Sunday, 14 June 2026

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਖੇ ਬੂਟਾ ਲਗਾ ਕੇ ਕਾਰਗਿਲ ਵਿਜੈ ਦਿਵਸ ਦੀ ਸਿਲਵਰ ਜੁਬਲੀ ਵਰ੍ਹੇਗੰਢ ਮਨਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ‘ਏਕ ਪੇਡ ਮਾਂ ਕੇ ਨਾਮ’ (ਇੱਕ ਰੁੱਖ ਮਾਂ ਲਈ) ਨੂੰ ਵੀ ਹੁਲਾਰਾ ਦੇਵੇਗੀ।

ਦੱਸਣਯੋਗ ਹੈ ਕਿ ਪੰਜਾਬ ਰਾਜ ਭਵਨ ਵਿਖੇ ਪੌਦਾ ਲਗਾਉਣ ਲਈ ਮਿੱਟੀ ਜੰਮੂ ਕਸ਼ਮੀਰ ਸਟੱਡੀ ਸੈਂਟਰ (ਜੇ.ਕੇ.ਐਸ.ਸੀ.) ਚੰਡੀਗੜ੍ਹ ਵੱਲੋਂ ਵਿਸੇਸ਼ ਤੌਰ ’ਤੇ ਕਾਰਗਿਲ ਯੁੱਧ ਦੇ ਸ਼ੁਰੂ ਹੋਣ ਵਾਲੇ ਸਥਾਨ ਬਜਰੰਗ ਪੋਸਟ ਤੋਂ ਲਿਆਂਦੀ ਗਈ ਹੈ। ਇਹ ਉਹ ਥਾਂ ਸੀ ਜਿੱਥੇ ਜਾਟ ਰੈਜੀਮੈਂਟ ਦੇ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਦੇ ਸਿਪਾਹੀਆਂ ਨੂੰ ਮਈ 1999 ਵਿੱਚ ਗਸ਼ਤ ਦੌਰਾਨ ਪਾਕਿਸਤਾਨ ਰੇਂਜਰਾਂ ਨੇ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੇ ਪੋਸਟ ਵਾਪਸ ਲੈਣ ਦੀ ਕੋਸ਼ਿਸ਼ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਰਾਜਪਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਤੇ ਦਿ੍ਰੜ ਹੌਸਲੇ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਜੋ ਨਾ ਸਿਰਫ਼ ਵਾਤਾਵਰਨ ਨੂੰ ਬਚਾਉਣ ਵਿੱਚ ਮਦਦ ਕਰਨ ਬਲਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਮਹਾਨ ਕੁਰਬਾਨੀ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਸਹਾਈ ਹੋਣ।

ਬੂਟੇ ਲਗਾਉਣ ਦੀ ਇਹ ਮੁਹਿੰਮ ਜੰਮੂ ਕਸ਼ਮੀਰ ਸਟੱਡੀ ਸੈਂਟਰ, ਚੰਡੀਗੜ੍ਹ ਵੱਲੋਂ ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਅਗਲੇ ਦੋ ਹਫ਼ਤਿਆਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਚਲਾਈ ਗਈ ਸੀ। ਸਮਾਗਮਾਂ ਦੀ ਲੜੀ ਅਧੀਨ ਸਭ ਤੋਂ ਪਹਿਲਾਂ ਯੂ.ਟੀ., ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ।

ਇਸ ਮੌਕੇ ਜੇ.ਕੇ.ਐਸ.ਸੀ. ਚੰਡੀਗੜ੍ਹ ਦੇ ਪ੍ਰਧਾਨ ਵਿਵੇਕ ਚੌਹਾਨ ਅਤੇ ਸਕੱਤਰ ਸਿਮਰਤ ਕਾਹਲੋਂ, ਨੇ ਇਸ ਪੰਦਰਵਾੜੇ ਦੌਰਾਨ ਜੇ.ਕੇ.ਐਸ.ਸੀ. ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪਹਿਲਕਦਮੀ ਦਾ ਹਿੱਸਾ ਬਣਨ ਲਈ ਰਾਜਪਾਲ ਅਤੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰੇਣੂ ਵਿਜ, ਪ੍ਰੋ. ਸ਼ਿਵਾਨੀ ਸ਼ਰਮਾ, ਸ੍ਰੀ ਦੀਪਕ ਬੱਤਰਾ, ਸ੍ਰੀ ਚੇਤਨ ਮਿੱਤਲ, ਸ੍ਰੀ ਦਵਿੰਦਰ ਠਾਕੁਰ, ਸ੍ਰੀ ਵਿਜੇ ਵੈਸ਼ਨਵੀ, ਸ੍ਰੀ ਜੈ ਕੁਮਾਰ, ਸ੍ਰੀ ਜਸਵਿੰਦਰ ਅਤੇ ਸ੍ਰੀ ਰਾਕੇਸ਼ ਸ਼ਰਮਾ ਵੀ ਹਾਜ਼ਰ ਸਨ।  

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੁਪਰੀਮ ਕੋਰਟ ਆਫ ਕੈਨੇਡਾ ਦੀ ਸਾਬਕ ਜਸਟਿਸ ਅਤੇ ਕਈ ਕੌਮਾਂਤਰੀ ਉੱਚ ਅਹੁੱਦਿਆਂ ’ਤੇ ਕੈਨੇਡਾ ਦੀ ਪ੍ਰਤੀਨਿਧਤਾ ਕਰ ਚੁੱਕੀ ਮੈਡਮ ਲੁਇਸ ਆਰਬਰ (79) ਨੂੰ ਨਵੀਂ ਗਵਰਨਰ ਜਨਰਲ ਵਜੋਂ ਮਨੋਨੀਤ ਕਰਕੇ ਬਰਤਾਨਵੀ ਮਹਾਰਾਜੇ ਉਸਦੀ ਨਿਯੁਕਤੀ ਦੀ ਪ੍ਰਵਾਨਗੀ ਹਾਸਲ ਕਰ ਲਈ ਹੈ। ਉਹ ਮੌਜੂਦਾ ਗਵਰਨਰ ਜਨਰਲ (ਰਾਸ਼ਟਰਪਤੀ) ਮੈਡਮ ਮੈਰੀ ਸਾਈਮਨ ਦੀ ਥਾਂ ਲੈਣਗੇ, ਜਿਸਦੀ ਨਿਯੁਕਤੀ ਕੁਝ ਸਾਲ ਪਹਿਲਾਂ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ 2021 ’ਚ ਕੀਤੀ ਗਈ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਦਫਤਰ ਵਲੋਂ ਦੱਸਿਆ ਗਿਆ ਕਿ ਉਹ ਬਰਤਾਨਵੀ ਮਹਾਰਾਜੇ ਦੇ ਨਾਂਉਂ ‘ਤੇ ਸਹੁੰ ਚੁੱਕਦੇ ਹੀ ਕਾਰਜਭਾਰ ਸੰਭਾਲ ਲੈਣਗੇ। ਉਸਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ 79 ਸਾਲਾ ਲੁਇਸ ਆਰਬਰ ਨੇ ਕਨੂੰਨ ਦੀ ਪੜਾਈ ਕੀਤੀ। ਮੂਲ ਰੂਪ ‘ਚ ਕਿਊਬੈਕ ਵਾਸੀ ਹੋਣ ਕਰਕੇ ਉਸਨੂੰ ਅੰਰਗੇਜੀ ਅਤੇ ਫਰੈਂਚ ਭਾਸ਼ਾਵਾਂ ’ਚ ਮੁਹਾਰਤ ਹੈ। ਉਸਦੀ ਪਹਿਲੀ ਨਿਯੁਕਤੀ ਉਂਟਾਰੀਓ ’ਚ ਸਥਾਨਕ ਜੱਜ ਵਜੋਂ ਹੋਈ ਤੇ ਪਦਉਨਤ ਹੁੰਦੇ ਹੋਏ ਉਹ ਸੁਪਰੀਮ ਕੋਰਟ ਆਫ ਕੈਨੇਡਾ ਦੀ ਜੱਜ ਬਣੀ। ਉਸਨੇ ਕਈ ਕੌਮਾਂਤਰੀ ਸੰਗਠਨਾਂ ਵਿੱਚ ਕੈਨੇਡਾ ਦੇ ਪ੍ਰਤੀਨਿਧੀ ਵਜੋਂ ਸੇਵਾਵਾਂ ਨਿਭਾਈਆਂ। 2004 ‘ਚ ਸੁਪਰੀਮ ਕੋਰਟ ਦੇ ਜੱਜ ਵਜੋਂ ਅਸਤੀਫਾ ਦੇਣ ਤੋਂ ਬਾਦ ਉਸਨੂੰ ਯੂ ਐਨ ਓ ਦੇ ਮਨੁੱਖੀ ਅਧਿਕਾਰ ਵਿੰਗ ਦਾ ਕਮਿਸ਼ਨਰ ਬਣਾਇਆ ਗਿਆ। 2007 ‘ਚ ਉਸਨੂੰ ਮਨੁੱਖੀ ਅਧਿਕਾਰਾਂ ਦੀ ਸ਼ਿੱਦਤ ਨਾਲ ਪਹਿਰੇਦਾਰੀ ਅਤੇ ਜੱਜ ਵਜੋਂ ਕੈਨੇਡਿਆਈ ਕਾਨੂੰਨਾਂ ਦਾ ਮਾਣ ਸਨਮਾਨ ਵਧਾਉਣ ਬਦਲੇ ਆਰਡਰ ਆਫ ਕੈਨੇਡਾ ਦੇ ਸਨਮਾਨ ਨਾਲ ਨਿਵਾਜਿਆ ਗਿਆ।

ਕੈਨੇਡਾ ਦੇ ਗਵਰਨਰ ਜਨਰਲ ਨੂੰ ਬਰਤਾਨਵੀ ਮਹਾਰਾਜੇ (ਕਿੰਗ) ਦਾ ਪ੍ਰਤੀਨਿਧ ਵਜੋਂ ਸਤਿਕਾਰਿਆ ਜਾਂਦਾ ਹੈ। ਉਸਦੀ ਨਿਯੁਕਤੀ ਤੱਤਕਾਲੀ ਪ੍ਰਧਾਨ ਮੰਤਰੀ ਵਲੋਂ ਮਨੋਨੀਤ ਕਰਨ ਤੋਂ ਬਾਦ ਬਰਤਾਨਵੀ ਮਹਾਰਾਜੇ ਤੋਂ ਪ੍ਰਵਾਨਗੀ ਦੀ ਮੋਹਰ ਲਵਾਈ ਜਾਂਦੀ ਹੈ ਤੇ ਉਸਦੇ ਦੇ ਨਾਉਂ ਹੇਠ ਸਹੁੰ ਚੁਕਾਈ ਜਾਂਦੀ ਹੈ। ਆਮ ਤੌਰ ’ਤੇ ਇਹ ਨਿਯੁਕਤੀ ਪੰਜ ਸਾਲਾਂ ਲਈ ਹੁੰਦੀ ਹੈ, ਪਰ ਮਹਾਰਾਜਾ ਚਾਹੇ ਤਾਂ ਕਿਸੇ ਖਾਸ ਕਾਰਣ ਕਰਕੇ ਕਿਸੇ ਖਾਸ ਦੀ ਸਮਾਂ ਸੀਮਾ ਸੱਤ ਸਾਲ ਤੱਕ ਵਧਾ ਸਕਦਾ ਹੈ।

ਭਗਵੰਤ ਮਾਨ ਸਰਕਾਰ ਰਣਨੀਤੀ ਬਣਾਉਣ ਵਿਚ ਜੁਟੀ

ਚੰਡੀਗੜ੍ਹ/ਬਿਊਰੋ ਨਿਊਜ਼

16ਵਾਂ ਵਿੱਤ ਕਮਿਸ਼ਨ ਇਸੇ ਮਹੀਨੇ ਪੰਜਾਬ ਦਾ ਦੌਰਾ ਕਰੇਗਾ। ਕਮਿਸ਼ਨ ਦੇ ਮੈਂਬਰ 22 ਅਤੇ 23 ਜੁਲਾਈ ਨੂੰ ਪੰਜਾਬ ਵਿਚ ਰਹਿਣਗੇ। ਇਸ ਦੌਰੇ ਨੂੰ ਲੈ ਕੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਰਣਨੀਤੀ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ 16 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਇਕ ਉਚ ਪੱਧਰੀ ਬੈਠਕ ਵੀ ਹੋਣ ਜਾ ਰਹੀ ਹੈ। ਇਸ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹਿਣਗੇ। ਪੰਜਾਬ ਸਰਕਾਰ ਵਲੋਂ ਵਿੱਤ ਕਮਿਸ਼ਨ ਦੇ ਸਾਹਮਣੇ ਇਕ ਮਜ਼ਬੂਤ ਪੱਖ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਆਯੋਗ ਦੇ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਸੂਬਾ ਸਰਕਾਰ ਕਮਿਸ਼ਨ ਦੇ ਸਾਹਮਣੇ ਕੇਂਦਰ ਵਲੋਂ ਰੋਕੇ ਗਏ ਪੰਜਾਬ ਦੇ ਫੰਡਾਂ ਅਤੇ ਆਪਣੀਆਂ ਜ਼ਰੂਰਤਾਂ ਦਾ ਪੂਰਾ ਬਿਓਰਾ ਪੇਸ਼ ਕਰੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਪੰਜਾਬ ਦੇ ਸਿਰ ਕਰੀਬ 3.50 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ 23 ਹਜ਼ਾਰ ਕਰੋੜ ਰੁਪਏ ਸਿਰਫ ਵਿਆਜ਼ ਦੇਣ ’ਤੇ ਹੀ ਖਰਚ ਹੋ ਰਹੇ ਹਨ। 

ਓਟਵਾ  : Canadian  ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਯੂਰਪੀਅਨ ਸੰਸਦ  ਨੂੰ ਸੰਬੋਧਨ ਕਰਨ ਲਈ ਮਿਲੇ ਸੱਦੇ ਨੂੰ ਸਵੀਕਾਰਨ ਵਿੱਚ ਉਹਨਾ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਸੱਦਾ ਸੰਸਦ ਦੀ ਪ੍ਰਧਾਨ ਰੌਬਰਟ ਮੈਟਸੋਲਾ  ਵੱਲੋਂ ਦਿੱਤਾ ਗਿਆ ਸੀ। ਦੋਵੇਂ ਆਗੂ ਯੂਰਪੀਅਨ ਪੁਲਿਟੀਕਲ ਕਮਿਊਨਿਟੀ ਸਮਿਟ ਦੌਰਾਨ ਅਰਮੇਨੀਆ ਵਿੱਚ ਮਿਲੇ। ਇਸ ਦੌਰਾਨ ਮੈਟਸੋਲਾ ਨੇ ਦੱਸਿਆ ਕਿ ਉਹ ਕੁਝ ਹਫ਼ਤੇ ਪਹਿਲਾਂ ਹੀ ਸੱਦਾ ਭੇਜ ਚੁੱਕੀ ਸੀ, ਜਿਸ ‘ਤੇ ਕਾਰਨੀ ਨੇ ਸਕਾਰਾਤਮਕ ਜਵਾਬ ਦਿੱਤਾ। ਇਸ ਤੋਂ ਪਹਿਲਾਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 2017 ਅਤੇ 2022 ਵਿੱਚ ਯੂਰਪੀ ਸੰਸਦ ਨੂੰ ਸੰਬੋਧਨ ਕਰ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਵਪਾਰ ਸਮਝੌਤਿਆਂ ਅਤੇ ਵਿਸ਼ਵ ਪੱਧਰੀ ਚੁਣੌਤੀਆਂ ‘ਤੇ ਗੱਲ ਕੀਤੀ ਸੀ। ਕਾਰਨੀ ਇਸ ਸਮੇਂ ਅਰਮੇਨੀਆ ਦੇ ਦੌਰੇ ‘ਤੇ ਹਨ, ਜਿੱਥੇ ਉਹ ਵਪਾਰ ਅਤੇ ਗਲੋਬਲ ਰਣਨੀਤੀ ‘ਤੇ ਬਹੁਪੱਖੀ ਗੱਲਬਾਤ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਅਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ੀਨਿਆਨ, ਪੋਲੈਂਡ ਦੇ ਡੌਨਲਡ ਟਸਕ ਸਮੇਤ ਕਈ ਵਿਸ਼ਵ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰੇ ਦੌਰਾਨ ਕਾਰਨੀ ਦੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ , ਸਪੇਨ ਦੇ ਪੈਡਰੋ ਸਾਂਚੇਜ਼ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨਾਲ ਵੀ ਗੱਲਬਾਤ ਕਰਨ ਦੀ ਉਮੀਦ ਹੈ। ਦੂਜੇ ਪਾਸੇ, ਕੈਨੇਡਾ ਵਿੱਚ ਵਿਰੋਧੀ ਧਿਰ ਦੇ ਆਗੂ ਪਿਏਰ  ਪੌਲੀਏਵ ਨੇ ਇਸ ਦੌਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ “ਸਿਰਫ਼ ਭਾਸ਼ਣਾਂ ਅਤੇ ਦਿਖਾਵੇ” ਤੱਕ ਸੀਮਿਤ ਹੈ ਅਤੇ ਦੇਸ਼ ਵਿੱਚ ਕੋਈ ਠੋਸ ਨਤੀਜੇ ਨਹੀਂ ਲਿਆਉਂਦਾ।

 

ਇਕ ਮਹੀਨਾ ਚੱਲੇਗੀ ਬਦਲੀਆਂ ਦੀ ਪ੍ਰਕਿਰਿਆ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਇਸ ਵਾਰ ਸਰਕਾਰੀ ਵਿਭਾਗਾਂ ਵਿਚ ਤੈਨਾਤ ਕਰਮਚਾਰੀਆਂ ਦੀਆਂ ਬਦਲੀਆਂ 15 ਜੁਲਾਈ ਤੋਂ 15 ਅਗਸਤ ਦੇ ਵਿਚਾਲੇ ਹੋਣਗੀਆਂ। ਇਸ ਤੋਂ ਬਾਅਦ ਕਿਸੇ ਵੀ ਵਿਭਾਗ ਵਿਚ ਬਦਲੀਆਂ ਨਹੀਂ ਹੋਣਗੀਆਂ। ਪੰਜਾਬ ਸਰਕਾਰ ਦੇ ਅਮਲਾ ਵਿਭਾਗ ਨੇ ਇਸ ਸਬੰਧ ਵਿਚ ਸਾਰੇ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਇਹ ਬਦਲੀਆਂ 23 ਅਪ੍ਰੈਲ 2018 ਨੂੰ ਜਾਰੀ ਹੋਈ ਟਰਾਂਸਫਰ ਪਾਲਿਸੀ ਦੇ ਅਨੁਸਾਰ ਹੀ ਹੋਣਗੀਆਂ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਿਆਂ ਹੀ ਇਹ ਫੈਸਲਾ ਕੀਤਾ ਸੀ ਕਿ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਇਕ ਤੈਅ ਸਮੇਂ ਵਿਚ ਹੀ ਹੋਣਗੀਆਂ ਅਤੇ ਇਹ ਬਦਲੀਆਂ ਪੂਰਾ ਸਾਲ ਨਹੀਂ ਹੋਣਗੀਆਂ। ਸਰਕਾਰ ਦਾ ਮੰਨਣਾ ਸੀ ਕਿ ਪੂਰਾ ਸਾਲ ਬਦਲੀਆਂ ਹੋਣ ਦੀ ਪ੍ਰਕਿਰਿਆ ਨਾਲ ਸਰਕਾਰੀ ਵਿਭਾਗਾਂ ਵਿਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਅਤੇ ਕੰਮ ਵੀ ਪ੍ਰਭਾਵਿਤ ਹੁੰਦਾ ਸੀ।   

ਕੈਨੇਡਾ ਦੇ ਖੇਡ ਦੇ ਮੈਦਾਨਾਂ ਦੀ ਬਣਤਰ ਦੇਖਣਯੋਗ ਹੈ। ਕੈਨੇਡਾ ਦੀਆਂ ਸਰਕਾਰਾਂ ਨੇ ਸਾਰੀ ਦੁਨੀਆ ਦੇ ਲੋਕਾਂ ਦਾ ਧਿਆਨ ਆਪਣੇ ਮੁਲਕ ਵੱਲ ਖਿੱਚਣ ਲਈ ਆਪਣੇ ਮਾਹਿਰਾਂ ਦੇ ਮਾਧਿਅਮ ਰਾਹੀਂ ਇਹ ਯੋਜਨਾ ਜ਼ਰੂਰ ਬਣਾਈ ਹੋਵੇਗੀ ਕਿ ਇਸ ਦੇਸ਼ ਦਾ ਨਿਰਮਾਣ ਇਸ ਢੰਗ ਨਾਲ ਕੀਤਾ ਜਾਵੇ, ਇਸ ਨੂੰ ਇੰਨਾ ਜ਼ਿਆਦਾ ਸੋਹਣਾ ਬਣਾਇਆ ਜਾਵੇ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਲੋਕ ਇੱਥੇ ਘੁੰਮਣ ਫਿਰਨ ਆਉਣ ਤੇ ਸਦਾ ਲਈ ਇੱਥੇ ਹੀ ਵਸਣ ਲਈ ਮਜਬੂਰ ਹੋ ਜਾਣ।

ਇਸ ਦਾ ਸੁਹੱਪਣ, ਸ਼ੁੱਧ ਵਾਤਾਵਰਨ, ਸੈਰ ਗਾਹਾਂ, ਪਾਰਕਾਂ, ਝੀਲਾਂ ਅਤੇ ਯੋਜਨਬੱਧ ਢੰਗ ਨਾਲ ਬਣਾਏ ਗਏ ਖੇਡ ਦੇ ਮੈਦਾਨਾਂ ਨੇ ਦੁਨੀਆ ਭਰ ਦੇ 162 ਦੇਸ਼ਾਂ ਦੇ 5 ਕਰੋੜ ਲੋਕਾਂ ਨੂੰ ਇੱਥੇ ਵਸਣ ਲਈ ਮਜਬੂਰ ਕਰ ਦਿੱਤਾ ਹੈ। ਜਿਹੜਾ ਇਸ ਮੁਲਕ ’ਚ ਇੱਕ ਵਾਰ ਆ ਜਾਂਦਾ ਹੈ, ਉਹ ਸੰਘਰਸ਼ ਮਈ ਜ਼ਿੰਦਗੀ ਹੋਣ ਦੇ ਬਾਵਜੂਦ ਇੱਥੋਂ ਮੁੜ ਕੇ ਜਾਣ ਦਾ ਨਾਂ ਨਹੀਂ ਲੈਂਦਾ। ਜਿਹੜਾ ਇੱਕ ਵਾਰ ਇੱਥੇ ਘੁੰਮਣ ਫਿਰਨ ਆ ਜਾਂਦਾ ਹੈ, ਉਹ ਇਸ ਮੁਲਕ ਵਿੱਚ ਵਾਰ ਵਾਰ ਘੁੰਮਣ ਫਿਰਨ ਆਉਣ ਦੀ ਇੱਛਾ ਰੱਖਦਾ ਹੈ।

ਜੇਕਰ ਇਸ ਮੁਲਕ ਦੇ ਖੇਡ ਦੇ ਮੈਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਵੇਖਣ ਵਾਲਾ ਹਰ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕਿੰਨੇ ਦਿਮਾਗ਼ੀ ਹਨ ਇਸ ਮੁਲਕ ਦੇ ਹੁਕਮਰਾਨ ਤੇ ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀ। ਬਹੁਤ ਲੰਬੇ ਚੌੜੇ ਖੇਤਰ ’ਚ ਬਣਾਏ ਗਏ ਇਹ ਖੇਡ ਦੇ ਮੈਦਾਨ ਕੇਵਲ ਖੇਡ ਦੇ ਮੈਦਾਨ ਹੀ ਨਹੀਂ ਸਗੋਂ ਹੋਰ ਬਹੁਤ ਕੁਝ ਵੀ ਹਨ। ਖੇਡ ਦੇ ਮੈਦਾਨਾਂ ਦੀ ਬਣਤਰ ਅਤੇ ਯੋਜਨਾਬੰਦੀ ਇਸ ਢੰਗ ਨਾਲ ਬਣਾਈ ਗਈ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੁੰਦਰ ਅਤੇ ਦਿਲ ਖਿੱਚਵੇਂ ਬਣਾਉਣ ਲਈ ਉਨ੍ਹਾਂ ਦੇ ਆਲੇ ਦੁਆਲੇ ਅਤੇ ਅੰਦਰ ਬਹੁਤ ਸ਼ਾਨਦਾਰ ਰੁੱਖ ਲਗਾਏ ਗਏ ਹਨ।

ਸਾਡੇ ਮੁਲਕ ਵਾਂਗ ਇਨ੍ਹਾਂ ਖੇਡ ਦੇ ਮੈਦਾਨਾਂ ’ਚ ਕੇਵਲ ਇੱਕ ਖੇਡ ਹੀ ਨਹੀਂ ਸਗੋਂ ਤਿੰਨ-ਚਾਰ ਖੇਡਾਂ ਖੇਡਣ ਦਾ ਪ੍ਰਬੰਧ ਕੀਤਾ ਗਿਆ ਹੈ। ਬਰੈਂਪਟਨ ਸ਼ਹਿਰ ਦੇ ਲੰਬੇ ਚੌੜੇ ਖੇਤਰ ’ਚ ਬਣਾਏ ਗਏ ਕ੍ਰੈਡਿਟ ਵਿਊ ਖੇਡ ਦੇ ਮੈਦਾਨ ਵਾਂਗ ਹਰ ਖੇਡ ਦੇ ਮੈਦਾਨ ਵਿੱਚ ਇੱਕੋ ਸਮੇਂ ਫੁੱਟਬਾਲ, ਕ੍ਰਿਕੇਟ, ਹਾਕੀ, ਵਾਲੀਬਾਲ, ਸੋਕਰ ਖੇਡਾਂ ਖੇਡਣ ਦੇ ਨਾਲ ਨਾਲ ਸਾਈਕਲਿੰਗ ਕੀਤੀ ਜਾ ਸਕਦੀ ਹੈ। ਹਰ ਖੇਡ ਦੇ ਮੈਦਾਨ ’ਚ ਵੱਖ ਵੱਖ ਥਾਵਾਂ ਉੱਤੇ ਸਰੀਰਕ ਕਸਰਤ ਲਈ ਵੱਖ ਵੱਖ ਕਿਸਮ ਦੀ ਕਸਰਤ ਲਈ ਬਹੁਤ ਹੀ ਉੱਤਮ ਦਰਜੇ ਅਤੇ ਆਧੁਨਿਕ ਕਿਸਮ ਦਾ ਜਿਮ ਦਾ ਸਾਮਾਨ ਫਿੱਟ ਕੀਤਾ ਗਿਆ ਹੈ। ਇਨ੍ਹਾਂ ਜਿਮਾਂ ’ਚ ਪੁਰਸ਼ ਅਤੇ ਔਰਤਾਂ ਸਵੇਰੇ, ਸ਼ਾਮ ਅਤੇ ਦੁਪਹਿਰ ਕਿਸੇ ਵੇਲੇ ਵੀ ਕਸਰਤ ਕਰ ਸਕਦੇ ਹਨ। ਇਨ੍ਹਾਂ ਜਿਮਾਂ ਵਿੱਚ ਲੱਗਿਆ ਹੋਇਆ ਸਾਮਾਨ ਬਹੁਤ ਮਜ਼ਬੂਤ ਤੇ ਆਧੁਨਿਕ ਕਿਸਮ ਦਾ ਹੈ ਕਿਉਂਕਿ ਇਸ ਸਾਮਾਨ ਨੂੰ ਖ਼ਰੀਦਣ ਸਮੇਂ ਸਾਡੇ ਮੁਲਕ ਵਾਂਗ ਕੰਪਨੀਆਂ ਤੋਂ ਕਮਿਸ਼ਨ ਨਹੀਂ ਖਾਧਾ ਜਾਂਦਾ। ਇਨ੍ਹਾਂ ਜਿਮਾਂ ’ਚ ਕਸਰਤ ਕਰਨ ਲਈ ਸਰਕਾਰ ਵੱਲੋਂ ਕੋਈ ਫੀਸ ਨਹੀਂ ਲਈ ਜਾਂਦੀ। ਇਨ੍ਹਾਂ ਖੇਡਾਂ ਦੇ ਮੈਦਾਨਾਂ ਵਿੱਚ ਚਾਰੇ ਪਾਸੇ ਫਲੱਡ ਲਾਈਟਾਂ ਲੱਗੀਆਂ ਹੋਣ ਕਾਰਨ ਹਰ ਵੇਲੇ ਦਿਨ ਚੜ੍ਹੇ ਵਾਂਗ ਰੌਸ਼ਨੀ ਹੁੰਦੀ ਹੈ, ਜਿਸ ਕਾਰਨ ਦੇਰ ਰਾਤ ਤੱਕ ਖੇਡਾਂ ਚੱਲਦੀਆਂ ਰਹਿੰਦੀਆਂ ਹਨ ਅਤੇ ਲੋਕ ਘੁੰਮ ਫਿਰਕੇ ਸੈਰ ਕਰਦੇ ਰਹਿੰਦੇ ਹਨ। ਇਨ੍ਹਾਂ ਖੇਡ ਦੇ ਮੈਦਾਨਾਂ ’ਚ ਬੱਚਿਆਂ ਲਈ ਫੁਆਰੇ ਲੱਗੇ ਹੋਏ ਹੁੰਦੇ ਹਨ, ਜਿਨ੍ਹਾਂ ਵਿੱਚ ਬੱਚੇ ਨਹਾਉਣ ਦਾ ਆਨੰਦ ਮਾਣਦੇ ਹਨ। ਇੱਕ ਪਾਸੇ ਬਹੁਤ ਹੀ ਸ਼ਾਨਦਾਰ ਝੀਲ ਬਣੀ ਹੋਈ ਹੁੰਦੀ ਹੈ। ਨਾਲ ਹੀ ਬੱਚਿਆਂ ਦੇ ਖੇਡਣ ਲਈ ਕਈ ਤਰ੍ਹਾਂ ਦੇ ਝੂਲੇ ਲੱਗੇ ਹੋਏ ਹੁੰਦੇ ਹਨ। ਇਨ੍ਹਾਂ ਝੂਲਿਆਂ, ਫੁਆਰਿਆਂ ਅਤੇ ਝੀਲ ਦਾ ਬੱਚੇ ਅਤੇ ਉਨ੍ਹਾਂ ਦੇ ਮਾਂ-ਬਾਪ ਪੂਰਾ ਅਨੰਦ ਮਾਣਦੇ ਹਨ।

ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਸਟਰੋਲਰਾਂ, ਛੋਟੀਆਂ ਛੋਟੀਆਂ ਗੱਡੀਆਂ ਅਤੇ ਕਾਰਾਂ ਵਿੱਚ ਪੂਰੇ ਪਰਿਵਾਰ ਨਾਲ ਖਿਡਾਉਣ ਲਈ ਇਨ੍ਹਾਂ ਖੇਡ ਦੇ ਮੈਦਾਨਾਂ ਵਿੱਚ ਲਿਆਉਂਦੇ ਹਨ। ਇਨ੍ਹਾਂ ਖੇਡ ਦੇ ਮੈਦਾਨਾਂ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਦੇ ਹਰ ਰੋਜ਼ ਮੈਚ ਹੁੰਦੇ ਹਨ, ਜਿਨ੍ਹਾਂ ਨੂੰ ਵੇਖਣ ਲਈ ਦਰਸ਼ਕਾਂ ਦੀ ਭੀੜ ਲੱਗੀ ਹੋਈ ਹੁੰਦੀ ਹੈ। ਹਰ ਕੋਈ ਪਾਣੀ ਦੀਆਂ ਬੋਤਲਾਂ ਆਪਣੇ ਨਾਲ ਲੈ ਕੇ ਆਉਂਦਾ ਹੈ। ਝੀਲ ਅਤੇ ਫੁਆਰਿਆਂ ਦੇ ਆਲੇ ਦੁਆਲੇ ਸੰਗੀਤ ਦੀਆਂ ਧੁਨਾਂ ਵੱਜਦੀਆਂ ਸੁਣਾਈ ਦਿੰਦੀਆਂ ਹਨ। ਖੇਡ ਦੇ ਮੈਦਾਨਾਂ, ਪਾਰਕਾਂ ਤੇ ਝੂਲਿਆਂ ਵਾਲੀਆਂ ਥਾਵਾਂ ਉਤੇ ਹਰੀ ਘਾਹ ਇੰਨੇ ਸਲੀਕੇ ਨਾਲ ਵਿਛਾਈ ਗਈ ਹੈ ਜਿਵੇਂ ਹਰੇ ਗਲੀਚੇ ਵਿਛਾਏ ਗਏ ਹੋਣ। ਖੇਡ ਦੇ ਮੈਦਾਨਾਂ ਤੇ ਪਾਰਕਾਂ ਦੇ ਸੁਹੱਪਣ ਅਤੇ ਸਾਫ਼ ਸਫ਼ਾਈ ਨੂੰ ਬਣਾ ਕੇ ਰੱਖਣ ਲਈ ਨਗਰ ਕੌਂਸਲ ਦੇ ਕਰਮਚਾਰੀ ਤੇ ਗੱਡੀਆਂ ਹਰ ਰੋਜ਼ ਆਉਂਦੇ ਹਨ। ਇਨ੍ਹਾਂ ਖੇਡ ਦੇ ਮੈਦਾਨਾਂ ’ਚ ਪਾਰਕਿੰਗ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਗੱਡੀਆਂ ਦੀ ਪਾਰਕਿੰਗ ਲਈ ਨਾ ਕੋਈ ਫੀਸ ਹੈ ਤੇ ਨਾ ਕੋਈ ਸੁਰੱਖਿਆ ਕਰਮਚਾਰੀ ਕਿਉਂਕਿ ਲੋਕ ਆਪਣੇ ਆਪ ਪਾਰਕਿੰਗ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਹਰ ਖੇਡ ਦੇ ਮੈਦਾਨ ਦੀ ਬਣਤਰ ਇਸ ਢੰਗ ਦੀ ਹੈ ਕਿ ਵਿੱਚ ਬਣੀਆਂ ਸੜਕਾਂ ’ਤੇ ਲੋਕ ਸੈਰ ਕਰਦੇ ਹਨ ਅਤੇ ਬਣੇ ਹੋਏ ਟਰੈਕਾਂ ਉੱਤੇ ਸਾਈਕਲਿੰਗ ਕਰਦੇ ਹਨ। ਬਰਫ਼ਬਾਰੀ ਦੇ ਦਿਨਾਂ ’ਚ ਜਿੱਥੇ ਇਨ੍ਹਾਂ ਖੇਡ ਦੇ ਮੈਦਾਨਾਂ ਦੀ ਪੂਰੀ ਸਾਫ਼ ਸਫ਼ਾਈ ਅਤੇ ਸੰਭਾਲ ਹੁੰਦੀ ਹੈ, ਉੱਥੇ ਇਨ੍ਹਾਂ ਮੈਦਾਨਾਂ ਵਿੱਚ ਆਇਸ ਹਾਕੀ ਖੇਡੀ ਜਾਂਦੀ ਹੈ ਤੇ ਸਕੇਟਿੰਗ ਕੀਤੀ ਜਾਂਦੀ ਹੈ। ਖੇਡ ਦੇ ਮੈਦਾਨਾਂ ਵਿੱਚ ਘੁੰਮਣ ਲਈ ਕੰਪਨੀਆਂ ਵੱਲੋਂ ਆਟੋ ਸਕੂਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਉਤੇ ਲੋਕ ਘੁੰਮ ਕੇ ਆਪਣਾ ਮਨੋਰੰਜਨ ਕਰਦੇ ਹਨ ।

ਇਨ੍ਹਾਂ ਖੇਡ ਦੇ ਮੈਦਾਨਾਂ ਵਿੱਚ ਬਣੇ ਪਾਰਕਾਂ ਵਿੱਚ ਲੋਕ ਪਿਕਨਿਕ ਮਨਾਉਣ ਤੇ ਪਾਰਟੀਆਂ ਕਰਨ ਦਾ ਮਜ਼ਾ ਲੈਂਦੇ ਹਨ। ਲੋਕਾਂ ਦੀ ਸਹੂਲਤ ਲਈ ਸਾਫ਼ ਸਫ਼ਾਈ ਦਾ ਧਿਆਨ ਰੱਖਦੇ ਹੋਏ ਬਹੁਤ ਸ਼ਾਨਦਾਰ ਪੱਕੇ, ਆਰਜ਼ੀ ਪਖਾਨਿਆਂ ਅਤੇ ਕੂੜੇਦਾਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਪਰ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਹੋਏ ਪਰਵਾਸੀ ਲੋਕ ਆਪਣੇ ਦੇਸ਼ਾਂ ਦੀਆਂ ਪਈਆਂ ਹੋਈਆਂ ਗੰਦੀਆਂ ਆਦਤਾਂ ਦੇ ਕਾਰਨ ਇਨ੍ਹਾਂ ਖੇਡ ਦੇ ਮੈਦਾਨਾਂ ’ਚ ਚਾਹ, ਕੌਫ਼ੀ, ਆਈਸ ਕਰੀਮ ਦੇ ਕੱਪ, ਪਾਣੀ ਦੀਆਂ ਬੋਤਲਾਂ, ਸਿਗਰਟਾਂ ਦੇ ਟੁਕੜੇ, ਟਿਸ਼ੂ ਪੇਪਰ ਅਤੇ ਲਿਫ਼ਾਫ਼ੇ ਸੁੱਟ ਦਿੰਦੇ ਹਨ। ਜਿਹੜੇ ਲੋਕ ਸੈਰ ਕਰਨ ਦੇ ਨਾਲ ਨਾਲ ਆਪਣੇ ਕੁੱਤਿਆਂ ਨੂੰ ਘੁਮਾਉਣ ਲਿਆਉਂਦੇ ਹਨ, ਉਨ੍ਹਾਂ ਦੀ ਸਹੂਲਤ ਲਈ ਪਾਰਕਾਂ ਦੇ ਬਾਹਰ ਟਿਸ਼ੂ ਮਸ਼ੀਨ ਲਗਾਈ ਗਈ ਹੁੰਦੀ ਹੈ ਤਾਂ ਕਿ ਲੋਕ ਕੁੱਤਿਆਂ ਦੀ ਗੰਦਗੀ ਕੂੜੇਦਾਨਾਂ ਵਿੱਚ ਪਾ ਸਕਣ। ਪਾਰਕਾਂ ਵਿੱਚ ਲੱਗੇ ਬੈਂਚਾਂ, ਕੁਰਸੀਆਂ ਅਤੇ ਬੈਂਚਾਂ ਉੱਤੇ ਬੈਠ ਕੇ ਲੋਕ ਪਾਰਕਾਂ ਦਾ ਅਨੰਦ ਮਾਣਦੇ ਹਨ। ਇਨ੍ਹਾਂ ਪਾਰਕਾਂ ’ਚ ਬਜ਼ੁਰਗ ਬੈਠ ਕੇ ਆਪਣਾ ਸਮਾਂ ਗੁਜ਼ਾਰਨ ਦੇ ਨਾਲ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਹਨ। ਜਵਾਨ ਮੁੰਡੇ-ਕੁੜੀਆਂ ਇਨ੍ਹਾਂ ਪਾਰਕਾਂ ਵਿੱਚ ਘੁੰਮਦੇ ਹੋਏ ਇੱਕ-ਦੂਜੇ ਨਾਲ ਆਪਣੇ ਮਨ ਦੇ ਵਲਵਲੇ ਸਾਂਝੇ ਕਰਦੇ ਹਨ। ਸਾਡੇ ਮੁਲਕ ਦੀਆਂ ਸਰਕਾਰਾਂ ਨੂੰ ਵੀ ਆਪਣੇ ਦੇਸ਼ ਵਿੱਚ ਕੈਨੇਡਾ ਵਰਗੇ ਖੇਡ ਦੇ ਮੈਦਾਨਾਂ ਦਾ ਨਿਰਮਾਣ ਜ਼ਰੂਰ ਕਰਨਾ ਚਾਹੀਦਾ ਹੈ।

‑ PRINCIPAL VIJAY KUMAR

 

ਮੱਦਦਗਾਰਾਂ ਨੂੰ ਫਰਿਸ਼ਤੇ ਸਕੀਮ ਤਹਿਤ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਸੜਕ ਹਾਦਸਿਆਂ ਦੌਰਾਨ ਜ਼ਖ਼ਮੀ ਹੋਣ ਵਾਲੇ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਮੱਦਦਗਾਰਾਂ ਨੂੰ ਹੁਣ ਕਿਸੇ ਵੀ ਪੁਲਿਸ ਕਰਮਚਾਰੀ ਵਲੋਂ ਕਾਰਵਾਈ ਲਈ ਨਹੀਂ ਰੋਕਿਆ ਜਾਵੇਗਾ ਅਤੇ ਨਾ ਹੀ ਪਰੇਸ਼ਨ ਕੀਤਾ ਜਾਵੇਗਾ। ਇਹ ਨਿਰਦੇਸ਼ ਪੰਜਾਬ ਪੁਲਿਸ ਵਲੋਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਕਮਿਸ਼ਨਰਾਂ ਨੂੰ ਜਾਰੀ ਕੀਤੇ ਗਏ ਹਨ। ਇਹ ਵੀ ਦੱਸਿਆ ਗਿਆ ਕਿ ਸੜਕ ਹਾਦਸਿਆਂ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੀ ਮੱਦਦ ਕਰਨ ਵਾਲਿਆਂ ਨੂੰ ਫਰਿਸ਼ਤੇ ਸਕੀਮ ਦੇ ਤਹਿਤ ਸਨਮਾਨਿਤ ਵੀ ਕੀਤਾ ਜਾਵੇਗਾ। ਸੜਕ ਹਾਦਸਿਆਂ ਦੌਰਾਨ ਜ਼ਖ਼ਮੀ ਹੋਣ ਵਾਲੇ ਵਿਅਕਤੀਆਂ ਦੀ ਤੁਰੰਤ ਮੱਦਦ ਹੋ ਸਕੇ, ਇਸ ਲਈ ਪੰਜਾਬ ਸਰਕਾਰ ਵਲੋਂ ਇਹ ਕਦਮ ਉਠਾਇਆ ਗਿਆ ਹੈ। ਇਸ ਨੂੰ ਦੇਖਦਿਆਂ ਹੀ ਪੰਜਾਬ ਸਰਕਾਰ ਵਲੋਂ ਸੜਕ ਸੁਰੱਖਿਆ ਫੋਰਸ ਵੀ ਬਣਾਈ ਗਈ ਹੈ। 

ਟੋਰਾਂਟੋ : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਇੱਕ ਬਜ਼ੁਰਗ ਸਿੱਖ ਵਿਅਕਤੀ ਨਾਲ ਨਸਲੀ ਵਿਤਕਰਾ ਕਰਦਿਆਂ ਉਸ ਉੱਤੇ ਹਮਲਾ ਕੀਤਾ ਗਿਆ। ਵੁੱਡਸਟਾਕ ਪੁਲੀਸ ਮੁਤਾਬਕ ਇਹ ਘਟਨਾ 22 ਅਪਰੈਲ ਦੀ ਹੈ, ਜਦੋਂ ਬਜ਼ੁਰਗ ਸਿੱਖ ਵਿਅਕਤੀ ਫੁੱਟਪਾਥ 'ਤੇ ਪੈਦਲ ਜਾ ਰਿਹਾ ਸੀ।

 

ਇਸ ਦੌਰਾਨ ਇੱਕ ਨੌਜਵਾਨ ਨੇ ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਧੱਕਾ ਦਿੱਤਾ ਅਤੇ "ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ" ਵਰਗੇ ਨਸਲੀ ਸ਼ਬਦਾਂ ਅਤੇ ਗਾਲੀ-ਗਲੋਚ ਦੀ ਵਰਤੋਂ ਕੀਤੀ। ਪੁਲੀਸ ਨੇ ਇਸ ਨੂੰ 'ਨਫ਼ਰਤ ਤੋਂ ਪ੍ਰੇਰਿਤ ਹਮਲਾ' (hate-motivated assault) ਕਰਾਰ ਦਿੱਤਾ ਹੈ। ਹਾਲਾਂਕਿ ਇਸ ਹਮਲੇ ਵਿੱਚ ਬਜ਼ੁਰਗ ਵਿਅਕਤੀ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ।

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਬਿਨਾਂ ਕਿਸੇ ਉਕਸਾਵੇ ਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਟਨਾ ਤੋਂ ਬਾਅਦ ਉਹ ਇੱਕ ਸਕੂਲ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਨੌਜਵਾਨ ਵਾਰ-ਵਾਰ ਨਸਲੀ ਟਿੱਪਣੀਆਂ ਕਰਦਾ ਸੁਣਾਈ ਦਿੱਤਾ ਹੈ।

ਪੁਲੀਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵੁੱਡਸਟਾਕ ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਭਾਈਚਾਰੇ ਵਿੱਚ ਅਜਿਹੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਦੂਜੇ ਪਾਸੇ, ਵਰਲਡ ਸਿੱਖ ਆਰਗਨਾਈਜ਼ੇਸ਼ਨ (WSO) ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਜਤਾਈ ਹੈ ਅਤੇ ਪੁਲੀਸ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ।

ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਊਬੈਕ ਦੇ ਮਾਤਾਵਿਨੀ ਮਾਈਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸਨੂੰ ਜੀ 7 ਦੇਸ਼ਾਂ ਵਿੱਚ ਸਭ ਤੋਂ ਵੱਡੀ ਗ੍ਰੇਫਾਈਟ ਖਾਣ ਦੱਸਿਆ ਜਾ ਰਿਹਾ ਹੈ। ਸੇਂਟ-ਮਿਸ਼ੇਲ-ਦੇ-ਸੇਂਟਸ ਖੇਤਰ ਵਿੱਚ ਸਥਿਤ ਨੌਵਿਊ ਮੌਂਡੇ ਗ੍ਰੇਫਾਈਟ ਦੀ ਇਸ ਖਾਨ ਤੋਂ ਅਗਲੇ 25 ਸਾਲਾਂ ਵਿੱਚ ਹਰ ਸਾਲ 1,06,000 ਟਨ ਤੋਂ ਵੱਧ ਕੁਦਰਤੀ ਗ੍ਰੇਫਾਈਟ ਉਤਪਾਦਨ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦੇ ਅਨੁਸਾਰ ਇਹ ਪ੍ਰੋਜੈਕਟ ਕੈਨੇਡਾ ਦੀ ਅਰਥਵਿਵਸਥਾ ਵਿੱਚ ਲਗਭਗ 2 ਬਿਲੀਅਨ ਡਾਲਰ ਦਾ ਯੋਗਦਾਨ ਪਾਏਗਾ ਅਤੇ ਕਰੀਬ 1,000 ਨੌਕਰੀਆਂ ਪੈਦਾ ਕਰੇਗਾ। ਕਾਰਨੀ ਨੇ ਕਿਹਾ ਕਿ ਇਹ ਉਤਪਾਦਨ ਕੈਨੇਡਾ ਦੀ ਮੌਜੂਦਾ ਗ੍ਰੇਫਾਈਟ ਉਤਪਾਦਨ ਸਮਰੱਥਾ ਨਾਲੋਂ ਅੱਠ ਗੁਣਾ ਵੱਧ ਹੋਵੇਗਾ ਅਤੇ ਇਸ ਨਾਲ ਇਲੈਕਟ੍ਰਿਕ ਵਾਹਨ ਬੈਟਰੀ ਸਪਲਾਈ ਚੇਨ ਮਜ਼ਬੂਤ ਹੋਵੇਗੀ। ਗ੍ਰੇਫਾਈਟ ਈਵੀ ਬੈਟਰੀਆਂ ਵਿੱਚ ਐਨੋਡ ਬਣਾਉਣ ਲਈ ਵਰਤੀ ਜਾਂਦੀ ਹੈ, ਜੋ ਊਰਜਾ ਸਟੋਰ ਅਤੇ ਰਿਲੀਜ਼ ਕਰਨ ਵਿੱਚ ਮਦਦ ਕਰਦੀ ਹੈ। ਫੈਡਰਲ ਸਰਕਾਰ ਨੇ ਇਸ ਪ੍ਰੋਜੈਕਟ ਲਈ 459 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਸਰਕਾਰ ਨੇ ਸੱਤ ਸਾਲਾਂ ਲਈ ਹਰ ਸਾਲ 30,000 ਟਨ ਗ੍ਰੇਫਾਈਟ ਖਰੀਦਣ ਦਾ ਸਮਝੌਤਾ ਵੀ ਕੀਤਾ ਹੈ। ਉੱਧਰ ਕੰਜ਼ਰਵੇਟਿਵ ਪਾਰਟੀ ਨੇ ਦਾਅਵਾ ਕੀਤਾ ਕਿ ਲਿਬਰਲ ਸਰਕਾਰ ਪਹਿਲਾਂ ਤੋਂ ਚੱਲ ਰਹੇ ਪ੍ਰੋਜੈਕਟ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਡੀਓ ਸੁਨੇਹੇ ’ਚ ਕਿਹਾ ਹੈ ਕਿ ਅਮਰੀਕਾ ਨਾਲ ਕੈਨੇਡਾ ਦੇ ਮਜ਼ਬੂਤ ਆਰਥਿਕ ਸਬੰਧ ਜੋ ਪਹਿਲਾਂ ਤਾਕਤ ਮੰਨੇ ਜਾਂਦੇ ਸਨ, ਹੁਣ ਕਮਜ਼ੋਰੀ ਬਣ ਗਏ ਹਨ ਅਤੇ ਇਨ੍ਹਾਂ ’ਚ ਸੁਧਾਰ ਦੀ ਲੋੜ ਹੈ। ਪ੍ਰਧਾਨ ਮੰਤਰੀ ਕਾਰਨੀ ਨੇ 10 ਮਿੰਟ ਦੇ ਇਸ ਸੰਬੋਧਨ ’ਚ ਕਿਹਾ ਕਿ ਸਰਕਾਰ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ, ਨਵੇਂ ਨਿਵੇਸ਼ ਖਿੱਚਣ ਅਤੇ ਹੋਰਨਾਂ ਮੁਲਕਾਂ ਨਾਲ ਵਪਾਰ ਸਮਝੌਤੇ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਦੁਨੀਆ ਵਧੇਰੇ ਅਸੁਰੱਖਿਅਤ ਅਤੇ ਵੰਡੀ ਗਈ ਹੈ। ਅਮਰੀਕਾ ਨੇ ਵਪਾਰ ਪ੍ਰਤੀ ਆਪਣਾ ਰੁਖ਼ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਟੈਕਸ ਵਧਾ ਦਿੱਤੇ ਹਨ ਜੋ ਮਹਾਂ ਮੰਦੀ ਦੇ ਸਮੇਂ ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹਨ। ਅਮਰੀਕਾ ਨਾਲ ਡੂੰਘੇ ਸਬੰਧਾਂ ’ਤੇ ਆਧਾਰਿਤ ਸਾਡੀ ਪੁਰਾਣੀ ਤਾਕਤ ਹੁਣ ਕਮਜ਼ੋਰੀਆਂ ’ਚ ਬਦਲ ਗਈ ਹੈ ਜੋ ਸਾਨੂੰ ਸੁਧਾਰਨੀ ਪਵੇਗੀ।’’ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸਾਂ ਦਾ ਅਸਰ ਵਾਹਨ ਤੇ ਇਸਪਾਤ ਉਦਯੋਗ ਦੇ ਕਿਰਤੀਆਂ ’ਤੇ ਪਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਯਕੀਨੀ ਦੇ ਮਾਹੌਲ ਕਾਰਨ ਕੰਪਨੀਆਂ ਨਿਵੇਸ਼ ਕਰਨ ਤੋਂ ਝਿਜਕ ਰਹੀਆਂ ਹਨ। ਕਈ ਕੈਨੇਡਿਆਈ ਨਾਗਰਿਕ ਟਰੰਪ ਦੀ ਉਸ ਟਿੱਪਣੀ ਤੋਂ ਖ਼ਫ਼ਾ ਹਨ ਜਿਸ ’ਚ ਉਨ੍ਹਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ। ਉਹ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਨਿਯਮਿਤ ਜਾਣਕਾਰੀ ਦਿੰਦੇ ਰਹਿਣਗੇ ਤਾਂ ਜੋ ਕੈਨੇਡਾ, ਅਮਰੀਕੀ ਨਿਰਭਰਤਾ ਤੋਂ ਬਾਹਰ ਨਿਕਲ ਸਕੇ।

Toronto : ਇੱਕ ਧਾਰਮਿਕ ਚਿੰਨ੍ਹ ਕਿਰਪਾਨ ਸਬੰਧੀ ਜੁੜੀ ਪਾਬੰਦੀ ਕਾਰਨ ਵਿਨੀਪੈੱਗ ਦੇ ਇੱਕ ਵਿਅਕਤੀ ਦਾ ਪੁਲੀਸ ਅਧਿਕਾਰੀ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਵਿਨੀਪੈੱਗ ਦੇ ਇੱਕ ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਧਾਰਮਿਕ ਰਿਤੀ ਰਿਵਾਜ਼ਾਂ ਅਨੁਸਾਰ ਪਾਈ ਕਿਰਪਾਨ, ਜੋ ਉਸਦੇ ਲਈ ਪਹਿਨਣਾ ਲਾਜ਼ਮੀ ਹੈ, ਨਾਲ ਜੁੜੀਆਂ ਪਾਬੰਦੀਆਂ ਕਾਰਨ ਪੁਲੀਸ ਭਰਤੀ ਪ੍ਰੀਖਿਆ ਲਿਖਣ ਦੇ ਮੌਕੇ ਤੋਂ ਮਨ੍ਹਾ ਕਰ ਦਿੱਤਾ ਗਿਆ। ਜਸਪਾਲ ਸਿੰਘ ਗਿੱਲ ਵੱਡੇ ਪੱਧਰ 'ਤੇ ਸਮਾਜ ਦੀ ਸੇਵਾ ਕਰਨ ਲਈ ਪੁਲੀਸ ਅਧਿਕਾਰੀ ਬਣਨਾ ਚਾਹੁੰਦਾ ਹੈ। ਗਿੱਲ ਨੇ ਦੱਸਿਆ, "ਮੇਰਾ ਲੰਬੇ ਸਮੇਂ ਤੋਂ ਨਿੱਜੀ ਟੀਚਾ ਪੁਲੀਸ ਸੇਵਾ ਵਿੱਚ ਸ਼ਾਮਲ ਹੋਣਾ ਸੀ ਕਿਉਂਕਿ ਭਾਰਤ ਵਿੱਚ ਮੇਰੇ ਦਾਦਾ ਜੀ ਅਤੇ ਪਿਤਾ ਜੀ ਪੁਲੀਸ ਅਧਿਕਾਰੀ ਸਨ।" ਗਿੱਲ 2021 ਵਿੱਚ ਭਾਰਤ ਤੋਂ ਨਿਊ ਬਰੰਜ਼ਵਿਕ ਆਇਆ ਸੀ, 2024 ਵਿੱਚ ਕੈਨੇਡਾ ਦਾ ਸਥਾਈ ਨਿਵਾਸੀ ਬਣਿਆ ਅਤੇ ਪਿਛਲੀ ਗਰਮੀਆਂ ਵਿੱਚ ਵਿਨੀਪੈੱਗ ਆ ਗਿਆ।

ਵੈਨਕੂਵਰ : ਸੋਮਵਾਰ ਨੂੰ ਹੋਈਆਂ ਤਿੰਨ ਸੰਸਦੀ ਉਪ ਚੋਣਾਂ ਲਿਬਰਲ ਪਾਰਟੀ ਦੀ ਝੋਲੀ ਪੈਣ ਨਾਲ ਮਾਰਕ ਕਾਰਨੀ ਸਰਕਾਰ ਨੇ ਬਹੁਮੱਤ ਹਾਸਲ ਕਰ ਲਿਆ ਹੈ। ਆਪਣੇ ਕਾਰਜਕਾਲ ਦਾ ਪਹਿਲਾ ਸਾਲ ਬਿੱਲ ਪਾਸ ਕਰਾਉਣ ਲਈ ਹੋਰ ਪਾਰਟੀਆਂ ਵੱਲ ਝਾਕਣ ਤੋਂ ਬਾਦ ਹੁਣ ਸਰਕਾਰ ਵਲੋਂ ਰਹਿੰਦਾ ਕਾਰਜਕਾਲ (ਤਿੰਨ ਸਾਲ) ਅਸਾਨੀ ਨਾਲ ਪੂਰਾ ਕਰ ਲਿਆ ਜਾਏਗਾ ਅਤੇ ਕਿਸੇ ਵੀ ਸਮੇਂ ਮੱਧਕਾਲੀ ਚੋਣਾਂ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਦੇਰ ਰਾਤ ਆਏ ਨਤੀਜਿਆਂ ਚੋਂ ਪਹਿਲਾ ਨਤੀਜਾ ਯੂਨੀਵਰਸਿਟੀ ਰੋਜ਼ਡੇਲ (ਉਂਟਾਰੀਓ) ਦਾ ਆਇਆ ਜਿਸ ਵਿੱਚ ਲਿਬਰਲ ਪਾਰਟੀ ਦੀ ਉਮੀਦਵਾਰ ਡੈਨੀਅਲ ਮਾਰਟਿਨ ਨੇ ਜਿੱਤ ਹਾਸਲ ਕਰਕੇ ਪਾਰਟੀ ਨੂੰ 172 ਦੇ ਬਹੁਮੱਤ ਵਾਲੇ ਅੰਕੜੇ ’ਤੇ ਜਾ ਖੜਾਇਆ। ਉਸਤੋਂ ਬਾਦ ਸਕਾਰਬਰੋ ਦੀ ਸੀਟ ਤੋਂ ਡੌਲੀ ਬੇਗਮ ਦੀ ਜਿੱਤ ਦਾ ਐਲਾਨ ਹੋ ਗਿਆ।

ਡੌਲੀ ਨੇ ਫਰਵਰੀ ’ਚ ਉਂਟਾਰੀਓ ਐਨਡੀਪੀ ਦੀ ਉਪ ਪ੍ਰਧਾਨਗੀ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜਿਆ ਸੀ ਤੇ ਪਹਿਲੀ ਸੰਸਦੀ ਚੋਣ ਵਿੱਚ ਜਿੱਤ ਹਾਸਲ ਕਰ ਲਈ ਹੈ। ਉਪ ਚੋਣ ਵਾਲੀ ਤੀਜੀ ਸੀਟ ਕੁਬੈਕ ਦੇ ਹਲਕਾ ਟੈਰੀਬੌਨ ਸੀ ਜਿੱਥੇ ਪਿਛਲੀ ਚੋਣ ਵਿੱਚ ਇੱਕ ਵੋਟ ਦੀ ਹਾਰ ਜਿੱਤ ਨੂੰ ਅਦਾਲਤ ਨੇ ਰੱਦ ਕਰਕੇ ਦੁਬਾਰਾ ਚੋਣ ਦਾ ਹੁਕਮ ਸੁਣਾਇਆ ਸੀ। ਲਿਬਰਲ ਪਾਰਟੀ ਦੇ ਉਮੀਦਵਾਰ ਟੈਟਿਆਨਾ ਅਗਸਤੀ ਨੇ ਇਹ ਸੀਟ ਬਲਾਕ ਪਾਰਟੀ ਤੋਂ ਖੋਹ ਕੇ 338 ਮੈਂਬਰੀ ਕੈਨੇਡਿਆਈ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਅੰਕੜਾ 174 ਤੇ ਪਹੁੰਚਾ ਦਿੱਤਾ ਹੈ।

ਬੇਸ਼ੱਕ ਸਿਆਸੀ ਸੂਝ ਵਾਲੇ ਲੋਕ ਪਹਿਲਾਂ ਤੋਂ ਮੰਨ ਰਹੇ ਕਿ ਦੋ ਸੀਟਾਂ ਲਿਬਰਲ ਦੀ ਝੋਲੀ ਪੈ ਸਕਦੀਆਂ ਹਨ, ਪਰ ਨਤੀਜਿਆਂ ਨੇ ਕੁਬੈਕ ਵਾਲੀ ਤੀਜੀ ਸੀਟ ਬਾਰੇ ਕਿਆਸ ਅਰਾਈਆਂ ਨੂੰ ਗਲਤ ਸਾਬਤ ਕਰ ਦਿੱਤਾ ਤੇ ਸੀਟ ਬਲਾਕ ਦੀ ਥਾਂ ਲਿਬਰਲ ਉਮੀਦਵਾਰ ਜੇਤੂ ਰਿਹਾ। ਚੋਣਾਂ ਤੋਂ ਪਹਿਲਾਂ ਪਿਛਲੇ 4-5 ਮਹੀਨਿਆਂ ਵਿੱਚ ਟੋਰੀ ਪਾਰਟੀ ਦੇ ਚਾਰ ਅਤੇ ਐਨਡੀਪੀ ਦੇ ਇੱਕ ਮੈਂਬਰ ਨੇ ਪਾਰਟੀਆਂ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜ ਕੇ ਉਸਨੂੰ ਬਹੁਮੱਤ ਦੇ ਐਨ ਕੋਲ (ਸਿਰਫ ਇੱਕ ਘੱਟ) ਪਹੁੰਚਾ ਦਿੱਤਾ ਸੀ, ਜਿਸ ਕਾਰਣ ਮਾਰਕ ਕਾਰਨੀ ਸਰਕਾਰ ਵਲੋਂ ਸੰਸਦ ਚ ਪੇਸ਼ ਸਾਰੇ ਬਿੱਲ ਪਾਸ ਹੁੰਦੇ ਆਏ। ਦੱਸਣਾ ਬਣਦਾ ਹੈ ਕਿ ਜੇਕਰ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਵਲੋਂ ਪੇਸ਼ ਕੋਈ ਵਿੱਤੀ ਬਿੱਲ ਪਾਸ ਨਾ ਹੁੰਦਾ ਤਾਂ ਗਵਨਰ ਜਨਰਲ ਨੂੰ ਉਸੇ ਵੇਲੇ ਸਰਕਾਰ ਤੋੜ ਕੇ ਸੰਸਦੀ ਚੋਣਾਂ ਦਾ ਐਲਾਨ ਕਰਨਾ ਪੈਣਾ ਸੀ

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.