Saturday, 18 April 2026

 

ਕਾਂਗਰਸ ਦਾ ਦਾਅਵਾ : ਇਕ ਹਜ਼ਾਰ ਕਰੋੜ ਰੁਪਏ ਦੀ ਹੋਈ ਹੇਰਾਫੇਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਰਨਾਟਕ ਵਿਚ ਮੁੱਖ ਮੰਤਰੀ ਸਿਧਾਰਮੱਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਾਬਕਾ ਭਾਜਪਾ ਸਰਕਾਰ ’ਤੇ ਕੋਵਿਡ ਦੌਰਾਨ ਮਿਲੇ ਫੰਡਾਂ ਵਿਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਆਰੋਪ ਲਗਾਇਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਕੋਵਿਡ ਦੇ ਦੌਰਾਨ ਸੂਬੇ ਨੂੰ ਕੁੱਲ 13 ਹਜ਼ਾਰ ਕਰੋੜ ਰੁਪਏ ਦਾ ਫੰਡ ਮਿਲਿਆ ਸੀ। ਇਸ ਵਿਚੋਂ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੀ ਹੇਰਾਫੇਰੀ ਹੋਈ ਹੈ। ਉਸ ਸਮੇਂ ਕਰਨਾਟਕ ਵਿਚ ਬੀ.ਐਸ. ਯੇਦੀਯੂਰੱਪਾ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਸੀ। ਕਾਂਗਰਸ ਨੇ ਕੋਵਿਡ-19 ਮੈਨੇਜਮੈਂਟ ’ਤੇ ਜਸਟਿਸ ਜੌਨ ਮਾਈਕਲ ਡੀ ਕੁਲ੍ਹਾ ਕਮਿਸ਼ਨ ਦੀ ਮੁੱਢਲੀ ਜਾਂਚ ਰਿਪੋਰਟ ਦੇ ਹਵਾਲੇ ਨਾਲ ਇਸ ਘੁਟਾਲੇ ਦਾ ਦਾਅਵਾ ਕੀਤਾ ਹੈ। ਕਰਨਾਟਕ ਸਰਕਾਰ ਵਿਚ ਕਾਨੂੰਨ ਅਤੇ ਸੰਸਦੀ ਕਾਰਜ ਮੰਤਰੀ ਐਚ.ਕੇ. ਪਾਟਿਲ ਨੇ ਦੱਸਿਆ ਕਿ ਲੰਘੇ ਕੱਲ੍ਹ ਕੈਬਨਿਟ ਮੀਟਿੰਗ ਵਿਚ ਰਿਪੋਰਟ ’ਤੇ ਚਰਚਾ ਹੋਈ। ਰਿਪੋਰਟ ਵਿਚ ਕਿਹਾ ਗਿਆ ਕਿ ਕੋਵਿਡ ਫੰਡ ਨਾਲ ਜੁੜੀਆਂ ਕਈ ਫਾਈਲਾਂ ਗਾਇਬ ਹਨ, ਜਿਨ੍ਹਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਦੇ ਸਾਹਮਣੇ ਨਹੀਂ ਰੱਖਿਆ ਗਿਆ।  

 

ਸੰਜੇ ਸਿੰਘ ਨੇ ਈਡੀ ਦੀ ਰੇਡ ਨੂੰ ਦੱਸਿਆ ਤਾਨਾਸ਼ਾਹੀ

ਨਵੀਂ ਦਿੱਲੀ/ਬਿਊਰੋ ਨਿਊਜ਼

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੋਮਵਾਰ ਸਵੇਰੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ। ਈਡੀ, ਦਿੱਲੀ ਵਕਫ ਬੋਰਡ ਮਨੀ ਲਾਂਡਰਿੰਗ ਕੇਸ ਵਿਚ ਸਵੇਰੇ ਸਵਾ 8 ਵਜੇ ਅਮਾਨਤੁੱਲਾ ਖਾਨ ਦੇ ਘਰ ਪਹੁੰਚ ਗਈ ਸੀ ਅਤੇ ਪੁੱਛਗਿੱਛ ਕੀਤੀ ਹੈ। ਦਿੱਲੀ ਦੀ ਓਖਲਾ ਸੀਟ ਤੋਂ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ’ਤੇ ਆਰੋਪ ਹੈ ਕਿ ਉਨ੍ਹਾਂ ਨੇ ਦਿੱਲੀ ਵਕਫ ਬੋਰਡ ਦਾ ਪ੍ਰਧਾਨ ਰਹਿੰਦੇ ਹੋਏ 32 ਵਿਅਕਤੀਆਂ ਦੀ ਗੈਰਕਾਨੂੰਨੀ ਭਰਤੀ ਕਰਵਾਈ ਅਤੇ ਫੰਡਾਂ ਦਾ ਗਲਤ ਇਸਤੇਮਾਲ ਕੀਤਾ ਹੈ। ਜ਼ਿਕਰਯੋਗ ਹੈ ਕਿ ਈਡੀ ਪਹਿਲਾਂ ਵੀ ਦੋ ਵਾਰ ਅਮਾਨਤੁੱਲਾ ਖਾਨ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਉਧਰ ਦੂਜੇ ਪਾਸੇ ‘ਆਪ’ ਵਿਧਾਇਕ ਅਮਾਨਤੁੱਲਾ ਨੇ ਕਿਹਾ ਕਿ ਸਰਚ ਵਾਰੰਟ ਦੇ ਨਾਮ ’ਤੇ ਈਡੀ ਦਾ ਮਕਸਦ ਸਿਰਫ ਉਨ੍ਹਾਂ ਨੂੰ ਗਿ੍ਰਫਤਾਰ ਕਰਨਾ ਹੈ। ‘ਆਪ’ ਵਿਧਾਇਕ ਨੇ ਕਿਹਾ ਕਿ ਈਡੀ ਜਾਣਬੁੱਝ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਈਡੀ ਦੀ ਰੇਡ ਨੂੰ ਤਾਨਸ਼ਾਹੀ ਦੱਸਿਆ ਹੈ। 

 

 

 

  

 

ਭਾਰਤ ਅਤੇ ਸਿੰਗਾਪੁਰ ਵਿਚਾਲੇ ਹੋਏ ਕਈ ਸਮਝੌਤਿਆਂ ’ਤੇ ਹੋਏ ਦਸਤਖਤ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ’ਤੇ ਸਿੰਗਾਪੁਰ ਪਹੁੰਚੇ ਸਨ। ਇਸ ਦੌਰਾਨ ਪੀਐਮ ਮੋਦੀ ਸਿੰਗਾਪੁਰ ਦੀ ਸੰਸਦ ਵਿਖੇ ਵੀ ਪਹੁੰਚੇ। ਜਿੱਥੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ। ਪੀਐਮ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ ਅਤੇ ਮੇਰੇ ਵਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਕਿਹਾ ਕਿ ਸਿੰਗਾਪੁਰ ਸਿਰਫ ਇਕ ਸਹਾਇਕ ਦੇਸ਼ ਹੀ ਨਹੀਂ ਸਗੋਂ ਹਰ ਵਿਕਾਸਸ਼ੀਲ ਦੇਸ਼ ਲਈ ਪ੍ਰੇਰਨਾ ਸਰੋਤ ਹੈ। ਅਸੀਂ ਭਾਰਤ ਵਿਚ ਕਈ ਸਿੰਗਾਪੁਰ ਵੀ ਬਣਾਉਣਾ ਚਾਹੁੰਦੇ ਹਾਂ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਦਿਸ਼ਾ ਵਿਚ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ। ਭਾਰਤ ਅਤੇ ਸਿੰਗਾਪੁਰ ਨੇ ਸੈਮੀਕੰਡਕਟਰ, ਡਿਜੀਟਲ ਤਕਨੀਕ, ਸਿਹਤ ਸਹਿਯੋਗ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿਚ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ। ਸਮਝੌਤੇ ਅਨੁਸਾਰ ਦੋਵੇਂ ਦੇਸ਼ ਸੈਮੀਕੰਡਕਟਰ, ਕਲਸਟਰ ਡਿਵੈਲਪਮੈਂਟ, ਸੈਮੀਕੰਡਕਟਰ ਡਿਜ਼ਾਈਨਿੰਗ ਅਤੇ ਨਿਰਮਾਣ ’ਤੇ ਧਿਆਨ ਦੇਣਗੇ।

 

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਾ ਉਲੰਪਿਕ ਖੇਡਾਂ ਵਿਚ ਹੁਣ ਤੱਕ ਦੇ ਤਗਮਾ ਜੇਤੂ ਭਾਰਤੀ ਖਿਡਾਰੀਆਂ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਇਨ੍ਹਾਂ ਵਿਚ ਮੋਨਾ ਅਗਰਵਾਲ, ਪ੍ਰੀਤੀ ਪਾਲ, ਮਨੀਸ਼ ਨਰਵਾਲ ਅਤੇ ਰੁਬੀਨਾ ਫਰਾਂਸਿਸ ਸ਼ਾਮਿਲ ਸਨ। ਉਨ੍ਹਾਂ ਨੇ ਹਰੇਕ ਜੇਤੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। 

 

 

 

 

  

ਭਾਰਤ ਅਤੇ ਬਰੂਨੇਈ ਵਿਚਕਾਰ ਰਾਜਨੀਤਕ ਸਬੰਧਾਂ ਨੂੰ ਹੋਏ 40 ਸਾਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦਾਰੂਸਲਮ ਅਤੇ ਸਿੰਗਾਪੁਰ ਦੇ ਤਿੰਨ ਦਿਨਾਂ ਸਰਕਾਰੀ ਦੌਰੇ ਲਈ ਚਲੇ ਗਏ ਹਨ। ਸੁਲਤਾਨ ਹਾਜੀ ਹਸਨਲ ਬੋਲਕੀਆ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਬਰੂਨੇਈ ਦਾਰੂਸਲਮ ਦਾ ਦੌਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਬਰੂਨੇਈ ਯਾਤਰਾ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਭਾਰਤ ਅਤੇ ਬਰੂਨੇਈ ਵਿਚਕਾਰ ਰਾਜਨੀਤਕ ਸਬੰਧਾਂ ਨੂੰ 40 ਸਾਲ ਪੂਰੇ ਹੋ ਗਏ ਹਨ ਅਤੇ ਇਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਵਲੋਂ ਬਰੂਨੇਈ ਦਾ ਦੌਰਾ ਕੀਤਾ ਜਾ ਰਿਹਾ ਹੈ।  ਇਸ ਤੋਂ ਬਾਅਦ ਉਹ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਸੱਦੇ ’ਤੇ ਸਿੰਗਾਪੁਰ ਦੀ ਯਾਤਰਾ ਕਰਨਗੇ। ਇਹ ਯਾਤਰਾ 4 ਤੇ 5 ਸਤੰਬਰ ਨੂੰ ਤੈਅ ਕੀਤੀ ਗਈ ਹੈ।

 

ਤੇਲ ਕੰਪਨੀਆਂ ਨੇ ਹਵਾਈ ਜਹਾਜ਼ਾਂ ਦੇ ਤੇਲ ਦੀ ਕੀਮਤ ਘਟਾਈ

ਨਵੀਂ ਦਿੱਲੀ/ਬਿਊਰੋ ਨਿਊਜ਼

ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਤੋਂ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 39 ਰੁਪਏ ਵਧਾ ਦਿੱਤੀ ਹੈ। ਇਸ ਵਾਧੇ ਨਾਲ ਦਿੱਲੀ ਵਿਚ 19 ਕਿਲੋ ਦੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ਵਧ ਕੇ 1691.50 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਬੀਤੀ 1 ਜੁਲਾਈ ਨੂੰ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਰਾਹਤ ਦੇਣ ਦੇ ਮਨਸ਼ੇ ਨਾਲ ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀ ਕੀਮਤ ਵਿਚ ਕਟੌਤੀ ਕੀਤੀ ਸੀ। ਉਦੋਂ 19 ਕਿਲੋ ਦੇ ਸਿਲੰਡਰ ਦੀ ਕੀਮਤ 30 ਰੁਪਏ ਘਟਾਈ ਗਈ ਸੀ। ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ ਹਵਾਈ ਜਹਾਜ਼ਾਂ ਵਿਚ ਵਰਤੇ ਜਾਂਦੇ ਬਾਲਣ ਭਾਵ ਜੈੱਟ ਫਿਊੁਲ ਜਾਂ ਏਟੀਐੱਫ ਦੀ ਕੀਮਤ 4.6 ਫ਼ੀਸਦੀ ਘਟਾਈ ਹੈ। ਇਸ ਕਟੌਤੀ ਨਾਲ ਕੌਮੀ ਰਾਜਧਾਨੀ ਵਿਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ਪ੍ਰਤੀ ਕਿਲੋਲਿਟਰ 4495.5 ਰੁਪਏ ਘਟ ਕੇ 93,480.22 ਰੁਪਏ ਉਤੇ ਆ ਗਈ ਹੈ।

 

ਸਮਾਜ ਦੇ ਵਿਕਾਸ ਲਈ ਇਸ ਨੂੰ ਦੱਸਿਆ ਜ਼ਰੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਆਰ.ਐਸ.ਐਸ. ਨੇ ਜਾਤੀ ਜਨਗਣਨਾ ਨੂੰ ਲੈ ਕੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦੇ ਕਲਿਆਣ ਲਈ ਜ਼ਰੂਰੀ ਹੈ, ਪਰ ਇਸਦਾ ਇਸਤੇਮਾਲ ਚੋਣ ਪ੍ਰਚਾਰ ਦੇ ਲਈ ਨਹੀਂ ਕੀਤਾ ਜਾਣਾ ਚਾਹੀਦਾ। ਆਰ.ਐਸ.ਐਸ. ਦੇ ਮੁੱਖ ਬੁਲਾਰੇ ਸੁਨੀਲ ਆਂਬੇਕਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਰਕਾਰ ਨੂੰ ਸਿਰਫ ਡੈਟਾ ਦੇ ਲਈ ਜਾਤੀ ਜਨਗਣਨਾ ਕਰਵਾਉਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਆਰ.ਐਸ.ਐਸ. ਦੀ ਆਲ ਇੰਡੀਆ ਕੋਆਰਡੀਨੇਸ਼ਨ ਮੀਟਿੰਗ ਹਰ ਸਾਲ ਹੁੰਦੀ ਹੈ ਅਤੇ ਇਸ ਸਾਲ ਇਹ ਮੀਟਿੰਗ 31 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਕੇਰਲ ਦੇ ਪਲਕੜ ਵਿਚ ਹੋਈ ਹੈ। ਇਸ ਮੀਟਿੰਗ ਵਿਚ ਹੋਰ ਵੀ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼

ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਹਵਾਈ ਫੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਦਿੱਤੀ ਹੈ। ਇਥੇ ਹਵਾਈ ਫੌਜ ਦੇ ਹੈੱਡ ਕੁਆਰਡਟਰ (ਵਾਯੂ ਭਵਨ) ਵਿਚ ਅਹੁਦੇ ਦਾ ਚਾਰਜ ਲੈਣ ਤੋਂ ਬਾਅਦ ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਦੇਸ਼ ਦੇ ਸ਼ਹੀਦ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

 

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਨਵਾਬ ਸਿੰਘ ਕਰਨਗੇ ਕਮੇਟੀ ਦੀ ਪ੍ਰਧਾਨਗੀ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਅਤੇ ਮਸਲਿਆਂ ਦੇ ਹੱਲ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਨਵਾਬ ਸਿੰਘ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਿਤ ਕਰ ਦਿੱਤੀ ਹੈ। ਮਾਨਯੋਗ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਲ ਭੂਈਆਂ ਨੇ ਕਮੇਟੀ ਨੂੰ ਇਕ ਹਫਤੇ ਦੇ ਅੰਦਰ ਪਹਿਲੀ ਮੀਟਿੰਗ ਕਰਨ ਦੀ ਹਦਾਇਤ ਕੀਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਕਮੇਟੀ ਵੱਲੋਂ ਇਨ੍ਹਾਂ ਮਸਲਿਆਂ ਨੂੰ ਪੜਾਅਵਾਰ ਵਿਚਾਰਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਆਜ਼ਾਦੀ ਹੋਵੇਗੀ। ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਦੀ ਹਾਈਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇਕ ਹਫਤੇ ਦੇ ਅੰਦਰ ਸ਼ੰਭੂ ਬਾਰਡਰ ’ਤੇ ਅੰਬਾਲਾ ਨੇੜੇ ਲਾਏ ਬੈਰੀਕੇਡ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। 

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤ ਦੇ ਚੋਣ ਕਮਿਸ਼ਨ ਨੇ ਭਾਜਪਾ ਅਤੇ ਬਿਸ਼ਨੋਈ ਭਾਈਚਾਰੇ ਦੀ ਮੰਗ ਮੰਨਦਿਆਂ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ’ਚ ਤਬਦੀਲੀ ਕਰਦਿਆਂ ਹੁਣ 5 ਅਕਤੂਬਰ ਨੂੰ ਵੋਟਿੰਗ ਕਰਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ’ਚ ਵੋਟਿੰਗ ਪਹਿਲੀ ਅਕਤੂਬਰ ਨੂੰ ਹੋਣੀ ਸੀ। ਹਰਿਆਣਾ ਅਤੇ ਜੰਮੂ ਕਸ਼ਮੀਰ ’ਚ ਵੋਟਾਂ ਦੀ ਗਿਣਤੀ ਅਤੇ ਨਤੀਜੇ ਹੁਣ 8 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਮਗਰੋਂ ਚੋਣਾਂ ’ਚ ਬਦਲਾਅ ਕੀਤਾ ਹੈ।

ਚੋਣ ਕਮਿਸ਼ਨ ਨੇ ਨਵਾਂ ਚੋਣ ਪ੍ਰੋਗਰਾਮ ਜਾਰੀ ਕੀਤਾ ਸੀ। ਚੋਣਾਂ ਲਈ ਨੋਟੀਫਿਕੇਸ਼ਨ ਪਹਿਲਾਂ ਵਾਂਗ 5 ਸਤੰਬਰ ਨੂੰ ਜਾਰੀ ਹੋਵੇਗਾ ਅਤੇ ਇਸੇ ਦਿਨ ਤੋਂ ਨਾਮਜ਼ਦਗੀ ਕਾਗ਼ਜ਼ ਭਰੇ ਜਾਣ ਦਾ ਅਮਲ ਸ਼ੁਰੂ ਹੋਵੇਗਾ। ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 12 ਸਤੰਬਰ ਤੱਕ ਕਾਗ਼ਜ਼ ਦਾਖ਼ਲ ਕੀਤੇ ਜਾ ਸਕਣਗੇ ਅਤੇ 13 ਸਤੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ। ਨਾਮਜ਼ਦਗੀ ਕਾਗ਼ਜ਼ 17 ਸਤੰਬਰ ਤੱਕ ਵਾਪਸ ਲਏ ਜਾ ਸਕਦੇ ਹਨ। ਵੋਟਾਂ 5 ਅਕਤੂਬਰ ਸ਼ਨਿਚਰਵਾਰ ਨੂੰ ਪੈਣਗੀਆਂ। ਜੰਮੂ ਕਸ਼ਮੀਰ ’ਚ ਪਹਿਲੀ ਅਕਤੂਬਰ ਨੂੰ ਹੀ ਵੋਟਾਂ ਪੈਣਗੀਆਂ ਪਰ ਉਥੋਂ ਦੇ ਚੋਣ ਨਤੀਜੇ ਹਰਿਆਣਾ ਨਾਲ 8 ਅਕਤੂਬਰ ਨੂੰ ਹੀ ਐਲਾਨੇ ਜਾਣਗੇ। ਭਾਜਪਾ ਨੇ ਪੱਤਰ ਲਿਖ ਕੇ ਚੋਣ ਕਮਿਸ਼ਨ ਨੂੰ ਤਰੀਕ ਬਦਲਣ ਦੀ ਮੰਗ ਕੀਤੀ ਸੀ। ਕਮਿਸ਼ਨ ਨੇ ਕਿਹਾ ਕਿ ਬੀਕਾਨੇਰ ਦੀ ਆਲ ਇੰਡੀਆ ਬਿਸ਼ਨੋਈ ਮਹਾਸਭਾ ਦੇ ਕੌਮੀ ਪ੍ਰਧਾਨ ਨੇ ਹਰਿਆਣਾ ’ਚ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ 2 ਅਕਤੂਬਰ ਨੂੰ ਤਿਉਹਾਰ ਹੋਣ ਕਰਕੇ ਸਿਰਸਾ, ਫਤਿਹਾਬਾਦ ਅਤੇ ਹਿਸਾਰ ’ਚ ਰਹਿੰਦੇ ਬਿਸ਼ਨੋਈ ਭਾਈਚਾਰੇ ਦੇ ਹਜ਼ਾਰਾਂ ਲੋਕ ਰਾਜਸਥਾਨ ਪਹੁੰਚਣਗੇ, ਜਿਸ ਨਾਲ ਵੋਟਿੰਗ ਫ਼ੀਸਦ ਘੱਟ ਸਕਦਾ ਹੈ। ਭਾਜਪਾ ਦੀ ਹਰਿਆਣਾ ਇਕਾਈ ਅਤੇ ਇਨੈਲੋ ਨੇ ਵੋਟਿੰਗ ਦੀ ਤਰੀਕ ’ਚ ਬਦਲਾਅ ਕਰਨ ਦੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਬਡੌਲੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਤਿੰਨ-ਚਾਰ ਗੱਲਾਂ ਵੱਲ ਧਿਆਨ ਦਿਵਾਉਂਦਿਆਂ ਵੋਟਿੰਗ ਦੇ ਦਿਨ ’ਚ ਬਦਲਾਅ ਲਈ ਕਿਹਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਪਹਿਲੀ ਅਕਤੂਬਰ ਨੂੰ ਚੋਣਾਂ ਕਰਾਉਣ ਨਾਲ ਸੂਬੇ ’ਚ ਵੋਟਿੰਗ ਫ਼ੀਸਦ ਘੱਟ ਸਕਦਾ ਹੈ।  

 

ਅਮਾਨਤੁੱਲਾ ਖਿਲਾਫ ਲੱਗੇ ਹਨ ਮਨੀ ਲਾਂਡਰਿੰਗ ਦੇ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੋਮਵਾਰ ਨੂੰ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਗਿ੍ਰਫਤਾਰ ਕਰ ਲਿਆ ਹੈ। ਈਡੀ, ਦਿੱਲੀ ਵਕਫ ਬੋਰਡ ਮਨੀ ਲਾਂਡਰਿੰਗ ਕੇਸ ਵਿਚ ਸਵੇਰੇ ਸਵਾ 8 ਵਜੇ ਅਮਾਨਤੁੱਲਾ ਖਾਨ ਦੇ ਘਰ ਪਹੁੰਚ ਗਈ ਸੀ ਅਤੇ ਕਰੀਬ 4 ਘੰਟੇ ਵਿਧਾਇਕ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਵਿਧਾਇਕ ਅਮਾਨਤੁੱਲਾ ਨੂੰ ਗਿ੍ਰਫਤਾਰ ਕਰ ਲਿਆ ਗਿਆ। ਦਿੱਲੀ ਦੀ ਓਖਲਾ ਸੀਟ ਤੋਂ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ’ਤੇ ਆਰੋਪ ਹੈ ਕਿ ਉਨ੍ਹਾਂ ਨੇ ਦਿੱਲੀ ਵਕਫ ਬੋਰਡ ਦਾ ਪ੍ਰਧਾਨ ਰਹਿੰਦੇ ਹੋਏ 32 ਵਿਅਕਤੀਆਂ ਦੀ ਗੈਰਕਾਨੂੰਨੀ ਭਰਤੀ ਕਰਵਾਈ ਅਤੇ ਫੰਡਾਂ ਦਾ ਗਲਤ ਇਸਤੇਮਾਲ ਕੀਤਾ ਹੈ। ਜ਼ਿਕਰਯੋਗ ਹੈ ਕਿ ਈਡੀ ਪਹਿਲਾਂ ਵੀ ਦੋ ਵਾਰ ਅਮਾਨਤੁੱਲਾ ਖਾਨ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਇਸੇ ਦੌਰਾਨ ‘ਆਪ’ ਵਿਧਾਇਕ ਅਮਾਨਤੁੱਲਾ ਨੇ ਕਿਹਾ ਕਿ ਸਰਚ ਵਾਰੰਟ ਦੇ ਨਾਮ ’ਤੇ ਈਡੀ ਦਾ ਮਕਸਦ ਸਿਰਫ ਉਨ੍ਹਾਂ ਨੂੰ ਗਿ੍ਰਫਤਾਰ ਕਰਨਾ ਸੀ।  ‘ਆਪ’ ਵਿਧਾਇਕ ਨੇ ਕਿਹਾ ਕਿ ਈਡੀ ਜਾਣਬੁੱਝ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। 

 

1 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਲਈ ਪੈਣੀਆਂ ਹਨ ਵੋਟਾਂ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ ਵਿਚ ਬਦਲਾਅ ਹੋਣ ਦੇ ਅਸਾਰ ਨਹੀਂ ਹਨ। ਭਾਰਤ ਦੇ ਚੋਣ ਕਮਿਸ਼ਨ ਨੇ ਹਰਿਆਣਾ ਵਿਚ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਨਾਲ ਸਬੰਧਿਤ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੋਟਿੰਗ ਦੀ ਤਰੀਕ ਤੋਂ ਪਹਿਲਾਂ ਅਤੇ ਬਾਅਦ ਵਿਚ ਛੁੱਟੀਆਂ ਦਾ ਹਵਾਲਾ ਦਿੰਦੇ ਹੋਏ ਵੋਟਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਸੀ। ਭਾਜਪਾ ਨੇ ਤਰਕ ਦਿੱਤਾ ਸੀ ਕਿ ਇਨ੍ਹਾਂ  ਛੁੱਟੀਆਂ ਦੇ ਕਾਰਨ ਲੋਕ ਘੁੰਮਣ-ਫਿਰਨ ਜਾ ਸਕਦੇ ਹਨ ਅਤੇ ਅਜਿਹੇ ਵਿਚ ਵੋਟ ਪ੍ਰਤੀਸ਼ਤ ਘੱਟ ਰਹਿ ਸਕਦਾ ਹੈ। ਇਨੈਲੋ ਨੇ ਵੀ ਭਾਜਪਾ ਦੇ ਇਸ ਤਰਕ ਦਾ ਸਮਰਥਨ ਕੀਤਾ ਸੀ। ਚੋਣਾਂ ਦੀ ਤਰੀਕ ਬਦਲਣ ਦੀ ਮੰਗ ’ਤੇ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਉਹ ਇਸ ਮੁੱਦੇ ’ਤੇ ਹਰਿਆਣਾ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਰਾਏ ਜਾਣਨਗੇ, ਜੇਕਰ ਸਾਰੀਆਂ ਪਾਰਟੀਆਂ ਸਹਿਮਤ ਹੋਈਆਂ ਤਾਂ ਬਦਲਾਅ ਕੀਤਾ ਜਾ ਸਕਦਾ ਹੈ। ਪਰ ਹੁਣ ਹਰਿਆਣਾ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੀ ਤਰੀਕ ਵਿਚ ਬਦਲਾਅ ਹੋਣ ਦੇ ਅਸਾਰ ਨਹੀਂ ਹਨ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.