Saturday, 18 April 2026

ਮਾਨਹਾਨੀ ਦੇ ਮਾਮਲੇ ਵਿਚ ਸੰਜੇ ਰਾਊਤ ਨੂੰ ਹੋਈ ਸਜ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼

ਮੁੰਬਈ ਦੀ ਅਦਾਲਤ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮੱਈਆ ਦੀ ਪਤਨੀ ਡਾਕਟਰ ਮੇਧਾ ਸੋਮੱਈਆ ਵਲੋਂ ਦਾਇਰ ਮਾਨਹਾਨੀ ਦੇ ਇਕ ਮਾਮਲੇ ਵਿਚ ਸ਼ਿਵ ਸੈਨਾ (ਊਧਵ ਬਾਲਾਸਾਹਬ ਠਾਕਰੇ) ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸੰਜੇ ਰਾਊਤ ਨੂੰ 15 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਵਾਈ ਹੈ। ਸੰਜੇ ਰਾਊਤ ਨੂੰ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜੋ ਮੁਆਵਜ਼ੇ ਵਜੋਂ ਵਸੂਲਿਆ ਜਾਵੇਗਾ। ਰਾਊਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਮਾਨਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਦੇ ਰੂਈਆ ਕਾਲਜ ਵਿਚ ਆਰਗੈਨਿਕ ਕੈਮਿਸਟਰੀ ਦੀ ਪ੍ਰੋਫੈਸਰ ਮੇਧਾ ਸੋਮੱਈਆ ਨੇ ਰਾਊਤ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸੰਜੇ ਰਾਊਤ ਨੇ ਮੇਧਾ ਸੋਮੱਈਆ ਅਤੇ ਉਨ੍ਹਾਂ ਦੇ ਐਨ.ਜੀ.ਓ. ਯੁਵਾ ਅਦਾਰੇ ’ਤੇ 100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਗਾਇਆ ਸੀ। 

 

ਅਮਰੀਕਾ ’ਚ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਰਾਹੁਲ

ਕਰਨਾਲ/ਬਿਊੂਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਸ਼ੁੱਕਰਵਾਰ ਸਵੇਰੇ ਸਾਢੇ 5 ਵਜੇ ਅਚਾਨਕ ਹੀ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਘੋਘੜੀਪੁਰ ਪਹੁੰਚ ਗਏ। ਰਾਹੁਲ ਇੱਥੇ ਅਮਿਤ ਨਾਮ ਦੇ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਹਨ। ਧਿਆਨ ਰਹੇ ਕਿ ਅਮਿਤ ਨਾਮ ਦਾ ਇਹ ਨੌਜਵਾਨ ਕਰੀਬ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿਥੇ ਉਸਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਅਜੇ ਵੀ ਉਸਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਰਾਹੁਲ ਗਾਂਧੀ ਆਪਣੀ ਅਮਰੀਕਾ ਫੇਰੀ ਮੌਕੇ ਅਮਿਤ ਨੂੰ ਮਿਲੇ ਸਨ ਅਤੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਦੇ ਪਰਿਵਾਰ ਨੂੰ ਜਾ ਕੇ ਜ਼ਰੂਰ ਮਿਲਣਗੇ। ਇਸਦੇ ਚੱਲਦਿਆਂ ਰਾਹੁਲ ਅੱਜ ਸਵੇਰੇ ਪਿੰਡ ਘੋਘੜੀਪੁਰ ਪਹੁੰਚੇ ਜਿਥੇ ਉਹ ਕਰੀਬ ਇਕ ਘੰਟਾ ਅਮਿਤ ਦੇ ਪਰਿਵਾਰ ਨਾਲ ਰਹੇ। ਇਸ ਮੌਕੇ ਰਾਹੁਲ ਨੇ ਵੀਡੀਓ ਕਾਲ ਕਰਕੇ ਅਮਿਤ ਨਾਲ ਵੀ ਗੱਲ ਕੀਤੀ। ਰਾਹੁਲ ਦੇ ਕਰਨਾਲ ਪਹੁੰਚਣ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ ਅਤੇ ਅਮਿਤ ਦੇ ਪਰਿਵਾਰ ਵਾਲੇ ਵੀ ਹੈਰਾਨ ਸਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਵਿਧਾਨ ਸਭਾ ਲਈ ਵੋਟਾਂ 5 ਅਕਤੂਬਰ ਨੂੰ ਪੈਣੀਆਂ ਹਨ ਅਤੇ ਇਸ ਕਰਕੇ ਚੋਣ ਸਰਗਰਮੀਆਂ ਵੀ ਜ਼ੋਰਾਂ ’ਤੇ ਹਨ। 

ਤੀਜੇ ਤੇ ਆਖਰੀ ਗੇੜ ਦੀਆਂ ਵੋਟਾਂ 1 ਅਕਤੂਬਰ ਨੂੰ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਦੌਰਾਨ ਅੱਜ 6 ਜ਼ਿਲ੍ਹਿਆਂ ਦੀਆਂ 26 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈ ਗਈਆਂ ਹਨ ਅਤੇ ਤੀਜੇ ਪੜਾਅ ਦੀਆਂ ਵੋਟਾਂ 1 ਅਕਤੂੁਬਰ ਨੂੰ ਪੈਣਗੀਆਂ। ਚੋਣ ਕਮਿਸ਼ਨ ਦੇ ਮੁਤਾਬਕ ਦੂਜੇ ਪੜਾਅ ਦੌਰਾਨ 239 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਇਨ੍ਹਾਂ ਵਿਚ 233 ਪੁਰਸ਼ ਅਤੇ 6 ਮਹਿਲਾਵਾਂ ਸ਼ਾਮਲ ਹਨ। ਇਸੇ ਦੌਰਾਨ ਭਾਰਤ ਦੇ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਜੰਮੂ ਕਸ਼ਮੀਰ ਵਿਚ ਚੋਣਾਂ ਦੇ ਬਾਈਕਾਟ ਵਰਗੇ ਐਲਾਨ ਹੁੰਦੇ ਸਨ ਅਤੇ ਅੱਜ ਉਥੇ ਰਿਕਾਰਡ ਵੋਟਿੰਗ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੀਆਂ ਤਿੰਨਾਂ ਪੜਾਵਾਂ ਦੀਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। 

 

ਭਾਜਪਾ ਨੇ ਅਗਨੀਵੀਰਾਂ ਨੂੰ ਸਰਕਾਰੀ ਨੌਕਰੀ ਦੀ ਦਿੱਤੀ ਗਾਰੰਟੀ

ਰੋਹਤਕ/ਬਿਊਰੋ ਨਿਊਜ਼ 

ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਸਦੇ ਚੱਲਦਿਆਂ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਅਤੇ ਹਰਿਆਣਾ ਵਾਸੀਆਂ ਨੂੰ ਕਈ ਗਾਰੰਟੀਆਂ ਦਿੱਤੀਆਂ ਹਨ। ਮੈਨੀਫੈਸਟੋ ਜਾਰੀ ਕਰਨ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਰੋਹਤਕ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਸੂਬਾ ਪ੍ਰਧਾਨ ਸਤੀਸ਼ ਪੂਨੀਆ ਤੇ ਹਰਿਆਣਾ ’ਚ ਭਾਜਪਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਅਤੇ ਕਈ ਭਾਜਪਾ ਆਗੂ ਮੌਜੂਦ ਸਨ। ਆਪਣੇ ਚੋਣ ਮਨੋਰਥ ਪੱਤਰ ਵਿਚ ਭਾਜਪਾ ਨੇ ਲਾਡੋ ਲਕਸ਼ਮੀ ਯੋਜਨਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵੀ ਭਰੋਸਾ ਦਿੱਤਾ ਹੈ। ਮੈਨੀਫੈਸਟੋ ਵਿਚ ਕਿਹਾ ਗਿਆ ਕਿ 2 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਦਿਹਾਤੀ ਇਲਾਕਿਆਂ ਵਿਚੋਂ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਸਕੂਟਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਅਗਨੀਵੀਰਾਂ ਨੂੰ ਵੀ ਸਰਕਾਰੀ ਨੌਕਰੀ ਦੇਣ ਦੀ ਗਰੰਟੀ ਦਿੱਤੀ ਹੈ। ਇਸਦੇ ਨਾਲ ਹੀ ਸ਼ਹਿਰੀ ਤੇ ਪੇਂਡੂ ਖ਼ੇਤਰਾਂ ਵਿਚ 5 ਲੱਖ ਨਵੇਂ ਘਰ ਬਣਾਉਣ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। 

 

2 ਮਾਰਚ 2025 ਨੂੰ ਹੋਣਾ ਹੈ ਆਸਕਰ ਐਵਾਰਡ ਸਮਾਰੋਹ
ਮੁੰਬਈ/ਬਿਊਰੋ ਨਿਊਜ਼
ਆਸਕਰ 2025 ਵਿਚ ਫਿਲਮ ‘ਲਾਪਤਾ ਲੇਡੀਜ਼’ ਨੂੰ ਭਾਰਤ ਵਲੋਂ ਅਧਿਕਾਰਤ ਐਂਟਰੀ ਮਿਲੀ ਹੈ। ਫਿਲਮ ਨੂੰ ਵਿਦੇਸ਼ੀ ਫਿਲਮ ਕੈਟੇਗਰੀ ਵਿਚ ਭੇਜਿਆ ਗਿਆ ਹੈ। ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਕਿਰਨ ਰਾਓ ਨੇ ਨਿਰਦੇਸ਼ਿਤ ਕੀਤਾ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਚੋਣ ਕਮੇਟੀ ਦੇ ਚੇਅਰਮੈਨ ਜਾਹਨੂ ਬਰੂਆ ਨੇ ਇਸ ਸੰਬੰਧੀ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿੱਕੀ ਕੌਸ਼ਲ ਦੀ ‘ਸੈਮ ਬਹਾਦੁਰ’, ਰਣਬੀਰ ਕਪੂਰ ਦੀ ‘ਐਨੀਮਲ’ ਅਤੇ ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’ ਸਮੇਤ 29 ਫਿਲਮਾਂ ਇਸ ਦੌੜ ਵਿਚ ਸਨ, ਜਿਸ ਵਿਚੋਂ ‘ਲਾਪਤਾ ਲੇਡੀਜ਼’ ਨੂੰ ਚੁਣਿਆ ਗਿਆ। 97ਵੇਂ ਆਸਕਰ ਲਈ ਨਾਮਜ਼ਦਗੀਆਂ ਦਾ ਐਲਾਨ 17 ਜਨਵਰੀ 2025 ਨੂੰ ਕੀਤਾ ਜਾਵੇਗਾ ਅਤੇ ਆਸਕਰ ਐਵਾਰਡ ਸਮਾਰੋਹ 2 ਮਾਰਚ, 2025 ਨੂੰ ਹੋਵੇਗਾ। 

2 ਕਰੋੜ 03 ਲੱਖ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਉਂਦੀ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ  ਵੋਟਾਂ ਲਈ 1031 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰ ਗਏ ਹਨ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸੂਬੇ ਦੇ 2 ਕਰੋੜ, 3 ਲੱਖ, 54 ਹਜ਼ਾਰ, 350 ਵੋਟਰ ਕਰਨਗੇ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ 1559 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਅਤੇ ਇਨ੍ਹਾਂ ਵਿੱਚੋਂ 1221 ਉਮੀਦਵਾਰਾਂ ਦੇ ਪੱਤਰ ਸਹੀ ਪਾਏ ਗਏ। ਉਨ੍ਹਾਂ ਦੱਸਿਆ ਕਿ 338 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਗਲਤੀਆਂ ਪਾਏ ਜਾਣ ਕਰਕੇ ਰੱਦ ਹੋਏ ਹਨ ਅਤੇ ਸੂਬੇ ’ਚ 190 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਇਸ ਦੇ ਚੱਲਦਿਆਂ ਚੋਣ ਮੈਦਾਨ ਵਿੱਚ 1031 ਉਮੀਦਵਾਰ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ 5 ਅਕਤੂਬਰ ਨੂੰ ਪੈਣ ਵਾਲੀਆਂ ਵਿਧਾਨ ਸਭਾ ਦੀਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ।

ਸੁਪਰੀਮ ਕੋਰਟ ਨੇ ਮਦਰਾਸ ਹਾਈਕੋਰਟ ਦੇ ਆਦੇਸ਼ ਨੂੰ ਰੱਦ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੁਪਰੀਮ ਕੋਰਟ ਨੇ ਮਦਰਾਸ ਹਾਈਕੋਰਟ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਬਾਲ ਪੋਰਨੋਗ੍ਰਾਫੀ ਦੇਖਣਾ ਅਤੇ ਡਾਊਨਲੋਡ ਕਰਨਾ ਪੋਕਸੋ ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਅਪਰਾਧ ਨਹੀਂ ਹੈ। ਮਾਨਯੋਗ ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਬਾਲ ਪੋਰਨੋਗ੍ਰਾਫੀ ਦੇਖਣਾ ਅਤੇ ਡਾਊਨਲੋਡ ਕਰਨਾ ਬਾਲ ਜਿਨਸੀ ਅਪਰਾਧ ਸੁਰੱਖਿਆ ਐਕਟ ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਅਪਰਾਧ ਹਨ। ਬੈਂਚ ਨੇ ਬਾਲ ਪੋਰਨੋਗ੍ਰਾਫੀ ਅਤੇ ਇਸਦੇ ਕਾਨੂੰਨੀ ਨਤੀਜਿਆਂ ਬਾਰੇ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਉਸ ਪਟੀਸ਼ਨ ’ਤੇ ਆਪਣਾ ਫੈਸਲਾ ਸੁਣਾਇਆ ਹੈ, ਜਿਸ ਵਿੱਚ ਮਦਰਾਸ ਹਾਈਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਹਾਈਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਸੀ। ਹਾਈਕੋਰਟ ਨੇ ਕਿਹਾ ਸੀ ਕਿ ਬਾਲ ਪੋਰਨੋਗ੍ਰਾਫੀ ਦੇਖਣਾ ਅਤੇ ਸਿਰਫ ਡਾਊਨਲੋਡ ਕਰਨਾ ਪੋਕਸੋ ਐਕਟ ਅਤੇ ਆਈਟੀ ਐਕਟ ਤਹਿਤ ਅਪਰਾਧ ਨਹੀਂ ਹੈ।

 

ਫਾਈਨਲ ਮੈਚ ਵਿਚ ਚੀਨ ਨੂੰ 1-0 ਨਾਲ ਹਰਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਹਾਕੀ ਟੀਮ ਨੇ ਲਗਾਤਾਰ ਦੂਜੀ ਅਤੇ ਓਵਰ ਆਲ ਪੰਜਵੀਂ ਵਾਰ ਏਸ਼ੀਅਨ ਚੈਂਪੀਅਨ ਟਰਾਫੀ ਆਪਣੇ ਨਾਮ ਕਰ ਲਈ ਹੈ। ਅੱਜ ਮੰਗਲਵਾਰ ਨੂੰ ਹੋਏ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਚੀਨ ਦੀ ਟੀਮ ਨੂੰ 1-0 ਨਾਲ ਹਰਾ ਦਿੱਤਾ। ਇਹ ਫਾਈਨਲ ਮੁਕਾਬਲਾ ਚੀਨ ਦੇ ਇਕ ਸ਼ਹਿਰ ਵਿਚ ਖੇਡਿਆ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਭਾਰਤ ਦੀ ਹਾਕੀ ਟੀਮ ਨੇ ਇਸ ਚੈਂਪੀਅਨਸ਼ਿਪ ਵਿਚ ਸਾਰੇ ਮੈਚ ਜਿੱਤੇ ਹਨ। ਫਾਈਨਲ ਮੈਚ ਵਿਚ ਭਾਰਤ ਲਈ ਇਕ ਮਾਤਰ ਗੋਲ ਜੁਗਰਾਜ ਸਿੰਘ ਨੇ ਕੀਤਾ ਅਤੇ ਚੀਨ ਦੀ ਟੀਮ ਚਾਰ ਕੁਆਰਟਰ ਤੋਂ ਬਾਅਦ ਵੀ ਕੋਈ ਗੋਲ ਨਹੀਂ ਕਰ ਸਕੀ। 

ਆਤਿਸ਼ੀ ਨੇ ਕੇਜਰੀਵਾਲ ਲਈ ਸੀਐਮ ਦੀ ਕੁਰਸੀ ਛੱਡੀ ਖਾਲੀ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਸੋਮਵਾਰ ਨੂੰ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਦੌਰਾਨ ਆਤਿਸ਼ੀ ਨੇ ਸੀਐਮ ਦਫਤਰ ਵਿਚ ਇਕ ਕੁਰਸੀ ਖਾਲੀ ਛੱਡ ਦਿੱਤੀ ਅਤੇ ਖੁਦ ਦੂਜੀ ਕੁਰਸੀ ’ਤੇ ਬੈਠੀ। ਉਨ੍ਹਾਂ ਕਿਹਾ ਕਿ ਇਹ ਖਾਲੀ ਕੁਰਸੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਲਈ ਛੱਡੀ ਹੈ। ਆਤਿਸ਼ੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਫਰਵਰੀ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਫਿਰ ਇਸੇ ਕੁਰਸੀ ’ਤੇ ਬਿਠਾਉਣਗੇ। ਉਨ੍ਹਾਂ ਕਿਹਾ ਕਿ ਉਦੋਂ ਤੱਕ ਇਹ ਕੁਰਸੀ ਖਾਲੀ ਰਹੇਗੀ ਅਤੇ ਅਰਵਿੰਦ ਕੇਜਰੀਵਾਲ ਦਾ ਇੰਤਜ਼ਾਰ ਕਰੇਗੀ। ਧਿਆਨ ਰਹੇ ਕਿ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ 13 ਸਤੰਬਰ ਨੂੰ ਜ਼ਮਾਨਤ ’ਤੇ  ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ 17 ਸਤੰਬਰ ਨੂੰ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ 21 ਸਤੰਬਰ ਨੂੰ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਇਸ ਮੌਕੇ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਹੁਦਾ ਛੱਡ ਕੇ ਰਾਜਨੀਤੀ ਵਿਚ ਵੱਡੀ ਮਿਸਾਲ ਕਾਇਮ ਕੀਤੀ ਹੈ।

 

ਪਹਿਲੇ ਪੜਾਅ ਦੌਰਾਨ ਜੰਮੂ ਕਮਸ਼ੀਰ ’ਚ 24 ਸੀਟਾਂ ’ਤੇ ਹੋਏਗੀ ਵੋਟਿੰਗ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਭਲਕੇ 18 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਪਹਿਲੇ ਪੜਾਅ ਦੌਰਾਨ 24 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ 24 ਸੀਟਾਂ ’ਤੇ 219 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ 23 ਲੱਖ 27 ਹਜ਼ਾਰ ਵੋਟਰ ਹਨ, ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ। ਪਹਿਲੇ ਪੜਾਅ ਦੀਆਂ 24 ਸੀਟਾਂ ਵਿਚੋਂ 8 ਸੀਟਾਂ ਜੰਮੂ ਡਿਵੀਜ਼ਨ ਅਤੇ 16 ਸੀਟਾਂ ਕਸ਼ਮੀਰ ਘਾਟੀ ਵਿਚ ਹਨ। ਸਭ ਤੋਂ ਜ਼ਿਆਦਾ 7 ਸੀਟਾਂ ਅਨੰਤਨਾਗ ਅਤੇ ਸਭ ਤੋਂ ਘੱਟ 2-2 ਸੀਟਾਂ ਸ਼ੋਪੀਆ ਅਤੇ ਰਾਮਬਨ ਜ਼ਿਲ੍ਹੇ ਦੀਆਂ ਹਨ। ਜੰਮੂ ਕਸ਼ਮੀਰ ਦੀਆਂ 24 ਵਿਧਾਨ ਸਭਾ ਸੀਟਾਂ ’ਤੇ 219 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 110 ਉਮੀਦਵਾਰ ਕਰੋੜਪਤੀ ਹਨ ਅਤੇ 36 ਉਮੀਦਵਾਰਾਂ ਖਿਲਾਫ ਕ੍ਰਿਮੀਨਲ ਕੇਸ ਦਰਜ ਹਨ।

ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ

ਨਵੀਂ ਦਿੱਲੀ ; ਭਾਰਤ ਦੀ ਕੇਂਦਰ ਸਰਕਾਰ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਖਿਲਾਫ ਨੌਕਰੀ ਬਦਲੇ ਜ਼ਮੀਨ ਮਾਮਲੇ ਵਿਚ ਮੁਕੱਦਮਾ ਚਲਾਉਣ ਲਈ ਸੀ.ਬੀ.ਆਈ. ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀ.ਬੀ.ਆਈ. ਨੇ ਇਹ ਜਾਣਕਾਰੀ ਰਾਉਸ ਐਵੇਨਿਊ ਕੋਰਟ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਰਾਉਸ ਐਵੇਨਿਊ ਕੋਰਟ ਨੇ ਲੈਂਡ ਮਨੀ ਲਾਂਡਰਿੰਗ ਮਾਮਲੇ ’ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ ਅਤੇ ਹੋਰ ਦੋਸ਼ੀਆਂ ਨੂੰ ਸੰਮਨ ਜਾਰੀ ਕੀਤਾ ਸੀ। ਇਸ ਮਾਮਲੇ ’ਚ ਪਹਿਲੀ ਵਾਰ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ, ਅਖਿਲੇਸ਼ਵਰ ਸਿੰਘ ਅਤੇ ਕਿਰਨ ਦੇਵੀ ਨੂੰ ਵੀ ਸੰਮਨ ਭੇਜਿਆ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਤੇਜ ਪ੍ਰਤਾਪ ਯਾਦਵ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਇਸ ਮਾਮਲੇ ’ਤੇ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ।

 

ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਫੇਜ਼ ਦਾ ਕੀਤਾ ਗਿਆ ਉਦਘਾਟਨ

ਅਹਿਮਦਾਬਾਦ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਅਹਿਮਦਾਬਾਦ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਫੇਜ਼ ਦੇ 20 ਕਿਲੋਮੀਟਰ ਲੰਬੇ ਕੋਰੀਡੋਰ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਮੈਟਰੋ ਵਿਚ ਸਫਰ ਕਰਦਿਆਂ ਨੌਜਵਾਨ ਮੁਸਾਫਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਨ੍ਹਾਂ ਦੇ ਨਾਲ ਸਨ। ਮੋਦੀ ਨੇ ਆਪਣੀ ਮੈਟਰੋ ਸਵਾਰੀ ਦੀਆਂ ਤਸਵੀਰਾਂ ਆਪਣੇ ‘ਐਕਸ’ ਹੈਂਡਲ ਉਤੇ ਸ਼ੇਅਰ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦਾ ਦੂਜਾ ਫੇਜ਼ ਮੋਟੇਰਾ ਸਥਿਤ ਨਰਿੰਦਰ ਮੋਦੀ ਕਿ੍ਰਕਟ ਸਟੇਡੀਅਮ ਅਤੇ ਗਾਂਧੀਨਗਰ ਸੈਕਟਰ 1 ਨੂੰ ਮੈਟਰੋ ਨਾਲ ਜੋੜੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.