Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼ : ਆਲਮੀ ਮੰਚਾਂ ’ਤੇ ਭਾਰਤ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਤੇ ਪਾਕਿਸਤਾਨ ਵੱਲੋਂ ਅਤਿਵਾਦ ਦੀ ਪੁਸ਼ਤ ਪਨਾਹੀ ਤੋਂ ਪਰਦਾ ਚੁੱਕਣ ਦੇ ਇਰਾਦੇ ਨਾਲ ਅਗਲੇ ਹਫ਼ਤੇ ਤੋਂ ਵੱਖ ਵੱਖ ਮੁਲਕਾਂ ਲਈ ਸਰਬ ਪਾਰਟੀ ਵਫ਼ਦ ਭੇਜਣ ਦੇ ਸਰਕਾਰ ਦੇ ਫੈਸਲੇ ਮਗਰੋਂ ਸੰਸਦ ਮੈਂਬਰਾਂ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਵੱਲੋਂ ਭੇਜੀ ਗਈ ਸੂਚੀ ਵਿਚ ਨਾਮ ਨਾ ਹੋਣ ਦੇ ਬਾਵਜੂਦ ਸ਼ਸ਼ੀ ਥਰੂਰ ਨੇ ਸਰਕਾਰ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਤੇ ਸੱਤ ਵਫ਼ਦਾਂ ਵਿਚੋਂ ਇਕ ਦੀ ਅਗਵਾਈ ਕਰਨ ਲਈ ਤਿਆਰ ਹੋ ਗਏ ਹਨ। ਉਧਰ ਐੱਨਸੀਪੀ ਦੀ ਸੰਸਦ ਮੈਂਬਰ ਸੁਪਿ੍ਰਆ ਸੂਲੇ ਨੇ ਵੀ ਸੱਦਾ ਪ੍ਰਵਾਨ ਕਰ ਲਿਆ ਹੈ। ਰਿਜਿਜੂ ਨੇ ਦੱਸਿਆ ਕਿ   ਅਤੇ ਪਾਕਿਸਤਾਨ ਦੀ ਪੁਸ਼ਤ ਪਨਾਹੀ ਵਾਲੇ ਅਤਿਵਾਦ ਬਾਰੇ ਭਾਰਤ ਦੇ ਰੁਖ਼ ਨੂੰ ਸਮਝਾਉਣ ਲਈ ਸੱਤ ਸਰਬ ਪਾਰਟੀ ਵਫ਼ਦ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਖਾਸ ਕਰਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮੈਂਬਰ ਮੁਲਕਾਂ ਵਿਚ ਭੇਜੇ ਜਾਣਗੇ। ਇਹ ਵਫ਼ਦ ਭਾਰਤ ਦੀ ਅਤਿਵਾਦ ਪ੍ਰਤੀ ਸਿਰਫ਼ ਟਾਲਰੈਂਸ ਨੀਤੀ ਤੇ ਕੌਮੀ ਇਕਜੁੱਟਤਾ ਨੂੰ ਆਲਮੀ ਪੱਧਰ ’ਤੇ ਦਰਸਾਉਣਗੇ।

 

ਕਿਹਾ : ਜੇ ਪਾਕਿਸਤਾਨ ਗੋਲੀ ਚਲਾਏਗਾ ਤਾਂ ਭਾਰਤ ਵੱਲੋਂ ਗੋਲਾ ਦਾਗਿਆ ਜਾਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਤੇ ਵਿਦੇਸ਼ ਮੰਤਰੀਆਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਬਲਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨ (ਡੀਜੀਐਮਓ) ਦਰਮਿਆਨ ਹੀ ਗੱਲਬਾਤ ਹੋਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ‘ਅਪਰੇਸ਼ਨ ਸਿੰਧੂਰ’ ਹਾਲੇ ਖਤਮ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਇਸ ਵੇਲੇ ਸਿਰਫ ਇਕ ਮਾਮਲਾ ਰਹਿੰਦਾ ਹੈ, ਉਹ ਹੈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਾਪਸੀ। ਜੇ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਸੌਂਪਣ ਦੀ ਗੱਲ ਕਰਦਾ ਹੈ ਤਾਂ ਭਾਰਤ ਗੱਲਬਾਤ ਲਈ ਤਿਆਰ ਹੈ। ਇਹ ਵੀ ਪਤਾ ਲੱਗਿਆ ਹੈ ਕਿ ਭਾਰਤ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਕਿਸੇ ਸਾਲਸੀ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਪਾਕਿਸਤਾਨ ਵਲੋਂ ਗੋਲੀ ਚਲਦੀ ਹੈ ਤਾਂ ਭਾਰਤ ਵਲੋਂ ਗੋਲਾ ਚੱਲੇਗਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨਾਲ ਸਿਰਫ਼ ਡੀਜੀਐਮਓ ਪੱਧਰ ’ਤੇ ਗੱਲਬਾਤ ਹੋਵੇਗੀ ਤੇ ਹੋਰ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਹੋਵੇਗੀ। ਪਾਕਿਸਤਾਨ ਵਲੋਂ ਭਾਰਤ ਖਲਿਾਫ ਦਹਿਸ਼ਤੀ ਕਾਰਵਾਈਆਂ ਜਾਰੀ ਰਹਿਣ ਤਕ ਸਿੰਧੂ ਜਲ ਸੰਧੀ ਰੱਦ ਰਹੇਗੀ। ਉਨ੍ਹਾਂ ਕਿਹਾ ਕਿ ਜੰਗਬੰਦੀ ਦੀ ਸ਼ੁਰੂਆਤ ਵੇਲੇ ਪਾਕਿਸਤਾਨੀ ਡੀਜੀਐਮਓ ਨੇ 10 ਮਈ ਨੂੰ ਭਾਰਤੀ ਡੀਜੀਐਮਓ ਕੋਲ ਪਹੁੰਚ ਕੀਤੀ ਸੀ। ਭਾਰਤ ਵਲੋਂ ਸੱਤ ਮਈ ਨੂੰ ਅਤਿਵਾਦੀ ਟਿਕਾਣਿਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ ਜੇ ਪਾਕਿਸਤਾਨ ਗੋਲੀਬਾਰੀ ਕਰਦਾ ਹੈ ਤਾਂ ਭਾਰਤ ਹੋਰ ਮਜ਼ਬੂਤੀ ਨਾਲ ਇਸ ਦਾ ਜਵਾਬ ਦੇਵੇਗਾ। ਪਾਕਿਸਤਾਨ ਵਲੋਂ ਸੱਤ ਮਈ ਤੋਂ ਬਾਅਦ ਕੀਤੀ ਜਾਣ ਵਾਲੀ ਹਰ ਕਾਰਵਾਈ ਦਾ ਭਾਰਤ ਨੇ ਸਖਤ ਤੇ ਹਮਲਾਵਰ ਰੁਖ਼ ਨਾਲ ਜਵਾਬ ਦਿੱਤਾ ਹੈ।       

ਐਡਵੋਕੇਟ ਧਾਮੀ ਬੋਲੇ : ਰਾਜੋਆਣਾ ਮਾਮਲੇ ’ਚ ਕੌਮੀ ਰਾਏ ਬਣਾਉਣੀ ਬੇਹੱਦ ਜ਼ਰੂਰੀ

ਅੰਮਿ੍ਰਤਸਰ/ਬਿਊਰੋ ਨਿਊਜ਼ : ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਪਟੀਸ਼ਨ ਦੇ ਮਾਮਲੇ ਵਿੱਚ ਸੀਨੀਅਰ ਵਕੀਲਾਂ ਅਤੇ ਸਾਬਕਾ ਜੱਜਾਂ ਦੀ ਰਾਇ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਬ ਆਫਿਸ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਪਟੀਸ਼ਨ ਸਬੰਧੀ ਲੰਬੀ ਵਿਚਾਰ ਚਰਚਾ ਹੋਈ। ਚਰਚਾ ਦੌਰਾਨ ਇਹ ਵਿਚਾਰ ਸਾਹਮਣੇ ਆਇਆ ਕਿ ਸਰਕਾਰ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ ਅਤੇ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ, ਸਗੋਂ ਦਿ੍ਰੜਤਾ ਨਾਲ ਅੱਗੇ ਵਧਣਾ ਚਾਹੀਦਾ ਹੈ। ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਸੰਜੀਦਾ ਮਾਮਲਾ ਹੈ, ਜਿਸ ਲਈ ਕੌਮੀ ਰਾਏ ਬਣਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਲੰਮੇ ਸਮੇਂ ਤੋਂ ਕਨੂੰਨੀ ਲੜਾਈ ਲੜ੍ਹ ਰਹੀ ਹੈ ਪਰ ਸਰਕਾਰਾਂ ਦੀ ਅੜੀ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਖਿਲਾਫ਼ ਭੁਗਤ ਰਹੀ ਹੈ। 

ਪਾਣੀ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਹੁੰਚੇ ਨੰਗਲ ਡੈਮ

ਨੰਗਲ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਬੀਬੀਐਮਬੀ ਹਰਿਆਣਾ ਨੂੰ ਪਾਣੀ ਛੱਡਣ ’ਚ ਨਾਕਾਮ ਰਿਹਾ ਹੈ। ਹਾਈਕੋਰਟ ਦੇ ਹੁਕਮਾਂ ’ਤੇ ਬੀਬੀਐਮਬੀ ਹਰਿਆਣਾ ਨੂੰ ਪਾਣੀ ਛੱਡਣ ਦੀ ਤਿਆਰੀ ਵਿੱਚ ਸੀ, ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ‘ਆਪ’ ਵਰਕਰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਮਾਮਲੇ ਨੂੰ ਲੈ ਕੇ ਇੱਕ ਹਫਤੇ ਤੋਂ ਨੰਗਲ ਡੈਮ ਗੇਟਾਂ ਦੇ ਲਗਾਤਾਰ ਧਰਨੇ ’ਤੇ ਹਨ। ਇਨ੍ਹਾਂ ਧਰਨਿਆਂ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕਰ ਰਹੇ ਹਨ। ਬੀਬੀਐਮਬੀ ਨੰਗਲ ਡੈਮ ਤੋਂ ਪਾਣੀ ਛੱਡਣ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ। ਮੁੱਖ ਮੰਤਰੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਨੰਗਲ ਡੈਮ ਪਹੁੰਚ ਗਏ, ਜਿੱਥੇ ਉਨ੍ਹਾਂ ਡੈਮ ਦੇ ਗੇਟਾਂ ਦਾ ਨਿਰੀਖਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਸਾਡਾ ਹੈ ਇਸ ਨੂੰ ਬਾਹਰ ਭੇਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਭਾਵੇਂ ਇਸ ਲਈ ਉਨ੍ਹਾਂ ਨੂੰ ਸਪਰੀਮ ਕੋਰਟ ਹੀ ਕਿਉਂ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਹ ਪਾਣੀ ਹੁਣ ਪੰਜਾਬ ਦੇ ਖੇਤਾਂ ਨੂੰ ਹੀ ਲੱਗੇਗਾ। ਮੁੱਖ ਮੰਤਰੀ ਨੇ ਉਨ੍ਹਾਂ ਕਿਸਾਨਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਹੁਣ ਪਾਣੀਆਂ ਦੇ ਰਾਖੇ ਕਿੱਥੇ ਹਨ ਜਿਹੜੇ ਏਸੀ ਟਰਾਲੀਆਂ ਵਿੱਚ ਜਾ ਕੇ ਧਰਨੇ ਲਾਉਂਦੇ ਸਨ। ਉਨ੍ਹਾਂ ਪਾਣੀਆਂ ਦੇ ਮੁੱਦੇ ’ਤੇ ਪੰਜਾਬੀਆਂ ਨੂੰ ਇੱਕ ਹੋਣ ਦਾ ਸੱਦਾ ਦਿੱਤਾ। 

ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਾਨ ਸਰਕਾਰ ਦੇਵੇਗੀ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਅੱਜ ਵੀਰਵਾਰ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋ ਗਈ ਹੈ। ਇਸ ਸਬੰਧੀ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ 5 ਲੱਖ ਏਕੜ ਰਕਬੇ ’ਚ ਝੋਨੇ ਸਿੱਧੀ ਬਿਜਾਈ ਕਰਨ ਦਾ ਸਰਕਾਰ ਵੱਲੋਂ ਟੀਚਾ ਮਿੱਥਿਆ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਰਥਿਕ ਮਦਦ ਵੀ ਦੇਵੇਗੀ। ਉਥੇ ਹੀ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਵੀ ਇਸ ਆਰਥਿਕ ਮਦਦ ਦਾ ਲਾਭ ਉਠਾ ਸਕਦੇ ਹਨ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15 ਤੋਂ 20 ਫੀਸਦੀ ਤੱਕ ਪਾਣੀ ਦੀ ਬਚਤ ਹੁੰਦੀ ਹੈ। ਜਦਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੀ ਲਵਾਈ ਦੇ ਮੁਕਾਬਲੇ ’ਚ ਵੀ ਪੈਸੇ ਦੀ ਬਚਤ ਹੁੰਦੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੇ ਘਟਨਾਕ੍ਰਮ ’ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਅਪੀਲ ਕੀਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘ਰਾਜ ਸਭਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂਆਂ ਨੇ 28 ਅਪ੍ਰੈਲ 2025 ਨੂੰ ਲਿਖੇ ਪੱਤਰਾਂ ਰਾਹੀਂ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਬੇਨਤੀ ਕੀਤੀ ਸੀ।’’ ਖੜਗੇ ਨੇ ਕਿਹਾ, ‘‘ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਸਹਿਮਤੀ ਨਾਲ ਤੁਹਾਨੂੰ ਪਹਿਲਾਂ ਹੀ ਮੁੜ ਪੱਤਰ ਲਿਖ ਕੇ ਪਹਿਲਗਾਮ ਦਹਿਸ਼ਤੀ ਹਮਲੇ, ਆਪ੍ਰੇਸ਼ਨ ਸਿੰਦੂਰ ਅਤੇ ਪਹਿਲਾਂ ਵਾਸ਼ਿੰਗਟਨ ਡੀਸੀ ਅਤੇ ਮਗਰੋਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਕੀਤੇ ਜੰਗਬੰਦੀ ਦੇ ਐਲਾਨਾਂ ’ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਬੇਨਤੀ ਕੀਤੀ ਹੈ।’’ ਖੜਗੇ ਨੇ ਕਿਹਾ, ‘‘ਰਾਜ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਮੈਂ ਉਪਰੋਕਤ ਬੇਨਤੀ ਦੀ ਹਮਾਇਤ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਸਹਿਮਤੀ ਦਿਓਗੇ।’’       

ਪਾਕਿ ਦੇ ਜਲ ਸਰੋਤ ਸਕੱਤਰ ਸਈਅਦ ਅਲੀ ਨੇ ਭਾਰਤੀ ਜਲ ਸਕੱਤਰ ਨੂੰ ਲਿਖਿਆ ਪੱਤਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਨੇ ਭਾਰਤ ਨੂੰ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਪਾਕਿਸਤਾਨ ਦੇ ਜਲ ਸਰੋਤ ਮੰਤਰਾਲੇ ਦੇ ਸਕੱਤਰ ਸਈਅਦ ਅਲੀ ਮੁਰਤਜ਼ਾ ਵਲੋਂ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਦੀ ਸਕੱਤਰ ਦੇਬਾਸ਼੍ਰੀ ਮੁਖਰਜੀ ਨੂੰ ਲਿਖੇ ਪੱਤਰ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ 1960 ਦੀ ਸੰਧੀ ਰਾਹੀਂ ਹੋਏ ਜਲ ਸਮਝੌਤੇ  ’ਤੇ ਦੇਸ਼ ਦੇ ਕਰੋੜਾਂ ਲੋਕ ਨਿਰਭਰ ਹਨ। ਭਾਰਤ ਨੇ ਫਿਲਹਾਲ ਇਸ ਪੱਤਰ ’ਤੇ ਰਸਮੀ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਤੋਂ ਇਕ ਦਿਨ ਬਾਅਦ ਭਾਵ 23 ਅਪ੍ਰੈਲ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੇ ਫੈਸਲੇ ਦੇ ਆਧਾਰ ’ਤੇ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਧਿਆਨ ਰਹੇ ਕਿ ਪਹਿਲਗਾਮ ਹਮਲੇ ਦੌਰਾਨ 26 ਨਿਰਦੋਸ਼ ਭਾਰਤੀ ਮਾਰੇ ਗਏ ਸਨ।

ਹਵਾਈ ਅੱਡੇ ’ਤੇ ਸੁਰੱਖਿਆ ਇੰਤਜ਼ਾਮ ਸਖ਼ਤ ਕੀਤੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਪਗ 100 ਉਡਾਣਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜਰ ਦੇਸ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਘੱਟੋ-ਘੱਟ 32 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਨੇ ਬੀਤੇ ਦਿਨੀਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਮਝੌਤਾ ਕੀਤਾ ਸੀ। ਦਿੱਲੀ ਦੇ ਹਵਾਈ ਅੱਡੇ ’ਤੇ ਸੁਰੱਖਿਆ ਇੰਤਜਾਮ ਸਖਤ ਕੀਤੇ ਗਏ ਹਨ। ਇੱਥੇ 52 ਜਾਣ ਵਾਲੀਆਂ ਅਤੇ 44 ਆਉਣ ਵਾਲੀਆਂ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵ ਇਕ ਕੌਮਾਂਤਰੀ ਉਡਾਣ ਵੀ ਰੱਦ ਕਰ ਦਿੱਤੀ ਗਈ ਹੈ। ਦਿੱਲੀ ਇੰਟਰਨੈਸਨਲ ਏਅਰਪੋਰਟ ਲਿਮਿਟੇਡ  ਨੇ  ’ਤੇ ਪੋਸਟ ਵਿੱਚ ਕਿਹਾ, ‘ਦਿੱਲੀ ਹਵਾਈ ਅੱਡਾ ਆਮ ਤੌਰ ’ਤੇ ਕੰਮ ਕਰ ਰਿਹਾ ਹੈ। ਹਾਲਾਂਕਿ, ਹਵਾਈ ਖੇਤਰ ਦੀ ਗਤੀਸੀਲਤਾ ਵਿੱਚ ਬਦਲਾਅ ਅਤੇ ਸੁਰੱਖਿਆ ਵਧਾਉਣ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ।  

ਕਿਹਾ : ਦੇਸ਼ ’ਚੋਂ ਅੱਤਵਾਦ ਨੂੰ ਖਤਮ ਕਰਨਾ ਹੀ ਸਾਡਾ ਧਰਮ 

ਸ੍ਰੀਨਗਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਦਾਮੀ ਬਾਗ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਪਾਕਿਸਤਾਨ ਵੱਲੋਂ ਦਾਗੇ ਮੋਰਟਾਰ ਅਤੇ ਗੋਲਿਆਂ ਦੇ ਟੁਕੜਿਆਂ ਨੂੰ ਦੇਖਿਆ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਗਾਮ ’ਚ ਅੱਤਵਾਦੀਆਂ ਨੇ ਨਿਰਦੋਸ਼ਾਂ ਨੂੰ ਧਰਮ ਪੁੱਛ-ਪੁੱਛ ਕੇ ਮਾਰਿਆ ਸੀ ਪਰ ਅਸੀਂ ਉਨ੍ਹਾਂ ਦਾ ਕਰਮ ਦੇਖ ਕੇ ਖਾਤਮਾ ਕੀਤਾ ਹੈ ਅਤੇ ਅੱਤਵਾਦ ਨੂੰ ਦੇਸ਼ ’ਚੋਂ ਖਤਮ ਕਰਨਾ ਹੀ ਸਾਡਾ ਧਰਮ ਹੈ। ਉਧਰ ਰੱਖਿਆ ਮੰਤਰੀ ਦੇ ਜੰਮੂ-ਕਸ਼ਮੀਰ ਦੌਰੇ ਤੋਂ ਪਹਿਲਾਂ ਭਾਰਤੀ ਫੌਜ ਨੇ ਅਵੰਤੀਪੁਰਾ ਦੇ ਤਰਾਲ ਖੇਤਰ ’ਚ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਰਨ ਵਾਲਿਆਂ ’ਚ ਟੌਪ ਕਮਾਂਡਰ ਆਸਿਫ ਸ਼ੇਖ ਤੋਂ ਇਲਾਵਾ ਆਮਿਰ ਨਜ਼ੀਰ ਵਾਨੀ ਅਤੇ ਯਾਵਰ ਅਹਿਮਦ ਭੱਟ ਸ਼ਾਮਲ ਹਨ। ਇਹ ਤਿੰਨੋਂ ਅੱਤਵਾਦੀ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤੀ ਗਈ 14 ਅੱਤਵਾਦੀਆਂ ਦੀ ਲਿਸਟ ਵਿਚ ਸ਼ਾਮਲ ਸਨ। ਜਦਕਿ ਅਧਿਕਾਰੀਆਂ ਵੱਲੋਂ ਅੱਤਵਾਦੀਆਂ ਦੀ ਮੌਤ ਸਬੰਧੀ ਫਿਲਹਾਲ ਪੁਸ਼ਟੀ ਨਹੀਂ ਕੀਤੀ ਗਈ।

  

ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ 12 ਮਈ ਨੂੰ ਦੁਪਹਿਰ 12 ਵਜੇ ਦੁਬਾਰਾ ਗੱਲਬਾਤ ਕਰਨਗੇ

ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਗੱਲਬਾਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਅਮਰੀਕਾ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਇਕ ਦੂਜੇ ਦੇ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਤੋਂ ਕੁਝ ਘੰਟੇ ਬਾਅਦ ਹੋਈ। ਅਮਰੀਕੀ ਰਾਸ਼ਟਰਪਤੀ ਨੇ ਟਰੂਥ ਸੋਸ਼ਲ ’ਤੇ ਇਕ ਪੋਸਟ ਵਿਚ ਐਲਾਨ ਕੀਤਾ, ਅਮਰੀਕਾ ਦੀ ਵਿਚੋਲਗੀ ਨਾਲ ਹੋਈ ਰਾਤ ਭਰ ਦੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਪੂਰੀ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਅੱਗੇ ਕਿਹਾ ਕਿ ਯੋਗ ਸਮਝ ਅਤੇ ਮਹਾਨ ਬੁੱਧੀ ਦੀ ਵਰਤੋਂ ਕਰਨ ’ਤੇ ਦੋਵਾਂ ਦੇਸ਼ਾਂ ਨੂੰ ਵਧਾਈਆਂ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ। ਟਰੰਪ ਵੱਲੋਂ ਇਹ ਐਲਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਗੱਲ ਕਰਨ ਤੋਂ ਬਾਅਦ ਆਇਆ। ਰੂਬੀਓ ਨੇ ਵੀ ‘ਐਕਸ’ ’ਤੇ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ, ‘‘ਪਿਛਲੇ 48 ਘੰਟਿਆਂ ਦੌਰਾਨ ਵੈਂਸ ਅਤੇ ਮੈਂ ਸੀਨੀਅਰ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹਬਾਜ਼ ਸ਼ਰੀਫ, ਵਿਦੇਸ਼ ਮੰਤਰੀ ਸੁਬ੍ਰਾਹਮਣੀਅਮ ਜੈਸ਼ੰਕਰ, ਫੌਜ ਮੁਖੀ ਅਸੀਮ ਮੁਨੀਰ, ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਅਸੀਮ ਮਲਿਕ ਸ਼ਾਮਲ ਹਨ।’’ ਉਸਨੇ ਕਿਹਾ ਕਿ ਉਸਨੂੰ “ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਈਆਂ ਹਨ ਅਤੇ ਇਕ ਨਿਰਪੱਖ ਸਥਾਨ ’ਤੇ ਮੁੱਦਿਆਂ ਦੇ ਇਕ ਵਿਸ਼ਾਲ ਸਮੂਹ ’ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋ ਗਈਆਂ ਹਨ”।  

ਐਮਰਜੈਂਸੀ ਗੇਟ ਨਾ ਖੁੱਲ੍ਹਣ ਕਾਰਨ 5 ਵਿਅਕਤੀਆਂ ਦੀ ਗਈ ਜਾਨ

ਲਖਨਊ/ਬਿਊਰੋ ਨਿਊਜ਼ : ਬਿਹਾਰ ਦੇ ਬੇਗੂਸਰਾਏ ਤੋਂ ਦਿੱਲੀ ਜਾ ਰਹੀ ਏਸੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਇਸ ਹਾਦਸੇ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਮਾਂ-ਬੇਟੀ, ਭੈਣ-ਭਰਾ ਸਮੇਤ ਇਕ ਹੋਰ ਨੌਜਵਾਨ ਸ਼ਾਮਲ ਹੈ। ਬੱਸ ਵਿਚ ਲਗਭਗ 80 ਯਾਤਰੀ ਸਵਾਰ ਸਨ ਅਤੇ ਇਸ ਬੱਸ ਨੂੰ ਆਊਟਰ ਰਿੰਗ ਰੋਡ ’ਤੇ ਮੋਹਨਲਾਲ ਗੰਜ ਕੇ ਕੋਲ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਬੱਸ ਅੰਦਰ ਹਫੜਾ-ਦਫੜੀ ਮਚ ਗਈ ਜਦਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ। ਭਿਆਨਕ ਹਾਦਸੇ ਦੌਰਾਨ ਬੱਸ ਦਾ ਐਮਰਜੈਂਸੀ ਗੇਟ ਵੀ ਨਹੀਂ ਖੁੱਲ੍ਹਿਆ ਜਿਸ ਕਾਰਨ ਸਵਾਰੀਆਂ ਨੂੰ ਬੱਸ ਵਿਚੋਂ ਉਤਰਨ ਸਮੇਂ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਮੌਜੂਦ ਵਿਅਕਤੀਆਂ ਵੱਲੋਂ ਫਾਇਰ ਬਿ੍ਰਗੇਟ ਨੂੰ ਸੂਚਨਾ ਦਿੱਤੀ ਗਈ ਪਰ ਜਦੋਂ ਤੱਕ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਪਹੁੰਚੀਆਂ ਉਸ ਸਮੇਂ ਸਮੇਂ ਤੱਕ ਬੱਸ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼  : ਭਾਰਤ ਅਤੇ ਪਾਕਿਸਤਾਨ ਵਿਚਕਾਰ ਤੁਰੰਤ ਜੰਗਬੰਦੀ ਲਈ ਸਹਿਮਤੀ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨ ਅਤੇ ਸਿਆਸੀ ਪਾਰਟੀਆਂ ਨੂੰ ਭਰੋਸੇ ਵਿਚ ਲੈਣ ਤਾਂ ਜੋ ਸੰਕਟ ਦੇ ਇਸ ਸਮੇਂ ਵਿਚ ਰਾਸ਼ਟਰੀ ਹਿੱਤਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਵਿਰੋਧੀ ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਵੱਲੋਂ ਪਿਛਲੇ 18 ਦਿਨਾਂ ਦੀਆਂ ਘਟਨਾਵਾਂ ’ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ। ਇਸ ਸਬੰਧੀ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਵਾਸ਼ਿੰੰਗਟਨ ਡੀਸੀ ਤੋਂ ਹੋਏ ਐਲਾਨਾਂ ਦੇ ਮੱਦੇਨਜ਼ਰ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ ਕਿ ਪ੍ਰਧਾਨ ਮੰਤਰੀ ਇਕ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨ ਅਤੇ ਰਾਜਨੀਤਿਕ ਪਾਰਟੀਆਂ ਨੂੰ ਭਰੋਸੇ ਵਿੱਚ ਲੈਣ। ਉਨ੍ਹਾਂ ਕਿਹਾ ਕਿ ਪਿਛਲੇ 18 ਦਿਨਾਂ ਦੀਆਂ ਘਟਨਾਵਾਂ ’ਤੇ ਚਰਚਾ ਕਰਨ ਲਈ ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.