Saturday, 18 April 2026

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ : ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਇਕ ਪਾਸੜ ਜਿੱਤ ਹੋਵੇਗੀ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਚ ਆਉਂਦੀ 1 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਚੋਣ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਵੀ ਸੂਬੇ ਵਿਚ ਭਾਜਪਾ ਦੀ ਹੀ ਸਰਕਾਰ ਬਣੇਗੀ। ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਇਕ ਪਾਸੜ ਜਿੱਤ ਹੋਵੇਗੀ।  ਉਨ੍ਹਾਂ ਕਿਹਾ ਕਿ ਭਾਜਪਾ ਦੇ ਪਰਿਵਾਰ ਵਿਚ ਲਗਾਤਾਰ ਵਿਸਥਾਰ ਹੋ ਰਿਹਾ ਹੈ ਅਤੇ ਪਾਰਟੀ ਦਾ ਗ੍ਰਾਫ ਲਗਾਤਾਰ ਉੱਚਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦਾ ਗਰਾਫ ਉੱਪਰ ਵੱਲ ਜਾਂਦਾ ਹੈ ਤਾਂ ਕਾਂਗਰਸੀ ਪੇ੍ਰਸ਼ਾਨ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਹਰਿਆਣਾ ਵਿਚ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨੀ ਹੈ ਅਤੇ ਮੁਕਾਬਲਾ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਣ ਦੀ ਸੰਭਾਵਨਾ ਹੈ।  

 

ਕੇਜਰੀਵਾਲ ਦੇ ਸੁਝਾਅ ਨੂੰ ਕਰ ਦਿੱਤਾ ਗਿਆ ਖਾਰਜ

ਨਵੀਂ ਦਿੱਲੀ/ਬਿਊਰੋ ਨਿਊਜ਼ 

15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਥਾਂ ਮੰਤਰੀ ਆਤਿਸ਼ੀ ਹੁਣ ਤਿਰੰਗਾ ਨਹੀਂ ਲਹਿਰਾ ਸਕੇਗੀ। ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿਚ ਹੋਣ ਕਾਰਨ ਇਹ ਇੱਛਾ ਜਤਾਈ ਸੀ ਕਿ 15 ਅਗਸਤ ਨੂੰ ਉਨ੍ਹਾਂ ਦੀ ਜਗ੍ਹਾ ਆਤਿਸ਼ੀ ਤਿਰੰਗਾ ਲਹਿਰਾਏਗੀ। ਦਿੱਲੀ ਸਰਕਾਰ ਦੇ ਜਨਰਲ ਐਡਮਨਿਸਟਰੇਸ਼ਨ ਡਿਪਾਰਟਮੈਂਟ ਨੇ ਕੇਜਰੀਵਾਲ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਹੈ। ਕੇਜਰੀਵਾਲ ਦੀ ਦਲੀਲ ਨੂੰ ਖਾਰਜ ਕਰਦੇ ਸਮੇਂ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ। ਧਿਆਨ ਰਹੇ ਕਿ ਜੇਲ੍ਹ ਵਿਚ ਬੰਦ ਕੇਜਰੀਵਾਲ ਦੇ ਨਿਰਦੇਸ਼ ’ਤੇ ‘ਆਪ’ ਆਗੂ ਗੋਪਾਲ ਰਾਏ ਨੇ 15 ਨੂੰ ਝੰਡਾ ਲਹਿਰਾਉਣ ਦੇ ਸਬੰਧ ਵਿਚ ਵਿਭਾਗ ਨੂੰ ਚਿੱਠੀ ਲਿਖੀ ਸੀ। ਚਿੱਠੀ ਵਿਚ ਦੱਸਿਆ ਸੀ ਕਿ ਦਿੱਲੀ ਵਿਚ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਮੰਤਰੀ ਆਤਿਸ਼ੀ ਝੰਡਾ ਲਹਿਰਾਏਗੀ। ਇਸ ਚਿੱਠੀ ਦਾ ਜਵਾਬ ਦਿੱਲੀ ਸਰਕਾਰ ਦੇ ਜਨਰਲ ਐਡਮਨਿਸਟ੍ਰੇਸ਼ਨ ਵਿਭਾਗ ਵਲੋਂ ਦੇ ਦਿੱਤਾ ਗਿਆ ਹੈ, ਜਿਸ ਵਿਚ ਕਿਹਾ ਹੈ ਕਿ ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਝੰਡਾ ਲਹਿਰਾ ਸਕਦੇ ਹਨ। ਜ਼ਿਕਰਯੋਗ ਹੈ ਕਿ ਆਜ਼ਾਦੀ ਦਿਵਸ ਮੌਕੇ ਦਿੱਲੀ ਸਰਕਾਰ ਹਰ ਸਾਲ ਛਤਰਸਾਲ ਸਟੇਡੀਅਮ ਵਿਚ ਸਮਾਗਮ ਦਾ ਆਯੋਜਨ ਕਰਦੀ ਹੈ, ਜਿਸ ਵਿਚ ਮੁੱਖ ਮੰਤਰੀ ਝੰਡਾ ਲਹਿਰਾਉਂਦੇ ਹਨ, ਪਰ ਇਸ ਵਾਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੇਲ੍ਹ ਵਿਚ ਹਨ। ਇਸ ਲਈ ਉਨ੍ਹਾਂ ਨੇ ਕੈਬਨਿਟ ਮੰਤਰੀ ਆਤਿਸ਼ੀ ਨੂੰ ਝੰਡਾ ਲਹਿਰਾਉਣ ਲਈ ਅਧਿਕਾਰ ਦਿੱਤਾ ਸੀ।    

 

ਪਦਮਨਾਭਨ ਸੰਨ 2000 ’ਚ ਬਣੇ ਸਨ ਭਾਰਤੀ ਫੌਜ ਦੇ ਮੁਖੀ

ਚੇਨਈ/ਬਿਊਰੋ ਨਿਊਜ਼

ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਚੇਨਈ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 83 ਸਾਲ ਦੱਸੀ ਗਈ ਹੈ ਅਤੇ ਉਨ੍ਹਾਂ ਨੇ ਚੇਨਈ ਵਿਚ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲਏ। ਸੁੰਦਰਰਾਜਨ ਪਦਮਨਾਭਨ ਦਾ ਜਨਮ 5 ਦਸੰਬਰ 1940 ਨੂੰ ਕੇਰਲ ਦੇ ਤਿਵੇਂਦਰਮ ਵਿਚ ਹੋਇਆ ਸੀ।  ਉਨ੍ਹਾਂ 30 ਸਤੰਬਰ 2000 ਨੂੰ ਭਾਰਤੀ ਫੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਹ 31 ਦਸੰਬਰ 2002 ਨੂੰ ਰਿਟਾਇਰ ਹੋ ਗਏ ਸਨ। ਸੁੰਦਰਰਾਜਨ ਪਦਮਨਾਭਨ ਨੇ ਕਰੀਬ 43 ਸਾਲ ਫੌਜ ਵਿਚ ਸ਼ਾਨਦਾਰ ਸੇਵਾ ਨਿਭਾਈ ਹੈ।  

  

 

ਦਿੱਲੀ ਹਾਈਕੋਰਟ ’ਚ ਖਾਰਜ ਹੋ ਚੁੱਕੀ ਹੈ ਕੇਜਰੀਵਾਲ ਦੀ ਪਟੀਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਆਬਕਾਰੀ ਨੀਤੀ ਕੇਸ ’ਚ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਵਲੋਂ ਕੀਤੀ ਗਈ ਉਨ੍ਹਾਂ ਦੀ ਗਿ੍ਰਫਤਾਰੀ ਦੇ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ ਲਗਾਈ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਲੰਘੀ 5 ਅਗਸਤ ਨੂੰ ਕੇਜਰੀਵਾਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਸੀਬੀਆਈ ਨੇ ਕੇਜਰੀਵਾਲ ਦੀ ਗਿ੍ਰਫਤਾਰੀ ਬਿਨਾ ਕਿਸੇ ਠੋਸ ਕਾਰਨ ਕੀਤੀ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਕੇਜਰੀਵਾਲ ਨੂੰ 26 ਜੂਨ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਈਡੀ ਵਲੋਂ ਪਹਿਲਾਂ ਹੀ ਕੇਜਰੀਵਾਲ ਨੂੰ 21 ਮਾਰਚ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਹਾਲਾਂਕਿ ਈਡੀ ਮਾਮਲੇ ’ਚ 12 ਜੁਲਾਈ ਨੂੰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ, ਪਰ ਉਹ ਸੀਬੀਆਈ ਕੇਸ ਦੇ ਚੱਲਦਿਆਂ ਅਜੇ ਵੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ।

ਭਾਰਤ ਨੇ ਮਨਾਇਆ 78ਵਾਂ ਆਜ਼ਾਦੀ ਦਿਵਸ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਨੇ ਅੱਜ ਆਪਣਾ 78ਵਾਂ ਆਜ਼ਾਦੀ ਦਿਵਸ ਮਨਾਇਆ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਨਵੀਂ ਦਿੱਲੀ ਵਿਖੇ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ। ਪੀਐਮ ਮੋਦੀ ਨੇ ਆਪਣੇ 103 ਮਿੰਟ ਦੇ ਭਾਸ਼ਣ ਵਿਚ ਕਿਹਾ ਕਿ ਆਜ਼ਾਦੀ ਦੇ ਦੀਵਾਨਿਆਂ ਨੇ ਸਾਨੂੰ ਆਜ਼ਾਦੀ ਦਾ ਸਾਹ ਲੈਣ ਦਾ ਸੁਭਾਗ ਦਿੱਤਾ ਅਤੇ ਸਾਡਾ ਦੇਸ਼ ਮਹਾਪੁਰਸ਼ਾਂ ਦਾ ਵੀ ਰਿਣੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਨੂੰ ਮਾਂ-ਬਾਪ ਕਲਚਰ ਨਾਲ ਗੁਜ਼ਾਰਾ ਕਰਨਾ ਪਿਆ ਅਤੇ ਅਸੀਂ ਸ਼ਾਸ਼ਨ ਦੇ ਇਸ ਮਾਡਲ ਨੂੰ ਬਦਲਿਆ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਖੁਦ ਜਨਤਾ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ। ਪੀਐਮ ਨੇ ਕਿਹਾ ਕਿ ਦੇਸ਼ ਵਿਚ 75 ਸਾਲਾਂ ਤੋਂ ਫਿਰਕੂ ਸਿਵਲ ਕੋਡ ਹੈ ਅਤੇ ਹੁਣ ਦੇਸ਼ ਨੂੰ ਸੈਕੂਲਰ ਸਿਵਲ ਕੋਡ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ 75 ਹਜ਼ਾਰ ਨਵੀਆਂ ਮੈਡੀਕਲ ਸੀਟਾਂ ਵਧਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ 100ਵੇਂ ਸਾਲ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ।  

 

 

 

  

 

ਭਿ੍ਰਸ਼ਟਾਚਾਰ ਦੇ ਮਾਮਲੇ ’ਚ ਜੇਲ੍ਹ ਵਿਚ ਬੰਦ ਸੀ ਸਿਸੋਦੀਆ

ਨਵੀਂ ਦਿੱਲੀ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ ਸਿਸੋਦੀਆ ਪਿਛਲੇ 17 ਮਹੀਨਿਆਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸਨ। ‘ਆਪ’ ਆਗੂ ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲਾ ਨਾਲ ਜੁੜੇ ਸੀ.ਬੀ.ਆਈ. ਅਤੇ ਈ.ਡੀ. ਦੋਵਾਂ ਕੇਸਾਂ ਵਿਚ ਰਾਹਤ ਮਿਲੀ ਹੈ। ਸੀਬੀਆਈ ਨੇ ਭਿ੍ਰਸ਼ਟਾਚਾਰ ਕੇਸ ਵਿਚ ਸਿਸੋਦੀਆ ਨੂੰ 26 ਫਰਵਰੀ 2023 ਨੂੰ ਗਿ੍ਰਫਤਾਰ ਕੀਤਾ ਸੀ ਅਤੇ ਈਡੀ ਨੇ 9 ਮਾਰਚ, 2023 ਨੂੰ ਉਨ੍ਹਾਂ ਦੀ ਮਨੀ ਲਾਂਡਰਿੰਗ ਦੇ ਮਾਮਲੇ ਗਿ੍ਰਫਤਾਰੀ ਕੀਤੀ ਸੀ। ਇਸ ਤੋਂ ਬਾਅਦ ਸਿਸੋਦੀਆ ਨੇ 28 ਫਰਵਰੀ 2023 ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਪਰੀਮ ਕੋਰਟ ਨੇ ਸਿਸੋਦੀਆ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਇਸ ਕੇਸ ਵਿਚ ਹੁਣ ਤੱਕ ਹਜ਼ਾਰਾਂ ਦਸਤਾਵੇਜ਼ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਕੇਸ ਖਤਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਵਿਚ ਸਿਸੋਦੀਆ ਨੂੰ ਹਿਰਾਸਤ ਵਿਚ ਰੱਖਣਾ ਸੁਤੰਤਰਤਾ ਦੇ ਮੌਲਿਕ ਅਧਿਕਾਰ ਦਾ ਉਲੰਘਣ ਹੋਵੇਗਾ।

 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ’ਚ ਹੈ ਬੰਦ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਬੁੱਧਵਾਰ ਨੂੰ ਸੁਪਰੀਮ ਵਿਚ ਸੁਣਵਾਈ ਹੋਈ ਹੈ। ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਕੇਜਰੀਵਾਲ ਨੇ ਸੀਬੀਆਈ ਵਲੋਂ ਕੀਤੀ ਗਈ ਉਨ੍ਹਾਂ ਦੀ ਗਿ੍ਰਫਤਾਰੀ ਅਤੇ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਪਾਈ ਸੀ। ਇਸਦੇ ਚੱਲਦਿਆਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਲੰਘੀ 12 ਜੁਲਾਈ ਨੂੰ ਆਬਕਾਰੀ ਨੀਤੀ ਨਾਲ ਸਬੰਧਤ ਈਡੀ ਦੇ ਕੇਸ ਵਿਚ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਚੁੱਕਾ ਹੈ। ਪਰ ਅੱਜ ਦਾ ਇਹ ਮਾਮਲਾ ਸੀਬੀਆਈ ਵਲੋਂ ਕੇਜਰੀਵਾਲ ਦੀ ਕੀਤੀ ਗਈ ਗਿ੍ਰਫਤਾਰੀ ਨਾਲ ਜੁੜਿਆ ਹੋਇਆ ਹੈ। ਸੀਬੀਆਈ ਵਲੋਂ 26 ਜੂਨ ਨੂੰ ਆਬਕਾਰੀ ਨੀਤੀ ਕੇਸ ਵਿਚ ਭਿ੍ਰਸ਼ਟਾਚਾਰ ਦੇ ਆਰੋਪਾਂ ਦੇ ਚੱਲਦਿਆਂ ਕੇਜਰੀਵਾਲ ਨੂੰ ਗਿ੍ਰਫਤਾਰ ਕੀਤਾ ਗਿਆ ਸੀ।  

 

‘ਹਰ ਘਰ ਤਿਰੰਗਾ’ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਯਾਦਗਾਰੀ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸਦੇ ਨਾਲ ਹੀ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਪਣੀ ਪ੍ਰੋਫਾਈਲ ਤਸਵੀਰ ਦੀ ਥਾਂ ਰਾਸ਼ਟਰੀ ਝੰਡਾ ਲਗਾਇਆ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।  ਪੀਐਮ ਮੋਦੀ ਨੇ ਸਾਰੇ ਵਿਅਕਤੀਆਂ ਨੂੰ ਅਜਿਹਾ ਕਰਨ ਦੀ ਅਪੀਲ ਵੀ ਕੀਤੀ ਹੈ। ਨਰਿੰਦਰ ਮੋਦੀ ਨੇ ਸ਼ੋਸ਼ਲ ਮੀਡੀਆ ’ਤੇ ਕਿਹਾ ਕਿ ਜਿਵੇਂ ਜਿਵੇਂ ਇਸ ਸਾਲ ਦਾ ਆਜ਼ਾਦੀ ਦਿਵਸ ਨੇੜੇ ਆ ਰਿਹਾ ਹੈ, ਆਓ ਫਿਰ ਤੋਂ ਹਰ ਘਰ ਤਿਰੰਗਾ ਅਭਿਆਨ ਨੂੰ ਇਕ ਯਾਦਗਾਰੀ ਲੋਕ ਲਹਿਰ ਬਣਾ ਦੇਈਏ। ਉਨ੍ਹਾਂ ਕਿਹਾ ਕਿ ਮੈਂ ਆਪਣੀ ਪ੍ਰੋਫਾਈਲ ਤਸਵੀਰ ਬਦਲ ਰਿਹਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹਾ ਕਰਕੇ ਤਿਰੰਗੇ ਦਾ ਸਨਮਾਨ ਕਰਨ ਲਈ ਮੇਰਾ ਸਾਥ ਦਿਓ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦੇਸ਼ ਭਰ ਵਿਚ ਪਾਰਟੀ ਵਰਕਰਾਂ ਨੂੰ ਰੈਲੀਆਂ ਕਰਨ ਲਈ ਕਿਹਾ ਹੈ। 

 

ਮਾਈਕਰੋ ਪਲਾਸਟਿਕ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਨੁਕਸਾਨਦਾਇਕ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿਚ ਵਿਕ ਰਹੇ ਹਰ ਬ੍ਰਾਂਡ ਦੇ ਨਮਕ ਅਤੇ ਚੀਨੀ ਦੇ ਪੈਕੇਟ ਵਿਚ ਮਾਈਕਰੋ ਪਲਾਸਟਿਕ ਮੌਜੂਦ ਹੈ। ਇਹ ਬ੍ਰਾਂਡ ਚਾਹੇ ਛੋਟੇ ਜਾਂ ਵੱਡੇ ਹੋਣ ਅਤੇ ਚਾਹੇ ਪੈਕ ਕੀਤੇ ਗਏ ਹੋਣ ਜਾਂ ਬਿਨਾ ਪੈਕ ਕੀਤੇ ਮਿਲ ਰਹੇ ਹੋਣ, ਸਾਰਿਆਂ ਵਿਚ ਮਾਈਕਰੋ ਪਲਾਸਟਿਕ ਦੇ ਟੁਕੜੇ ਮਿਲੇ ਹਨ। ਇਹ ਦਾਅਵਾ ਇਕ ਖੋਜ ਦੌਰਾਨ ਕੀਤਾ ਗਿਆ ਹੈ। ‘ਮਾਈਕਰੋ ਪਲਾਸਟਿਕਸ ਇਨ ਸਾਲਟ ਐਂਡ ਸ਼ੂਗਰ’ ਨਾਮ ਦੀ ਇਸ ਸਟੱਡੀ ਨੂੰ ਟੋਕਸਿਕਸ ਲਿੰਕ ਨਾਮ ਦੀ ਵਾਤਾਵਰਣ ਖੋੇਜ ਸੰਸਥਾ ਨੇ ਤਿਆਰ ਕੀਤਾ ਹੈ। ਇਸ ਸੰਗਠਨ ਨੇ ਟੇਬਲ ਸਾਲਟ, ਰੌਕ ਸਾਲਟ, ਸਮੁੰਦਰੀ ਨਮਕ ਅਤੇ ਸਥਾਨਕ ਕੱਚੇ ਨਮਕ ਸਣੇ 10 ਪ੍ਰਕਾਰ ਦੇ ਨਮਕ ਅਤੇ ਔਨਲਾਈਨ ਤੇ ਸਥਾਨਕ ਬਜ਼ਾਰਾਂ ਵਿਚੋਂ ਖਰੀਦੀ ਗਈ ਪੰਜ ਪ੍ਰਕਾਰ ਦੀ ਚੀਨੀ ਦਾ ਟੈਸਟ ਕਰਨ ਤੋਂ ਬਾਅਦ ਇਸ ਸਟੱਡੀ ਨੂੰ ਪੇਸ਼ ਕੀਤਾ ਹੈ। ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਨਮਕ ਅਤੇ ਚੀਨੀ ਦੇ ਸਾਰੇ ਨਮੂਨਿਆਂ ਵਿਚ ਵੱਖ-ਵੱਖ ਤਰ੍ਹਾਂ ਦੇ ਮਾਈਕਰੋ ਪਲਾਸਟਿਕ ਸ਼ਾਮਲ ਸਨ। ਇਹ ਵੀ ਦੱਸਿਆ ਗਿਆ ਸਭ ਤੋਂ ਜ਼ਿਆਦਾ ਮਾਈਕਰੋ ਪਲਾਸਟਿਕਸ ਦੀ ਮਾਤਰਾ ਆਇਓਡੀਨ ਨਮਕ ਵਿਚ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਮਾਈਕਰੋ ਪਲਾਸਟਿਕ ਛੋਟੇ-ਛੋਟੇ ਪਲਾਸਟਿਕ ਦੇ ਕਣ ਹੁੰਦੇ ਹਨ, ਜੋ ਸਿਹਤ ਅਤੇ ਵਾਤਾਵਰਣ ਦੋਵਾਂ ਲਈ ਨੁਕਸਾਨਦਾਇਕ ਹਨ।

 

ਸਦਨ ਵਿਚ ਹਰ ਰੋਜ਼ ਹੋ ਰਿਹੈ ਮੇਰਾ ਅਪਮਾਨ : ਜਗਦੀਪ ਧਨਖੜ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 14ਵਾਂ ਦਿਨ ਸੀ। ਇਸਦੇ ਚੱਲਦਿਆਂ ਵਿਰੋਧੀ ਧਿਰਾਂ ਦੇ ਹੰਗਾਮੇ ਤੋਂ ਦੁਖੀ ਹੋ ਕੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਕਾਰਵਾਈ ਵਿਚਾਲੇ ਛੱਡ ਕੇ ਹੀ ਚਲੇ ਗਏ। ਧਿਆਨ ਰਹੇ ਕਿ ਚਰਚਾ ਦੇ ਦੌਰਾਨ ਟੀ.ਐਮ.ਸੀ. ਦੇ ਸੰਸਦ ਮੈਂਬਰ ਡੇਰਿਕ ਓਬ੍ਰਾਇਨ ਤੇਜ਼ ਆਵਾਜ਼ ਵਿਚ ਆਪਣੀ ਗੱਲ ਕਹਿਣ ਲੱਗੇ। ਇਸ ਦੌਰਾਨ ਸਭਾਪਤੀ ਜਗਦੀਪ ਧਨਖੜ ਗੁੱਸੇ ਵਿਚ ਆ ਗਏ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਜਿਸ ਅਹੁਦੇ ’ਤੇ ਹਾਂ, ਮੈਂ ਉਸਦੇ ਲਾਇਕ ਨਹੀਂ ਹਾਂ। ਸਭਾਪਤੀ ਨੇ ਕਿਹਾ ਕਿ ਸਦਨ ਵਿਚ ਕਈ ਸੀਨੀਅਰ ਆਗੂ ਹਾਜ਼ਰ ਹਨ, ਪਰ ਉਨ੍ਹਾਂ ਦੀ ਮੌਜੂਦਗੀ ਵਿਚ ਉਨ੍ਹਾਂ ਦੀ ਪਾਰਟੀ ਦੇ ਹੀ ਮੈਂਬਰ ਸਭਾਪਤੀ ਅਹੁਦੇ ਦਾ ਅਪਮਾਨ ਕਰਦੇ ਹਨ। ਧਨਖੜ ਨੇ ਕਿਹਾ ਕਿ ਅਜਿਹੇ ਵਿਚ ਮੈਂ ਆਪਣੇ ਆਪ ਨੂੰ ਇਥੇ ਸਹਿਜ ਮਹਿਸੂਸ ਨਹੀਂ ਕਰ ਰਿਹਾ। ਇਹ ਕਹਿ ਕੇ ਉਹ ਸੀਟ ਛੱਡ ਕੇ ਚਲੇ ਗਏ ਅਤੇ ਉਪ-ਪ੍ਰਧਾਨ ਹਰਿਵੰਸ਼ ਨੇ ਰਾਜ ਸਭਾ ਦੀ ਕਾਰਵਾਈ ਨੂੰ ਅੱਗੇ ਵਧਾਇਆ। 

  

 

380 ਕੇਸ ਅਜੇ ਵੀ ਕੇਂਦਰ ਸਰਕਾਰ ਕੋਲ ਪੈਂਡਿੰਗ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਫਗਾਨਿਸਤਾਨ ਵਿਚ 1992 ’ਚ ਪਹਿਲੀ ਅਫਗਾਨੀ ਖੱਬੇਪੱਖੀ ਸਰਕਾਰ ਦੇ ਡਿੱਗਣ ਤੋਂ ਬਾਅਦ ਭਾਰਤ ਵਿਚ ਦਾਖਲ ਹੋਣ ਵਾਲੇ 400 ਅਫਗਾਨੀ ਸਿੱਖਾਂ ਵਿਚੋਂ 20 ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਤਹਿਤ ਭਾਰਤੀ ਨਾਗਰਿਕਤਾ ਮਿਲ ਗਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸਿੱਖਾਂ ਨੇ ਅੰਮਿ੍ਰਤਸਰ, ਜਲੰਧਰ ਅਤੇ ਲੁਧਿਆਣਾ ਵਿਚ ਰਿਹਾਇਸ਼ ਕੀਤੀ ਹੈ। ਹਾਲਾਂਕਿ ਅਜੇ ਵੀ ਇਸ ਸਬੰਧੀ 380 ਕੇਸ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਪਏ ਹੋਏ ਹਨ। ਜਿਨ੍ਹਾਂ ਅਫਗਾਨੀ ਸਿੱਖ ਪਰਿਵਾਰਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ, ਉਨ੍ਹਾਂ ਦਾ ਦੱਸਣਾ ਸੀ ਕਿ 32 ਸਾਲ ਪਹਿਲਾਂ 1992 ਵਿਚ ਅਫਗਾਨਿਸਤਾਨ ਦਾ ਮਾਹੌਲ ਖਰਾਬ ਹੋਣ ਤੋਂ ਬਾਅਦ ਕਰੀਬ 400 ਅਫਗਾਨੀ ਸਿੱਖ ਭਾਰਤ ਆ ਗਏ ਸਨ। ਇਨ੍ਹਾਂ ਵਿਚੋਂ ਕਈ ਅੰਮਿ੍ਰਤਸਰ, ਜਲੰਧਰ ਅਤੇ ਲੁਧਿਆਣਾ ਵਿਚ ਵਸ ਗਏ ਅਤੇ ਕਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਹਨ। ਧਿਆਨ ਰਹੇ ਕਿ ਭਾਰਤ ਵਿਚ ਸ਼ਰਣ ਲੈਣ ਵਾਲੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਰਹਿਣ ਦੇ ਲਈ ਆਪਣੇ ਵੀਜ਼ੇ ਦੀ ਮਿਆਦ ਵਧਾਉਣੀ ਪੈਂਦੀ ਹੈ।

 

ਭੱਟਾਚਾਰੀਆ ਨੇ ਪਦਮ ਭੂਸ਼ਣ ਸਨਮਾਨ ਲੈਣ ਤੋਂ ਕਰ ਦਿੱਤਾ ਸੀ ਇਨਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼

ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਪੀਆਈ (ਐਮ) ਦੇ ਨੇਤਾ ਬੁੱਧਦੇਵ ਭੱਟਾਚਾਰੀਆ ਦਾ ਅੱਜ ਵੀਰਵਾਰ ਨੂੰ ਦਿਹਾਂਤ ਹੋ ਗਿਆ। ਸਾਬਕਾ ਸੀ.ਐਮ. ਨੇ 80 ਸਾਲ ਦੀ ਉਮਰ ਵਿਚ ਕੋਲਕਾਤਾ ਸਥਿਤ ਆਪਣੇ ਘਰ ’ਚ ਆਖਰੀ ਸਾਹ ਲਿਆ। ਸੀਪੀਆਈ (ਐਮ) ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਬੁੱਧਦੇਵ ਭੱਟਾਚਾਰੀਆ ਦੇ ਦਿਹਾਂਤ ਸਬੰਧੀ ਪੁਸ਼ਟੀ ਕੀਤੀ ਹੈ। ਬੁੱਧਦੇਵ ਭੱਟਾਚਾਰੀਆ ਪਿਛਲੇ ਸਮੇਂ ਬਿਮਾਰ ਚੱਲ ਰਹੇ ਸਨ ਅਤੇ ਵਧਦੀ ਉਮਰ ਦੇ ਨਾਲ-ਨਾਲ ਕਈ ਸਮੱਸਿਆਵਾਂ ਨਾਲ ਜੂਝ ਰਹੇ ਸਨ। ਭੱਟਾਚਾਰੀਆ ਨੂੰ ਪੱਛਮੀ ਬੰਗਾਲ ਦੀ ਔਰਗੈਨਿਕ ਕ੍ਰਾਂਤੀ ਦੇ ਲਈ ਵੀ ਜਾਣਿਆ ਜਾਂਦਾ ਹੈ। ਸਾਲ 2022 ਵਿਚ ਬੁੱਧਦੇਵ ਭੱਟਾਚਾਰੀਆ ਨੂੰ ਪਦਮ ਭੂਸ਼ਣ ਸਨਮਾਨ ਦੇਣ ਦਾ ਐਲਾਨ ਵੀ ਹੋਇਆ ਸੀ, ਪਰ ਉਨ੍ਹਾਂ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.