Thursday, 28 May 2026

ਸੀਐਮ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਕਰਨਗੇ ਮੀਟਿੰਗ ਦੀ ਅਗਵਾਈ
ਚੰਡੀਗੜ੍ਹ/ਬਿਊਰੋ ਨਿਊਜ਼    
ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਛੱਡਣ ਅਤੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਭਲਕੇ ਬੁੱਧਵਾਰ ਨੂੰ ਜਲੰਧਰ ਵਿਚ ‘ਆਪ’ ਦੇ ਸਮੂਹ ਵਿਧਾਇਕਾਂ ਦੀ ਮੀਟਿੰਗ ਬੁਲਾਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਮੀਟਿੰਗ ਵਿਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿਚ ਹਾਲ ਹੀ ਦੇ ਘਟਨਾਕ੍ਰਮ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੰਥਨ ਹੋਵੇਗਾ। ਆਮ ਆਦਮੀ ਪਾਰਟੀ ਨੇ ਹੋਣ ਵਾਲੀ ਇਸ ਅਹਿਮ ਮੀਟਿੰਗ ਲਈ ਆਪਣੇ ਵਰਕਰਾਂ ਅਤੇ ਸੰਗਠਨਾਤਮਕ ਲੀਡਰਸ਼ਿਪ ਨੂੰ ਵੱਡੇ ਪੱਧਰ ’ਤੇ ਲਾਮਬੰਦ ਕੀਤਾ ਹੈ। ਇਸ ਬੈਠਕ ਵਿੱਚ ਸ਼ਮੂਲੀਅਤ ਕਰਨ ਲਈ 1000 ਤੋਂ ਵੱਧ ਆਬਜ਼ਰਵਰਾਂ ਅਤੇ ਕਈ ਵਿਧਾਇਕਾਂ ਨੂੰ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ। ਪਾਰਟੀ ਦੇ ਸੂਤਰਾਂ ਅਨੁਸਾਰ, ਇੰਨੀ ਵੱਡੀ ਗਿਣਤੀ ਵਿੱਚ ਆਬਜ਼ਰਵਰਾਂ ਨੂੰ ਇਕੱਠੇ ਕਰਨ ਦੇ ਦੋ ਮੁੱਖ ਮਨੋਰਥ ਹਨ। ਪਹਿਲਾ, ਇਹ ਪਾਰਟੀ ਲਈ ਇੱਕ ‘ਸ਼ਕਤੀ ਪ੍ਰਦਰਸ਼ਨ’ ਹੋਵੇਗਾ। ਦੂਜਾ, ਇਹ ਆਬਜ਼ਰਵਰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਤੱਕ ਸਰਕਾਰ ਦੇ ਵਿਕਾਸ ਕਾਰਜਾਂ ਦਾ ਸੁਨੇਹਾ ਪਹੁੰਚਾਉਣ ਵਾਲੇ ‘ਸੁਨੇਹੇਬਾਜ਼’ ਵਜੋਂ ਕੰਮ ਕਰਨਗੇ।  

ਐਸਜੀਪੀਸੀ ਦੇ ਕੁਝ ਮੈਂਬਰ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦਾ ਇਕ ਵਫਦ ਅੱਜ ਮਾਸਟਰ ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ। ਇਸ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਮੰਗ ਪੱਤਰ ਸੌਂਪਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤਲਬ ਕਰਨ ਦੀ ਮੰਗ ਕੀਤੀ ਹੈ। ਇਸ ਵਫਦ ਦਾ ਕਹਿਣਾ ਸੀ ਕਿ ਹਾਲ ਹੀ ਵਿਚ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਬਿਆਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਨੂੰ ਮੰਨਣ ਤੋਂ ਬਾਅਦ ਸੁਖਬੀਰ ਬਾਦਲ ਵਲੋਂ ਉਸ ਨੂੰ ਸਾਜਿਸ਼ ਦੱਸਣਾ ਸਿੱਖ ਪਰੰਪਰਾਵਾਂ ਅਤੇ ਮਰਿਆਦਾ ਦੇ ਖਿਲਾਫ ਹੈ। ਇਸ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਤਾਂ ਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ’ਤੇ ਸਵਾਲ ਉਠਾਉਣ ਦੀ ਹਿੰਮਤ ਨਾ ਕਰ ਸਕੇ।

*ਚੰਡੀਗੜ੍ਹ : ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੱਸਿਆ ਕਿ ਪੋਟਾਸ਼ ਦੀ ਖੋਜ ਉਪਰੰਤ ਹੁਣ ਪੰਜਾਬ ਵਿੱਚ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਵੱਲੋਂ ਇਸ ਪਾਸੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।

ਇਹ ਗੱਲ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਅੱਜ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਡਾਇਰੈਕਟਰ ਜਨਰਲ ਆਫ਼ ਹਾਈਡ੍ਰੋਕਾਰਬਨ (ਡੀ.ਜੀ.ਐਚ) ਅਤੇ ਆਇਲ ਇੰਡੀਆ ਲਿਮਟਿਡ (ਓ.ਆਈ.ਐਲ) ਦੇ ਉੱਚ ਅਧਿਕਾਰੀਆਂ ਨਾਲ ਮਗਸੀਪਾ ਵਿਖੇ ਮੁਲਾਕਾਤ ਕਰਨ ਅਤੇ ਪ੍ਰਸਤਾਵਿਤ ਸਰਵੇਖਣ ਨੂੰ ਮੁਕੰਮਲ ਕਰਨ ਸਬੰਧੀ ਸਹਾਇਤਾ ਦੀ ਮੰਗ ਕਰਨ ਉਪਰੰਤ ਆਖੀ। ਸ੍ਰੀ ਅਜੈ ਕੁਮਾਰ ਸ਼ਰਮਾ (ਐਚ.ਓ.ਡੀ, ਐਨ.ਡੀ.ਆਰ, ਡੀ.ਜੀ.ਐਚ) ਦੀ ਅਗਵਾਈ ਵਾਲੀ ਇਸ ਟੀਮ ਵਿੱਚ ਸ੍ਰੀ ਸੁਰੇਂਦਰ ਕੁਮਾਰ ਦਾਸ (ਡੀ.ਜੀ.ਐਮ, ਡੀ.ਜੀ.ਐਚ), ਸ੍ਰੀ ਅਨੂਪ ਕੁਮਾਰ (ਕਾਰਜਕਾਰੀ ਡਾਇਰੈਕਟਰ, ਓ.ਆਈ.ਐਲ), ਸ੍ਰੀ ਰਤਨੇਸ਼ ਪਾਂਡੇ (ਸੁਪਰਿੰਟੈਂਡਿੰਗ ਭੂ ਅਤੇ ਭੌਤਿਕ ਵਿਗਿਆਨੀ, ਓ.ਆਈ.ਐਲ), ਸ੍ਰੀ ਦੁਰਗੇਸ਼ ਦੀਪ ਮਿਸ਼ਰਾ (ਪਾਰਟੀ ਚੀਫ਼, ਏਸ਼ੀਅਨ ਐਨਰਜੀ ਸਰਵਿਸਿਜ਼) ਅਤੇ ਸ੍ਰੀ ਚਮਨ ਸਿੰਘ (ਸਲਾਹਕਾਰ, ਸਿਸਮਿਕ ਓਪਰੇਸ਼ਨ, ਏਸ਼ੀਅਨ ਐਨਰਜੀ ਸਰਵਿਸਿਜ਼) ਸ਼ਾਮਲ ਹੋਏ।

ਮੀਟਿੰਗ ਦੌਰਾਨ ਸੂਬੇ ਵਿੱਚ ਹਾਈਡ੍ਰੋਕਾਰਬਨ ਸਰੋਤਾਂ ਦੀ ਖੋਜ ਸਬੰਧੀ ਸੰਭਾਵਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਿਸਥਾਰਿਤ ਪੇਸ਼ਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਆਇਲ ਇੰਡੀਆ ਲਿਮਟਿਡ ਵੱਲੋਂ ਕੁਦਰਤੀ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਕਰਨ ਲਈ ਇੱਕ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਉੱਚ-ਪੱਧਰੀ ਵਿਗਿਆਨਕ ਸਲਾਹਕਾਰ ਖੋਜ ਕਮੇਟੀ ਵੱਲੋਂ ਦੇਸ਼ ਭਰ ਦੇ ਉਨ੍ਹਾਂ ਅਣ-ਪਛਾਤੇ ਖੇਤਰਾਂ ਵਿੱਚ ਵਿਆਪਕ ਸਰਵੇਖਣ ਦੀ ਸਿਫਾਰਸ਼ ਕੀਤੀ ਗਈ ਹੈ, ਜਿੱਥੇ ਖਣਿਜਾਂ ਅਤੇ ਪੈਟਰੋਲੀਅਮ ਭੰਡਾਰਾਂ ਸਬੰਧੀ ਹਾਲੇ ਤੱਕ ਕੋਈ ਖੋਜ ਨਹੀਂ ਕੀਤੀ ਗਈ।

ਸ੍ਰੀ ਅਜੈ ਸ਼ਰਮਾ ਨੇ ਦੱਸਿਆ ਕਿ ਮੰਤਰਾਲੇ ਨੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਮੋਗਾ, ਜਲੰਧਰ ਅਤੇ ਕਪੂਰਥਲਾ ਸਣੇ ਰਾਜਸਥਾਨ ਵਿੱਚ ਬਾੜਮੇਰ, ਸੰਚੋਰ, ਜੈਸਲਮੇਰ ਅਤੇ ਬੀਕਾਨੇਰ-ਨਾਗੌਰ ਪੱਤਣਾਂ ਦੇ ਨਾਲ-ਨਾਲ ਗੰਗਾ ਪੱਤਣ ਅਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਸਰਵੇਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਉਪ-ਪੱਤਣ (ਸਬ-ਬੇਸਿਨ) ਵਿੱਚ ਲਗਭਗ 169 ਲਾਈਨ ਕਿਲੋਮੀਟਰ ਨੂੰ ਕਵਰ ਕਰਦਿਆਂ ਵੱਡੇ ਪੱਧਰ 'ਤੇ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਪਹਿਲਕਦਮੀ ਨੂੰ "ਮਿਸ਼ਨ ਅਨਵੇਸ਼ਨ" ਦਾ ਨਾਮ ਦਿੱਤਾ ਗਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲਾ ਸਰਵੇਖਣ ਵਿਗਿਆਨਕ ਅਤੇ ਖੋਜ ਪ੍ਰਕਿਰਤੀ 'ਤੇ ਆਧਾਰਤ ਹੈ ਅਤੇ ਇਸ ਦਾ ਉਦੇਸ਼ ਸਟੀਕ ਭੂ-ਵਿਗਿਆਨਕ ਡੇਟਾ ਤਿਆਰ ਕਰਨਾ ਹੋਵੇਗਾ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਵਿੱਚ ਤੇਲ ਤੇ ਗੈਸ ਪਦਾਰਥਾਂ ਦਾ ਪਤਾ ਲਾਉਣ ਲਈ ਨਾ ਸਿਰਫ਼ ਖੋਜ ਗਤੀਵਿਧੀਆਂ ਨੂੰ ਤੇਜ਼ ਕਰੇਗੀ, ਸਗੋਂ ਇੱਕ ਵਿਆਪਕ ਭੂ-ਵਿਗਿਆਨਕ ਡੇਟਾ ਬੈਂਕ ਬਣਾਉਣ ਵਿੱਚ ਵੀ ਮਦਦ ਕਰੇਗੀ ਜਿਸ ਨਾਲ ਭਾਰਤ ਦੀ ਵਿਦੇਸ਼ੀ ਊਰਜਾ ਸਰੋਤਾਂ 'ਤੇ ਨਿਰਭਰਤਾ ਘਟੇਗੀ ਅਤੇ ਪੰਜਾਬ ਸਮੇਤ ਬਾਕੀ ਸੂਬਿਆਂ ਲਈ ਆਰਥਿਕ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।

ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਸਰਵੇਖਣ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਸੂਬੇ ਦੇ ਸਮੁੱਚੇ ਵਿਕਾਸ ਅਤੇ ਖੁਸ਼ਹਾਲੀ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਊਰਜਾ ਖੇਤਰ ਨੂੰ ਮਜ਼ਬੂਤ ਕਰਨਗੇ, ਸਗੋਂ ਪੰਜਾਬ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਦੇਣਗੇ।

ਮੀਟਿੰਗ ਦੌਰਾਨ ਖਣਨ ਅਤੇ ਭੂ-ਵਿਗਿਆਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਡਾਇਰੈਕਟਰ ਖਣਨ ਸ੍ਰੀ ਅਭਿਜੀਤ ਕਪਲਿਸ਼, ਮੁੱਖ ਇੰਜੀਨੀਅਰ (ਖਣਨ ਅਤੇ ਡਰੇਨੇਜ) ਸ. ਹਰਦੀਪ ਸਿੰਘ ਮੈਂਦੀਰੱਤਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਮੰਡੀ ਗੋਬਿੰਦਗੜ੍ਹ, 27 ਅਪ੍ਰੈਲ: ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਅਜੇ ਕੁਮਾਰ ਗੁਪਤਾ ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ ’ਤੇ ਆਈਸੀਏਆਰ-ਸੈਂਟਰਲ ਐਗਰੋਫੋਰੈਸਟਰੀ ਰਿਸਰਚ ਇੰਸਟੀਚਿਊਟ (ਸੀਏਐਫਆਰਆਈ), ਝਾਂਸੀ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ ਅਕਾਦਮਿਕ ਅਤੇ ਖੋਜ ਵਿੱਚ ਉੱਤਮਤਾ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਪੁਰਸਕਾਰ ‘ਵਾਤਾਵਰਣ ਸਥਿਰਤਾ, ਜਲਵਾਯੂ ਪ੍ਰਬੰਧਨ ਅਤੇ ਬਾਇਓਟੈਕਨਾਲੋਜੀ ਵਿੱਚ ਸਰਹੱਦਾਂ’ ’ਤੇ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਪੇਸ਼ ਕੀਤਾ ਗਿਆ। ਪ੍ਰੋ. ਗੁਪਤਾ ਨੇ ਮੁੱਖ ਮਹਿਮਾਨ ਡਾ. ਏ. ਕੇ. ਸਿੰਘ, ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ, ਝਾਂਸੀ ਦੇ ਵਾਈਸ ਚਾਂਸਲਰ, ਨਵੀਂ ਦਿੱਲੀ ਦੇ ਧਰਤੀ ਵਿਗਿਆਨ ਮੰਤਰਾਲੇ ਦੇ ਸਲਾਹਕਾਰ ਡਾ. ਨਿਲੋਏ ਖਰੇ, ਨਵੀਂ ਦਿੱਲੀ ਦੇ ਡਾਇਰੈਕਟਰ ਆਈ.ਸੀ.ਏ.ਆਰ.-ਸੀ.ਏ.ਐਫ.ਆਰ.ਆਈ. ਡਾ. ਏ. ਅਰੁਣਾਚਲਮ, ਅਤੇ ਨਵੀਂ ਦਿੱਲੀ ਦੇ ਪ੍ਰਧਾਨ ਸੇਵ ਦ ਐਨਵਾਇਰਮੈਂਟ ਅਤੇ ਸਾਬਕਾ ਐਡੀਸ਼ਨਲ ਡਾਇਰੈਕਟਰ ਡੀ.ਆਰ.ਡੀ.ਓ. ਡਾ. ਕਸ਼ਿਪਰਾ ਮਿਸ਼ਰਾ ਤੋਂ ਮਾਨਤਾ ਪ੍ਰਾਪਤ ਕੀਤੀ।
ਇਸ ਕਾਨਫਰੰਸ ਵਿੱਚ ‘ਸਾਡੀ ਸ਼ਕਤੀ ਬਨਾਮ ਸਾਡਾ ਗ੍ਰਹਿ’ ਥੀਮ ਹੇਠ ਦੇਸ਼ ਭਰ ਤੋਂ 200 ਤੋਂ ਵੱਧ ਡੈਲੀਗੇਟਸ ਇਕੱਠਾ ਹੋਏ, ਜਿਸ ਵਿੱਚ ਮੁੱਖ ਵਾਤਾਵਰਣ ਚੁਣੌਤੀਆਂ ਅਤੇ ਟਿਕਾਊ ਹੱਲਾਂ ’ਤੇ ਚਰਚਾ ਕੀਤੀ ਗਈ।
ਪੁਰਸਕਾਰ ਪ੍ਰਾਪਤ ਕਰਨ ਤੋਂ ਇਲਾਵਾ, ਪ੍ਰੋ. ਗੁਪਤਾ ਨੇ ਵਾਤਾਵਰਣ ਅਤੇ ਜਲਵਾਯੂ ਮੁੱਦਿਆਂ ’ਤੇ ਸੱਦਾ ਪੱਤਰ ਲੈਕਚਰ ਦੇ ਕੇ ਅਕਾਦਮਿਕ ਤੌਰ ’ਤੇ ਯੋਗਦਾਨ ਪਾਇਆ। ਯਮੁਨਾ ਨਦੀ ਦੇ ਪ੍ਰਦੂਸ਼ਣ ’ਤੇ ਉਨ੍ਹਾਂ ਦੀ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ, ਜਿਸ ਵਿੱਚ ਵਾਤਾਵਰਣ ਸੰਬੰਧੀ ਚਿੰਤਾਵਾਂ ਵੱਲ ਧਿਆਨ ਖਿੱਚਿਆ ਗਿਆ।
ਇਹ ਸਮਾਗਮ ਸੇਵ ਦ ਇਨਵਾਇਰਮੈਂਟ (STE), ਇੰਡੀਅਨ ਸੋਸਾਇਟੀ ਆਫ਼ ਐਗਰੋਫੋਰੈਸਟਰੀ ਅਤੇ ਸੋਸਾਇਟੀ ਫਾਰ ਸਾਇੰਸ ਆਫ਼ ਕਲਾਈਮੇਟ ਚੇਂਜ ਐਂਡ ਸਸਟੇਨੇਬਲ ਐਨਵਾਇਰਮੈਂਟ (SSCE) ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ। ਇਹ ਕਾਨਫਰੰਸ ਬੁੰਦੇਲਖੰਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੁਕੇਸ਼ ਪਾਂਡੇ ਦੇ ਸਮਾਪਤੀ ਭਾਸ਼ਣ ਨਾਲ ਸਮਾਪਤ ਹੋਈ।
ਇਸ ਪ੍ਰਾਪਤੀ ਲਈ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਪ੍ਰੋ. ਗੁਪਤਾ ਨੂੰ ਇਸ ਪ੍ਰਾਪਤੀ ਰਾਹੀਂ ਸੰਸਥਾ ਨੂੰ ਰਾਸ਼ਟਰੀ ਮਾਨਤਾ ਦਿਵਾਉਣ ਲਈ ਵਧਾਈ ਦਿੱਤੀ।


ਚੰਡੀਗੜ੍ਹ : 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੜ੍ਹ ਸੁਰੱਖਿਆਂ ਪ੍ਰਬੰਧਾਂ ਸਮੀਖਿਆ ਕਰਦਿਆਂ ਪੰਜਾਬ ਦੇ ਹੜ੍ਹ ਰੋਕਥਾਮ ਅਤੇ ਰਾਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉੱਨਤ ਐਂਫੀਬੀਅਸ ਮਸ਼ੀਨਾਂ (ਪਾਣੀ ਵਿੱਚ ਅਤੇ ਧਰਤੀ ‘ਤੇ ਚੱਲਣ ਵਾਲੀਆਂ ਮਸ਼ੀਨਾਂ) ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹਾਂ ਜਾਂ ਭਾਰੀ ਮੀਂਹ ਕਰਕੇ ਹੁੰਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਅਤੇ ਜਾਨ-ਮਾਲ ਦੀ ਰਾਖੀ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।

ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਰਾਹਤ ਕਾਰਜਾਂ ਨੂੰ ਸੁਚਾਰੂ ਅਤੇ ਮੁਸ਼ਕਲ ਰਹਿਤ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਨਹਿਰਾਂ ਅਤੇ ਨਾਲਿਆਂ (ਡਰੇਨਾਂ) ਦੀ ਸਫਾਈ ਵਾਸਤੇ ਐਂਫੀਬੀਅਸ ਮਸ਼ੀਨਾਂ ਖਰੀਦਣ ਦੀ ਸਹਿਮਤੀ ਦਿੱਤੀ ਗਈ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਸ਼ੀਨਾਂ ਵਗਦੇ ਪਾਣੀ ਵਿੱਚ ਵੀ ਕੰਮ ਕਰਨ ਅਤੇ ਡੂੰਘਾਈ ਨਾਲ ਸਫ਼ਾਈ ਦੇ ਸਮਰੱਥ ਹਨ, ਜੋ ਇਨ੍ਹਾਂ ਮਸ਼ੀਨਾਂ ਨੂੰ ਰੋਕਥਾਮ ਉਪਾਵਾਂ ਅਤੇ ਐਮਰਜੈਂਸੀ ਕਾਰਵਾਈ ਲਈ ਮਹੱਤਵਪੂਰਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁ-ਮੰਤਵੀ ਮਸ਼ੀਨਾਂ ਡੂੰਘਾਈ ਨਾਲ ਸਫ਼ਾਈ ਕਰ ਸਕਦੀਆਂ ਹਨ ਜਿਸ ਲਈ ਸੰਭਾਵਿਤ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਹੜ੍ਹ ਰਾਹਤ ਕਾਰਜਾਂ ਵਾਸਤੇ ਸਾਡੇ ਕੋਲ ਇਹ ਮਸ਼ੀਨਾਂ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਵਿਭਾਗ ਨੂੰ ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਵਿਸਤ੍ਰਿਤ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਆਲਮੀ ਪੱਧਰ ‘ਤੇ ਬਿਹਤਰ ਅਭਿਆਸਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਹਾਲ ਹੀ ਵਿੱਚ ਫਿਨਲੈਂਡ ਦੀ ਆਪਣੀ ਫੇਰੀ ਦੌਰਾਨ ਇਸ ਮਸ਼ੀਨ ਨੂੰ ਕੰਮ ਕਰਦੇ ਦੇਖਿਆ ਸੀ, ਜਿੱਥੇ ਇਨ੍ਹਾਂ ਬਹੁ-ਮੰਤਵੀ ਮਸ਼ੀਨਾਂ ਦੀ ਪੂਰੇ ਢੁਕਵੇਂ ਤਰੀਕੇ ਨਾਲ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਹੜ੍ਹ ਸੁਰੱਖਿਆ ਕਾਰਜਾਂ ਦੇ ਨਾਲ-ਨਾਲ ਨਹਿਰਾਂ, ਨਾਲਿਆਂ, ਛੱਪੜਾਂ ਅਤੇ ਹੋਰ ਜਲ ਸਰੋਤਾਂ ਦੀ ਦੇਖਭਾਲ ਅਤੇ ਸਫ਼ਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਖ਼ਰੀਦ ਨਾਲ ਹੜ੍ਹਾਂ ਦੇ ਕਹਿਰ ਕਾਰਨ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਘਟਾਉਣ ਵਿੱਚ ਵਧੇਰੇ ਮਦਦਗਾਰ ਸਾਬਤ ਹੋਵੇਗੀ।

ਪਾਣੀ ਦੇ ਪ੍ਰਬੰਧਨ ਸਬੰਧੀ ਚਿੰਤਾਵਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਭਾਖੜਾ ਡੈਮ ਵਿੱਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਹੈ ਅਤੇ 26 ਅਪ੍ਰੈਲ ਨੂੰ ਇਹ 1594 ਫੁੱਟ ਦਰਜ ਕੀਤਾ ਗਿਆ ਸੀ।"

ਉਨ੍ਹਾਂ ਕਿਹਾ ਕਿ 1 ਜੂਨ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਦੇ ਮੱਦੇਨਜ਼ਰ ਅਗਾਮੀ ਮਾਨਸੂਨ ਨੂੰ ਧਿਆਨ ਵਿੱਚ ਰੱਖਦਿਆਂ ਸੁਚੱਜੇ ਢੰਗ ਨਾਲ ਪਾਣੀ ਛੱਡਣ ਦੀ ਯੋਜਨਾ ਉਲੀਕੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, "ਸੂਬੇ ਵਿੱਚ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਜਾ ਰਹੀ ਹੈ, ਇਸ ਲਈ ਅਗਾਮੀ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਭਾਖੜਾ ਡੈਮ ਤੋਂ ਵੱਧ ਤੋਂ ਵੱਧ ਪਾਣੀ ਛੱਡਿਆ ਜਾਣਾ ਚਾਹੀਦਾ ਹੈ।" ਉਨ੍ਹਾਂ ਕਿਹਾ, "ਸੂਬੇ ਵਿੱਚ ਨਵੇਂ ਖਾਲਿਆਂ ਦੇ ਨਿਰਮਾਣ ਅਤੇ ਪੁਰਾਣਿਆਂ ਖਾਲਿਆਂ ਨੂੰ ਬਹਾਲ ਕਰਨ ਦਾ ਕੰਮ 31 ਮਈ ਤੱਕ ਮੁਕੰਮਲ ਹੋ ਜਾਵੇਗਾ ਜਿਸ ਤੋਂ ਬਾਅਦ ਸਿੰਚਾਈ ਦੇ ਉਦੇਸ਼ਾਂ ਲਈ ਹੋਰ 5000 ਕਿਊਸਿਕ ਪਾਣੀ ਦੀ ਲੋੜ ਹੋਵੇਗੀ।"

ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲ ਸਰੋਤ ਵਿਭਾਗ ਦੇ ਯਤਨਾਂ 'ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ, "ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹਾਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਵਿਆਪਕ ਕੰਮ ਕੀਤੇ ਜਾ ਰਹੇ ਹਨ।" ਉਨ੍ਹਾਂ ਕਿਹਾ ਕਿ ਖਾਲਿਆਂ ਦੀ ਸਫਾਈ ਜੰਗੀ ਪੱਧਰ 'ਤੇ ਚੱਲ ਰਹੀ ਹੈ ਅਤੇ ਜਲਦ ਹੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੰਭਾਵੀ ਹੜ੍ਹਾਂ ਨੂੰ ਰੋਕਣ ਲਈ ਹੜ੍ਹ ਪ੍ਰਭਾਵਿਤ ਪ੍ਰਮੁੱਖ ਥਾਵਾਂ 'ਤੇ ਗਾਰ ਕੱਢਣ ਦਾ ਕੰਮ ਪਹਿਲਾਂ ਹੀ ਮੁਕੰਮਲ ਕੀਤਾ ਜਾ ਚੁੱਕਾ ਹੈ।

ਸੰਵੇਦਨਸ਼ੀਲ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, " ਸੂਬਾ ਸਰਕਾਰ ਵੱਲੋਂ ਰੋਪੜ ਜ਼ਿਲ੍ਹੇ ਵਿੱਚ ਜਿੱਥੇ ਲਗਭਗ 20 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਜਿੱਥੇ ਪਿਛਲੇ ਸਾਲ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ, ਵਿਆਪਕ ਰੋਕਥਾਮ ਕਦਮ ਚੁੱਕੇ ਗਏ ਹਨ।" ਉਨ੍ਹਾਂ ਕਿਹਾ ਕਿ ਹੜ੍ਹਾਂ ਨੂੰ ਕੰਟਰੋਲ ਕਰਨ ਅਤੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਲੋੜ ਅਨੁਸਾਰ ਸਟੱਡ ਅਤੇ ਸਪਰ ਢਾਂਚੇ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਿੰਚਾਈ ਅਤੇ ਸੈਰ-ਸਪਾਟੇ ਦੋਵਾਂ ਉਦੇਸ਼ਾਂ ਲਈ ਸਵਾਂ ਨਦੀ ਦੇ ਚੈਨਲਾਈਜ਼ੇਸ਼ਨ ਦੀ ਸੰਭਾਵਨਾ ਦੀ ਪੜਚੋਲ ਕਰਨ ਦੇ ਵੀ ਨਿਰਦੇਸ਼ ਦਿੱਤੇ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਬਰਿੰਦਰ ਕੁਮਾਰ ਗੋਇਲ, ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਚੰਡੀਗੜ੍ਹ/ਬਿਊਰੋ ਨਿਊੁਜ਼
ਚੰਡੀਗੜ੍ਹ ਦੇ ਡੀ.ਸੀ. ਦਫ਼ਤਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਹਿਰ ਵਿਚ ਸੁਰੱਖਿਆ ਏਜੰਸੀਆਂ ਹਰਕਤ ਵਿਚ ਆ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਕੀ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਵਿਖੇ ਈ-ਮੇਲ ਰਾਹੀਂ ਪ੍ਰਾਪਤ ਹੋਈ, ਜਿਸ ਵਿਚ ਡੀ.ਸੀ. ਦਫ਼ਤਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੁਲਿਸ ਵਲੋਂ ਤੁਰੰਤ ਸੰਬੰਧਿਤ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ। ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਟੀਮਾਂ ਵਲੋਂ ਇਮਾਰਤਾਂ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਵਲੋਂ ਈ-ਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਸਾਈਬਰ ਟੀਮਾਂ ਨੂੰ ਵੀ ਲਗਾਇਆ ਗਿਆ ਹੈ। ਪੁਲਿਸ ਅਨੁਸਾਰ ਫਿਲਹਾਲ ਸੁਰੱਖਿਆ ਦੇ ਮੱਦੇਨਜ਼ਰ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਧਮਕੀ ਦੇ ਮੱਦੇਨਜ਼ਰ ਡੀ.ਸੀ. ਦਫ਼ਤਰ ਅਤੇ ਪੰਜਾਬ ਯੂਨੀਵਰਸਿਟੀ ਦੇ ਆਲੇ-ਦੁਆਲੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।  

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਹਿਕਾਰਤਾ ਵਿਭਾਗ ਦੀ ਮੁਲਾਜ਼ਮ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਅਤੇ ਸਰਵਿਸ ਰੂਲਜ਼ 1997, ਨਵੇਂ ਤਨਖਾਹ ਸਕੇਲਾਂ ਅਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਨਾਲ ਸਬੰਧਤ ਮੁੱਦਿਆਂ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ।

ਸਪੀਕਰ ਸੰਧਵਾਂ ਨੇ ਉਨ੍ਹਾਂ ਦਾ ਮੰਗ ਪੱਤਰ ਟਿੱਪਣੀਆਂ ਲਈ ਸਹਿਕਾਰਤਾ ਵਿਭਾਗ ਦੇ ਸਕੱਤਰ ਨੂੰ ਭੇਜਿਆ। ਐਸੋਸੀਏਸ਼ਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਕਾਰਾਤਮਕ ਦਖਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੀਟਿੰਗ ਦੌਰਾਨ ਸਰਦਾਰ ਗੁਰਦੇਵ ਸਿੰਘ ਸਿੱਧੂ, ਸਾਬਕਾ ਪ੍ਰਧਾਨ ਪੰਜਾਬ; ਸਰਦਾਰ ਰਾਜਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਫਰੀਦਕੋਟ; ਸਰਦਾਰ ਲਾਲਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ; ਸਰਦਾਰ ਜਗਸੀਰ ਸਿੰਘ, ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ; ਸਰਦਾਰ ਬਖਸ਼ੀਸ਼ ਸਿੰਘ, ਸੂਬਾ ਖਜ਼ਾਨਚੀ; ਸਰਦਾਰ ਜਗਮੀਤ ਸਿੰਘ; ਸੂਬਾ ਪ੍ਰੈਸ ਸਕੱਤਰ, ਖੁਸ਼ਪ੍ਰੀਤ ਸਿੰਘ; ਅਮਨਦੀਪ ਸ਼ਰਮਾ ਅਤੇ ਕਈ ਹੋਰ ਅਹੁਦੇਦਾਰ ਮੌਜੂਦ ਸਨ।

ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਸਣੇ ਕਈ ਸ਼ਹਿਰਾਂ ਵਿੱਚ ਈਡੀ ਦੀ ਦਸਤਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੋਮਵਾਰ ਨੂੰ ਭੁੱਲਰ ਵਿਰੁੱਧ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦੇ 11 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਗਈ ਹੈ, ਜਿਸ ਵਿੱਚ ਭੁੱਲਰ ਦੇ ਨਜ਼ਦੀਕੀਆਂ ਅਤੇ ਕਥਿਤ ਤੌਰ ’ਤੇ ਬੇਨਾਮੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੇ ਟਿਕਾਣੇ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਈ.ਡੀ. ਦੀਆਂ ਟੀਮਾਂ ਨੇ ਅੱਜ ਸਵੇਰੇ ਇੱਕੋ ਵੇਲੇ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਵਿੱਚ ਦਸਤਕ ਦਿੱਤੀ। ਜਾਂਚ ਦਾ ਮੁੱਖ ਕੇਂਦਰ ਸਾਬਕਾ ਪੁਲਿਸ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਇਕੱਠੀ ਕੀਤੀ ਗਈ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਰਾਹੀਂ ਕਮਾਏ ਗਏ ਪੈਸੇ ਦੀ ਤਲਾਸ਼ ਕਰਨਾ ਹੈ। ਇਸ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਸਬੂਤ ਕਬਜ਼ੇ ਵਿੱਚ ਲਏ ਗਏ ਹਨ। ਜ਼ਿਕਰਯੋਗ ਹੈ ਕਿ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਅਕਤੂਬਰ 2025 ਵਿੱਚ ਭੁੱਲਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

ਚੰਡੀਗੜ੍ਹ/ਰੂਪਨਗਰ, 27 ਅਪ੍ਰੈਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ, ਪੰਜਾਬ ਸਰਕਾਰ ਵੱਲੋਂ ਐਤਵਾਰ ਸ਼ਾਮ ਨੂੰ ਨਹਿਰੂ ਸਟੇਡੀਅਮ, ਰੂਪਨਗਰ ਵਿਖੇ ਕਰਵਾਏ ਗਏ ਪਹਿਲੇ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਰਾਜ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਵਿਸ਼ਾਲ ਸਮਾਗਮ ਨਾਲ ਗੁਰੂ ਰਵਿਦਾਸ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਪੰਜਾਬ ਅਤੇ ਇਸ ਤੋਂ ਬਾਹਰ ਫੈਲਾਉਣ ਦੇ ਉਦੇਸ਼ ਨਾਲ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਲੜੀ ਦਾ ਆਗਾਜ਼ ਹੋਇਆ।

ਇਸ ਅਧਿਆਤਮਕ ਸ਼ਾਮ ਦੌਰਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਅਤੇ ਭਾਈ ਦਵਿੰਦਰ ਸਿੰਘ ਜੀ ਸੋਢੀ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ, ਜਿਸ ਨੇ ਸੰਗਤਾਂ ਨੂੰ ਇਲਾਹੀ ਬਾਣੀ ਵਿੱਚ ਲੀਨ ਕੀਤਾ। ਇਸ ਉਪਰੰਤ ਭਾਈ ਗੁਰਮੀਤ ਸਿੰਘ ਜੀ ਵੱਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ, ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਉਪਰਾਲੇ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਖੁਰਾਲਗੜ੍ਹ ਸਾਹਿਬ ਵਿਖੇ 649ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਵੱਡੇ ਪੱਧਰ ਦੇ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।"

ਵਿੱਤ ਮੰਤਰੀ ਨੇ ਕਿਹਾ, "ਇਨ੍ਹਾ ਸਮਾਗਮਾਂ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਪੂਰੀ ਦੁਨੀਆ ਵਿੱਚ ਫੈਲਾਉਣਾ ਹੈ। ਇਸੇ ਦੇ ਤਹਿਤ ਪੰਜਾਬ ਦੇ ਕੋਨੇ-ਕੋਨੇ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਵਿਦਿਅਕ ਅਤੇ ਅਧਿਆਤਮਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ।"

ਉਨ੍ਹਾਂ ਅੱਗੇ ਕਿਹਾ, "ਇਸ ਵੱਡੇ ਉਪਰਾਲੇ ਦੇ ਹਿੱਸੇ ਵਜੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਧਿਆਤਮਕ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਰਸਮੀ ਸ਼ੁਰੂਆਤ ਰੂਪਨਗਰ ਤੋਂ ਹੋਈ ਹੈ।"

ਪੰਜਾਬ ਸਰਕਾਰ ਦੇ ਇੱਕ ਅਹਿਮ ਉਪਰਾਲੇ ਬਾਰੇ ਦੱਸਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ, "ਪੰਜਾਬ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਨੇੜੇ ਇੱਕ ਵਿਸ਼ਾਲ 'ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ' ਸਥਾਪਤ ਕਰਨ ਲਈ 10 ਏਕੜ ਜ਼ਮੀਨ ਖਰੀਦੀ ਗਈ ਹੈ। ਇਸ ਕੇਂਦਰ ਵਿੱਚ 750 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਅਤੇ ਇਹ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਅਤੇ ਸਿੱਖਿਆਵਾਂ ਦੇ ਡੂੰਘੇ ਅਧਿਐਨ ਅਤੇ ਖੋਜ ਨੂੰ ਸਮਰਪਿਤ ਹੋਵੇਗਾ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਉਨ੍ਹਾਂ ਦਾ ਅਨਮੋਲ ਸੰਦੇਸ਼ ਆਮ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇ।"

ਉਨ੍ਹਾਂ ਅੱਗੇ ਕਿਹਾ, "ਇਮਾਰਤ ਦੇ ਨਕਸ਼ੇ ਮੁਕੰਮਲ ਕਰ ਲਏ ਗਏ ਹਨ ਅਤੇ ਉਸਾਰੀ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਨਿਰਮਾਣ ਤੋਂ ਬਾਅਦ, ਇਹ ਕੇਂਦਰ ਆਮ ਲੋਕਾਂ ਨੂੰ ਗੁਰੂ ਮਹਾਰਾਜ ਨਾਲ ਸਬੰਧਤ ਕੀਮਤੀ ਇਤਿਹਾਸਕ ਖੋਜਾਂ ਤੋਂ ਵੀ ਜਾਣੂ ਕਰਵਾਏਗਾ।"

ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਅਜੋਕੇ ਸਮਾਜ ਵਿੱਚ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਪ੍ਰਸੰਗਿਕਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਸਦੀਆਂ ਪਹਿਲਾਂ, ਆਪਣੀ ਕ੍ਰਾਂਤੀਕਾਰੀ ਬਾਣੀ ਰਾਹੀਂ, ਸ੍ਰੀ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਬਰਾਬਰੀ ਅਤੇ ਭਾਈਚਾਰਕ ਸਾਂਝ 'ਤੇ ਆਧਾਰਿਤ ਸਮਾਜ ਸਿਰਜਣ ਦਾ ਉਪਦੇਸ਼ ਦਿੱਤਾ ਸੀ।”

ਉਨ੍ਹਾਂ ਸੰਗਤਾਂ ਨੂੰ ਇੱਕ ਸਦਭਾਵਨਾ ਵਾਲੇ ਅਤੇ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਇਸ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ।

ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਤਵੰਤਿਆਂ ਅਤੇ ਸੰਗਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਤਰੱਕੀ ਗੁਰੂਆਂ ਵੱਲੋਂ ਦਰਸਾਏ ਮਾਰਗ 'ਤੇ ਚੱਲ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਬਾਣੀ ਰਾਹੀਂ ਮਨੁੱਖਤਾ ਨੂੰ ਇੱਕ ਸੱਭਿਅਕ ਅਤੇ ਜਾਗਰੂਕ ਯੁੱਗ ਵੱਲ ਸੇਧਿਤ ਕੀਤਾ। ਉਨ੍ਹਾਂ ਨੇ ਇਸ ਇਤਿਹਾਸਕ ਲੜੀ ਦੇ ਪਹਿਲੇ ਕੀਰਤਨ ਦਰਬਾਰ ਦੀ ਮੇਜ਼ਬਾਨੀ ਲਈ ਰੂਪਨਗਰ ਨੂੰ ਚੁਣਨ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।

ਇਸ ਵਿਸ਼ਾਲ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਦਿਆਂ ਪੰਜਾਬ ਸਰਕਾਰ ਵੱਲੋਂ ਸਿਰਜੇ ਗਏ ਅਧਿਆਤਮਕ ਮਾਹੌਲ ਦੀ ਸ਼ਲਾਘਾ ਕੀਤੀ।

ਸਮਾਗਮ ਦੌਰਾਨ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਕੇਵਲ ਸਿੰਘ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰਜੀਤ ਸਿੰਘ ਹੀਰਾ, ਡੇਰਾ ਮਸਤ ਬਾਬਾ ਸ਼ਾਮ ਜੀ ਮਹਾਰਾਜ ਝੱਜ ਦੇ ਸੁਆਮੀ ਅਨਮੁਲਕਾ ਨੰਦ, ਡੇਰਾ ਪੁਸ਼ਪਾ ਨੰਦ ਉਦਾਸੀਨ ਆਸ਼ਰਮ ਬੱਸੀ ਪਠਾਣਾਂ ਦੇ ਮਹੰਤ ਬਲਵਿੰਦਰ ਦਾਸ, ਡੇਰਾ ਮਹਾਂ ਪੁਰੀ ਚੱਬੇਵਾਲ ਦੇ ਸੰਤ ਬਲਵੀਰ ਦਾਸ, ਗੁਰਦੁਆਰਾ ਟਿੱਬੀ ਸਾਹਿਬ ਦੇ ਜਥੇਦਾਰ ਜਗਮਿੰਦਰ ਸਿੰਘ, ਅਤੇ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਸੁਰਿੰਦਰ ਦਾਸ ਸਮੇਤ ਕਈ ਸਤਿਕਾਰਯੋਗ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਦਿੱਲੀ ਦੇ ਵਿਧਾਇਕ ਅਜੈ ਦੱਤ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਆਦਿਤਿਆ ਦਚਲਵਾਲ, ਐਸ.ਐਸ.ਪੀ. ਰੂਪਨਗਰ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਚੰਦਰਜੋਤੀ ਸਿੰਘ, ਐਸ.ਪੀ. ਅਰਵਿੰਦ ਮੀਨਾ, ਸਹਾਇਕ ਕਮਿਸ਼ਨਰ ਪ੍ਰਦੀਪ ਸਿੰਘ ਬੈਂਸ, ਐਸ.ਡੀ.ਐਮ. ਰੂਪਨਗਰ ਜਸਪ੍ਰੀਤ ਸਿੰਘ ਅਤੇ ਡੀ.ਪੀ.ਆਰ.ਓ. ਕਰਨ ਮਹਿਤਾ ਸ਼ਾਮਲ ਸਨ। ਕਈ ਸਥਾਨਕ ਆਗੂਆਂ ਅਤੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਭਾਗ ਸਿੰਘ ਮਦਾਨ, ਸੁਖਦੇਵ ਮੀਆਂਪੁਰ ਅਤੇ ਸਤਨਾਮ ਸਿੰਘ ਜਲਵਾਹਾ, ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਸ਼ਾਮਲ ਸਨ। ਉਨ੍ਹਾਂ ਦੇ ਨਾਲ ਬਲਾਕ ਸੰਮਤੀ ਮੈਂਬਰ ਅੰਮ੍ਰਿਤਪਾਲ ਸਿੰਘ ਪੱਪੀ, ਲਲਿਤ ਡਕਾਲਾ, ਸੰਦੀਪ ਸਿੰਘ, ਅਤੇ ਸਤਨਾਮ ਨਾਗਰਾ, ਸਥਾਨਕ ਆਗੂਆਂ ਜੰਗ ਬਹਾਦਰ ਸਿੰਘ, ਸੁਰਜਨ ਸਿੰਘ, ਅਮਨਦੀਪ ਸਿੰਘ ਅਤੇ ਰੂਪਨਗਰ ਹਲਕੇ ਦੀ ਪ੍ਰਧਾਨ ਨੀਲਮ ਰਾਣੀ ਤੋਂ ਇਲਾਵਾ 'ਆਪ' ਦੇ ਕਈ ਅਹੁਦੇਦਾਰ, ਵਲੰਟੀਅਰ ਅਤੇ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਮਗਰੋਂ ਆਮ ਆਦਮੀ ਪਾਰਟੀ ਨੂੰ ਵਿਧਾਇਕਾਂ ਦੇ ਟੁੱਟਣ ਦਾ ਵੀ ਡਰ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜ ਸਭਾ ਸਕੱਤਰੇਤ ਵੱਲੋਂ ਆਮ ਆਦਮੀ ਪਾਰਟੀ ਦੇ ਸੱਤ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ, ਹੁਣ ਪਾਰਟੀ ਦੀ ਸਾਰੀ ਕੋਸ਼ਿਸ਼ ਆਪਣੇ 94 ਵਿਧਾਇਕਾਂ ਦੇ ਵੱਡੇ ਕਾਫਲੇ ਨੂੰ ਇੱਕਜੁੱਟ ਰੱਖਣ ’ਤੇ ਕੇਂਦਰਿਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਰਟੀ ਹਾਈਕਮਾਂਡ ਨੇ ਸਥਿਤੀ ਨੂੰ ਸੰਭਾਲਣ ਲਈ 29 ਅਪ੍ਰੈਲ, ਦਿਨ ਬੁੱਧਵਾਰ ਸਵੇਰੇ ਜਲੰਧਰ ਵਿਖੇ ਵਿਧਾਇਕਾਂ ਦੀ ਇੱਕ ਅਹਿਮ ਮੀਟਿੰਗ ਸੱਦੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਮੀਟਿੰਗ ਦੀ ਅਗਵਾਈ ਕਰਨਗੇ। ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਭਾਵੇਂ ਸੰਸਦ ਮੈਂਬਰਾਂ ਦੀ ਦਲ-ਬਦਲੀ ਦਾ ਸ਼ੁਰੂਆਤੀ ਸਦਮਾ ਖਤਮ ਹੋ ਗਿਆ ਹੈ, ਪਰ ਹੁਣ ਜਥੇਬੰਦੀ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਖਾਸ ਤੌਰ ’ਤੇ ਫਿਰੋਜ਼ਪੁਰ, ਪਟਿਆਲਾ ਅਤੇ ਰੋਪੜ ਦੇ ਉਨ੍ਹਾਂ ਵਿਧਾਇਕਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਨੂੰ 2022 ਦੀਆਂ ਚੋਣਾਂ ਵੇਲੇ ਰਾਘਵ ਚੱਢਾ ਜਾਂ ਸੰਦੀਪ ਪਾਠਕ ਦੀ ਸਿਫਾਰਸ਼ ’ਤੇ ਟਿਕਟਾਂ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਭਾਰਤੀ ਜਨਤਾ ਪਾਰਟੀ ਵਿਚ ਜਾ ਚੁੱਕੇ ਹਨ।

ਕਿਹਾ : ਕੇਜਰੀਵਾਲ ਖੁਦ ਨੂੰ ਕਾਨੂੰਨ ਅਤੇ ਅਦਾਲਤ ਤੋਂ ਉੱਪਰ ਸਮਝਣ ਲੱਗੇ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਵਾਲ ਚੁੱਕੇ ਹਨ। ਜਾਖੜ ਨੇ ਕਿਹਾ ਕਿ ਕੇਜਰੀਵਾਲ ਖੁਦ ਨੂੰ ਕਾਨੂੰਨ ਤੋਂ ਉੱਪਰ ਸਮਝਣ ਲੱਗੇ ਹਨ।  ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਦਿੱਲੀ ਹਾਈਕੋਰਟ ਦੀ ਮਾਨਯੋਗ ਜਸਟਿਸ ਸਵਰਨ ਕਾਂਤਾ ਸ਼ਰਮਾ ਨੂੰ ਪੱਤਰ ਲਿਖ ਕੇ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਅਜਿਹੀ ਕਾਰਵਾਈ ਦਾ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਦਿੰਦੀ, ਜਿੱਥੇ ਉਨ੍ਹਾਂ ਨੂੰ ਨਿਰਪੱਖ ਨਿਆਂ ਦੀ ਉਮੀਦ ਨਾ ਹੋਵੇ। ਇਸੇ ਦੌਰਾਨ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਜੀ, ਤੁਸੀਂ ਐਲਾਨ ਕੀਤਾ ਹੈ ਕਿ ਸੀਬੀਆਈ ਵੱਲੋਂ ਸ਼ਰਾਬ ਘੁਟਾਲੇ ਵਿਚ ਤੁਹਾਡੇ ਖਿਲਾਫ ਪਾਈ ਅਪੀਲ ਦੇ ਮਾਮਲੇ ਵਿਚ ਤੁਸੀਂ ਹਾਈਕੋਰਟ ਵਿਚ ਪੇਸ਼ ਨਹੀਂ ਹੋਵੋਗੇ। ਜਾਖੜ ਨੇ ਪੁੱਛਿਆ ਕਿ ਇਹ ਤੁਹਾਡਾ ਡਰ ਹੈ ਜਾਂ ਘਮੰਡ। 


ਮੰਡੀ ਗੋਬਿੰਦਗੜ੍ਹ : ਰਾਸ਼ਟਰੀ ਸਮਾਜਿਕ ਵਿਕਾਸ ਯਤਨਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਪੰਜਾਬ ਦੀ ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਅਧੀਨ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਫੈਂਸ (ਐਨਆਈਐਸਡੀ) ਨਾਲ ਸਮਝੌਤਾ ਪੱਤਰ (ਐਮਓਯੂ) ‘ਤੇ ਦਸਤਖਤ ਕੀਤੇ ਹਨ।

ਇਹ ਰਣਨੀਤਿਕ ਸਹਿਯੋਗ ਦੇਸ਼ ਭਰ ਵਿੱਚ ਸਮਾਵੇਸ਼ੀ ਵਿਕਾਸ, ਸਮਾਜਿਕ ਸਸ਼ਕਤੀਕਰਨ ਅਤੇ ਕਮਿਊਨਿਟੀ-ਆਧਾਰਿਤ ਵਿਕਾਸ ਪਹਲਾਂ ਨੂੰ ਅੱਗੇ ਵਧਾਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਮਝੌਤੇ ‘ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਡਾਇਰੈਕਟਰ ਗੌਰਵ ਰਾਜਾਵਤ ਵੱਲੋਂ ਚੰਡੀਗੜ੍ਹ ਵਿੱਚ ਆਯੋਜਿਤ ਚਿੰਤਨ ਸ਼ਿਵਿਰ ਦੌਰਾਨ ਰਸਮੀ ਤੌਰ ‘ਤੇ ਦਸਤਖਤ ਕੀਤੇ ਗਏ।

ਇਸ ਮੌਕੇ ‘ਤੇ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਦੇ ਕੇਂਦਰੀ ਮੰਤਰੀ ਵੀਰੇਂਦਰ ਕੁਮਾਰ ਅਤੇ ਰਾਜ ਮੰਤਰੀ ਬੀ. ਐਲ. ਵਰਮਾ ਸਮੇਤ ਦੇਸ਼ ਭਰ ਤੋਂ ਹੋਰ ਮਾਣਯੋਗ ਹਸਤੀਆਂ ਹਾਜ਼ਰ ਸਨ।

ਇਸ ਭਾਈਚਾਰੇ ਦਾ ਉਦੇਸ਼ ਰਾਸ਼ਟਰੀ ਮਿਸ਼ਨਾਂ ਅਤੇ ਸਮਾਜਿਕ ਤਰਜੀਹਾਂ ਅਨੁਸਾਰ ਸਾਂਝੇ ਪ੍ਰੋਗਰਾਮਾਂ, ਰਿਸਰਚ, ਟ੍ਰੇਨਿੰਗ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਉਤਸ਼ਾਹਿਤ ਕਰਨਾ ਹੈ। ਸਮਝੌਤੇ ਦੇ ਮੁੱਖ ਖੇਤਰਾਂ ਵਿੱਚ “ਸ਼ਿਕਸ਼ਿਤ ਭਾਰਤ” ਰਾਹੀਂ ਸਿੱਖਿਆ ਆਧਾਰਿਤ ਸਸ਼ਕਤੀਕਰਨ, “ਸਮ੍ਰਿੱਧ ਭਾਰਤ” ਰਾਹੀਂ ਆਰਥਿਕ ਉਨੱਤੀ ਅਤੇ “ਨਸ਼ਾ ਮੁਕਤ ਭਾਰਤ” ਅਧੀਨ ਜਾਗਰੂਕਤਾ ਅਤੇ ਪੁਨਰਵਾਸ ਯਤਨਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।

ਇਸ ਸਹਿਯੋਗ ਦੇ ਤਹਿਤ ਸਮਰੱਥਾ ਨਿਰਮਾਣ, ਹੁਨਰ ਵਿਕਾਸ ਅਤੇ ਕਮਿਊਨਿਟੀ ਭਾਗੀਦਾਰੀ ‘ਤੇ ਖਾਸ ਧਿਆਨ ਦਿੱਤਾ ਜਾਵੇਗਾ, ਖ਼ਾਸ ਕਰਕੇ ਸਮਾਜ ਦੇ ਹਾਸੀਏ ‘ਤੇ ਰਹਿੰਦੇ ਅਤੇ ਕਮਜ਼ੋਰ ਵਰਗਾਂ ਲਈ।

ਇਸ ਸਮਝੌਤੇ ਰਾਹੀਂ ਦੇਸ਼ ਭਗਤ ਯੂਨੀਵਰਸਿਟੀ ਆਪਣੀ ਅਕਾਦਮਿਕ ਮਹਾਰਤ, ਰਿਸਰਚ ਸਮਰੱਥਾ ਅਤੇ ਆਉਟਰੀਚ ਨੈੱਟਵਰਕ ਦਾ ਸਰਗਰਮ ਯੋਗਦਾਨ ਦੇਵੇਗੀ, ਜਿਸ ਨਾਲ ਸਬੂਤ-ਅਧਾਰਿਤ ਨੀਤੀ ਬਣਾਉਣ ਅਤੇ ਸਮਾਜਿਕ ਭਲਾਈ ਪ੍ਰੋਗਰਾਮਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਵਿੱਚ ਮਦਦ ਮਿਲੇਗੀ। ਸੰਯੁਕਤ ਪਹਿਲਾਂ ਵਿੱਚ ਟ੍ਰੇਨਿੰਗ ਮਾਡਿਊਲ, ਜਾਗਰੂਕਤਾ ਮੁਹਿੰਮਾਂ, ਫੀਲਡ ਦਖਲਅੰਦਾਜ਼ੀ ਅਤੇ ਪ੍ਰਭਾਵਸ਼ਾਲੀ ਰਿਸਰਚ ਪ੍ਰੋਜੈਕਟ ਸ਼ਾਮਲ ਹੋ ਸਕਦੇ ਹਨ।

ਇਸ ਮੌਕੇ ‘ਤੇ ਯੂਨੀਵਰਸਿਟੀ ਦੀ ਲੀਡਰਸ਼ਿਪ ਨੇ ਸਿੱਖਿਆ, ਨਵੀਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਰਾਹੀਂ ਰਾਸ਼ਟਰ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਹ ਸਹਿਯੋਗ ਇੱਕ ਹੋਰ ਸਮਾਵੇਸ਼ੀ, ਨਿਆਂਪੂਰਨ ਅਤੇ ਸਸ਼ਕਤ ਸਮਾਜ ਦੇ ਨਿਰਮਾਣ ਵਿੱਚ ਯੂਨੀਵਰਸਿਟੀ ਦੀ ਭੂਮਿਕਾ ਨੂੰ ਦਰਸਾਉਂਦਾ ਹੈ।

ਇਹ ਸਮਝੌਤਾ “ਵਿਕਸਿਤ ਭਾਰਤ 2047” ਦੇ ਵਿਸ਼ਾਲ ਰਾਸ਼ਟਰੀ ਵਿਜ਼ਨ ਨਾਲ ਵੀ ਮੇਲ ਖਾਂਦਾ ਹੈ, ਜੋ ਉੱਚ ਸਿੱਖਿਆ ਸੰਸਥਾਵਾਂ ਨੂੰ ਸਮਾਜਿਕ ਬਦਲਾਅ ਦੇ ਪ੍ਰੇਰਕ ਵਜੋਂ ਮਜ਼ਬੂਤ ਕਰਦਾ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.