Sunday, 14 June 2026

ਕਿਹਾ : ਖਤਰਨਾਕ ਲੋਕਾਂ ਤੋਂ ਦੇਸ਼ ਨੂੰ ਬਚਾਉਣ ਲਈ ਚੁੱਕਿਆ ਹੈ ਕਦਮ

ਵਾਸ਼ਿੰਗਟਨ/ਡੀਸੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਵਿਅਕਤੀਆਂ ’ਤੇ ਅਮਰੀਕਾ ’ਚ ਆਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਅਮਰੀਕਾ ਅਤੇ ਅਮਰੀਕੀ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੁੱਕਿਆ ਗਿਆ ਹੈ। ਇਹ ਪਾਬੰਦੀ ਸੁਡਾਨ, ਇਰੀਟਿ੍ਰਰੀਆ, ਲੀਬੀਆ, ਚਾੜ, ਅਫਗਾਨਿਸਤਾਨ, ਇਰਾਨ, ਯਮਨ, ਸੋਮਾਲੀਆ, ਇਕਵੇਟੋਰੀਅਲ ਗਿਨੀ, ਹੈਤੀ, ਕਾਂਗੋ ਅਤੇ ਮਿਆਂਮਾਰ ’ਤੇ 9 ਜੂਨ ਤੋਂ ਲਾਗੂ ਹੋ ਜਾਵੇਗੀ। ਪੂਰੀ ਤਰ੍ਹਾਂ ਪਾਬੰਦੀ ਦਾ ਮਤਲਬ ਹੈ ਕਿ ਇਨ੍ਹਾਂ ਦੇਸ਼ਾਂ ਦੇ ਜ਼ਿਆਦਾਤਰ ਨਾਗਰਿਕਾਂ ’ਤੇ ਅਮਰੀਕਾ ’ਚ ਦਾਖਲ ਹੋਣ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਜਦਕਿ 7 ਦੇਸ਼ਾਂ ਕਿਊਬਾ,ਵੈਨਜੁਏਲਾ, ਸੀਏਰਾ ਲਿਓਨ, ਟਾਗੋ, ਲਾਓਸ, ਬਾਰੂੰਡੀ ਅਤੇ ਤੁਰਕੇਮਿਸਤਾਨ ’ਤੇ ਅੰਸ਼ਕ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਸੱਤ ਦੇਸ਼ਾਂ ਦੇ ਨਾਗਰਿਕਾਂ ਦੇ ਕੁੱਝ ਖਾਸ ਤਰ੍ਹਾਂ ਦੇ ਵੀਜ਼ਿਆਂ ਜਾਂ ਐਂਟਰੀ ’ਤੇ ਰੋਕ ਲਗਾਈ ਗਈ ਹੈ ਬਾਕੀ ਵਿਅਕਤੀਆਂ ’ਤੇ ਨਹੀਂ।

  

ਕਿਹਾ : ਮੁਸਲਿਮ ਵੋਟਰਾਂ ਨੂੰ ਖੁਸ਼ ਕਰਨ ਲਈ ‘ਅਪਰੇਸ਼ਨ ਸਿੰਧੂਰ’ ਦਾ ਵਿਰੋਧ ਕਰ ਰਹੀ ਹੈ ਮਮਤਾ

ਕੋਲਕਾਤਾ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਸਿਆਸੀ ਤੰਜ ਕਸਿਆ ਹੈ। ਉਨ੍ਹਾਂ ਆਖਿਆ ਕਿ ਮਮਤਾ ਬੈਨਰਜੀ ਮੁਸਲਿਮ ਵੋਟਰਾਂ ਨੂੰ ਖੁਸ਼ ਕਰਨ ਲਈ ਅਪਰੇਸ਼ਨ ਸਿੰਧੂਰ ਤੇ ਵਕਫ਼ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਹਾਲ ਹੀ ’ਚ ਮੁਰਸ਼ਿਦਾਬਾਦ ’ਚ ਦੰਗੇ ਕਥਿਤ ਸਰਕਾਰ ਦੀ ਸ਼ਹਿ ’ਤੇ ਹੋਏ ਸਨ। ਸ਼ਾਹ ਨੇ ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਗਲੇ ਸਾਲ ਪੱਛਮੀ ਬੰਗਾਲ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਤਿ੍ਰਣਮੂਲ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਰੂਪ ’ਚ ਮਮਤਾ ਬੈਨਰਜੀ ਦਾ ਕਾਰਜਕਾਲ ਅਗਲੇ ਸਾਲ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਦਾ ਵਿਰੋਧ ਕਰ ਕੇ ਮਮਤਾ ਬੈਨਰਜੀ ਦੇਸ਼ ਦੀਆਂ ਮਾਵਾਂ ਤੇ ਭੈਣਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਬੰਗਾਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਪਰੇਸ਼ਨ ਸਿੰਧੂਰ ਦਾ ਵਿਰੋਧ ਕਰਨ ਵਾਲਿਆਂ ਨੂੰ ਸਿੰਧੂਰ ਦੀ ਕੀਮਤ ਸਮਝਾਉਣ। ਜਾਣਕਾਰੀ ਅਨੁਸਾਰ ਮਮਤਾ ਬੈਨਰਜੀ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ’ਤੇ ਅਪਰੇਸ਼ਨ ਸਿੰਧੂਰ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ। 

ਖੇਤੀ ਸੰਕਲਪ ਮੁਹਿੰਮ ਤਹਿਤ ਕਿਸਾਨਾਂ ਨਾਲ ਕੀਤੀ ਸਿੱਧੀ ਗੱਲਬਾਤ

ਪਟਿਆਲਾ/ਬਿਊਰੋ ਨਿਊਜ਼ : ਕੇਂਦਰੀ ਖੇਤੀਬਾੜੀ, ਕਿਸਾਨ ਕਲਿਆਣ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਵੀਰਵਾਰ ਨੂੰ ਆਪਣੇ ਇਕ ਦਿਨਾ ਦੌਰੇ ਲਈ ਪੰਜਾਬ ਪਹੁੰਚੇ। ਉਨ੍ਹਾਂ ਦੇ ਇਸ ਦੌਰੇ ਦਾ ਮੁੱਖ ਉਦੇਸ਼ ਪੰਜਾਬ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਾ, ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨੂੰ ਉਤਸ਼ਾਹਤ ਕਰਨਾ ਅਤੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਸ਼ਿਵਰਾਜ ਸਿੰਘ ਚੌਹਾਨ ਸਭ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਗੰਡਿਆਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਪਟਿਆਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਇਕ ਬੂਟਾ ਲਗਾਇਆ। ਇਸ ਮੌਕੇ ਚੌਹਾਨ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਹੈ ਅਤੇ ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਕੇ ਕਾਫ਼ੀ ਪਾਣੀ ਬਚਾਅ ਸਕਦੇ ਹਨ। ਖੇਤੀਬਾੜੀ ਮੰਤਰੀ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ।

 

ਬਠਿੰਡਾ/ਬਿਊਰੋ ਨਿਊਜ਼ : ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ (ਹਾਊਸ ਅਰੈਸਟ) ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡੱਲੇਵਾਲ ਵੱਲੋਂ ਐਤਵਾਰ ਨੂੰ ਦੁਪਹਿਰ ਵਕਤ ਬਠਿੰਡਾ ’ਚ ਪ੍ਰੈੱਸ ਕਾਨਫਰੰਸ ਕੀਤੀ ਜਾਣੀ ਸੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੂਸਾਰ  ਉਨ੍ਹਾਂ ਇਸ ਮੌਕੇ ਕੋਈ ਅਹਿਮ ਐਲਾਨ ਕਰਨਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਘਸੋਖਾਨਾ ਰਾਹੀਂ ਸੀਵਰੇਜ ਪਾਈਪ ਵਿਛਾਉਣ ਦੇ ਮੁੱਦੇ ’ਤੇ ਡੱਲੇਵਾਲ ਦੀ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਸਾਥੀ ਇਸ ਮਾਮਲੇ ਨੂੰ ਲੈ ਕੇ 27 ਮਈ ਤੋਂ ਮਰਨ ਵਰਤ ’ਤੇ ਚੱਲ ਰਹੇ ਹਨ।

ਸੂਰਤ ਦੇ ਕਾਰੋਬਾਰੀ ਨੇ ‘ਰਾਮ ਦਰਬਾਰ’ ਲਈ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣੇ ਕੀਤੇ ਦਾਨ

ਅਯੁੱਧਿਆ/ਬਿਊਰੋ ਨਿਊਜ਼ : ਅਯੁੱਧਿਆ ਸਥਿਤ ਰਾਮ ਮੰਦਿਰ ’ਚ ‘ਰਾਮ ਦਰਬਾਰ’ ਦੀ ਪ੍ਰਾਣ ਪ੍ਰਤਿਸ਼ਠਾ ਅੱਜ ਵੀਰਵਾਰ ਨੂੰ ਹੋ ਗਈ ਹੈ। ਇਸ ਮੌਕੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੱਲੋਂ ਰਾਮ ਦਰਬਾਰ ਦੀ ਪੂਜਾ ਕੀਤੀ ਗਈ। ਰਾਮਲੱਲਾ ਦੇ ਗਰਭਗ੍ਰਹਿ ਦੇ ਉਪਰ ਯਾਨੀ ਫਰਸਟ ਫਲੋਰ ’ਚ ਰਾਮ ਦਰਬਾਰ ਬਣਾਇਆ ਗਿਆ ਹੈ। ਇਸ ’ਚ ਸ੍ਰੀ ਰਾਮ, ਮਾਂ ਸੀਤਾ ਸਮੇਤ ਤਿੰਨੋਂ ਭਰਾਵਾਂ ਲਕਸ਼ਮਣ, ਭਰਤ ਅਤੇ ਸ਼ਰਤੂਘਨ ਦੇ ਨਾਲ-ਨਾਲ ਹਨੂੰਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ। ਨਵੇਂ ਬਣੇ ਰਾਮ ਦਰਬਾਰ ਦੇ ਲਈ ਸੂਰਤ ਦੇ ਕਾਰੋਬਾਰੀ ਮੁਕੇਸ਼ ਪਟੇਲ ਨੇ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣੇ ਭੇਂਟ ਕੀਤੇ ਗਏ। ਜਿਨ੍ਹਾਂ ’ਚ ਇਕ ਹਜ਼ਾਰ ਕੈਰੇਟ ਦਾ ਹੀਰਾ, 30 ਕਿਲੋ ਚਾਂਦੀ, 300 ਗ੍ਰਾਮ ਸੋਨਾ, 300 ਕੈਰੇਟ ਰੂਬੀ ਨਾਲ 11 ਮੁਕਟ, ਗਲੇ ਦਾ ਹਾਰ, ਕੰਨਾਂ ਦੇ ਕੁੰਡਲ, ਮੱਥੇ ਦਾ ਤਿਲਕ ਅਤੇ ਚਾਰੋ ਭਰਾਵਾਂ ਲਈ ਧਨੁਸ਼ ਅਤੇ ਬਾਣ ਬਣਾਏ ਗਏ ਹਨ। ਧਿਆਨ ਰਹੇ ਕਿ 22 ਜਨਵਰੀ 2024 ਨੂੰ ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ।

 

ਲੁਧਿਆਣਾ ਜ਼ਿਮਨੀ ਚੋਣ ਲਈ 19 ਜੂਨ ਨੂੰ ਪੈਣੀਆਂ ਹਨ ਵੋਟਾਂ

ਲੁਧਿਆਣਾ/ਬਿਊਰੋ ਨਿਊਜ਼ : ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ ਤੋਂ ਮਹਿਜ਼ ਇੱਕ ਦਿਨ ਪਹਿਲਾਂ ਸ਼ਨਿੱਚਰਵਾਰ ਨੂੰ ਆਖ਼ਰਕਾਰ ਭਾਜਪਾ ਨੇ ਵੀ ਲੁਧਿਆਣਾ ਪੱਛਮੀ ਦੀ ਜਮਿਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਨੇ ਇਸ ਵਾਰ ਹਿੰਦੂ ਆਗੂ ’ਤੇ ਦਾਅ ਖੇਡਦਿਆਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੀਵਨ ਗੁਪਤਾ ਇਕ ਵੱਡਾ ਹਿੰਦੂ ਚਿਹਰਾ ਹਨ ਤੇ ਇਸ ਵੇਲੇ ਪੰਜਾਬ ਭਾਜਪਾ ਵਿੱਚ ਜਨਰਲ ਸਕੱਤਰ ਹਨ। ਜੀਵਨ ਗੁਪਤਾ ਦੀ ਭਾਜਪਾ ਦੇ ਸੰਗਠਨ ਵਿੱਚ ਚੰਗੀ ਪੈਠ ਹੈ। ਨਾਲ ਹੀ ਵਰਕਰਾਂ ਦੇ ਨਾਲ ਜੁੜੇ ਹੋਣ ਦਾ ਵੀ ਜੀਵਨ ਗੁਪਤਾ ਨੂੰ ਇਸ ਹਲਕੇ ਵਿੱਚ ਫ਼ਾਇਦਾ ਮਿਲ ਸਕਦਾ ਹੈ।

 

ਅਕਾਲੀ ਵਿਧਾਇਕ ਦੀ ‘ਆਪ’ ਦੇ ਉਪ ਪ੍ਰਧਾਨ ਵਜੋਂ ਨਿਯੁਕਤੀ ਦਾ ਮਾਮਲਾ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਆਮ ਆਦਮੀ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਪੰਜਾਬ ਵਿਧਾਨ ਸਭਾ ਨੇ ਵਿਧਾਇਕ ਨੂੰ 29 ਜੁਲਾਈ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਐਡਵੋਕੇਟ ਐੱਚਸੀ ਅਰੋੜਾ ਵੱਲੋਂ ਦਾਇਰ ਪਟੀਸ਼ਨ ’ਤੇ ਵਿਧਾਇਕ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ। ਅਰੋੜਾ ਨੇ ਪਟੀਸ਼ਨ ਵਿਚ ਡਾ. ਸੁੱਖੀ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ। ਡਾ. ਸੁੱਖੀ ਪਹਿਲੀ ਵਾਰ 2017 ਵਿੱਚ ਬੰਗਾ ਤੋਂ ਵਿਧਾਇਕ ਚੁਣੇ ਗਏ ਸਨ ਅਤੇ 2022 ਵਿੱਚ ਮੁੜ ਚੁਣੇ ਗਏ। ਹਾਲਾਂਕਿ, ਉਹ ਪਿਛਲੇ ਸਾਲ ਅਗਸਤ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਬਣਾਇਆ ਗਿਆ ਅਤੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ। ਲੰਘੇ ਦਿਨ ‘ਆਪ’ ਦੇ ਉਪ ਪ੍ਰਧਾਨ ਵਜੋਂ ਉਨ੍ਹਾਂ ਦੀ ਨਿਯੁਕਤੀ ਨੇ ਸਿਆਸੀ ਹਲਚਲ ਮਚਾ ਦਿੱਤੀ ਸੀ, ਕਿਉਂਕਿ ਉਹ ਅਜੇ ਵੀ ਅਕਾਲੀ ਦਲ ਦੇ ਵਿਧਾਇਕ ਹਨ। ਡਾ. ਸੁੱਖੀ ਵਿਰੁੱਧ ਪਟੀਸ਼ਨ ਦੀ ਸਥਿਤੀ ਬਾਰੇ ਪੁੱਛੇ ਜਾਣ ’ਤੇ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਿਉਂਕਿ ਡਾ. ਸੁੱਖੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਨੂੰ 29 ਜੁਲਾਈ ਨੂੰ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ। 

ਕਿਹਾ :ਵਿਰੋਧੀ ਧਿਰਾਂ ਪੰਜਾਬ ’ਚ ਬੋਲੀ ਅਤੇ ਪਾਣੀਆਂ ਦੇ ਮੁੱਦੇ ’ਤੇ ਪਾਉਣਾ ਚਾਹੁੰਦੇ ਹਨ ਵੰਡ

ਲਾਲੜੂ /ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਦੀ ਮੀਟਿੰਗ ਦੌਰਾਨ ਕਰੀਬ ਡੇਢ ਦਹਾਕੇ ਬਾਅਦ ਹਲਕੇ ਵਿੱਚ ਪੰਥਕ ਰੰਗ ਦੇਖਣ ਨੂੰ ਮਿਲਿਆ। ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਸਿਆਸੀ ਗੋਦ ਦਾ ਨਿੱਘ ਮਾਨਣ ਵਾਲੇ ਹਲਕੇ ਨੇ ਆਪਣੀ ਪੰਥਕ ਸੋਚ ਨੂੰ ਉਭਾਰਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਤਾਜ਼ਾ ਸਿਆਸੀ ਹਾਲਤ ’ਤੇ ਚਿੰਤਾ ਜਤਾਈ, ਉਨ੍ਹਾਂ ਪੁਲੀਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਸਾਜਿਸ਼ ਚੱਲ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਨਾਂ ਬਦਲਣ ਦੀ ਮੰਗ ਕਰਨ ਵਾਲੀ ਚਿੱਠੀ ਨੂੰ ਇੱਕ ਵੱਡੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਬੋਲੀ, ਰਾਜਧਾਨੀ, ਪਾਣੀ ਤੇ ਕਿਸਾਨੀ ਮੁੱਦਿਆਂ ਨੂੰ ਸਿੱਖ ਮੁੱਦਿਆਂ ਵਜੋਂ ਪੇਸ਼ ਕਰਕੇ ਪੰਜਾਬ ਦੇ ਹਿੰਦੂ ਅਤੇ ਸਿੱਖਾਂ ਵਿੱਚ ਵੰਡੀ ਪਾਉਣ ਦੀਆਂ ਚਾਲਾਂ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਸਾਰਿਆਂ ਨੂੰ ਇੱਕ ਪਲੇਟਫਾਰਮ ’ਤੇ ਆਉਣ ਦੀ ਲੋੜ ਹੈ। 

 

ਅਸਥੀਆਂ ਚੁਗਣ ਮੌਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਰਹੇ ਮੌਜੂਦ

ਸੰਗਰੂਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀਆਂ ਅਸਥੀਆਂ ਚੁਗਣ ਅਤੇ ਅੰਗੀਠਾ ਸਾਂਭਣ ਦੀ ਰਸਮ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਖੇ ਹੋਈ। ਇਸ ਮੌਕੇ ਮਰਹੂਮ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਸਮੁੱਚੇ ਪਰਿਵਾਰ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵੱਡੀ ਤਾਦਾਦ ’ਚ ਲੋਕ ਸ਼ਾਮਲ ਸਨ। ਢੀਂਡਸਾ ਪਰਿਵਾਰ ਅੰਗੀਠਾ ਸਾਂਭੜ ਮਗਰੋਂ ਅਸਥੀਆਂ ਜਲਪ੍ਰਵਾਹ ਕਰਨ ਲਈ ਸ੍ਰੀ ਕੀਰਤਪੁਰ ਸਾਹਿਬ ਰਵਾਨਾ ਹੋ ਗਿਆ। ਇਸ ਦੌਰਾਨ ਮਾਹੌਲ ਉਸ ਸਮੇਂ ਬੇਹੱਦ ਭਾਵੁਕ ਹੋ ਗਿਆ ਜਦੋਂ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਅੰਗੀਠੇ ਨੂੰ ਨਤਮਸਤਕ ਹੁੰਦਿਆਂ ਫੁੱਟ-ਫੁੱਟ ਰੋਏ। ਮਰਹੂਮ ਢੀਂਡਸਾ ਦੀਆਂ ਅਸਥੀਆਂ ਉਨ੍ਹਾਂ ਦੇ ਪੋਤਰੇ ਚਿਰਾਗਵੀਰ ਸਿੰਘ ਢੀਂਡਸਾ ਨੇ ਸੰਭਾਲੀਆਂ ਹੋਈਆਂ ਸਨ। ਇਸ ਮੌਕੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਉੱਘੇ ਵਕੀਲ ਐਚ.ਐਸ.ਫੁਲਕਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਆਗੂ ਚਰਨਜੀਤ ਸਿੰਘ ਬਰਾੜ, ਮਰਹੂਮ ਢੀਂਡਸਾ ਦੇ ਨਿੱਜੀ ਸਹਾਇਕ ਜਸਵਿੰਦਰ ਸਿੰਘ ਖਾਲਸਾ, ਸਾਬਕਾ ਸੰਸਦੀ ਸਕੱਤਰ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਬਲਵੀਰ ਸਿੰਘ ਘੁਨਸ, ਸਾਬਕਾ ਵਿਧਾਇਕ ਨੁਸਰਤ ਅਲੀ ਬੱਗੇ ਖਾਂ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਐੱਸਜੀਪੀਸੀ ਮੈਂਬਰ ਜਸਵੰਤ ਸਿੰਘ ਪੁਡੈਣ, ਤੇਜਾ ਸਿੰਘ ਕਮਾਲਪੁਰ, ਮਲਕੀਤ ਸਿੰਘ ਚੰਗਾਲ, ਤੇਜਾ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਭਲਵਾਨ, ਰਾਮਪਾਲ ਸਿੰਘ ਬਹਿਣੀਵਾਲ, ਵਰਿੰਦਰਪਾਲ ਸਿੰਘ ਟੀਟੂ, ਗੁਰਮੀਤ ਸਿੰਘ ਜੌਹਲ, ਹਰਪ੍ਰੀਤ ਸਿੰਘ ਢੀਂਡਸਾ ਤੋਂ ਇਲਾਵਾ ਢੀਂਡਸਾ ਪਰਿਵਾਰ ’ਚੋਂ ਉਨ੍ਹਾਂ ਦੀ ਧਰਮਪਤਨੀ ਬੀਬੀ ਹਰਜੀਤ ਕੌਰ ਢੀਂਡਸਾ, ਨੂੰਹ ਗਗਨਦੀਪ ਕੌਰ ਢੀਂਡਸਾ, ਦੋਵੇਂ ਧੀਆਂ ਰਣਦੀਪ ਕੌਰ ਤੇ ਮਨਦੀਪ ਕੌਰ, ਪੋਤਰੀ ਅਮਾਨਤ ਕੌਰ ਅਤੇ ਅਮਨਬੀਰ ਸਿੰਘ ਚੈਰੀ ਮੌਜੂਦ ਸਨ।   

 

ਸਿੰਗਾਪੁਰ/ਬਿਊਰੋ ਨਿਊਜ਼ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ਦੌਰਾਨ ਜਹਾਜ਼ਾਂ ਦੇ ਨੁਕਸਾਨੇ ਜਾਣ ਦੀ ਗੱਲ ਸਵੀਕਾਰੀ ਹੈ ਪਰ ਉਨ੍ਹਾਂ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਦੱਸਿਆ। ਅਨਿਲ ਚੌਹਾਨ ਨੇ ਕਿਹਾ ਕਿ ਇਹ ਪਤਾ ਲਗਾਉਣਾ ਵੱਧ ਮਹੱਤਵਪੂਰਨ ਹੈ ਕਿ ਜਹਾਜ਼ ਦਾ ਨੁਕਸਾਨ ਕਿਉਂ ਹੋਇਆ ਤਾਂ ਕਿ ਭਾਰਤੀ ਸੈਨਾ ਰਣਨੀਤੀ ਵਿੱਚ ਸੁਧਾਰ ਕਰ ਸਕੇ ਅਤੇ ਫਿਰ ਤੋਂ ਜਵਾਬੀ ਕਾਰਵਾਈ ਕਰ ਸਕੇ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੜਾਕੂ ਜਹਾਜ਼ ਡਿੱਗਣਾ ਮਹੱਤਵਪੂਰਨ ਗੱਲ ਨਹੀਂ ਹੈ, ਬਲਕਿ ਮਹੱਤਵਪੂਰਨ ਹੈ ਕਿ ਉਹ ਕਿਉਂ ਡਿੱਗੇ।’’ ਜਨਰਲ ਚੌਹਾਨ ਤੋਂ ਪੁੱਛਿਆ ਗਿਆ ਕਿ ਕੀ ਇਸ ਮਹੀਨੇ ਪਾਕਿਸਤਾਨ ਨਾਲ ਚਾਰ ਦਿਨਾਂ ਤੱਕ ਫ਼ੌਜੀ ਟਕਰਾਅ ਦੌਰਾਨ ਭਾਰਤ ਦੇ ਲੜਾਕੂ ਜਹਾਜ਼ ਤਬਾਹ ਹੋ ਗਏ ਸਨ। ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਰਣਨੀਤਕ ਗਲਤੀਆਂ ਨੂੰ ਸਮਝ ਸਕੇ, ਉਨ੍ਹਾਂ ਨੂੰ ਸੁਧਾਰਿਆ ਅਤੇ ਦੋ ਦਿਨ ਮਗਰੋਂ ਮੁੜ ਤੋਂ ਲਾਗੂ ਕੀਤਾ। ਅਸੀਂ ਆਪਣੇ ਸਾਰੇ ਲੜਾਕੂ ਜਹਾਜ਼ਾਂ ਨੂੰ ਫਿਰ ਤੋਂ ਲੰਬੀ ਦੂਰੀ ’ਤੇ ਨਿਸ਼ਾਨਾ ਬੰਨ੍ਹ ਕੇ ਉਡਾਇਆ।’’

 

ਐਡਵੋਕੇਟ ਧਾਮੀ ਵੱਲੋਂ ਸ਼ਹੀਦੀ ਸਮਾਗਮ ਸ਼ਾਂਤੀ ਨਾਲ ਮਨਾਉਣ ਦੀ ਅਪੀਲ

ਅੰਮਿ੍ਰਤਸਰ/ਬਿਊਰੋ ਨਿਊਜ਼ : ਜੂਨ 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ’ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਇਸ ਮਗਰੋਂ ਪੈਦਾ ਹੋਈ ਸੰਕਟ ਦੀ ਸਥਿਤੀ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਭਲਕੇ 2 ਜੂਨ ਨੂੰ ਉਨ੍ਹਾਂ ਨਾਲ ਮੁਲਾਕਾਤ ਕਰੇਗਾ। ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਘੱਲੂਘਾਰਾ ਦਿਵਸ ਸ਼ਾਂਤਮਈ ਢੰਗ ਨਾਲ ਮਨਾਇਆ ਜਾਵੇ ਅਤੇ ਇਸੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਭਲਕੇ 2 ਜੂਨ ਨੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਮਿਲੇਗਾ। ਇਹ ਵਫ਼ਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਬਾਬਾ ਹਰਨਾਮ ਸਿੰਘ ਨਾਲ ਮੁਲਾਕਾਤ ਕਰੇਗਾ। 

ਦਮਦਮੀ ਟਕਸਾਲ ਨੇ ਜਥੇਦਾਰ ਗੜਗੱਜ ਨੂੰ ਕੌਮ ਦੇ ਨਾਂ ਸੰਦੇਸ ਜਾਰੀ ਕਰਨ ਤੋਂ ਰੋਕਣ ਦਾ ਕੀਤਾ ਐਲਾਨ

ਅੰਮਿ੍ਰਤਸਰ/ਬਿਊਰੋ ਨਿਊਜ਼ : ਘੱਲੂਘਾਰਾ ਦਿਵਸ ਮੌਕੇ 6 ਜੂਨ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਵਿਚਾਲੇ ਟਕਰਾਅ ਦੀ ਸੰਭਾਵਨਾ ਬਣ ਸਕਦੀ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾੜਨਾ ਕੀਤੀ ਹੈ ਕਿ ਜੇਕਰ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਨਾਂ ਸੰਦੇਸ ਜਾਰੀ ਕੀਤਾ ਅਤੇ ਸਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਯਤਨ ਕੀਤਾ ਤਾਂ ਇਸ ਕਾਰਵਾਈ ਨੂੰ ਹਰਗਿਜ ਬਰਦਾਸਤ ਨਹੀਂ ਕੀਤਾ ਜਾਵੇਗਾ। ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਸਥਿਤ ਗੁਰਦੁਆਰਾ ਗੁਰਦਰਸਨ ਪ੍ਰਕਾਸ ਵਿਖੇ ਅੱਜ ਬਾਅਦ ਦੁਪਹਿਰ ਕੀਤੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਸਿੱਖ ਕੌਮ ਦੇ ਪ੍ਰਵਾਨਿਤ ਜਥੇਦਾਰ ਨਹੀਂ ਹਨ। ਉਨ੍ਹਾਂ ਨੂੰ ਸਮੂਹ ਸਿੱਖ ਕੌਮ ਵੱਲੋਂ ਮਾਨਤਾ ਨਹੀਂ ਮਿਲੀ ਹੈ, ਉਂਝ ਵੀ ਤਖਤ ਸ੍ਰੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਵੱਲੋਂ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਅਤੇ ਕਿਸੇ ਤਨਖਾਹੀਆ ਕਰਾਰ ਦਿੱਤੇ ਵਿਅਕਤੀ ਨੂੰ ਪੰਥ ਨੂੰ ਸੰਦੇਸ ਦੇਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਦਮਦਮੀ ਟਕਸਾਲ ਸਮੇਤ ਸੰਤ ਸਮਾਜ, ਸਿੰਘ ਸੰਪਰਦਾਵਾਂ, ਸਿੱਖ ਫੈਡਰੇਸਨਾਂ, ਨਿਹੰਗ ਜਥੇਬੰਦੀਆਂ ਤੇ ਹੋਰਨਾਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਟਕਰਾਅ ਵਾਲੀ ਸਥਿਤੀ ਪੈਦਾ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਵੇਗੀ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.