Sunday, 14 June 2026

 

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਦੁੱਖ ਪ੍ਰਗਟ

ਜੈਪੁਰ/ਬਿਊਰੋ ਨਿਊਜ਼ 

ਰਾਜਸਥਾਨ ਦੇ ਝਾਲਾਵਾੜ ਵਿਚ ਸਰਕਾਰੀ ਸਕੂਲ ਦੀ ਇਮਾਰਤ ਦਾ ਹਿੱਸਾ ਡਿੱਗਣ ਨਾਲ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ 28 ਬੱਚੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਝਾਲਾਵਾੜ ਵਿਚ ਮਨੋਹਰਥਾਨਾ ਬਲਾਕ ਦੇ ਪਿੰਡ ਪੀਪਲੋਦੀ ਦੇ ਸਰਕਾਰੀ ਸਕੂੁਲ ਦਾ ਇਕ ਕਲਾਸ ਰੂਮ ਮੀਂਹ ਦੇ ਚੱਲਦਿਆਂ ਪੂਰੀ ਤਰ੍ਹਾਂ ਢਹਿ ਗਿਆ। ਇਸ ਕਲਾਸ ਰੂਮ ਵਿਚ 7ਵੀਂ ਜਮਾਤ ਦੇ 35 ਬੱਚੇ ਬੈਠੇ ਸਨ ਅਤੇ ਇਹ ਸਾਰੇ ਮਲਬੇ ਹੇਠਾਂ ਦਬ ਗਏ। ਸਕੂਲ ਵਿਚ ਮੌਜੂਦ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਬੱਚਿਆਂ ਨੂੰ ਮਲਬੇ ਹੇਠੋਂ ਕੱਢਿਆ। ਇਸ ਦਰਦਨਾਕ ਘਟਨਾ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ।

 

 

ਕਿਹਾ : ਆਰ.ਜੇ.ਡੀ. ਅਤੇ ਕਾਂਗਰਸ ਦੀ ਸਰਕਾਰ ਸਮੇਂ ਬਿਹਾਰ ਦਾ ਨਹੀਂ ਹੋਇਆ ਵਿਕਾਸ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿਚ 7200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਆਗਾਜ਼ ਕੀਤਾ ਹੈ। ਇਸ ਮੌਕੇ ਪੀਐਮ ਮੋਦੀ ਨੇ ਵਿਰੋਧੀ ਪਾਰਟੀਆਂ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਆਰ.ਜੇ.ਡੀ. ਅਤੇ ਕਾਂਗਰਸ ਦੀ ਸਰਕਾਰ ਵੇਲੇ ਬਿਹਾਰ ਵਿਚ ਵਿਕਾਸ ਨਹੀਂ ਹੋਇਆ। ਪੀਐਮ ਨੇ ਕਿਹਾ ਕਿ ਆਰ.ਜੇ.ਡੀ. ਅਤੇ ਕਾਂਗਰਸ ਨੇ ਕਦੇ ਵੀ ਬਿਹਾਰ ਦੇ ਗਰੀਬ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਗਰੀਬ ਲੋਕ ਗਰੀਬ ਹੀ ਰਹੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਹਾਰ ਪਹੁੰਚਣ ’ਤੇ ਧੰਨਵਾਦ ਕੀਤਾ। 

 

ਸਰਕਾਰ ਕਹਿੰਦੀ ਹੈ ਅਪਰੇਸ਼ਨ ਸੰਦੂਰ ਜਾਰੀ ਹੈ

ਨਵੀਂ ਦਿੱਲੀ/ਬਿਊਰੋ ਨਿਊਜ਼

ਸੰਸਦ ’ਚ ਮਾਨਸੂਨ ਇਜਲਾਸ ਵਿਚ ਹਿੱਸਾ ਲੈ ਕੇ ਬਾਹਰ ਆਏ ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਪਰੇਸ਼ਨ ਸੰਦੂਰ ਬਾਰੇ ਕੇਂਦਰ ਸਰਕਾਰ ਨੂੰ ਸਵਾਲ ਪੁੱਛੇ ਹਨ। ਰਾਹੁਲ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਅਪਰੇਸ਼ਨ ਸੰਦੂਰ ਜਾਰੀ ਹੈ, ਜਦੋਂ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ-ਪਾਕਿ ਜੰਗ ਬੰਦ ਕਰਵਾਉਣ ਦਾ ਵਾਰ-ਵਾਰ ਦਾਅਵਾ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਟਰੰਪ 25 ਵਾਰ ਕਹਿ ਚੁੱਕੇ ਹਨ ਕਿ ਭਾਰਤ-ਪਾਕਿ ਵਿਚਾਲੇ ਜੰਗਬੰਦੀ ਉਨ੍ਹਾਂ ਨੇ ਖੁਦ ਕਰਵਾਈ ਸੀ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ’ਤੇ ਕੋਈ ਜਵਾਬ ਨਹੀਂ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਦਾਲ ’ਚ ਕੁਝ ਕਾਲਾ ਲੱਗਦਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ’ਚ ਅੱਜ ਬਿਹਾਰ ਵੋਟਰ ਵੈਰੀਫਿਕੇਸ਼ਨ ਦੇ ਮੁੱਦੇ ’ਤੇ ਜੰਮ ਕੇ ਹੰਗਾਮਾ ਵੀ ਹੋਇਆ।  

 

 

ਪੰਜਾਬ ਕਾਂਗਰਸ ਨੇ ਚੈਤੰਨਿਆ ਬਘੇਲ ਦੀ ਗਿ੍ਰਫਤਾਰੀ ਦੀ ਕੀਤੀ ਨਿੰਦਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 2100 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਛੱਤੀਸਗੜ੍ਹ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਨੂੰ ਗਿ੍ਰਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਭੂਪੇਸ਼ ਬਘੇਲ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ। ਈਡੀ ਨੇ ਰਸਮੀ ਗਿ੍ਰਫਤਾਰੀ ਤੋਂ ਪਹਿਲਾਂ ਚੈਤੰਨਿਆ ਬਘੇਲ ਦੀ ਭਿਲਾਈ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਭੂਪੇਸ਼ ਬਘੇਲ ਵੀ ਇਸੇ ਰਿਹਾਇਸ਼ ’ਤੇ ਆਪਣੇ ਪੁੱਤਰ ਨਾਲ ਹੀ ਰਹਿੰਦੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਸੰਘੀ ਜਾਂਚ ਏਜੰਸੀ ਨੇ 10 ਮਾਰਚ ਨੂੰ ਚੈਤੰਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ। ਭੂਪੇਸ਼ ਬਘੇਲ ਦੇ ਪੁੱਤਰ ਖਿਲਾਫ ਈਡੀ ਦੀ ਕਾਰਵਾਈ ਦੇ ਰੋਸ ਵਜੋਂ ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਵੀ ਕੀਤਾ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਕਾਂਗਰਸੀਆਂ ਵਲੋਂ ਚੈਤੰਨਿਆ ਬਘੇਲ ਦੀ ਈਡੀ ਵਲੋਂ ਕੀਤੀ ਗਿ੍ਰਫਤਾਰੀ ਦੀ ਨਿੰਦਾ ਕੀਤੀ ਜਾ ਰਹੀ ਹੈ।  

 

 

ਅਮਰੀਕਾ ਤੋਂ ਹਿੰਡਨ ਏਅਰਬੇਸ ’ਤੇ ਲਿਆਂਦੇ ਗਏ ਤਿੰਨ ਹੈਲੀਕਾਪਟਰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਫੌਜ ਨੂੰ ਅਮਰੀਕਾ ਤੋਂ ਤਿੰਨ ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਮਿਲ ਗਈ ਹੈ। ਫੌਜ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਹੈਲੀਕਾਪਟਰਾਂ ਨੂੰ ਅਮਰੀਕਾ ਤੋਂ ਗਾਜ਼ੀਆਬਾਦ ਜ਼ਿਲ੍ਹੇ ਦੇ ਹਿੰਡਨ ਏਅਰਬੇਸ ’ਤੇ ਲਿਆਂਦਾ ਗਿਆ। ਫੌਜ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਭਾਰਤ ਨੂੰ 6 ਅਪਾਚੇ ਗਾਰਡੀਅਨ ਹੈਲੀਕਾਪਟਰ ਮਿਲਣੇ ਹਨ, ਜਿਨ੍ਹਾਂ ਵਿਚੋਂ 3 ਭਾਰਤ ’ਚ ਪਹੁੰਚ ਚੁੱਕੇ ਹਨ। ਇਨ੍ਹਾਂ ਹੈਲੀਕਾਪਟਰਾਂ ਨੂੰ ਰੇਤ ਜਿਹੇ ਰੰਗ ਨਾਲ ਰੰਗਿਆ ਗਿਆ ਹੈ। ਇਸ ਨਾਲ ਇਨ੍ਹਾਂ ਨੂੰ ਰੇਗਿਸਤਾਨੀ ਇਲਾਕਿਆਂ ’ਚ ਛੁਪਾਉਣ ਵਿਚ ਮੱਦਦ ਮਿਲਦੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਅਪਾਚੇ ਹੈਲੀਕਾਪਟਰਾਂ ਨੂੰ ਪਾਕਿਸਤਾਨ ਦੇ ਨਾਲ ਲੱਗਦੀ ਪੱਛਮੀ ਸਰਹੱਦ ਦੇ ਨੇੜੇ ਜੋਧਪੁਰ ਵਿਚ ਤੈਨਾਤ ਕੀਤਾ ਜਾਵੇਗਾ। ਭਾਰਤੀ ਥਲ ਸੈਨਾ ਨੂੰ ਪਹਿਲੀ ਵਾਰ ਅਪਾਚੇ ਹੈਲੀਕਾਪਟਰ ਮਿਲੇ ਹਨ ਅਤੇ ਇਹ ਹੈਲੀਕਾਪਟਰ ਦੁਨੀਆ ਦੇ ਸਭ ਤੋਂ ਐਡਵਾਂਸ ਲੜਾਕੂ ਹੈਲੀਕਾਪਟਰਾਂ ਵਿਚੋਂ ਇਕ ਹਨ।  

 

ਕਿਹਾ : ਰੂਸ ਨਾਲ ਕਾਰੋਬਾਰੀ ਸਬੰਧ ਜਾਰੀ ਰਹੇ ਤਾਂ ਸਖ਼ਤ ਪਾਬੰਦੀਆਂ ਲਈ ਰਹੋ ਤਿਆਰ

ਵਾਸ਼ਿੰਗਟਨ/ਬਿਊਰੋ ਨਿਊਜ਼  

ਨਾਟੋ (ਨਾਰਥ ਐਟਲਾਂਟਿਕ ਟਰੀਟੀ ਆਰਗੇਨਾਈਜੇਸ਼ਨ) ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਚਿਤਾਵਨੀ ਦਿੱਤੀ ਕਿ ਭਾਰਤ, ਬ੍ਰਾਜ਼ੀਲ ਤੇ ਚੀਨ ਵਰਗੇ ਮੁਲਕ ਜੇਕਰ ਰੂਸ ਨਾਲ ਕਾਰੋਬਾਰ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕ ਰੂਟੇ ਨੇ ‘ਬਿ੍ਰਕਸ’ ਸਮੂਹ ਵਿਚ ਸ਼ਾਮਲ ਇਨ੍ਹਾਂ ਮੁਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਪੂਤਿਨ ਨੂੰ ਸ਼ਾਂਤੀ ਵਾਰਤਾ ਲਈ ਸੰਜੀਦਾ ਹੋਣ ਵਾਸਤੇ ਕਹਿਣ ਜਾਂ ਫਿਰ ਰੂਸ ਸਖਤ ਪਾਬੰਦੀਆਂ ਲਈ ਤਿਆਰ ਰਹੇ। ਰੂਟੇ ਨੇ ਇਹ ਟਿੱਪਣੀ ਅਮਰੀਕੀ ਕਾਂਗਰਸ ਵਿੱਚ ਸੈਨੇਟਰਾਂ ਨਾਲ ਮੁਲਾਕਾਤ ਦੌਰਾਨ ਕੀਤੀ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਲਈ ਨਵੇਂ ਹਥਿਆਰਾਂ ਦਾ ਐਲਾਨ ਕੀਤਾ ਅਤੇ 50 ਦਿਨਾਂ ਵਿੱਚ ਸ਼ਾਂਤੀ ਸਮਝੌਤਾ ਨਾ ਹੋਣ ’ਤੇ ਰੂਸੀ ਬਰਾਮਦਾਂ ਦੇ ਖਰੀਦਦਾਰਾਂ ’ਤੇ 100 ਫੀਸਦ ਸੈਕੰਡਰੀ ਟੈਰਿਫ ਲਾਉਣ ਦੀ ਧਮਕੀ ਦਿੱਤੀ।

 

ਵਿਦਾਇਗੀ ਸਮਾਰੋਹ ’ਚ ਵੀ ਸ਼ਾਮਲ ਨਹੀਂ ਹੋਣਗੇ ਧਨਖੜ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਇਹ ਜਾਣਕਾਰੀ ਰਾਜ ਸਭਾ ’ਚ ਸਪੀਕਰ ਘਨਸ਼ਿਆਮ ਤਿਵਾੜੀ ਵਲੋਂ ਦਿੱਤੀ ਗਈ ਹੈ ਅਤੇ ਧਨਖੜ ਅੱਜ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਵਿਚ ਵੀ ਸ਼ਾਮਲ ਨਹੀਂ ਹੋਏ ਹਨ। ਇਸਦੇ ਚੱਲਦਿਆਂ ਰਾਜ ਸਭਾ ਦੀ ਕਾਰਵਾਈ ਦੀ ਸ਼ੁਰੂਆਤ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਹਰਿਵੰਸ਼ ਨੇ ਕੀਤੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਗਦੀਪ ਧਨਖੜ ਆਪਣੇ ਵਿਦਾਇਗੀ ਸਮਾਰੋਹ ਵਿਚ ਵੀ ਸ਼ਾਮਲ ਨਹੀਂ ਹੋਣਗੇ। ਦੱਸਣਯੋਗ ਹੈ ਕਿ ਜਗਦੀਪ ਧਨਖੜ ਨੇ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਉਨ੍ਹਾਂ ਦਾ ਕਾਰਜਕਾਲ 10 ਅਗਸਤ 2027 ਤੱਕ ਸੀ। ਰਾਸ਼ਟਰਪਤੀ ਨੂੰ ਲਿਖੇ ਅਸਤੀਫੇ ਵਿਚ ਧਨਖੜ ਨੇ ਅਹੁਦਾ ਛੱਡਣ ਦਾ ਕਾਰਨ ਸਿਹਤ ਦੱਸਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਗਦੀਪ ਧਨਖੜ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਉਧਰ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਨੇ ਧਨਖੜ ਦੇ ਅਸਤੀਫੇ ਦਾ ਕਾਰਨ ਕੁਝ ਹੋਰ ਦੱਸਿਆ ਹੈ।  

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਸੰਸਦ ਦੇ ਅਗਾਮੀ ਮਾਨਸੂਨ ਇਜਲਾਸ ਵਿਚ ਜੰਮੂ ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਲਈ ਬਿੱਲ ਲਿਆਂਦਾ ਜਾਵੇ। ਰਾਹੁਲ ਨੇ ਪੱਤਰ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਪੁਰਾਣੇ ਦੋ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ। ਜਦੋਂ ਪ੍ਰਧਾਨ ਮੰਤਰੀ ਨੇ 19 ਮਈ 2024 ਨੂੰ ਭੁਵਨੇਸ਼ਵਰ ਵਿਚ ਅਤੇ 19 ਸਤੰਬਰ 2024 ਨੂੰ ਸ੍ਰੀਨਗਰ ਦੀ ਰੈਲੀ ਵਿਚ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦਿਵਾਉਣ ਦੀ ਗੱਲ ਕਹੀ ਸੀ। 

 

 

ਹਾਈਕੋਰਟ ਨੇ ਕਿਹਾ : ਸਰਕਾਰੀ ਵਕੀਲ ਦੋਸ਼ ਸਾਬਿਤ ਕਰਨ ’ਚ ਰਹੇ ਨਕਾਮ

ਮੁੰਬਈ/ਬਿਊਰੋ ਨਿਊਜ਼ 

ਮੁੰਬਈ ਵਿਚ 2006 ਦੇ ਸੀਰੀਅਲ ਟਰੇਨ ਬਲਾਸਟ ਮਾਮਲੇ ਵਿਚ ਹਾਈਕੋਰਟ ਨੇ ਅੱਜ ਸੋਮਵਾਰ ਨੂੰ ਸਾਰੇ 12 ਆਰੋਪੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਆਰੋਪੀਆਂ ਦੇ ਖਿਲਾਫ ਸਰਕਾਰੀ ਵਕੀਲ ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੇ ਹਨ। ਹਾਈਕੋਰਟ ਨੇ ਕਿਹਾ ਕਿ ਇਹ ਮੰਨਣਾ ਮੁਸ਼ਕਲ ਹੈ ਕਿ ਆਰੋਪੀਆਂ ਨੇ ਅਪਰਾਧ ਕੀਤਾ ਹੈ ਅਤੇ ਇਸ ਲਈ ਹੀ ਉਨ੍ਹਾਂ ਨੂੰ ਬਰੀ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਉਹ ਕਿਸੇ ਦੂਜੇ ਮਾਮਲੇ ਵਿਚ ਲੋੜੀਂਦੇ ਨਹੀਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 11 ਜੁਲਾਈ 2006 ਦੀ ਸ਼ਾਮ ਨੂੰ ਮੁੰਬਈ ਦੀ ਲੋਕਲ ਟਰੇਨ ਵਿਚ ਸਿਰਫ 11 ਮਿੰਟਾਂ ਦੇ ਅੰਦਰ 7 ਵੱਖ-ਵੱਖ ਥਾਵਾਂ ’ਤੇ ਬੰਬ ਧਮਾਕੇ ਹੋਏ ਸਨ। ਇਸ ਘਟਨਾ ਵਿਚ 189 ਵਿਅਕਤੀਆਂ ਦੀ ਜਾਨ ਚਲੇ ਗਈ ਸੀ, ਜਦੋਂ ਕਿ 800 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਸਨ। ਇਹ ਧਮਾਕੇ ਫਸਟ ਕਲਾਸ ਕੋਚਾਂ ’ਚ ਹੋਏ ਸਨ। ਇਹ ਵੀ ਦੱਸਣਯੋਗ ਹੈ ਕਿ ਇਸ ਘਟਨਾ ਤੋਂ 19 ਸਾਲ ਬਾਅਦ ਇਹ ਫੈਸਲਾ ਆਇਆ ਹੈ। 

 

 

ਜੰਮੂ/ਬਿਊਰੋ ਨਿਊਜ਼  

ਜੰਮੂ ਕਸ਼ਮੀਰ ਦੇ ਪਹਾੜੀ ਜ਼ਿਲ੍ਹੇ ਡੋਡਾ ਵਿਚ ਅੱਜ ਸਵੇਰੇ ਟੈਂਪੂ ਟਰੈਵਲਰ ਦੇ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਇਕ ਮਹਿਲਾ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 17 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਡੋਡਾ ਤੋਂ ਕੋਈ 30 ਕਿਲੋਮੀਟਰ ਦੂਰ ਡੋਡਾ-ਭਾਰਥ ਰੋਡ ’ਤੇ ਪੌਂਡਾ ਨੇੜੇ ਹੋਇਆ। ਮਿਲੀ ਜਾਣਕਾਰੀ ਅਨੁਸਾਰ ਟੈਂਪੂ ਟਰੈਵਲਰ ਵਿਚ ਸਮਰੱਥਾ ਨਾਲੋਂ ਵੱਧ ਸਵਾਰੀਆਂ ਮੌਜੂਦ ਸਨ ਤੇ ਸਵੇਰੇ 9 ਵਜੇ ਦੇ ਕਰੀਬ ਇਹ ਵਾਹਨ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗਿਆ। ਅਧਿਕਾਰੀਆਂ ਨੇ ਕਿਹਾ ਕਿ 17 ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਤੇ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜਹਾਰ ਕੀਤਾ ਹੈ।

 

 

ਅਰੋੜਾ ਨੇ ਲੁਧਿਆਣਾ ਪੱਛਮੀ ਤੋਂ ਜਿੱਤ ਲਈ ਹੈ ਵਿਧਾਨ ਸਭਾ ਚੋਣ

ਨਵੀਂ ਦਿੱਲੀ/ਬਿਊਰੋ ਨਿਊਜ਼

ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਉਚ ਸਦਨ ਨੂੰ ਸੂਚਿਤ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਮਨਜੂਰ ਵੀ ਕਰ ਲਿਆ ਗਿਆ ਹੈ। ਸੰਸਦ ਦੇ ਮਾਨਸੂਨ ਇਜਲਾਸ ਦੇ ਅੱਜ ਪਹਿਲੇ ਦਿਨ ਸੋਮਵਾਰ ਨੂੰ ਸਭਾਪਤੀ ਨੇ ਸਦਨ ਨੂੰ ਅਰੋੜਾ ਦੇ ਅਸਤੀਫੇ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਰੋੜਾ ਨੇ ਲੰਘੀ 1 ਜੁਲਾਈ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੰਜੀਵ ਅਰੋੜਾ ਦਾ ਅਸਤੀਫਾ 1 ਜੁਲਾਈ ਤੋਂ ਹੀ ਸਵੀਕਾਰ ਕਰ ਲਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ’ਤੇ 19 ਜੂਨ ਨੂੰ ਹੋਈ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਸੰਜੀਵ ਅਰੋੜਾ ਨੂੰ ਪੰਜਾਬ ਕੈਬਨਿਟ ਵਿਚ ਸ਼ਾਮਲ ਕਰ ਲਿਆ ਗਿਆ ਹੈ।  

 

 

ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ

ਜਲੰਧਰ/ਬਿਊਰੋ ਨਿਊਜ਼ 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਵਿਚ ਡੰਕੀ ਰੂਟ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਨਵੇਂ ਸਿਰੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮਾਮਲਾ ਅਮਰੀਕਾ ਵਲੋਂ ਇਸ ਸਾਲ ਦੇਸ਼ ਨਿਕਾਲਾ ਦਿੱਤੇ ਗਏ ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨਾਲ ਸਬੰਧਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਨਸਾ, ਕੁਰੂਕਸ਼ੇਤਰ ਅਤੇ ਕਰਨਾਲ ਵਿਚ ਪਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਸੱਤ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਇਹ ਨਵੀਂ ਜਾਂਚ ਪੰਜਾਬ ਤੇ ਹਰਿਆਣਾ ’ਚ ਪਹਿਲੀ ਤਲਾਸ਼ੀ ਦੌਰਾਨ ਇਕੱਠੇ ਕੀਤੇ ਗਏ ਭਰੋਸੇਯੋਗ ਇਨਪੁਟਸ ’ਤੇ ਅਧਾਰਿਤ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਬੁੱਧਵਾਰ ਅਤੇ ਵੀਰਵਾਰ ਨੂੰ ਈਡੀ ਨੇ 11 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਸੇ ਦੌਰਾਨ ਈਡੀ ਨੇ ਏਜੰਟਾਂ ਦੇ ਘਰਾਂ ਤੋਂ 30 ਪਾਸਪੋਰਟ ਬਰਾਮਦ ਕੀਤੇ, ਜੋ ਲੋਕਾਂ ਨੂੰ ‘ਡੰਕੀ ਰੂਟਾਂ’ ਰਾਹੀਂ ਭੇਜਣ ਵਿਚ ਸ਼ਾਮਲ ਸਨ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.