Monday, 15 June 2026

• *ਖੇਤੀਬਾੜੀ ਮੰਤਰੀ ਵੱਲੋਂ ਨਵ-ਨਿਯੁਕਤ ਏ.ਐਸ.ਆਈਜ਼ ਨੂੰ ਵਧਾਈ; ਇਮਾਨਦਾਰੀ ਨਾਲ ਕਿਸਾਨਾਂ ਦੀ ਸੇਵਾ ਕਰਨ ਲਈ ਕੀਤਾ ਪ੍ਰੇਰਿਤ*

• *ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਵਿਭਾਗ ਵਿੱਚ 133 ਏ.ਐਸ.ਆਈਜ਼ ਅਤੇ 200 ਏ.ਡੀ.ਓਜ਼ ਹੋਏ ਭਰਤੀ: ਖੁੱਡੀਆਂ*

ਚੰਡੀਗੜ੍ਹ, 11 ਫਰਵਰੀ: 
ਸੂਬੇ ਦੇ ਖੇਤੀਬਾੜੀ ਬੁਨਿਆਦੀ ਢਾਂਚੇ ਅਤੇ ਜ਼ਮੀਨੀ ਪੱਧਰ 'ਤੇ ਸੇਵਾਵਾਂ ਦੇ ਵਿਸਥਾਰ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ 13 ਨਵ-ਨਿਯੁਕਤ ਖੇਤੀਬਾੜੀ ਸਬ-ਇੰਸਪੈਕਟਰਾਂ (ਏ.ਐਸ.ਆਈਜ਼) ਨੂੰ ਨਿਯੁਕਤੀ ਪੱਤਰ ਸੌਂਪੇ।

ਨਵ-ਨਿਯੁਕਤ ਏ.ਐਸ.ਆਈਜ਼. ਨੂੰ ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਕਿਸਾਨਾਂ ਦਰਮਿਆਨ ਇੱਕ ਅਹਿਮ ਕੜੀ ਦੱਸਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੂਬੇ ਦੇ ਕਿਸਾਨਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਕਿਹਾ ਕਿ ਤੁਹਾਡਾ ਆਚਰਣ ਅਤੇ ਜ਼ਿੰਮੇਵਾਰੀ ਖੇਤੀਬਾੜੀ ਖੇਤਰ ਦੀ ਖੁਸ਼ਹਾਲੀ 'ਤੇ ਸਿੱਧਾ ਪ੍ਰਭਾਵ ਪਾਵੇਗੀ ਕਿਉਂਕਿ ਤੁਸੀਂ ਅੱਜ ਦੇਸ਼ ਦੇ 'ਅੰਨਦਾਤਾ' ਪ੍ਰਤੀ ਆਪਣੀ ਜ਼ਿੰਮੇਵਾਰੀ ਨਾਲ ਜੁੜ ਰਹੇ ਹੋ।

ਖੇਤੀਬਾੜੀ ਵਿਭਾਗ ਵਿੱਚ ਮੁਲਾਜ਼ਮ ਸੇਵਾਵਾਂ ਦੇ ਵਿਸਥਾਰ 'ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਨਿਰੰਤਰ ਧਿਆਨ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਵਿਭਾਗ ਵਿੱਚ 133 ਖੇਤੀਬਾੜੀ ਸਬ-ਇੰਸਪੈਕਟਰਾਂ (ਏ.ਐੱਸ.ਆਈਜ਼) ਅਤੇ 200 ਖੇਤੀਬਾੜੀ ਵਿਕਾਸ ਅਫਸਰਾਂ (ਏ.ਡੀ.ਓਜ਼) ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀਆਂ ਵਿਭਾਗ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਦਿਆਂ ਕਿਸਾਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਪ੍ਰਤੀ ਸਾਡੀ ਸਮਰੱਥਾ ਨੂੰ ਹੋਰ ਬਲ ਦੇ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 63,943 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਇਨ੍ਹਾਂ ਭਰਤੀਆਂ ਨਾਲ ਵੱਖ-ਵੱਖ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਗਿਆ ਹੈ, ਜੋ ਪੰਜਾਬ ਦੇ ਲੋਕਾਂ ਨੂੰ ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਰਸ਼ਦੀਪ ਥਿੰਦ, ਡਾਇਰੈਕਟਰ ਖੇਤੀਬਾੜੀ ਗੁਰਜੀਤ ਸਿੰਘ ਬਰਾੜ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਧਮਕੀ ਵਾਲੇ ਸਕੂਲਾਂ ’ਚੋਂ ਵਿਦਿਆਰਥੀਆਂ ਨੂੰ ਭੇਜਿਆ ਗਿਆ ਘਰੀਂ

ਮੁਹਾਲੀ/ਬਿਊਰੋ ਨਿਊਜ਼

ਮੁਹਾਲੀ ਦੇ ਕਈ ਸਕੂਲਾਂ ਨੂੰ ਅੱਜ ਬੁੱਧਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰੀਂ ਭੇਜ ਦਿੱਤਾ ਗਿਆ। ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਸਕੂਲਾਂ ਨੂੰ ਧਮਕੀ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਕੂਲਾਂ ਨੂੰ ਬੰਦ ਕਰਵਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਹੈ ਉਨ੍ਹਾਂ ਵਿੱਚ ਯਾਦਵਿੰਦਰਾ ਪਬਲਿਕ ਸਕੂਲ, ਮਾਨਵ ਮੰਗਲ ਪਬਲਿਕ ਸਕੂਲ ਅਤੇ ਰਿਆਨ ਇੰਟਰਨੈਸ਼ਨਲ ਸਕੂਲ ਸਮੇਤ ਕਈ ਵੱਡੇ ਸਕੂਲ ਸ਼ਾਮਲ ਹਨ। ਇਸੇ ਤਰ੍ਹਾਂ ਡੇਰਾਬਸੀ ਅਤੇ ਖਰੜ ਦੇ ਸਕੂਲਾਂ ਵਿਚ ਵੀ ਅਜਿਹੀ ਹੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਆਦਾਤਰ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸੁਨੇਹੇ ਭੇਜ ਦਿੱਤੇ ਗਏ ਸਨ, ਜਿਸ ਕਰਕੇ ਬੱਚੇ ਸਕੂਲਾਂ ਵਿੱਚ ਨਹੀਂ ਆਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਜਾਂਚ ਜਾਰੀ ਹੈ।

 

*23.62 ਲੱਖ ਤੋਂ ਵੱਧ ਬਜ਼ੁਰਗ ਨਾਗਰਿਕ ਸਨਮਾਨ ਅਤੇ ਸੁਰੱਖਿਆ ਨਾਲ 1,500 ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਰਹੇ ਹਨ: ਡਾ ਬਲਜੀਤ ਕੌਰ*

*ਬਜ਼ੁਰਗ ਨਾਗਰਿਕਾਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਪੈਨਸ਼ਨ ਦੀ ਵੰਡ ਯਕੀਨੀ ਬਣਾਉਣ ਲਈ 4,100 ਕਰੋੜ ਰੁਪਏ ਦਾ ਬਜਟ ਉਪਬੰਧ ਰੱਖਿਆ: ਡਾ ਬਲਜੀਤ ਕੌਰ*

*ਪੈਨਸ਼ਨ ਵੰਡ ਵਿੱਚ ਦੇਰੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਡਾ ਬਲਜੀਤ ਕੌਰ*

*ਰੰਗਲਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਜ਼ੁਰਗ ਨਾਗਰਿਕਾਂ ਦੀ ਸੁਰੱਖਿਆ, ਸਨਮਾਨ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ: ਡਾ ਬਲਜੀਤ ਕੌਰ*

ਚੰਡੀਗੜ੍ਹ, 11 ਫਰਵਰੀ 2026:  
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗ ਨਾਗਰਿਕਾਂ ਨੂੰ ਨਾ ਸਿਰਫ਼ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਮੰਨਦੀ ਹੈ, ਸਗੋਂ ਆਪਣੀ ਜੀਵੰਤ ਵਿਰਾਸਤ ਅਤੇ ਮਾਣ ਵੀ ਮੰਨਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ ਜਨਵਰੀ 2026 ਤੱਕ ਬੁਢਾਪਾ ਪੈਨਸ਼ਨ ਯੋਜਨਾ ਤਹਿਤ 3,806 ਕਰੋੜ ਰੁਪਏ ਤੋਂ ਵੱਧ ਜਾਰੀ ਕਰਕੇ "ਸਾਡੇ ਬਜ਼ੁਰਗ, ਸਾਡਾ ਮਾਣ" ਦੇ ਨਾਅਰੇ ਨੂੰ ਅਮਲੀ ਰੂਪ ਦਿੱਤਾ ਹੈ।

ਮੰਤਰੀ ਨੇ ਕਿਹਾ, "ਸੂਬੇ ਭਰ ਵਿੱਚ 23.62 ਲੱਖ ਤੋਂ ਵੱਧ ਯੋਗ ਬਜ਼ੁਰਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਸਕੀਮ ਅਧੀਨ ਨਿਯਮਤ ਤੌਰ 'ਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਹਰੇਕ ਯੋਗ ਬਜ਼ੁਰਗ ਨਾਗਰਿਕਾਂ ਨੂੰ 1500 ਰੁਪਏ ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਮਾਣ, ਸੁਰੱਖਿਆ ਅਤੇ ਆਜ਼ਾਦੀ ਨਾਲ ਜੀਅ ਸਕਣ।"

ਨਿਰਵਿਘਨ ਢੰਗ ਨਾਲ ਪੈਨਸ਼ਨਾਂ ਪ੍ਰਦਾਨ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ, ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, "ਸਾਰੇ ਲਾਭਪਾਤਰੀਆਂ ਲਈ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਪੈਨਸ਼ਨਾਂ ਦੀ ਵੰਡ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਨੇ 4,100 ਕਰੋੜ ਰੁਪਏ ਦਾ ਬਜਟ ਉਪਬੰਧ ਰੱਖਿਆ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਬਜ਼ੁਰਗ ਨਾਗਰਿਕ ਨੂੰ ਆਪਣੀ ਯੋਗ ਸਹਾਇਤਾ ਪ੍ਰਾਪਤ ਕਰਨ ਵਿੱਚ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।"

ਕੈਬਨਿਟ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਹਰੇਕ ਯੋਗ ਲਾਭਪਾਤਰੀ ਨੂੰ ਪੈਨਸ਼ਨਾਂ ਦੀ ਸਮੇਂ ਸਿਰ ਅਤੇ ਨਿਰਵਿਘਨ ਅਦਾਇਗੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪੈਨਸ਼ਨ ਦੀ ਵੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ, ਅਣਗਹਿਲੀ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਨਾਗਰਿਕ ਪੰਜਾਬ ਦੇ ਸਮਾਜਿਕ ਵਿਰਸੇ, ਸਿਆਣਪ ਅਤੇ ਕਦਰਾਂ-ਕੀਮਤਾਂ ਦੇ ਰਖਵਾਲੇ ਹਨ। ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਸੁਰੱਖਿਆ, ਮਾਣ ਅਤੇ ਖੁਸ਼ਹਾਲੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਹਰ ਬਜ਼ੁਰਗ ਨਾਗਰਿਕ ਆਪਣੀ ਜਿੰਦਗੀ ਬਿਨਾਂ ਕਿਸੇ ਚਿੰਤਾ, ਸਨਮਾਨ ਅਤੇ ਮਜ਼ਬੂਤ ਸਰਕਾਰੀ ਸਹਾਇਤਾ ਨਾਲ ਬਿਤਾਏ ਤਾਂ ਜੋ ਪੰਜਾਬ ਖੁਸ਼ਹਾਲ, ਸੁਰੱਖਿਅਤ ਅਤੇ ਜੀਵੰਤ ਬਣਿਆ ਰਹੇ।”

*’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਦੀ ਵਿਵਸਥਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਸਾਰਾ ਇਲਾਜ ਕੈਸ਼ਲੈੱਸ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਫ਼ਵਾਹਾਂ ਤੋਂ ਬਚਣ ਲਈ ਕਿਹਾ*
*’ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਝੂਠ ਫੈਲਾ ਰਹੀਆਂ ਪੰਜਾਬ ਵਿਰੋਧੀ ਤਾਕਤਾਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਸਿਹਤ ਯੋਜਨਾ ਦੇ ਲਾਭਪਾਤਰੀਆਂ ਪਾਸੋਂ ਪੈਸਾ ਮੰਗਣ ਵਾਲਿਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਚੰਡੀਗੜ੍ਹ, : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰ ਵੱਲੋਂ ਹਰੇਕ ਪਰਿਵਾਰ ਲਈ ਸ਼ੁਰੂ ਕੀਤੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਪੰਜਾਬ ਵਿਰੋਧੀ ਤਾਕਤਾਂ ਦੁਆਰਾ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ।
ਇਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਨੂੰ ਮੁਖਾਤਬ ਹੁੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਨੇ ਲੋਕ ਭਲਾਈ ਵਾਲੀ ਇਸ ਪ੍ਰਮੁੱਖ ਸਕੀਮ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਪੰਜਾਬ ਦੇ ਹਰੇਕ ਨਾਗਰਿਕ ਖਾਸ ਤੌਰ ਉਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਕੈਸ਼ਲੈੱਸ ਇਲਾਜ ਕਰਵਾਉਣ ਤੱਕ ਸਿੱਧੀ ਪਹੁੰਚ ਹੋ ਸਕੇ।”
ਇਸ ਪਹਿਲਕਦਮੀ ਬਾਰੇ ਦੱਸਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਲੋਕਾਂ ਨੂੰ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ, ਜਿਸ ਦੇ ਤਹਿਤ ਪੰਜਾਬ ਦਾ ਹਰ ਪਰਿਵਾਰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਕਰਵਾਉਣ ਦਾ ਹੱਕਦਾਰ ਹੈ।”
ਇਸ ਨੂੰ ਇਤਿਹਾਸਕ ਪ੍ਰਾਪਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ, "ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਵਿਆਪਕ ਪੱਧਰ ’ਤੇ ਮੁਫ਼ਤ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਵਾਲਾ ਪਹਿਲਾ ਭਾਰਤੀ ਸੂਬਾ ਬਣ ਗਿਆ ਹੈ। ਇਹ ਸਕੀਮ ਲੋਕਾਂ 'ਤੇ ਵਿੱਤੀ ਬੋਝ ਨੂੰ ਕਾਫ਼ੀ ਘਟਾਏਗੀ ਅਤੇ ਨਾਲ ਹੀ ਮਿਆਰੀ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਏਗੀ।"
ਇਸ ਸਕੀਮ ਤਹਿਤ ਰਜਿਸਟਰ ਹੋਣ ਬਾਰੇ ਜਾਣਕਾਰੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, "ਇਸ ਇਤਿਹਾਸਕ ਕਦਮ ਦਾ ਉਦੇਸ਼ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਕੈਸ਼ਲੈੱਸ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਸਾਰੇ ਸਰਕਾਰੀ ਕਰਮਚਾਰੀ, ਪੈਨਸ਼ਨਰ ਅਤੇ ਹੋਰ ਨਾਗਰਿਕ ਸਿਹਤ ਕਾਰਡ ਲਈ ਯੋਗ ਹਨ ਅਤੇ ਇਹ ਸਿਹਤ ਕਾਰਡ ਸੁਵਿਧਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ ਤੋਂ ਜਾਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਵਰਤੋਂ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।"
ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਪੰਜਾਬ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਹੈ ਅਤੇ ਲੋਕ ਇਸ ਸਕੀਮ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿੱਚ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੇ ਉਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ, ਜਿਨ੍ਹਾਂ ਨੂੰ ਪਹਿਲਾਂ ਬਿਮਾਰੀ ਦੇ ਇਲਾਜ ਦਾ ਭਾਰੀ ਖ਼ਰਚਾ ਆਪਣੀਆਂ ਜੇਬਾਂ ਵਿੱਚੋਂ ਅਦਾ ਕਰਨਾ ਪੈਂਦਾ ਸੀ।
ਮੁੱਖ ਮੰਤਰੀ ਨੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਕੁਝ ਪੰਜਾਬ ਵਿਰੋਧੀ ਤਾਕਤਾਂ, ਜੋ ਨਹੀਂ ਚਾਹੁੰਦੀਆਂ ਕਿ ਸੂਬੇ ਦੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦਾ ਲਾਭ ਮਿਲੇ, ਜਾਣ-ਬੁੱਝ ਕੇ ਇਸ ਪ੍ਰਮੁੱਖ ਯੋਜਨਾ ਬਾਰੇ ਝੂਠ ਫੈਲਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀਆਂ ਵੱਲੋਂ ਯੋਜਨਾ ਨੂੰ ਲੈ ਕੇ ਕੀਤੀ ਜਾ ਰਹੀ ਬੇਹੂਦਾ ਬਿਆਨਬਾਜ਼ੀ ਲੋਕਾਂ ਨੂੰ ਇਸ ਯੋਜਨਾ ਪ੍ਰਤੀ ਸਿਰਫ਼ ਨਿਰਾਸ਼ ਕਰਨ ਦੇ ਇਰਾਦੇ ਨਾਲ ਹੈ, ਜੋ ਕਿ ਪੂਰੀ ਤਰ੍ਹਾਂ ਗੈਰ-ਵਾਜਬ ਅਤੇ ਅਣਉਚਿਤ ਹੈ।
ਹਸਪਤਾਲਾਂ ਨੂੰ ਪੈਨਲ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੂਬਾ ਸਰਕਾਰ ਨੇ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਹੈ ਅਤੇ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਲਗਭਗ 2,600 ਬਿਮਾਰੀਆਂ ਅਤੇ ਇਲਾਜ ਸੇਵਾਵਾਂ ਲਈ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਭੁਗਤਾਨ ਵਿਧੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਹਸਪਤਾਲਾਂ ਨੂੰ ਆਪਸੀ ਸਹਿਮਤੀ ਨਾਲ ਤੈਅ ਦਰਾਂ ਅਨੁਸਾਰ ਭੁਗਤਾਨ ਕਰੇਗੀ, ਫਿਰ ਚਾਹੇ ਇਹ ਹਸਪਤਾਲ ਕਿਸੇ ਬਿਮਾਰੀ ਜਾਂ ਇਲਾਜ ਸੇਵਾ ਲਈ ਬਾਹਰਲੇ ਵਿਅਕਤੀਆਂ ਤੋਂ ਜ਼ਿਆਦਾ ਰਕਮ ਹੀ ਕਿਉਂ ਨਾ ਵਸੂਲ ਰਹੇ ਹੋਣ।
ਹਸਪਤਾਲਾਂ ਦੀ ਜਵਾਬਦੇਹੀ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ਤਹਿਤ ਸੂਚੀਬੱਧ ਸਾਰੇ ਹਸਪਤਾਲ ਸਰਕਾਰ ਦੁਆਰਾ ਨਿਰਧਾਰਤ ਦਰਾਂ 'ਤੇ ਇਲਾਜ ਦੇਣ ਲਈ ਪਾਬੰਦ ਹਨ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਲਾਭਪਾਤਰੀਆਂ ਨੂੰ ਕੈਸ਼ਲੈੱਸ ਇਲਾਜ ਮਿਲੇ।
ਯੋਜਨਾ ਬਾਰੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਨੂੰ ਸਿੱਧੇ ਤੌਰ 'ਤੇ ਰੱਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਸਪਤਾਲਾਂ ਨੂੰ ਸਰਕਾਰ ਦੁਆਰਾ ਸਿੱਧਾ ਭੁਗਤਾਨ ਕੀਤਾ ਜਾਵੇਗਾ ਅਤੇ ਲਾਭਪਾਤਰੀਆਂ ਤੋਂ ਇੱਕ ਪੈਸਾ ਵੀ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਇਸ ਯੋਜਨਾ ਸਬੰਧੀ ਗੁੰਮਰਾਕੁੰਨ ਅਤੇ ਗਲਤ ਤਸਵੀਰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਯੋਜਨਾ ਦੇ ਲਾਭ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਲਾਭਪਾਤਰੀਆਂ ਲਈ ਇਲਾਜ ਸੇਵਾਵਾਂ ਕੈਸ਼ਲੈੱਸ ਹਨ ਅਤੇ ਹਸਪਤਾਲਾਂ ਦੁਆਰਾ ਮਰੀਜ਼ਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।
ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਜੋ ਬੇਬੁਨਿਆਦ ਅਫ਼ਵਾਹਾਂ ਫੈਲਾ ਕੇ ਜਨਤਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ।
ਯੋਜਨਾ ਤਹਿਤ ਇਲਾਜ ਸੇਵਾਵਾਂ ਬਾਰੇ ਵੇਰਵੇ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਠੋਸ ਵਿਧੀ ਉਲੀਕੀ ਹੈ ਜਿਸ ਤਹਿਤ ਹਸਪਤਾਲ ਵਿੱਚ ਦਾਖਲੇ ਤੋਂ ਲੈ ਕੇ ਜਾਂਚ ਜਾਂ ਟੈਸਟ, ਇਲਾਜ ਅਤੇ ਹਸਪਤਾਲ ਤੋਂ ਛੁੱਟੀ ਤੱਕ ਦੀ ਸਾਰੀ ਇਲਾਜ ਪ੍ਰਕਿਰਿਆ ਕੈਸ਼ਲੈੱਸ ਰਹੇਗੀ।
ਉਲੰਘਣਾ ਸਬੰਧੀ ਸਪੱਸ਼ਟ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਇਸ ਯੋਜਨਾ ਤਹਿਤ ਕਿਸੇ ਮਰੀਜ਼ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਰੰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਅਜਿਹੇ ਗਲਤ ਕੰਮਾਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਹਸਪਤਾਲ ਵਿਰੁੱਧ ਸਖ਼ਤ, ਦੰਡਕਾਰੀ ਅਤੇ ਮਿਸਾਲੀ ਕਾਰਵਾਈ ਕਰੇਗੀ।
ਅਖੀਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਪੰਜਾਬ ਦੇ ਲੋਕਾਂ ਨੂੰ ਇਸ ਯੋਜਨਾ, ਜਿਸ ਨੂੰ ਦੁਨੀਆਂ ਭਰ ਵਿੱਚ ਸਲਾਹਿਆ ਜਾ ਰਿਹਾ ਹੈ, ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਾ ਹਾਂ।”


ਮੰਡੀ ਗੋਬਿੰਦਗੜ੍ਹ, 11 ਫਰਵਰੀ: ਦੇਸ਼ ਭਗਤ ਯੂਨੀਵਰਸਿਟੀ ਦੇ ਐਗਰੀਕਲਚਰ ਅਤੇ ਜੀਵ ਵਿਗਿਆਨ ਫੈਕਲਟੀ ਦੇ ਐਗਰੀਮ ਕਲੱਬ ਵੱਲੋਂ ਏਕ ਭਾਰਤ ਸ੍ਰੇਸ਼ਠ ਭਾਰਤ ਸੈੱਲ, ਉੱਨਤ ਭਾਰਤ ਅਭਿਆਨ ਅਤੇ ਸਵੱਛ ਭਾਰਤ ਮਿਸ਼ਨ ਦੇ ਸਹਿਯੋਗ ਨਾਲ ‘ਰਾਸ਼ਟਰੀ ਬਾਲੜੀ ਦਿਵਸ ’ਤੇ ਲਿੰਗ ਸੰਵੇਦਨਸ਼ੀਲਤਾ’ ਵਿਸ਼ੇ ’ਤੇ ਮੁਕਾਬਲਿਆਂ ਦੀ ਇੱਕ ਲੜੀ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਤੋਂ ਬਾਅਦ ਡਾ. ਅਵਿਨਾਸ਼ ਭਾਟੀਆ ਨੇ ਇੱਕ ਜਾਗਰੂਕਤਾ ਭਾਸ਼ਣ ਦਿੱਤਾ, ਜਿਸ ਵਿੱਚ ਲਿੰਗ ਸਮਾਨਤਾ ਦੀ ਮਹੱਤਤਾ, ਰਾਸ਼ਟਰੀ ਬਾਲੜੀ ਦਿਵਸ ਦੀ ਸਾਰਥਕਤਾ ਅਤੇ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਦੇ ਭਾਸ਼ਣ ਨੇ ਵਿਦਿਆਰਥੀਆਂ ਨੂੰ ਲਿੰਗ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।
ਵਿਦਿਆਰਥੀਆਂ ਨੇ ਲੇਖ ਲਿਖਣ, ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਲਿੰਗ ਸੰਵੇਦਨਸ਼ੀਲਤਾ, ਮਹਿਲਾ ਸਸ਼ਕਤੀਕਰਨ ਅਤੇ ਬਰਾਬਰ ਮੌਕਿਆਂ ਨਾਲ ਸਬੰਧਿਤ ਵਿਚਾਰਾਂ ਨੂੰ ਰਚਨਾਤਮਕ ਢੰਗ ਨਾਲ ਪ੍ਰਗਟ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਦਾ ਨਿਰਣਾ ਪ੍ਰੋ. (ਡਾ.) ਐੱਚ.ਕੇ. ਸਿੱਧੂ ਨੇ ਡਾ. ਸਚਿਨ ਭਾਰਦਵਾਜ, ਡਾ. ਰਜਤ ਸ਼ਰਮਾ ਅਤੇ ਸ਼ਿਵਾਂਗੀ ਸੂਦ ਦੇ ਸਹਿਯੋਗ ਨਾਲ ਕੀਤਾ, ਜਿਨ੍ਹਾਂ ਨੇ ਐਂਟਰੀਆਂ ਦੀ ਮੌਲਿਕਤਾ ਅਤੇ ਸਮਾਜਿਕ ਸਾਰਥਕਤਾ ਦੀ ਸ਼ਲਾਘਾ ਕੀਤੀ। 

*ਫ਼ਾਜ਼ਿਲਕਾ ਦੇ 48 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ 1903.11 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਪੋਟਾਸ਼ ਸਰਵੇਖਣ*

*21 ਮਹੀਨਿਆਂ ਤੋਂ ਵੱਧ ਸਮੇਂ ਵਿੱਚ ਪੜਾਅਵਾਰ ਡਰਿਲਿੰਗ ਯੋਜਨਾ ਤਹਿਤ ਕੀਤੇ ਜਾਣਗੇ 15 ਬੋਰ*

*ਪੰਜਾਬ ਨੇ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਚੁੱਕਿਆ ਸੀ ਪੋਟਾਸ਼ ਦਾ ਮੁੱਦਾ*

*ਬਰਿੰਦਰ ਕੁਮਾਰ ਗੋਇਲ ਵੱਲੋਂ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਸੂਬੇ 'ਚ ਪੋਟਾਸ਼ ਖੋਜ ਨੂੰ ਤਰਜੀਹ ਦੇਣ ਦੀ ਮੰਗ*

*ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਵੱਲੋਂ ਫ਼ਾਜ਼ਿਲਕਾ ਦੇ ਕਈ ਬਲਾਕਾਂ ’ਚ ਪੋਟਾਸ਼ ਸ਼ੁਰੂਆਤੀ ਸਰਵੇਖਣ ਅਤੇ ਖੋਜ ਕਰਨ ਦੀ ਤਜਵੀਜ਼*

*ਚੰਡੀਗੜ੍ਹ,:  
ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਭਰ ਦੇ ਸਾਰੇ ਖਣਿਜ ਭਰਪੂਰ ਖੇਤਰਾਂ ਦੀ ਤੁਰੰਤ ਸ਼ਨਾਖ਼ਤ ਕਰਨ ਸਬੰਧੀ ਮੁੱਦੇ ਨੂੰ ਵੱਡੀ ਪੱਧਰ 'ਤੇ ਉਠਾਏ ਜਾਣ ਪਿੱਛੋਂ ਕੇਂਦਰੀ ਖਣਨ ਮੰਤਰਾਲੇ ਦੇ ਕੌਮੀ ਮਿਨਰਲ ਐਕਸਪਲੋਰੇਸ਼ਨ ਐਂਡ ਡਿਵੈਲਪਮੈਂਟ ਟਰੱਸਟ ਦੀ ਪ੍ਰਾਜੈਕਟ ਸੈਂਕਸ਼ਨਿੰਗ ਕਮੇਟੀ ਦੀ 9 ਫ਼ਰਵਰੀ, 2026 ਨੂੰ ਹੋਈ ਮੀਟਿੰਗ ਦੌਰਾਨ ‘‘ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਵਾੜਿਆਂਵਾਲੀ ਖੇਤਰ ਵਿੱਚ ਪੋਟਾਸ਼ ਲਈ ਖੋਜ ਸਰਵੇਖਣ ਜੀ-4’’ ਸਿਰਲੇਖ ਵਾਲੇ ਨਵੇਂ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ ਵੱਲੋਂ 21 ਮਹੀਨਿਆਂ ਦੀ ਮਿਆਦ ਅੰਦਰ 1903.11 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ 48.0 ਵਰਗ ਕਿਲੋਮੀਟਰ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਯੋਜਨਾ ਅਨੁਸਾਰ 9 ਮਹੀਨਿਆਂ ਬਾਅਦ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 3200 ਮੀਟਰ ਦੇ ਗਰਿੱਡ ਅੰਤਰਾਲ ’ਤੇ 5700 ਮੀਟਰ ਦੀ ਕੁੱਲ ਡ੍ਰਿਲਿੰਗ ਸਮੇਤ ਛੇ ਬੋਰਹੋਲ ਕੀਤੇ ਜਾਣਗੇ। ਸਮੀਖਿਆ ਤੋਂ ਬਾਅਦ ਪਛਾਣੇ ਗਏ ਸੰਭਾਵੀ ਜ਼ੋਨਾਂ ਵਿੱਚ ਦੂਜੇ ਪੜਾਅ ਤਹਿਤ 1600 ਮੀਟਰ ਦੇ ਗਰਿੱਡ ਅੰਤਰਾਲ ’ਤੇ 8550 ਮੀਟਰ ਦੀ ਕੁੱਲ ਡ੍ਰਿਲਿੰਗ ਸਮੇਤ ਨੌਂ ਵਾਧੂ ਬੋਰਹੋਲ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਜਨਵਰੀ ਮਹੀਨੇ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਗੋਇਲ ਨੇ ਗੁਜਰਾਤ ਦੇ ਗਾਂਧੀਨਗਰ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਪੰਜਾਬ ਵਿੱਚ ਪੋਟਾਸ਼ ਦੀ ਖੋਜ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਉਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੋਟਾਸ਼ ਦੇ ਸੰਭਾਵਿਤ ਸਰੋਤਾਂ ਦੀ ਪਛਾਣ ਦਾ ਮੁੱਦਾ ਚੁੱਕਦਿਆਂ ਫੀਲਡ ਸੀਜ਼ਨ 2025-26 ਦੌਰਾਨ ਡ੍ਰਿਲਿੰਗ ਅਤੇ ਭੂ-ਵਿਗਿਆਨਕ ਮੈਪਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਸੀ।

ਇਸੇ ਦੌਰਾਨ ਕੈਬਨਿਟ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਵਿੱਚ ਪੋਟਾਸ਼ ਦੀ ਖੋਜ ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਇਸ ਦਾ ਸਿੱਧਾ ਸਬੰਧ ਦੇਸ਼ ਦੀ ਖ਼ੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸੂਬੇ ਭਰ ਦੇ ਖਣਿਜ ਭਰਪੂਰ ਖੇਤਰਾਂ ਵਿੱਚ ਭਰੋਸੇਯੋਗ ਢੰਗ ਨਾਲ ਖਣਿਜ ਸੂਚੀ ਤਿਆਰ ਕਰਨ ਲਈ ਸਮੇਂ ਸਿਰ ਕਾਰਵਾਈ ਦੀ ਮੰਗ ਵੀ ਕੀਤੀ ਸੀ।

ਪੰਜਾਬ ਸਰਕਾਰ ਵੱਲੋਂ ਖੋਜ ਖੇਤਰ ਦੇ ਵਿਸਥਾਰ ਬਾਰੇ ਬੇਨਤੀ ਤੋਂ ਬਾਅਦ ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਨੇ ਫੀਲਡ ਸੀਜ਼ਨ 2026-27 ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੇਰਾ-ਖੇੜਾ ਬਲਾਕ ਅਤੇ ਸਈਅਦਵਾਲਾ ਬਲਾਕ ਵਿੱਚ ਪੋਟਾਸ਼ ਲਈ ਸ਼ੁਰੂਆਤੀ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਸ਼ੁਰੂਆਤੀ ਖੋਜ ਪ੍ਰੋਗਰਾਮ ਦੀ ਤਜਵੀਜ਼ ਰੱਖੀ ਹੈ। ਇਸ ਪ੍ਰੋਗਰਾਮ ਤਹਿਤ ਪਛਾਣੀਆਂ ਗਈਆਂ 15 ਸੰਭਾਵੀ ਥਾਵਾਂ ’ਤੇ ਡ੍ਰਿਲਿੰਗ ਕੀਤੀ ਜਾਣੀ ਹੈ। ਕੈਬਨਿਟ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਪੋਟਾਸ਼ ਸਰੋਤ ਆਧਾਰ ਨੂੰ ਮਜ਼ਬੂਤ ਕਰਨ ਲਈ ਸਾਰੇ ਪ੍ਰਸਤਾਵਿਤ ਬਲਾਕਾਂ ਵਿੱਚ ਕਾਰਜ, ਫੀਲਡ ਸੀਜ਼ਨ 2026-27 ਦੀ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣ।

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੋਟਾਸ਼ ਦੇਸ਼ ਲਈ ਬਹੁਤ ਮਹੱਤਵਪੂਰਨ ਅਤੇ ਲਾਹੇਵੰਦ ਹੈ ਕਿਉਂਕਿ ਇਸ ਦੀ ਲਗਭਗ 99 ਫ਼ੀਸਦੀ ਲੋੜ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ ਅਤੇ ਘਰੇਲੂ ਖੋਜ ਤੇ ਮਾਈਨਿੰਗ ਵਿੱਚ ਕਿਸੇ ਵੀ ਪ੍ਰਗਤੀ ਨਾਲ ਕੌਮੀ ਅਰਥਵਿਵਸਥਾ, ਖੇਤੀ ਖੇਤਰ ਅਤੇ ਦੀਰਘ-ਕਾਲੀ ਸਵੈ-ਨਿਰਭਰਤਾ ਟੀਚਿਆਂ ਨੂੰ ਮਜ਼ਬੂਤੀ ਮਿਲੇਗੀ।

ਬਜਟ ਇਜਲਾਸ ਲਈ ਪੈਰੋਲ ਨਾ ਮਿਲਣ ਨੂੰ ਅੰਮਿ੍ਰਤਪਾਲ ਸਿੰਘ ਨੇ ਦਿੱਤੀ ਹੈ ਚੁਣੌਤੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਨੇ ਬਜਟ ਇਜਲਾਸ ਵਿਚ ਸ਼ਾਮਲ ਹੋਣ ਦੇ ਲਈ ਅਸਥਾਈ ਪੈਰੋਲ ਨਾ ਮਿਲਣ ਦੇ ਮਾਮਲੇ ਵਿਚ ਫਿਰ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਇਸ ਮਾਮਲੇ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਅੰਮਿ੍ਰਤਪਾਲ ਸਿੰਘ ਦੇ ਵਕੀਲ ਕੋਲੋਂ ਪੁੱਛਿਆ ਕਿ ਪੈਰੋਲ ਕਿਸ ਅਧਾਰ ’ਤੇ ਠੁਕਰਾਈ ਗਈ ਹੈ। ਇਸ ’ਤੇ ਵਕੀਲ ਨੇ ਹਾਈਕੋਰਟ ਨੂੰ ਦੱਸਿਆ ਕਿ ਸਰਕਾਰ ਨੇ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਹੈ, ਪਰ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਐਨ.ਐਸ.ਏ. ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ।  


*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਲ ਜੋਗੀ ਪਰਗਟ ਨਾਥ ਨੂੰ ਵਧਾਈ ਦਿੱਤੀ; ਕਿਹਾ - ਉਨ੍ਹਾਂ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨੂੰ ਦਲਿਤ ਆਸਥਾ ਦੇ ਕੌਮਾਂਤਰੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ*

*ਭਗਵੰਤ ਮਾਨ ਸਰਕਾਰ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਯੋਗਦਾਨ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਨ ਲਈ ਤੀਰਥ ਸਥਲ ਦੇ ਵਿਕਾਸ ਲਈ ਵਚਨਬੱਧ*

ਚੰਡੀਗੜ੍ਹ, : 
ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨੂੰ ਵੱਡੇ ਅਤੇ ਕੌਮਾਂਤਰੀ ਕੇਂਦਰ ਵਜੋਂ ਵਿਕਸਤ ਕਰਨ ਦੇ ਸਪਸ਼ਟ ਵਿਜ਼ਨ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ੍ਰੀ ਬਾਲ ਜੋਗੀ ਪਰਗਟ ਨਾਥ ਨੂੰ ਦੇ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਦੇ ਸ਼ਰਾਈਨ ਬੋਰਡ ਦੇ ਸਲਾਹਕਾਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨੂੰ ਦਲਿਤ ਆਸਥਾ, ਵਿਰਾਸਤ ਅਤੇ ਅਧਿਆਤਮਿਕ ਫਲਸਫੇ ਦੇ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਕੇਂਦਰ ਵਜੋਂ ਉਭਾਰਨ ਦੀ ਭਗਵੰਤ ਮਾਨ ਸਰਕਾਰ ਦੀ ਨੀਅਤ ਨੂੰ ਦਰਸਾਉਂਦੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਬਾਲ ਜੋਗੀ ਪਰਗਟ ਨਾਥ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨੂੰ ਦਲਿਤ ਆਸਥਾ ਦੇ ਕੌਮਾਂਤਰੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ, ਜੋ ਦੁਨੀਆ ਭਰ ਦੇ ਸ਼ਰਧਾਲੂਆਂ, ਵਿਦਵਾਨਾਂ ਅਤੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚੇਗਾ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਦੇ ਵਿਕਾਸ ਵਿੱਚ ਦਲਿਤ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਭਗਵੰਤ ਮਾਨ ਸਰਕਾਰ ਇਸ ਯੋਗਦਾਨ ਦਾ ਸਤਿਕਾਰ ਕਰਨ ਅਤੇ ਇਸ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ, "ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨਾ ਸਿਰਫ਼ ਆਸਥਾ ਦਾ ਪਵਿੱਤਰ ਸਥਾਨ ਹੈ, ਸਗੋਂ ਬਹੁਤ ਵੱਡੀ ਸੱਭਿਅਤਾ ਵਾਲਾ ਮਹੱਤਵਪੂਰਨ ਸਥਾਨ ਵੀ ਹੈ। ਇਸ ਦਾ ਕੌਮਾਂਤਰੀ ਪੱਧਰ ਦਾ ਵਿਕਾਸ ਭਗਵਾਨ ਵਾਲਮੀਕਿ ਜੀ ਨਾਲ ਦੇ ਬਰਾਬਰੀ, ਮਾਣ-ਸਤਿਕਾਰ ਅਤੇ ਸਮਾਜਿਕ ਨਿਆਂ ਦੀਆਂ ਸਿਖਿਆਵਾਂ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿੱਚ ਸਹਾਈ ਹੋਵੇਗਾ।"

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨੂੰ ਅਜਿਹੇ ਤਰੀਕੇ ਨਾਲ ਵਿਕਸਤ ਕਰਨ ਦੇ ਲੰਬੇ ਸਮੇਂ ਦੇ ਵਿਜ਼ਨ ਨਾਲ ਕੰਮ ਕਰ ਰਹੀ ਹੈ ਕਿ ਭਗਵਾਨ ਵਾਲਮੀਕਿ ਜੀ ਦੇ ਜੀਵਨ, ਫਲਸਫੇ ਅਤੇ ਸਦੀਵੀ ਯੋਗਦਾਨ ਨੂੰ ਵਿਸ਼ਵ ਮੰਚ 'ਤੇ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ, "ਕੋਸ਼ਿਸ਼ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨੂੰ ਕੌਮਾਂਤਰੀ ਪ੍ਰਸਿੱਧੀ ਵਾਲੇ ਅਜਿਹੇ ਸਥਾਨ ਵਜੋਂ ਵਿਕਸਿਤ ਕੀਤਾ ਜਾਵੇ, ਜਿੱਥੇ ਆਸਥਾ, ਇਤਿਹਾਸ ਅਤੇ ਸਿੱਖਿਆ ਦਾ ਸੁਮੇਲ ਹੋਵੇ, ਜਿਸ ਨਾਲ ਵੱਖ-ਵੱਖ ਦੇਸ਼ਾਂ ਦੇ ਲੋਕ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੀ ਅਧਿਆਤਮਿਕ ਅਤੇ ਬੌਧਿਕ ਵਿਰਾਸਤ ਨਾਲ ਜੁੜ ਸਕਣ।"

ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ, "ਦਲਿਤ ਆਸਥਾ ਅਤੇ ਵਿਰਾਸਤ ਨੂੰ ਵਿਸ਼ਵ ਪੱਧਰੀ ਮਾਨਤਾ ਦੇਣਾ ਮਾਣ ਅਤੇ ਨਿਆਂ ਦਾ ਵਿਸ਼ਾ ਹੈ। ਭਗਵਾਨ ਵਾਲਮੀਕਿ ਜੀ ਤੀਰਥ ਸਥਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਿਕਸਤ ਕਰਨਾ ਸਰਕਾਰ ਇਸ ਸੰਕਲਪ ਨੂੰ ਦਰਸਾਉਂਦਾ ਹੈ ਕਿ ਇਸ ਵਿਰਾਸਤ ਨੂੰ ਉਹ ਸਤਿਕਾਰ ਅਤੇ ਮਾਨਤਾ ਮਿਲੇ ਜਿਸਦੀ ਇਹ ਦੁਨੀਆ ਭਰ ਵਿੱਚ ਹੱਕਦਾਰ ਹੈ।"

ਭਗਵਾਨ ਵਾਲਮੀਕਿ ਜੀ ਤੀਰਥ ਸਥਲ: ਆਸਥਾ, ਇਤਿਹਾਸ ਅਤੇ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ

ਅੰਮ੍ਰਿਤਸਰ ਦੇ ਨੇੜੇ ਸਥਿਤ ਭਗਵਾਨ ਵਾਲਮੀਕਿ ਜੀ ਦਾ ਇਹ ਪਵਿੱਤਰ ਅਸਥਾਨ ਆਸਥਾ, ਇਤਿਹਾਸ ਅਤੇ ਅਧਿਆਤਮਿਕ ਵਿਰਾਸਤ ਦਾ ਇੱਕ ਸਦੀਵੀ ਪ੍ਰਤੀਕ ਹੈ। ਅੰਮ੍ਰਿਤਸਰ ਤੋਂ ਲਗਭਗ 12 ਕਿਲੋਮੀਟਰ ਪੱਛਮ ਵਿੱਚ ਚੋਗਾਵਾਂ ਰੋਡ 'ਤੇ ਸਥਿਤ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਰਾਮਾਇਣ ਕਾਲ ਦਾ ਹੈ ਅਤੇ ਮਹਾਰਿਸ਼ੀ ਵਾਲਮੀਕਿ ਜੀ ਦੇ ਆਸ਼ਰਮ ਵਜੋਂ ਪੂਜਿਆ ਜਾਂਦਾ ਹੈ। ਇਸ ਪਵਿੱਤਰ ਸਥਾਨ 'ਤੇ ਇੱਕ ਪ੍ਰਾਚੀਨ ਸਰੋਵਰ ਅਤੇ ਕਈ ਮੰਦਰ ਹਨ। ਇੱਥੇ ਇੱਕ ਕੁਟੀਆ ਵੀ ਹੈ ਜੋ ਉਸ ਸਥਾਨ ਦੀ ਨਿਸ਼ਾਨਦੇਹੀ ਕਰਦੀ ਹੈ ਜਿੱਥੇ ਮਾਤਾ ਸੀਤਾ ਜੀ ਨੇ ਆਪਣੇ ਦੋ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ ਸੀ। ਇਸ ਤੀਰਥ 'ਤੇ ਭਗਵਾਨ ਵਾਲਮੀਕਿ ਜੀ ਦੀ ਕੁਟੀਆ ਵੀ ਮੌਜੂਦ ਹੈ।

ਇੱਥੇ ਪੁਰਾਤਨ ਸਮੇਂ ਤੋਂ ਨਵੰਬਰ ਵਿੱਚ ਪੂਰਨਮਾਸ਼ੀ ਦੀ ਰਾਤ ਤੋਂ ਚਾਰ ਰੋਜ਼ਾ ਮੇਲਾ ਲੱਗਦਾ ਆ ਰਿਹਾ ਹੈ। ਚੋਗਾਵਾਂ ਰੋਡ 'ਤੇ ਸਥਿਤ ਇਹ ਅਸਥਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਮਹਾਨ ਵਿਰਾਸਤ ਨੂੰ ਯਾਦ ਕਰਵਾਉਂਦਾ ਹੈ।

ਭਗਵਾਨ ਵਾਲਮੀਕਿ ਜੀ ਪੈਨੋਰਾਮਾ: ਆਸਥਾ ਅਤੇ ਸਤਿਕਾਰ ਦੀ ਮਿਸਾਲ
ਭਗਵੰਤ ਮਾਨ ਸਰਕਾਰ ਨੇ ਦਲਿਤ ਆਸਥਾ ਪ੍ਰਤੀ ਸਤਿਕਾਰ ਨੂੰ ਅਮਲੀ ਰੂਪ ਦਿੱਤਾ ਹੈ। ਅਕਤੂਬਰ 2024 ਵਿੱਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਵਿਖੇ ਅਤਿ-ਆਧੁਨਿਕ 'ਭਗਵਾਨ ਵਾਲਮੀਕਿ ਜੀ ਪੈਨੋਰਾਮਾ' ਲੋਕਾਂ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਦੁਨੀਆ ਦੇ ਪਹਿਲੇ ਮਹਾਂਕਾਵਿ ਰਾਮਾਇਣ ਦੇ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਨੂੰ ਇੱਕ ਨਿਮਰ ਸ਼ਰਧਾਂਜਲੀ ਦੱਸਿਆ ਸੀ।

9 ਏਕੜ ਵਿੱਚ 32.78 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੈਨੋਰਾਮਾ 14 ਗੈਲਰੀਆਂ ਰਾਹੀਂ ਭਗਵਾਨ ਵਾਲਮੀਕਿ ਜੀ ਦੇ ਜੀਵਨ, ਫਲਸਫੇ ਅਤੇ ਯੋਗਦਾਨ ਨੂੰ ਪੇਸ਼ ਕਰਨ ਲਈ ਉੱਨਤ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਇਸ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਜੀਵਨ, ਰਾਮਾਇਣ ਦੀ ਰਚਨਾ, ਮਾਤਾ ਸੀਤਾ ਅਤੇ ਲਵ-ਕੁਸ਼, ਯੋਗ, ਸੰਜੀਵਨੀ ਵਿੱਦਿਆ, ਅਸ਼ਵਮੇਧ ਯੱਗ, ਯੋਗ ਵਸ਼ਿਸ਼ਟ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਵਰਣਨ ਕੀਤਾ ਗਿਆ ਹੈ। ਲਾਇਬ੍ਰੇਰੀ, ਕੈਫੇਟੇਰੀਆ ਅਤੇ ਸੋਵੀਨੀਅਰ ਸ਼ਾਪ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਪੈਨੋਰਾਮਾ ਪੰਜਾਬ ਸਰਕਾਰ ਦੀ ਆਸਥਾ ਨੂੰ ਸੰਭਾਲਣ ਅਤੇ ਦਲਿਤ ਅਧਿਆਤਮਿਕ ਵਿਰਾਸਤ ਦਾ ਸਨਮਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪਿਛਲੇ ਦਿਨੀਂ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਏ ਹਨ ਮਜੀਠੀਆ

ਬਿਆਸ/ਬਿਊਰੋ ਨਿਊਜ਼ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੁੱਧਵਾਰ ਨੂੰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਡੇਰਾ ਬਿਆਸ ਪਹੁੰਚ ਕੇ ਮਜੀਠੀਆ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਅਤਿ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਨੂੰ ਮਿਲ ਕੇ ਬਹੁਤ ਹੀ ਪਿਆਰ ਅਤੇ ਸਨੇਹ ਮਿਲਿਆ। ਮਜੀਠੀਆ ਨੇ ਕਿਹਾ ਕਿ ਸਾਡੇ ਔਖੇ-ਸੌਖੇ ਸਮੇਂ ਵਿਚ ਬਾਬਾ ਜੀ ਨੇ ਦਾਸ ਦਾ ਹਮੇਸ਼ਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਦਾਸ ਕੋਲ ਕੋਈ ਲਫ਼ਜ਼ ਨਹੀਂ, ਜਿਸ ਨਾਲ ਦਾਸ ਬਾਬਾ ਜੀ ਦਾ ਧੰਨਵਾਦ ਕਰ ਸਕੇ। ਮਜੀਠੀਆ ਨੇ ਕਿਹਾ, ਗੁਰੂ ਸਾਹਿਬ ਬਲ ਬਖਸ਼ਣ ਕਿ ਇਹ ਸਾਂਝ ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰਹੇ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜੇਲ੍ਹ ਵਿਚ ਸਨ ਅਤੇ ਕੁਝ ਦਿਨ ਪਹਿਲਾਂ ਹੀ ਮਜੀਠੀਆ ਜ਼ਮਾਨਤ ’ਤੇ ਬਾਹਰ ਆਏ ਹਨ।

* ਪਤਾ ਲੱਗਣ ਤੋਂ ਬਚਣ ਲਈ ਆਈਈਡੀ ਬਣਾਉਣ ਲਈ ਵਰਤੇ ਜਾਂਦੇ ਧਾਤੂ ਦੀ ਕੇਸਿੰਗ ਦੀ ਥਾਂ 'ਤੇ ਵਰਤਿਆ ਗਿਆ ਪੀਵੀਸੀ ਪਾਈਪ: ਡੀਜੀਪੀ ਗੌਰਵ ਯਾਦਵ*

* ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਏਨਕ੍ਰਿਪਟਡ ਮੋਬਾਈਲ ਐਪਸ ਰਾਹੀਂ ਆਪਣੇ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸੀ: ਏਆਈਜੀ ਐਸਐਸਓਸੀ ਸੁਖਮਿੰਦਰ ਮਾਨ*

ਚੰਡੀਗੜ੍ਹ/ਅੰਮ੍ਰਿਤਸਰ  : 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਕਾਰਵਾਈ ਕਰਦਿਆਂ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਇੱਕ ਮੁਲਜ਼ਮ ਨੂੰ ਆਰਡੀਐਕਸ ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸਮੇਤ ਗ੍ਰਿਫਤਾਰ ਕਰਕੇ ਪਾਕਿਸਤਾਨ ਦੀ ਆਈਐਸਆਈ -ਸਮਰਥਿਤ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਉਰਫ਼ ਗੱਜੂ ਵਾਸੀ ਚਮਰੰਗ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਅੰਮ੍ਰਿਤਸਰ ਦੇ ਇੱਕ ਸੈਲੂਨ ਵਿੱਚ ਸਹਾਇਕ ਵਜੋਂ ਕੰਮ ਕਰਦਾ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਨ ਵਾਲੇ ਇੱਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਰਾਹੁਲ ਨੇ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਸ਼ਹਿਰ ਦੇ ਬਾਹਰਵਾਰ ਇੱਕ ਨਿਰਧਾਰਤ ਸਥਾਨ ਤੋਂ ਖੇਪ ਪ੍ਰਾਪਤ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਡਿਵਾਈਸ ਨੂੰ ਪੀਵੀਸੀ ਪਾਈਪ ਕੇਸਿੰਗ ਵਿੱਚ ਛੁਪਾਇਆ ਗਿਆ ਸੀ ਤਾਂ ਜੋ ਇਸ ਦਾ ਪਤਾ ਨਾ ਲੱਗ ਸਕੇ।

ਡੀਜੀਪੀ ਨੇ ਕਿਹਾ ਕਿ ਆਈਈਡੀ ਦੀ ਡਿਲੀਵਰੀ ਦੇ ਸਰੋਤ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਈਈਡੀ ਵਾਲੀ ਖੇਪ ਭੇਜਣ ਬਾਰੇ ਮਿਲੀ ਭਰੋਸੇਯੋਗ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇੱਕ ਆਪਰੇਸ਼ਨ ਚਲਾਇਆ ਅਤੇ ਸ਼ੱਕੀ ਰਾਹੁਲ ਉਰਫ਼ ਗੱਜੂ ਨੂੰ ਆਈਈਡੀ ਸਮੇਤ ਗ੍ਰਿਫ਼ਤਾਰ ਕਰ ਲਿਆ।

ਏਆਈਜੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ 2022 ਵਿੱਚ ਆਪਣੇ ਵਿਦੇਸ਼ੀ ਹੈਂਡਲਰ ਦੇ ਪੰਜਾਬ ਦੌਰੇ ਦੌਰਾਨ ਉਸ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਹ ਏਨਕ੍ਰਿਪਟਡ ਮੋਬਾਈਲ ਐਪਸ ਰਾਹੀਂ ਇੱਕ ਦੂਜੇ ਨਾਲ ਸੰਪਰਕ ਕਰਦੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹੈਂਡਲਰ ਨੇ ਸ਼ੁਰੂ ਵਿੱਚ ਰਾਹੁਲ ਨੂੰ ਕੰਮ ਸੌਂਪਣ ਤੋਂ ਪਹਿਲਾਂ ਉਸਦੇ ਖਰਚਿਆਂ ਲਈ ਛੋਟੀਆਂ-ਛੋਟੀਆਂ ਰਕਮਾਂ ਦੇ ਕੇ ਉਸ ਨੂੰ ਜਾਲ ਵਿੱਚ ਫਸਾਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ, ਐਫਆਈਆਰ ਨੰਬਰ 08 ਮਿਤੀ 09.02.2026 ਨੂੰ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 111 ਅਤੇ 61 (2) ਤਹਿਤ ਦਰਜ ਕੀਤੀ ਗਈ ਹੈ।

ਨੀਨਾ ਟਿਵਾਣਾ ਨੇ ਕਈ ਸਫਲ ਨਾਟਕਾਂ ’ਚ ਨਿਭਾਈ ਹੈ ਭੂਮਿਕਾ

ਪਟਿਆਲਾ/ਬਿਊਰੋ ਨਿਊਜ਼

ਪੰਜਾਬੀ ਰੰਗਮੰਚ ਦੀ ਮਾਹਿਰ ਨੀਨਾ ਟਿਵਾਣਾ ਨੂੰ ਪੰਜਾਬ ਆਰਟ ਕੌਂਸਲ ਅਤੇ ਪੰਜਾਬ ਸਰਕਾਰ ਵੱਲੋਂ ਰੰਗਮੰਚ ਵਿੱਚ ਜੀਵਨ ਭਰ ਦੇ ਯੋਗਦਾਨ ਲਈ ‘ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਪਦਮਸ਼੍ਰੀ ਨਿਰਮਲ ਰਿਸ਼ੀ ਵੱਲੋਂ ਭੇਟ ਕੀਤਾ ਗਿਆ, ਜੋ ਟਿਵਾਣਾ ਨੂੰ ਆਪਣਾ ਅਧਿਆਪਕ ਅਤੇ ਮਾਰਗਦਰਸ਼ਕ ਮੰਨਦੇ ਹਨ। ਨੀਨਾ ਟਿਵਾਣਾ ਆਪਣੇ ਮਰਹੂਮ ਪਤੀ ਹਰਪਾਲ ਟਿਵਾਣਾ ਦੇ ਨਾਲ 1965 ਵਿੱਚ ਇਬਰਾਹਿਮ ਅਲਕਾਜ਼ੀ ਦੀ ਅਗਵਾਈ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਪੰਜਾਬਣ ਹੈ। ਛੇ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ ਆਪਣੇ ਪਤੀ ਦੇ ਨਿਰਦੇਸ਼ਨ ਹੇਠ ਕਈ ਸਫਲ ਨਾਟਕਾਂ ਜਿਵੇਂ ਕਣਕ ਦੀ ਬੱਲੀ, ਲੋਹਾ ਕੁੱਟ, ਚਮਕੌਰ ਦੀ ਗੜ੍ਹੀ, ਐਂਟੀਗੋਨ, ਨਸ਼ਾ ਕੁਰਸੀ ਦਾ, ਮੇਲਾ ਮੁੰਡੇ ਕੁੜੀਆਂ ਦਾ, ਗਰਮ ਬਾਜ਼ਾਰ, ਲੌਂਗ ਦਾ ਲਿਸ਼ਕਾਰਾ ਅਤੇ ਯਾਦਗਾਰੀ ਨਾਟਕ ‘ਦੀਵਾ ਬਲੇ ਸਾਰੀ ਰਾਤ’ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚੋਂ ਕੁਝ ਨਾਟਕਾਂ ’ਤੇ ਬਾਅਦ ਵਿੱਚ ਫਿਲਮਾਂ ਵੀ ਬਣੀਆਂ।

ਚੰਡੀਗੜ੍ਹ/ਅੰਮ੍ਰਿਤਸਰ, 10 ਫਰਵਰੀ : ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 180ਵਾਂ ਸ਼ਹੀਦੀ ਦਿਹਾੜਾ ਅੱਜ ਇੰਡੀਆ ਗੇਟ ਅਤੇ ਅਟਾਰੀ ਸਮਾਧ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਮੁੱਖ ਮਹਿਮਾਨ ਅਤੇ ਸ: ਜਸਵਿੰਦਰ ਸਿੰਘ ਰਮਦਾਸ ਹਲਕਾ ਵਿਧਾਇਕ ਅਟਾਰੀ ਤੇ ਡਾ. ਜਸਬੀਰ ਸਿੰਘ ਸੰਧੂ ਵਿਧਾਇਕ ਅੰਮ੍ਰਿਤਸਰ ਪੱਛਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਇੰਡੀਆ ਗੇਟ ਵਿਖੇ ਬਣਾਏ ਗਏ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਸਮਾਰਕ ’ਤੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਬ੍ਰਿਗੇਡੀਅਰ ਐੱਸ.ਐੱਸ. ਜਾਮਵਾਲ, ਕਮਾਂਡਰ 54 ਇੰਨਫੈਂਟਰੀ ਬ੍ਰਿਗੇਡ, ਕਰਨਲ ਸੁਮਿਤ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ, ਐੱਸ.ਡੀ.ਐੱਮ. ਸ. ਮਨਕੰਵਲ ਸਿੰਘ ਚਾਹਲ, ਕਰਨਲ ਹਰਿੰਦਰ ਸਿੰਘ, ਕਰਨਲ ਕੁਲਦੀਪ ਸਿੰਘ ਨੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਹਥਿਆਰ ਉਲਟੇ ਕਰਕੇ ਸਾਲਾਮੀ ਵੀ ਦਿੱਤੀ ਗਈ।

ਇਸ ਉਪਰੰਤ ਅਟਾਰੀ ਵਿਖੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ਵਿਖੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਧਾਰਮਿਕ ਦੀਵਾਨ ਸਜਾਏ ਗਏ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਬੈਂਕਾ ਵੱਲੋਂ  ਗੁਰੂ ਜਸ ਗਾਇਨ ਕੀਤਾ ਗਿਆ ਅਤੇ ਭਾਈ ਗੁਰਪ੍ਰੀਤ ਸਿੰਘ ਭੰਗੂ ਦੇ ਢਾਡੀ ਜਥੇ ਵੱਲੋਂ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਬਿਰਤਾਂਤ ਸੰਗਤਾਂ ਨਾਲ ਸਾਂਝਾ ਕੀਤਾ। ਵੱਡੀ ਗਿਣਤੀ ’ਚ ਲੋਕਾਂ ਨੇ ਅਟਾਰੀ ਵਿਖੇ ਪਹੁੰਚ ਕੇ ਮਹਾਨ ਜਰਨੈਲ ਸ਼ਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਸਮਾਧ ਉੱਪਰ ਨਤਮਸਤਕ ਹੋ ਕੇ ਉਨ੍ਹਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਉਪਰੰਤ ਧਾਰਮਿਕ ਦੀਵਾਨ ਵਿੱਚ ਨੂੰ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਅਤੇ ਐਂਗਲੋ-ਸਿੱਖ ਯੁੱਧ ਦੌਰਾਨ ਸਭਰਾਉਂ ਦੀ ਜੰਗ ਵਿੱਚ ਆਖ਼ਰੀ ਦਮ ਤੱਕ ਜੂਝਣ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਬਹਾਦਰੀ ਤੇ ਸ਼ਹਾਦਤ ਦੀ ਪ੍ਰਸੰਸਾ ਅੰਗਰੇਜ਼ਾਂ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੁੰਦੇ ਹਨ ਅਤੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਇਖਲਾਕੀ ਫ਼ਰਜ਼ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਅਟਾਰੀ ਪਿੰਡ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਤਾਂ ਜੋ ਰੀਟਰੀਟ ਦੇਖਣ ਆਉਣ ਵਾਲੇ ਯਾਤਰੂ ਅਟਾਰੀਵਾਲਾ ਦੀ ਸਮਾਧ ਤੇ ਆਉਣ ਅਤੇ ਆਪਣੇ ਬੱਚਿਆਂ ਨੂੰ ਉਨਾਂ ਦੀ ਸ਼ਹਾਦਤ ਬਾਰੇ ਦੱਸਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਤੋਂ ਜਾਣੂੰ ਕਰਾਉਣ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਨੂੰ ਸਿਜਦਾ ਕਰਦੀ ਹੈ ਜਿਨ੍ਹਾਂ ਨੇ ਆਪਣੀ ਜਾਨ ਨੂੰ ਦੇਸ਼-ਕੌਮ ਲਈ ਕੁਰਬਾਨ ਕਰ ਦਿੱਤਾ।
 
ਇਸ ਮੌਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਰਿਵਾਰ ਦੇ ਮੈਂਬਰਾਂ ਅਤੇ ਟਰੱਸਟ ਦੇ ਅਹੁਦੇਦਾਰ ਕਰਨਲ ਹਰਿੰਦਰ ਸਿੰਘ ਅਟਾਰੀ, ਮਲਵਿੰਦਰ ਅਟਾਰੀ, ਬੀਰ ਇੰਦਰ ਸਿੰਘ, ਜਨਰਲ ਸਕੱਤਰ ਸ੍ਰੀ ਹਰਪੀ੍ਰਤ ਸਿੰਘ ਸਿੱਧੂ, ਬੀਬਾ ਅਮਿਤੇਸ਼ਵਰ ਕੌਰ, ਬੀਬਾ ਜਸਪ੍ਰੀਤ ਕੌਰ, ਬੀਬਾ ਸੰਦੀਪ ਕੌਰ, ਸ੍ਰੀ ਦਿਨੇਸ਼ ਸਿੰਘ ਸਿੱਧੂ, ਇੰਦਰ ਜਸਬੀਰ ਸਿੰਘ ਸੰਧੂ ਲੋਪੋਕੇ, ਅਨੰਤਬੀਰ ਸਿੰਘ, ਚਰਨਜੀਤ ਸਿੰਘ, ਰਮਨਦੀਪ ਕੌਰ, ਰਵੀ ਇੰਦਰ ਸਿੰਘ, ਕਰਨਲ ਗੁਰਬੰਤ ਸਿੰਘ, ਸ੍ਰੀਮਤੀ ਹਰਮਨ ਸਿੰਘ, ਜਸਕਿਰਨ ਕੌਰ, ਰਮਨਦੀਪ ਕੌਰ, ਸਰਪੰਚ ਅਟਾਰੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਉੱਘੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਕਿਤਾਬ `ਸਿੱਖ ਰਾਜ ਦੇ ਆਖ਼ਰੀ ਥੰਮ-ਸਰਦਾਰ ਸ਼ਾਮ ਸਿੰਘ ਅਟਾਰੀਵਾਲਾ` ਨੂੰ ਰਿਲੀਜ਼ ਵੀ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੀ ਧਰਮਪਤਨੀ ਸ੍ਰੀਮਤੀ ਸੁਰਿੰਦਰ ਕੌਰ, ਭਾਰਤੀ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਨਿਰਮਲ ਸਿੰਘ ਬੇਦੀ, ਕਰਨਲ ਕੁਲਦੀਪ ਸਿੰਘ, ਧੰਨ-ਧੰਨ ਬਾਬਾ ਦੀਪ ਸਿੰਘ ਜੀ ਹਰਿਆਲੀ ਮਿਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ, ਰਛਪਾਲ ਸਿੰਘ, ਸੂਬੇਦਾਰ ਮੇਜਰ ਮਨਜੀਤ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।

-----------

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.