Thursday, 28 May 2026

ਪੁਲਿਸ ਵੱਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਹੋਏ ਧਮਾਕੇ ਤੋਂ ਦੋ ਦਿਨ ਬਾਅਦ ਹੀ ਅੱਜ ਪਟਿਆਲਾ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸਦੇ ਚੱਲਦਿਆਂ ਇਹਨਾਂ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਤੇ ਪੁਲਿਸ ਵੱਲੋਂ ਇਹਨਾਂ ਸਕੂਲਾਂ ਦੇ ਚੱਪੇ ਚੱਪੇ ਦੀ ਛਾਣਬੀਣ ਕੀਤੀ ਗਈ ਹੈ। ਇਸੇ ਦੌਰਾਨ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਭਾਵੇਂ ਅਜਿਹੀਆਂ ਧਮਕੀਆਂ ਦਹਿਸ਼ਤ ਫੈਲਾਉਣ ਲਈ ਦਿੱਤੀਆਂ ਜਾ ਰਹੀਆਂ ਹਨ ਪਰ ਇਸਦੇ ਬਾਵਜੂਦ ਪੁਲਿਸ ਵੱਲੋਂ ਇਹਤਿਆਤ ਵਜੋਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਚੌਕਸੀ ਵੀ ਵਰਤੀ ਜਾ ਰਹੀ ਹੈ। ਇਸੇ ਦੌਰਾਨ ਗੁਰੂਗ੍ਰਾਮ ਵਿੱਚ ਵੀ ਸਕੂਲਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਬਣਿਆ ਹੋਇਆ ਡਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਸਵੇਰੇ ਗੁਰੂਗ੍ਰਾਮ ਦੇ ਕਈ ਨਾਮਵਰ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਇੱਕ ਹੋਰ ਧਮਕੀ ਮਿਲੀ। ਧਮਕੀ ਭਰੀ ਈਮੇਲ ਮਿਲਣ ਤੋਂ ਤੁਰੰਤ ਬਾਅਦ ਸਕੂਲਾਂ ਨੇ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰ ਦਿੱਤੇ।

ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ  ਅੱਜ ਇਥੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੜਕਾਂ ਨੈਟਵਰਕ ਨੂੰ ਬਿਹਤਰ ਬਣਾਉਣ ਲਈ ਆਰੰਭੇ ਗਏ ਯਤਨਾਂ ਤਹਿਤ ਵਿਭਾਗ ਵਲੋਂ ਕਰਵਾਏ ਜਾ ਰਹੇ ਕੰਮਾਂ ਦੀ ਵਿਸਥਾਰ ਪੂਰਵਕ ਸਮੀਖਿਆ ਕੀਤੀ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਮਿੱਥੇ ਗਏ ਵਿੱਤੀ ਅਤੇ ਫਿਜੀਕਲ ਟੀਚਿਆਂ ਮੁਤਾਬਕ ਕੰਮ ਕਰਨ ਲਈ ਨਿਰਦੇਸ਼ ਜਾਰੀ ਕੀਤੇ।


ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੀਟਿੰਗ ਦੌਰਾਨ  ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ  ਸੂਬੇ ਦੀਆਂ ਸੜਕਾਂ ਦੇ ਨਿਰਮਾਣ ਸਬੰਧੀ ਮਿੱਥੇ ਟੀਚਿਆਂ ਨੂੰ ਹਰ ਹਾਲਤ ਵਿੱਚ ਹਾਸਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕ ਨਿਰਮਾਣ  ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 30 ਜੂਨ 2026 ਤੋਂ ਪਹਿਲਾਂ ਸੜਕੀ ਨਿਰਮਾਣ ਸਬੰਧੀ ਕਾਰਜ ਮੁਕੰਮਲ ਕਰ ਲਿਆ ਜਾਵੇ।

ਉਨ੍ਹਾਂ ਦੱਸਿਆ ਕਿ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਲੋੜੀਂਦੇ ਫੰਡਾਂ ਦੀ ਸਰਕਾਰ ਕੋਲ ਕੋਈ ਕਮੀ ਨਹੀਂ ਹੈ ਅਤੇ ਕੰਮਾਂ ਨੂੰ ਪੂਰੇ ਜੋਰ ਨਾਲ ਮਿੱਥੋ ਗਏ ਸਮੇਂ ਵਿੱਚ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਖਾੜੀ ਦੇਸ਼ਾਂ ਵਿੱਚ ਚਲ ਰਹੀ ਜੰਗ ਕਾਰਨ ਬਿਟੂਮਨ ਦੀ ਕੁਝ ਘਾਟ ਪੈਦਾ ਹੋ ਰਹੀ ਹੈ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਸਮੱਸਿਆਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।

 ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਬਠਿੰਡਾ ਰਿਫਾਇਨਰੀ ਤੋਂ ਲੁੱਕ ਦੀ ਉਪਲੱਬਧਤਾ ਨਾ ਹੋਣ ਕਾਰਨ ਕੰਮ ਵਿੱਚ ਆਈ ਖੜੌਤ ਨੂੰ ਖ਼ਤਮ ਨੂੰ ਕਰਨ ਲਈ  ਪਾਨੀਪਤ, ਮਥੁਰਾ ਰਿਫਾਇਨਰੀ ਜਾਂ ਹੋਰ ਸਰੋਂਤਾ ਤੋਂ ਲੁੱਕ ਦੀ ਸਪਲਾਈ ਲੈਣ ਦੇ ਪ੍ਰਬੰਧ ਕੀਤੇ ਗਏ ਹਨ।

ਮੀਟਿੰਗ ਵਿੱਚ ਸਪੈਸ਼ਲ ਸੱਕਤਰ ਲੋਕ ਨਿਰਮਾਣ ਸ਼੍ਰੀਮਤੀ ਹਰਗੁਨਜੀਤ ਕੌਰ, ਸੰਯੁਕਤ ਸੱਕਤਰ ਸ੍ਰੀ ਅਮਰਬੀਰ ਸਿੱਧੂ, ਇੰਜੀਨੀਅਰ ਇੰਨ ਚੀਫ ਸ਼੍ਰੀ ਗਗਨਦੀਪ ਸਿੰਘ, ਮੁੱਖ ਇੰਜੀਨੀਅਰ ਸ਼੍ਰੀ ਅਨਿਲ ਗੁਪਤਾ, ਸਮੂਹ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਹਾਜ਼ਰ ਸਨ।

ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਜਾਣ ’ਤੇ ਗੱਲਬਾਤ ਕੀਤੀ ਹੈ। ਅਰੋੜਾ ਨੇ ਕਿਹਾ ਕਿ ਰਾਘਵ ਚੱਢਾ ਦਾ ਪਾਰਟੀ ਛੱਡ ਕੇ ਜਾਣਾ 24 ਘੰਟੇ ਦੀ ਕਹਾਣੀ ਸੀ ਅਤੇ ਇਹ ਸਾਡੇ ਲਈ ਹੁਣ ਖਤਮ ਹੋ ਚੁੱਕੀ ਹੈ। ਜਲੰਧਰ ਦੇ ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਆਮ ਆਦਮੀ ਪਾਰਟੀ ਨੇ ਅੱਜ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਰਾਘਵ ਚੱਢਾ ਅਤੇ ਪਾਰਟੀ ਛੱਡ ਕੇ ਜਾਣ ਵਾਲੇ ਹੋਰ ਸੰਸਦ ਮੈਂਬਰਾਂ ਦਾ ਮੁੱਦਾ ਸਾਡੇ ਲਈ ਖਤਮ ਹੋ ਚੁੱਕਾ ਹੈ ਅਤੇ ਹੁਣ ਮੀਡੀਆ ਹੀ ਇਸ ਗੱਲ ਨੂੰ ਜ਼ਿਆਦਾ ਉਛਾਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਸਣੇ 7 ਰਾਜ ਸਭਾ ਮੈਂਬਰ ਭਾਜਪਾ ਵਿਚ ਚਲੇ ਗਏ ਸਨ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉੱਘੀਆਂ ਅਤੇ ਵਿਲੱਖਣ ਸ਼ਖਸੀਅਤਾਂ ਨੂੰ ਭਾਰਤ ਵਿਭੂਸ਼ਣ ਸਨਮਾਨ 2026 ਪ੍ਰਦਾਨ ਕੀਤਾ। ਇਨ੍ਹਾਂ ਪ੍ਰਸਿੱਧ ਸ਼ਖਸੀਅਤਾਂ ਨੂੰ ਇੰਸਟੀਚਿਊਟ ਫਾਰ ਸੋਸ਼ਲ ਰਿਫਾਰਮਜ਼ ਐਂਡ ਹਾਇਰ ਐਜੂਕੇਸ਼ਨ ਚੈਰੀਟੇਬਲ ਟਰੱਸਟ (ਆਈ.ਐਸ.ਆਰ.ਐਚ.ਈ.) ਨੇ ਭਾਰਤ ਵਿਭੂਸ਼ਣ ਸਨਮਾਨ 2026 ਲਈ ਚੁਣਿਆ ਹੈ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਸਨ।

ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਆਪਣੇ ਯੋਗਦਾਨ ਰਾਹੀਂ ਸੇਵਾ ਅਤੇ ਸਮਰਪਣ ਦੀਆਂ ਬੇਮਿਸਾਲ ਉਦਾਹਰਣਾਂ ਸਥਾਪਤ ਕਰਨ ਲਈ ਇਸ ਪੁਰਸਕਾਰ ਵਾਸਤੇ ਚੁਣੀਆਂ ਗਈਆਂ ਉੱਘੀਆਂ ਅਤੇ ਵਿਲੱਖਣ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਵਿਸ਼ੇਸ਼ ਸਮਾਰੋਹ ਦੇ ਆਯੋਜਨ ਲਈ ਇੰਸਟੀਚਿਊਟ ਫਾਰ ਸੋਸ਼ਲ ਰਿਫਾਰਮਜ਼ ਐਂਡ ਹਾਇਰ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਦਿਲੋਂ ਵਧਾਈਆਂ ਵੀ ਦਿੱਤੀਆਂ।

ਉਨ੍ਹਾਂ ਅੱਗੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਸਨਮਾਨ ਦਾ ਪਲ ਹੈ ਕਿ ਉਹ ਸਭ ਤੋਂ ਯੋਗ ਸ਼ਖਸੀਅਤਾਂ ਨੂੰ 'ਭਾਰਤ ਵਿਭੂਸ਼ਣ ਸਨਮਾਨ 2026' ਪ੍ਰਦਾਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਮੰਚ ‘ਤੇ ਅਜਿਹੀਆਂ ਬੇਮਿਸਾਲ ਸ਼ਖਸੀਅਤਾਂ ਨੂੰ 'ਭਾਰਤ ਵਿਭੂਸ਼ਣ ਸਨਮਾਨ' ਵਰਗੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੱਚਮੁੱਚ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾਦਾਇਕ ਪਲ ਹੈ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਪੁਰਸਕਾਰ ਵੰਡ ਸਮਾਰੋਹ ਨਹੀਂ ਹੈ ਬਲਕਿ ਇਹ ਭਾਰਤ ਦੇ ਬੇਮਿਸਾਲ ਹੁਨਰ ਅਤੇ ਅਟੁੱਟ ਸਮਰਪਣ ਨੂੰ ਵੀ ਦਰਸਾਉਂਦਾ ਹੈ। ਸਾਡੇ ਸਤਿਕਾਰਯੋਗ ਗੁਰੂਆਂ ਨੇ ਸਾਨੂੰ 'ਸਰਬੱਤ ਦਾ ਭਲਾ'  (ਸਾਰਿਆਂ ਦੀ ਭਲਾਈ) ਦਾ ਰਾਹ ਦਿਖਾਇਆ ਹੈ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਇੱਥੇ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖਸੀਅਤਾਂ ਨੇ ਨਿਰਸਵਾਰਥ ਸੇਵਾ ਨੂੰ ਆਪਣੇ ਜੀਵਨ ਦਾ ਅੰਤਮ ਉਦੇਸ਼ ਬਣਾਇਆ ਹੈ। ਇਹ ਉੱਘੇ ਵਿਅਕਤੀ ਆਪੋ-ਆਪਣੇ ਖੇਤਰਾਂ ਵਿੱਚ ਮੋਹਰੀ ਹੋਣ ਦੇ ਨਾਲ-ਨਾਲ ਵੱਡੇ ਪੱਧਰ 'ਤੇ ਸਮਾਜ ਲਈ ਪ੍ਰੇਰਨਾਦਾਇਕ ਵੀ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ, ਵਿਗਿਆਨ, ਕਲਾ, ਸਾਹਿਤ, ਸਮਾਜ ਸੇਵਾ, ਉਦਯੋਗ ਜਾਂ ਕਿਸੇ ਹੋਰ ਖੇਤਰ ਦਾ ਹਿੱਸਾ ਹੋਣ ਦੇ ਨਾਤੇ ਸਾਰਿਆਂ ਨੇ ਆਪਣੀ ਅਣਥੱਕ ਮਿਹਨਤ, ਸਮਰਪਣ ਅਤੇ ਦੂਰਦਰਸ਼ਤਾ ਦੁਆਰਾ ਸਮਾਜ, ਸੂਬੇ ਅਤੇ ਦੇਸ਼ ਲਈ ਨਾਮਣਾ ਖੱਟਿਆ ਹੈ।

ਸਪੀਕਰ ਸੰਧਵਾਂ ਨੇ ਕਿਹਾ ਕਿ ਤੁਹਾਡੀਆਂ ਪ੍ਰਾਪਤੀਆਂ ਤੋਂ ਸਾਬਤ ਹੁੰਦਾ ਹੈ ਕਿ ਸੱਚੇ ਜਜ਼ਬੇ ਅਤੇ ਵਚਨਬੱਧਤਾ ਨਾਲ ਕੋਈ ਵੀ ਟੀਚਾ ਸਰ ਕੀਤਾ ਜਾ ਸਕਦਾ ਹੈ। ਤੁਸੀਂ ਨਾ ਸਿਰਫ਼ ਨਿੱਜੀ ਸਫਲਤਾ ਹਾਸਲ ਕੀਤੀ ਸਗੋਂ ਸਮਾਜ ਅਤੇ ਰਾਸ਼ਟਰ ਦੋਵਾਂ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।

ਉਨ੍ਹਾਂ ਨੇ ਅੱਜ ਦੇ ਸਮਾਰੋਹ ਦੇ ਪ੍ਰਬੰਧਕ, ਆਈਐਸਐਚਆਰਈ ਨਾਲ ਜੁੜੀਆਂ ਸਾਰੀਆਂ ਉੱਘੀਆਂ ਸ਼ਖਸੀਅਤਾਂ ਨੂੰ ਅਜਿਹੇ ਸਫਲ ਸਮਾਗਮ ਕਰਵਾਉਣ ਲਈ ਤਹਿ ਦਿਲੋਂ ਵਧਾਈ ਦਿੱਤੀ।

ਉਨ੍ਹਾਂ ਸੰਸਥਾ ਦੇ ਇਸ ਸ਼ਲਾਘਾਯੋਗ ਯਤਨ ਲਈ ਧੰਨਵਾਦ ਕੀਤਾ ਜੋ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਅਤੇ ਪਿਛੋਕੜਾਂ ਵਾਲੇ ਹੁਨਰਮੰਦਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਦੀ ਹੈ ਅਤੇ "ਅਨੇਕਤਾ ਵਿੱਚ ਏਕਤਾ" ਦੀ ਸਾਡੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਸਮੂਹਿਕ ਯਤਨ ਅਤੇ ਸਫਲਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਵਜੋਂ ਕੰਮ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੇਹੱਦ ਸੁਭਾਗਾ ਹੈ ਕਿ ਦੇਸ਼ ਨੂੰ ਆਈਐਸਐਚਆਰਈ ਵਰਗੇ ਸਮਾਜਿਕ ਤੌਰ 'ਤੇ ਚੇਤੰਨ ਸੰਗਠਨ ਦੀ ਨਿਰਸਵਾਰਥ ਸੇਵਾ ਤੋਂ ਲਾਭ ਪ੍ਰਾਪਤ ਹੁੰਦਾ ਹੈ। ਇਹ ਸੰਸਥਾ ਨਾ ਸਿਰਫ਼ ਸਾਡੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ, ਔਰਤਾਂ ਅਤੇ ਬੱਚਿਆਂ ਨੂੰ ਉੱਤਮ ਸੇਵਾਵਾਂ ਪ੍ਰਦਾਨ ਕਰਦੀ ਹੈ ਸਗੋਂ ਸਿੱਖਿਆ, ਸਿਹਤ ਸੰਭਾਲ, ਜਾਨਵਰਾਂ ਦੀ ਭਲਾਈ, ਤਕਨਾਲੋਜੀ, ਮੀਡੀਆ ਅਤੇ ਸਾਹਿਤ ਸਮੇਤ ਸਮਾਜ ਦੇ ਲਗਭਗ ਹਰ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਹੁਨਰਮੰਦ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਨਮਾਨਿਤ ਕਰਨ ਲਈ ਵੀ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਈਐਸਐਚਆਰਈ ਦੇ ਮੈਂਬਰ ਆਪਣੇ-ਆਪਣੇ ਖੇਤਰਾਂ ਵਿੱਚ ਉੱਤਮਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਦੇ ਰਹਿਣਗੇ ਅਤੇ ਦੇਸ਼ ਦਾ ਸਿਰ ਉੱਚਾ ਕਰਦੇ ਰਹਿਣਗੇ।  

ਇਨਾਮ ਵੰਡ ਸਮਾਰੋਹ ਦੌਰਾਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਅਧਿਆਤਮਿਕ ਗੁਰੂ ਸਵਾਮੀ ਬ੍ਰਹਮ ਮੁਨੀ ਜੀ ਹਾਜ਼ਰ ਸਨ।

ਸਪੀਕਰ ਸੰਧਵਾਂ ਨੇ ਅਧਿਆਤਮਿਕ ਗੁਰੂ ਬ੍ਰਹਮ ਮੁਨੀ ਜੀ ਨੂੰ ਲੋਹੀ ਅਤੇ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ। ਇਸ ਤੋਂ ਇਲਾਵਾ ਆਈਐਸਐਚਆਰਈ ਨੇ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸਕੱਤਰ ਪੰਜਾਬ ਵਿਧਾਨ ਸਭਾ ਨੂੰ ਲੋਹੀ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ।

ਸਮਾਰੋਹ ਦੇ ਅਖੀਰ ਵਿੱਚ, ਉਨ੍ਹਾਂ ਨੇ ਇੱਕ ਵਾਰ ਫਿਰ ਸਾਰੇ ਪੁਰਸਕਾਰ ਜੇਤੂਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਮੰਡੀ ਗੋਬਿੰਦਗੜ੍ਹ, 29 ਅਪ੍ਰੈਲ :ਦੇਸ਼ ਭਗਤ ਯੂਨੀਵਰਸਿਟੀ ਦੇ ਫਾਰਮੇਸੀ ਫੈਕਲਟੀ ਨੇ ਪਿੰਡ ਚਹਿਲ ਵਿੱਚ ਕਮਿਊਨਿਟੀ ਜਾਗਰੂਕਤਾ ਪ੍ਰੋਗਰਾਮ ਰਾਹੀਂ ਵਿਸ਼ਵ ਮਲੇਰੀਆ ਦਿਵਸ ਮਨਾਇਆ। ਇਹ ਪ੍ਰੋਗਰਾਮ ਵਿਸ਼ਵ ਪੱਧਰੀ ਥੀਮ “ਮਲੇਰੀਆ ਦੇ ਖਾਤਮੇ ਲਈ ਪ੍ਰੇਰਿਤ: ਹੁਣ ਅਸੀਂ ਕਰ ਸਕਦੇ ਹਾਂ, ਹੁਣ ਸਾਨੂੰ ਕਰਨਾ ਹੀ ਪਵੇਗਾ” ਦੇ ਅਨੁਸਾਰ ਆਯੋਜਿਤ ਕੀਤਾ ਗਿਆ। ਇਸ ਦਾ ਮਕਸਦ ਸਿੱਖਿਆ, ਬਚਾਅ ਅਤੇ ਭਾਗੀਦਾਰੀ ਰਾਹੀਂ ਸਾਂਝੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰਨਾ ਸੀ ਤਾਂ ਜੋ ਮਲੇਰੀਆ ਦਾ ਖਾਤਮਾ ਕੀਤਾ ਜਾ ਸਕੇ। ਮੁੱਖ ਉਦੇਸ਼ਾਂ ਵਿੱਚ ਮਲੇਰੀਆ ਦੇ ਕਾਰਨ, ਲੱਛਣ ਅਤੇ ਬਚਾਵ ਦੇ ਤਰੀਕਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ; ਮੱਛਰਦਾਨੀਆਂ ਅਤੇ ਸਫ਼ਾਈ ਨੂੰ ਪਹਿਲ ਦੇਣਾ; ਜਲਦੀ ਜਾਂਚ ਅਤੇ ਇਲਾਜ ਦੀ ਮਹੱਤਤਾ ਉੱਤੇ ਜ਼ੋਰ ਦੇਣਾ ਅਤੇ ਸਰਕਾਰੀ ਤੇ ਵਿਸ਼ਵ ਪੱਧਰੀ ਮੁਹਿੰਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਸੀ। ਇਸ ਦੇ ਨਾਲ ਨਾਲ ਰੋਗ ਦੇ ਫੈਲਾਅ ਨੂੰ ਰੋਕਣ ਲਈ ਨਿੱਜੀ ਜ਼ਿੰਮੇਵਾਰੀ ਉੱਤੇ ਵੀ ਜ਼ੋਰ ਦਿੱਤਾ ਗਿਆ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਿੰਡ ਵਿੱਚ ਦੌਰਾ ਕਰਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਸਫ਼ਾਈ ਬਣਾਈ ਰੱਖਣ, ਖੜ੍ਹੇ ਪਾਣੀ ਨੂੰ ਖਤਮ ਕਰਨ ਅਤੇ ਮੱਛਰਾਂ ਤੋਂ ਬਚਾਅ ਦੇ ਤਰੀਕੇ ਸਾਂਝੇ ਕੀਤੇ। ਪ੍ਰੇਰਣਾਦਾਇਕ ਭਾਸ਼ਣਾਂ ਰਾਹੀਂ ਸਾਵਧਾਨੀ, ਸਮੇਂ ਸਿਰ ਇਲਾਜ ਅਤੇ ਕਮਿਊਨਿਟੀ ਸਿਹਤ ਵਿੱਚ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ ਗਿਆ।

ਇਸ ਮੌਕੇ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਚਰਚਾਵਾਂ ਵਿੱਚ ਸ਼ਾਮਲ ਹੋਏ ਅਤੇ ਸਿਹਤਮੰਦ ਆਦਤਾਂ ਅਪਣਾਉਣ ਦਾ ਵਚਨ ਦਿੱਤਾ। ਇਸ ਪ੍ਰੋਗਰਾਮ ਨਾਲ ਮਲੇਰੀਆ ਬਾਰੇ ਜਾਗਰੂਕਤਾ, ਸਫ਼ਾਈ ਦੀ ਜਾਣਕਾਰੀ ਅਤੇ ਬਚਾਅ ਉਪਾਅ ਅਪਣਾਉਣ ਵਿੱਚ ਵਾਧਾ ਹੋਇਆ, ਨਾਲ ਹੀ ਵਿਦਿਆਰਥੀਆਂ ਨੂੰ ਸੰਚਾਰ, ਨੇਤ੍ਰਿਤਵ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਤਜਰਬਾ ਮਿਲਿਆ।
ਇਹ ਜਾਗਰੂਕਤਾ ਮੁਹਿੰਮ ਡਾਇਰੈਕਟਰ, ਸਕੂਲ ਆਫ ਫਾਰਮੇਸੀ ਡਾ. ਪੂਜਾ ਗੁਲਾਟੀ ਦੇ ਮਾਰਗਦਰਸ਼ਨ ਹੇਠ ਕਰਵਾਈ ਗਈ ਜਿਸ ਵਿੱਚ ਇਹ ਦਰਸਾਇਆ ਕਿ ਜਾਗਰੂਕਤਾ, ਵਚਨਬੱਧਤਾ ਅਤੇ ਕਾਰਵਾਈ ਨਾਲ ਮਲੇਰੀਆ ਦਾ ਖਾਤਮਾ ਸੰਭਵ ਹੈ।
ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਤਰ੍ਹਾਂ ਦੀਆਂ ਹੋਰ ਮੁਹਿੰਮਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

ਚੰਡੀਗੜ੍ਹ : ਵੱਡਾ ਮੀਲ ਪੱਥਰ ਸਥਾਪਿਤ ਕਰਦਿਆਂ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਕਣਕ ਦੀ ਖਰੀਦ ਮਹਿਜ਼ ਦੋ ਹਫ਼ਤਿਆਂ ਵਿੱਚ ਅੱਜ 100 ਲੱਖ ਮੀਟਰਿਕ ਟਨ (ਐਲਐਮਟੀ) ਨੂੰ ਪਾਰ ਕਰ ਗਈ ਹੈ। ਕਣਕ ਦੀ ਆਮਦ ਨੇ 14 ਅਪ੍ਰੈਲ ਤੋਂ ਰਫ਼ਤਾਰ ਫੜੀ ਸੀ ਅਤੇ ਹੁਣ ਤੱਕ, ਭਾਵ 2 ਹਫ਼ਤਿਆਂ ਦੌਰਾਨ, ਸਰਕਾਰੀ ਏਜੰਸੀਆਂ ਵੱਲੋਂ ਪਹਿਲਾਂ ਹੀ 103.4 ਲੱਖ ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।

ਹੁਣ ਤੱਕ ਕੁੱਲ 107.26 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ 104.29 ਲੱਖ ਮੀਟਰਿਕ ਟਨ ਕਣਕ ਦੀ ਖਰੀਦੀ ਕੀਤੀ ਜਾ ਚੁੱਕੀ ਹੈ।

ਖਰੀਦੀ ਗਈ ਕਣਕ ਵਿੱਚੋਂ, ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 103.4 ਲੱਖ ਮੀਟਰਕ ਟਨ ਕਣਕ ਜਦੋਂ ਕਿ ਵਪਾਰੀਆਂ ਵੱਲੋਂ 90434 ਮੀਟਰਕ ਟਨ ਕਣਕ ਖਰੀਦੀ ਗਈ ਹੈ।

ਜ਼ਿਕਰਯੋਗ ਹੈ ਕਿ ਵਿਭਾਗ ਨੇ ਇਹ ਰਿਕਾਰਡ ਤੋੜ ਮੀਲ ਪੱਥਰ ਸਿਰਫ਼ ਦੋ ਹਫ਼ਤਿਆਂ ਦੇ ਸਮੇਂ ਵਿੱਚ ਹਾਸਿਲ ਕੀਤਾ ਗਿਆ ਹੈ।

ਸਰਕਾਰੀ ਏਜੰਸੀਆਂ ਵਿੱਚੋਂ, ਪਨਸਪ ਵੱਲੋਂ 23.99 ਲੱਖ ਮੀਟਰਕ ਟਨ, ਮਾਰਕਫੈੱਡ ਵੱਲੋਂ 26.98 ਲੱਖ ਮੀਟਰਕ ਟਨ, ਪਨਗ੍ਰੇਨ (ਡੀਸੀਪੀ) ਵੱਲੋਂ 7.55 ਲੱਖ ਮੀਟਰਕ ਟਨ, ਐਫਸੀਆਈ ਵੱਲੋਂ 2 ਲੱਖ ਮੀਟਰਕ ਟਨ, ਪਨਗ੍ਰੇਨ (ਨਾਨ ਡੀਸੀਪੀ) ਵੱਲੋਂ 25.95 ਲੱਖ ਮੀਟਰਕ ਟਨ ਅਤੇ ਪੀਐਸਡਬਲਯੂਸੀ ਵੱਲੋਂ 16.90 ਲੱਖ ਮੀਟਰਕ ਟਨ ਕਣਕ ਖਰੀਦੀ ਗਈ ਹੈ।

ਇਸ ਸਬੰਧੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਭਾਈਚਾਰੇ ਵੱਲੋਂ ਖੂਨ-ਪਸੀਨੇ ਨਾਲ ਪੈਦਾ ਕੀਤੇ ਗਏ ਅਨਾਜ ਦੇ ਇੱਕ-ਇੱਕ ਦਾਣੇ ਦੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਸੂਬੇ ਭਰ ਦੀਆਂ ਮੰਡੀਆਂ ਦਾ ਨਿੱਜੀ ਤੌਰ 'ਤੇ ਦੌਰਾ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਨੇ ਮੁਕੰਮਲ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਸਾਰੇ ਭਾਈਵਾਲਾਂ ਜਿਵੇਂ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਕਰਨ ਤੋਂ ਇਲਾਵਾ ਉਨ੍ਹਾਂ ਦੇ ਸੁਝਾਅ ਲੈਣ ਲਈ ਉਨ੍ਹਾਂ ਨਾਲ ਵੀ ਗੱਲਬਾਤ ਵੀ ਕੀਤੀ ਹੈ।

ਭੁਗਤਾਨ ਦੇ ਸਬੰਧ ਵਿੱਚ, ਹੁਣ ਤੱਕ 24000 ਕਰੋੜ ਰੁਪਏ ਤੋਂ ਵੱਧ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚੋਂ 22000 ਕਰੋੜ ਰੁਪਏ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀ ਭੁਗਤਾਨ ਪ੍ਰਕਿਰਿਆ ਅਧੀਨ ਹੈ ਅਤੇ ਖਰੀਦ ਦੇ 48 ਘੰਟਿਆਂ ਵਿੱਚ ਹੀ 101 ਫੀਸਦੀ ਭੁਗਤਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਖਰੀਦ ਸੀਜ਼ਨ ਨੂੰ ਸਫਲ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ, 1897 ਖਰੀਦ ਕੇਂਦਰਾਂ ਅਤੇ ਲਗਭਗ 986 ਅਸਥਾਈ ਯਾਰਡਾਂ ਨੂੰ ਕਾਰਜਸ਼ੀਲ ਕਰਨ ਵਰਗੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਚੰਡੀਗੜ੍ਹ: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026 ਬੇਅਦਬੀ ਕਰਨ ਵਾਲਿਆਂ ਨੂੰ ਹਿਲਾ ਦੇਣ ਵਾਲਾ ਕਾਨੂੰਨ ਹੈ, ਜਿਸ ਨੇ ਇਸਦੇ ਵਿਰੋਧੀਆਂ ਨੂੰ ਵੀ ਝੰਝੋੜ ਦਿੱਤਾ ਹੈ। ਇਹ ਗੱਲ ਸਿੱਖ ਸਦਭਾਵਨਾ ਦਲ ਦੇ ਸਰਪ੍ਰਸਤ ਭਾਈ ਬਲਦੇਵ ਸਿੰਘ ਵਡਾਲਾ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਹੀ।

ਉਨ੍ਹਾਂ ਦੇ ਨਾਲ ਮੌਜੂਦ ਡਾ. ਭਾਈ ਪਰਮਜੀਤ ਸਿੰਘ ਐਡਵੋਕੇਟ, ਜਿਨ੍ਹਾਂ ਨੇ ਇਸ ਕਾਨੂੰਨ ਦਾ ਖਾਕਾ ਤਿਆਰ ਕਰਨ ਅਤੇ ਇਸਨੂੰ ਲਾਗੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਨੇ ਦੱਸਿਆ ਕਿ 13 ਅਪ੍ਰੈਲ ਨੂੰ ਪਾਸ ਕੀਤੇ ਗਏ ਇਸ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਅਨੁਸਾਰ ਬੇਅਦਬੀ ਕਰਨ ਵਾਲਿਆਂ ਨੂੰ 10 ਤੋਂ 20 ਸਾਲ ਤੱਕ ਦੀ ਕੈਦ ਅਤੇ 25 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਨਾਲ ਹੀ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਐਡਵੋਕੇਟ ਨੂੰ ਇਸ ਕਾਨੂੰਨ ਦਾ ਡਰਾਫਟ ਤਿਆਰ ਕਰਨ ਅਤੇ ਲਾਗੂ ਕਰਵਾਉਣ ਲਈ ਧੰਨਵਾਦ ਵਜੋਂ ਇੱਕ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਕਾਨੂੰਨ ਨੂੰ ਲਾਗੂ ਕਰਵਾਉਣ ਵਿੱਚ ਯੋਗਦਾਨ ਪਾਉਣ ਲਈ ਭਾਈ ਬਲਦੇਵ ਸਿੰਘ ਸਿਰਸਾ, ਭਾਈ ਸੁਖਜੀਤ ਸਿੰਘ ਖੋਸੇ ਅਤੇ ਭਾਈ ਮਨਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।

ਸਭ ਵਕਤਾਵਾਂ ਨੇ ਇਕਸੁਰ ਵਿੱਚ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਇਸ ਕਾਨੂੰਨ ਨੂੰ ਪੂਰੇ ਭਾਰਤ ਅਤੇ ਵਿਸ਼ਵ ਪੱਧਰ ‘ਤੇ ਲਾਗੂ ਕਰਨ ਦੀ ਵਕਾਲਤ ਕੀਤੀ।

ਇਹ ਵੀ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਇਸ ਕਾਨੂੰਨ ਦਾ ਵਿਰੋਧ ਕਰਨ ਦੀ ਬਜਾਇ ਸਹਿਯੋਗ ਦੇਣਾ ਚਾਹੀਦਾ ਹੈ, ਨਹੀਂ ਤਾਂ ਉਹ ਗੁਰੂ ਵਿਰੋਧੀ ਹੋਣ ਦਾ ਪ੍ਰਮਾਣ ਦੇਵੇਗੀ।

ਇਸ ਮੌਕੇ ‘ਤੇ ਭਾਈ ਗੁਰਬਚਨ ਸਿੰਘ (ਪੰਜਾਬ ਪ੍ਰਧਾਨ), ਭਾਈ ਗੁਰਮੀਤ ਸਿੰਘ ਥੂਹੀ, ਭਾਈ ਜੁਗਵਿੰਦਰ ਸਿੰਘ ਸਵਾਜਪੁਰ (ਬੁਲਾਰੇ, ਸ਼ੇਰੇ-ਪੰਜਾਬ ਦਲ), ਭਾਈ ਕੁਲਦੀਪ ਸਿੰਘ (ਚੰਡੀਗੜ੍ਹ), ਭਾਈ ਅਵਤਾਰ ਸਿੰਘ (ਲੁਧਿਆਣਾ), ਭਾਈ ਸਰਬਜੀਤ ਸਿੰਘ (ਪਟਿਆਲਾ), ਭਾਈ ਮਨਿੰਦਰ ਸਿੰਘ (ਦਿੱਲੀ), ਭਾਈ ਮਨਪ੍ਰੀਤ ਸਿੰਘ (ਦਿੱਲੀ), ਭਾਈ ਸਿਮਰਨ ਸਿੰਘ, ਭਾਈ ਸਤਵੰਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਕਵਲਜੀਤ ਸਿੰਘ, ਭਾਈ ਜਰਨੈਲ ਸਿੰਘ (ਖਰੜ), ਭਾਈ ਗਗਨਪ੍ਰੀਤ ਸਿੰਘ, ਭਾਈ ਹਰਪਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਦੀਦਾਰ ਸਿੰਘ ਅਤੇ ਭਾਈ ਸੁਖਬੀਰ ਸਿੰਘ ਥੂਹੀ ਹਾਜ਼ਰ ਸਨ।

ਭਾਈ ਬਲਦੇਵ ਸਿੰਘ ਵਡਾਲਾ ਨੇ ਅੱਗੇ ਕਿਹਾ ਕਿ 2008 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਲਿਆਂਦੇ ਕਾਨੂੰਨ ਵਿੱਚ ਸਜ਼ਾਵਾਂ ਘੱਟ ਹੋਣ ਕਰਕੇ ਹੁਣ ਸਰਕਾਰ ਵੱਲੋਂ 2026 ਵਿੱਚ ਸੋਧ ਕਰਕੇ ਇਸਨੂੰ ਹੋਰ ਸਖ਼ਤ ਬਣਾਇਆ ਗਿਆ ਹੈ।

ਉਨ੍ਹਾਂ ਨੇ ਉਹਨਾਂ ਲੋਕਾਂ ਦੀ ਨਿੰਦਾ ਕੀਤੀ ਜੋ ਇਸ ਕਾਨੂੰਨ ਦੇ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਹਨ ਅਤੇ ਅਫ਼ਵਾਹਾਂ ਫੈਲਾ ਰਹੇ ਹਨ। ਭਾਈ ਪਰਮਜੀਤ ਸਿੰਘ ਐਡਵੋਕੇਟ ਨੇ ਸਪਸ਼ਟ ਕੀਤਾ ਕਿ ਇਸ ਕਾਨੂੰਨ ਵਿੱਚ ਜੋ ਵੀ ਸਖ਼ਤ ਪ੍ਰਾਵਧਾਨ ਕੀਤੇ ਗਏ ਹਨ, ਉਹ ਸਿਰਫ਼ ਬੇਅਦਬੀ ਕਰਨ ਵਾਲਿਆਂ ਲਈ ਹਨ।

ਉਨ੍ਹਾਂ ਨੇ ਹੋਰ ਦੱਸਿਆ ਕਿ ਜੇ ਕੋਈ ਵਿਅਕਤੀ ਬੇਅਦਬੀ ਕਰਦਾ ਹੋਇਆ ਸਾਬਤ ਹੋ ਜਾਂਦਾ ਹੈ ਅਤੇ ਇਹ ਵੀ ਸਿੱਧ ਹੋ ਜਾਂਦਾ ਹੈ ਕਿ ਉਹ ਮਾਨਸਿਕ ਤੌਰ ‘ਤੇ ਅਸੁਸਥ ਹੈ, ਤਾਂ ਉਸਦੇ ਕਸਟੋਡੀਅਨ (ਦੇਖਭਾਲ ਕਰਨ ਵਾਲੇ) ਨੂੰ ਵੀ ਬਰਾਬਰ ਦੀ ਸਜ਼ਾ ਮਿਲੇਗੀ। ਇਹ ਕਸਟੋਡੀਅਨ ਉਸਦਾ ਪਰਿਵਾਰਕ ਮੈਂਬਰ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵਿਅਕਤੀ, ਜਿਸ ਨੇ ਉਸਨੂੰ ਭੇਜਿਆ ਹੋਵੇ ਜਾਂ ਇਸਦੇ ਪਿੱਛੇ ਕੋਈ ਏਜੰਸੀ ਹੋਵੇ — ਇਹ ਸਭ ਜਾਂਚ ਦਾ ਵਿਸ਼ਾ ਹੋਵੇਗਾ। ਜੇ ਇਹ ਸਾਬਤ ਹੋ ਜਾਂਦਾ ਹੈ, ਤਾਂ ਜਿਸ ਤਰ੍ਹਾਂ ਦੀ ਸਜ਼ਾ ਦੋਸ਼ੀ ਲਈ ਨਿਰਧਾਰਤ ਹੈ, ਉਹੀ ਸਜ਼ਾ ਕਸਟੋਡੀਅਨ ਨੂੰ ਵੀ ਮਿਲੇਗੀ।

ਉਨ੍ਹਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਇਸ ਕਾਨੂੰਨ ਨੂੰ ਹਰ ਘਰ, ਹਰ ਪਿੰਡ ਅਤੇ ਹਰ ਰਾਜ ਵਿੱਚ ਲਾਗੂ ਕਰਵਾਉਣ ਲਈ ਸਹਿਯੋਗ ਦੇਣ। ਨਾਲ ਹੀ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਕਾਨੂੰਨ ਨੂੰ ਪੂਰੇ ਦੇਸ਼ ਅਤੇ ਵਿਸ਼ਵ ਪੱਧਰ ‘ਤੇ ਲਾਗੂ ਕਰਨ ਲਈ ਯਤਨ ਕੀਤੇ ਜਾਣ।

ਚੰਡੀਗੜ੍ : ਸੂਬੇ ਦੇ ਕਿਰਤੀ ਵਰਗ ਦੇ ਸਤਿਕਾਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਇਕ ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਕੈਬਨਿਟ ਵੱਲੋਂ ਲਏ ਗਏ ਮਹੱਤਵਪੂਰਨ ਫੈਸਲੇ ਵਿੱਚ ਇਕ ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਇੱਕ ਰੋਜ਼ਾ ਸੈਸ਼ਨ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਮਿਹਨਤਕਸ਼ ਕਿਰਤੀਆਂ ਅਤੇ ਕਾਰੀਗਰਾਂ ਨੂੰ ਸਮਰਪਿਤ ਹੋਵੇਗਾ।"
ਉਨ੍ਹਾਂ ਅੱਗੇ ਲਿਖਿਆ, "ਇਸ ਇਤਿਹਾਸਕ ਪਹਿਲਕਦਮੀ ਦੇ ਹਿੱਸੇ ਵਜੋਂ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਸਦਨ ਵਿੱਚ ਸੱਦਾ ਦਿੱਤਾ ਜਾਵੇਗਾ। ਇਸ ਸੈਸ਼ਨ ਵਿੱਚ ਮਜ਼ਦੂਰ ਵਰਗ 'ਤੇ ਮਨਰੇਗਾ ਸਕੀਮ ਵਿੱਚ ਤਬਦੀਲੀਆਂ ਦੇ ਪ੍ਰਭਾਵ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਗੰਭੀਰ ਚਰਚਾ ਵੀ ਹੋਵੇਗੀ।"
ਉਨ੍ਹਾਂ ਅੱਗੇ ਕਿਹਾ, "ਸੈਸ਼ਨ ਦੌਰਾਨ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੁਆਰਾ ਨਿਰਧਾਰਤ ਹੋਰ ਜ਼ਰੂਰੀ ਵਿਧਾਨਕ ਕੰਮਕਾਜ ਸਥਾਪਤ ਪ੍ਰਕਿਰਿਆਵਾਂ ਦੇ ਅਨੁਸਾਰ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਵਿਕਾਸ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਹੀ ਜ਼ਰੂਰੀ ਮਹੱਤਵਪੂਰਨ ਫੈਸਲੇ ਲਏ ਜਾਣ।"
ਅੱਜ ਇਸ ਦਾ ਖੁਲਾਸਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇੱਕ ਰੋਜ਼ਾ ਸੈਸ਼ਨ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਕਿਰਤੀ ਵਰਗ ਦੇ ਅਥਾਹ ਯੋਗਦਾਨ ਨੂੰ ਯਾਦ ਕਰੇਗਾ। ਉਨ੍ਹਾਂ ਅੱਗੇ ਕਿਹਾ,"ਇਹ ਵੀ ਫੈਸਲਾ ਕੀਤਾ ਗਿਆ ਕਿ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਵੀ ਸਦਨ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸੈਸ਼ਨ ਵਿੱਚ ਸੱਦਾ ਦਿੱਤਾ ਜਾਵੇਗਾ। ਸੈਸ਼ਨ ਵਿੱਚ ਮਨਰੇਗਾ ਸਕੀਮ ਨੂੰ ਬਦਲ ਕੇ ਜੀ-ਰਾਮ-ਜੀ ਸਕੀਮ ਲਾਗੂ ਕਰਨ ਨਾਲ ਮਜ਼ਦੂਰ ਵਰਗ 'ਤੇ ਪਏ ਨਾਕਾਰਤਮਕ ਪ੍ਰਭਾਵਾਂ 'ਤੇ ਵੀ ਚਰਚਾ ਕੀਤੀ ਜਾਵੇਗੀ।"  
ਇਸ ਤੋਂ ਇਲਾਵਾ ਸੈਸ਼ਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਕਾਸ ਦੇ ਮੱਦੇਨਜ਼ਰ ਮਜ਼ਦੂਰ ਵਰਗ ਨੂੰ ਦਰਪੇਸ਼ ਚੁਣੌਤੀਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਮਿਆਰੀ ਪ੍ਰਕਿਰਿਆ ਅਨੁਸਾਰ ਵਿਧਾਨਕ ਕੰਮਾਂ ਨੂੰ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੁਆਰਾ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਵਿਸ਼ੇਸ਼ ਸੈਸ਼ਨ ਮਜ਼ਦੂਰ ਵਰਗ ਦੇ ਉਨ੍ਹਾਂ ਲੱਖਾਂ ਲੋਕਾਂ ਨੂੰ ਸਮਰਪਿਤ ਹੋਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਸਫਲ ਅਤੇ ਮਜ਼ਬੂਤ ਲੋਕਤੰਤਰ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ।

ਚੰਡੀਗੜ੍ਹ : ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਮਾਲ ਵਿਭਾਗ ਦੇ 23 ਅਧਿਕਾਰੀਆਂ ਨੂੰ ਤਰੱਕੀ ਪੱਤਰ ਸੌਂਪੇ।

ਪਦਉੱਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮਾਲ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਰੱਕੀਆਂ ਨਾਲ ਸੂਬੇ ਵਿੱਚ ਮਾਲ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਇਨ੍ਹਾਂ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਪਾਏ ਗਏ ਯੋਗਦਾਨ ਨੂੰ ਮਾਨਤਾ ਮਿਲੀ ਹੈ।

ਦੱਸ ਦੇਈਏ ਕਿ ਛੇ ਅਧਿਕਾਰੀਆਂ ਨੂੰ ਤਹਿਸੀਲਦਾਰ ਤੋਂ ਜ਼ਿਲ੍ਹਾ ਮਾਲ ਅਫ਼ਸਰ, ਅੱਠ ਅਧਿਕਾਰੀਆਂ ਨੂੰ ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਅਤੇ ਨੌਂ ਅਧਿਕਾਰੀਆਂ ਨੂੰ ਕਾਨੂੰਨਗੋ ਤੋਂ ਨਾਇਬ ਤਹਿਸੀਲਦਾਰ ਵਜੋਂ ਪਦਉੱਨਤ ਕੀਤਾ ਗਿਆ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਮੁਲਾਜ਼ਮਾਂ ਨੂੰ ਨਿਰਧਾਰਤ ਸਮੇਂ ਅੰਦਰ ਪਦਉੱਨਤ ਕਰਨਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਤਰੱਕੀ ਪ੍ਰਕਿਰਿਆ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਧਿਕਾਰੀਆਂ ਨੂੰ ਬਿਹਤਰ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਨੇ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਆ।

ਤੇਜ਼ ਹਵਾਵਾਂ ਅਤੇ ਕਣੀਆਂ ਨਾਲ ਗਰਮੀ ਤੋਂ ਮਿਲੀ ਰਾਹਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਅੱਜ ਮੰਗਲਵਾਰ ਨੂੰ ਉਸ ਵੇਲੇ ਪਾਸਾ ਪਲਟਿਆ, ਜਦੋਂ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀਆਂ ਕਣੀਆਂ ਅਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ। ਅਸਮਾਨ ਵਿਚ ਛਾਏ ਗੂੜ੍ਹੇ ਕਾਲੇ ਬੱਦਲਾਂ ਕਰਕੇ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿਚ ਤਬਦੀਲੀ ਆਉਣ ਦੀ ਵੱਡੀ ਸੰਭਾਵਨਾ ਬਣ ਗਈ ਹੈ ਅਤੇ ਪੈ ਰਹੀ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ। ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ 28 ਅਪ੍ਰੈਲ ਤੋਂ 30 ਅਪ੍ਰੈਲ ਤੱਕ ਹਲਕੀਆਂ ਕਣੀਆਂ ਸਮੇਤ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ, ਗਰਜ਼ ਚਮਕ ਅਤੇ ਬਿਜਲੀ ਲਿਸ਼ਕਣ ਦੀ ਸੂਚਨਾ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿਚ ਗਰਮੀ ਏਨੀ ਵਧ ਗਈ ਸੀ ਕਿ ਤਾਪਮਾਨ ਵੀ 44 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ।   


ਚੰਡੀਗੜ੍ਹ : 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਨੀਦਰਲੈਂਡ-ਫਿਨਲੈਂਡ ਦੌਰੇ ਦਾ ਵਿਆਪਕ ਰਿਪੋਰਟ ਕਾਰਡ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ, ਉਦਯੋਗ ਅਤੇ ਨਵੀਨਤਾ ਵਿੱਚ ਵਿਸ਼ਵ ਭਰ ਤੋਂ ਮਜ਼ਬੂਤ ਸਹਿਯੋਗ ਹਾਸਲ ਕੀਤਾ ਹੈ, ਜਿਸ ਨਾਲ ਕਿਸਾਨਾਂ, ਨੌਜਵਾਨਾਂ ਅਤੇ ਸੂਬੇ ਦੀ ਆਰਥਿਕਤਾ ਨੂੰ ਸਿੱਧਾ ਲਾਭ ਹੋਵੇਗਾ।

ਜ਼ਾਇਕਾ ਕੰਪਨੀ ਦੇ 1300 ਕਰੋੜ ਰੁਪਏ ਦੇ ਨਿਵੇਸ਼, ਵਿਸ਼ਵ-ਵਿਆਪੀ ਕੰਪਨੀਆਂ ਦੀ ਦਿਲਚਸਪੀ ਅਤੇ ਕੇਉਕੇਨਹੌਫ ਤੋਂ ਫਿਨਲੈਂਡ ਤੱਕ ਉੱਨਤ ਖੇਤੀਬਾੜੀ-ਤਕਨੀਕੀ ਸਹਿਯੋਗ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਰਣਨੀਤਕ ਗੱਠਜੋੜ ਫਸਲੀ ਵਿਭਿੰਨਤਾ ਨੂੰ ਤੇਜ਼ ਕਰਨਗੇ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਪੰਜਾਬ ਨੂੰ ਨਵੀਨਤਾ, ਖੋਜ ਅਤੇ ਵਿਕਾਸ ਤੇ ਉੱਚ ਗੁਣਵੱਤਾ ਵਾਲੀ ਖੇਤੀ ਲਈ ਵਿਸ਼ਵ-ਵਿਆਪੀ ਕੇਂਦਰ ਵਜੋਂ ਮਜ਼ਬੂਤੀ ਨਾਲ ਸਥਾਪਤ ਕਰਨਗੇ।

ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲੇ ਦਿਨ ਨੀਦਰਲੈਂਡ ਵਿੱਚ ਭਾਰਤ ਦੇ ਸਫ਼ੀਰ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ 19 ਅਪ੍ਰੈਲ ਨੂੰ ਵਫ਼ਦ ਨੇ ਵਿਸ਼ਵ-ਪ੍ਰਸਿੱਧ ਬਾਗਬਾਨੀ ਮਾਡਲ ਕੇਉਕੇਨਹੌਫ ਦਾ ਦੌਰਾ ਕੀਤਾ, ਜਿੱਥੇ ਰੋਜ਼ਾਨਾ 40,000 ਸੈਲਾਨੀ ਆਉਂਦੇ ਹਨ ਅਤੇ ਇਸ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।"

ਮੁੱਖ ਮੰਤਰੀ ਨੇ ਅੱਗੇ ਕਿਹਾ, “ਇਸ ਦੌਰੇ ਦਾ ਮੰਤਵ ਖੇਤੀਬਾੜੀ ਖੇਤਰ ਵਿੱਚ ਭਾਈਵਾਲੀ ਦੇ ਮੌਕਿਆਂ ਦੀ ਪੜਚੋਲ ਕਰਨਾ ਸੀ ਅਤੇ ਬਾਗਬਾਨੀ ਦੇ ਵਿਕਾਸ ਲਈ ਸਹਿਯੋਗ ਬਾਰੇ ਚਰਚਾ ਕੀਤੀ ਗਈ ਅਤੇ ਪੰਜਾਬ ਤੋਂ ਗੁਲਾਬ ਦੀ ਬਰਾਮਦ ਦੀ ਸੰਭਾਵਨਾ ਦਾ ਪਤਾ ਲਾਇਆ ਗਿਆ।” ਉਨ੍ਹਾਂ ਅੱਗੇ ਕਿਹਾ, “ਜ਼ਾਇਕਾ ਵੱਲੋਂ ਕੀਤੇ ਜਾ ਰਹੇ 1300 ਕਰੋੜ ਰੁਪਏ ਦੇ ਨਿਵੇਸ਼ ਤੋਂ ਇਲਾਵਾ ਇਹ ਸਮਝੌਤਾ ਫਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇਣ ਵਿੱਚ ਮੁੱਖ ਭੂਮਿਕਾ ਨਿਭਾਏਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰੇ ਦਾ ਉਦੇਸ਼ ਉਦਯੋਗਿਕ ਨਿਵੇਸ਼ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ, ਸਿੱਖਿਆ ਅਤੇ ਖੋਜ ਅਦਾਨ-ਪ੍ਰਦਾਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ, ਤਕਨਾਲੋਜੀ ਦੇ ਪਰਸਪਰ ਵਟਾਂਦਰੇ `ਤੇ ਧਿਆਨ ਕੇਂਦਰਿਤ ਕਰਨਾ ਅਤੇ ਪੰਜਾਬ ਦੇ ਸੰਪੂਰਨ ਵਿਕਾਸ ਲਈ ਯੋਜਨਾ ਬਣਾਉਣਾ ਵੀ ਸੀ।"

ਉਨ੍ਹਾਂ ਅੱਗੇ ਕਿਹਾ, “ਗੱਲਬਾਤ ਦੌਰਾਨ ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਟਿਕਾਊ ਖੇਤੀ ਵਿੱਚ ਸਾਂਝੇ ਪ੍ਰਾਜੈਕਟਾਂ ਦੀ ਸੰਭਾਵਨਾ ਦੀ ਪੜਚੋਲ ਕੀਤੀ ਗਈ ਅਤੇ ਇਸ ਗੱਲ `ਤੇ ਸਹਿਮਤੀ ਬਣੀ ਕਿ ਉੱਚ-ਮੁੱਲ ਵਾਲੀਆਂ ਫਸਲਾਂ ਅਤੇ ਗੁਣਵੱਤਾ ਭਰਪੂਰ ਬਰਾਮਦ ਉਤਪਾਦਨ ਲਈ ਸਹਿਯੋਗ ਕੀਤਾ ਜਾਵੇਗਾ। ਇਸ ਦੌਰੇ ਨੇ ਹੁਨਰ ਵਿਕਾਸ ਅਤੇ ਵਿਦਿਅਕ ਅਦਾਨ-ਪ੍ਰਦਾਨ ਦੇ ਮੌਕਿਆਂ ਦੇ ਨਾਲ-ਨਾਲ ਨਵੇਂ ਉਦਯੋਗਿਕ ਨਿਵੇਸ਼ਾਂ ਅਤੇ ਗੱਠਜੋੜਾਂ ਲਈ ਰਾਹ ਖੋਲ੍ਹੇ।” ਉਨ੍ਹਾਂ ਰਣਨੀਤਕ ਭਾਈਵਾਲੀ ਬਣਾਉਣ `ਤੇ ਜ਼ੋਰ ਦਿੰਦੇ ਹੋਏ ਤਕਨਾਲੋਜੀ ਅਤੇ ਨਵੀਨਤਾ ਅਦਾਨ-ਪ੍ਰਦਾਨ `ਤੇ ਵੀ ਸਮਝੌਤਾ ਕੀਤਾ। ਨੀਦਰਲੈਂਡ ਵਰਟੀਕਲ (ਲੰਬਕਾਰੀ) ਖੇਤੀਬਾੜੀ ਲਈ ਮਸ਼ਹੂਰ ਹੈ, ਜਿਸ ਨੂੰ ਪੰਜਾਬ ਵਿੱਚ ਦੁਹਰਾਇਆ ਜਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “20 ਅਪ੍ਰੈਲ ਨੂੰ ਵਫ਼ਦ ਨੇ ਵਿਸ਼ਵ ਬਾਗਬਾਨੀ ਕੇਂਦਰ ਦਾ ਦੌਰਾ ਕੀਤਾ ਅਤੇ ਨੀਦਰਲੈਂਡਜ਼ ਇੰਡੀਆ ਚੈਂਬਰ ਆਫ਼ ਕਾਮਰਸ ਐਂਡ ਟਰੇਡ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ।” ਉਨ੍ਹਾਂ ਦੱਸਿਆ ਕਿ ਵਫ਼ਦ ਨੂੰ ਦੱਸਿਆ ਗਿਆ ਕਿ ਸਾਡੇ ਵਾਂਗ ਖੁੱਲ੍ਹੇ ਵਿੱਚ ਖੇਤੀ ਕਰਨ ਨਾਲ ਇਕ ਵਰਗ ਮੀਟਰ ਵਿੱਚ ਛੇ ਕਿਲੋ ਟਮਾਟਰ ਪੈਦਾ ਹੁੰਦੇ ਹਨ, ਜਦੋਂ ਕਿ ਉੱਥੇ ਪੌਲੀ ਹਾਊਸ ਵਿੱਚ ਇਕ ਵਰਗ ਮੀਟਰ ਵਿੱਚ ਟਮਾਟਰ ਦਾ ਉਤਪਾਦਨ 100 ਕਿਲੋ ਹੈ।

ਉਨ੍ਹਾਂ ਅੱਗੇ ਕਿਹਾ, “ਵਫ਼ਦ ਨੇ ਵਿਦੇਸ਼ੀ ਨਿਵੇਸ਼ ਅਤੇ ਵਿਸ਼ਵ-ਵਿਆਪੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਅਤੇ ਸੈਮੀਕੰਡਕਟਰ, ਇਲੈਕਟ੍ਰਾਨਿਕਸ ਅਤੇ ਨਵੀਨਤਾ ਖੇਤਰਾਂ ਵਿੱਚ ਮੌਕਿਆਂ ਦੀ ਪੜਚੋਲ ਕਰਨ ਦੇ ਉਦੇਸ਼ ਨਾਲ ਨਿਵੇਸ਼ ਰੋਡ ਸ਼ੋਅ ਵੀ ਕੀਤਾ।” ਉਨ੍ਹਾਂ ਕਿਹਾ, “ਆਧੁਨਿਕ ਖੇਤੀਬਾੜੀ ਤਕਨਾਲੋਜੀ ਅਤੇ ਬਾਗਬਾਨੀ ਮਾਡਲਾਂ ਨੂੰ ਅਪਨਾਉਣ, ਸਟਾਰਟ-ਅੱਪਸ, ਖੋਜ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਵਿਸ਼ਵ-ਵਿਆਪੀ ਨਿਵੇਸ਼ ਅਤੇ ਤਕਨੀਕੀ ਕੇਂਦਰ ਵਜੋਂ ਸਥਾਪਤ ਕਰਨ `ਤੇ ਧਿਆਨ ਕੇਂਦਰਿਤ ਕੀਤਾ ਗਿਆ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਦੇ ਯਤਨਾਂ ਨੇ ਲੋੜੀਂਦੇ ਨਤੀਜੇ ਦਿੱਤੇ ਕਿਉਂਕਿ ਮੋਹਾਲੀ ਵਿੱਚ ਇਕ ਖੋਜ ਅਤੇ ਵਿਕਾਸ ਕੇਂਦਰ ਤੇ ਨਵੀਨਤਾ ਹੱਬ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿੱਚ ਇਕ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਨਾਲ ਹੀ ਕਿਹਾ ਕਿ ਪਰਵਾਸੀ ਪੰਜਾਬੀ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਅਤੇ ਪਹਿਲੀ ਵਾਰ ਕਿਸੇ ਪੰਜਾਬੀ ਵਫ਼ਦ ਵੱਲੋਂ ਨੀਦਰਲੈਂਡ ਦਾ ਦੌਰਾ ਕਰਨ ਨਾਲ ਬਹੁਤ ਖ਼ੁਸ਼ ਹਨ।”

ਉਨ੍ਹਾਂ ਅੱਗੇ ਕਿਹਾ, “ਵਿਦੇਸ਼ੀ ਕੰਪਨੀਆਂ ਸੂਬੇ ਵਿੱਚ ਨਿਵੇਸ਼ ਅਤੇ ਗੱਠਜੋੜ ਲਈ ਮਜ਼ਬੂਤ ਦਿਲਚਸਪੀ ਦਿਖਾ ਰਹੀਆਂ ਹਨ, ਜੋ ਤਕਨਾਲੋਜੀ ਟਰਾਂਸਫਰ, ਖੋਜ ਅਤੇ ਸਟਾਰਟ-ਅੱਪਸ ਵਿੱਚ ਸਹਿਯੋਗ ਲਈ ਨਵੇਂ ਮੌਕੇ ਖੋਲ੍ਹੇਗਾ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਫਸਲੀ ਵਿਭਿੰਨਤਾ ਅਤੇ ਉੱਚ-ਤਕਨੀਕੀ ਖੇਤੀ ਨੂੰ ਵੀ ਉਤਸ਼ਾਹਿਤ ਕਰੇਗਾ, ਜਿਸ ਨਾਲ ਪੰਜਾਬ ਦਾ ਅਕਸ ਇਕ ਵਿਸ਼ਵ-ਵਿਆਪੀ, ਨਵੀਨਤਾ-ਆਧਾਰਤ ਅਤੇ ਨਿਵੇਸ਼ਕ-ਅਨੁਕੂਲ ਰਾਜ ਵਜੋਂ ਮਜ਼ਬੂਤ ਹੋਵੇਗੀ।"

ਉਨ੍ਹਾਂ ਅੱਗੇ ਕਿਹਾ, “20 ਅਪ੍ਰੈਲ ਨੂੰ ਮੈਂ ਮਹਾਨ ਡੱਚ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨੂੰ ਮਿਲਿਆ ਅਤੇ ਪੰਜਾਬ ਵਿੱਚ ਹਾਕੀ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਉਹ ਜਲਦੀ ਹਾਕੀ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦਾ ਦੌਰਾ ਕਰਨਗੇ।” ਉਨ੍ਹਾਂ ਕਿਹਾ, “ਬੋਵਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰੇਗਾ ਅਤੇ ਇਹ ਸੂਬੇ ਅਤੇ ਹਾਕੀ ਲਈ ਵੱਡਾ ਹੁਲਾਰਾ ਹੋਵੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰੇ ਨੂੰ ਜਾਰੀ ਰੱਖਦਿਆਂ 21 ਅਪ੍ਰੈਲ ਨੂੰ ਵਫ਼ਦ ਨੇ ਐਨ.ਐਕਸ.ਪੀ. ਸੈਮੀਕੰਡਕਟਰ, ਆਲਸਮੀਰ ਫਲਾਵਰ ਆਕਸ਼ਨ ਦਾ ਦੌਰਾ ਕੀਤਾ ਅਤੇ ਐਲ.ਟੀ. ਫੂਡਜ਼ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਤੀਬਾੜੀ, ਮੱਛੀ ਪਾਲਣ, ਫੂਡ ਸਕਿਊਰਟੀਜ਼ ਅਤੇ ਨੇਚਰ ਮੰਤਰਾਲੇ ਨਾਲ ਗੱਲਬਾਤ ਕੀਤੀ।”

ਉਨ੍ਹਾਂ ਅੱਗੇ ਕਿਹਾ, “ਇਹ ਚਰਚਾ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵਧਾਉਣ, ਗਲੋਬਲ ਸਪਲਾਈ ਚੇਨਾਂ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ, ਖੇਤੀਬਾੜੀ ਅਤੇ ਫੁੱਲਾਂ ਦੀ ਖੇਤੀ ਵਿੱਚ ਵਿਸ਼ਵ ਪੱਧਰੀ ਮਾਡਲਾਂ ਨੂੰ ਅਪਣਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ 'ਤੇ ਅਧਾਰਤ ਸੀ।”

ਉਨ੍ਹਾਂ ਕਿਹਾ, “ਨਿਵੇਸ਼ਾਂ ਅਤੇ ਤਾਲਮੇਲ ਲਈ ਇਨ੍ਹਾਂ ਨਵੀਆਂ ਸੰਭਾਵਨਾਵਾਂ ਦੀ ਖੋਜ ਤੋਂ ਬਾਅਦ ਪੰਜਾਬ ਨੂੰ ਗਲੋਬਲ ਸਪਲਾਈ ਚੇਨਾਂ ਨਾਲ ਜੋੜਨ ਵੱਲ ਮਹੱਤਵਪੂਰਨ ਕਦਮ ਚੁੱਕੇ ਗਏ, ਫੁੱਲਾਂ ਦੀ ਖੇਤੀ ਅਤੇ ਆਧੁਨਿਕ ਖੇਤੀਬਾੜੀ ਮਾਡਲਾਂ ਬਾਰੇ ਜਾਣਕਾਰੀ ਲਈ ਗਈ, ਖੇਤੀਬਾੜੀ ਵਿੱਚ ਨਵੀਨਤਾ ਅਤੇ ਤਕਨਾਲੋਜੀ ਲਈ ਗੱਲਬਾਤ ਕੀਤੀ ਗਈ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਰਾਹ ਪੱਧਰੇ ਕੀਤੇ ਗਏ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਐਨ.ਐਕਸ.ਪੀ. ਨੇ ਨਿਵੇਸ਼ਾਂ ਦੀਆਂ ਹੋਰ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਾਲ-ਨਾਲ ਸੂਬੇ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ।” ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਕੰਪਨੀਆਂ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਅਤੇ ਅਨੁਕੂਲ ਮਾਹੌਲ ਉਪਲਬਧ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਮਿਲੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦਾਵਤ ਰਾਈਸ ਬ੍ਰਾਂਡ ਨਾਮੀ ਐਲਟੀ ਫੂਡਜ਼ ਨੇ ਵੀ ਰਾਜਪੁਰਾ ਵਿੱਚ ਨਿਵੇਸ਼ ਕਰਨ ਲਈ ਸਹਿਮਤੀ ਦਿੱਤੀ ਹੈ।” ਉਨ੍ਹਾਂ ਅੱਗੇ ਕਿਹਾ, “ਕੰਪਨੀ ਦੁਨੀਆ ਭਰ ਦੇ 80 ਦੇਸ਼ਾਂ ਨੂੰ ਚੌਲ ਨਿਰਯਾਤ ਕਰਦੀ ਹੈ ਅਤੇ ਇਹ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵੱਲ ਇੱਕ ਵੱਡਾ ਕਦਮ ਹੋਵੇਗਾ।” ਉਨ੍ਹਾਂ ਅੱਗੇ ਕਿਹਾ, “ਚੌਲਾਂ ਲਈ ਵਰਤੀ ਜਾਣ ਵਾਲੀ ਤਕਨਾਲੋਜੀ ਵਿਸ਼ਵ ਭਰ ਵਿੱਚ ਸ਼ਲਾਘਾਯੋਗ ਰਹੀ ਅਤੇ ਇਸ ਨਾਲ ਸੂਬੇ ਨੂੰ ਵੱਡਾ ਹੁਲਾਰਾ ਮਿਲੇਗਾ।” ਉਨ੍ਹਾਂ ਨੇ ਫਲਾਵਰ ਆਕਸ਼ਨ ਦਾ ਵੀ ਦੌਰਾ ਕੀਤਾ ਜਿੱਥੇ ਇਕ ਸੁਚੱਜੀ ਪ੍ਰਣਾਲੀ ਰਾਹੀਂ ਰੋਜ਼ਾਨਾ 4 ਕਰੋੜ ਤੋਂ ਵੱਧ ਫੁੱਲਾਂ ਦਾ ਵਪਾਰ ਕੀਤਾ ਜਾਂਦਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰਾਨ 22 ਅਪ੍ਰੈਲ ਨੂੰ ਵਫ਼ਦ ਫਿਨਲੈਂਡ ਦੌਰੇ 'ਤੇ ਗਿਆ ਜਿੱਥੇ ਵਫ਼ਦ ਨੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ ਫਿਨਲੈਂਡ ਦੇ ਰਾਜਦੂਤ ਹੇਮੰਤ ਐਚ. ਕੋਟਲਵਾੜ ਨਾਲ ਮੁਲਾਕਾਤ ਕੀਤੀ।” ਉਨ੍ਹਾਂ ਕਿਹਾ, “ਇਸ ਦੌਰੇ ਦਾ ਉਦੇਸ਼ ਪਰਵਾਸੀ ਪੰਜਾਬੀਆਂ ਨਾਲ ਜੁੜਨਾ, ਲੋਕਾਂ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰਨਾ, ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਵਿੱਚ ਪਰਵਾਸੀਆਂ ਦੀ ਭੂਮਿਕਾ ਬਾਰੇ ਚਰਚਾ ਕਰਨਾ, ਨਿਵੇਸ਼, ਨਵੀਨਤਾ ਅਤੇ ਸਟਾਰਟ-ਅੱਪ ਲਈ ਮੌਕਿਆਂ ਦੀ ਪੜਚੋਲ ਕਰਨਾ ਅਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ।”

ਉਨ੍ਹਾਂ ਕਿਹਾ, “ਇਸ ਨਾਲ ਪੰਜਾਬੀ ਭਾਈਚਾਰੇ ਨਾਲ ਸਬੰਧਾਂ ਅਤੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੀ ਹੈ, ਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਸਹਿਯੋਗ ਲਈ ਰਾਹ ਪੱਧਰਾ ਹੋਇਆ ਹੈ ਅਤੇ ਨਿਵੇਸ਼ ਅਤੇ ਨਵੀਨਤਾ ਸਬੰਧੀ ਨਵੇਂ ਰਾਹ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਫਿਨਲੈਂਡ ਦੀ ਹਾਕੀ ਟੀਮ ਵਿੱਚ ਪੰਜ ਖਿਡਾਰੀ ਪੰਜਾਬੀ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਾਕੀ ਕਲੱਬ ਨੇ ਫਿਨਲੈਂਡ ਹਾਕੀ ਕਲੱਬ ਵੱਲੋਂ ਜਿੱਤਿਆ ਸੋਨ ਤਗਮਾ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਭੇਟ ਕੀਤਾ।” ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬੀ ਖਿਡਾਰੀ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “ਪੰਜਾਬੀ ਖਿਡਾਰੀ ਨਾ ਸਿਰਫ਼ ਭਾਰਤ ਲਈ ਸਗੋਂ ਉਹ ਦੁਨੀਆ ਭਰ ਦੀਆਂ ਟੀਮਾਂ ਲਈ ਹਾਕੀ ਖੇਡਦੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦੀ ਵਿਸ਼ਵ ਪੱਧਰ 'ਤੇ ਮਾਨਤਾ ਦੇ ਨਾਲ-ਨਾਲ ਸਟਾਰਟ-ਅੱਪਸ ਅਤੇ ਉੱਦਮਤਾ ਵਿੱਚ ਸੰਭਾਵੀ ਭਾਈਵਾਲੀ ਦੀ ਵੀ ਪੜਚੋਲ ਕੀਤੀ ਗਈ।” ਉਨ੍ਹਾਂ ਅੱਗੇ ਕਿਹਾ, “23 ਅਪ੍ਰੈਲ ਨੂੰ ਵਫ਼ਦ ਨੇ ਫਿਨਲੈਂਡ ਦੇ ਆਧੁਨਿਕ ਸਿੱਖਿਆ ਮਾਡਲ ਦਾ ਅਧਿਐਨ ਕੀਤਾ ਅਤੇ ਪ੍ਰੀ-ਸਰਵਿਸ ਟ੍ਰੇਨਿੰਗ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਬਾਰੇ ਡੂੰਘੀ ਸੂਝ ਪ੍ਰਾਪਤ ਕੀਤੀ।” ਉਨ੍ਹਾਂ ਕਿਹਾ, “ਵਫ਼ਦ ਨੇ ਕਲਾਸਰੂਮ ਅਭਿਆਸਾਂ, ਮੁਲਾਂਕਣ ਪ੍ਰਣਾਲੀਆਂ ਅਤੇ ਸਿੱਖਣ ਦੇ ਮਾਹੌਲ ਸਬੰਧੀ ਡਿਜ਼ਾਇਨ ਦੀ ਘੋਖ ਤੋਂ ਇਲਾਵਾ ਬਾਲ-ਕੇਂਦ੍ਰਿਤ ਅਤੇ ਖੇਡ-ਅਧਾਰਤ ਸਿਖਲਾਈ ਪ੍ਰਣਾਲੀਆਂ ਦਾ ਵੀ ਅਧਿਐਨ ਕੀਤਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਧਿਆਪਕ ਸਿਖਲਾਈ ਅਤੇ ਈਸੀਸੀਈ ਵਿੱਚ ਭਾਈਵਾਲੀ ਦੀ ਪੜਚੋਲ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਅਧਿਆਪਕ ਸਮਰੱਥਾ, ਮੈਂਟਰਿੰਗ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।” ਉਨ੍ਹਾਂ ਅੱਗੇ ਕਿਹਾ, “ਇਸ ਨਾਲ ਫਿਨਲੈਂਡ ਦੀ ਉੱਨਤ ਸਿੱਖਿਆ ਪ੍ਰਣਾਲੀ ਅਤੇ ਕਲਾਸਰੂਮ ਪ੍ਰਬੰਧਨ ਅਤੇ ਮੁਲਾਂਕਣ ਅਭਿਆਸਾਂ ਬਾਰੇ ਡੂੰਘੀ ਜਾਣਕਾਰੀ ਮਿਲੀ।” ਉਨ੍ਹਾਂ ਅੱਗੇ ਕਿਹਾ, “ਅਧਿਆਪਕ ਸਿਖਲਾਈ ਅਤੇ ਈਸੀਸੀਈ ਵਿੱਚ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਤੋਂ ਇਲਾਵਾ ਅਧਿਆਪਕ ਸਿਖਲਾਈ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਵੀ ਭਾਈਵਾਲੀ ਕੀਤੀ ਗਈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੀਟਿੰਗਾਂ ਦੌਰਾਨ ਸਿੱਖਿਆ ਖੇਤਰ ਵਿੱਚ ਨਵੀਨਤਾ ਦੇ ਭਵਿੱਖੀ ਮੌਕਿਆਂ ਬਾਰੇ ਵੀ ਵਿਆਪਕ ਚਰਚਾ ਕੀਤੀ ਗਈ।” ਉਨ੍ਹਾਂ ਅੱਗੇ ਕਿਹਾ, “ਵਫ਼ਦ ਨੇ ਤਾਂ ਰਕੂ ਯੂਨੀਵਰਸਿਟੀ ਅਤੇ ਇਸਦੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ ਦਾ ਵੀ ਦੌਰਾ ਕੀਤਾ। ਪੰਜਾਬ ਵੱਲੋਂ ਪਹਿਲਾਂ ਹੀ ਤਿੰਨ ਬੈਚਾਂ ਰਾਹੀਂ 216 ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਭੇਜਿਆ ਜਾ ਚੁੱਕਾ ਹੈ।” ਉਨ੍ਹਾਂ ਅੱਗੇ ਕਿਹਾ, “ਪਹਿਲਾ ਬੈਚ 20 ਅਕਤੂਬਰ ਤੋਂ 8 ਨਵੰਬਰ, 2024 ਨੂੰ, ਦੂਜਾ ਬੈਚ 17 ਤੋਂ 28 ਮਾਰਚ, 2025 ਨੂੰ, ਤੀਜਾ ਬੈਚ 17 ਤੋਂ 18 ਨਵੰਬਰ, 2025 ਨੂੰ ਭੇਜਿਆ ਗਿਆ ਸੀ ਅਤੇ 72 ਅਧਿਆਪਕਾਂ ਦਾ ਚੌਥਾ ਬੈਚ 18 ਮਈ, 2026 ਨੂੰ ਭੇਜਿਆ ਜਾਵੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਦਰਸਾਇਆ।” ਉਨ੍ਹਾਂ ਅੱਗੇ ਕਿਹਾ, “ਪਹਿਲਾਂ ਜਾਪਾਨ ਅਤੇ ਕੋਰੀਆ ਦੇ ਦੌਰੇ ਦੇ ਸਾਰਥਕ ਨਤੀਜੇ ਸਾਹਮਣੇ ਆਏ ਕਿਉਂਕਿ ਸੂਬਾ ਸਰਕਾਰ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਨਿਵੇਸ਼ ਆਕਰਸ਼ਿਤ ਕਰਨ ਵਿੱਚ ਸਫਲ ਰਹੀ ਸੀ।” ਉਨ੍ਹਾਂ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਨੀਦਰਲੈਂਡ ਅਤੇ ਫਿਨਲੈਂਡ ਦੀ ਇਹ ਫੇਰੀ ਵੀ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗੀ।”

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ
ਚੰਡੀਗੜ੍ਹ/ਬਿਊਰੋ ਨਿਊਜ਼
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਅਗਾਮੀ ਸਿਆਸੀ ਸਮੀਕਰਨਾਂ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ’ਤੇ ਸਵਾਲ ਚੁੱਕੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਆਪਣੀਆਂ ਨਾਕਾਮੀਆਂ ਵੱਲ ਵੀ ਧਿਆਨ ਦੇਣ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਪਿਛਲੇ ਦਿਨੀਂ ਭਾਜਪਾ ਵਿਚ ਚਲੇ ਗਏ ਸਨ ਅਤੇ ਹੁਣ ‘ਆਪ’ ਦੇ ਕਈ ਵਿਧਾਇਕਾਂ ਦੇ ਵੀ ਭਾਜਪਾ ਵਿਚ ਜਾਣ ਵਾਲੇ ਚਰਚੇ ਚੱਲ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋ ਤਿਹਾਈ ਸੰਸਦ ਮੈਂਬਰਾਂ ਨੇ ਦੁਖੀ ਹੋ ਕੇ ਪਾਰਟੀ ਛੱਡੀ ਹੈ ਅਤੇ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ  ਪਾਰਟੀ ਵਿਚ ਮਚੀ ਹਲਚਲ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.