Friday, 12 June 2026

ਕਤਲ ਦੇ ਮਾਮਲੇ ਵਿਚ ਦੋਸ਼ੀ ਹੈ ਕਾਂਗਰਸੀ ਆਗੂ ਸੱਜਣ ਕੁਮਾਰ

ਨਵੀਂ ਦਿੱਲੀ/ਬਿਊਰੋ ਨਿਊਜ਼  

ਦਿੱਲੀ ’ਚ 1984 ਦੇ ਸਿੱਖ ਕਤਲੇਆਮ ਦੌਰਾਨ ਹੋਏ ਦੋ ਕਤਲ ਦੇ ਮਾਮਲਿਆਂ ਵਿਚ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਮੰਗਲਵਾਰ ਨੂੰ ਬਹਿਸ ਤੋਂ ਬਾਅਦ 21 ਫਰਵਰੀ ਲਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਤੋਂ ਪਹਿਲਾਂ ਲੰਘੀ 12 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ 18 ਫਰਵਰੀ ਨੂੰ ਦੋਵਾਂ ਧਿਰਾਂ ਵਿਚਾਲੇ ਅੰਤਿਮ ਬਹਿਸ ਲਈ ਸਮਾਂ ਦਿੱਤਾ ਸੀ। ਇਸਦੇ ਚੱਲਦਿਆਂ ਅੱਜ ਬਹਿਸ ਤੋਂ ਬਾਅਦ ਅਦਾਲਤ ਨੇ 21 ਫਰਵਰੀ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਕੀਤਾ ਹੈ। ਧਿਆਨ ਰਹੇ ਕਿ ਇਹ ਮਾਮਲਾ 1 ਨਵੰਬਰ 1984 ਦਾ ਹੈ। ਜਿਸ ਦੌਰਾਨ ਦਿੱਲੀ ਦੇ ਸਰਸਵਤੀ ਵਿਹਾਰ ਵਿਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। 

 

ਮੁਫਤ ਦੀਆਂ ਯੋਜਨਾਵਾਂ ਨਾਲ ਲੋਕਾਂ ’ਚ ਕੰਮ ਦੀ ਇੱਛਾ ਨਹੀਂ ਰਹਿੰਦੀ: ਸੁਪਰੀਮ ਕੋਰਟ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ, ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਦੁਆਰਾ ਦਿੱਤੇ ਗਏ ਮੁਫਤ ਤੋਹਫ਼ਿਆਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਭਾਰਤੀ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਕੰਮ ਕਰਨ ਦੀ ਇੱਛਾ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਮੁਫਤ ਰਾਸ਼ਨ ਅਤੇ ਪੈਸੇ ਮਿਲਦੇ ਰਹਿਣਗੇ। ਮਾਨਯੋਗ ਜਸਟਿਸ ਬੀ.ਆਰ. ਗਵਈ ਅਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਸ਼ਹਿਰੀ ਖੇਤਰਾਂ ਵਿਚ ਬੇਘਰ ਲੋਕਾਂ ਨੂੰ ਆਸਰਾ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਬਦਕਿਸਮਤੀ ਨਾਲ, ਮੁਫ਼ਤ ਸਕੀਮਾਂ ਕਾਰਨ, ਲੋਕ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਕੋਈ ਕੰਮ ਕੀਤੇ ਪੈਸੇ ਮਿਲ ਰਹੇ ਹਨ। ਬੈਂਚ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਅਸੀਂ ਬੇਘਰ ਲੋਕਾਂ ਲਈ ਤੁਹਾਡੀ ਚਿੰਤਾ ਦੀ ਕਦਰ ਕਰਦੇ ਹਾਂ, ਪਰ ਕੀ ਇਹ ਬਿਹਤਰ ਨਹੀਂ ਹੋਵੇਗਾ ਜੇਕਰ ਇਨ੍ਹਾਂ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਮੌਕਾ ਵੀ ਮਿਲੇ। 

ਨਵੀਂ ਦਿੱਲੀ/ਬਿਊਰੋ ਨਿਊਜ਼

ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਨੂੰ ਆਪਣਾ ਦੁਸ਼ਮਣ ਮੰਨਣਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਖਤਰੇ ਨੂੰ ਅਕਸਰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਧਰ ਦੂੁਜੇ ਪਾਸੇ ਕਾਂਗਰਸ ਪਾਰਟੀ ਨੇ ਸੈਮ ਪਿਤਰੋਦਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੈਮ ਪਿਤਰੋਦਾ ਵਲੋਂ ਚੀਨ ਸਬੰਧੀ ਦਿੱਤੇ ਗਏ ਵਿਚਾਰ ਕਾਂਗਰਸ ਦੇ ਵਿਚਾਰ ਨਹੀਂ ਹਨ ਅਤੇ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ। 

ਮਹਾਂਕੁੰਭ ਵਿਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਹੋਈ 45 ਕਰੋੜ ਤੋਂ ਪਾਰ 

ਪ੍ਰਯਾਗਰਾਜ/ਬਿਊਰੋ ਨਿਊਜ਼  

ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਮਹਾਂਕੁੰਭ ’ਚ ਇਸ਼ਨਾਨ ਕਰਨ ਲਈ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸਦੇ ਚੱਲਦਿਆਂ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਆਵਾਜਾਈ ਦੀ ਵਿਵਸਥਾ ਵੀ ਗੜਬੜਾ ਗਈ ਹੈ ਅਤੇ ਪ੍ਰਯਾਗਰਾਜ ਵੱਲ ਆਉਣ ਵਾਲੇ ਹਰ ਰਸਤੇ ’ਤੇ ਲੰਮੇ ਲੰਮੇ ਜਾਮ ਲੱਗ ਰਹੇ ਹਨ। ਇਸਦੇ ਚੱਲਦਿਆਂ ਜ਼ਿਆਦਾ ਟਰੈਫਿਕ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਿਹਾ ਹੈ। ਪ੍ਰਯਾਗਰਾਜ ਵਿਚ ਕਮਰਸ਼ੀਅਲ ਵਾਹਨਾਂ ਦੀ ਐਂਟਰੀ ਨਹੀਂ ਹੋ ਰਹੀ ਅਤੇ ਇਸ ਕਰਕੇ ਦੁੱਧ, ਬਰੈਡ, ਸਬਜ਼ੀਆਂ ਅਤੇ ਲੋੜੀਂਦੇ ਘਰੇਲੂ ਵਰਤੋਂ ਦੇ ਸਮਾਨ ਦੀ ਵੀ ਕਮੀ ਮਹਿਸੂਸ ਹੋ ਰਹੀ ਹੈ। ਇਸੇ ਦੌਰਾਨ ਅੱਜ ਮੰਗਲਵਾਰ ਨੂੰ ਮਹਾਂਕੁੰਭ ਵਿਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 45 ਕਰੋੜ ਨੂੰ ਪਾਰ ਕਰ ਗਈ। ਮਹਾਂਕੁੰਭ ਵਿਚ ਅਜੇ 15 ਦਿਨ ਅਤੇ ਦੋ ਮਹੱਤਵਪੂਰਨ ਇਸ਼ਨਾਨ ਉਤਸਵ ਬਾਕੀ ਹਨ ਅਤੇ ਉਮੀਦ ਹੈ ਕਿ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 50-55 ਕਰੋੜ ਤੋਂ ਵੀ ਵੱਧ ਹੋ ਸਕਦੀ ਹੈ।

 

ਭੂਚਾਲ ਦਾ ਕੇਂਦਰ ਨਵੀਂ ਦਿੱਲੀ ਦੱਸਿਆ ਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ-ਐਨਸੀਆਰ ਵਿਚ ਅੱਜ ਸੋਮਵਾਰ ਸਵੇਰੇ ਕਰੀਬ ਸਾਢੇ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਢਾਈ ਘੰਟੇ ਬਾਅਦ ਸਵੇਰੇ 8 ਵਜੇ ਬਿਹਾਰ ਦੇ ਸਿਵਾਨ ਵਿਚ ਵੀ ਭੂਚਾਲ ਦੇ ਝਟਕੇ ਲੱਗੇ। ਇਨ੍ਹਾਂ ਦੋਵੇਂ ਸਥਾਨਾਂ ’ਤੇ ਭੂਚਾਲ ਦੇ ਝਟਕਿਆਂ ਦੀ ਗਤੀ 4 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ ਅਤੇ ਇਸਦੀ ਡੂੰਘਾਈ ਪੰਜ ਕਿਲੋਮੀਟਰ ਦੱਸੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸਦੀ ਜਾਣਕਾਰੀ ਦਿੱਤੀ ਹੈ। ਇਸ ਭੂਚਾਲ ਦੇ ਝਟਕਿਆਂ ਕਾਰਨ ਦਿੱਲੀ, ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ ਸਨ, ਹਾਲਾਂਕਿ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ’ਚ ਹੋਇਆ ਖੁਲਾਸਾ

ਨਵੀਂ ਦਿੱਲੀ/ਬਿਊਰੋ ਨਿਊਜ਼

ਪੰਜਾਬ ਵਿਚ ਟਰੈਵਲ ਏਜੰਟਾਂ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਇਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਸੂਬੇ ਵਿਚ ਸਿਰਫ 212 ਹੀ ਅਜਿਹੇ ਟਰੈਵਲ ਏਜੰਟ ਹਨ, ਜਿਨ੍ਹਾਂ ਕੋਲ ਮਾਨਤਾ ਪ੍ਰਾਪਤ ਲਾਇਸੈਂਸ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ 92 ਪ੍ਰਤੀਸ਼ਤ ਟਰੈਵਲ ਏਜੰਟ ਗੈਰਕਾਨੂੰਨੀ ਰੂਪ ਵਿਚ ਕੰਮ ਕਰ ਰਹੇ ਹਨ ਅਤੇ 8 ਪ੍ਰਤੀਸ਼ਤ ਹਨ, ਜਿਹੜੇ ਕਿ ਕੇਂਦਰੀ ਗਾਈਡ ਲਾਈਨ ਦੇ ਅੰਡਰ ਆਉਂਦੇ ਹਨ। ਇਨ੍ਹਾਂ ਵੀ ਦੱਸਿਆ ਗਿਆ ਕਿ 212 ਵਿਚੋਂ ਵੀ ਕਰੀਬ 65 ਲਾਇਸੈਂਸਾਂ ਦੀ ਮਿਆਦ ਰੱਦ ਹੋ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਆਪਣੇ ਪੱਧਰ ’ਤੇ ਰੱਦ ਕਰ ਚੁੱਕੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ 8 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿਚ ਇਕ ਵੀ ਟਰੈਵਲ ਏਜੰਟ ਰਜਿਸਟਰਡ ਨਹੀਂ ਹੈ, ਪਰ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਗੈਰਕਾਨੂੰਨੀ ਰੂਪ ਵਿਚ ਟਰੈਵਲ ਏਜੰਟਾਂ ਦਾ ਕੰਮ ਚੱਲ ਰਿਹਾ ਹੈ। ਉਧਰ ਦੂਜੇ ਪਾਸੇ ਕੇਂਦਰ ਸਰਕਾਰ ਗੁਜਰਾਤ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ਵਿਚ ਸਭ ਤੋਂ ਜ਼ਿਆਦਾ ਫਰਜ਼ੀ ਟਰੈਵਲ ਏਜੰਟ ਕੰਮ ਕਰ ਰਹੇ ਹਨ।   

 

ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਹਨ ਜੇਪੀ ਨੱਡਾ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਮਾਰਚ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ। ਹੋਲੀ ਯਾਨੀ ਕਿ 14 ਮਾਰਚ ਤੋਂ ਪਹਿਲਾਂ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਇਸ ਵਾਰ ਭਾਜਪਾ ਪ੍ਰਧਾਨ ਦੇ ਲਈ ਦੱਖਣੀ ਭਾਰਤ ਤੋਂ ਕਿਸੇ ਨੇਤਾ ਦੇ ਨਾਮ ’ਤੇ ਸਹਿਮਤੀ ਬਣ ਸਕਦੀ ਹੈ, ਕਿਉਂਕਿ ਭਾਜਪਾ ਦਾ ਫੋਕਸ ਹੁਣ ਦੱਖਣੀ ਸੂਬਿਆਂ ’ਤੇ ਹੋਵੇਗਾ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੇ ਆਖੀਰ ਤੱਕ 18 ਸੂਬਿਆਂ ਦੇ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਭਾਜਪਾ ਦੇ ਇਕ ਆਗੂ ਦੇ ਦੱਸਣ ਮੁਤਾਬਕ ਪਾਰਟੀ ਮੌਜੂੁਦਾ ਪ੍ਰਧਾਨ ਜੇਪੀ ਨੱਢਾ ਨੂੰ ਇਕ ਹੋਰ ਕਾਰਜਕਾਲ ਦੇਣ ਦੀ ਥਾਂ ਨਵਾਂ ਪਾਰਟੀ ਪ੍ਰਧਾਨ ਚੁਣੇਗੀ। ਹਾਲਾਂਕਿ ਭਾਜਪਾ ਦੇ ਸੰਵਿਧਾਨ ਮੁਤਾਬਕ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਕੋਈ ਵਿਅਕਤੀ ਲਗਾਤਾਰ ਦੋ ਟਰਮ ਦੇ ਲਈ ਚੁਣਿਆ ਜਾ ਸਕਦਾ ਹੈ।  

ਯੂਪੀ ਦੀ ਰਾਜਪਾਲ ਅਤੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਦਾ ਕੀਤਾ ਸਵਾਗਤ

ਪ੍ਰਯਾਗਰਾਜ/ਬਿਊਰੋ ਨਿਊਜ਼

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੋਮਵਾਰ ਨੂੰ ਮਹਾਂਕੁੰਭ ਮੇਲੇ ਦੌਰਾਨ ਤਿ੍ਰਵੇਣੀ ਦੇ ਸੰਗਮ ਉੱਤੇ ਆਸਥਾ ਦੀ ਡੁਬਕੀ ਲਾਈ। ਇਸ ਦੌਰਾਨ ਘਾਟ ’ਤੇ ਸਖ਼ਤ ਸੁਰੱਖਿਆ  ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ ਪ੍ਰਯਾਗਰਾਜ ਹਵਾਈ ਅੱਡੇ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਸਵਾਗਤ ਕੀਤਾ। ਮੁਰਮੂ ਨੇ ਤਿ੍ਰਵੇਣੀ ਦੇ ਸੰਗਮ ’ਤੇ ਪਰਵਾਸੀ ਪੰਛੀਆਂ ਨੂੰ ਚੋਗਾ ਵੀ ਪਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਪਰਿਵਾਰ ਨਾਲ ਸੰਗਮ ਦੇ ਘਾਟ ’ਤੇ ਇਸ਼ਨਾਨ ਕੀਤਾ।  ਦੱਸਣਯੋਗ ਹੈ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਵੀ ਮਹਾਂਕੁੰਭ ਦੌਰਾਨ ਇਸ਼ਨਾਨ ਕੀਤਾ ਸੀ।

ਨੈਸ਼ਨਲ ਲਿਟਰੇਸੀ ਟਰੱਸਟ ਦੇ ਅਧਿਐਨ ’ਚ ਹੋਇਆ ਖੁਲਾਸਾ

ਜਲੰਧਰ/ਬਿਊਰੋ ਨਿਊਜ਼

ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਪੜ੍ਹਨ ਦੀ ਆਦਤ ਤੋਂ ਦੂਰ ਕਰ ਦਿੱਤਾ ਹੈ। ਨੈਸ਼ਨਲ ਲਿਟਰੇਸੀ ਟਰੱਸਟ ਦੇ ਤਾਜ਼ਾ ਅਧਿਐਨ ਨੇ ਭਾਰਤ ਵਿੱਚ ਬੱਚਿਆਂ ’ਚ ਪੜ੍ਹਨ ਦੀਆਂ ਆਦਤਾਂ ਵਿੱਚ ਚਿੰਤਾਜਨਕ ਗਿਰਾਵਟ ਦਾ ਖੁਲਾਸਾ ਕੀਤਾ। ਸਰਵੇਖਣ ਅਨੁਸਾਰ 8 ਤੋਂ 18 ਸਾਲ ਦੀ ਉਮਰ ਦੇ ਸਿਰਫ 34.6 ਫੀਸਦੀ ਬੱਚੇ ਹੀ ਆਪਣੇ ਖਾਲੀ ਸਮੇਂ ਵਿੱਚ ਪੜ੍ਹਨ ਦਾ ਆਨੰਦ ਲੈਂਦੇ ਹਨ, ਜੋ ਪਿਛਲੇ ਸਾਲਾਂ ਨਾਲੋਂ ਬਹੁਤ ਘੱਟ ਹੈ। ਮਾਹਿਰ ਚਿਤਾਵਨੀ ਦਿੰਦੇ ਹਨ ਕਿ ਇਹ ਗਿਰਾਵਟ ਸਿਰਫ ਕਿਤਾਬਾਂ ਬਾਰੇ ਨਹੀਂ ਹੈ, ਇਹ ਨੌਜਵਾਨ ਪੀੜ੍ਹੀ ਵਿੱਚ ਸਮਾਜਿਕ ਰੁਝੇਵਿਆਂ ’ਚ ਇੱਕ ਵਿਆਪਕ ਤਬਦੀਲੀ ਨੂੰ ਦਰਸਾਉਂਦੀ ਹੈ। ਇਸ ਗਿਰਾਵਟ ਦਾ ਮੁਕਾਬਲਾ ਕਰਨ ਲਈ ਸਖਤ ਨਿਯਮਾਂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ, ਇੱਥੋਂ ਤੱਕ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ ਸਮਾਰਟਫੋਨਾਂ ’ਤੇ ਪਾਬੰਦੀ ਦਾ ਵੀ ਸੁਝਾਅ ਦਿੱਤਾ ਗਿਆ। ਇਸ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਪੜ੍ਹਨ ਦੀਆਂ ਆਦਤਾਂ ਨੂੰ ਮੁੜ ਸੁਰਜੀਤ ਕਰਨ ਲਈ ਢਾਂਚਾਗਤ ਤਬਦੀਲੀਆਂ ਦੀ ਲੋੜ ਹੈ।

ਕਿਹਾ : ਭਾਰਤ-ਅਮਰੀਕਾ ਸਹਿਯੋਗ ਦੀਆਂ ਕਾਮਯਾਬੀਆਂ ਨੂੰ ਅੱਗੇ ਵਧਾਉਣ ਦਾ ਮੌਕਾ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਅਮਰੀਕਾ ਦੇ ਦੌਰੇ ’ਤੇ ਚਲੇ ਗਏ ਹਨ। ਪੀਐਮ ਮੋਦੀ ਪਹਿਲਾਂ ਦੋ ਦਿਨ ਅੱਜ ਅਤੇ ਕੱਲ੍ਹ ਫਰਾਂਸ ਵਿਚ ਰਹਿਣਗੇ ਅਤੇ ਫਿਰ ਦੋ ਦਿਨ 13 ਅਤੇ 14 ਫਰਵਰੀ ਨੂੰ ਅਮਰੀਕਾ ਵਿਚ ਰਹਿਣਗੇ। ਫਰਾਂਸ ਅਤੇ ਅਮਰੀਕਾ ਦੀ ਆਪਣੀ ਫੇਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ਇਹ ਦੌਰਾ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਲਈ ਇੱਕ ਏਜੰਡਾ ਵਿਕਸਤ ਕਰਨ ਵਿੱਚ ਵੀ ਮਦਦ ਕਰੇਗਾ। ਪੀਐਮ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦੋਵਾਂ ਮੁਲਕਾਂ ਵਿਚਕਾਰ ਸਹਿਯੋਗ ਵਿੱਚ ਮਿਲੀਆਂ ਸਫਲਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਟਰੰਪ ਦੇ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਵੇਗੀ।

ਅਮਰੀਕੀ ਜਹਾਜ਼ ਦੇ ਇਸ ਹਫਤੇ ਭਾਰਤ ਪੁੱਜਣ ਦੀ ਉਮੀਦ

ਅੰਮਿ੍ਰਤਸਰ/ਬਿਊਰੋ ਨਿਊਜ਼

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਦੌਰਾਨ ਅਮਰੀਕਾ ਤੋਂ 150 ਤੋਂ ਵੱਧ ਹੋਰ ਗੈਰਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਲੰਘੀ 5 ਫਰਵਰੀ ਨੂੰ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ 104 ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਿਆ ਸੀ। ਗੈਰਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਡਿਪੋਰਟ ਕਰਨ ਸਬੰਧੀ ਰਿਪੋਰਟਾਂ ਦੀ ਭਾਵੇਂ ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਦੀ ਵਤਨ ਵਾਪਸੀ ਇਸੇ ਹਫਤੇ ਹੋ ਸਕਦੀ ਹੈ। ਡਿਪੋਰਟ ਕੀਤੇ ਭਾਰਤੀ ਪਰਵਾਸੀਆਂ ਦੇ ਪਹਿਲੇ ਬੈਚ ਵਾਲਾ ਜਹਾਜ਼ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ ਸੀ। ਹੁਣ ਦੂਜੇ ਬੈਚ ਵਾਲਾ ਜਹਾਜ਼ ਕਿੱਥੇ ਉਤਰੇਗਾ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।  

ਪਾਕਿ ਦੇ ਘੁਸਪੈਠੀਆਂ ਦਾ ਮਕਸਦ ਭਾਰਤੀ ਪੋਸਟ ਨੂੰ ਨਿਸ਼ਾਨਾ ਬਣਾਉਣਾ ਸੀ

ਨਵੀਂ ਦਿੱਲੀ/ਬਿਊੁਰੋ ਨਿਊਜ਼

ਭਾਰਤੀ ਫੌਜ ਨੇ 7 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਚ 2 ਜਾਂ 3 ਪਾਕਿਸਤਾਨੀ ਫੌਜ ਦੇ ਜਵਾਨ ਵੀ ਦੱਸੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਇਹ ਘਟਨਾ ਲੰਘੀ ਚਾਰ-ਪੰਜ ਫਰਵਰੀ ਦੀ ਰਾਤ ਦੀ ਹੈ, ਜਦੋਂ ਐਲ.ਓ.ਸੀ. ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕ੍ਰਿਸ਼ਨਾ ਘਾਟੀ ਦੇ ਨੇੜੇ ਇਹ ਘਟਨਾ ਹੋਈ ਹੈ ਅਤੇ ਇਨ੍ਹਾਂ ਘੁਸਪੈਠੀਆਂ ਦਾ ਮਕਸਦ ਭਾਰਤੀ ਪੋਸਟ ਨੂੰ ਨਿਸ਼ਾਨਾ ਬਣਾਉਣਾ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.