Sunday, 14 June 2026

ਤਾਲਿਮਨਾਡੂ ’ਚ ਵੀ ਪਟਾਖਾ ਫੈਕਟਰੀ ’ਚ ਹੋਏ ਧਮਾਕੇ ਕਾਰਨ 5 ਵਿਅਕਤੀਆਂ ਦੀ ਗਈ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼

ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ ਵਿਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਲੰਘੇ ਕੱਲ੍ਹ ਧਮਾਕਾ ਹੋ ਗਿਆ ਸੀ। ਇਸ ਧਮਾਕੇ ਵਿਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 44 ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਸੰਗਾਰੈਡੀ ਦੇ ਐਸ.ਪੀ. ਪਰਿਤੋਸ਼ ਪੰਕਜ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਨੈਸ਼ਨਲ ਰਿਲੀਫ ਫੰਡ ਵਿਚੋਂ ਇਸ ਧਮਾਕੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਤਾਮਿਲਨਾਡੂ ਦੇ ਸ਼ਿਵਕਾਸ਼ੀ ’ਚ ਅੱਜ ਮੰਗਲਵਾਰ ਨੂੰ ਇਕ ਪਟਾਖਾ ਫੈਕਟਰੀ ਵਿਚ ਵੀ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਪੰਜ ਵਿਅਕਤੀਆਂ ਦੀ ਜਾਨ ਚਲੇ ਗਈ ਹੈ ਅਤੇ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ।

 

 

 

  

ਜ਼ਬਰ ਜਨਾਹ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਆਸਾ ਰਾਮ

ਅਹਿਮਦਾਬਾਦ/ਬਿਊਰੋ ਨਿਊਜ਼

ਗੁਜਰਾਤ ਹਾਈਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਸਵੈ-ਘੋਸ਼ਿਤ ਸੰਤ ਆਸਾਰਾਮ ਨੂੰ 2013 ਦੇ ਜਬਰ ਜਨਾਹ ਕੇਸ ਵਿਚ ਮਿਲੀ ਅੰਤਰਿਮ ਜ਼ਮਾਨਤ ਨੂੰ 7 ਜੁਲਾਈ ਤੱਕ ਵਧਾ ਦਿੱਤਾ ਹੈ। ਇਸ ਕੇਸ ਵਿਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਸਟਿਸ ਇਲੇਸ਼ ਵੋਰਾ ਅਤੇ ਸੰਦੀਪ ਭੱਟ ਦੀ ਡਿਵੀਜ਼ਨ ਬੈਂਚ ਨੇ ਅਰਜ਼ੀ ਦੀ ਸੁਣਵਾਈ ਦੌਰਾਨ 28 ਮਾਰਚ ਨੂੰ ਤਿੰਨ ਮਹੀਨਿਆਂ ਲਈ ਦਿੱਤੀ ਗਈ ਅੰਤਰਿਮ ਜ਼ਮਾਨਤ ਵਿਚ ਇਹ ਵਾਧਾ ਕੀਤਾ ਹੈ।   86 ਸਾਲਾ ਆਸਾ ਰਾਮ ਮੈਡੀਕਲ ਅਧਾਰ ’ਤੇ ਜ਼ਮਾਨਤ ’ਤੇ ਹੈ। ਜ਼ਿਕਰਯੋਗ ਹੈ ਕਿ 2023 ਵਿਚ ਗਾਂਧੀਨਗਰ ਦੀ ਇਕ ਅਦਾਲਤ ਨੇ ਆਸਾ ਰਾਮ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 

 

ਸਿੱਖ ਸੰਗਤ ਨੂੰ ਮਿਲੇਗਾ ਲਾਭ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚਣ ’ਚ ਹੋਵੇਗੀ ਅਸਾਨੀ

ਜਲੰਧਰ/ਬਿਊਰੋ ਨਿਊਜ਼  

ਪੰਜਾਬ ਦੀ ਹਵਾਈ ਕਨੈਕਟਿਵਟੀ ਨੂੰ ਮਜ਼ਬੂਤੀ ਦਿੰਦੇ ਹੋਏ ਇੰਡੀਗੋ ਏਅਰਲਾਈਨਜ਼ ਭਲਕੇ 2 ਜੁਲਾਈ ਦਿਨ ਬੁੱਧਵਾਰ ਤੋਂ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਨ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੀਂ ਸੇਵਾ ਨੂੰ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਸਿੱਖ ਸੰਗਤ ਲਈ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਹੁਣ ਸਿੱਖ ਸ਼ਰਧਾਲੂ ਪੰਜਾਬ ਤੋਂ ਸਿੱਧੀ ਉਡਾਨ ਰਾਹੀਂ ਮੁੰਬਈ ਅਤੇ ਉਥੋਂ ਤਖਤ ਸ੍ਰੀ ਹਜ਼ੂਰ ਸਾਹਿਬ ਵੀ ਅਸਾਨੀ ਨਾਲ ਜਾ ਸਕਣਗੇ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸਿਰਫ ਇਕ ਨਵੀਂ ਉਡਾਨ ਨਹੀਂ ਹੈ, ਬਲਕਿ ਇਹ ਸਿੱਖ ਸੰਗਤ ਦੀ ਕਈ ਸਾਲ ਪੁਰਾਣੀ ਮੰਗ ਨੂੰ ਪੂਰਾ ਕਰਨ ਵਾਲਾ ਇਤਿਹਾਸਕ ਫੈਸਲਾ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਪੂਰਾ ਸਨਮਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦੇ ਲੋਕਾਂ ਲਈ ਬਿਹਤਰੀਨ ਪਹਿਲ ਹੈ, ਜਿਸ ਨਾਲ ਸੂਬੇ ਦਾ ਹਵਾਈ ਸੰਪਰਕ ਹੋਰ ਮਜ਼ਬੂਤ ਹੋਵੇਗਾ।    

 

ਦੋਵਾਂ ਮੁੱਖ ਮੰਤਰੀਆਂ ਨੂੰ ਗੱਲਬਾਤ ਕਰਨ ਲਈ ਕਿਹਾ 

ਚੰਡੀਗੜ੍ਹ/ਬਿਊਰੋ ਨਿਊਜ਼ 

ਐਸ.ਵਾਈ.ਐਲ. ਮਾਮਲੇ ’ਤੇ ਪੰਜਾਬ ਤੇ ਹਰਿਆਣਾ ਨੂੰ ਕੇਂਦਰ ਸਰਕਾਰ ਨੇ ਇਕ ਚਿੱਠੀ ਭੇਜੀ ਹੈ। ਸਰਕਾਰ ਨੇ  ਇਨ੍ਹਾਂ ਦੋਵਾਂ ਸੂਬਿਆਂ ਵਿਚਾਲੇ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਇਕ ਵਾਰ ਫਿਰ ਪਹਿਲ ਕੀਤੀ ਹੈ। ਹੁਣ ਫਿਰ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚਿੱਠੀ ਭੇਜ ਕੇ ਇਸ ਮਾਮਲੇ ’ਤੇ ਜਲਦ ਬੈਠਕ ਕਰਨ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਬੈਠਕ 10 ਜੁਲਾਈ ਦੇ ਨੇੜੇ-ਤੇੜੇ ਹੋ ਸਕਦੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਦੋਵੇਂ ਸੂਬਿਆਂ ਵਿਚਾਲੇ ਸਾਲਸ ਵਜੋਂ ਭੂਮਿਕਾ ਨਿਭਾਉਣ ਦੀ ਪਹਿਲ ਕੀਤੀ ਹੈ, ਕਿਉਂਕਿ ਸਾਬਕਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਹੋਈਆਂ ਮੀਟਿੰਗਾਂ ਨਾਕਾਮ ਰਹੀਆਂ ਸਨ।

 

ਪੀਐਮ ਮੋਦੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਤੇਲੰਗਾਨਾ ਦੇ ਸੰਗਾਰੈਡੀ ਜ਼ਿਲ੍ਹੇ ਵਿਚ ਅੱਜ ਸਵੇਰੇ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਰਿਐਕਟਰ ਯੂਨਿਟ ਵਿਚ ਧਮਾਕਾ ਹੋ ਗਿਆ। ਇਸ ਘਟਨਾ ਵਿਚ 12 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 34 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਭਿਆਨਕ ਹਾਦਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਹੈ। ਆਈ.ਜੀ. ਸੱਤਿਆ ਨਰਾਇਣ ਨੇ ਦੱਸਿਆ ਕਿ ਘਟਨਾ ਮੌਕੇ ਫੈਕਟਰੀ ਵਿਚ 150 ਵਿਅਕਤੀ ਸਨ ਅਤੇ ਜਿੱਥੇ ਇਹ ਧਮਾਕਾ ਹੋਇਆ, ਉਥੇ 90 ਵਿਅਕਤੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿਐਕਟਰ ’ਚ ਤੇਜ਼ੀ ਨਾਲ ਕੈਮੀਕਲ ਰਿਐਕਸ਼ਨ ਹੋਣ ਨਾਲ ਧਮਾਕੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।  ਪੀਐਮ ਮੋਦੀ ਨੇ ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਹਰੇਕ ਪਰਿਵਾਰ ਨੂੰ ਦੋ-ਦੋ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। 

 

ਹਰਮੀਤ ਸਿੰਘ ਕਾਲਕਾ ਪ੍ਰਧਾਨ ਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਬਣੇ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰਨੀ ਦੀ ਅੱਜ ਬੁੱਧਵਾਰ ਨੂੰ ਚੋਣ ਹੋਈ ਹੈ। ਇਸ ਚੋਣ ਵਿਚ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਮੁੜ ਇਨ੍ਹਾਂ ਅਹੁਦਿਆਂ ਲਈ ਚੁਣਿਆ ਗਿਆ। ਕਮੇਟੀ ਦੀ ਕਾਰਜਕਾਰਨੀ ਵਿੱਚ ਬਹੁਤੀ ਤਬਦੀਲੀ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੋਣ ਦਾ ਬਾਈਕਾਟ ਕੀਤਾ ਗਿਆ। ਇਸ ਦੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਕਮੇਟੀ ਦਫ਼ਤਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

 

ਚੰਡੀਗੜ੍ਹ/ਬਿਊਰੋ ਨਿਊਜ਼

ਮਾਨਸੂਨ ਆਮ ਨਾਲੋਂ ਇਕ ਹਫਤਾ ਪਹਿਲਾਂ ਹੀ ਪੂਰੇ ਭਾਰਤ ਵਿਚ ਪਹੁੰਚ ਗਈ ਹੈ, ਜਿਸ ਕਰਕੇ ਕੌਮੀ ਰਾਜਧਾਨੀ ਦਿੱਲੀ ਤੇ ਹੋਰਨਾਂ ਉਤਰੀ ਰਾਜਾਂ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਭਰਵਾਂ ਮੀਂਹ ਪਿਆ ਹੈ। ਹਿਮਾਚਲ ਪ੍ਰਦੇਸ਼ ’ਚ ਲੰਘੇ ਕੱਲ੍ਹ ਐਤਵਾਰ ਤੋਂ ਤੇਜ਼ ਮੀਂਹ ਪੈ ਰਿਹਾ ਹੈ ਇਸ ਕਾਰਨ ਲੈਂਡ ਸਲਾਈਡ ਦੇ ਚੱਲਦਿਆਂ ਸੂਬੇ ਭਰ ਦੀਆਂ 129 ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਮਾਨਸੂਨ ਦੇ ਚੱਲਦਿਆਂ ਸੂਬੇ ਵਿਚ ਹੁਣ ਤੱਕ 39 ਮੌਤਾਂ ਹੋ ਚੁੱਕੀਆਂ ਹਨ। ਹਿਮਾਚਲ ਦੇ ਮੰਡੀ-ਕੁੱਲੂ ਨੈਸ਼ਨਲ ਹਾਈਵੇ ’ਤੇ ਥਲੌਟ ਦੀ ਟਨਲ ਦੇ ਨੇੜੇ ਲੈਂਡ ਸਲਾਈਡ ਹੋ ਗਿਆ ਅਤੇ ਇਸ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਟਨਲ ਦੇ ਅੰਦਰ ਵੀ ਕਈ ਵਾਹਨ ਫਸ ਗਏ ਹਨ। ਇਸੇ ਦੌਰਾਨ ਅਲਰਟ ਦੇ ਚੱਲਦਿਆਂ ਹਿਮਾਚਲ ਦੇ ਚਾਰ ਜ਼ਿਲ੍ਹਿਆਂ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਕਿਹਾ ਕਿ ਉਤਰੀ ਭਾਰਤ ਵਿਚ ਭਾਰੀ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਧਰ ਦੂਜੇ ਪਾਸੇ ਬਿਹਾਰ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਜਾਨ ਚਲੇ ਗਈ ਹੈ। 

 

ਅੰਮਿ੍ਰਤਸਰ/ਬਿਊਰੋ ਨਿਊਜ਼

ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਰੀ ਕੀਤੇ ਇਸ਼ਤਿਹਾਰ ਵਿਚ ਉਨ੍ਹਾਂ ਨੂੰ ‘ਵੀਰ ਬੰਦਾ ਬੈਰਾਗੀ’ ਲਿਖਿਆ ਗਿਆ ਹੈ। ਇਸ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਜਥੇਦਾਰ ਗੜਗੱਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਇਹ ਕਾਰਵਾਈ ਸਿੱਖ ਇਤਿਹਾਸ ਨੂੰ ਰਲਗੱਡ ਕਰਨ ਦਾ ਯਤਨ ਹੈ। ਉਨ੍ਹਾਂ ਹਰਿਆਣਾ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਹ ਸਰਕਾਰ ਕੋਲ ਆਪਣਾ ਇਤਰਾਜ਼ ਦਰਜ ਕਰਾਏ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਖਿਲਾਫ ਢੁਕਵੀਂ ਕਾਰਵਾਈ ਕਰੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਇਹ ਕਾਰਵਾਈ ਜਿਥੇ ਸਿੱਖ ਸਿਧਾਂਤਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਸ਼ਹਾਦਤ ਦਾ ਅਪਮਾਨ ਹੈ, ਉਥੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਵੀ ਗਹਿਰੀ ਸੱਟ ਵੱਜੀ ਹੈ। 

 

ਸਰਹੱਦੀ ਨਿਸ਼ਾਨਦੇਹੀ ਮਾਮਲੇ ਦਾ ਪੱਕਾ ਹੱਲ ਜ਼ਰੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਐਡਮਿਰਲ ਦੋਂਗ ਜੂਨ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦੌਰਾਨ ਦੋਵੇਂ ਦੇਸ਼ਾਂ ਨੂੰ ਸਰਹੱਦੀ ਨਿਸ਼ਾਨਦੇਹੀ ਦੇ ਮਾਮਲੇ ਦਾ ਪੱਕਾ ਹੱਲ ਕੱਢਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਫੌਜਾਂ ਦੇ ਟਕਰਾਅ ਵਾਲੀ ਸਥਿਤੀ ਨੂੰ ਪੱਕੇ ਤੌਰ ’ਤੇ ਘਟਾਉਣ ਲਈ ਇਕ ਰੋਡਮੈਪ ਸੁਝਾਇਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਦੋਵਾਂ ਵਜ਼ੀਰਾਂ ਨੇ ਭਾਰਤ ਤੇ ਚੀਨ ਸਰਹੱਦਾਂ ’ਤੇ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਲੋੜ ’ਤੇ ਡੂੰਘਾਈ ਨਾਲ ਚਰਚਾ ਕੀਤੀ। ਮੀਟਿੰਗ ਵਿਚ ਰਾਜਨਾਥ ਸਿੰਘ ਨੇ ਸਰਹੱਦ ਪ੍ਰਬੰਧਨ ਅਤੇ ਇਸ ਮੁੱਦੇ ’ਤੇ ਸਥਾਪਿਤ ਵਿਧੀ ਨੂੰ ਮੁੜ ਸੁਰਜੀਤ ਕਰਕੇ ਸਰਹੱਦੀ ਹੱਦਬੰਦੀ ਦੇ ਸਥਾਈ ਹੱਲ ਦੀ ਲੋੜ ’ਤੇ ਜ਼ੋਰ ਦਿੱਤਾ। ਦੋਵਾਂ ਮੰਤਰੀਆਂ ਨੇ ਦੁਵੱਲੇ ਸਬੰਧਾਂ ਵਿਚ ਆਮ ਸਥਿਤੀ ਵਾਪਸ ਲਿਆਉਣ ਲਈ ਦੋਵਾਂ ਧਿਰਾਂ ਵਲੋਂ ਕੀਤੇ ਜਾ ਰਹੇ ਕੰਮ ਨੂੰ ਸਵੀਕਾਰ ਕੀਤਾ। 

 

ਨਵੀਂ ਦਿੱਲੀ/ਬਿਊੁਰੋ ਨਿਊਜ਼ 

ਬਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵਲੋਂ ਕੀਤੀ ਗਈ ਗਿ੍ਰਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਵੱਲ ਧੱਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕੇਜਰੀਵਾਲ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਮੰਤਰੀਆਂ ਦੀਆਂ ਗੱਡੀਆਂ ਵਿਚ ਨਸ਼ੇ ਦੀ ਤਸਕਰੀ ਹੁੰਦੀ ਸੀ। ਹੁਣ ਅਜਿਹੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਵਿਅਕਤੀ ਕਿਸੇ ਵੀ ਪਾਰਟੀ ਦਾ ਹੋਵੇ ਜਾਂ ਕੋਈ ਵੀ ਵੱਡਾ ਨੇਤਾ ਹੋਵੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਹੀ ਨਹੀਂ ਸਗੋਂ ਦਿੱਲੀ ਅਤੇ ਹਰਿਆਣਾ ਵਿਚ ਵੀ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਇਸੇ ਦੌਰਾਨ ਮਜੀਠੀਆ ਦੀ ਗਿ੍ਰਫਤਾਰੀ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਸਹੀ ਦੱਸਿਆ ਹੈ। 

 

 

ਜਹਾਜ਼ ਦੇ ਖੰਭਾਂ ’ਚ ਘਾਹ-ਫੂਸ ਫਸਣ ਕਰਕੇ ਦੇਰੀ ਹੋਣ ਦਾ ਦਾਅਵਾ

ਮੁੰਬਈ/ਬਿਊਰੋ ਨਿਊਜ਼

ਮੁੰਬਈ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਜਹਾਜ਼ ਦੇ ਖੰਭਾਂ ’ਚ ਘਾਹ-ਫੂਸ ਫਸਣ ਕਰਕੇ ਪੰਜ ਘੰਟਿਆਂ ਤੋਂ ਵੱਧ ਸਮੇਂ ਲਈ ਰੋਕ ਕੇ ਰੱਖਿਆ ਗਿਆ। ਇਹ ਘਟਨਾ 25 ਜੂਨ ਦੀ ਦੱਸੀ ਜਾਂਦੀ ਹੈ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਪਾਸੇ ਫੌਰੀ ਧਿਆਨ ਦਿੱਤਾ ਗਿਆ ਹੈ ਤੇ ਜਹਾਜ਼ ਨੂੰ ਉਡਾਣ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਏਅਰ ਇੰਡੀਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ ਅਤੇ ਇਸਦੀ ਰਿਪੋਰਟ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੂੰ ਭੇਜ ਦਿੱਤੀ ਗਈ ਹੈ। ਏਅਰ ਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਜਹਾਜ਼ ’ਚੋਂ ਉਤਾਰਿਆ ਗਿਆ ਸੀ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਆਦਿ ਦਿੱਤੀ ਗਈ ਅਤੇ ਜਿਵੇਂ ਹੀ ਫਲਾਈਟ ਅਮਲੇ ਦੇ ਇਕ ਨਵੇਂ ਸਮੂਹ ਨੇ ਰਿਪੋਰਟ ਦਿੱਤੀ ਤੇ ਇਹ ਉਡਾਨ ਰਵਾਨਾ ਹੋ ਗਈ ਸੀ। 

 

ਕਿਹਾ : ਸਰਕਾਰ ਤਹਿਰਾਨ ’ਚ ਫਸੇ ਭਾਰਤੀਆਂ ਨੂੰ ਕੱਢਣ ਦੀ ਕਰ ਰਹੀ ਹੈ ਹਰ ਸੰਭਵ ਕੋਸ਼ਿਸ਼

ਨਵੀਂ ਦਿੱਲੀ/ਬਿਊਰੋ ਨਿਊਜ਼ 

ਬੀਤੇ ਕੁਝ ਦਿਨਾਂ ਤੋਂ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਦੇ ਹਾਲਾਤ ਬਣੇ ਹੋਏ ਹਨ ਤੇ ਇਸ ਟਕਰਾਅ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਦਰਮਿਆਨ ਦਿੱਲੀ ਤੋਂ ਭਾਜਪਾ ਆਗੂ ਅਤੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਈਰਾਨ ਵਿਚ ਫਸੇ ਭਾਰਤੀਆਂ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਹਿਰਾਨ ’ਚ ਫਸੇ ਭਾਰਤੀਆਂ ਨੂੰ ਉਥੋਂ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਈਰਾਨ ਵਿਚ ਭਾਰਤੀ ਅੰਬੈਸਡਰ ਗੌਰਵ ਸ਼੍ਰੇਸ਼ਠ ਨਾਲ ਸੰਪਰਕ ’ਚ ਹਨ। ਸਿਰਸਾ ਨੇ ਦੱਸਿਆ ਕਿ ਗੌਰਵ ਸ਼ੇ੍ਰਸ਼ਠ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨਾਲ ਇਸ ਸਮੇਂ ਤਿੰਨ ਸਿੱਖ ਪਰਿਵਾਰ ਵੀ ਮੌਜੂਦ ਹਨ, ਜਿਨ੍ਹਾਂ ਸਣੇ ਕੁੱਲ 4 ਹਜ਼ਾਰ ਭਾਰਤੀਆਂ ਨੂੰ ਤਹਿਰਾਨ ’ਚੋਂ ਸੁਰੱਖਿਅਤ ਕੱਢ ਕੇ ਮਸਦ ਸ਼ਹਿਰ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਈਰਾਨ ’ਚ ਕਿਸੇ ਤਰ੍ਹਾਂ ਦੀ ਵੀ ਮੱਦਦ ਦੀ ਲੋੜ ਹੋਵੇ ਤਾਂ ਉਹ ਤੁਰੰਤ ਮਸਦ ਸ਼ਹਿਰ ਪਹੁੰਚ ਕੇ ਭਾਰਤੀ ਅੰਬੈਸਡਰਾਂ ਨਾਲ ਸੰਪਰਕ ਕਰ ਸਕਦਾ ਹੈ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.