Sunday, 14 June 2026

ਵਿਨੀਪੈਗ : ਕੈਨੇਡਾ ਵਿੱਚ ਕ੍ਰਿਕਟ ਦੀ ਗਵਰਨਿੰਗ ਬਾਡੀ, ਕ੍ਰਿਕੇਟ ਕੈਨੇਡਾ ਨੇ ਅਰਵਿੰਦਰ ਖੋਸਾ ਨੂੰ ਆਪਣਾ ਨਵਾਂ ਪ੍ਰਧਾਨ ਚੁਣਨ ਦਾ ਐਲਾਨ ਕੀਤਾ। ਅਰਵਿੰਦਰ ਸਿੰਘ ਖੋਸਾ ਉਰਫ਼ ਅਫ਼ਰੀਦੀ ਨੇ ਕ੍ਰਿਕੇਟ ਕੈਨੇਡਾ ਦੇ ਪ੍ਰਧਾਨ ਦੀ ਚੋਣ ਜਿੱਤਣ ਵਿਚ ਕਾਮਯਾਬੀ ਹਾਸਲ ਕਰ ਲਈ। ਕ੍ਰਿਕਟ ਕੈਨੇਡਾ ਕੈਨੇਡਾ ਵਿੱਚ ਕ੍ਰਿਕਟ ਦੀ ਖੇਡ ਲਈ ਅਧਿਕਾਰਤ ਪ੍ਰਬੰਧਕ ਸੰਸਥਾ ਹੈ। ਖੋਸਾ ਦੀ ਇਸ ਟੀਮ ਵਿਚ ਸ਼ਾਮਲ ਹੋਣ ਵਾਲੇ ਨਵੇਂ ਚੁਣੇ ਗਏ ਸਕੱਤਰ ਪਰਮਜੀਤ ਸ਼ਾਹੀ ਹਨ, ਜੋ ਵਿਨੀਪੈਗ, ਮੈਨੀਟੋਬਾ ਤੋਂ ਇੱਕ ਕਮਿਊਨਿਟੀ ਆਗੂ ਹਨ, ਜੋ ਕ੍ਰਿਕਟ ਮੈਨੀਟੋਬਾ ਵਿਚ ਕ੍ਰਿਕੇਟ ਦੇ ਵਿਕਾਸ ਵਿੱਚ ਸਰਗਰਮੀ ਨਾਲ ਸ਼ਾਮਲ ਹਨ, ਜਿਸ ਵਿੱਚ ਬੁਨਿਆਦੀ ਢਾਂਚੇ ਅਤੇ ਯੂਥ ਪ੍ਰੋਗਰਾਮਿੰਗ ਦਾ ਸਮਰਥਨ ਕਰਨਾ ਸ਼ਾਮਲ ਹੈ।

ਇਹ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ, ਕੈਨੇਡਾ ਸਰਕਾਰ ਅਤੇ ਕੈਨੇਡੀਅਨ ਓਲੰਪਿਕ ਕਮੇਟੀ ਦੁਆਰਾ ਮਾਨਤਾ ਪ੍ਰਾਪਤ ਇੱਕ ਗੈਰ-ਮੁਨਾਫ਼ਾ ਸੰਸਥਾ ਹੈ। ਕੈਨੇਡੀਅਨ ਕ੍ਰਿਕੇਟ ਟੀਮ ਦੀ ਕਪਤਾਨੀ ਪੰਜਾਬੀ ਨੌਜਵਾਨ ਦੇ ਹੱਥਾਂ ਵਿਚ ਜਾਣ ਮਗਰੋਂ ਕ੍ਰਿਕੇਟ ਕੈਨੇਡਾ ਦੀ ਵਾਗਡੋਰ ਫ਼ਿਰੋਜ਼ਪੁਰ ਦੇ ਅਰਵਿੰਦਰ ਸਿੰਘ ਖੋਸਾ ਨੇ ਸੰਭਾਲ ਲਈ ਹੈ। ਖੋਸਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਇੱਕ ਬਹੁਤ ਹੀ ਸਤਿਕਾਰਤ ਕ੍ਰਿਕੇਟ ਪ੍ਰਸ਼ਾਸਕ ਅਤੇ ਕਮਿਊਨਿਟੀ ਆਗੂ ਹੈ, ਜਿਸ ਦੀ ਖੇਡ ਵਿੱਚ ਲੰਬੇ ਸਮੇਂ ਤੋਂ ਸ਼ਮੂਲੀਅਤ ਹੈ।

ਕੈਨੇਡਾ ਵਿਚ ਅਫ਼ਰੀਦੀ ਵਜੋਂ ਪ੍ਰਸਿੱਧ ਅਰਵਿੰਦਰ ਖੋਸਾ ਨੇ ਦੱਸਿਆ ਕਿ ਕ੍ਰਿਕੇਟ ਕੈਨੇਡਾ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਸਨ ਅਤੇ ਕੌਮਾਂਤਰੀ ਕ੍ਰਿਕੇਟ ਕੌਂਸਲ ਵੀ ਜਲਦ ਤੋਂ ਜਲਦ ਚੋਣਾਂ ਕਰਵਾਉਣ ਦਾ ਦਬਾਅ ਪਾ ਰਹੀ ਸੀ ਪਰ ਕੋਈ ਵਾਹ ਨਾ ਚਲਦੀ ਵੇਖ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬੀਤੇ ਦਿਨੀਂ ਹੋਈਆਂ ਚੋਣਾਂ ਦੌਰਾਨ ਕੈਨੇਡਾ ਦੇ 10 ਸੂਬਿਆਂ ਵਿਚੋਂ ਅੱਠ ਅਰਵਿੰਦਰ ਸਿੰਘ ਖੋਸਾ ਦੇ ਹੱਕ ਵਿਚ ਭੁਗਤੇ ਅਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ।

ਅਰਵਿੰਦਰ ਸਿੰਘ ਖੋਸਾ ਨੇ ਕਿਹਾ ਕਿ ਕੈਨੇਡੀਅਨ ਕ੍ਰਿਕੇਟ ਨੂੰ ਕੌਮਾਂਤਰੀ ਬੁਲੰਦੀਆਂ ’ਤੇ ਲਿਜਾਣ ਲਈ ਪੂਰੀ ਵਾਹ ਲਾ ਦੇਣਗੇ "ਕੈਨੇਡਾ ਵਿੱਚ ਕ੍ਰਿਕੇਟ ਲਈ ਇਹ ਇੱਕ ਮਹੱਤਵਪੂਰਨ ਪਲ ਹੈ। "ਅਸੀਂ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਖੇਡ ਦਾ ਸਮਰਥਨ ਕਰਨ ਲਈ ਆਪਣੇ ਮੈਂਬਰਾਂ ਅਤੇ ਭਾਈਵਾਲਾਂ ਨਾਲ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜਿਸ ਵਿੱਚ ਅਖੰਡਤਾ, ਜਵਾਬਦੇਹੀ ਅਤੇ ਨਿਰੰਤਰ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ"। ਵੱਡੀ ਲੀਡ ਨਾਲ ਜਿੱਤੇ ਇਸ ਨੌਜਵਾਨ ਤੋਂ ਕੈਨੇਡਾ ਵਾਸੀ ਕ੍ਰਿਕੇਟ ਦੇ ਸੁਨਹਿਰੀ ਭਵਿੱਖ ਨੂੰ ਵੇਖ ਰਹੇ ਹਨ। ਅਰਵਿੰਦਰ ਦੇ ਖੇਡਣ ਦੇ ਸਟਾਈਲ ਕਰ ਕੇ ਹੀ ਉਸ ਦੇ ਹਾਣੀ ਉਸ ਨੂੰ ‘ਅਫ਼ਰੀਦੀ’ ਕਹਿ ਕੇ ਬੁਲਾਉਂਦੇ ਸਨ। ਕੈਨੇਡੀਅਨ ਕ੍ਰਿਕੇਟ ਵਿਚ ਸਿਖਰਲਾ ਰੁਤਬਾ ਹਾਸਲ ਹੋਣ ’ਤੇ ਅਰਵਿੰਦਰ ਸਿੰਘ ਖੋਸਾ ਨੂੰ ਲਗਾਤਾਰ ਵਧਾਈ ਸੁਨੇਹੇ ਆ ਰਹੇ ਹਨ।

ਅਮਰੀਕਾ ਨੇ ਇਰਾਨ ’ਤੇ 49 ਟਾਮਹੌਕ ਮਿਜ਼ਾਈਲਾਂ ਦਾਗੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਦੇ ਹੋਰਮੁਜ਼ ਸਟਰੇਟ ਨੇੜੇ ਤੇਲ ਟੈਂਕਰ ’ਤੇ ਹੋਏ ਅਮਰੀਕੀ ਹਮਲੇ ਵਿਚ 3 ਭਾਰਤੀ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸਦੀ ਪੁਸ਼ਟੀ ਭਾਰਤ ਦੇ ਕੇਂਦਰੀ ਮੰਤਰੀ ਸਰਵਾਨੰਦ ਸੋਨੋਵਾਲ ਨੇ ਕੀਤੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ ਜਹਾਜ਼ ’ਤੇ  ਸਵਾਰ 44 ਭਾਰਤੀਆਂ ਵਿਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦੋਂ ਕਿ 3 ਭਾਰਤੀ ਲਾਪਤਾ ਸਨ। ਇਸੇ ਦੌਰਾਨ ਅਮਰੀਕਾ ਅਤੇ ਇਰਾਨ ’ਚ ਲਗਾਤਾਰ ਦੂਜੇ ਦਿਨ ਅੱਜ ਵੀਰਵਾਰ ਨੂੰ ਵੀ ਹਮਲੇ ਜਾਰੀ ਰਹੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਫੌਜ ਨੇ ਇਰਾਨ ’ਤੇ 49 ਟਾਮਹੌਕ ਮਿਜ਼ਾਈਲਾਂ ਦਾਗੀਆਂ ਹਨ ਅਤੇ ਲੜਾਕੂ ਜਹਾਜ਼ਾਂ ਨਾਲ ਵੀ ਹਮਲੇ ਕੀਤੇ ਗਏ ਹਨ। ਇਰਾਨ ਦੇ ਮੀਡੀਆ ਮੁਤਾਬਕ ਕੇਸ਼ਮ ਦੀਪ, ਬੰਦਰ ਅੱਬਾਸ, ਮੀਨਾਬ ਅਤੇ ਸੀਰਿਕ ਵਿਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਇਸਦੇ ਜਵਾਬ ਵਿਚ ਇਰਾਨ ਨੇ ਕੁਵੈਤ ਅਤੇ ਬਹਿਰੀਨ ਵਿਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਕਿਸੇ ਵੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨਾਲ ਕਈ ਦੇਸ਼ ਪ੍ਰਭਾਵਿਤ ਹੋਏ ਹਨ ਅਤੇ ਇਹ ਜੰਗ ਅਜੇ ਵੀ ਜਾਰੀ ਹੈ।

ਓਟਵਾ : ਕੈਨੇਡਾ ਦੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਹਲਕੀ ਗਿਰਾਵਟ ਆਈ ਹੈ, ਪਰ ਮਾਹਰਾਂ ਦੇ ਅਨੁਸਾਰ ਇਹ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਡਾ ਮੌਕਾ ਨਹੀਂ ਬਣਿਆ। TD Economics ਦੀ ਰਿਪੋਰਟ ਮੁਤਾਬਕ 2026 ਵਿੱਚ ਕੀਮਤਾਂ ਲਗਭਗ 0.3 ਫੀਸਦੀ ਘੱਟ ਹੋ ਸਕਦੀਆਂ ਹਨ, ਜਦਕਿ ਵਿਕਰੀ ਵੀ 1.8 ਫੀਸਦੀ ਘਟਣ ਦੀ ਸੰਭਾਵਨਾ ਹੈ।

 ਪਿਛਲੇ ਛੇ ਮਹੀਨਿਆਂ ਵਿੱਚ ਰੀਅਲ ਅਸਟੇਟ ਮਾਰਕੀਟ ਕਮਜ਼ੋਰ ਰਹੀ ਹੈ, ਖਾਸ ਕਰਕੇ ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ। ਵਿਆਜ ਦਰਾਂ ਘਟਣ ਦੇ ਬਾਵਜੂਦ, ਮੌਰਗੇਜ ਭੁਗਤਾਨ ਹਾਲੇ ਵੀ ਉੱਚੇ ਹਨ, ਜਿਸ ਨਾਲ ਖਰੀਦਦਾਰਾਂ ਲਈ ਦਬਾਅ ਬਣਿਆ ਹੋਇਆ ਹੈ। Bank of Canada  ਦੀ ਦਰ 2.25 ਫੀਸਦੀ ਹੋਣ ਦੇ ਬਾਵਜੂਦ ਪਿਛਲੇ ਸਾਲਾਂ ਨਾਲੋਂ ਵੱਧ ਮੰਨੀ ਜਾ ਰਹੀ ਹੈ।

 ਓਂਟਾਰੀਓ ਪ੍ਰੀਮੀਅਰ ਡਗ ਫੋਰਡ ਵੱਲੋਂ ਨਵੇਂ ਘਰਾਂ `ਤੇ HST ਹਟਾਉਣ ਦੀ ਯੋਜਨਾ ਐਲਾਨੀ ਗਈ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਵੱਡਾ ਫਰਕ ਨਹੀਂ ਪਵੇਗਾ। Simon Fraser University  ਦੇ ਪ੍ਰੋਫੈਸਰ ਆਂਡਰੇ ਪੈਵਲੋਵ ਮੁਤਾਬਕ, ਘਰ ਤਦੋਂ ਹੀ ਸਸਤੇ ਹੋ ਸਕਦੇ ਹਨ ਜਦੋਂ ਆਮਦਨ ਵਧੇ ਅਤੇ ਕੀਮਤਾਂ ਸਥਿਰ ਹੋਣ।

Statistics Canada ਦੇ ਅੰਕੜਿਆਂ ਅਨੁਸਾਰ, 1981 ਤੋਂ 2024 ਤੱਕ ਤਨਖਾਹਾਂ 20 ਫੀਸਦੀ ਵਧੀਆਂ ਹਨ, ਜਦਕਿ ਘਰਾਂ ਦੀਆਂ ਕੀਮਤਾਂ 163.5 ਫੀਸਦੀ ਚੜ੍ਹ ਗਈਆਂ ਹਨ। ਇਸੇ ਦੌਰਾਨ ਨਵੇਂ ਪ੍ਰੋਜੈਕਟ ਰੱਦ ਹੋਣ ਨਾਲ ਭਵਿੱਖ ਵਿੱਚ ਘਰਾਂ ਦੀ ਘਾਟ ਹੋ ਸਕਦੀ ਹੈ, ਜਿਸ ਨਾਲ ਕੀਮਤਾਂ ਦੁਬਾਰਾ ਤੇਜ਼ੀ ਨਾਲ ਵੱਧਣ ਦਾ ਖਤਰਾ ਬਣਿਆ ਹੋਇਆ ਹੈ।  

ਅਮਰੀਕੀ ਏਅਰ ਸਟਰਾਈਕ ਦੇ ਜਵਾਬ ਵਿਚ ਇਰਾਨ ਦੀ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਨੇ ਬਹਿਰੀਨ, ਕੁਵੈਤ ਅਤੇ ਜੌਰਡਨ ਵਿਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਇਰਾਨ ਨੇ ਅਮਰੀਕੀ ਟਿਕਾਣਿਆਂ ’ਤੇ 21 ਹਮਲੇ ਕਰਨ ਦਾ ਦਾਅਵਾ ਵੀ ਕੀਤਾ ਹੈ। ਉਧਰ ਅਮਰੀਕੀ ਅਧਿਕਾਰੀਆਂ ਨੇ ਇਰਾਨ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਨੁਕਸਾਨ ਦੀ ਜਾਣਕਾਰੀ ਵਧਾ-ਚੜ੍ਹਾਅ ਕੇ ਪੇਸ਼ ਕੀਤੀ ਜਾ ਰਹੀ ਹੈ। ਇਰਾਨ ਦੀ ਇਸਲਾਮਿਕ ਰੈਵੋਲੂਸਨਰੀ ਗਾਰਡ ਕੋਰ ਦਾ ਕਹਿਣਾ ਹੈ ਕਿ ਇਹ ਹਮਲੇ ਅਮਰੀਕੀ ਕਾਰਵਾਈਆਂ ਦੇ ਜਵਾਬ ਵਿਚ ਕੀਤੇ ਗਏ ਹਨ। ਇਸ ਤੋਂ ਪਹਿਲਾਂ ਅਮਰੀਕੀ ਫੌਜ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਇਰਾਨੀ ਹਵਾਈ ਰੱਖਿਆ ਪ੍ਰਣਾਲੀਆਂ, ਕਮਾਂਡ, ਕੰਟਰੋਲ ਕੇਂਦਰਾਂ ਅਤੇ ਨਿਗਰਾਨੀ ਰਾਡਾਰ ਸਾਈਟਾਂ ’ਤੇ ਹਵਾਈ ਹਮਲੇ ਕੀਤੇ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੇ ਸੋਮਵਾਰ ਨੂੰ ਹੋਰਮੁਜ਼ ਸਟਰੇਟ ਦੇ ਨੇੜੇ ਅਮਰੀਕੀ ਫੌਜ ਦਾ ਅਪਾਚੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਲੈ ਕੇ ਇਰਾਨ ’ਤੇ ਇਲਜ਼ਾਮ ਵੀ ਲਗਾਏ ਸਨ। ਟਰੰਪ ਨੇ ਕਿਹਾ ਸੀ ਕਿ ਅਮਰੀਕਾ ਇਸ ਹਮਲੇ ਦਾ ਜਵਾਬ ਦੇਵੇਗਾ ਅਤੇ ਇਸਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਸਦੀ ਕੀਮਤ ਤਾਰਨੀ ਪਵੇਗੀ। ਹਾਲਾਂਕਿ ਇਰਾਨ ਨੇ ਅਮਰੀਕੀ ਹੈਲੀਕਾਪਟਰ ਸੁੱਟਣ ਦੀ ਜ਼ਿੰਮੇਵਾਰੀ ਨਹੀਂ ਲਈ ਸੀ।

ਬ੍ਰਿਟਿਸ਼ ਕੋਲੰਬੀਆ : ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰਸਿ਼ਪ ਉਮੀਦਵਾਰ Peter Milobar  ਦੇ ਕੈਂਪੇਨ `ਤੇ ਨਿਯਮਾਂ ਦੀ ਉਲੰਘਣਾ ਲਈ ਜੁਰਮਾਨਾ ਲਗਾਇਆ ਗਿਆ ਹੈ। ਪਾਰਟੀ ਅਨੁਸਾਰ, ਲੀਡਰਸਿ਼ਪ ਦੌੜ ਵਿੱਚ ਬਣੇ ਰਹਿਣ ਲਈ ਉਮੀਦਵਾਰਾਂ ਨੂੰ ਨਿਰਧਾਰਿਤ ਫੀਸ ਸਮੇਂ `ਤੇ ਜਮ੍ਹਾਂ ਕਰਵਾਉਣੀ ਹੁੰਦੀ ਹੈ। ਤੀਜੀ ਫੀਸ 40,000 ਡਾਲਰ ਦੀ 1 ਅਪ੍ਰੈਲ ਤੱਕ ਜਮ੍ਹਾਂ ਹੋਣੀ ਸੀ, ਪਰ ਮਿਲੋਬਾਰ ਦਾ ਭੁਗਤਾਨ 2 ਅਪ੍ਰੈਲ ਨੂੰ ਮਿਲਿਆ। ਕੈਂਪੇਨ ਵੱਲੋਂ 29 ਮਾਰਚ ਨੂੰ ਚੈਕ ਦੀ ਤਸਵੀਰ ਭੇਜੀ ਗਈ ਸੀ, ਪਰ ਇਹ ਆਮ ਡਾਕ ਰਾਹੀਂ ਦੇਰ ਨਾਲ ਪਹੁੰਚਿਆ। ਇਸ ਮਾਮਲੇ ਨੂੰ ਲੀਡਰਸਿ਼ਪ ਇਲੈਕਸ਼ਨ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ।    

ਕਿਹਾ : ਡੋਨਾਲਡ ਟਰੰਪ ਫੀਸ ਦੇ ਨਾਮ ’ਤੇ ਨਹੀਂ ਲੈ ਸਕਦੇ ਟੈਕਸ
ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼
ਅਮਰੀਕੀ ਫੈਡਰਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਚ-1ਬੀ ਵੀਜ਼ਾ ’ਤੇ 1 ਲੱਖ ਡਾਲਰ ਫੀਸ ਵਸੂਲਣ ਵਾਲੀ ਨੀਤੀ ਨੂੰ ਰੱਦ ਕਰ ਦਿੱਤਾ ਹੈ। ਬਾਸਟਨ ਅਦਾਲਤ ਨੇ ਕਿਹਾ ਕਿ ਇਹ ਫੀਸ ਨਹੀਂ ਬਲਕਿ ਇਕ ਟੈਕਸ ਹੈ ਅਤੇ ਇਸ ਨੂੰ ਲਾਗੂ ਕਰਨ ਦੇ ਲਈ ਰਾਸ਼ਟਰਪਤੀ ਨਹੀਂ, ਬਲਕਿ ਸੰਸਦ ਦੀ ਮਨਜੂਰੀ ਜ਼ਰੂਰੀ ਸੀ। ਟਰੰਪ ਨੇ ਸਤੰਬਰ 2025 ਵਿਚ ਐਲਾਨ ਕੀਤਾ ਸੀ ਕਿ ਜਿਹੜੀਆਂ ਕੰਪਨੀਆਂ ਐਚ-1ਬੀ ਵੀਜ਼ਾ ’ਤੇ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਦੇਣਗੀਆਂ, ਉਨ੍ਹਾਂ ਨੂੰ ਹਰ ਵੀਜ਼ੇ ਲਈ 1 ਲੱਖ ਡਾਲਰ ਦੀ ਵਾਧੂ ਫੀਸ ਦੇਣੀ ਹੋਵੇਗੀ। ਇਸ ਤੋਂ ਬਾਅਦ 20 ਸੂਬਿਆਂ ਦੇ ਅਟਾਰਨੀ ਜਨਰਲ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਹੁਣ ਅਦਾਲਤ ਦੇ ਫੈਸਲੇ ਦੇ ਖਿਲਾਫ ਟਰੰਪ ਸਰਕਾਰ ਅਪੀਲ ਵੀ ਕਰ ਸਕਦੀ ਹੈ। ਧਿਆਨ ਰਹੇ ਕਿ ਐਚ-1ਬੀ ਵੀਜ਼ਾ ਇਕ ਗੈਰ-ਅਪਰਵਾਸੀ ਵੀਜ਼ਾ ਹੈ, ਜਿਸਦੇ ਜ਼ਰੀਏ ਅਮਰੀਕੀ ਕੰਪਨੀਆਂ ਕੁਝ ਸਮੇਂ ਦੇ ਲਈ ਵਿਦੇਸ਼ਾਂ ਤੋਂ ਹਾਈ ਸਕਿੱਲ ਵਾਲੇ ਪੇਸ਼ੇਵਰਾਂ ਨੂੰ ਨੌਕਰੀ ’ਤੇ ਰੱਖ ਸਕਦੀਆਂ ਹਨ। ਪਹਿਲਾਂ ਕੰਪਨੀਆਂ ਨੂੰ ਐਚ-1ਬੀ ਵੀਜ਼ਾ ਲਈ ਅਰਜ਼ੀ ਦੇਣ ਵਾਸਤੇ ਕਰੀਬ 2 ਹਜ਼ਾਰ ਤੋਂ 5 ਹਜ਼ਾਰ ਡਾਲਰ ਦੀ ਫੀਸ ਦੇਣੀ ਪੈਂਦੀ ਸੀ। ਇਸ ਵੀਜ਼ੇ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਭਾਰਤੀ ਆਈ.ਟੀ. ਅਤੇ ਟੈਕ ਪ੍ਰੋਫੈਸ਼ਨਲਜ਼ ਕਰਦੇ ਹਨ। ਅਦਾਲਤ ਦੇ ਇਸ ਫੈਸਲੇ ਨੂੰ ਭਾਰਤੀਆਂ ਦੇ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। 

ਓਟਵਾ: ਕੈਨੇਡਾ ਦੇ ਵਿੱਤ ਮੰਤਰੀ ਫ਼੍ਰੈਂਸੁਆ-ਫ਼ਿਲਿਪ ਸ਼ੈਂਪੇਨ ਦਾ ਚੀਨ ਦੌਰਾ ਸਮਾਪਤ ਹੋ ਚੁੱਕਿਆ ਹੈ, ਪਰ ਇਸ ਦੌਰੇ ਤੋਂ ਬਾਅਦ ਵੀ ਚੀਨ ਵੱਲੋਂ ਕੈਨੇਡੀਅਨ ਪੋਰਕ `ਤੇ ਲੱਗੇ ਟੈਰਿਫ਼ ਬਰਕਰਾਰ ਹਨ। ਹਾਲਾਂਕਿ, ਸ਼ੈਂਪੇਨ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਦੋਨਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਸੀ ਅਤੇ ਇਹ ਕੰਮ ਹੌਲੀ-ਹੌਲੀ ਅੱਗੇ ਵਧਦਾ ਹੈ।   ਸ਼ੈਂਪੇਨ ਨੇ ਕਿਹਾ ਕਿ ਇੱਕ ਹੀ ਮੀਟਿੰਗ ਵਿੱਚ ਸਾਰੇ ਮਸਲੇ ਹੱਲ ਨਹੀਂ ਹੁੰਦੇ। ਉਨ੍ਹਾਂ ਮੁਤਾਬਕ, ਵਪਾਰਕ ਅਤੇ ਰਾਜਨੀਤਕ ਮਸਲਿਆਂ ਵਿੱਚ ਪਹਿਲਾਂ ਭਰੋਸਾ ਅਤੇ ਸੰਬੰਧ ਬਣਾਉਣੇ ਪੈਂਦੇ ਹਨ, ਜਿਸ ਤੋਂ ਬਾਅਦ ਹੀ ਵੱਡੇ ਫੈਸਲੇ ਸੰਭਵ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਕੈਨੇਡਾ ਦੇ ਪੋਰਕ `ਤੇ 25 ਫੀਸਦੀ ਵਾਧੂ ਟੈਕਸ ਲੱਗ ਰਿਹਾ ਹੈ, ਜੋ ਉਸ ਸਮੇਂ ਲੱਗਿਆ ਸੀ ਜਦੋਂ ਕੈਨੇਡਾ ਨੇ ਅਮਰੀਕਾ ਦੀ ਤਰ੍ਹਾਂ ਚੀਨੀ ਇਲੈਕਟ੍ਰਿਕ ਵਾਹਨਾਂ ‘ਤੇ 100 ਫੀਸਦੀ ਟੈਕਸ ਲਗਾਇਆ ਸੀ।

 ਇਸ ਤੋਂ ਇਲਾਵਾ, ਚੀਨ ਨੇ ਕੈਨੋਲਾ ਮੀਲ ਸਮੇਤ ਹੋਰ ਖੇਤੀਬਾੜੀ ਉਤਪਾਦਾਂ ‘ਤੇ ਵੀ ਟੈਰਿਫ਼ ਲਗਾਏ ਸਨ। ਹਾਲਾਂਕਿ ਜਨਵਰੀ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ ਸੀ, ਜਿਸ ਤਹਿਤ ਕੈਨੇਡਾ 49,000 ਚੀਨੀ ਇਲੈਕਟ੍ਰਿਕ ਵਾਹਨਾਂ ਨੂੰ ਘੱਟ ਟੈਰਿਫ਼ ‘ਤੇ ਆਉਣ ਦੀ ਇਜਾਜ਼ਤ ਦੇਵੇਗਾ ਅਤੇ ਇਸ ਦੇ ਬਦਲੇ ਚੀਨ ਖੇਤੀਬਾੜੀ ਉਤਪਾਦਾਂ ‘ਤੇ ਲੱਗੇ ਟੈਕਸ ਘਟਾਉਣ ਜਾਂ ਹਟਾਉਣ ਲਈ ਤਿਆਰ ਹੋਇਆ ਸੀ। ਫਿਰ ਵੀ ਪੋਰਕ ਅਤੇ ਸਮੁੰਦਰੀ ਭੋਜਨ ਨਾਲ ਜੁੜੇ ਮਸਲੇ ਅਜੇ ਵੀ ਬਾਕੀ ਹਨ।

 ਇਸ ਦੌਰੇ ਦੌਰਾਨ ਸ਼ੈਂਪੇਨ ਨੇ ਚੀਨ ਦੇ ਵਿੱਤ ਮੰਤਰੀ ਲੈਨ ਫ਼ੋ’ਆਨ ਅਤੇ ਵਾਇਸ-ਪ੍ਰੀਮੀਅਰ ਹੀ ਲਾਈਫ਼ੈਂਗ ਨਾਲ ਵੀ ਮੀਟਿੰਗ ਕੀਤੀ। ਇਸ ਦੌਰਾਨ ਇਹ ਗੱਲਬਾਤ ਹੋਈ ਕਿ ਕੈਨੇਡਾ ਦੀਆਂ ਬੈਂਕਾਂ ਅਤੇ ਵਿੱਤੀ ਕੰਪਨੀਆਂ ਨੂੰ ਚੀਨ ਵਿੱਚ ਹੋਰ ਵੱਧ ਮੌਕੇ ਦਿੱਤੇ ਜਾਣ। ਇਸ ਵਿੱਚ ਕੈਨੇਡੀਅਨ ਬੈਂਕਾਂ ਨੂੰ ਹੋਰ ਲਾਇਸੈਂਸ ਅਤੇ ਚੀਨ ਦੇ ਬਾਂਡ ਮਾਰਕੀਟ ਵਿੱਚ ਵੱਧ ਪਹੁੰਚ ਦੇਣ ਦੀ ਗੱਲ ਵੀ ਸ਼ਾਮਲ ਹੈ।

 ਸ਼ੈਂਪੇਨ ਨੇ ਕਿਹਾ ਕਿ ਵਪਾਰ ਵਧਾਉਣ ਲਈ ਵਿੱਤੀ ਸੇਵਾਵਾਂ ਬਹੁਤ ਜ਼ਰੂਰੀ ਹੁੰਦੀਆਂ ਹਨ, ਕਿਉਂਕਿ ਇਸ ਨਾਲ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਨੂੰ ਮਦਦ ਮਿਲਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਚੀਨ ਦੇ ਵਾਇਸ-ਪ੍ਰੀਮੀਅਰ ਹੀ ਲਾਈਫ਼ੈਂਗ ਕੈਨੇਡਾ ਦਾ ਦੌਰਾ ਕਰਨਗੇ।

  ਸ਼ੈਂਪੇਨ ਨੇ ਦੱਸਿਆ ਕਿ ਚੀਨ ਨਾਲ ਗੱਲਬਾਤ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਸਪਲਾਈ ਚੇਨ ਦੀ ਸੁਥਰੀ ਪ੍ਰਣਾਲੀ ਦਾ ਮਸਲਾ ਵੀ ਚੁੱਕਿਆ ਗਿਆ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਚੀਨੀ ਅਧਿਕਾਰੀਆਂ ਦਾ ਇਸ ਬਾਰੇ ਕੀ ਜਵਾਬ ਸੀ।

  ਇਹ ਮਾਮਲਾ ਉਸ ਵੇਲੇ ਵੀ ਚਰਚਾ ਵਿੱਚ ਆਇਆ ਜਦੋਂ ਲਿਬਰਲ ਐਮਪੀ ਮਾਈਕਲ ਮਾ ਨੇ ਇੱਕ ਮੀਟਿੰਗ ਦੌਰਾਨ ਚੀਨ ਵਿੱਚ ਜਬਰਨ ਮਜ਼ਦੂਰੀ ਦੇ ਮਾਮਲੇ ‘ਤੇ ਟਿੱਪਣੀ ਕੀਤੀ ਸੀ। ਬਾਅਦ ਵਿੱਚ ਮਾ ਨੇ ਮੁਆਫ਼ੀ ਮੰਗ ਲਈ ਅਤੇ ਕਿਹਾ ਕਿ ਉਹ ਸ਼ੈਨਜ਼ੈਨ ਬਾਰੇ ਗੱਲ ਕਰ ਰਹੇ ਸਨ, ਨਾ ਕਿ ਜ਼ਿਨਜਿਆਂਗ ਖੇਤਰ ਬਾਰੇ, ਜਿੱਥੇ ਵੀਗਰ ਮੁਸਲਮਾਨਾਂ ਨਾਲ ਬੁਰੇ ਵਤੀਰੇ ਦੇ ਦੋਸ਼ ਲੱਗਦੇ ਰਹੇ ਹਨ।

  ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਕਿ ਕੈਨੇਡਾ ਇਹ ਯਕੀਨੀ ਬਣਾਉਣ ਲਈ ਸਖ਼ਤ ਕਦਮ ਲੈਂਦਾ ਹੈ ਕਿ ਜਬਰਨ ਮਜ਼ਦੂਰੀ ਨਾਲ ਬਣੇ ਸਮਾਨ ਸਪਲਾਈ ਚੇਨ ਵਿੱਚ ਸ਼ਾਮਲ ਨਾ ਹੋਣ। ਉਨ੍ਹਾਂ ਕਿਹਾ ਕਿ ਮਾਈਕਲ ਮਾ ਨੇ ਮੁਆਫ਼ੀ ਮੰਗ ਕੇ ਠੀਕ ਕੀਤਾ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਹੈ।

  ਕੁੱਲ ਮਿਲਾ ਕੇ, ਸ਼ੈਂਪੇਨ ਦਾ ਚੀਨ ਦੌਰਾ ਤੁਰੰਤ ਨਤੀਜੇ ਤਾਂ ਨਹੀਂ ਲੈ ਕੇ ਆਇਆ, ਪਰ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਵਿੱਤੀ ਸਹਿਯੋਗ ਵਧਾਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।   

ਨਵੀਂ ਦਿੱਲੀ/ਬਿਊਰੋ ਨਿਊਜ਼
ਫਿਲਪੀਨਜ਼ ਵਿਚ ਅੱਜ ਸੋਮਵਾਰ ਸਵੇਰੇ 7.8 ਦੀ ਗਤੀ ਵਾਲਾ ਭੂਚਾਲ ਆਇਆ ਹੈ, ਇਸ ਦੌਰਾਨ 138 ਭੂਚਾਲ ਦਾ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਕਾਰਨ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸਦੇ ਚੱਲਦਿਆਂ ਰਾਸ਼ਟਰਪਤੀ ਫਰਡੀਲੈਂਸ ਮਾਰਕੋਸ ਜੂਨੀਅਰ ਨੇ ਲੋਕਾਂ ਨੂੰ ਫਿਲਪੀਨਜ਼ ਦੇ ਉਨ੍ਹਾਂ ਇਲਾਕਿਆਂ ਵਿਚ ਉਚੇ ਸਥਾਨਾਂ ’ਤੇ ਜਾਣ ਦੀ ਅਪੀਲ ਕੀਤੀ ਹੈ, ਜੋ ਸੁਨਾਮੀ ਦੀ ਮਾਰ ਹੇਠ ਆ ਸਕਦੇ ਹਨ। ਇਸੇ ਦੌਰਾਨ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਅਧਿਕਾਰੀਆਂ ਨੇ ਵੀ ਆਪਣੇ ਨੇੜਲੇ ਤੱਟਵਰਤੀ ਇਲਾਕਿਆਂ ਲਈ ਚਿਤਾਵਨੀਆਂ ਜਾਰੀ ਕੀਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਫਿਲਪੀਨਜ਼ ਵਿਚ ਆਇਆ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਭੂਚਾਲ ਤੋਂ ਬਾਅਦ ਸੁਨਾਮੀ ਵੀ ਆਈ ਅਤੇ  ਸਭ ਤੋਂ ਉਚੀ ਲਹਿਰ ਦੀ ਉਚਾਈ 1.4 ਮੀਟਰ ਰਹੀ। ਸਾਵਧਾਨੀ ਵਜੋਂ, ਇੰਡੋਨੇਸ਼ੀਆ ਅਤੇ ਮਲੇਸ਼ੀਆ ਨੇ ਵੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ, ਜਿਸ ਨੂੰ ਕੁਝ ਘੰਟਿਆਂ ਬਾਅਦ ਹੀ ਵਾਪਸ ਲੈ ਲਿਆ ਗਿਆ।

ਇਰਾਨ ਨੇ ਕਿਹਾ : ਅਜੇ ਤੱਕ ਕੋਈ ਵੀ ਅੰਤਿਮ ਫੈਸਲਾ ਨਹੀਂ ਹੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼    
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਨਵੀਂ ਡੀਲ ਨੂੰ ਮਨਜੂਰੀ ਦੇ ਦਿੱਤੀ ਹੈ। ਵਾਈਟ ਹਾਊਸ ਵਿਚ ਇਕ ਰਿਪੋਰਟਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਰਾਨ ਨਾਲ ਸ਼ਾਂਤੀ ਸਮਝੌਤੇ ’ਤੇ ਇਸੇ ਹਫਤੇ ਯੂਰਪ ਵਿਚ ਦਸਤਖਤ ਹੋ ਸਕਦੇ ਹਨ। ਟਰੰਪ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਵੀ ਇਸ ਵਿਚ ਸ਼ਾਮਲ ਹੋ ਸਕਦੇ ਹਨ। ਟਰੰਪ ਨੇ ਕਿਹਾ ਹੈ ਕਿ ਡੀਲ ਹੁੰਦੇ ਹੀ ਹੋਰਮੁਜ਼ ਸਟਰੇਟ ਨੂੰ ਵੀ ਖੋਲ੍ਹ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਸਮਝੌਤੇ ’ਚ ਕੀ-ਕੀ ਸ਼ਾਮਲ ਹੋਵੇਗਾ। ਉਧਰ ਦੂਜੇ ਪਾਸੇ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਤੋਂ ਸਰਕਾਰੀ ਮੀਡੀਆ ਦਾ ਕਹਿਣਾ ਸੀ ਕਿ ਸਮਝੌਤਾ ਸਾਈਨ ਹੋਣ ਦੀਆਂ ਖਬਰਾਂ ਸਿਰਫ ਅਟਕਲਾਂ ਹਨ ਅਤੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਟਰੰਪ ਨੇ ਇਰਾਨ ’ਤੇ ਭਾਰੀ ਬੰਬਾਰੀ ਕਰਨ ਅਤੇ ਉਸਦੇ ਤੇਲ ਨਿਰਯਾਤ ਵਾਲੇ ਮੁੱਖ ਕੇਂਦਰ ’ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਪੰਜ ਘੰਟੇ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਕਿਹਾ ਕਿ ਇਰਾਨ ਦੇ ਖਿਲਾਫ ਨਵੇਂ ਹਵਾਈ ਹਮਲੇ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ। ਟਰੰਪ ਨੇ ਕਿਹਾ ਕਿ ਇਰਾਨ ਦੀ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਕਾਫੀ ਅੱਗੇ ਵਧ ਗਈ ਹੈ, ਇਸ ਲਈ ਉਨ੍ਹਾਂ ਨੇ ਹਮਲਾ ਟਾਲਣ ਦਾ ਫੈਸਲਾ ਲਿਆ ਹੈ।  

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਇਰਾਨ ਛੱਡਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਅਤੇ ਇਜ਼ਰਾਈਲ ਵਿਚਾਲੇ ਲੰਘੇ ਅਪ੍ਰੈਲ ਮਹੀਨੇ ਦੌਰਾਨ ਹੋਈ ਜੰਗਬੰਦੀ ਦੇ 2 ਮਹੀਨਿਆਂ ਬਾਅਦ ਦੁਬਾਰਾ ਫਿਰ ਜੰਗ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਇਰਾਨ ਨੇ ਇਜ਼ਰਾਈਲ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਇਹ ਕਾਰਵਾਈ ਲਿਬਨਾਨ ਵਿਚ ਹਿਜ਼ਬੁਲਾਹ ’ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿਚ ਕੀਤੀ ਗਈ ਹੈ। ਇਸਦੇ ਜਵਾਬ ਵਿਚ ਇਜ਼ਰਾਈਲੀ ਫੌਜ ਨੇ ਪੱਛਮੀ ਅਤੇ ਸੈਂਟਰਲ ਇਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਦੇ ਮੀਡੀਆ ਮੁਤਾਬਕ ਤਹਿਰਾਨ, ਤਬਰੀਜ਼ ਅਤੇ ਇਸਫਹਾਨ ਵਿਚ ਕਈ ਧਮਾਕੇ ਹੋਏ ਹਨ। ਇਰਾਨ ਵਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਇਜ਼ਰਾਈਲ ਨੇ ਹਮਲਿਆਂ ਵਿਚ ਏਅਰ ਲਾਂਚ ਬੈਲਿਸਟਿਕ ਮਿਜ਼ਾਈਲਾਂ ਦਾ ਇਸਤੇਮਾਲ ਕੀਤਾ ਹੈ। ਇਸ ਵਧਦੇ ਤਣਾਅ ਦੇ ਚੱਲਦਿਆਂ ਭਾਰਤ ਨੇ ਵੀ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਇਰਾਨ ਦੀ ਯਾਤਰਾ ਨਾ ਕਰਨ ਅਤੇ ਉਥੇ ਮੌਜੂਦ ਵਿਅਕਤੀਆਂ ਨੂੰ ਜਲਦ ਤੋਂ ਜਲਦ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ।

ਬੰਟੀ ਰੋਮਾਣਾ ਨੇ ਆਮ ਆਦਮੀ ਪਾਰਟੀ ’ਤੇ ਲਗਾਏ ਇਲਜ਼ਾਮ
ਫਰੀਦਕੋਟ/ਬਿਊਰੋ ਨਿਊਜ਼    
ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਫਰੀਦਕੋਟ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਹੁਣ ਭਾਰਤ ਵਾਪਸ ਮੁੜ ਆਏ ਹਨ। ਬੰਟੀ ਰੋਮਾਣਾ ਨੂੰ ਟੋਰਾਂਟੋ ਏਅਰਪੋਰਟ ’ਤੇ ਕੈਨੇਡੀਅਨ ਅਧਿਕਾਰੀਆਂ ਵਲੋਂ ਰੋਕਿਆ ਗਿਆ ਸੀ ਅਤੇ ਉਨ੍ਹਾਂ ਨੂੰ ਕੈਨੇਡਾ ਵਿਚ ਐਂਟਰੀ ਨਹੀਂ ਦਿੱਤੀ ਗਈ। ਇਸਦੇ ਚੱਲਦਿਆਂ ਬੰਟੀ ਰੋਮਾਣਾ ਨੇ ਦੱਸਿਆ ਕਿ ਕੈਨੇਡਾ ਦੇ ਇਮੀਗਰੇਸ਼ਨ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਕੋਲ ਉਨ੍ਹਾਂ ਦੇ ਖਿਲਾਫ ਇਕ ਬਹੁਤ ਵੱਡੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਇੱਥੇ ਇਕ ਸਿਆਸੀ ਦੌਰੇ ’ਤੇ ਆਏ ਸੀ, ਜਿਸਦੀ ਕੈਨੇਡੀਅਨ ਨਿਯਮਾਂ ਮੁਤਾਬਕ ਆਗਿਆ ਨਹੀਂ ਹੈ। ਅਕਾਲੀ ਆਗੂ ਬੰਟੀ ਰੋਮਾਣਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਾਰੀ ਕਾਰਵਾਈ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ’ਤੇ ਹੋਈ ਹੈ।

ਕਿਹਾ : ਅਮਰੀਕਾ ਦਾ ਪੀਐਮ ਨਰਿੰਦਰ ਮੋਦੀ ’ਤੇ ਦਬਾਅ ਪਾਉਣਾ ਬੇਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ’ਤੇ ਰੂਸ ਦੇ ਨਾਲ ਉਸਦੇ ਰਿਸ਼ਤਿਆਂ ਸਣੇ ਕਈ ਹੋਰ ਮੁੱਦਿਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੂਤਿਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਬੇਕਾਰ ਹੈ ਅਤੇ ਭਾਰਤ ਇਸਦਾ ਵਿਰੋਧ ਕਰੇਗਾ। ਪੂਤਿਨ ਨੇ ਪ੍ਰਮੁੱਖ ਨਿਊਜ਼ ਏਜੰਸੀਆਂ ਦੇ ਸੀਨੀਅਰਾਂ ਨਾਲ ਗੱਲਬਾਤ ਦੌਰਾਨ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਕ ਮਹਾਨ ਦੇਸ਼ ਅਤੇ ਲੋਕਤੰਤਰਿਕ ਦੇਸ਼ ਹੈ ਅਤੇ ਰੂਸ ਉਸ ਨੂੰ ਆਪਣਾ ਭਰੋਸੇਮੰਦ ਪਾਰਟਨਰ ਵੀ ਮੰਨਦਾ ਹੈ। ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਕੌਮੀ ਹਿੱਤਾਂ ਨੂੰ ਪਹਿਲ ਦਿੰਦਾ ਹੈ। ਅਮਰੀਕਾ ਨਾਲ ਉਸਦੇ ਵਧਦੇ ਸਬੰਧਾਂ ਨਾਲ ਭਾਰਤ-ਰੂਸ ਦੀ ਸਾਂਝ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਰੂਸ ਨਾਲ ਭਾਰਤ ਦੇ ਰਿਸ਼ਤੇ ਪਹਿਲਾਂ ਵਾਂਗ ਹੀ ਮਜ਼ਬੂਤ ਰਹਿਣਗੇ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.