Thursday, 28 May 2026

ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਮਈ ਨੂੰ ਹੋਵੇਗੀ
ਅੰਮਿ੍ਰਤਸਰ/ਬਿਊਰੋ ਨਿਊਜ਼    
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮਿ੍ਰਤਪਾਲ ਸਿੰਘ ਨੂੰ ਅੱਜ ਮੁੜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਅਜਨਾਲਾ ਦੀ ਸਬ ਅਦਾਲਤ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਅਦਾਲਤ ਵੱਲੋਂ ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਰੱਖੀ ਗਈ ਹੈ। ਅੰਮਿ੍ਰਤਪਾਲ ਸਿੰਘ ਦੇ ਵਕੀਲ ਐਡਵੋਕੇਟ ਕਰਮਵੀਰ ਸਿੰਘ ਪੰਨੂ ਨੇ ਦੱਸਿਆ ਕਿ ਪੁਲਿਸ ਵੱਲੋਂ ਅਜਨਾਲਾ ਪੁਲਿਸ ਥਾਣਾ ਹਿੰਸਾ ਮਾਮਲੇ ਵਿੱਚ ਉਸ ਦੇ ਖਿਲਾਫ ਚਲਾਣ ਪੇਸ਼ ਕੀਤਾ ਗਿਆ ਹੈ, ਜਿਸ ’ਤੇ ਕਾਰਵਾਈ ਕਰਦੇ ਹੋਏ ਅਦਾਲਤ ਵੱਲੋਂ ਇਹ ਮਾਮਲਾ ਹੁਣ ਸੈਸ਼ਨ ਅਦਾਲਤ ਅੰਮਿ੍ਰਤਸਰ ਵਿੱਚ ਵਿਚਾਰਿਆ ਜਾਵੇਗਾ। ਜਿਸ ਤਹਿਤ ਅਗਲੀ ਸੁਣਵਾਈ ਆਉਂਦੀ 2 ਮਈ ਨੂੰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਪਹਿਲਾਂ ਵੀ ਸੈਸ਼ਨ ਅਦਾਲਤ ਵਿੱਚ ਵਿਚਾਰ ਅਧੀਨ ਹੈ। ਦੱਸਣਯੋਗ ਹੈ ਕਿ ਅੰਮਿ੍ਰਤਪਾਲ ਸਿੰਘ ਦੇ ਖਿਲਾਫ ਐੱਨ.ਐੱਸ.ਏ. ਦੀ ਮਿਆਦ 22 ਅਪਰੈਲ ਨੂੰ ਖਤਮ ਹੋ ਚੁੱਕੀ ਹੈ। ਐੱਨਐੱਸਏ ਖਤਮ ਹੋਣ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਚੰਡੀਗੜ੍ਹ/ਜਲੰਧਰ, : ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੂਬੇ 'ਚ ਹੜ੍ਹ ਰੋਕਥਾਮ ਕਾਰਜਾਂ ਦੀ ਸਮੀਖਿਆ ਦੇ ਲਗਾਤਾਰ ਦੂਜੇ ਦਿਨ ਅੱਜ ਜ਼ਿਲ੍ਹਾ ਜਲੰਧਰ ਵਿੱਚ ਸਤਲੁਜ ਦਰਿਆ ਦੇ ਕੰਢੇ ਸਥਿਤ ਗਿੱਦੜਪਿੰਡੀ ਅਤੇ ਮੰਡਾਲਾ ਛੰਨਾ ਪਿੰਡਾਂ ਵਿਖੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਹੜ੍ਹ ਵਰਗੇ ਹਾਲਾਤ ਦੌਰਾਨ ਜਾਨ-ਮਾਲ ਦੀ ਸੁਰੱਖਿਆ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਡਰੇਨੇਜ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਹੜ੍ਹ ਰੋਕਥਾਮ ਕਾਰਜਾਂ ਵਾਲੀ ਥਾਂ ਪਹੁੰਚੇ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਹੜ੍ਹਾਂ ਦੌਰਾਨ ਦੋਵੇਂ ਪਿੰਡਾਂ ਨੂੰ ਜ਼ਮੀਨ ਦੇ ਕਟਾਅ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਅਜਿਹੀਆਂ ਘਟਨਾਵਾਂ ਨੂੰ ਮੁੜ ਹੋਣ ਤੋਂ ਰੋਕਣ ਲਈ ਇਨ੍ਹਾਂ ਕਮਜ਼ੋਰ ਥਾਵਾਂ ਦੇ ਮਜ਼ਬੂਤੀਕਰਨ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਦਰਿਆਵਾਂ 'ਚ ਕੁੱਲ 132 ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਸਾਰੀਆਂ ਥਾਵਾਂ ਨੂੰ ਜੰਗੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿੱਦੜਪਿੰਡੀ ਬੰਨ੍ਹ ਦੀ ਚੌੜਾਈ ਨੂੰ 6-7 ਫੁੱਟ ਤੋਂ ਵਧਾ ਕੇ 22 ਫੁੱਟ ਕਰ ਦਿੱਤਾ ਗਿਆ ਹੈ, ਜਦਕਿ ਮੰਡਾਲਾ ਛੰਨਾ ਅਤੇ ਗਿੱਦੜਪਿੰਡੀ ਵਿਖੇ ਮਜ਼ਬੂਤੀਕਰਨ ਦੇ ਕੰਮਾਂ 'ਤੇ 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਮਾਨਸੂਨ ਤੋਂ ਪਹਿਲਾਂ ਮੁਕੰਮਲ ਹੋ ਜਾਣਗੇ।

ਆਪਣੇ ਦੌਰੇ ਦੌਰਾਨ ਸ੍ਰੀ ਗੋਇਲ ਨੇ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਚੱਲ ਰਹੇ ਗਾਰ ਕੱਢਣ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਭਾਰੀ ਬਾਰਸ਼ ਦੌਰਾਨ ਦਰਿਆ ਦੇ ਪਾਣੀ ਦੇ ਵਹਾਅ ਨੂੰ ਸੁਚਾਰੂ ਬਣਾਉਣ ਲਈ ਚੈਨਲ ਦੀ ਪੂਰੀ ਤਰ੍ਹਾਂ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਗਿੱਦੜਪਿੰਡੀ ਵਿੱਚ ਮੌਜੂਦਾ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਣਾਏ ਜਾ ਰਹੇ ਐਕਸਟੈਂਸ਼ਨ ਬੰਨ੍ਹ ਦੇ ਨਿਰਮਾਣ ਦਾ ਵੀ ਜਾਇਜ਼ਾ ਲਿਆ, ਜੋ ਪਿਛਲੇ ਸਮੇਂ ਕਟਾਅ ਕਾਰਨ ਕਮਜ਼ੋਰ ਹੋ ਗਿਆ ਸੀ।

ਇਸ ਉਪਰੰਤ ਕੈਬਨਿਟ ਮੰਤਰੀ ਨੇ ਮੰਡਲਾ ਛੰਨਾ ਵਿੱਚ ਹੜ੍ਹ ਸੰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਚੱਲ ਰਹੇ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪ੍ਰਾਜੈਕਟਾਂ ਵਿੱਚ ਲਿਆਂਦੀ ਜਾਵੇ ਅਤੇ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਨੂੰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਸ਼੍ਰੀ ਗੋਇਲ ਨੇ ਕਿਹਾ ਕਿ ਹੜ੍ਹਾਂ ਨੂੰ ਕੰਟਰੋਲ ਕਰਨ ਸਬੰਧੀ ਕਈ ਉਪਾਅ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ, ਜਦੋਂ ਕਿ ਕਈ ਚੱਲ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਹੜ੍ਹ ਨਾਲ ਸਬੰਧਤ ਜੋਖਮਾਂ ਤੋਂ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਮੰਡਾਲਾ ਛੰਨਾ ਦੇ ਸਰਪੰਚ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇੰਨੀ ਵੱਡੀ ਪੱਧਰ 'ਤੇ ਹੜ੍ਹ ਰੋਕਥਾਮ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਸੀਐਮ ਭਗਵੰਤ ਮਾਨ ਨੇ ਇਨ੍ਹਾਂ ਦਾ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਵਿਚ ਅਗਲੇ ਸਾਲ ਯਾਨੀ 2027 ਦੇ ਸ਼ੁਰੂਆਤੀ ਮਹੀਨਿਆਂ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਜਿਵੇਂ-ਜਿਵੇਂ ਇਹ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਤਾਂ ਦਲਬਦਲੀ ਦੀਆਂ ਖਬਰਾਂ ਵੀ ਲਗਾਤਾਰ ਆ ਰਹੀਆਂ ਹਨ। ਇਸਦੇ ਚੱਲਦਿਆਂ ਅੱਜ ਕਾਨੂੰਨੀ ਖੇਤਰ ਦੀਆਂ ਦੋ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ, ਐਡਵੋਕੇਟ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਨ੍ਹਾਂ ਦੋਵਾਂ ਭਰਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੇ ਸੂਝਵਾਨ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ, ਜਿਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ।  

ਐਸਏਐਸ ਨਗਰ (ਮੋਹਾਲੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਵਿਖੇ ਜੇਈਈ ਮੇਨਜ਼ ਪ੍ਰੀਖਿਆ ਪਾਸ ਕਰਨ ਵਾਲੇ 369 ਵਿਦਿਆਰਥੀਆਂ ਦੀ ਸਫ਼ਲਤਾ ਨੂੰ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਸੁਧਾਰਾਂ ਦੀ ਪ੍ਰਮਾਣਿਕਤਾ ਵਜੋਂ ਪੇਸ਼ ਕਰਦਿਆਂ ਕਿਹਾ ਕਿ ਕਿਸੇ ਸਮੇਂ ਸੰਘਰਸ਼ ਨਾਲ ਜੂਝ ਰਹੇ ਸਿਸਟਮ ਤੋਂ ਲਾਚਾਰ ਵਿਦਿਆਰਥੀ ਹੁਣ ਪੰਜਾਬ ਸਰਕਾਰ ਦੀ "ਸਿੱਖਿਆ ਕ੍ਰਾਂਤੀ" ਨਾਲ ਕੌਮੀ ਪੱਧਰ 'ਤੇ ਮੱਲਾਂ ਮਾਰ ਰਹੇ ਹਨ।

ਇਹ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ "ਤਾਰੇ ਜ਼ਮੀਨ ਪਰ" ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਮਹਿਜ਼ ਇੱਕ ਪ੍ਰਾਪਤੀ ਨਹੀਂ, ਸਗੋਂ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਮਿਆਰੀ ਸਿੱਖਿਆ, ਜਿਸਨੂੰ ਇੱਕ ਵਿਸ਼ੇਸ਼ ਅਧਿਕਾਰ ਦੀ ਬਜਾਏ ਇੱਕ ਅਧਿਕਾਰ ਵਜੋਂ ਲਾਗੂ ਕੀਤਾ ਗਿਆ ਹੈ, ਸਸ਼ਕਤ ਅਧਿਆਪਕਾਂ ਅਤੇ ਨਿਰੰਤਰ ਸੁਧਾਰਾਂ ਨਾਲ ਮਿਲ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ।

ਐਕਸ ਹੈਂਡਲ 'ਤੇ ਗੱਲਬਾਤ ਦਾ ਵੀਡੀਓ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਾਸ ਭਵਨ, ਮੋਹਾਲੀ ਵਿਖੇ ਜੇਈਈ ਮੇਨਜ਼ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 369 ਹੋਣਹਾਰ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈਆਂ ਅਤੇ ਨਾਲ ਹੀ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ।

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਮਿਹਨਤੀ ਬੱਚਿਆਂ ਨੂੰ ਹਰ ਖੇਤਰ ਵਿੱਚ ਮੱਲਾਂ ਮਾਰਦੇ ਦੇਖਣਾ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨੌਜਵਾਨ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਉੱਚਾਈਆਂ ਛੂਹਣਗੇ, ਜੋ ਨਾ ਸਿਰਫ਼ ਆਪਣੇ ਪਰਿਵਾਰਾਂ ਦਾ ਸਗੋਂ ਵਿਸ਼ਵ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਵੀਂ ਦਿਸ਼ਾ ਦੇਣ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਵਿਦਿਆਰਥੀਆਂ ਨੂੰ ਆਧੁਨਿਕ ਅਤੇ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਾਡੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਲਈ ਫਿਨਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਸਾਡੀ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ 'ਰੰਗਲਾ ਪੰਜਾਬ' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਈਈ ਪਾਸ ਕਰਨ ਵਾਲੇ ਇਹ ਵਿਦਿਆਰਥੀ 'ਤਾਰੇ ਜ਼ਮੀਨ ਪਰ' ਹਨ, ਜੋ ਪੰਜਾਬ ਦੇ ਨੌਜਵਾਨਾਂ ਦੀ ਅਥਾਹ ਸਮਰੱਥਾ ਦਾ ਪ੍ਰਤੀਕ ਹਨ। ਸਾਡੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਸਿੱਖਿਆ ਕ੍ਰਾਂਤੀ' ਹੁਣ ਠੋਸ ਅਤੇ ਨਿਰਣਾਇਕ ਨਤੀਜੇ ਦੇ ਰਹੀ ਹੈ। ਇਹ ਇਕੱਲੀਆਂ ਸਫਲਤਾਵਾਂ ਨਹੀਂ ਹਨ ਬਲਕਿ ਪੰਜਾਬ ਵਿੱਚ ਸਰਕਾਰੀ ਸਿੱਖਿਆ ਨੂੰ ਸੁਰਜੀਤ ਕਰਨ ਦੇ ਉਦੇਸ਼ ਨਾਲ ਪ੍ਰਣਾਲੀਗਤ ਸੁਧਾਰਾਂ ਦਾ ਸਪੱਸ਼ਟ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਸਿੱਖਿਆ ਨੂੰ ਪਿਛਲੀਆਂ ਸਰਕਾਰਾਂ ਦੌਰਾਨ ਉਹ ਤਰਜੀਹ ਨਹੀਂ ਮਿਲੀ ਜਿਸ ਦੀ ਇਹ ਹੱਕਦਾਰ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਕਮਜ਼ੋਰ ਸੀ, ਸਿਸਟਮ ਪੁਰਾਣਾ ਹੋ ਚੁੱਕਾ ਸੀ ਅਤੇ ਵਿਦਿਆਰਥੀਆਂ ਕੋਲ ਮੌਕਿਆਂ ਦੀ ਘਾਟ ਸੀ, ਜਿਸ ਕਾਰਨ ਪੰਜਾਬ ਇਸ ਅਤਿ ਮਹੱਤਵਪੂਰਨ ਖੇਤਰ ਵਿੱਚ ਪਿੱਛੇ ਰਹਿ ਗਿਆ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਡੀ ਸਰਕਾਰ ਨੇ ਇਸ ਰੁਝਾਨ ਨੂੰ ਉਲਟਾਉਣ ਲਈ ਅਣਥੱਕ ਮਿਹਨਤ ਕੀਤੀ ਹੈ, ਜਿਸਦੇ ਠੋਸ ਨਤੀਜੇ ਸਾਹਮਣੇ ਆ ਰਹੇ ਹਨ। ਸਕੂਲਾਂ ਵਿੱਚ ਦਿਖਾਈ ਦੇ ਰਹੇ ਬਦਲਾਅ ਨੇ ਸਰਕਾਰੀ ਸਿੱਖਿਆ ਦੀ ਧਾਰਨਾ ਨੂੰ ਬਦਲ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਸਫਲਤਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਜਦੋਂ ਸਹੀ ਮਾਹੌਲ ਦਿੱਤਾ ਜਾਵੇ ਤਾਂ ਉਹ ਦੇਸ਼ ਵਿੱਚ ਮੁਕਾਬਲੇ ਦੀ ਮੂਹਰਲੀ ਕਤਾਰ ‘ਚ ਖੜ੍ਹ ਸਕਦੇ ਹਨ।

ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਸਮਰਪਣ ਅਤੇ ਲਗਨ ਨੇ ਉਮੀਦਾਂ ਤੇ ਇੱਛਾਵਾਂ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਇਹ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਤੌਰ 'ਤੇ ਸਫਲ ਹੋਏ ਹਨ ਬਲਕਿ ਹੋਰਨਾਂ ਲਈ ਰੋਲ ਮਾਡਲ ਵੀ ਬਣ ਗਏ ਹਨ। ਉਨ੍ਹਾਂ ਨੇ ਕਰ ਕੇ ਦਿਖਾਇਆ ਹੈ ਕਿ ਉੱਤਮਤਾ ਸਿਰਫ਼ ਉੱਚ ਪੱਧਰੀ ਸੰਸਥਾਵਾਂ ਤੱਕ ਸੀਮਤ ਨਹੀਂ ਹੈ।

ਇੱਕ ਕਾਵਿਕ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵਿਦਿਆਰਥੀ 'ਤਾਰੇ ਜ਼ਮੀਨ ਪਰ' ਹਨ, ਜਿਨ੍ਹਾਂ ਦੀ ਪ੍ਰਤਿਭਾ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਚਮਕ ਰਹੀ ਹੈ। ਉਨ੍ਹਾਂ ਦਾ ਅਸਲ ਮੁਕਾਬਲਾ ਆਪਣੇ ਨਾਲ ਪੜ੍ਹਦੇ ਸਾਥੀਆਂ ਤੱਕ ਸੀਮਿਤ ਨਹੀਂ ਹੈ ਬਲਕਿ ਦੇਸ਼ ਭਰ ਅਤੇ ਇਸ ਤੋਂ ਬਾਹਰ ਹਰ ਇੱਕ ਹੋਣਹਾਰ ਤੋਂ ਹੋਣਹਾਰ ਵਿਦਿਆਰਥੀ ਨਾਲ ਹੈ। ਅਧਿਆਪਕਾਂ ਦੀ ਭੂਮਿਕਾ ਨੂੰ ਸਿਜਦਾ ਕਰਦਿਆਂ ਉਨ੍ਹਾਂ ਅੱਗੇ ਕਿਹਾ ਅਧਿਆਪਕ ਸੱਚੇ ਰਾਸ਼ਟਰ ਨਿਰਮਾਤਾ ਹਨ। ਸਿੱਖਿਆ ਵਿੱਚ ਕੋਈ ਵੀ ਤਬਦੀਲੀ ਉਨ੍ਹਾਂ ਦੇ ਸਮਰਪਣ ਤੋਂ ਬਿਨਾਂ ਸੰਭਵ ਨਹੀਂ ਹੈ। ਨੌਜਵਾਨ ਮਨਾਂ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਵਚਨਬੱਧਤਾ ਬੇਮਿਸਾਲ ਹੈ, ਜਿਸਦੀ ਪ੍ਰਸ਼ੰਸਾ ਕਰਨੀ ਬਣਦੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ, ਅਧਿਆਪਕਾਂ ਨੂੰ ਅਕਸਰ ਬੁਨਿਆਦੀ ਢਾਂਚੇ ਦੀ ਘਾਟ ਅਤੇ ਪ੍ਰਸ਼ਾਸਕੀ ਬੋਝ ਕਾਰਨ ਸੰਘਰਸ਼ ਕਰਨਾ ਪੈਂਦਾ ਸੀ। ਇਸ ਨੂੰ ਹੱਲ ਕਰਨ ਲਈ ਸਾਡੀ ਸਰਕਾਰ ਨੇ ਪ੍ਰਣਾਲੀਗਤ ਬਦਲਾਅ ਪੇਸ਼ ਕੀਤੇ ਹਨ, ਜਿਸ ਵਿੱਚ ਗੈਰ-ਅਕਾਦਮਿਕ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਕੈਂਪਸ ਪ੍ਰਬੰਧਕਾਂ ਦੀ ਭਰਤੀ ਸ਼ਾਮਲ ਹੈ। ਹੁਣ ਅਧਿਆਪਕ ਵਿਸ਼ੇਸ਼ ਤੌਰ 'ਤੇ ਅਧਿਆਪਨ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਨ, ਜੋ ਕਿ ਉਨ੍ਹਾਂ ਦੀ ਮੁੱਖ ਭੂਮਿਕਾ ਹੈ। ਇਹ ਸਿੱਖਿਆ ਖੇਤਰ ਨੂੰ ਬਦਲਣ ਵਿੱਚ ਅਹਿਮ ਕਦਮ ਸਾਬਤ ਹੋਇਆ ਹੈ।”

ਭਾਈਚਾਰਕ ਭਾਗੀਦਾਰੀ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਮਾਪਿਆਂ ਅਤੇ ਸਿੱਖਿਅਕਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀਆਂ ਸ਼ੁਰੂ ਕੀਤੀਆਂ । ਮਾਪੇ ਹੁਣ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਹਿੱਸੇਦਾਰ ਹਨ। ਇਹ ਭਾਈਵਾਲੀ ਵਿਦਿਆਰਥੀਆਂ ਦੀ ਬਿਹਤਰ ਨਿਗਰਾਨੀ, ਮਾਰਗਦਰਸ਼ਨ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਬਹੁਤ ਸਾਰੇ ਵਿਦਿਆਰਥੀ ਆਰਥਿਕ ਤੌਰ 'ਤੇ ਕਮਜ਼ੋਰ ਪਿਛੋਕੜ ਵਾਲੇ ਹੁੰਦੇ ਹਨ, ਜਿਨ੍ਹਾਂ ਵਿੱਚ ਮਜ਼ਦੂਰ ਪਰਿਵਾਰ ਵੀ ਸ਼ਾਮਲ ਹਨ, ਫਿਰ ਵੀ ਸਰਕਾਰੀ ਸਕੂਲ ਹੁਣ ਨਿੱਜੀ ਸਕੂਲਾਂ ਦੇ ਮੁਕਾਬਲੇ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਇਹ ਸਿੱਖਿਆ ਵਿੱਚ ਬਰਾਬਰੀ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਕਾਨਵੈਂਟ ਵਿੱਚ ਪੜ੍ਹੇ-ਲਿਖੇ ਵਿਦਿਆਰਥੀਆਂ ਨਾਲ ਬਿਹਤਰ ਢੰਗ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਣ ਵੱਲ ਅਹਿਮ ਕਦਮ ਹੈ।”

ਉਨ੍ਹਾਂ ਕਿਹਾ, “ਦੇਸ਼ ਵਿੱਚ ਦੋਹਰੀ ਸਿੱਖਿਆ ਪ੍ਰਣਾਲੀ ਮੌਜੂਦ ਹੈ ਜਿਸ ਤਹਿਤ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਲੋਕਾਂ ਨੂੰ ਲਗਜ਼ਰੀ ਅਤੇ ਮਿਆਰੀ ਸਿੱਖਿਆ ਦੀ ਪੇਸ਼ਕਸ਼ ਕਰਦੀ ਹੈ ਅਤੇ ਦੂਜੀ ਬੁਨਿਆਦੀ ਸਰੋਤ ਪ੍ਰਦਾਨ ਕਰਨ ਲਈ ਵੀ ਸੰਘਰਸ਼ ਕਰ ਰਹੀ ਹੈ। ਸਾਡੀ ਸਰਕਾਰ ਇਸ ਪਾੜੇ ਨੂੰ ਖਤਮ ਕਰਨ ਲਈ ਵਚਨਬੱਧ ਹੈ। ਮਿਆਰੀ ਸਿੱਖਿਆ ਕੋਈ ਵਿਸ਼ੇਸ਼ ਸਹੂਲਤ ਨਹੀਂ ਸਗੋਂ ਹਰ ਵਿਦਿਆਰਥੀ ਦਾ ਅਧਿਕਾਰ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਮਾਜ ਵਿੱਚ ਤਬਦੀਲੀ ਲਿਆਉਣ ਲਈ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਕੋਈ ਵੀ ਭਲਾਈ ਸਕੀਮ, ਕੋਈ ਸਬਸਿਡੀ ਅਤੇ ਕੋਈ ਵੀ ਕਾਰਡ ਸਿੱਖਿਆ ਵਾਂਗ ਸਥਾਈ ਤਬਦੀਲੀ ਨਹੀਂ ਲਿਆ ਸਕਦਾ। ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਸਮਾਜ ਵਿੱਚ ਰੋਲ ਮਾਡਲ ਬਣਨਾ ਚਾਹੀਦਾ ਹੈ। ਉਹ ਪੰਜਾਬ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸਫਲਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਾਰ ਦੇਵੇਗੀ।”

ਸੁਧਾਰਾਂ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਧਿਆਪਕਾਂ ਨੂੰ ਬਿਹਤਰ ਅਭਿਆਸ ਸਿੱਖਣ ਲਈ ਫਿਨਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਰਾਹੀਂ ਅਧਿਆਪਕ ਸਿੱਖਿਆ ਸਬੰਧੀ ਵਿਸ਼ਵ ਪੱਧਰੀ ਵਿਧੀਆਂ ਦੀ ਸਿਖਲਾਈ ਲੈਂਦੇ ਹਨ ਅਤੇ ਫਿਰ ਇਹਨਾਂ ਵਿਧੀਆਂ ਨੂੰ ਪੰਜਾਬ ਦੇ ਸਕੂਲਾਂ ਦੇ ਕਲਾਸਰੂਮਾਂ ਵਿੱਚ ਅਪਣਾਉਂਦੇ ਹਨ। ਇਹ ਸਾਡੇ ਵਿਦਿਆਰਥੀਆਂ ਦੇ ਭਵਿੱਖ ਵਿੱਚ ਇੱਕ ਲੰਬੇ ਸਮੇਂ ਦਾ ਨਿਵੇਸ਼ ਹੈ ਜੋ ਉਨ੍ਹਾਂ ਨੂੰ ਪ੍ਰਤੀਯੋਗੀ ਬਣਾਉਣ ਵਿੱਚ ਮਦਦ ਕਰਦਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੇ ਤਰੀਕਿਆਂ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਸਿੱਖਿਆ ਹੁਣ ਸਿਰਫ਼ ਸਿੱਖਣ 'ਤੇ ਹੀ ਕੇਂਦਰਤ ਨਹੀਂ ਹੈ ਸਗੋਂ ਇਹ ਹੁਣ ਇੰਟਰਐਕਟਿਵ, ਦਿਲਚਸਪ ਅਤੇ ਆਨੰਦਮਈ ਬਣ ਗਈ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਵਿਦਿਆਰਥੀਆਂ ਨੂੰ ਆਪਣੇ ਆਰਾਮ ਦੇ ਪਲਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਸੁਰੱਖਿਆ ਅਤੇ ਸਫਲਤਾ ਨਾਲ-ਨਾਲ ਨਹੀਂ ਚਲਦੇ। ਕੁਝ ਅਸਾਧਾਰਨ ਪ੍ਰਾਪਤ ਕਰਨ ਲਈ ਜੋਖਮ ਲੈਣਾ ਜ਼ਰੂਰੀ ਹੁੰਦਾ ਹੈ। ਗੂਗਲ ਵਰਗੀ ਵਿਸ਼ਵਵਿਆਪੀ ਕੰਪਨੀ ਨੇ ਵੀ ਇੱਕ ਗੈਰਾਜ ਤੋਂ ਸ਼ੁਰੂਆਤ ਕੀਤੀ ਸੀ। ਨਿਮਰ ਸ਼ੁਰੂਆਤ ਵੱਡਾ ਮੁਕਾਮ ਹਾਸਲ ਕਰਨ ਲਈ ਕੋਈ ਰੁਕਾਵਟ ਨਹੀਂ ਹੈ। ਮੈਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੋਵੇਂ ਸਾਦੇ ਪਿਛੋਕੜ ਤੋਂ ਆਏ ਹਾਂ। ਸਿਰਫ ਦ੍ਰਿੜਤਾ, ਇਮਾਨਦਾਰੀ ਅਤੇ ਵੱਡੇ ਸੁਪਨੇ ਦੇਖਣ ਦੀ ਹਿੰਮਤ ਮਾਇਨੇ ਰੱਖਦੀ ਹੈ।”

ਮਾਪਿਆਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਪਿਆਂ ਨੂੰ ਆਪਣੇ ਬੱਚਿਆਂ 'ਤੇ ਕਰੀਅਰ ਦੇ ਵਿਕਲਪ ਨਹੀਂ ਥੋਪਣੇ ਚਾਹੀਦੇ। ਹਰ ਬੱਚੇ ਵਿੱਚ ਵਿਲੱਖਣ ਹੁਨਰ ਅਤੇ ਵੱਖੋ-ਵੱਖਰੇ ਸੁਪਨੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਰਸਤਾ ਚੁਣਨ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ। ਸਾਡੀ ਸਰਕਾਰ ਮਾਰਗਦਰਸ਼ਨ ਅਤੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਵਿਦਿਆਰਥੀਆਂ ਨੂੰ ਵਿਭਿੰਨ ਕਰੀਅਰ ਵਿਕਲਪਾਂ ਦੀ ਪੜਚੋਲ ਕਰਨ ਦੇ ਯੋਗ ਬਣਾਉਂਦੀ ਹੈ।”

ਸਰਕਾਰ ਦੇ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਪੰਜਾਬ ਨੂੰ ਸਿੱਖਿਆ ਵਿੱਚ ਮੋਹਰੀ ਬਣਾਉਣ ਲਈ ਮਜ਼ਬੂਤ ਸਿੱਖਿਆ ਪ੍ਰਣਾਲੀ ਵਿਕਸਿਤ ਕਰਨ ਲਈ ਵਚਨਬੱਧ ਹਾਂ। ਇਕਜੁੱਟ ਹੋ ਕੇ ਸਾਨੂੰ ਇੱਕ ਅਜਿਹਾ ਪੰਜਾਬ ਸਿਰਜਣ ਲਈ ਠੋਸ ਯਤਨ ਕਰਨੇ ਚਾਹੀਦੇ ਹਨ ਜਿੱਥੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਤੱਕ ਪਹੁੰਚ ਪ੍ਰਾਪਤ ਹੋਵੇ ਅਤੇ ਸਫਲ ਹੋਣ ਦਾ ਮੌਕਾ ਮਿਲੇ। ਇਹ ਸੁਧਾਰ ਸਿਰਫ਼ ਬੁਨਿਆਦੀ ਢਾਂਚੇ ਜਾਂ ਨਤੀਜਿਆਂ ਨੂੰ ਬਿਹਤਰ ਬਣਾਉਣ ਬਾਰੇ ਨਹੀਂ ਹਨ, ਸਗੋਂ ਉੱਤਮਤਾ, ਨਵੀਨਤਾ ਅਤੇ ਸਾਰਿਆਂ ਲਈ ਬਰਾਬਰ ਮੌਕੇ ਪੈਦਾ ਕਰਨ ਬਾਰੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜੇਈਈ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਸਫਲਤਾ ਪੰਜਾਬ ਦੀ ਵਿਦਿਅਕ ਖੇਤਰ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ। ਇਹ ਨਿਰੰਤਰ ਸੁਧਾਰਾਂ, ਸਮਰਪਿਤ ਅਧਿਆਪਕਾਂ, ਸਹਾਇਕ ਮਾਪਿਆਂ ਅਤੇ ਦ੍ਰਿੜ ਵਿਦਿਆਰਥੀਆਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਸਾਡੀ ਸਰਕਾਰ ਵੱਲੋਂ ਸਿੱਖਿਆ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਗਿਆ ਹੈ ਜਿਸ ਨਾਲ ਇੱਕ ਸਸ਼ਕਤ ਅਤੇ ਸੂਝਵਾਨ ਪੀੜ੍ਹੀ ਦਾ ਦ੍ਰਿਸ਼ਟੀਕੋਣ ਲਗਾਤਾਰ ਹਕੀਕਤ ਬਣਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਅਧਿਆਪਕ ਸਿਖਲਾਈ, ਬਿਹਤਰ ਬੁਨਿਆਦੀ ਢਾਂਚੇ ਅਤੇ ਵਿਦਿਆਰਥੀ-ਕੇਂਦ੍ਰਿਤ ਨੀਤੀਆਂ ਵਰਗੀਆਂ ਪਹਿਲਕਦਮੀਆਂ ਨਾਲ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਕੇ ਇੱਕ ਮਾਪਦੰਡ ਸਥਾਪਤ ਕੀਤਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਹਰ ਖੇਤਰ ਵਿੱਚ, ਖਾਸ ਕਰਕੇ ਸਿੱਖਿਆ ਵਿੱਚ ਦੇਸ਼ ਦੀ ਅਗਵਾਈ ਕਰੇਗਾ।”

ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਜਦੋਂ ਮੈਂ ਅਹੁਦਾ ਸੰਭਾਲਿਆ ਸੀ ਤਾਂ ਸਿੱਖਿਆ ਪ੍ਰਣਾਲੀ ਦੀ ਹਾਲਤ ਬਿਲਕੁੱਲ ਖਸਤਾ ਸੀ। ਵਿਦਿਆਰਥੀ ਆਪਣੀਆਂ ਉਮੀਦਾਂ ਗੁਆ ਚੁੱਕੇ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਿਰੰਤਰ ਯਤਨਾਂ ਅਤੇ ਸੁਧਾਰਾਂ ਰਾਹੀਂ, ਅਸੀਂ ਅਹਿਮ ਤਬਦੀਲੀ ਲਿਆਂਦੀ ਹੈ। ਅਸੀਂ ਹੁਣ ਵਿਦਿਆਰਥੀਆਂ ਦੀ ਪ੍ਰਗਤੀ ਦੇ ਵਿਆਪਕ ਰਿਕਾਰਡ ਰੱਖ ਰਹੇ ਹਾਂ, ਜਿਸ ਨਾਲ ਬਿਹਤਰ ਟਰੈਕਿੰਗ ਅਤੇ ਸਹਾਇਤਾ ਸੰਭਵ ਹੋ ਰਹੀ ਹੈ।”

ਸਫਲਤਾ ਪ੍ਰਾਪਤ ਕਰਨ ਲਈ ਅਹਿਮ ਚੁਣੌਤੀਆਂ ਨੂੰ ਪਾਰ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕੀਤੀ। ਅੰਮ੍ਰਿਤਸਰ ਦੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਰਣਦੀਪ ਸਿੰਘ ਜਿਸ ਦੇ ਪਿਤਾ ਇੱਕ ਆਟੋ ਡਰਾਈਵਰ ਹਨ, ਨੇ ਕਿਹਾ, “ਮੈਨੂੰ ਸਕੂਲ ਵਿੱਚ ਦਾਖਲਾ ਲੈਣ ਤੋਂ ਬਾਅਦ ਹੀ ਜੇਈਈ ਬਾਰੇ ਪਤਾ ਲੱਗਾ। ਸਕੂਲ ਨੇ ਮੇਰੇ ਲਈ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਮੈਨੂੰ ਇਹ ਸੁਪਨਾ ਦੇਖਣ ਦਾ ਭਰੋਸਾ ਦਿੱਤਾ।”

ਹੁਸ਼ਿਆਰਪੁਰ ਤੋਂ ਪ੍ਰਿਆ ਭਾਰਦਵਾਜ ਨੇ ਕਿਹਾ, “ਮੇਰੇ ਪਿਤਾ ਦੇ ਦੇਹਾਂਤ ਤੋਂ ਬਾਅਦ ਮੇਰੇ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਸਹਾਇਤਾ ਨੇ ਸਾਡੀ ਜ਼ਿੰਦਗੀ ਨੂੰ ਬਹਾਲ ਕਰਨ ਵਿੱਚ ਸਾਡੀ ਮਦਦ ਕੀਤੀ ਅਤੇ ਮੈਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਯੋਗ ਬਣਾਇਆ।” ਪਟਿਆਲਾ ਤੋਂ ਨਵਜੋਤ ਕੌਰ ਨੇ ਕਿਹਾ, “ਮੇਰੇ ਸਕੂਲ ਵਿੱਚ ਬਿਹਤਰ ਸਹੂਲਤਾਂ ਅਤੇ ਸਿੱਖਣ ਦੇ ਮਾਹੌਲ ਨੇ ਮੇਰੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ।” ਡੇਰਾ ਬੱਸੀ ਤੋਂ ਮਨਪ੍ਰੀਤ ਕੌਰ ਨੇ ਕਿਹਾ, “ਵਿਦਿਅਕ ਕੈਂਪਾਂ ਨੇ ਮੈਨੂੰ ਅਕਾਦਮਿਕ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ।”

ਐਸਬੀਐਸ ਨਗਰ ਤੋਂ ਪ੍ਰਿਆ ਕੁਮਾਰੀ ਨੇ ਕਿਹਾ, “ਸਕੂਲ ਆਫ਼ ਐਮੀਨੈਂਸ ਵਿੱਚ ਦਾਖਲਾ ਲੈਣ ਤੋਂ ਬਾਅਦ ਸਰਕਾਰੀ ਸਕੂਲਾਂ ਪ੍ਰਤੀ ਮੇਰੀ ਸੋਚ ਪੂਰੀ ਤਰ੍ਹਾਂ ਬਦਲ ਗਈ। ਇਹ ਸਕੂਲ ਮੇਰੇ ਵਰਗੇ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਹਨ ਅਤੇ ਮੈਂ ਇਹ ਵੀ ਅਪੀਲ ਕਰਦੀ ਹਾਂ ਕਿ ਉਚੇਰੀ ਸਿੱਖਿਆ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇ।” ਮੁੱਲਾਂਪੁਰ ਗਰੀਬਦਾਸ ਤੋਂ ਪ੍ਰਭਜੋਤ ਸਿੰਘ ਨੇ ਕਿਹਾ, “ਮੌਕ ਟੈਸਟਾਂ ਅਤੇ ਅਕਾਦਮਿਕ ਸਹਾਇਤਾ ਨੇ ਮੈਨੂੰ ਸ਼ੰਕਿਆਂ ਨੂੰ ਦੂਰ ਕਰਨ ਅਤੇ ਵਿੱਤੀ ਰੁਕਾਵਟਾਂ ਦੇ ਬਾਵਜੂਦ ਬਿਹਤਰ ਕਾਰਗੁਜ਼ਾਰੀ ਕਰਨ ਵਿੱਚ ਮਦਦ ਕੀਤੀ।”

ਫਿਨਲੈਂਡ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੇ ਇੱਕ ਅਧਿਆਪਕ ਨੇ ਕਿਹਾ, "ਅੰਤਰਰਾਸ਼ਟਰੀ ਸਿੱਖਿਆ ਅਭਿਆਸਾਂ ਦੀ ਸੂਝ ਨੇ ਕਲਾਸਰੂਮ ਸਿੱਖਿਆ ਨੂੰ ਬਿਹਤਰ ਬਣਾ ਦਿੱਤਾ ਹੈ। ਇਹ ਤਜਰਬਾ ਨਾ ਸਿਰਫ਼ ਸਾਡੇ ਲਈ ਅਧਿਆਪਕਾਂ ਵਜੋਂ, ਸਗੋਂ ਸਾਡੇ ਵਿਦਿਆਰਥੀਆਂ ਲਈ ਵੀ ਪਰਿਵਰਤਨਸ਼ੀਲ ਰਿਹਾ ਹੈ ਜੋ ਹੁਣ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਸਿੱਖਣ ਵਿਧੀਆਂ ਤੋਂ ਲਾਭ ਲੈ ਰਹੇ ਹਨ।"

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਪੰਜਾਬ ਦਾ ਭਲਕੇ 1 ਮਈ ਨੂੰ ਹੈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਭਲਕੇ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿੱਚ ‘ਜਨਤਾ ਦੀ ਵਿਧਾਨ ਸਭਾ’ ਲਗਾਈ ਜਾਵੇਗੀ। ਇਸ ਗੱਲ ਦੀ ਪੁਸ਼ਟੀ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਸ਼ਨ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ 1 ਮਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੂਬੇ ਦੀ ਭਲਾਈ ਦੀ ਬਜਾਏ ਆਪਣੀ ਪਾਰਟੀ ਦੇ ਹਿੱਤਾਂ ਲਈ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਪੀਕਰ ਆਪਣਾ ਫਰਜ਼ ਤੇ ਮਾਣ-ਮਰਿਆਦਾ ਭੁੱਲ ਜਾਵੇ ਅਤੇ ਹਾਕਮ ਧਿਰ ਲੋਕਾਂ ਦੀ ਆਵਾਜ਼ ਦਾ ਮਖੌਲ ਉਡਾਉਣ ਲੱਗ ਜਾਵੇ ਤਾਂ ਜਨਤਾ ਦੀ ਵਿਧਾਨ ਸਭਾ ਲਗਾਉਣੀ ਜ਼ਰੂਰੀ ਹੈ, ਜਿੱਥੇ ਪੰਜਾਬ ਦੇ ਮੁੱਦਿਆਂ ਨੂੰ ਵਿਚਾਰਿਆ ਜਾ ਸਕੇ। ਉਨ੍ਹਾਂ  ਕਿਹਾ ਕਿ ਭਾਜਪਾ ਵੱਲੋਂ ਜਨਤਾ ਦੀ ਵਿਧਾਨ ਸਭਾ ਵਿੱਚ ਲੋਕਾਂ ਦੇ ਅਸਲ ਮੁੱਦਿਆਂ ਨੂੰ ਚੁੱਕਿਆ ਜਾਵੇਗਾ।

ਚੰਡੀਗੜ੍ਹ, 29 ਅਪ੍ਰੈਲ:  ਬੱਚਿਆਂ ਦੀਆਂ ਖਿੜਦੀਆਂ ਮੁਸਕਾਨਾਂ ਅਤੇ ਖੁਸ਼ੀਆਂ ਨਾਲ ਅੱਜ ਛੱਤਬੀੜ ਚਿੜੀਆਘਰ ਦਾ ਮਾਹੌਲ ਰੌਣਕਮਈ ਹੋ ਗਿਆ, ਜਦੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਨਾਜੁਕ ਹਾਲਾਤਾਂ ਵਿੱਚ ਰਹਿੰਦੇ ਬੱਚਿਆਂ ਨਾਲ ਸਨੇਹੀ ਅਤੇ ਯਾਦਗਾਰ ਮੁਲਾਕਾਤ ਕੀਤੀ। ਬੱਚਿਆਂ ਨੇ ਚਿੜੀਆਘਰ ਦਾ ਦੌਰਾ ਕਰਦਿਆਂ ਖੁੱਲ੍ਹ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ, ਜਦਕਿ ਮੰਤਰੀ ਨੇ ਵੀ ਉਨ੍ਹਾਂ ਨਾਲ ਬੈਠ ਕੇ ਪਿਆਰ ਨਾਲ ਗੱਲਾਂ ਕਰਦਿਆਂ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ।

ਇਸ ਦੌਰਾਨ ਮੰਤਰੀ ਨੇ ਬੱਚਿਆਂ ਨਾਲ ਇਕੱਠੇ ਬੈਠ ਕੇ ਦੁਪਹਿਰ ਦਾ ਭੋਜਨ ਵੀ ਕੀਤਾ, ਜਿਸ ਨਾਲ ਬੱਚਿਆਂ ਵਿੱਚ ਖੁਸ਼ੀ ਅਤੇ ਆਪਣੇਪਣ ਦੀ ਭਾਵਨਾ ਹੋਰ ਮਜ਼ਬੂਤ ਹੋਈ ਅਤੇ ਸਮਾਗਮ ਨੂੰ ਇਕ ਪਰਿਵਾਰਕ ਮਾਹੌਲ ਮਿਲਿਆ।

ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ “ਪ੍ਰੋਜੈਕਟ ਮੁਸਕੁਰਾਹਟ” ਸਿਰਫ ਇੱਕ ਸਰਕਾਰੀ ਯੋਜਨਾ ਨਹੀਂ, ਸਗੋਂ ਉਹਨਾਂ ਬੱਚਿਆਂ ਲਈ ਉਮੀਦ ਦੀ ਮਜ਼ਬੂਤ ਕਿਰਨ ਹੈ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ, ਬਾੜਾਂ ਜਾਂ ਹੋਰ ਕੁਦਰਤੀ ਆਫਤਾਂ ਕਾਰਨ ਆਪਣੇ ਮਾਪਿਆਂ ਜਾਂ ਸਹਾਰਾ ਗੁਆ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬੱਚਾ ਆਪਣੇ ਸੁਪਨਿਆਂ ਤੋਂ ਵੰਚਿਤ ਨਾ ਰਹੇ।

ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਸਿਰਫ ਆਰਥਿਕ ਮਦਦ ਹੀ ਨਹੀਂ, ਸਗੋਂ ਗੁਣਵੱਤਾ ਵਾਲੀ ਸਿੱਖਿਆ, ਸਿਹਤ ਸੇਵਾਵਾਂ, ਆਯੁਸ਼ਮਾਨ ਭਾਰਤ ਹੇਠ ਸਿਹਤ ਬੀਮਾ, ਮਨੋਵਿਗਿਆਨਿਕ ਕੌਂਸਲਿੰਗ ਅਤੇ ਹੁਨਰ ਵਿਕਾਸ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਬੱਚਿਆਂ ਨੂੰ ਇੱਕ ਸੁਰੱਖਿਅਤ ਅਤੇ ਸਹਾਇਕ ਮਾਹੌਲ ਪ੍ਰਾਪਤ ਹੁੰਦਾ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤ ਆਧਾਰ ਦੇਣ ਲਈ ਵਿਸ਼ੇਸ਼ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ 23 ਸਾਲ ਦੀ ਉਮਰ ਪੂਰੀ ਕਰਨ ਉਪਰੰਤ 10 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ, ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਆਤਮਨਿਰਭਰ ਜੀਵਨ ਦੀ ਸ਼ੁਰੂਆਤ ਕਰ ਸਕਣ। ਇਸ ਤੋਂ ਇਲਾਵਾ, ਸਕੂਲੀ ਸਿੱਖਿਆ ਨੂੰ ਨਿਰਵਿਘਨ ਜਾਰੀ ਰੱਖਣ ਲਈ ਪ੍ਰਤੀ ਸਾਲ 20,000 ਰੁਪਏ ਦੀ ਵਿੱਤੀ ਸਹਾਇਤਾ ਅਤੇ ਬਾਲਗ ਹੋਣ ਤੱਕ 4000 ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਮਕਸਦ ਤਤਕਾਲ ਸਹਾਇਤਾ ਦੇ ਨਾਲ-ਨਾਲ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਅਤੇ ਆਰਥਿਕ ਮਜ਼ਬੂਤੀ ਰਾਹੀਂ ਮਜ਼ਬੂਤ ਅਤੇ ਆਤਮਨਿਰਭਰ ਭਵਿੱਖ ਵੱਲ ਅੱਗੇ ਵਧਾਉਣਾ ਹੈ।

ਮੰਤਰੀ ਨੇ ਕਿਹਾ ਕਿ ਯੋਜਨਾ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਪਛਾਣ, ਚਾਇਲਡ ਵੈਲਫੇਅਰ ਕਮੇਟੀ ਵੱਲੋਂ ਪ੍ਰਮਾਣਿਕਤਾ ਅਤੇ ਸਿੱਧੀ ਲਾਭ ਅਦਾਇਗੀ ਤੱਕ ਹਰ ਪੜਾਅ ਨੂੰ ਸੁਚੱਜੇ ਢੰਗ ਨਾਲ ਨਿਭਾਇਆ ਜਾ ਰਿਹਾ ਹੈ। ਨਾਲ ਹੀ ਨਿਰੰਤਰ ਨਿਗਰਾਨੀ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਬੱਚੇ ਨੂੰ ਪੂਰਾ ਸਹਾਰਾ ਮਿਲੇ।

ਉਨ੍ਹਾਂ ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਕਾਰਨ 43 ਬੱਚੇ ਅਨਾਥ ਹੋਏ ਅਤੇ 4 ਬੱਚੇ ਬਾੜਾਂ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਯੋਜਨਾ ਅਧੀਨ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 42 ਬੱਚਿਆਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਵਿੱਤੀ ਮਦਦ ਅਤੇ ਉੱਚ ਸਿੱਖਿਆ ਲਈ ਸਹਾਇਤਾ ਮਿਲ ਰਹੀ ਹੈ। ਇਸ ਤੋਂ ਇਲਾਵਾ ਸੰਪਤੀ ਦੀ ਸੁਰੱਖਿਆ, ਕਾਲਜਾਂ ਵਿੱਚ ਵਿਸ਼ੇਸ਼ ਸੀਟਾਂ ਅਤੇ ਫੀਸ ਮੁਆਫੀ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜੋ ਇਹ ਦਰਸਾਉਂਦਾ ਹੈ ਕਿ ਸਰਕਾਰ ਵੱਲੋਂ ਹਰ ਪੱਧਰ ‘ਤੇ ਬੱਚਿਆਂ ਦੀ ਸੰਭਾਲ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

ਇਸ ਤੋਂ ਇਲਾਵਾ, ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਇੱਕ ਅਨਾਥ ਬੱਚਾ ਜਾਂ ਉਹ ਬੱਚੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, “ਪ੍ਰੋਜੈਕਟ ਮੁਸਕੁਰਾਹਟ” ਦੇ ਦਾਇਰੇ ਹੇਠ ਲਿਆਂਦੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਲਕਸ਼ ਇਹ ਹੈ ਕਿ ਹਰ ਬੱਚੇ ਤੱਕ ਇਸ ਯੋਜਨਾ ਦੇ ਲਾਭ ਪਹੁੰਚਣ ਅਤੇ ਉਸਨੂੰ ਸੁਰੱਖਿਅਤ, ਸਨਮਾਨਜਨਕ ਅਤੇ ਸੁਨਿਸ਼ਚਿਤ ਭਵਿੱਖ ਲਈ ਪੂਰਾ ਸਹਾਰਾ ਮਿਲੇ।

ਡਾ. ਬਲਜੀਤ ਕੌਰ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ “ਅੱਜ ਦਿੱਤਾ ਗਿਆ ਸਹਾਰਾ ਹੀ ਕੱਲ੍ਹ ਬੱਚਿਆਂ ਦੇ ਵਿਸ਼ਵਾਸ ਦੀ ਮਜ਼ਬੂਤ ਨੀਂਹ ਬਣਦਾ ਹੈ।” ਉਨ੍ਹਾਂ ਕਿਹਾ ਕਿ “ਪ੍ਰੋਜੈਕਟ ਮੁਸਕੁਰਾਹਟ” ਰਾਹੀਂ ਹਰ ਬੱਚੇ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਅਤੇ ਉਸਦਾ ਭਵਿੱਖ ਸੁਨਿਸ਼ਚਿਤ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਇਸ ਦੌਰਾਨ ਉਨ੍ਹਾਂ ਹਰ ਇੱਕ ਬੱਚੇ ਨਾਲ ਵੱਖ-ਵੱਖ ਤੌਰ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਨਿੱਜੀ ਸਥਿਤੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਹ ਭਰੋਸਾ ਦਿਵਾਇਆ ਕਿ ਸਰਕਾਰ ਹਰ ਬੱਚੇ ਦੇ ਭਵਿੱਖ ਨੂੰ ਸੁਨਿਸ਼ਚਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਗੇਮਿੰਗ ਪਲੇਟਫਾਰਮਾਂ ਰਾਹੀਂ ਲੁਕਾਇਆ ਪੈਸਾ
ਚੰਡੀਗੜ੍ਹ/ਬਿਊਰੋ ਨਿਊਜ਼
ਲੁਧਿਆਣਾ ਦੇ ਇੱਕ ਉਦਯੋਗਪਤੀ ਨਾਲ ਹੋਈ ਕਰੀਬ 20 ਕਰੋੜ ਰੁਪਏ ਦੀ ਕਿ੍ਰਪਟੋ ਕਰੰਸੀ ਠੱਗੀ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਇਸ ‘ਪਿਗ ਬੁੱਚਰਿੰਗ’ ਸਕੈਮ ਵਿੱਚ ਠੱਗੀ ਦੀ ਰਕਮ ਨੂੰ ਲੁਕਾਉਣ ਲਈ 200 ਦੇ ਕਰੀਬ ਮਿਊਲ ਖਾਤਿਆਂ ਅਤੇ 76 ਜਾਅਲੀ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਜਗਦੀਪ ਸਿੰਗਲ ਨੂੰ ‘ਕੋਇਨੈਕਸ’ ਵਰਗੀ ਦਿਖਣ ਵਾਲੀ ਇੱਕ ਨਕਲੀ ਵੈੱਬਸਾਈਟ ਰਾਹੀਂ ਜਾਲ ਵਿੱਚ ਫਸਾਇਆ ਗਿਆ। ਉਸ ਨੂੰ ਲੱਗਿਆ ਕਿ ਉਹ ਅਸਲੀ ਕਿ੍ਰਪਟੋ ਵਿੱਚ ਨਿਵੇਸ਼ ਕਰ ਰਿਹਾ ਹੈ, ਪਰ ਅਸਲ ਵਿੱਚ ਉਸ ਦੇ ਪੈਸੇ ਠੱਗਾਂ ਦੇ ਖਾਤਿਆਂ ਵਿੱਚ ਜਾ ਰਹੇ ਸਨ। ਇਹ ਸਾਰੇ ਪੈਸੇ 15 ਮਈ ਤੋਂ 20 ਨਵੰਬਰ 2025 ਦੇ ਵਿਚਕਾਰ 15 ਵੱਖ-ਵੱਖ ਬੈਂਕਾਂ ਦੇ ਜਾਅਲੀ ਖਾਤਿਆਂ ਵਿੱਚ ਪਾਏ ਗਏ। ਸਿਰਫ 17 ਤੋਂ 20 ਨਵੰਬਰ ਦੇ ਚਾਰ ਦਿਨਾਂ ਵਿੱਚ ਹੀ ਉਦਯੋਗਪਤੀ ਨੇ 5 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਸ ਪੈਸੇ ਨੂੰ ਆਨਲਾਈਨ ਗੇਮਿੰਗ ਪਲੇਟਫਾਰਮਾਂ ਰਾਹੀਂ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ। ਇਹ ਧੋਖਾਧੜੀ ਕਰਨ ਵਾਲੇ ਖਾਤੇ ਦਿੱਲੀ, ਮੁੰਬਈ, ਗੁਜਰਾਤ, ਪੰਜਾਬ ਅਤੇ ਬੰਗਲੁਰੂ ਵਰਗੇ ਸ਼ਹਿਰਾਂ ਵਿੱਚ ਫੈਲੇ ਹੋਏ ਸਨ।

ਚੰਡੀਗੜ੍ਹ, 29 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਬੰਧੀ ਅੱਜ ਆਜ਼ਾਦੀ ਘੁਲਾਟੀਆ, ਰੱਖਿਆ ਸੇਵਾਵਾਂ ਭਲਾਈ ਅਤੇ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ, ਉਨ੍ਹਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੋਜ਼ਗਾਰ ਧੀਆਂ ਤੇ ਅਣਵਿਆਹੇ ਬੇਰੋਜ਼ਗਾਰ ਪੁੱਤਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਯੋਗਦਾਨ ਦਿੱਤੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਦਾ ਯਾਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸਨਮਾਨ ਅਤੇ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ।

ਸ੍ਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ । ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੀ ਦੇਸ਼ ਪ੍ਰਤੀ ਸੇਵਾ ਅਤੇ ਤਿਆਗ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ। ਪੰਜਾਬ ਸਰਕਾਰ ਉਨ੍ਹਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਨੂੰ ਤਰਜੀਹ ਦੇ ਰਹੀ ਹੈ।

ਚੰਡੀਗੜ੍ਹ : ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਤਰੁਨਪ੍ਰੀਤ ਸਿੰਘ ਸੌਂਦ ਨੇ  ਲੋਕ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ (35) ਦੇ ਬੇਵਕਤੀ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸ. ਸੌਂਦ ਨੇ ਕਿਹਾ ਕਿ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਸਿੱਖਿਆਤਮਕ ਗੀਤਾਂ ਜ਼ਰੀਏ ਸਮਾਜਕ ਕੁਰੀਤੀਆਂ ਬਾਰੇ ਸੁਚੇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦਾ ਬੇਵਕਤੀ ਤੁਰ ਜਾਣ ਨਾਲ ਪਰਿਵਾਰ ਨੂੰ ਨਿੱਜੀ ਘਾਟਾ ਪਿਆ ਹੈ ਜੋ ਕਦੀ ਵੀ ਪੂਰਾ ਨਹੀਂ ਹੋਣਾ।
 
 ਸ. ਸੌਂਦ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਕੋਲ ਕੋਈ ਵੀ ਅਜਿਹਾ ਸ਼ਬਦ ਨਹੀਂ ਹੈ ਜਿਸ ਨਾਲ ਪਰਿਵਾਰ ਦਾ ਘਾਟਾ ਪੂਰਿਆ ਜਾ ਸਕੇ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਹਰ ਮੌਕੇ ਖੜ੍ਹੀ ਹੈ।

ਕੈਬਨਿਟ ਮੰਤਰੀ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਦੁਖੀ ਪਰਿਵਾਰ,ਮਿੱਤਰ ਅਤੇ ਸਨੇਹੀਆਂ ਨੂੰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

1 ਮਈ ਮਜ਼ਦੂਰ ਦਿਵਸ ਮੌਕੇ ਪੰਜਾਬ ਸਰਕਾਰ ਨੇ ਬੁਲਾਇਆ ਹੈ ਵਿਸ਼ੇਸ਼ ਇਜਲਾਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਆਉਂਦੀ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਈ, ਜਿਸ ਵਿੱਚ 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਸਬੰਧੀ ਪ੍ਰਵਾਨਗੀ ਦਿੱਤੀ ਗਈ। ਇਜਲਾਸ ਵਿੱਚ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਮਨਰੇਗਾ ਸਕੀਮ ਨੂੰ ਬਦਲ ਕੇ ‘ਜੀ ਰਾਮ ਜੀ ਸਕੀਮ’ ਨੂੰ ਲਾਗੂ ਕਰਨ ਨਾਲ ਮਜ਼ਦੂਰ ਵਰਗ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਮਜ਼ਦੂਰ ਦਿਵਸ ’ਤੇ ਸੱਦੇ ਵਿਸ਼ੇਸ਼ ਇਜਲਾਸ ਰਾਹੀਂ ਕੇਂਦਰ ਸਰਕਾਰ ਦੀ ਘੇਰਾਬੰਦੀ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਕ ਦਿਨਾ ਵਿਸ਼ੇਸ਼ ਇਜਲਾਸ ਦੌਰਾਨ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਕਿਰਤੀ ਵਰਗ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਲੰਘੀ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੀ ਇਕ ਦਿਨਾ ਵਿਸ਼ੇਸ਼ ਇਜਲਾਸ ਸੱਦਿਆ ਸੀ।


ਸੁਨੀਲ ਜਾਖੜ ਨੇ ਵਿਧਾਨ ਸਭਾ ਦੇ ਇਜਲਾਸ ਨੂੰ ਲੈ ਕੇ ਸੂਬਾ ਸਰਕਾਰ ਦੀ ਕੀਤੀ ਘੇਰਾਬੰਦੀ
ਕਿਹਾ : ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਹੀ ਕਾਫੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਵਲੋਂ 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਲਈ ਭਗਵੰਤ ਮਾਨ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਜਾਖੜ ਨੇ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਹੀ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਗੰਭੀਰ ਹੋਵੇ ਤਾਂ ਮਜ਼ਦੂਰ ਦਿਵਸ ਦੀ ਅਸਲ ਭਾਵਨਾ ਅਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਬਕਾਇਆ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੇ ਡੀਏ ਦੀਆਂ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਦੇ ਭੁਗਤਾਨ ਲਈ 15 ਹਜ਼ਾਰ ਕਰੋੜ ਰੁਪਏ ਦਾ ਐਲਾਨ ਕਰੇ ਅਤੇ 30 ਜੂਨ ਤੱਕ ਭੁਗਤਾਨ ਕਰੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਮਾਨਯੋਗ ਅਦਾਲਤ ਦੇ ਫੈਸਲੇ ਵਿਰੁੱਧ ਕੋਈ ਵੀ ਅਪੀਲ ਦਾਇਰ ਨਾ ਕੀਤੀ ਜਾਵੇ।

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਲਈ ਵੱਡੀ ਰਾਹਤ ਦਾ ਐਲਾਨ ਕਰਦਿਆਂ ਕਿਹਾ ਕਿ ਸਿੰਜਾਈ ਲਈ ਨਹਿਰੀ ਪਾਣੀ ਪਹਿਲੀ ਮਈ ਤੋਂ ਹੀ ਉਪਲਬਧ ਕਰਵਾ ਦਿੱਤਾ ਜਾਵੇਗਾ, ਜਿਸ ਲਈ ਸੂਬੇ ਭਰ ਦੀਆਂ ਨਹਿਰਾਂ ਵਿੱਚ 21,000 ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਪੰਜਾਬ ਦੀ ਧਰਤੀ ਹੇਠਲੇ ਪਾਣੀ `ਤੇ ਭਾਰੀ ਨਿਰਭਰਤਾ ਨੂੰ ਖ਼ਤਮ ਕਰੇਗਾ। ਸਿੰਜਾਈ ਲਈ ਬੁਨਿਆਦੀ ਢਾਂਚੇ ਵਿੱਚ 6,700 ਕਰੋੜ ਦੇ ਨਿਵੇਸ਼, 14,000 ਕਿਲੋਮੀਟਰ ਪਾਈਪਲਾਈਨ ਨੈੱਟਵਰਕ ਅਤੇ 7,000 ਨਵੇਂ ਬਣੇ ਰਜਬਾਹਿਆਂ ਤੇ ਕਸੀਆਂ ਨਾਲ ਭਗਵੰਤ ਮਾਨ ਸਰਕਾਰ ਨੇ ਇਸ ਸ਼ਾਨਦਾਰ ਕਦਮ ਨੂੰ ਚਾਰ ਜ਼ੋਨਾਂ ਵਿੱਚ 8-ਘੰਟੇ ਬਿਜਲੀ ਸਪਲਾਈ ਸ਼ਡਿਊਲ ਨਾਲ ਜੋੜਿਆ ਹੈ ਤਾਂ ਜੋ ਬਿਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ।

ਇਹ ਕਦਮ ਨਾ ਸਿਰਫ਼ ਝੋਨੇ ਲਈ ਸਿੰਜਾਈ ਨੂੰ ਯਕੀਨੀ ਬਣਾਉਂਦਾ ਹੈ, ਸਗੋਂ ਮਾਲਵਾ ਖੇਤਰ ਵਿੱਚ ਕਪਾਹ, ਬਾਗਬਾਨੀ ਅਤੇ ਚਾਰੇ ਵਾਲੀ ਮੱਕੀ ਲਈ ਨਹਿਰੀ ਪਾਣੀ ਦੀ ਉਪਲਬਧਤਾ ਨੂੰ ਵੀ ਸੁਰੱਖਿਅਤ ਕਰਦਾ ਹੈ, ਜਦੋਂ ਕਿ ਭੂਮੀਗਤ ਪਾਣੀ ਦੇ ਰੀਚਾਰਜ ਵਿੱਚ ਠੋਸ ਲਾਭ ਪ੍ਰਦਾਨ ਕਰਦਾ ਹੈ, ਜਿਸ ਦੇ ਪੱਧਰ ਵਿੱਚ 2 ਤੋਂ 4 ਮੀਟਰ ਦਾ ਵਾਧਾ ਹੋ ਰਿਹਾ ਹੈ, ਜੋ ਕਿ ਸੂਬੇ ਦੀ ਜਲ ਪ੍ਰਬੰਧਨ ਰਣਨੀਤੀ ਵਿੱਚ ਢਾਂਚਾਗਤ ਤਬਦੀਲੀ ਦਾ ਸੰਕੇਤ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਉੱਤੇ ਕਿਹਾ, “ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਜਲ ਸਰੋਤਾਂ, ਖੇਤੀਬਾੜੀ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਸਾਡਾ ਮੁੱਖ ਉਦੇਸ਼ ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘਟਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚੇ।"

ਉਨ੍ਹਾਂ ਅੱਗੇ ਕਿਹਾ, “ਸਿੰਜਾਈ ਬੁਨਿਆਦੀ ਢਾਂਚੇ ਵਿੱਚ 6,700 ਕਰੋੜ ਦਾ ਇਤਿਹਾਸਕ ਨਿਵੇਸ਼ ਕੀਤਾ ਗਿਆ ਹੈ। ਇਸ ਸੀਜ਼ਨ ਵਿੱਚ 14,000 ਕਿਲੋਮੀਟਰ ਨਵੀਆਂ ਪਾਈਪਲਾਈਨਾਂ ਅਤੇ 4,000 ਕਿਲੋਮੀਟਰ ਨਵੀਆਂ ਨਹਿਰਾਂ ਦੇ ਨਿਰਮਾਣ ਨਾਲ 1 ਮਈ ਤੋਂ ਨਹਿਰਾਂ ਵਿੱਚ ਪੂਰਾ ਪਾਣੀ ਛੱਡਿਆ ਜਾਵੇਗਾ। ਫਾਜ਼ਿਲਕਾ ਅਤੇ ਅਬੋਹਰ ਵਰਗੇ ਟੇਲਾਂ ਉੱਤੇ ਪੈਂਦੇ ਖੇਤਰਾਂ ਨੂੰ ਵੀ 2 ਮਈ ਤੱਕ ਪਾਣੀ ਮਿਲ ਜਾਵੇਗਾ। ਪਾਣੀ ਰੀਚਾਰਜ ਕਰਨ ਦੇ ਯਤਨਾਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਵਧਿਆ ਹੈ। ਇਸ ਦੇ ਨਾਲ ਬਿਜਲੀ ਬਚਾਉਣ ਅਤੇ ਮਜ਼ਦੂਰਾਂ ਲਈ ਸਹੂਲਤ ਯਕੀਨੀ ਬਣਾਉਣ ਲਈ ਝੋਨੇ ਦੀ ਬਿਜਾਈ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋਵੇਗੀ ਅਤੇ 1 ਜੂਨ ਤੋਂ ਨਹਿਰੀ ਪਾਣੀ ਦੀ ਸਪਲਾਈ ਪੜਾਅਵਾਰ ਢੰਗ ਨਾਲ ਪ੍ਰਦਾਨ ਕੀਤੀ ਜਾਵੇਗੀ। ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਆਸਟਰੇਲੀਆ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।”

ਉਨ੍ਹਾਂ ਪੋਸਟ ਵਿੱਚ ਕਿਹਾ, “ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਅਤੇ ਸੂਬੇ ਵਿੱਚ ਪਾਣੀ ਦੀ ਹਰ ਬੂੰਦ ਨੂੰ ਬਚਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
   
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲੀ ਵਾਰ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਪਹਿਲੀ ਮਈ ਤੋਂ ਸੂਬੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਾਡੀ ਸਰਕਾਰ ਪਾਣੀ ਦੀ ਹਰ ਬੂੰਦ ਬਚਾਉਣ ਲਈ ਵਚਨਬੱਧ ਹੈ। ਕਿਸੇ ਹੋਰ ਸੂਬੇ ਨੂੰ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਦਿੱਤੀ ਗਈ, ਨਾ ਹੀ ਪਾਕਿਸਤਾਨ ਨੂੰ ਕੋਈ ਪਾਣੀ ਭੇਜਿਆ ਜਾ ਰਿਹਾ ਹੈ।"

ਟਿਕਾਊ ਸਿੰਜਾਈ ਸਾਧਨਾਂ ਵੱਲ ਤਬਦੀਲੀ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਇਹ ਯਕੀਨੀ ਬਣਾਇਆ ਹੈ ਕਿ ਨਹਿਰੀ ਪਾਣੀ `ਤੇ ਨਿਰਭਰਤਾ ਵਧਾਈ ਜਾਵੇ ਤਾਂ ਜੋ ਟਿਊਬਵੈੱਲਾਂ `ਤੇ ਦਬਾਅ ਘਟਾਇਆ ਜਾ ਸਕੇ।” ਉਨ੍ਹਾਂ ਅੱਗੇ ਕਿਹਾ, “ਮਾਰਚ 2026 ਤੱਕ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਸਿੰਜਾਈ ਕਾਰਜਾਂ `ਤੇ 6,700 ਕਰੋੜ ਰੁਪਏ ਖ਼ਰਚ ਕੀਤੇ ਹਨ।”

ਹੋਰ ਵਿਸਥਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਰਕਮ ਦੀ ਵਰਤੋਂ ਸੂਬੇ ਭਰ ਵਿੱਚ 14,000 ਕਿਲੋਮੀਟਰ ਪਾਈਪਾਂ ਵਿਛਾਉਣ ਅਤੇ ਕਸੀਆਂ ਬਣਾਉਣ ਲਈ ਕੀਤੀ ਗਈ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਝੋਨੇ ਦੇ ਸੀਜ਼ਨ ਤੋਂ ਪਹਿਲਾਂ, 4,000 ਕਿਲੋਮੀਟਰ ਨਵੇਂ ਬਣੇ ਰਜਬਾਹਿਆਂ ਅਤੇ 3,000 ਕਿਲੋਮੀਟਰ ਪਾਈਪਲਾਈਨਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ।” ਉਨ੍ਹਾਂ ਕਿਹਾ, “ਇਨ੍ਹਾਂ ਪਾਈਪਲਾਈਨਾਂ ਅਤੇ ਕਸੀਆਂ ਵਿੱਚ 21,000 ਕਿਊਸਿਕ ਪਾਣੀ ਛੱਡਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਕਿਸੇ ਵੀ ਕਮੀ ਨੂੰ ਦੂਰ ਕੀਤਾ ਜਾ ਸਕੇ।”
   
ਇਸ ਪਹਿਲਕਦਮੀ ਦੇ ਪੱਧਰ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਛੱਡਿਆ ਜਾ ਰਿਹਾ ਪਾਣੀ ਦੋ ਭਾਖੜਾ ਨਹਿਰਾਂ ਦੀ ਸਪਲਾਈ ਦੇ ਬਰਾਬਰ ਹੈ ਅਤੇ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਏਗਾ।” ਉਨ੍ਹਾਂ ਅੱਗੇ ਕਿਹਾ, “ਇਹ ਖਾਸ ਤੌਰ ਉੱਤੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਬਾਗਾਂ ਅਤੇ ਕਪਾਹ, ਮੱਕੀ ਅਤੇ ਚਾਰੇ ਵਰਗੀਆਂ ਫਸਲਾਂ ਦੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਕਾਸ਼ਤ ਲਈ ਖੇਤ ਤਿਆਰ ਕਰਨ ਵਿੱਚ ਮਦਦ ਕਰੇਗਾ।”

ਇਸ ਦੇ ਲੰਮੇ ਸਮੇਂ ਲਈ ਲਾਭਕਾਰੀ ਹੋਣ `ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਪਾਣੀ ਵੱਖ-ਵੱਖ ਰੀਚਾਰਜ ਸਕੀਮਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਹੋਵੇਗਾ।" ਉਨ੍ਹਾਂ ਅੱਗੇ ਕਿਹਾ, “ਬਾਗਬਾਨੀ, ਖਾਸ ਕਰਕੇ ਫਾਜ਼ਿਲਕਾ ਅਤੇ ਅਬੋਹਰ ਇਲਾਕਿਆਂ ਵਿੱਚ ਇਸ ਨਾਲ ਲਾਭ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਹੁਣ ਟਿਊਬਵੈੱਲਾਂ `ਤੇ ਨਿਰਭਰ ਨਹੀਂ ਰਹਿਣਾ ਪਵੇਗਾ।"

ਧਰਤੀ ਹੇਠਲੇ ਪਾਣੀ ਦੀ ਸੰਭਾਲ `ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ, ਜਿਸ ਦੇ ਨਤੀਜੇ ਵਜੋਂ ਪਾਣੀ ਦੇ ਪੱਧਰ ਵਿੱਚ ਦੋ ਤੋਂ ਚਾਰ ਮੀਟਰ ਦਾ ਵਾਧਾ ਹੋਇਆ ਹੈ।" ਉਨ੍ਹਾਂ ਅੱਗੇ ਕਿਹਾ, “ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ ਕਿਉਂਕਿ ਪੰਜਾਬ ਦਾ ਵਜੂਦ ਇਸ ਦੇ ਪਾਣੀਆਂ ਨਾਲ ਹੈ ਅਤੇ ਪਾਣੀ ਤੋਂ ਬਿਨਾਂ ਸੂਬੇ ਦੀ ਕੋਈ ਹੋਂਦ ਨਹੀਂ ਹੈ।”

ਹੋਰ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਿਛਲੇ ਇੱਕ ਸਾਲ ਵਿੱਚ 21 ਲੱਖ ਘਣ ਮੀਟਰ ਪਾਣੀ ਰੀਚਾਰਜ ਕੀਤਾ ਗਿਆ ਹੈ।"
   
ਫਸਲ ਯੋਜਨਾਬੰਦੀ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਕਤੂਬਰ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਲਈ ਪੰਜਾਬ ਸਰਕਾਰ ਨੇ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ, “ਝੋਨੇ ਦੀ ਜ਼ੋਨ-ਵਾਰ ਕਾਸ਼ਤ ਸਹੀ ਯੋਜਨਾਬੰਦੀ ਅਤੇ ਪ੍ਰਬੰਧਾਂ ਨਾਲ ਕੀਤੀ ਜਾਵੇਗੀ।”

ਮੁੱਖ ਮੰਤਰੀ ਨੇ ਕਿਹਾ, “ਸਾਰੇ ਜ਼ਿਲ੍ਹਿਆਂ ਵਿੱਚ 15 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼਼ੁਰੂ ਹੋਵੇਗੀ, ਜਿਸ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।” ਉਨ੍ਹਾਂ ਅੱਗੇ ਕਿਹਾ, “ਪਹਿਲੀ ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੋਪੜ, ਐਸ.ਏ.ਐਸ. ਨਗਰ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ।”

ਉਨ੍ਹਾਂ ਅੱਗੇ ਦੱਸਿਆ, “ਪੰਜ ਜੂਨ ਤੋਂ ਫ਼ਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿੱਚ ਬਿਜਾਈ ਸ਼ੁਰੂ ਹੋ ਜਾਵੇਗੀ ਅਤੇ 9 ਜੂਨ ਤੋਂ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਸ਼਼ੁਰੂ ਹੋ ਜਾਵੇਗੀ।”

ਸ੍ਰੀ ਅਨੰਦਪੁਰ ਸਾਹਿਬ ਤੋਂ ਹੋਵੇਗਾ ਯਾਤਰਾ ਦਾ ਆਗਾਜ਼
ਚੰਡੀਗੜ੍ਹ/ਬਿਊਰੋ ਨਿਊਜ਼    
ਮੁੱਖ ਮੰਤਰੀ ਭਗਵੰਤ ਮਾਨ 5 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ‘ਸ਼ੁਕਰਾਨਾ ਯਾਤਰਾ’ ਸ਼ੁਰੂ ਕਰਨਗੇ।  ‘ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਐਕਟ-2026’ ਦੇ ਸ਼ੁਕਰਾਨੇ ਵਜੋਂ ਮੁੱਖ ਮੰਤਰੀ ਨੇ ‘ਸ਼ੁਕਰਾਨਾ ਯਾਤਰਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੀਐਮ ਭਗਵੰਤ ਮਾਨ ਇਸ ਚਾਰ ਰੋਜ਼ਾ ਸ਼ੁਕਰਾਨਾ ਯਾਤਰਾ ਤਹਿਤ ਤਖਤ ਸਾਹਿਬਾਨਾਂ ’ਤੇ ਨਤਮਸਤਕ ਹੋਣਗੇ। ਪੰਜਾਬ ਸਰਕਾਰ ਨੇ ਬੇਅਦਬੀ ਵਿਰੁੱਧ ਬਣੇ ਕਾਨੂੰਨ ਮਗਰੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਚੱਲਦਿਆਂ ਪੰਜ ਮਈ ਨੂੰ ਯਾਤਰਾ ਦਾ ਆਗਾਜ਼ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਵੇਗਾ। ਇਸੇ ਦਿਨ ਮੁੱਖ ਮੰਤਰੀ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਵਿਖੇ ਵੀ ਮੱਥਾ ਟੇਕਣਗੇ। ਛੇ ਮਈ ਨੂੰ ਯਾਤਰਾ ਅੰਮਿ੍ਰਤਸਰ ਤੋਂ ਚੱਲ ਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇਗੀ। ਸੱਤ ਮਈ ਨੂੰ ਦਮਦਮਾ ਸਾਹਿਬ ਤੋਂ ਰਵਾਨਾ ਹੋ ਕੇ ਇਹ ਯਾਤਰਾ ਮਸਤੂਆਣਾ ਸਾਹਿਬ ਵਿਖੇ ਪਹੁੰਚੇਗੀ ਅਤੇ ਅੱਠ ਮਈ ਨੂੰ ਇਹ ਸ਼ੁਕਰਾਨਾ ਯਾਤਰਾ ਦਾ ਪਹਿਲਾ ਪੜਾਅ ਪਟਿਆਲਾ ਵਿਖੇ ਹੋਵੇਗਾ, ਜਿੱਥੇ ਮੁੱਖ ਮੰਤਰੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸਦੇ ਚੱਲਦਿਆਂ ਯਾਤਰਾ ਦੇ ਰਸਤੇ ਵਿਚ ਪੈਂਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮੁੱਖ ਮੰਤਰੀ ਮਾਨ ਸੰਗਤਾਂ ਦੇ ਰੂਬਰੂ ਵੀ ਹੋਣਗੇ ਅਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨਗੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.