Sunday, 14 June 2026

ਕਿਹਾ : ਜੱਜ ਫੈਸਲਾ ਨਹੀਂ ਕਰਨਗੇ ਕਿ ਕੌਣ ਹੈ ਸੱਚਾ ਭਾਰਤੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਮਾਨਯੋਗ ਜੱਜਾਂ ਪ੍ਰਤੀ ਪੂਰੇ ਸਤਿਕਾਰ ਨਾਲ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਇਹ ਫੈਸਲਾ ਨਹੀਂ ਕਰਨਗੇ ਕਿ ਸੱਚਾ ਭਾਰਤੀ ਕੌਣ ਹੈ। ਪਿ੍ਰਅੰਕਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਫਰਜ਼ ਹੈ ਕਿ ਉਹ ਸਰਕਾਰ ਕੋਲੋਂ ਸਵਾਲ ਪੁੱਛਣ ਅਤੇ ਮੇਰਾ ਭਰਾ ਰਾਹੁਲ ਕਦੇ ਵੀ ਫੌਜ ਵਿਰੁੱਧ ਨਹੀਂ ਬੋਲੇਗਾ। ਉਨ੍ਹਾਂ ਕਿਹਾ ਕਿ ਰਾਹੁਲ ਦੇ ਸ਼ਬਦਾਂ ਦੀ ਗਲਤ ਵਿਆਖਿਆ ਕੀਤੀ ਗਈ ਹੈ। ਪਿ੍ਰਅੰਕਾ ਦਾ ਇਹ ਜਵਾਬ ਸੁਪਰੀਮ ਕੋਰਟ ਵਲੋਂ ਰਾਹੁਲ ਦੇ ‘ਸੱਚੇ ਭਾਰਤੀ ਹੋਣ’ ਉਤੇ ਚੁੱਕੇ ਗਏ ਸਵਾਲ ਤੋਂ ਬਾਅਦ ਆਇਆ ਹੈ। ਧਿਆਨ ਰਹੇ ਕਿ ਰਾਹੁਲ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਇਕ ਵਿਵਾਦ ਪੂਰਨ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਲੋਕ ਭਾਰਤ ਜੋੜੋ ਯਾਤਰਾ ਬਾਰੇ ਪੁੱਛਣਗੇ, ਪਰ ਚੀਨ ਨੇ 2 ਹਜ਼ਾਰ ਵਰਗ ਕਿਲੋਮੀਟਰ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ, ਇਸ ਬਾਰੇ ਗੱਲ ਨਹੀਂ ਕਰ ਰਹੇ ਹਨ। ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ’ਚ ਚਲਾ ਗਿਆ ਸੀ। ਇਸ ਮਾਮਲੇ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਰਾਹੁਲ ਨੂੰ ਪੁੱਛਿਆ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਚੀਨ ਨੇ ਭਾਰਤ ਦੀ 2 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਅਦਾਲਤ ਨੇ ਕਿਹਾ ਕਿ ਇਕ ਸੱਚਾ ਭਾਰਤੀ ਇਹ ਨਹੀਂ ਕਹੇਗਾ।

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੁੱਕੇ ਸਵਾਲ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਅਪਰੇਸ਼ਨ ਸੰਧੂਰ ਰੋਕਣ ਲਈ ਨਹੀਂ ਕਿਹਾ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਅਫਸੋਸ ਜ਼ਾਹਰ ਕੀਤਾ ਕਿ ਦੇਸ਼ ਨੂੰ ਪੂਰੀ ਦੁਨੀਆ ਦੀ ਹਮਾਇਤ ਮਿਲੀ, ਪਰ ਕਾਂਗਰਸ ਤੇ ਉਸਦੇ ਸਹਿਯੋਗੀ, ਭਾਰਤੀ ਸੈਨਿਕਾਂ ਦੀ ਬਹਾਦਰੀ ਪਿੱਛੇ ਖੜ੍ਹੇ ਨਾ ਹੋਏ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਦੇਸ਼ ਭਾਰਤ ਨੂੰ ਅੱਤਵਾਦ ਤੋਂ ਆਪਣੀ ਰਾਖੀ ਲਈ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਦਾ। ਇਸੇ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ  ਪੀਐਮ ਮੋਦੀ ਨੇ ਜੰਗਬੰਦੀ ਲਈ ਵਿਚੋਲਗੀ ਸਬੰਧੀ ਦਾਅਵਿਆਂ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਮ ਕਿਉਂ ਨਹੀਂ ਲਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਟਰੰਪ ਸਾਰੀ ਸੱਚਾਈ ਦੱਸ ਦੇਣਗੇ। ਰਾਹੁਲ ਨੇ ਇਹ ਵੀ ਕਿਹਾ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਹੋਇਆ ਹੈ।

 

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਬਹੁਤ ਸਾਰੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ/ਬਿਊਰੋ ਨਿਊਜ਼

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਅੱਜ ਸੋਮਵਾਰ ਨੂੰ ਦਿਹਾਂਤ ਹੋ ਗਿਆ। ਸ਼ਿਬੂ ਸੋਰੇਨ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ’ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 81 ਸਾਲ ਸੀ ਅਤੇ ਉਹ ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸਰਪ੍ਰਸਤ ਸਨ। ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਣੇ ਕਈ ਆਗੂਆਂ ਨੇ ਸ਼ਿਬੂ ਸੋਰੇਨ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼ਿਬੂ ਸੋਰੇਨ ਜ਼ਮੀਨੀ ਪੱਧਰ ਦੇ ਨੇਤਾ ਸਨ। ਇਸੇ ਤਰ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼ਿਬੂ ਸੋਰੇਨ ਝਾਰਖੰਡ ਦੇ ਮਹਾਨ ਨੇਤਾਵਾਂ ਵਿਚ ਗਿਣੇ ਜਾਂਦੇ ਸਨ, ਜਿਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਧਰਤੀ ਅਤੇ ਲੋਕਾਂ ਨਾਲ ਜੁੜੇ ਰਹੇ। 

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਵਿਚ ਅਪਰੇਸ਼ਨ ਸੰਧੂਰ ’ਤੇ ਚਰਚਾ ਦੌਰਾਨ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ’ਤੇ ਸਵਾਲ ਚੁੱਕੇ। ਪਿ੍ਰਅੰਕਾ ਨੇ ਕਿਹਾ ਕਿ ਲੋਕ ਕਸ਼ਮੀਰ ਦੇ ਪਹਿਲਗਾਮ ’ਚ ਸਰਕਾਰ ਦੇ ਭਰੋਸੇ ਗਏ ਸਨ, ਪਰ ਸਰਕਾਰ ਵਲੋਂ ਲੋਕਾਂ ਨੂੰ ਭਗਵਾਨ ਦੇ ਭਰੋਸੇ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਗਾਮ ’ਚ ਜਦੋਂ ਅੱਤਵਾਦੀਆਂ ਵਲੋਂ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਉਥੇ ਇਕ ਵੀ ਸੁਰੱਖਿਆ ਕਰਮੀ ਨਹੀਂ ਸੀ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੱਸਿਆ ਕਿ ਉਹ ਉਨ੍ਹਾਂ 22 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ, ਜਿਨ੍ਹਾਂ ਨੇ ਅਪਰੇਸ਼ਨ ਸੰਧੂਰ ਦੌਰਾਨ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਗੋਲੀਬਾਰੀ ਦੌਰਾਨ ਆਪਣੇ ਮਾਪਿਆਂ ਵਿਚੋਂ ਇਕ ਜਾਂ ਦੋਵਾਂ ਨੂੰ ਗੁਆ ਦਿੱਤਾ ਸੀ। 

 

5 ਅਗਸਤ ਨੂੰ ਪੁੱਛਗਿੱਛ ਲਈ ਕੀਤਾ ਗਿਆ ਤਲਬ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਿਲਾਇੰਸ ਗਰੁੱਪ ਦੇ ਮੁਖੀ ਅਨਿਲ ਅੰਬਾਨੀ ਨੂੰ 5 ਅਗਸਤ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਅਨਿਲ ਅੰਬਾਨੀ ਨੂੰ ਉਨ੍ਹਾਂ ਦੀਆਂ ਸਮੂਹ ਕੰਪਨੀਆਂ ਵਿਰੁੱਧ ਕਥਿਤ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਸੰਮਨ ਜਾਰੀ ਕੀਤਾ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਅਨਿਲ ਅੰਬਾਨੀ ਨੂੰ ਦਿੱਲੀ ਸਥਿਤ ਈ.ਡੀ. ਹੈਡਕੁਆਰਟਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਏਜੰਸੀ ਨੇ 24 ਜੁਲਾਈ ਨੂੰ ਕੇਸ ਨਾਲ ਸਬੰਧਤ 50 ਤੋਂ ਵੱਧ ਕੰਪਨੀਆਂ ਤੇ 25 ਤੋਂ ਵੱਧ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਈ.ਡੀ. ਮੁਤਾਬਕ ਜਾਂਚ ਤੋਂ ਯੋਜਨਾਬੱਧ ਸਕੀਮ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵਿਚ ਲੋਕਾਂ ਦੇ ਪੈਸੇ ਦੀ ਗੈਰਕਾਨੂੰਨੀ ਵਰਤੋਂ ਅਤੇ ਕਥਿਤ ਬੈਂਕਾਂ, ਸ਼ੇਅਰਧਾਰਕਾਂ, ਨਿਵੇਸ਼ਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨਾਲ ਧੋਖਾਧੜੀ ਸ਼ਾਮਲ ਹੈ। 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੰਗਲਵਾਰ ਨੂੰ ਲੋਕ ਸਭਾ ’ਚ ਦਾਅਵਾ ਕਰਦਿਆਂ ਦੱਸਿਆ ਕਿ ਜਿਨ੍ਹਾਂ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਸਾਡੇ 26 ਸੈਲਾਨੀਆਂ ਨੂੰ ਮਾਰ ਦਿੱਤਾ ਸੀ, ਉਨ੍ਹਾਂ ਅੱਤਵਾਦੀਆਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ। ਉਨ੍ਹਾਂ ਦੱਸਿਆ ਕਿ ਇਸਦੇ ਲਈ ਅਪਰੇਸ਼ਨ ਮਹਾਂਦੇਵ ਚਲਾਇਆ ਗਿਆ। ਇਨ੍ਹਾਂ ਮਾਰੇ ਗਏ ਤਿੰਨ ਅੱਤਵਾਦੀਆਂ ਦੇ ਨਾਮ ਸੁਲੇਮਾਨ, ਫੈਜਲ ਅਫਗਾਨ ਅਤੇ ਜਿਬਰਾਨ ਦੱਸੇ ਗਏ ਹਨ। ਦੱਸਿਆ ਗਿਆ ਕਿ ਸੁਲੇਮਾਨ ਲਸ਼ਕਰ ਦਾ ਕਮਾਂਡਰ ਸੀ ਅਤੇ ਅਫਗਾਨ ਤੇ ਜਿਬਰਾਨ ਵੀ ਏ ਸ਼ੇ੍ਰਣੀ ਦੇ ਅੱਤਵਾਦੀ ਸਨ। ਅਮਿਤ ਸ਼ਾਹ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਦੋ ਹੋਰ ਆਰੋਪੀਆਂ ਦੀ ਪਹਿਚਾਣ ਹੋ ਗਈ ਹੈ ਅਤੇ ਉਨ੍ਹਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਪੀ. ਚਿਦੰਬਰਮ ਦੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ਵਿਚ ਚਿੰਦਬਰਮ ਨੇ ਸਵਾਲ ਉਠਾਇਆ ਸੀ ਕਿ ਕੀ ਇਸ ਗੱਲ ਦਾ ਸਬੂਤ ਹੈ, ਕਿ ਇਹ ਅੱਤਵਾਦੀ ਪਾਕਿਸਤਾਨੀ ਸਨ?   

 

 

ਚੋਣ ਕਮਿਸ਼ਨ 7 ਅਗਸਤ ਨੂੰ ਨੋਟੀਫਿਕੇਸ਼ਨ ਕਰੇਗਾ ਜਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਜਗਦੀਪ ਧਨਖੜ ਦੇ ਅਸਤੀਫੇ ਤੋਂ ਬਾਅਦ ਭਾਰਤ ਦੇ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਗਿਆ ਸੀ। ਇਸਦੇ ਚੱਲਦਿਆਂ ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਤਰੀਕ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਚੋਣ 9 ਸਤੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕਰ ਦਿੱਤਾ ਜਾਵੇਗਾ। ਇਸ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਨਿਰਧਾਰਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜਗਦੀਪ ਧਨਖੜ ਨੇ 21 ਜੁਲਾਈ ਨੂੰ ਅਚਾਨਕ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਧਨਖੜ ਦਾ ਕਾਰਜਕਾਲ 10 ਅਗਸਤ 2027 ਤੱਕ ਸੀ। 

 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਲੋਕ ਸਭਾ ’ਚ ਅੱਜ ਸੋਮਵਾਰ ਨੂੰ ਅਪਰੇਸ਼ਨ ਸਿੰਧੂਰ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ’ਚ ਜਾ ਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨੇ ਅੱਤਵਾਦੀਆਂ ਕੋਲੋਂ ਸਾਡੀਆਂ ਮਾਵਾਂ ਤੇ ਭੈਣਾਂ ਦੇ ਸਿੰਧੂਰ ਦਾ ਬਦਲਾ ਲਿਆ ਹੈ। ਉਨ੍ਹਾਂ ਨੇ ਆਪਣੇ 55 ਮਿੰਟ ਦੇ ਭਾਸ਼ਣ ਵਿਚ ਕਿਹਾ ਕਿ ਸਾਡਾ ਮਕਸਦ ਅੱਤਵਾਦੀ ਟਿਕਾਣੇ ਤਬਾਹ ਕਰਨਾ ਸੀ ਅਤੇ ਫੌਜ ਨੇ ਆਪਣਾ ਟੀਚਾ ਹਾਸਲ ਕੀਤਾ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਜੰਗਬੰਦੀ ਕਿਸੇ ਦਬਾਅ ਹੇਠ ਨਹੀਂ ਕੀਤੀ। ਭਾਰਤੀ ਲੜਾਕੂ ਜਹਾਜ਼ ਤਬਾਹ ਹੋਣ ’ਤੇ ਰਾਜਨਾਥ ਨੇ ਕਿਹਾ ਕਿ ਪ੍ਰੀਖਿਆ ਵਿਚ ਰਿਜ਼ਲਟ ਦੀ ਅਹਿਮੀਅਤ ਹੁੰਦੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਅਪਰੇਸ਼ਨ ਸਿੰਧੂਰ ਅਤੇ ਬਿਹਾਰ ਵੋਟਰ ਵੈਰੀਕੇਸ਼ਨ ਨਾਲ ਜੁੜੇ ਮਾਮਲੇ ’ਤੇ ਹੰਗਾਮਾ ਵੀ ਕੀਤਾ। 

 

 

ਕਿਹਾ : ਭਾਰਤ ਦੇ ਲੋਕਾਂ ਤੋਂ ਸਿੱਧਾ ਸੁਣਨ ਲਈ ਹਾਂ ਉਤਸਕ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਜ਼ਾਦੀ ਦਿਵਸ ਮੌਕੇ ਆਪਣੇ ਭਾਸ਼ਣ ਵਿਚ ਸ਼ਾਮਲ ਕੀਤੇ ਜਾਣ ਵਾਲੇ ਵਿਸ਼ਿਆਂ ਲਈ ਜਨਤਾ ਤੋਂ ਸੁਝਾਅ ਮੰਗੇ ਹਨ। ਇਕ ਸ਼ੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੇ ਲੋਕਾਂ ਤੋਂ ਸਿੱਧੇ ਸੁਣਨ ਲਈ ਉਤਸੁਕ ਹਨ। ਉਹਨਾਂ ਕਿਹਾ ਕਿ ਜਿਵੇਂ-ਜਿਵੇਂ ਸਾਡਾ ਆਜ਼ਾਦੀ ਦਿਵਸ ਨੇੜੇ ਆ ਰਿਹਾ ਹੈ, ਮੈਂ ਆਪਣੇ ਸਾਥੀ ਭਾਰਤੀਆਂ ਤੋਂ ਸੁਣਨ ਦੀ ਉਮੀਦ ਕਰਦਾ ਹਾਂ। ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹੜੇ ਵਿਸ਼ਿਆਂ ਜਾਂ ਮੁੱਦਿਆਂ ਨੂੰ ਸ਼ਾਮਲ ਕਰਨਾ ਹੈ, ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ। ਧਿਆਨ ਰਹੇ ਕਿ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮਨਾਉਣ ਲਈ ਭਾਰਤ ਭਰ ਵਿਚ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧੀ ਮੁੱਖ ਸਮਾਗਮ ਨਵੀਂ ਦਿੱਲੀ ਦੇ ਲਾਲ ਕਿਲ੍ਹੇ ’ਚ ਹੋਵੇਗਾ।

 

 

ਸ੍ਰੀਨਗਰ/ਬਿਊਰੋ ਨਿਊਜ਼ 

ਜੰਮੂ ਕਸ਼ਮੀਰ ਵਿਚ ਸ੍ਰੀਨਗਰ ਦੇ ਲਿਡਵਾਸ ਇਲਾਕੇ ਵਿਚ ਭਾਰਤੀ ਫੌਜ ਨੇ 3 ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਫੌਜ ਦੀ ਚਿਨਾਰ ਕੋਰਪਸ ਵਲੋਂ ਦਿੱਤੀ ਹੈ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਅਪਰੇਸ਼ਨ ਮਹਾਂਦੇਵ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਮਾਰੇ ਗਏ 3 ਅੱਤਵਾਦੀਆਂ ਦੇ ਲਿੰਕ ਪਹਿਲਗਾਮ ਹਮਲੇ ਨਾਲ ਜੁੜੇ ਹੋ ਸਕਦੇ ਹਨ। ਹਾਲਾਂਕਿ ਫੌਜ ਵਲੋਂ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸਰਚ ਅਪਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਦੂਰ ਤੋਂ ਦੋ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ ਅਤੇ ਇਸ ਦੌਰਾਨ ਇਲਾਕੇ ਵਿਚ ਸੁਰੱਖਿਆ ਬਲਾਂ ਦੀ ਤੈਨਾਤੀ ਵਧਾ ਦਿੱਤੀ ਗਈ ਸੀ। ਦੱਸਿਆ ਗਿਆ ਕਿ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਹ ਮੁਕਾਬਲਾ ਡਾਚੀਗਾਮ ਨੈਸ਼ਨਲ ਪਾਰਕ ਦੇ ਨੇੜੇ ਹੋਇਆ ਹੈ।  

 

 

ਕਿਹਾ : ਪਹਿਲਗਾਮ ਹਮਲੇ ’ਚ ਖੁਫੀਆ ਤੰਤਰ ਦੀ ਨਾਕਾਮੀ ਲਈ ਜ਼ਿੰਮੇਵਾਰ ਕੌਣ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਵਿਚ ਅਪਰੇਸ਼ਨ ਸੰਧੂਰ ’ਤੇ ਚੱਲ ਰਹੀ ਬਹਿਸ ਵਿਚ ਹਿੱਸਾ ਲਿਆ। ਉਨ੍ਹਾਂ ਨੇ ਭਾਰਤ-ਪਾਕਿ ਜੰਗ ਦੌਰਾਨ ਫੇਲ ਸਾਬਤ ਹੋਈ ਵਿਦੇਸ਼ ਨੀਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਵਿਚ ਖੁਫੀਆ ਤੰਤਰ ਦੀ ਨਾਕਾਮੀ ਲਈ ਕੌਣ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਲੋਕ ਸਭਾ ਵਿਚ ਆਪਣੀਆਂ ਲੰਮੀਆਂ ਤਕਰੀਰਾਂ ਦੌਰਾਨ ਇਸ ਨਾਕਾਮੀ ਲਈ ਜ਼ਿੰਮੇਵਾਰੀ ਤੱਕ ਨਹੀਂ ਕਬੂਲੀ।  

 

 

ਇੰਦਰਾ ਗਾਂਧੀ ਨੂੰ ਛੱਡਿਆ ਪਿੱਛੇ 

ਨਵੀਂ ਦਿੱਲੀ/ਬਿਊਰੋ ਨਿਊਜ਼  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਦੇਸ਼ ਦੇ ਇਤਿਹਾਸ ਵਿਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਰਿਕਾਰਡ ਵੀ ਤੋੜਿਆ ਹੈ। ਦੱਸਣਯੋਗ ਹੈ ਕਿ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਹਨ। ਨਰਿੰਦਰ ਮੋਦੀ ਦੀ ਉਮਰ 74 ਸਾਲ ਹੋ ਗਈ ਹੈ ਅਤੇ ਉਨ੍ਹਾਂ ਨੇ 26 ਮਈ 2014 ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਹੁਣ ਤੱਕ ਕੁੱਲ 11 ਸਾਲ 60 ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਗਾਤਾਰ 11 ਸਾਲ 59 ਦਿਨ ਅਹੁਦਾ ਸੰਭਾਲਿਆ ਸੀ। ਇੰਦਰਾ ਗਾਂਧੀ ਨੇ 24 ਜਨਵਰੀ 1966 ਤੋਂ 24 ਮਾਰਚ 1977 ਤੱਕ ਭਾਰਤ ਦੀ ਪ੍ਰਧਾਨ ਮੰਤਰੀ ਵਜੋਂ ਸਰਵਉਚ ਅਹੁਦਾ ਸੰਭਾਲਿਆ ਸੀ। ਧਿਆਨ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਮ 15 ਅਗਸਤ 1947 ਤੋਂ 27 ਮਈ 1964 ਤੱਕ 16 ਸਾਲ 286 ਦਿਨਾਂ ਤੱਕ ਲਗਾਤਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦਾ ਰਿਕਾਰਡ ਹੈ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.