Sunday, 14 June 2026

 

5 ਨਵੰਬਰ ਨੂੰ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਪੈਣੀਆਂ ਹਨ ਵੋਟਾਂ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਵਿਚ ਆਉਂਦੀ 5 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚ ਸਿੱਧਾ ਚੋਣ ਮੁਕਾਬਲਾ ਹੈ। ਅਮਰੀਕੀ ਚੋਣਾਂ ਦੌਰਾਨ ਜਿੱਥੇ ਭਾਰਤਵੰਸ਼ੀ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਇਕ ਦੂਜੇ ’ਤੇ ਇਲਜ਼ਾਮ ਲਗਾ ਰਹੇ ਹਨ, ਉਥੇ ਹੀ ਕਮਲਾ ਹੈਰਿਸ ਕਈ ਸੂਬਿਆਂ ਵਿਚ ਟਰੰਪ ਤੋਂ ਅੱਗੇ ਵੀ ਚੱਲ ਰਹੇ ਹਨ। ਪੋਲ ਮੁਤਾਬਕ ਕਮਲਾ ਹੈਰਿਸ 49 ਫੀਸਦੀ ਦੇ ਨਾਲ ਅੱਗੇ ਹਨ, ਜਦੋਂ ਕਿ ਟਰੰਪ ਨੂੰ 45 ਫੀਸਦੀ ਰੇਟਿੰਗ ਮਿਲੀ ਹੈ। ਅਮਰੀਕੀ ਚੋਣਾਂ ਵਿਚ ਭਾਰਤਵੰਸ਼ੀ ਕਮਲਾ ਹੈਰਿਸ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਨੇ ਇਕ ਚੋਣ ਰੈਲੀ ਦੌਰਾਨ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਦੱਸਿਆ ਅਤੇ ਹੈਰਿਸ ਦਾ ਮਜ਼ਾਕ ਵੀ ਉਡਾਇਆ ਸੀ। 

 

 

ਕਾਠਮੰਡੂ ਤੋਂ ਉਡਾਨ ਭਰਦਿਆਂ ਹੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

ਕਾਠਮੰਡੂ/ਬਿਊਰੋ ਨਿਊਜ਼

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਜਹਾਜ਼ ਵਿਚ ਸਵਾਰ 19 ਵਿਅਕਤੀਆਂ ਵਿਚੋਂ 18 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਖ਼ਮੀ ਹੋਏ ਪਾਇਲਟ ਕੈਪਟਨ ਮਨੀਸ਼ ਸਾਕਯ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਤਿ੍ਰਭੁਵਨ ਏਅਰਪੋਰਟ ਤੋਂ ਉਡਾਨ ਭਰੀ ਸੀ ਅਤੇ ਇਸ ਤੋਂ ਕੁਝ ਦੇਰ ਬਾਅਦ ਹੀ ਇਹ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਪੁਲਿਸ ਅਤੇ ਫਾਇਰ ਫਾਈਟਰਸ ਦੀ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਰੈਸਕਿਊ ਅਪਰੇਸ਼ਨ ਚਲਾਇਆ।

 

ਵਾਸ਼ਿੰਗਟਨ/ਬਿਊੁਰੋ ਨਿਊਜ਼

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਰੈਲੀ ਦੌਰਾਨ ਕਿਹਾ ਕਿ ਰਾਸ਼ਟਰਪਤੀ ਚੋਣਾਂ ਵਿਚ ਕਮਲਾ ਹੈਰਿਸ ਨੂੰ ਹਰਾਉਣਾ ਜੋਅ ਬਾਈਡਨ ਤੋਂ ਵੀ ਅਸਾਨ ਹੈ। ਟਰੰਪ ਨੇ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਦੱਸਿਆ। ਇਸ ਤੋਂ ਇਲਾਵਾ ਟਰੰਪ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਮਜ਼ਾਕ ਵੀ ਉਡਾਇਆ। ਡੋਨਾਲਡ ਟਰੰਪ ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਉਤਰ ਪੂਰਬੀ ਸ਼ਹਿਰ ਵਿਲਕਸ-ਬੈਰੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਆਉਂਦੀ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚ ਸਿੱਧਾ ਚੋਣ ਮੁਕਾਬਲਾ ਹੈ। 

 

 

 

  

1976 ਪਾਰਟੀ ਡੈਲੀਗੇਟਸ ਆਏ ਸਮਰਥਨ ’ਚ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਈਡਨ ਦੇ ਪਿੱਛੇ ਹਟਣ ਤੋਂ ਬਾਅਦ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਡੈਮੋਕਰੇਟਿਕ ਪਾਰਟੀ ਵਲੋਂ ਨੌਮੀਨੇਸ਼ਨ ਦੇ ਲਈ ਬਹੁਮਤ ਹਾਸਲ ਕਰ ਲਿਆ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਲਈ 4 ਹਜ਼ਾਰ ਵਿਚੋਂ ਹੁਣ ਤੱਕ 1976 ਡੈਲੀਗੇਟਸ ਦਾ ਸਮਰਥਨ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ 1 ਤੋਂ 7 ਅਗਸਤ ਦੇ ਵਿਚਾਲੇ ਡੈਮੋਕਰੇਟਿਸ ਨੌਮੀਨੇਸ਼ਨ ਦੇ ਲਈ ਪਹਿਲੇ ਰਾਊਂਡ ਦੀ ਵੋਟਿੰਗ ਕਰਨਗੇ। ਕਮਲਾ ਹੈਰਿਸ ਨੇ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਾ ਨੂੰ ਸੰਬੋਧਨ ਵੀ ਕੀਤਾ। ਕਮਲਾ ਹੈਰਿਸ ਨੇ ਰਾਸ਼ਟਰਪਤੀ ਜੋਅ ਬਾਈਡਨ ਦੇ ਕੰਮ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜੋਅ ਬਾਈਡਨ ਨੇ ਚਾਰ ਸਾਲਾਂ ਵਿਚ ਏਨਾ ਕੰਮ ਕੀਤਾ ਹੈ, ਜਿੰਨਾ ਕਈ ਰਾਸ਼ਟਰਪਤੀ ਆਪਣੇ ਦੋ ਕਾਰਜਕਾਲ ਦੌਰਾਨ ਵੀ ਪੂਰਾ ਨਹੀਂ ਕਰ ਸਕੇ। 

 

 

 

  

ਫੌਜ ਬਣਾਏਗੀ ਬੰਗਲਾਦੇਸ਼ ’ਚ ਅੰਤਰਿਮ ਸਰਕਾਰ

ਢਾਕਾ/ਬਿਊਰੋ ਨਿਊਜ਼  

ਬੰਗਲਾਦੇਸ਼ ਵਿਚ ਰਾਖਵੇਂਕਰਨ ਵਿਰੋਧੀ ਅੰਦੋਲਨ ਦੇ ਹਿੰਸਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੰਗਲਾ ਦੇਸ਼ ਦੇ ਫੌਜ ਮੁਖੀ ਜਨਰਲ ਵੱਕਾਰ ਓਜ ਜਮਾਨ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਢਾਕਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ ਫੌਜ ਬੰਗਲਾਦੇਸ਼ ਵਿਚ ਅੰਤਰਿਮ ਸਰਕਾਰ ਬਣਾਏਗੀ। ਉਧਰ ਢਾਕਾ ਵਿਚ ਹਾਲਾਤ ਬੇਕਾਬੂ ਹਨ ਅਤੇ ਫੌਜ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਲਈ ਅਪੀਲ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੀ ਰਿਹਾਇਸ਼ ਛੱਡ ਦਿੱਤੀ ਹੈ ਅਤੇ ਉਹ ਕਿਸੇ ਸੁਰੱਖਿਅਤ ਜਗ੍ਹਾ ’ਤੇ ਸ਼ਿਫਟ ਹੋ ਗਏ ਹਨ। ਇਸੇ ਦੌਰਾਨ ਬੰਗਲਾਦੇਸ਼ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਬੀਐਸਐਫ ਨੇ ਭਾਰਤ-ਬੰਗਲਾਦੇਸ਼ ਦੀ ਸਰਹੱਦ ’ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। 

 

ਬਾਈਡਨ ਪਿੱਛੇ ਹਟੇ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਰਨਗੇ ਸਮਰਥਨ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਗਲੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜਨਗੇ। ਚੋਣਾਂ ਤੋਂ 4 ਮਹੀਨੇ ਪਹਿਲਾਂ ਉਨ੍ਹਾਂ ਨੇ ਚਿੱਠੀ ਲਿਖ ਕੇ ਇਸ ਸਬੰਧੀ ਐਲਾਨ ਕਰ ਦਿੱਤਾ ਹੈ। ਬਾਈਡਨ ਨੇ ਕਿਹਾ ਕਿ ਮੈਂ ਦੇਸ਼ ਅਤੇ ਪਾਰਟੀ ਹਿੱਤ ਦੇ ਲਈ ਚੋਣਾਂ ਤੋਂ ਬਾਹਰ ਹੋ ਰਿਹਾ ਹਾਂ। ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦੇ ਨਾਲ ਹੀ ਡੈਮੋਕਰੇਟਿਕ ਪਾਰਟੀ ਦੀ ਪ੍ਰੈਜੀਡੈਂਸ਼ੀਅਲ ਉਮੀਦਵਾਰ ਦੇ ਤੌਰ ’ਤੇ ਭਾਰਤਵੰਸ਼ੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਅੱਗੇ ਵਧਾਇਆ ਹੈ। ਧਿਆਨ ਰਹੇ ਕਿ ਅਮਰੀਕਾ ਵਿਚ ਲੰਘੀ 28 ਜੂਨ ਨੂੰ ਹੋਈ ਪ੍ਰੈਜੀਡੈਂਸ਼ੀਅਲ ਡਿਬੇਟ ਤੋਂ ਬਾਅਦ ਬਾਈਡਨ ਦੀ ਡੈਮੋਕਰੇਟਿਕ ਪਾਰਟੀ ਦੇ ਆਗੂ ਇਹ ਮੰਗ ਕਰ ਰਹੇ ਸਨ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡ ਦੇਣ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਪਾਰਟੀ ਦੀ ਸਭ ਤੋਂ ਸੀਨੀਅਰ ਆਗੂ ਨੈਨਸੀ ਪੇਲੋਸੀ ਵੀ ਉਨ੍ਹਾਂ ਨੂੰ ਪ੍ਰੈਜੀਡੈਂਸ਼ੀਅਲ ਦੌੜ ਵਿਚੋਂ ਬਾਹਰ ਹੋਣ ਨੂੰ ਕਹਿ ਚੁੱਕੀ ਸੀ। ਉਧਰ ਦੂਜੇ ਪਾਸੇ ਡੋਨਾਲਡ ਟਰੰਪ ਨੇ ਕਿਹਾ ਕਿ ਬਾਈਡਨ ਕਦੀ ਵੀ ਰਾਸ਼ਟਰਪਤੀ ਅਹੁਦੇ ਦੇ ਲਾਇਕ ਹੀ ਨਹੀਂ ਸਨ। ਟਰੰਪ ਨੇ ਜੋਅ ਬਾਈਡਨ ਨੂੰ ਧੋਖੇਬਾਜ਼ ਵੀ ਦੱਸਿਆ। 

 

ਬੰਗਲਾਦੇਸ਼ ’ਚ ਕਰਫਿਊ ਅਤੇ ਅਗਲੇ ਹੁਕਮਾਂ ਤੱਕ ਅਦਾਲਤਾਂ ਬੰਦ

ਢਾਕਾ/ਬਿਊਰੋ ਨਿਊਜ਼

ਬੰਗਲਾਦੇਸ਼ ਵਿਚ ਰਾਖਵੇਂਕਰਨ ਦੇ ਵਿਰੋਧ ਵਿਚ ਸ਼ੁਰੂ ਹੋਇਆ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਕਈ ਜਗ੍ਹਾ ’ਤੇ ਹਿੰਸਕ ਝੜਪਾਂ ਹੋ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਹਿੰਸਕ ਝੜਪਾਂ ਵਿਚ ਹੁਣ ਤੱਕ 100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਇਸੇ ਦੌਰਾਨ ਬੰਗਲਾਦੇਸ਼ ਵਿਚ ਸਾਰੀਆਂ ਅਦਾਲਤਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਆਦੇਸ਼ ਵਿਚ ਕਿਹਾ ਗਿਆ ਹੈ ਕਿ ਬੰਦ ਦੌਰਾਨ ਬਹੁਤ ਹੀ ਜ਼ਰੂਰੀ ਮਾਮਲਿਆਂ ਵਿਚ ਹੀ ਸੁਣਵਾਈ ਕੀਤੀ ਜਾਵੇਗੀ। ਇਸਦੇ ਲਈ ਚੀਫ ਜਸਟਿਸ ਐਮਰਜੈਂਸੀ ਬੈਂਚ ਦਾ ਗਠਨ ਕਰਨਗੇ। ਇਸੇ ਦੌਰਾਨ ਬੰਗਲਾਦੇਸ਼ ਵਿਚ ਕਰਫਿਊ ਵੀ ਲਗਾ ਦਿੱਤਾ ਗਿਆ ਹੈ।  

ਆਈਸੋਲੇਸ਼ਨ ’ਚ ਰਹਿ ਕੇ ਬਾਈਡਨ ਕਰਨਗੇ ਕੰਮ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਵਾਈਟ ਹਾਊਸ ਨੇ ਦੱਸਿਆ ਕਿ ਉਹ ਆਈਸੋਲੇਸ਼ਨ ਵਿਚ ਰਹਿ ਕੇ ਕੰਮ ਕਰਨਗੇ। ਧਿਆਨ ਰਹੇ ਕਿ ਜੋਅ ਬਾਈਡਨ ਨੇ ਇਹ ਵੀ ਕਿਹਾ ਸੀ ਕਿ ਜੇਕਰ ਡਾਕਟਰ ਉਨ੍ਹਾਂ ਨੂੰ ਅਨਫਿੱਟ ਐਲਾਨ ਦਿੰਦੇ ਹਨ ਤਾਂ ਉਹ ਰਾਸ਼ਟਰਪਤੀ ਚੋਣਾਂ ਦੀ ਦੌੜ ਵਿਚੋਂ ਪਿੱਛੇ ਹਟ ਜਾਣਗੇ। ਇਹ ਗੱਲ ਬਾਈਡਨ ਨੇ ਇਕ ਇੰਟਰਵਿਊ ਦੌਰਾਨ ਕਹੀ ਸੀ ਅਤੇ ਇਕ ਦਿਨ ਪਹਿਲਾਂ ਹੀ ਇਸ ਇੰਟਰਵਿਊ ਨੂੰ ਟੈਲੀਕਾਸਟ ਕੀਤਾ ਗਿਆ ਹੈ। ਬਾਈਡਨ ਨੇ ਜਨਤਕ ਤੌਰ ’ਤੇ ਅਜਿਹਾ ਪਹਿਲੀ ਵਾਰ ਕਿਹਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉਠੇ ਸਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਇਸੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਆਹਮਣੇ-ਸਾਹਮਣੇ ਹਨ। 

5 ਅਗਸਤ ਨੂੰ ਪਾਕਿਸਤਾਨ ’ਚ ਹੋਣਗੀਆਂ ਵੱਡੀਆਂ ਰੈਲੀਆਂ

ਇਸਲਾਮਾਬਾਦ/ਬਿਊੁਰੋ ਨਿਊਜ਼

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਿ੍ਰਫਤਾਰੀ ਦੇ ਇਕ ਸਾਲ ਪੂਰੇ ਹੋਣ ’ਤੇ 5 ਅਗਸਤ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰੇਗੀ। ਪੀਟੀਆਈ ਦੇ ਕਾਰਕੁੰਨਾਂ ਨੇ ਸਰਕਾਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੰਦੇ ਹੋਏ ਇਮਰਾਨ ਖਾਨ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪੀਟੀਆਈ ਦੇ ਆਗੂ ਅਸਦ ਕੈਸਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਬਾਰੇ ਵਿਚ ਆਖਰੀ ਫੈਸਲਾ ਪਾਰਟੀ ਦੀ ਮੀਟਿੰਗ ਵਿਚ ਕਰ ਲਿਆ ਜਾਵੇਗਾ। ਹਾਲਾਂਕਿ ਉਹ 5 ਅਗਸਤ ਨੂੰ ਪੂਰੇ ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਇਮਰਾਨ ਨੂੰ ਮਨਘੜਤ ਮਾਮਲੇ ਵਿਚ ਗੈਰਕਾਨੂੰਨੀ ਢੰਗ ਨਾਲ ਗਿ੍ਰਫਤਾਰ ਕੀਤਾ ਗਿਆ ਹੈ। ਧਿਆਨ ਰਹੇ ਕਿ ਇਮਰਾਨ ਖਾਨ ਨੂੰ 5 ਅਗਸਤ 2023 ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਲਾਹੌਰ ਵਿਚ ਉਨ੍ਹਾਂ ਦੇ ਘਰ ਤੋਂ ਗਿ੍ਰਫਤਾਰ ਕਰ ਲਿਆ ਗਿਆ ਸੀ।

13 ਭਾਰਤੀਆਂ ਸਣੇ 16 ਕਰੂ ਮੈਂਬਰ ਲਾਪਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਓਮਾਨ ਦੇ ਨੇੜੇ ਇਕ ਸਮੰੁਦਰੀ ਤੇਲ ਟੈਂਕਰ ਸਮੁੰਦਰ ਵਿਚ ਪਲਟ ਗਿਆ ਹੈ। ਇਸ ਤੇਲ ਟੈਂਕਰ ਵਿਚ 13 ਭਾਰਤੀਆਂ ਸਣੇ 16 ਕਰੂ ਮੈਂਬਰ ਸਵਾਰ ਸਨ। ਇਸ ਟੈਂਕਰ ਵਿਚ 13 ਭਾਰਤੀਆਂ ਤੋਂ ਇਲਾਵਾ 3 ਵਿਅਕਤੀ ਸ੍ਰੀਲੰਕਾ ਦੇ ਦੱਸੇ ਜਾ ਰਹੇ ਹਨ। ਇਹ ਸਾਰੇ 16 ਵਿਅਕਤੀ ਲਾਪਤਾ ਹਨ ਅਤੇ ਇਹ ਘਟਨਾ ਲੰਘੇ ਸੋਮਵਾਰ ਦੀ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸਮੁੰਦਰੀ ਸੁਰੱਖਿਆ ਕੇਂਦਰ ਦੇ ਮੁਤਾਬਕ, ਪ੍ਰੈਸਟੀਜ਼ ਫਾਲਕਨ ਨਾਮ ਦਾ ਇਹ ਤੇਲ ਟੈਂਕਰ ਦੁਬਈ ਦੇ ਹਮਰਿਆ ਪੋਰਟ ਤੋਂ ਰਵਾਨਾ ਹੋਇਆ ਸੀ। ਇਸ ’ਤੇ ਕੋਮੋਰੋਸ ਦਾ ਝੰਡਾ ਲੱਗਾ ਹੋਇਆ ਸੀ ਅਤੇ ਇਹ ਯਮਨ ਦੇ ਅਦਨ ਪੋਰਟ ਜਾ ਰਿਹਾ ਸੀ। ਡੁਕਮ ਦੇ ਪੋਰਟ ਟਾਊਨ ਦੇ ਨੇੜੇ ਰਾਸ ਮਦ੍ਰਕਾਹ ਤੋਂ ਕਰੀਬ 46 ਕਿਲੋਮੀਟਰ ਦੂਰ ਇਹ ਤੇਲ ਟੈਂਕਰ ਸਮੁੰਦਰ ’ਚ ਪਲਟ ਗਿਆ। ਕਰੂ ਮੈਂਬਰਾਂ ਦੀ ਤਲਾਸ਼ ਵਿਚ ਦੋ ਦਿਨਾਂ ਤੋਂ ਸਰਚ ਅਭਿਆਨ ਅਤੇ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਹੈ।  

 

ਵੱਡੀ ਗਿਣਤੀ ’ਚ ਲੋਕ ਸਟੇਸ਼ਨਾਂ ’ਤੇ ਫਸੇ

ਨਵੀਂ ਦਿੱਲੀ/ਬਿਊਰੋ ਨਿਊਜ਼

ਫਰਾਂਸ ਦੇ ਪੈਰਿਸ ਵਿਚ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਰੇਲਵੇ ਲਾਈਨਾਂ ਦੀ ਭੰਨ ਤੋੜ ਦੀਆਂ ਘਟਨਾਵਾਂ ਹੋਈਆਂ ਹਨ। ਪੈਰਿਸ ਦੇ ਸਮੇਂ ਮੁਤਾਬਕ ਸਵੇਰੇ 5 ਵਜੇ ਦੇ ਕਰੀਬ ਕਈ ਰੇਲਵੇ ਲਾਈਨਾਂ ’ਤੇ ਭੰਨ ਤੋੜ ਅਤੇ ਅਗਜ਼ਨੀ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਇਨ੍ਹਾਂ ਘਟਨਾਵਾਂ ਤੋਂ ਤੁਰੰਤ ਬਾਅਦ ਪੈਰਿਸ ਤੋਂ ਆਉਣ ਜਾਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ਘਟਨਾਵਾਂ ਕਰਕੇ ਵੱਡੀ ਗਿਣਤੀ ਵਿਚ ਯਾਤਰੀ ਰੇਲਵੇ ਸਟੇਸ਼ਨਾਂ ’ਤੇ ਫਸ ਗਏ। ਫਰਾਂਸ ਦੀ ਸਰਕਾਰੀ ਰੇਲਵੇ ਕੰਪਨੀ ਨੇ ਸਾਰੇ ਯਾਤਰੀਆਂ ਲਈ ਟਰੈਵਲ ਚਿਤਾਵਨੀ ਜਾਰੀ ਕੀਤੀ ਹੈ ਅਤੇ ਰੇਲਵੇ ਸਟੇਸ਼ਨਾਂ ’ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਇਸਦੇ ਚੱਲਦਿਆਂ ਬਿ੍ਰਟੇਨ ਨੇ ਵੀ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਈਜਰੀ ਜਾਰੀ ਕੀਤੀ ਹੈ। 

 

ਮੋਦੀ ਨੇ ਆਸਟਰੀਆ ਦੌਰੇ ਨੂੰ ਦੱਸਿਆ ਇਤਿਹਾਸਕ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਸਟਰੀਆ ਦੌਰੇ ’ਤੇ ਹਨ ਅਤੇ ਨਰਿੰਦਰ ਮੋਦੀ ਦਾ ਆਸਟਰੀਆ ’ਚ ਨਿੱਘਾ ਸਵਾਗਤ ਵੀ ਕੀਤਾ ਗਿਆ। ਮੋਦੀ ਨੇ ਵਿਜਟਰ ਬੁੱਕ ਵਿਚ ਦਸਤਖਤ ਵੀ ਕੀਤੇ ਹਨ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਵੀ ਸਨ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ ਹੈ। ਇਸ ਮੌਕੇ ਆਸਟਰੀਆ ਦੇ ਚਾਂਸਲਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿਸਦੀ ਆਵਾਜ਼ ਪੂਰੀ ਦੁਨੀਆ ਵਿਚ ਸੁਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਭਰੋਸੇਮੰਦ ਪਾਰਟਨਰ ਹੋਣ ਦੇ ਨਾਲ ਹੀ ਆਸਟਰੀਆ ਵੀ ਯੂਕਰੇਨ ਸੰਕਟ ਦਾ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ। ਇਸੇ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਦਾ ਹੱਲ ਯੁੱਧ ਦੇ ਮੈਦਾਨ ਵਿਚ ਨਹੀਂ ਹੋ ਸਕਦਾ। ਮੋਦੀ ਨੇ ਆਪਣੇ ਆਸਟਰੀਆ ਦੌਰੇ ਨੂੰ ਇਤਿਹਾਸਕ ਦੱਸਿਆ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.