਆਈ ਰਾਹੀਂ ਟੈਕਸ ਚੋਰੀ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪੂਰੇ ਸੂਬੇ ਵਿੱਚ ਅਜਿਹੀਆਂ ਇਨਫੋਰਸਮੈਂਟ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ, ਅਤੇ ਸਾਰੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।”

ਵਿੱਤ ਮੰਤਰੀ ਨੇ ਟੈਕਸ ਚੋਰਾਂ ਨੂੰ ਆਪਣੀ ਮਰਜ਼ੀ ਨਾਲ ਕਾਨੂੰਨ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਸਖ਼ਤ ਜੁਰਮਾਨੇ ਅਤੇ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਕਰ ਵਿਭਾਗ ਟੈਕਸ ਚੋਰੀ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਦੇ ਹੋਏ ਇਮਾਨਦਾਰ ਟੈਕਸਦਾਤਾਵਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗਾ ਅਤੇ ਇੱਕ ਨਿਰਪੱਖ ਤੇ ਪਾਰਦਰਸ਼ੀ ਟੈਕਸ ਪ੍ਰਣਾਲੀ ਕਾਇਮ ਰੱਖੇਗਾ।

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਸਮਰਪਿਤ ਕੀਤਾ, ਜੋ ਪੇਂਡੂ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਵਿਆਪਕ ਵਿਸਥਾਰ ਨੂੰ ਦਰਸਾਉਂਦਾ ਹੈ। ਇਸ ਸੈਂਟਰ ਨਾਲ 85 ਪਿੰਡਾਂ ਦੇ ਵਸਨੀਕਾਂ ਨੂੰ ਲਾਭ ਹੋਵੇਗਾ। ਆਜ਼ਾਦੀ ਤੋਂ ਲਗਭਗ 80 ਸਾਲ ਬਾਅਦ ਕੌਹਰੀਆ ਪਿੰਡ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ, ਸਰਜੀਕਲ ਸਹੂਲਤਾਂ, ਗੰਭੀਰ ਬਿਮਾਰੀਆਂ ਦੇ ਇਲਾਜ ਅਤੇ ਬੱਚਿਆਂ ਲਈ ਮਾਹਰ ਦੇਖਭਾਲ ਨਾਲ ਲੈਸ 30 ਬੈੱਡਾਂ ਵਾਲਾ ਹਸਪਤਾਲ ਬਣਾਇਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦਿੜਬਾ ਵਰਗੇ ਖੇਤਰਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਵਿਕਾਸ ਨੂੰ ਕੁਝ ਕੁ ਲੋਕਾਂ ਤੱਕ ਸੀਮਤ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਸਪਤਾਲਾਂ, ਸਕੂਲਾਂ, ਲਾਇਬ੍ਰੇਰੀਆਂ ਅਤੇ ਸੜਕਾਂ ਰਾਹੀਂ ਪਿੰਡਾਂ ਵਿੱਚ ਜਨਤਕ ਪੈਸਾ ਵਾਪਸ ਲੋਕਾਂ ਦੇ ਵਿਕਾਸ ਉੱਤੇ ਲਗਾ ਕੇ ਇਸ ਰਵਾਇਤ ਨੂੰ ਬਦਲ ਰਹੀ ਹੈ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਸੀਂ ਪਿੰਡ ਕੌਹਰੀਆਂ ਵਿਖੇ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਸਮਰਪਿਤ ਕੀਤਾ ਹੈ।" ਉਨ੍ਹਾਂ ਅੱਗੇ ਕਿਹਾ, “ਇਹ ਪ੍ਰੋਜੈਕਟ 13.23 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ ਅਤੇ ਇਸ ਸੈਂਟਰ ਵਿੱਚ 30 ਬੈੱਡ ਉਪਲਬਧ ਹਨ।” ਇਸਦੇ ਪਿਛੋਕੜ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ, “ਆਜ਼ਾਦੀ ਦੇ ਲਗਭਗ 80 ਸਾਲਾਂ ਬਾਅਦ, ਕੌਹਰੀਆ ਪਿੰਡ ਦੇ ਲੋਕ ਆਪਣਾ ਪਹਿਲਾ 30 ਬੈੱਡਾਂ ਵਾਲਾ ਹਸਪਤਾਲ ਮਿਲਣ ਦਾ ਜਸ਼ਨ ਮਨਾ ਰਹੇ ਹਨ।” ਉਨ੍ਹਾਂ ਕਿਹਾ, “ਇਹ ਕਮਿਊਨਿਟੀ ਹੈਲਥ ਸੈਂਟਰ ਅਸਲ ਵਿੱਚ 1962 ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਜੋਂ ਸਥਾਪਿਤ ਕੀਤਾ ਗਿਆ ਸੀ।”

ਬੁਨਿਆਦੀ ਢਾਂਚੇ ਬਾਰੇ ਵੇਰਵਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨਵੇਂ ਕਮਿਊਨਿਟੀ ਹੈਲਥ ਸੈਂਟਰ ਵਿੱਚ ਚਾਰ ਓਪੀਡੀ (ਆਊਟਪੇਸ਼ੈਂਟ ਵਿਭਾਗ), ਇੱਕ ਐਮਰਜੈਂਸੀ ਬਲਾਕ, ਦੋ ਲੇਬਰ ਆਪ੍ਰੇਸ਼ਨ ਥੀਏਟਰ, ਇੱਕ ਮਾਈਨਰ ਆਪ੍ਰੇਸ਼ਨ ਥੀਏਟਰ ਅਤੇ ਦੋ ਵੱਡੇ ਆਪ੍ਰੇਸ਼ਨ ਥੀਏਟਰ ਹੋਣਗੇ।” ਉਨ੍ਹਾਂ ਅੱਗੇ ਕਿਹਾ, “ਇਸ ਵਿੱਚ ਇੱਕ ਨਰਸਿੰਗ ਸਟੇਸ਼ਨ, ਦੋ ਜਨਰਲ ਵਾਰਡ, ਇੱਕ ਅਲਟਰਾਸਾਊਂਡ ਰੂਮ, ਇੱਕ ਲੈਬ, ਇੱਕ ਐਕਸ-ਰੇ ਰੂਮ, ਤਿੰਨ ਡਾਕਟਰ ਕੰਸਲਟਿੰਗ ਰੂਮ ਅਤੇ ਹੋਰ ਜ਼ਰੂਰੀ ਸਹੂਲਤਾਂ ਵੀ ਸ਼ਾਮਲ ਹੋਣਗੀਆਂ।”

ਇਸਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਨਵੇਂ ਸੀਐਚਸੀ ਨਾਲ ਪਿੰਡ ਦੇ 4,100 ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।” ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ, ਇਹ ਆਲੇ-ਦੁਆਲੇ ਦੇ 85 ਪਿੰਡਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ ਜਿਸ ਨਾਲ ਲਗਭਗ 35,000 ਲੋਕਾਂ ਨੂੰ ਸਿਹਤ ਸੇਵਾਵਾਂ ਮਿਲਣਗੀਆਂ।”

24 ਘੰਟੇ ਦੇਖਭਾਲ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਕੇਂਦਰ ਵਿੱਚ 24 ਘੰਟੇ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਉਪਲਬਧ ਹੋਣਗੀਆਂ ਅਤੇ ਗੰਭੀਰ ਬਿਮਾਰੀਆਂ ਲਈ ਸਰਜਰੀਆਂ ਅਤੇ ਇਲਾਜ ਲਈ ਡਾਕਟਰ ਮੌਜੂਦ ਹੋਣਗੇ।” ਉਨ੍ਹਾਂ ਅੱਗੇ ਕਿਹਾ, “ਸੀਐਚਸੀ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਬਾਲ ਰੋਗ ਮਾਹਰ ਵੀ ਹੋਣਗੇ ਅਤੇ ਮਾਵਾਂ ਅਤੇ ਬੱਚਿਆਂ ਲਈ ਸਾਰੇ ਜ਼ਰੂਰੀ ਟੈਸਟਾਂ ਦੇ ਨਾਲ-ਨਾਲ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾਵੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਰੀਜ਼ਾਂ ਨੂੰ ਮੁਫ਼ਤ ਐਕਸ-ਰੇ, ਈਸੀਜੀ ਅਤੇ ਖੂਨ ਦੇ ਟੈਸਟਾਂ ਦੀਆਂ ਸਹੂਲਤਾਂ ਮਿਲਣਗੀਆਂ, ਅਤੇ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ।” ਉਨ੍ਹਾਂ ਅੱਗੇ ਕਿਹਾ, “ਇਸ ਸੀਐਚਸੀ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਨਕਦ ਰਹਿਤ ਇਲਾਜ ਉਪਲਬਧ ਹੋਵੇਗਾ।”

ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, “ਇਹ ਹਸਪਤਾਲ ਕਈ ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ, ਪਰ ਪਿਛਲੀਆਂ ਸਰਕਾਰਾਂ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਰਹੀਆਂ।” ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਪਿੰਡਾਂ ਵਿੱਚ ਸਕੂਲਾਂ, ਲਾਇਬ੍ਰੇਰੀਆਂ, ਹਸਪਤਾਲਾਂ ਅਤੇ ਸੜਕਾਂ ਦੇ ਰੂਪ ਵਿੱਚ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਉੱਤੇ ਖਰਚ ਕਰਨਾ ਜਾਰੀ ਰੱਖੇਗੀ।”

ਵਿਸ਼ੇਸ਼ ਦੇਖਭਾਲ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਇੱਕ ਮਾਹਰ ਦੰਦਾਂ ਦੇ ਡਾਕਟਰ ਵੱਲੋਂ ਕੀਤਾ ਜਾਵੇਗਾ।” ਉਨ੍ਹਾਂ ਅੱਗੇ ਕਿਹਾ, “ਨਸ਼ਾ ਛੁਡਾਊ ਇਲਾਜ ਲਈ, ਇੱਕ ਓਟ ਸੈਂਟਰ (ਓਪੀਓਇਡ ਐਗੋਨਿਸਟ ਥੈਰੇਪੀ ਸੈਂਟਰ) ਨਸ਼ਾ ਪੀੜਤਾਂ ਨੂੰ ਦਵਾਈਆਂ ਅਤੇ ਇਲਾਜ ਪ੍ਰਦਾਨ ਕਰੇਗਾ।”

ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਦਿੜ੍ਹਬਾ ਖੇਤਰ ਨੂੰ ਅਣਗੌਲਿਆਂ ਕੀਤਾ ਪਰ ਭਗਵੰਤ ਮਾਨ ਸਰਕਾਰ ਨੇ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਪ੍ਰਦਾਨ ਕਰਕੇ ਇਸਦਾ ਮਾਣ ਵਧਾਇਆ ਹੈ।”

ਸਰਕਾਰ ਵੱਲੋਂ ਸਾਰਿਆਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ‘ਤੇ ਦਿੱਤੀ ਜਾ ਰਹੀ ਤਰਜੀਹ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਭਗਵੰਤ ਮਾਨ ਸਰਕਾਰ ਹਰ ਪੰਜਾਬੀ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਿਹਤ ਬੀਮੇ ਲਈ 2,000 ਕਰੋੜ ਰੁਪਏ ਅਲਾਟ ਕਰਨਾ ਇਸਦਾ ਸਭ ਤੋਂ ਵੱਡਾ ਸਬੂਤ ਹੈ।”

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.