Sunday, 14 June 2026

ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਜੈਨ ਨੂੰ 6 ਜੂਨ ਤੇ ਸਿਸੋਦੀਆ ਨੂੰ 9 ਜੂਨ ਨੂੰ ਬੁਲਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼  

ਦਿੱਲੀ ਦੇ ਸਾਬਕਾ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਸੰਮਨ ਜਾਰੀ ਕੀਤਾ ਹੈ। ਜੈਨ ਅਤੇ ਸਿਸੋਦੀਆ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕਲਾਸਰੂਮਾਂ ਦੀ ਉਸਾਰੀ ਵਿਚ ਕਥਿਤ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸੰਮਨ ਜਾਰੀ ਹੋਏ ਹਨ। ਇਸਦੇ ਚੱਲਦਿਆਂ ਸਤੇਂਦਰ ਜੈਨ ਨੂੰ 6 ਜੂਨ ਅਤੇ ਮਨੀਸ਼ ਸਿਸੋਦੀਆ ਨੂੰ 9 ਜੂਨ ਨੂੰ ਏ.ਸੀ.ਬੀ. ਦਫਤਰ ਬੁਲਾਇਆ ਗਿਆ ਹੈ। ਇਹ ਮਾਮਲਾ 12,748 ਕਲਾਸਰੂਮਾਂ ਅਤੇ ਇਮਾਰਤਾਂ ਦੀ ਉਸਾਰੀ ਵਿਚ 2000 ਕਰੋੜ ਰੁਪਏ ਦੇ ਕਥਿਤ ਘੁਟਾਲੇ ਨਾਲ ਸੰਬੰਧਿਤ ਹੈ। ਭਿ੍ਰਸ਼ਟਾਚਾਰ ਵਿਰੋਧੀ ਸ਼ਾਖਾ ਵਲੋਂ ਕਿਹਾ ਗਿਆ ਹੈ ਕਿ ਦਿੱਲੀ ਵਿਚ ‘ਆਪ’ ਸਰਕਾਰ ਦੇ ਰਾਜ ਦੌਰਾਨ 12,748 ਕਲਾਸਰੂਮਾਂ ਅਤੇ ਇਮਾਰਤਾਂ ਦੀ ਉਸਾਰੀ ਵਿਚ 2,000 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇਹ ਪ੍ਰੋਜੈਕਟ ਕਥਿਤ ਤੌਰ ’ਤੇ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ ਅਤੇ ਜਿਸ ’ਚ ਵੱਡੀ ਪੱਧਰ ’ਤੇ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ।

 

ਕਿਹਾ ਸੀ ਪਹਿਲਗਾਮ ਦੇ ਅੱਤਵਾਦੀਆਂ ਨੂੰ ਕਲਪਨਾ ਤੋਂ ਵੱਡੀ ਸਜ਼ਾ ਮਿਲੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ’ਚ ਸਾਸਾਰਾਮ ਦੇ ਦੁਰਗਾਡੀਹ ਵਿਚ ਰੈਲੀ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਰੀਬ 33 ਮਿੰਟ ਦੇ ਆਪਣੇ ਭਾਸ਼ਣ ਵਿਚ ਅੱਤਵਾਦ ਨੂੰ ਲੈ ਕੇ ਵੱਡਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਦੇ ਇਕ ਦਿਨ ਬਾਅਦ ਮੈਂ ਬਿਹਾਰ ਆਇਆ ਸੀ। ਮੋਦੀ ਨੇ ਕਿਹਾ ਕਿ ਮੈਂ ਬਿਹਾਰ ਦੀ ਧਰਤੀ ਤੋਂ ਵਾਅਦਾ ਕੀਤਾ ਸੀ ਕਿ ਅੱਤਵਾਦ ਦੇ ਮਾਲਕਾਂ ਦੇ ਟਿਕਾਣਿਆਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਲਪਨਾ ਤੋਂ ਵੀ ਵੱਧ ਸਜ਼ਾ ਦਿੱਤੀ ਜਾਵੇਗੀ। ਅੱਜ ਜਦੋਂ ਮੈਂ ਬਿਹਾਰ ਆਇਆ ਹਾਂ, ਤਾਂ ਮੈਂ ਆਪਣਾ ਵਾਅਦਾ ਪੂਰਾ ਕਰਕੇ ਆਇਆ ਹਾਂ। ਸਾਡੀ ਫੌਜ ਨੇ ਉਨ੍ਹਾਂ ਲੋਕਾਂ ਦੇ ਘਰਾਂ ਨੂੰ ਖੰਡਰ ਬਣਾ ਦਿੱਤਾ ਹੈ, ਜਿਨ੍ਹਾਂ ਨੇ ਪਾਕਿਸਤਾਨ ਵਿਚ ਬੈਠ ਕੇ ਸਾਡੀਆਂ ਭੈਣਾਂ ਦੇ ਸੰਧੂਰ ਨੂੰ ਤਬਾਹ ਕਰ ਦਿੱਤਾ ਸੀ। ਸਾਡੀ ਫੌਜ ਨੇ ਥੋੜ੍ਹੇ ਸਮੇਂ ਵਿਚ ਵੀ ਉਨ੍ਹਾਂ ਨੂੰ ਗੋਡਿਆਂ ਭਾਰ ਕਰ ਦਿੱਤਾ ਅਤੇ ਉਨ੍ਹਾਂ ਦੇ ਬਹੁਤ ਸਾਰੇ ਟਿਕਾਣੇ ਤਬਾਹ ਹੋ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ ਅਤੇ ਇਹ ਨਵੇਂ ਭਾਰਤ ਦੀ ਤਾਕਤ ਹੈ।  

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਕੀਤੀ ਸਾਂਝੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪਾਕਿਸਤਾਨ ਲਈ ਜਸੂਸੀ ਦੇ ਆਰੋਪ ਵਿਚ ਯੂਟਿਊਬਰ ਜਸਬੀਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਸਾਂਝੀ ਕੀਤੀ ਗਈ। ਜਾਣਕਾਰੀ ਅਨੁਸਾਰ ਜਸਬੀਰ ਸਿੰਘ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਯੂਟਿਊਬ ਚੈਨਲ ‘ਜਾਨ ਮਾਹਲ’ ਉਤੇ 10 ਲੱਖ ਤੋਂ ਵੱਧ ਸਬਸਕ੍ਰਾਇਬਰ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਜਸਬੀਰ ਸਿੰਘ ਏਜੰਟ ਹਸਨ ਅਲੀ ਦੇ ਸੰਪਰਕ ਵਿਚ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਹਰਿਆਣਾ ਤੋਂ ਗਿ੍ਰਫਤਾਰ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ ਦਾਨਿਸ਼ ਨਾਲ ਵੀ ਸੰਪਰਕ ਵਿਚ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ’ਤੇ ਦਿੱਲੀ ਵਿਚ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਗਮ ਵਿਚ ਵੀ ਸ਼ਿਰਕਤ ਕੀਤੀ ਸੀ, ਜਿਥੇ ਉਹ ਪਾਕਿਸਤਾਨੀ ਸੈਨਾ ਦੇ ਅਧਿਕਾਰੀਆਂ ਤੇ ਬਲੌਗਰਾਂ ਨੂੰ ਮਿਲਿਆ ਸੀ। ਇਹ ਵੀ ਦੱਸਿਆ ਗਿਆ ਕਿ ਉਸ ਨੇ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਵੀ ਕੀਤੀ ਤੇ ਉਸ ਦੇ ਤਕਨੀਕੀ ਡਿਵਾਇਸਾਂ ਵਿਚ ਕਈ ਪਾਕਿਸਤਾਨ ਆਧਾਰਿਤ ਨੰਬਰ ਸਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।

ਸ਼ਨਿਚਰਵਾਰ ਸ਼ਾਮ 6 ਵਜੇ ਵੱਜਣਗੇ ਸਾਇਰਨ; ਹੋਵੇਗਾ ਬਲੈਕਆਊਟ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤ-ਪਾਕਿਸਤਾਨ ਵਿਚਕਾਰ ਗੋਲੀਬੰਦੀ ਦੇ ਬਾਵਜੂਦ ਵੀ ਭਾਰਤ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਹਵਾਈ ਹਮਲੇ ਨਾਲ ਨਜਿੱਠਣ ਲਈ ਸਰਹੱਦੀ ਸੂਬਿਆਂ ਵਿੱਚ ਭਲਕੇ 31 ਮਈ ਸ਼ਨੀਵਾਰ ਨੂੰ ‘ਅਪਰੇਸ਼ਨ ਸ਼ੀਲਡ’ ਤਹਿਤ ਦੂਜੀ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਹ ਡਰਿੱਲ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ। ਇਸ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਹੱਦੀ ਸੂਬਿਆਂ ਨੂੰ ਪੱਤਰ ਲਿਖ ਕੇ ਮੌਕ ਡਰਿੱਲ ਕਰਵਾਉਣ ਬਾਰੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਸਰਹੱਦੀ ਸੂਬਿਆਂ ਵਿੱਚ ਹਵਾਈ ਹਮਲੇ ਤੋਂ ਬਚਾਅ ਲਈ ਸਿਵਲ ਡਿਫੈਂਸ ਅਭਿਆਸ ਕੀਤੇ ਜਾਣਗੇ ਅਤੇ ਹਵਾਈ ਹਮਲੇ ਦੇ ਸਾਇਰਨ ਵਜਾਏ ਜਾਣਗੇ ਤੇ ਬਲੈਕਆਊਟ ਵੀ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਵਿੱਚ ਵੀ ‘ਅਪਰੇਸ਼ਨ ਸ਼ੀਲਡ’ ਤਹਿਤ 31 ਮਈ ਨੂੰ ਸ਼ਾਮ 6 ਵਜੇ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਵੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੰਘੀ 7 ਮਈ ਨੂੰ ਵੀ ਮੌਕ ਡਰਿੱਲ ਕੀਤੀ ਗਈ ਸੀ।

 

ਕੇਰਲਾ ਸੂਬਾ ਸਭ ਤੋਂ ਜ਼ਿਆਦਾ ਹੋਇਆ ਪ੍ਰਭਾਵਿਤ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿੱਚ ਕਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਰੋਨਾ ਨਾਲ ਕੇਰਲਾ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਬਾਅਦ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਹਨ। ਭਾਰਤ ਵਿੱਚ ਕਰੋਨਾ ਨਾਲ ਲੰਘੇ 24 ਘੰਟਿਆਂ ਵਿੱਚ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਕਰੋਨਾ ਵਾਇਰਸ ਨਾਲ 37 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਰੋਨਾ ਨੂੰ ਲੈ ਕੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪਰ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ। 

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ

ਵਾਸ਼ਿੰਗਟਨ/ਬਿਊਰੋ ਨਿਊਜ਼ 

ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਭਵਿੱਖਬਾਣੀ ਕਰਦਿਆਂ ਆਉਣ ਵਾਲੇ ਸਾਲਾਂ ਤੱਕ ਹੋਰ ਵੀ ਰਿਕਾਰਡ ਤੋੜਨ ਵਾਲੀ ਗਰਮੀ ਲਈ ਤਿਆਰ ਰਹਿਣ ਲਈ ਕਿਹਾ ਹੈ। ਇਹ ਗਰਮੀ ਧਰਤੀ ਨੂੰ ਹੋਰ ਵੀ ਖਤਰਨਾਕ ਸੇਕ ਅਤੇ ਅਸੁਵਿਧਾਜਨਕ ਹੱਦਾਂ ਵੱਲ ਲੈ ਜਾਵੇਗੀ। ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਯੂਕੇ ਮੌਸਮ ਵਿਗਿਆਨ ਦਫਤਰ ਵੱਲੋਂ ਇਸ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ। ਪੰਜ ਸਾਲਾਂ ਦੀ ਭਵਿੱਖਬਾਣੀ ਦੇ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦੇ ਇੱਕ ਹੋਰ ਸਾਲਾਨਾ ਤਾਪਮਾਨ ਦਾ ਰਿਕਾਰਡ ਟੁੱਟਣ ਦੀ 80 ਫੀਸਦੀ ਸੰਭਾਵਨਾ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਸਿੱਕਮ ਦੇ ਛੱਤੇਨ ਵਿਖੇ ਇੱਕ ਫੌਜੀ ਕੈਂਪ ’ਤੇ ਢਿੱਗਾਂ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਸੁਰੱਖਿਆ ਕਰਮਚਾਰੀ ਲਾਪਤਾ ਹੋ ਗਏ ਹਨ। ਇੱਕ ਰੱਖਿਆ ਅਧਿਕਾਰੀ ਨੇ ਅੱਜ ਸੋਮਵਾਰ ਨੂੰ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 7 ਵਜੇ ਭਾਰੀ ਬਾਰਿਸ਼ ਕਾਰਨ ਵਾਪਰਿਆ। ਰੱਖਿਆ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਚਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ 6 ਲਾਪਤਾ ਕਰਮਚਾਰੀਆਂ ਨੂੰ ਲੱਭਣ ਲਈ ਚੁਣੌਤੀਪੂਰਨ ਹਾਲਤਾਂ ਵਿੱਚ ਦਿਨ-ਰਾਤ ਕੰਮ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਸਿੱਕਮ ਪਿਛਲੇ ਕੁਝ ਦਿਨਾਂ ਵਿੱਚ ਭਾਰੀ ਬਾਰਿਸ਼ ਨਾਲ ਕਾਫ਼ੀ ਪ੍ਰਭਾਵਿਤ ਹੋਇਆ ਹੈ।

ਕਿਸਾਨ ਕਰੈਡਿਟ ਕਾਰਡ ’ਤੇ ਘੱਟ ਵਿਆਜ਼ ’ਤੇ ਮਿਲੇਗਾ ਕਰਜ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਸਰਕਾਰ ਨੇ ਝੋਨਾ, ਕਪਾਹ, ਸੋਇਆਬੀਨ ਅਤੇ ਅਰਹਰ ਸਣੇ ਸਾਉਣੀ ਦੀਆਂ 14 ਫਸਲਾਂ ’ਤੇ ਐਮ.ਐਸ.ਪੀ. ਵਧਾ ਦਿੱਤੀ ਹੈ। ਕੇਂਦਰੀ ਕੈਬਨਿਟ ਨੇ ਅੱਜ ਬੁੱਧਵਾਰ ਨੂੰ ਇਸ ਸਬੰਧੀ ਫੈਸਲਾ ਲਿਆ ਹੈ। ਕੇਂਦਰੀ ਸੂਚਨਾ ਐਂਡ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਝੋਨੇ ਦੀ ਨਵੀਂ ਐਮ.ਐਸ.ਪੀ. 2369 ਰੁਪਏ ਤੈਅ ਕੀਤੀ ਗਈ ਹੈ, ਜੋ ਕਿ ਪਿਛਲੀ ਐਮ.ਐਸ.ਪੀ. ਤੋਂ 69 ਰੁਪਏ ਜ਼ਿਆਦਾ ਹੈ। ਇਸੇ ਤਰ੍ਹਾਂ ਕਪਾਹ ਦੀ ਨਵੀਂ ਐਮ.ਐਸ.ਪੀ. 7710 ਰੁਪਏ ਤੈਅ ਕੀਤੀ ਗਈ ਹੈ। ਇਸਦੀ ਇਕ ਦੂੁਜੀ ਕਿਸਮ ਦੀ ਨਵੀਂ ਐਮ.ਐਸ.ਪੀ. 8110 ਰੁਪਏ ਕਰ ਦਿੱਤੀ ਗਈ ਹੈ, ਜੋ ਪਹਿਲਾਂ ਨਾਲੋਂ 589 ਰੁਪਏ ਜ਼ਿਆਦਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਐਮ.ਐਸ.ਪੀ. ਫਸਲ ਦੀ ਲਾਗਤ ਨਾਲੋਂ ਘੱਟ ਤੋਂ ਘੱਟ 50 ਫੀਸਦੀ ਜ਼ਿਆਦਾ ਹੋਵੇ, ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ। 

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ : ਘਬਰਾਉਣ ਦੀ ਲੋੜ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਸਮੇਂ ਭਾਰਤ ਵਿਚ ਕਰੋਨਾ ਤੋਂ ਐਕਟਿਵ ਮਰੀਜ਼ਾਂ ਦੀ ਗਿਣਤੀ 4 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਸਿਹਤ ਵਿਭਾਗ ਦੀ ਵੈਬਸਾਈਟ ਮੁਤਾਬਕ 10 ਦਿਨਾਂ ਵਿਚ 15 ਗੁਣਾ ਮਾਮਲੇ ਵਧੇ ਹਨ। ਭਾਰਤ ਵਿਚ ਕਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 34 ਹੋ ਗਈ ਹੈ ਅਤੇ ਲੰਘੇ 24 ਘੰਟਿਆਂ ਵਿਚ ਹੀ 6 ਮੌਤਾਂ ਹੋ ਗਈਆਂ ਹਨ। ਇਸ ਦੇ ਚੱਲਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਵਿਚ ਕਰੋਨਾ ਨੂੰ ਲੈ ਕੇ ਸਥਿਤੀ ’ਤੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਪਰ ਸਾਵਧਾਨੀਆਂ ਵਰਤਣ ਦੀ ਲੋੜ ਜ਼ਰੂਰ ਹੈ। ਉਨ੍ਹਾਂ ਦੱਸਿਆ ਇਹ ਕੋਈ ਨਵਾਂ ਵੈਰੀਐਂਟ ਨਹੀਂ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ, ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਕੁਝ ਸੂਬਿਆਂ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਵੀ ਹੈ। 

22 ਦਿਨ ਪਹਿਲਾਂ ਵੀ ਦੇਸ਼ ਭਰ ’ਚ ਹੋਈ ਸੀ ਮੌਕ ਡਰਿੱਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪਾਕਿਸਤਾਨ ਨਾਲ ਲੱਗਦੇ ਭਾਰਤੀ ਸੂਬਿਆਂ ਵਿਚ ਭਲਕੇ ਵੀਰਵਾਰ ਦੀ ਸ਼ਾਮ ਨੂੰ ਮੌਕ ਡਰਿੱਲ ਹੋਵੇਗੀ। ਜਿਨ੍ਹਾਂ ਸੂਬਿਆਂ ਵਿਚ ਮੌਕ ਡਰਿੱਲ ਹੋਣੀ ਹੈ, ਉਨ੍ਹਾਂ ਵਿਚ ਜੰਮੂ ਕਸ਼ਮੀਰ, ਗੁਜਰਾਤ, ਪੰਜਾਬ ਅਤੇ ਰਾਜਸਥਾਨ ਸ਼ਾਮਲ ਹਨ। ਇਸਦੇ ਚੱਲਦਿਆਂ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਲੰਘੀ 7 ਮਈ ਨੂੰ ਭਾਰਤ ਦੇ 244 ਜ਼ਿਲ੍ਹਿਆਂ ਵਿਚ ਮੌਕ ਡਰਿੱਲ ਹੋਈ ਸੀ। ਇਸ ਵਿਚ ਨਾਗਰਿਕਾਂ ਨੂੰ ਹਮਲੇ ਦੇ ਦੌਰਾਨ ਖੁਦ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਇਹ ਇਸ ਲਈ ਕੀਤਾ ਗਿਆ ਤਾਂ ਕਿ ਜੰਗ ਦੀ ਸਥਿਤੀ ਵਿਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਭਾਰਤ ਵਿਚ ਅਜਿਹੀ ਮੌਕ ਡਰਿੱਲ 1971 ਵਿਚ ਹੋਈ ਸੀ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਸੀ। ਦਰਅਸਲ 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ 7 ਮਈ ਨੂੰ ਭਾਰਤ ਨੇ ਪਾਕਿਸਤਾਨ ’ਚ 9 ਦਹਿਸ਼ਤੀ ਟਿਕਾਣਿਆਂ ’ਤੇ ਏਅਰ ਸਟਰਾਈਕ ਕੀਤੀ ਸੀ, ਜਿਸ ਨੂੰ ਅਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਗਿਆ ਸੀ।  

10 ਜੂਨ ਤੱਕ ਪੇਸ਼ ਹੋਣ ਲਈ ਕਿਹਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਪਿਛਲੇ ਦਿਨੀਂ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਇਕੱਤਰਤਾ ਕਰਕੇ ਆਦੇਸ਼ ਜਾਰੀ ਕੀਤੇ ਸਨ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ 10 ਦਿਨਾਂ ਅੰਦਰ ਪਟਨਾ ਸਾਹਿਬ ਵਿਖੇ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋਣ ਦਾ ਫੁਰਮਾਨ ਵੀ ਸੁਣਾਇਆ ਸੀ। ਪਰ ਸੁਖਬੀਰ ਸਿੰਘ ਬਾਦਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਅੱਗੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਪੰਜਾਂ ਪਿਆਰਿਆਂ ਨੇ ਇਕੱਤਰਤਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਹੁਣ 10 ਜੂਨ ਤੱਕ ਸਮਾਂ ਦਿੱਤਾ ਹੈ। ਇਹ ਵੀ ਕਿਹਾ ਗਿਆ ਕਿ ਆਦੇਸ਼ ਦੀ ਉਲੰਘਣਾ ਹੋਣ ’ਤੇ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। 

ਬੀ.ਸੀ.ਸੀ.ਆਈ. ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਦਿੱਤਾ ਸੱਦਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿਚ ਚੱਲ ਰਹੀ ਕ੍ਰਿਕਟ ਖੇਡ ਦੀ ‘ਇੰਡੀਅਨ ਪ੍ਰੀਮੀਅਰ ਲੀਗ 2025’ ਦੀ ਕਲੋਜਿੰਗ ਸੈਰੇਮਨੀ ਦੌਰਾਨ ਅਪਰੇਸ਼ਨ ਸਿੰਦੂਰ ਵਿਚ ਫੌਜ ਦੀ ਬਹਾਦਰੀ ਨੂੰ ਸਲਾਮੀ ਦਿੱਤੀ ਜਾਵੇਗੀ। ਬੀ.ਸੀ.ਸੀ.ਆਈ. ਨੇ 3 ਜੂਨ ਨੂੰ ਅਹਿਮਦਾਬਾਦ ਵਿਚ ਹੋਣ ਵਾਲੇ ਫਾਈਨਲ ਮੈਚ ਵਿਚ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਹੈ। ਬੋਰਡ ਦੇ ਸੈਕਟਰੀ ਦੇਵਜੀਤ ਸੈਕਿਆ ਨੇ ਦੱਸਿਆ ਕਿ ਅਸੀਂ ਅਪਰੇਸ਼ਨ ਸਿੰਦੂਰ ਦੀ ਸਫਲਤਾ ਦਾ ਜਸ਼ਨ ਮਨਾਉਣ ਦੇ ਲਈ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ, ਨੌਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ. ਤਿ੍ਰਪਾਠੀ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਸਣੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਅਹਿਮਦਾਬਾਦ ਵਿਚ ਆਈ.ਪੀ.ਐਲ. ਦਾ ਫਾਈਨਲ ਮੈਚ ਦੇਖਣ ਲਈ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਦਹਿਸ਼ਤੀ ਹਮਲੇ ਦੇ ਜਵਾਬ ਵਿਚ ਭਾਰਤੀ ਫੌਜ ਨੇ 6-7 ਮਈ ਦੀ ਰਾਤ ਨੂੰ ਅਪਰੇਸ਼ਨ ਸਿੰਦੂਰ ਚਲਾ ਕੇ ਪਾਕਿਸਤਾਨ ਵਿਚ 9 ਦਹਿਸ਼ਤੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ।     

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.