Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼ : ਸਨਿਚਰਵਾਰ ਨੂੰ ਜੰਮੂ ਵਿਚ ਅੰਤਰਰਾਸਟਰੀ ਸਰਹੱਦ (ਆਈਬੀ) ਦੇ ਨਾਲ ਪਾਕਿਸਤਾਨੀ ਗੋਲਾਬਾਰੀ ਵਿਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਅੱਠ ਜਵਾਨ ਜਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਆਰਐੱਸ ਪੁਰਾ ਸੈਕਟਰ ਵਿੱਚ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਫੌਜੀਆਂ ਨੂੰ ਨੇੜਲੇ ਫੌਜੀ ਮੈਡੀਕਲ ਸਹੂਲਤ ਵਿਚ ਲਿਜਾਇਆ ਗਿਆ ਹੈ। 

 

ਜਸਟਿਸ ਸੂਰਿਆਕਾਂਤ  ਅਤੇ ਐਨ ਕੇ ਸਿੰਘ ਦੀ ਬੈਂਚ ਨੇ ਪਟੀਸ਼ਨ ਕਰਤਾ ਨੂੰ ਲਗਾਈ ਫਟਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੀ ਨਿਆਂਇਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਸੂਰਿਆਕਾਂਤ ਅਤੇ ਐਨ ਕੇ ਸਿੰਘ ਦੀ ਬੈਂਚ ਨੇ ਪਟੀਸ਼ਨ ਕਰਤਾ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਇਹ ਸੰਵੇਦਨਸ਼ੀਲ ਮੁੱਦਾ ਹੈ। ਇਸ ਸਮੇਂ ਪੂਰਾ ਦੇਸ਼ ਇਕਜੁੱਟ ਹੋ ਕੇ ਅੱਤਵਾਦ ਦੇ ਖਿਲਾਫ਼ ਖੜ੍ਹਾ ਅਤੇ ਤੁਸੀਂ ਅਜਿਹੀ ਪਟੀਸ਼ਨ ਦਾਖਲ ਕਰਕੇ ਸਾਡੇ ਸੁਰੱਖਿਆ ਬਲਾਂ ਦਾ ਮਨੋਬਲ ਡੇਗਣਾ ਚਾਹੁੰਦੇ ਹੋ। ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਅਜਿਹੀ ਜਨਹਿਤ ਪਟੀਸ਼ਨ ਦਾਖਲ ਕਰਨ ਤੋਂ ਪਹਿਲਾਂ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਦੇਸ਼ ਪ੍ਰਤੀ ਤੁਹਾਡਾ ਵੀ ਕੁੱਝ ਕਰਤੱਵ ਬਣਦਾ ਹੈ। ਉਨ੍ਹਾਂ ਪਟੀਸ਼ਨ ਕਰਤਾ ਨੂੰ ਕਿਹਾ ਕਿ ਤਸੀਂ ਰਿਟਾਇਰਡ ਜੱਜ ਤੋਂ ਜਾਂਚ ਕਰਵਾਉਣ ਲਈ ਕਹਿ ਰਹੇ ਹੋ। ਜਦਕਿ ਜੱਜਾਂ ਦਾ ਕੰਮ ਅੱਤਵਾਦੀਆਂ ਹਮਲਿਆਂ ਦੀ ਜਾਂਚ ਕਰਨਾ ਨਹੀਂ ਬਲਕਿ ਫੈਸਲੇ ਸੁਣਾਉਣ ਦਾ ਹੁੰਦਾ ਹੈ।

ਅੰਬਾਲਾ/ਬਿਊਰੋ ਨਿਊਜ਼ : ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀਆਂ ਕੋਸਸ਼ਿਾਂ ਤੋਂ ਬਾਅਦ ਭਾਰਤ ਨੇ ਰਾਜਸਥਾਨ, ਪੰਜਾਬ, ਜੰਮੂ ਅਤੇ ਗੁਜਰਾਤ ਵਰਗੇ ਸਰਹੱਦੀ ਰਾਜਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਹਿੰਦ-ਪਾਕ ਵਿਚਕਾਰ ਵਧ ਰਹੇ ਅਜਿਹੇ ਜੰਗੀ ਤਣਾਅ ਨੂੰ ਦੇਖਦਿਆਂ ਰੇਲਵੇ ਨੇ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਫੈਸਲਾ ਲੈਂਦਿਆਂ ਅੰਬਾਲਾ ਤੋਂ ਅੰਮਿ੍ਰਤਸਰ, ਜੰਮੂ ਅਤੇ ਸ੍ਰੀ ਵੈਸ਼ਨੋ ਦੇਵੀ ਕਟੜਾ ਜਾਣ ਵਾਲੀਆਂ 22 ਰੇਲਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਹੈ। ਪਹਿਲੀ ਸੂਚੀ ਜਾਰੀ ਕਰਦੇ ਹੋਏ ਰੇਲਵੇ ਨੇ ਕਿਹਾ ਕਿ ਕੁਝ ਗੱਡੀਆਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਕੁਝ ਨੂੰ ਵਿਚਕਾਰੋਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਹੋਰ ਰੇਲ ਗੱਡੀਆਂ ਦੇ ਸੰਚਾਲਨ ਬਾਰੇ ਵੀ ਵਿਚਾਰ-ਵਟਾਂਦਰੇ ਚੱਲ ਰਹੇ ਹਨ।

ਅੰਬਾਲਾ ਡਿਵੀਜ਼ਨ ਨੇ ਜੰਮੂ, ਅੰਮਿ੍ਰਤਸਰ ਅਤੇ ਚੰਡੀਗੜ੍ਹ ਜਾਣ ਵਾਲੀਆਂ ਸਾਰੀਆਂ ਕੋਚਿੰਗ ਗੱਡੀਆਂ ਨੂੰ ਅਗਲੇ ਨੋਟਿਸ ਤੱਕ ਕੁਰੂਕਸ਼ੇਤਰ ਸਟੇਸ਼ਨ ‘ਤੇ ਹੀ ਰੁਕਣ ਦਾ ਆਦੇਸ਼ ਦਿੱਤਾ ਹੈ। ਫ਼ੈਸਲੇ ਤਹਿਤ 22 ਗੱਡੀਆਂ ਤੋਂ ਬਿਨਾ ਗੱਡੀ ਨੰਬਰ 14507/14508 ਦਿੱਲੀ-ਫ਼ਾਜਲਿਕਾ-ਦਿੱਲੀ ਵੀ 11 ਮਈ ਤੋਂ 15 ਮਈ ਤੱਕ ਰੱਦ ਕੀਤੀ ਗਈ ਹੈ।  

 

 

ਰਾਜਾ ਵੜਿੰਗ ਬੋਲੇ : ਅਸੀਂ ਪੰਜਾਬ ਦੇ ਲੋਕਾਂ ਅਤੇ ਸਰਕਾਰ ਦੇ ਨਾਲ ਡਟ ਕੇ ਖੜ੍ਹੇ ਹਾਂ

ਚੰਡੀਗੜ੍ਹ/ਬਿਊਰੋ ਨਿਊਜ਼ : ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਵਧੇ ਹੋਏ ਤਣਾਅ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਪਾਣੀ ਦੀ ਵੰਡ ਨੂੰ ਲੈ ਕੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਵੱਲੋਂ ਕੀਤੇ ਗਏ ਟਵੀਟ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਕਦੇ ਵੀ ਹਰਿਆਣਾ ਅਤੇ ਦਿੱਲੀ ਨੂੰ ਜਾਣ ਵਾਲਾ ਪਾਣੀ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਜੇਕਰ ਹੁਣ ਪੰਜਾਬ ਵਿਚ ਪਾਣੀ ਦੀ ਕਮੀ ਹੈ ਤਾਂ ਅਸੀਂ ਪਹਿਲ ਪੰਜਾਬ ਨੂੰ ਹੀ ਦੇਵਾਂਗੇ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਹੋ ਸਕਦਾ ਹੈ ਹਰਿਆਣਾ ਅਤੇ ਦਿੱਲੀ ਨੂੰ ਹੋਰ ਪਾਣੀ ਲੋੜ ਹੋਵੇ, ਪਰ ਅਸੀਂ ਪਹਿਲਾਂ ਹੀ ਉਨ੍ਹਾਂ ਦੇ ਹਿੱਸੇ ਦਾ ਪਾਣੀ ਦੇ ਦਿੱਤਾ ਹੈ। ਉਨ੍ਹਾਂ ਨੂੰ ਹੋਰ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਅਸੀਂ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਦੇ ਨਾਲ ਡਟ ਕੇ ਖੜ੍ਹੇ ਹਾਂ। 

 

ਪਲਾਟ ਧੋਖਾਧੜੀ ਮਾਮਲੇ ’ਚ 20 ਮਈ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ

ਚੰਡੀਗੜ੍ਹ/ਬਿਊਰੋ ਨਿਊਜ਼ : ਮੋਹਾਲੀ ਦੀ ਅਦਾਲਤ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਪੁੱਤਰ ਨੂੰ ਨੋਟਿਸ ਜਾਰੀ ਕੀਤਾ ਗਿਆ। ਪਲਾਟ ਧੋਖਾਧੜੀ ਦੇ ਮਾਮਲੇ ’ਚ ਅਦਾਲਤ ਨੇ ਧਰਮਸੋਤ ਦੇ ਪੁੱਤਰ ਨੂੰ ਅਦਾਲਤ ਨੇ 20 ਮਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਾਰਚ 2023 ’ਚ ਸਾਬਕਾ ਮੰਤਰੀ ਧਰਮਸੋਤ ਦੇ ਪੁੱਤਰ ਅਤੇ ਚਾਰ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ’ਤੇ 60 ਲੱਖ ਰੁਪਏ ਦਾ ਪਲਾਟ ਖਰੀਦ ਕੇ 25 ਲੱਖ ਰੁਪਏ ’ਚ ਵੇਚਣ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਆਰੋਪ ਹੈ। ਇਸ ਮਾਮਲੇ ਦੀ ਜਾਂਚ ਪੰਜਾਬ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਪਹਿਲਾਂ ਹੋਈ ਸੁਣਵਾਈ ਦੌਰਾਨ ਸਾਧੂ ਸਿੰਘ ਧਰਮਸੋਤ ਅਦਾਲਤ ਵਿਚ ਪੇਸ਼ ਹੋਏ ਸਨ ਜਦਕਿ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਪੇਸ਼ ਨਹੀਂ ਹੋਏ ਸਨ। ਜਿਸ ਤੋਂ ਬਾਅਦ ਅਦਾਲਤ ਵੱਲੋਂ ਮੁੜ ਤੋਂ ਨੋਟਿਸ ਜਾਰੀ ਕੀਤਾ ਗਿਆ ਹੈ।

  

ਭਾਖੜਾ ਡੈਮ ’ਤੇ ਪੰਜਾਬ ਸਰਕਾਰ ਨੇ ਪੁਲਿਸ ਕੀਤੀ ਤਾਇਨਾਤ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਦਰਮਿਆਨ ਸ਼ੁਰੂ ਹੋਇਆ ਪਾਣੀਆਂ ਦਾ ਵਿਵਾਦ ਉਸ ਸਮੇਂ ਹੋਰ ਤਿੱਖਾ ਹੋ ਗਿਆ। ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਸਰਕਾਰ ਨੂੰ ਹਰਿਆਣਾ ਨੂੰ 8500 ਕਿਊਸਿਕ ਪਾਣੀ ਤੁਰੰਤ ਦੇਣ ਦਾ ਹੁਕਮ ਦਿੱਤਾ। ਉਧਰ ਬੀਬੀਐਮਬੀ ਨੇ ਭਾਖੜਾ ਡੈਮ ਦੇ ਡਾਇਰੈਕਟਰ ਇੰਜੀਨੀਅਰ ਅਕਾਸ਼ਦੀਪ ਸਿੰਘ ਨੂੰ ਹਟਾ ਦਿੱਤਾ ਗਿਆ ਉਹ ਪੰਜਾਬ ਦੇ ਕੋਟੇ ’ਚੋਂ ਬੀਬੀਐਮਬੀ ’ਚ ਤਾਇਨਾਤ ਸਨ। ਉਨ੍ਹਾਂ ਦੀ ਥਾਂ ਇੰਜੀਨੀਅਰ ਸੰਜੀਵ ਕੁਮਾਰ ਨੂੰ ਨਿਯੁਕਤ ਕੀਤਾ ਗਿਆ। ਸੰਜੀਵ ਕੁਮਾਰ ਹਰਿਆਣਾ ਦੇ ਕੋਟੇ ’ਚੋਂ ਬੀਬੀਐਮਬੀ ’ਚ ਪਹਿਲਾਂ ਸੇਫਟੀ ਡਾਇਰੈਕਟਰ ਵਜੋਂ ਨਿਯੁਕਤ ਸਨ। ਉਨ੍ਹਾਂ ਦੀ ਜਗ੍ਹਾ ਅਕਾਸ਼ਦੀਪ ਸਿੰਘ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬੀਬੀਐਮਬੀ ਬੋਰਡ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਕੋਲ ਦੂਜਿਆਂ ਸੂਬਿਆਂ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ।

  

ਕਾਂਗਰਸ ਪ੍ਰਧਾਨ ਖੜਗੇ ਬੋਲੇ : ਸੰਕਟ ਸਮੇਂ ਅਸੀਂ ਹਰ ਪਲ ਦੇਸ਼ ਦੇ ਨਾਲ ਖੜ੍ਹੇ ਹਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ ਸਰਕਾਰ ਵੱਲੋਂ ਅਪ੍ਰੇਸ਼ਨ ਸਿੰਦੂਰ ਸਬੰਧੀ ਜਾਣਕਾਰੀ ਦੇਣ ਲਈ ਅੱਜ ਸਰਵਦਲੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਕਿਰਨ ਰਿਜੀਜੂ, ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰਾਂ ਦੇ ਆਗੂ ਵੀ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੀ ਗਈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਜਦਕਿ ਉਨ੍ਹਾਂ ਇਕ ਸੰਦੇਸ਼ ਰਾਹੀਂ ਸਾਰੇ ਰਾਜਨੀਤਿਕ ਦਲਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਸੰਕਟ ਦੀ ਘੜੀ ’ਚ ਅਸੀਂ ਹਰ ਪਾਲ ਦੇਸ਼ ਅਤੇ ਸਰਕਾਰ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਸਰਕਾਰ ਦੀ ਕੋਈ ਆਲੋਚਨਾ ਵੀ ਨਹੀਂ ਕਰਾਂਗੇ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਅਪ੍ਰੇਸ਼ਨ ਸਿੰਦੂਰ ਲਈ ਸਰਕਾਰ ਨੂੰ ਆਪਣਾ ਪੂਰਾ ਸਮਰਥਨ ਦੇ ਦਿੱਤਾ ਹੈ। ਧਿਆਨ ਰਹੇ ਕਿ ਲੰਘੇ ਦਿਨੀਂ ਭਾਰਤੀ ਫੌਜ ਨੇ ਅਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਸਥਿਤ ਅੱਤਵਾਦੀਆਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਦਿੱਲੀ ਦੀ ਅਦਾਲਤ ਨੇ ਐਨਆਈਏ ਨੂੰ ਸੈਂਪਲ ਲੈਣ ਦੀ ਦਿੱਤੀ ਆਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਤੁਹੱਵਰ ਰਾਣਾ ਦੇ ਵੋਆਇਸ ਅਤੇ ਹੈਂਡ ਰਾਈਟਿੰਗ ਸੈਂਪਲ ਲੈਣ ਦੀ ਆਗਿਆ ਦੇ ਦਿੱਤੀ ਹੈ। ਐਨਆਈਏ ਸਪੈਸ਼ਲ ਕੋਰਟ ਦੇ ਜੱਜ ਚੰਦਰਜੀਤ ਸਿੰਘ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ। ਤੁਹੱਵਰ ਰਾਣਾ ਨੂੰ ਅਮਰੀਕੀ ਹਵਾਲਗੀ ਤੋਂ ਬਾਅਦ 10 ਅਪ੍ਰੈਲ ਨੂੰ ਸਪੈਸ਼ਲ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਭਾਰਤ ਲਿਆਂਦੇ ਜਾਣ ਤੋਂ ਬਾਅਦ ਉਸ ਨੂੰ 10 ਅਪ੍ਰੈਲ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਰਾਣਾ ਨੂੰ ਐਨਆਈਏ ਦੀ ਕਸਟਡੀ ’ਚ ਭੇਜ ਦਿੱਤਾ ਗਿਆ ਸੀ ਅਤੇ 30 ਅਪ੍ਰੈਲ ਨੂੰ ਕੋਰਟ ਨੇ ਰਾਣਾ ਦੀ ਕਸਟਡੀ 12 ਮਈ ਤੱਕ ਵਧਾ ਦਿੱਤੀ ਸੀ। ਰਾਣਾ ਨੂੰ ਸ਼ਿਕਾਗੋ ’ਚ ਅਮਰੀਕੀ ਏਜੰਸੀ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਉਸ ’ਤੇ 26/11 ਦੇ ਮੁੰਬਈ ਹਮਲੇ ਅਤੇ ਕੋਪਨਹੇਗਨ ’ਚ ਹੋਏ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਜ਼ਰੂਰ ਸਮਾਨ ਮੁਹੱਈਆ ਕਰਵਾਉਣ ਦਾ ਆਰੋਪ ਸੀ।

ਗੰਗੋਤਰੀ ਧਾਮ ਜਾ ਰਹੇ 5 ਸ਼ਰਧਾਲੂਆਂ ਦੀ ਹੋਈ ਮੌਤ

ਦੇਹਰਾਦੂਨ/ਬਿਊਰੋ ਨਿਊਜ਼ : ਉੱਤਰਾਖੰਡ ਦੇ ਉਤਰਕਾਸ਼ੀ ’ਚ ਵੀਰਵਾਰ ਸਵੇਰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹੈਲੀਕਾਪਟਰ ’ਚ ਪਾਇਲਟ ਸਮੇਤ 7 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ 5 ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸਾਗ੍ਰਸਤ ਹੈਲੀਕਾਪਟਰ ਗੰਗੋਤਰੀ ਧਾਮ ਜਾ ਰਿਹਾ ਸੀ ਅਤੇ ਇਸ ਨੇ ਦੇਹਰਾਦੂਨ ਦੇ ਇਕ ਹੈਲੀਪੈਡ ਤੋਂ ਉਡਾਣ ਭਰੀ ਸੀ। ਹੈਲੀਕਾਪਟਰ ’ਚ ਸਵਾਰ ਯਾਤਰੀ ਆਂਧਰਾ ਪ੍ਰਦੇਸ਼ ਅਤੇ ਮੁੰਬਈ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਚਾਰ ਮੁੰਬਈ ਦੇ ਅਤੇ ਦੋ ਆਂਧਰਾ ਪ੍ਰਦੇਸ਼ ਦੇ ਸਨ। ਹਾਦਸਾਗ੍ਰਸਤ ਹੈਲੀਕਾਪਟਰ ਪ੍ਰਾਈਵੇਟ ਕੰਪਨੀ ਏਅਰੋਟ੍ਰਾਂਸ ਸਰਵਿਸ ਦਾ ਸੀ। ਇਸ ਹਾਦਸੇ ’ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਜ਼ਖਮੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। 

ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ ਕੀਤਾ ਗਿਆ ਨਿਯੁਕਤ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਵਾਲੇ ਫ਼ੈਸਲੇ ਨੂੰ ਲਾਗੂ ਕਰਨ ਲਈ ਲੰਘੀ ਰਾਤ ਪੰਜਾਬ ਦੇ ਡਾਇਰੈਕਟਰ ਅਕਾਸ਼ਦੀਪ ਸਿੰਘ ਦਾ ਭਾਖੜਾ ਡੈਮ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ।  ਉਨ੍ਹਾਂ ਦੀ ਥਾਂ ’ਤੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ ਲਗਾਇਆ ਗਿਆ ਹੈ ਤਾਂ ਜੋ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ’ਚ ਕੋਈ ਰੁਕਾਵਟ ਨਾ ਆਵੇ। ਜ਼ਿਕਰਯੋਗ ਹੈ ਕਿ ਡਾਇਰੈਕਟਰ ਆਕਾਸ਼ਦੀਪ ਸਿੰਘ ਪੰਜਾਬ ਦੇ ਇਨਡੈਂਟ ਦੇ ਅਧਾਰ ’ਤੇ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਲਈ ਅੜ ਗਿਆ ਸੀ। ਜਦਕਿ ਸੰਜੀਵ ਕੁਮਾਰ ਇਸ ਤੋਂ ਪਹਿਲਾਂ ਡਾਇਰੈਕਟਰ (ਡੈਮ ਸੇਫ਼ਟੀ) ਵਜੋਂ ਤਾਇਨਾਤ ਸੀ ਅਤੇ ਉਨ੍ਹਾਂ ਦੀ ਥਾਂ ’ਤੇ ਹੁਣ ਪੰਜਾਬ ਦੇ ਆਕਾਸ਼ਦੀਪ ਸਿੰਘ ਨੂੰ ਲਗਾ ਦਿੱਤਾ ਹੈ। ਬੀਬੀਐੱਮਬੀ ਨੇ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ ਆਕਾਸ਼ਦੀਪ ਸਿੰਘ ਦੀ ਬੇਨਤੀ ’ਤੇ ਹੀ ਇਹ ਤਬਾਦਲਾ ਕੀਤਾ ਗਿਆ ਹੈ, ਜਦੋਂ ਕਿ ਆਕਾਸ਼ਦੀਪ ਸਿੰਘ ਨੇ ਲੰਘੀ ਰਾਤ ਕਰੀਬ ਪੌਣੇ ਬਾਰਾਂ ਵਜੇ ਬੀਬੀਐੱਮਬੀ ਨੂੰ ਈਮੇਲ ਜ਼ਰੀਏ ਕਿਹਾ ਹੈ ਕਿ ਉਸ ਨੇ ਤਾਂ ਅਜਿਹੀ ਕੋਈ ਬੇਨਤੀ ਕੀਤੀ ਹੀ ਨਹੀਂ ਹੈ। 

ਹਰਿਆਣਾ ਲਈ ਵਾਧੂ ਪਾਣੀ ਛੱਡਣ ਦੇ ਮਕਸਦ ਨਾਲ ਡੈਮ ’ਤੇ ਪਹੁੰਚੇ ਸਨ ਚੇਅਰਮੈਨ ਤਿ੍ਰਪਾਠੀ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਿ੍ਰਪਾਠੀ ਨੂੰ ਪੰਜਾਬ ਪੁਲੀਸ ਨੇ ਨੰਗਲ ਡੈਮ ਦੇ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੰਗਲ ਡੈਮ ਦੇ ਬਾਹਰ ਪੁਲੀਸ ਵਲੋਂ ਅਧਿਕਾਰੀ ਅਤੇ ਮੁਲਾਜ਼ਮ ਵੀ ਰੋਕੇ ਗਏ ਹਨ। ਬੀਬੀਐੱਮਬੀ ਦੇ ਚੇਅਰਮੈਨ ਗੁਪਤ ਤਰੀਕੇ ਨਾਲ ਨੰਗਲ ਡੈਮ ਲਈ ਰਵਾਨਾ ਹੋਏ ਸਨ ਅਤੇ ਉਨ੍ਹਾਂ ਨੇ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਜਦੋਂ ਚੇਅਰਮੈਨ ਨੰਗਲ ਡੈਮ ’ਤੇ ਪੁੱਜੇ ਤਾਂ ਮੌਕੇ ’ਤੇ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਹਾਈਕੋਰਟ ਨੇ ਪੰਜਾਬ ਪੁਲੀਸ ਨੂੰ ਡੈਮ ਦੇ ਸੰਚਾਲਨ ਅਤੇ ਰੈਗੂਲੇਸ਼ਨ ’ਚ ਦਖ਼ਲ ਦੇਣ ਤੋਂ ਰੋਕਿਆ ਹੈ, ਪਰ ਅਦਾਲਤ ਨੇ ਡੈਮ ਦੀ ਸੁਰੱਖਿਆ ਲਈ ਪੰਜਾਬ ਪੁਲੀਸ ’ਤੇ ਕੋਈ ਰੋਕ ਨਹੀਂ ਲਗਾਈ। ਬੀਬੀਐਮਬੀ ਦੇ ਚੇਅਰਮੈਨ ਤਿ੍ਰਪਾਠੀ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਹਰਿਆਣਾ ਨੂੰ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਦੇ ਮਕਸਦ ਨਾਲ ਡੈਮ ’ਤੇ ਪਹੁੰਚੇ ਸਨ। ਜਦੋਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਿਆ ਤਾਂ ਉਹ ਨੰਗਲ ਡੈਮ ਲਈ ਰਵਾਨਾ ਹੋ ਗਏ।

ਮੋਦੀ ਸਰਕਾਰ ਨੇ ਸਾਬਕਾ ਰਾਅ ਚੀਫ਼ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਚੇਅਰਮੈਨ ਕੀਤਾ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਗਾਮ ਹਮਲੇ ਤੋਂ 8 ਦਿਨ ਬਾਅਦ ਪਾਕਿਸਤਾਨੀ ਫੌਜ ਨੇ ਕੌਮੀ ਸਰਹੱਦ ’ਤੇ ਕਈ ਚੌਕੀਆਂ ਖਾਲੀ ਕਰ ਦਿੱਤੀਆਂ ਹਨ ਅਤੇ ਪਾਕਿ ਫੌਜ ਨੇ ਇਨ੍ਹਾਂ ਚੌਕੀਆਂ ਤੋਂ ਪਾਕਿਸਤਾਨੀ ਝੰਡੇ ਵੀ ਹਟਾ ਦਿੱਤੇ ਹਨ। ਇਸ ਦੇ ਨਾਲ ਹੀ ਕਠੂਆ ਦੇ ਪਰਗਵਾਲ ਇਲਾਕੇ ’ਚ ਵੀ ਇਕ ਪੋਸਟ ਨੂੰ ਪਾਕਿ ਫੌਜ ਨੇ ਖਾਲੀ ਕਰ ਦਿੱਤੀ ਹੈ। ਉਧਰ ਐਲਓਸੀ ’ਤੇ ਪਾਕਿਸਤਾਨੀ ਫੌਜ ਵੱਲੋਂ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿ ਫੌਜ ਵੱਲੋਂ ਕੌਮੀ ਸਰਹੱਦ ’ਤੇ ਵੀ ਸੀਜਫਾਇਰ ਨੂੰ ਤੋੜਿਆ ਗਿਆ, ਜਿਸ ਦਾ ਭਾਰਤੀ ਫੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ। ਉਧਰ ਭਾਰਤ ਦੀ ਕੇਂਦਰ ਸਰਕਾਰ ਨੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਨਵੇਂ ਸਿਰੇ ਤੋਂ ਗਠਨ ਕਰ ਦਿੱਤਾ ਹੈ।  ਰਾਅ ਦੇ ਸਾਬਕਾ ਚੀਫ਼ ਆਲੋਕ ਜੋਸ਼ੀ ਨੂੰ ਇਸ ਦਾ ਚੇਅਰਮੈਨ ਲਗਾਇਆ ਗਿਆ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਅੱਜ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ਵੀ ਹੋਈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.