Saturday, 18 April 2026

ਫੌਜ ਅਤੇ ਪੁਲਿਸ ਵਲੋਂ ਸਰਚ ਅਪਰੇਸ਼ਨ ਅਜੇ ਵੀ ਜਾਰੀ 

ਸ੍ਰੀਨਗਰ/ਬਿਊਰੋ ਨਿਊਜ਼

ਜੰਮੂ-ਕਸ਼ਮੀਰ ’ਚ ਅੱਜ ਸਵੇਰੇ ਭਾਰਤੀ ਫੌਜ ਨੇ ਵੱਖ-ਵੱਖ ਮੁਕਾਬਲਿਆਂ ’ਚ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਨ੍ਹਾਂ ਵਿਚੋਂ 2 ਅੱਤਵਾਦੀ ਮਾਛਿਲ ਵਿਚ ਅਤੇ 1 ਤੰਗਧਾਰ ਵਿਚ ਸਰਹੱਦ ਨੇੜੇ ਮਾਰਿਆ ਗਿਆ ਹੈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਛਿਲ ਅਤੇ ਤੰਗਧਾਰ ਵਿਚ ਲੰਘੀ ਦੇਰ ਰਾਤ ਸਮੇਂ ਖਰਾਬ ਮੌਸਮ ਦਾ ਫਾਇਦਾ ਚੁੱਕ ਕੇ ਇਹ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਫੌਜ ਅਤੇ ਪੁਲਿਸ ਨੇ ਮਿਲ ਕੇ ਸਰਚ ਅਪਰੇਸ਼ਨ ਸ਼ੁਰੂ ਕੀਤਾ ਅਤੇ ਵੱਖ-ਵੱਖ ਥਾਵਾਂ ’ਤੇ ਦੋ ਮੁਕਾਬਲੇ ਹੋਏ, ਜਿਸਦੇ ਚੱਲਦਿਆਂ 3 ਅੱਤਵਾਦੀ ਮਾਰੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਫੌਜ ਅਤੇ ਪੁਲਿਸ ਵਲੋਂ ਚਲਾਇਆ ਗਿਆ ਸਰਚ ਅਪਰੇਸ਼ਨ ਅਜੇ ਵੀ ਜਾਰੀ ਸੀ। 

 

ਸੀਬੀਆਈ ਨੇ ਜਵਾਬ ਦਾਖਲ ਕਰਨ ਲਈ ਸੁਪਰੀਮ ਕੋਰਟ ਤੋਂ ਸਮਾਂ ਮੰਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਸ਼ਰਾਬ ਨੀਤੀ ਮਾਮਲੇ ਨਾਲ ਜੁੜੇ ਸੀਬੀਆਈ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ’ਤੇ ਸੁਣਵਾਈ 5 ਸਤੰਬਰ ਤੱਕ ਟਾਲ ਦਿੱਤੀ ਹੈ। ਧਿਆਨ ਰਹੇ ਕਿ ਅਦਾਲਤ ਨੇ 14 ਅਗਸਤ ਦੀ ਸੁਣਵਾਈ ਵਿਚ ਜਾਂਚ ਏਜੰਸੀ ਕੋਲੋਂ ਜਵਾਬ ਮੰਗਿਆ ਸੀ। ਸੀਬੀਆਈ ਨੇ ਅੱਜ ਸ਼ੁੱਕਰਵਾਰ ਨੂੰ ਅਦਾਲਤ ਵਿਚ ਦੱਸਿਆ ਕਿ ਇਕ ਮਾਮਲੇ ਵਿਚ ਜਵਾਬ ਦਾਖਲ ਕਰ ਦਿੱਤਾ ਹੈ, ਜਦੋਂ ਕਿ ਦੂਜੇ ਕੇਸ ਵਿਚ ਜਵਾਬ ਦੇਣ ਦੇ ਲਈ ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਸੀਬੀਆਈ ਦਾ ਕੇਸ ਚੱਲ ਰਿਹਾ ਹੈ। ਈਡੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਸੀਬੀਆਈ ਕੇਸ ਵਿਚ ਕੇਜਰੀਵਾਲ ਅਜੇ ਵੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ।

 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕੀਤਾ ਵਿਚਾਰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਸ਼ਿਮਲਾ ਵਿਚ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦਾ ਮਕਸਦ ਹਿਮਾਚਲ ਵਿਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਕਾਂਗਰਸ ਪਾਰਟੀ ਨਾਲ ਸਬੰਧਤ ਇਨ੍ਹਾਂ ਦੋਵੇਂ ਨੇਤਾਵਾਂ ਨੇ ਹਿਮਾਚਲ ਪ੍ਰਦੇਸ਼ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਂਝੀ ਕੀਤੀ ਹੈ। ਚੰਨੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਵੱਡੀ ਗਿਣਤੀ ਵਿਚ ਅਜਿਹੀ ਵਿਅਕਤੀ ਹਨ, ਜੋ ਪੰਜਾਬੀ ਭਾਸ਼ਾ ਨੂੰ ਸਮਝਦੇ ਹਨ। ਇਸ ਕਰਕੇ ਹਿਮਾਚਲ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ। ਚੰਨੀ ਨੇ ਦੱਸਿਆ ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਨੇ ਇਸ ਮਾਮਲੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਸ਼ਿਮਲਾ ਵਿਚ ਸੀਐਮ ਸੁਖਵਿੰਦਰ ਸਿੰਘ ਸੁੱਖੂ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਤਰ ਸਰਕਾਰ ਕੋਲ ਚੁੱਕਿਆ ਮਾਮਲਾ
ਅੰਮਿ੍ਰਤਸਰ/ਬਿਊਰੋ ਨਿਊਜ਼ 
ਅਰਬ ਮੁਲਕ ਕਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਉਥੋਂ ਦੀ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈਣ ਕਾਰਨ ਵਿਸ਼ਵ ਭਰ ਦੇ ਸਿੱਖਾਂ ਵਿੱਚ ਰੋਸ ਹੈ। ਪਾਵਨ ਸਰੂਪ ਨੂੰ ਰਾਜਧਾਨੀ ਦੋਹਾ ਦੇ ਅਲ ਵਕਾਰਾ ਪੁਲਿਸ ਥਾਣੇ ਵਿਚ ਰੱਖਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਕਤਰ ਵਿੱਚ ਭਾਰਤੀ ਦੂਤਾਵਾਸ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਤਰ ਵਿੱਚ ਇਕ ਸਿੱਖ ਵਿਅਕਤੀ ਨੇ ਆਪਣੀ ਇਮਾਰਤ ਵਿੱਚ ਪਾਵਨ ਸਰੂਪ ਰੱਖਿਆ ਹੋਇਆ ਸੀ ਜਿਥੇ ਉਹ ਅਤੇ ਹੋਰ ਸੰਗਤ ਨਤਮਸਤਕ ਹੁੰਦੇ ਸਨ, ਪਰ ਜਦੋਂ ਉਥੋਂ ਦੀ ਸਥਾਨਕ ਪੁਲਿਸ ਨੂੰ ਪਤਾ ਲੱਗਾ ਤਾਂ ਉਸਨੇ ਸਿੱਖ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪਾਵਨ ਸਰੂਪ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਨੂੰ ਛੱਡ ਦਿੱਤਾ ਪਰ ਪਾਵਨ ਸਰੂਪ ਪੁਲਿਸ ਦੇ ਕਬਜ਼ੇ ਵਿੱਚ ਹੀ ਹੈ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਕਤਰ ਵਿਚ ਭਾਰਤੀ ਦੂਤਾਵਾਸ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਦੇ ਚੱਲਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਤਰ ਸਰਕਾਰ ਕੋਲ ਇਹ ਮਾਮਲਾ ਚੁੱਕਿਆ ਹੈ।     

ਭਿ੍ਰਸ਼ਟਾਚਾਰ ਦੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਹਨ ਦਿੱਲੀ ਦੇ ਮੁੱਖ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਸ਼ਰਾਬ ਨੀਤੀ ਮਾਮਲੇ ਨਾਲ ਜੁੜੇ ਸੀਬੀਆਈ ਕੇਸ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਅੱਜ ਮੰਗਲਵਾਰ ਨੂੰ 3 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਕੇਜਰੀਵਾਲ ਤਿਹਾੜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਊਜ਼ ਐਵੀਨਿਊ ਅਦਾਲਤ ਵਿਚ ਪੇਸ਼ ਹੋਏ। ਸੀਬੀਆਈ ਨੇ ਕੇਜਰੀਵਾਲ ਦੀ 14 ਦਿਨ ਦੀ ਜੁਡੀਸ਼ੀਅਲ ਕਸਟਡੀ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ 3 ਸਤੰਬਰ ਤੱਕ ਹੀ ਨਿਆਇਕ ਹਿਰਾਸਤ ਵਧਾਈ ਹੈ। ਇਸ ਤੋਂ ਪਹਿਲਾਂ 20 ਅਗਸਤ ਨੂੰ ਲੋਅਰ ਕੋਰਟ ਨੇ ਕੇਜਰੀਵਾਲ ਦੀ ਨਿਆਇਕ ਹਿਰਾਸਤ 27 ਅਗਸਤ ਤੱਕ ਵਧਾ ਦਿੱਤੀ ਸੀ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ।  

 

ਵਿੱਤ ਮੰਤਰੀ ਆਤਿਸ਼ੀ ਨੇ ਕੇਂਦਰ ਸਰਕਾਰ ’ਤੇ ਬਜ਼ੁਰਗਾਂ ਦੀ ਪੈਨਸ਼ਨ ਰੋਕਣ ਦੇ ਲਗਾਏ ਗਏ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿਚ ਬਜ਼ੁਰਗਾਂ ਨੂੰ ਹੁਣ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਪਿਛਲੇ ਪੰਜ ਮਹੀਨਿਆਂ ਤੋਂ ਇਸ ਨੂੰ ਰੋਕਣ ਦਾ ਆਰੋਪ ਲਗਾਇਆ ਹੈ। ਆਤਿਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਪੋਸਟ ਵਿੱਚ ਕਿਹਾ ਕਿ ਦਿੱਲੀ ਦੇ ਬਜ਼ੁਰਗਾਂ ਲਈ ਖ਼ੁਸ਼ਖ਼ਬਰੀ। ਪਿਛਲੇ ਪੰਜ ਮਹੀਨਿਆਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ ਇੱਕ ਲੱਖ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਰੋਕੀ ਹੋਈ ਸੀ। ਬਜ਼ੁਰਗ ਬਹੁਤ ਚਿੰਤਤ ਸਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕਾਫੀ ਜੱਦੋ ਜਹਿਦ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਬਜ਼ੁਰਗਾਂ ਦੀ ਬਕਾਇਆ ਪੈਨਸ਼ਨ ਸ਼ੁਰੂ ਕਰ ਦਿੱਤੀ ਹੈ। ਪੰਜ ਮਹੀਨਿਆਂ ਦੀ ਪੈਨਸ਼ਨ ਬਜ਼ੁਰਗਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾ ਰਹੀ ਹੈ। ਇਹ ਪੈਨਸ਼ਨ 60 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਬਜ਼ੁਰਗਾਂ ਲਈ ਹੈ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 1 ਲੱਖ ਰੁਪਏ ਤੋਂ ਘੱਟ ਹੈ।   

 

ਨੈਸ਼ਨਲ ਕਾਨਫਰੰਸ ਵੀ 18 ਉਮੀਦਵਾਰਾਂ ਦੇ ਨਾਵਾਂ ਦਾ ਕਰ ਚੁੱਕੀ ਹੈ ਐਲਾਨ

ਜੰਮੂ/ਬਿਊਰੋ ਨਿਊਜ਼ 

ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਅਤੇ ਨੈਸ਼ਨਲ ਕਾਨਫਰੰਸ ਮਿਲ ਕੇ ਲੜ ਰਹੀਆਂ ਹਨ। ਕਾਂਗਰਸ ਨੇ ਜਿੱਥੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ, ਉਥੇ ਨੈਸ਼ਨਲ ਕਾਨਫਰੰਸ ਨੇ ਵੀ 18 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਪਾਰਟੀਆਂ ਵਿਚਾਲੇ ਸੀਟ ਸ਼ੇਅਰਿੰਗ ਫਾਰਮੂਲਾ 26 ਅਗਸਤ ਨੂੰ ਫਾਈਨਲ ਹੋ ਗਿਆ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 90 ਸੀਟਾਂ ਵਿਚੋਂ 51 ਸੀਟਾਂ ’ਤੇ ਨੈਸ਼ਨਲ ਕਾਨਫਰੰਸ ਅਤੇ 32 ਸੀਟਾਂ ’ਤੇ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ। ਪੰਜ ਸੀਟਾਂ ’ਤੇ ਫਰੈਂਡਲੀ ਫਾਈਟ ਹੋਵੇਗੀ ਅਤੇ ਦੋ ਸੀਟਾਂ ਸੀ.ਪੀ.ਆਈ. (ਐਮ) ਅਤੇ ਪੈਂਥਰਜ਼ ਪਾਰਟੀ ਨੂੰ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਲੰਘੀ 21 ਅਗਸਤ ਨੂੰ ਸ੍ਰੀਨਗਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਨੈਸ਼ਨਲ ਕਾਨਫਰੰਸ ਨਾਲ ਗਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕੀਤੀ ਸੀ। ਧਿਆਨ ਰਹੇ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਲੰਘੇ ਕੱਲ੍ਹ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਸੀ।

ਦੁਵੱਲੇ ਸਬੰਧਾਂ ’ਤੇ ਹੋਈ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਦੋਵੇਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਹੈ। ਪੋਲੈਂਡ ਦੇ ਦੌਰੇ ’ਤੇ ਪਹੁੰਚੇ ਨਰਿੰਦਰ ਮੋਦੀ ਦਾ ਰੈਡ ਕਾਰਪਿਟ ’ਤੇ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਮੋਦੀ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ 45 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਪੋਲੈਂਡ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਏਨੇ ਲੰਬੇ ਸਮੇਂ ਤੱਕ ਕੋਈ ਭਾਰਤੀ ਪੀਐਮ ਪੋਲੈਂਡ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਨੀਤੀ ਰਹਿੰਦੀ ਸੀ ਕਿ ਦੂਰੀ ਬਣਾਈ ਰੱਖੋ, ਪਰ ਸਾਡੀ ਨੀਤੀ ਇਹ ਹੈ ਕਿ ਅਸੀਂ ਸਾਰੇ ਦੇਸ਼ਾਂ ਨਾਲ ਨੇੜਤਾ ਬਣਾਈ ਰੱਖਣੀ ਹੈ।  ਉਨ੍ਹਾਂ ਕਿਹਾ ਕਿ ਕੁਝ ਚੰਗੇ ਕੰਮ ਮੇਰੇ ਨਸੀਬ ਵਿਚ ਲਿਖੇ ਹੋਏ ਹਨ। ਪੀਐਮ ਮੋਦੀ ਨੇ ਵਾਰਸਾ ਦੇ ਨਵਾਨਗਰ ਵਿਚ ਜਾਮ ਸਾਬ੍ਹ ਨੂੰ ਸ਼ਰਧਾਂਜਲੀ ਵੀ ਦਿੱਤੀ।

 

ਪਹਿਲੀ ਸੂਚੀ ’ਚ 44 ਉਮੀਦਵਾਰਾਂ ਦੇ ਨਾਮ ਅਤੇ ਫਿਰ ਰਹਿ ਗਏ 16 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ ਜਾਰੀ ਕੀਤੀ 44 ਉਮੀਦਵਾਰਾਂ ਦੀ ਪਹਿਲੀ ਸੂਚੀ ਵਾਪਸ ਲੈ ਲਈ ਸੀ। ਪਾਰਟੀ ਨੇ ਕਿਹਾ ਸੀ ਕਿ ਕੁਝ ਸੋਧ ਤੋਂ ਬਾਅਦ ਸੂਚੀ ਜਾਰੀ ਕੀਤੀ ਜਾਵੇਗੀ। ਇਸ ਮਗਰੋਂ ਪਾਰਟੀ ਨੇ 15 ਉਮੀਦਵਾਰਾਂ ਦੀ ਤਾਜ਼ਾ ਸੂਚੀ ਜਾਰੀ ਕੀਤੀ। ਇਸ ਤੋਂ ਕੁੱਝ ਘੰਟਿਆਂ ਬਾਅਦ ਪਾਰਟੀ ਨੇ ਇਕ ਹੋਰ ਉਮੀਦਵਾਰ ਦਾ ਨਾਂ ਜਾਰੀ ਕਰ ਦਿੱਤਾ। ਇਸ ਤੋਂ ਪਹਿਲਾਂ ਅੱਜ ਸਵੇਰੇ ਭਾਜਪਾ ਨੇ ਜੰਮੂ-ਕਸ਼ਮੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 44 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਸੀ। ਜੇਪੀ ਨੱਢਾ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਮੌਜੂਦ ਸਨ। ਜੰਮੂ-ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ 18 ਤੇ 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ। ਇਸਦੇ ਚੱਲਦਿਆਂ ਭਾਜਪਾ ਨੇ ਲੱਦਾਖ ਵਿਚ 5 ਨਵੇਂ ਜ਼ਿਲ੍ਹੇ ਬਣਾਉਣ ਦਾ ਵੀ ਐਲਾਨ ਕਰ ਦਿੱਤਾ ਹੈ। 

 

45 ਸਾਲਾਂ ਵਿਚ ਪਹਿਲੀ ਵਾਰ ਕਿਸੇ ਭਾਰਤੀ ਪੀਐਮ ਦਾ ਪੋਲੈਂਡ ਦੌਰਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਸਰਕਾਰੀ ਦੌਰੇ ’ਤੇ ਪੋਲੈਂਡ ਗਏ ਹਨ। ਪਿਛਲੇ 45 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਪੋਲੈਂਡ ਯਾਤਰਾ ਹੈ। ਇਸ ਤੋਂ ਪਹਿਲਾਂ 1979 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਪੋਲੈਂਡ ਗਏ ਸਨ। ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ਮੈਂ ਪੋਲੈਂਡ ਅਤੇ ਯੂਕਰੇਨ ਦੀ ਅਧਿਕਾਰਤ ਯਾਤਰਾ ’ਤੇ ਜਾ ਰਿਹਾ ਹਾਂ। ਪੋਲੈਂਡ ਨਾਲ ਰਾਜਨੀਤਕ ਸਬੰਧਾਂ ਦੇ 70 ਸਾਲ ਪੂਰੇ ਹੋਣ ਦੇ ਮੌਕੇ ’ਤੇ ਮੇਰੀ ਇਹ ਯਾਤਰਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੋਲੈਂਡ ਮੱਧ ਯੂਰਪ ਦਾ ਸਾਡਾ ਆਰਥਿਕ ਸਾਂਝੀਦਾਰ ਹੈ। ਪੋਲੈਂਡ ਵਿਚ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਵੀ ਕਰਨਗੇ। ਜ਼ਿਕਰਯੋਗ ਹੈ ਕਿ ਪੋਲੈਂਡ ਵਿਚ ਭਾਰਤੀ ਭਾਈਚਾਰੇ ਦੇ ਕਰੀਬ 25 ਹਜ਼ਾਰ ਵਿਅਕਤੀ ਰਹਿੰਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੀਐਮ ਨਰਿੰਦਰ ਮੋਦੀ 21 ਅਤੇ 22 ਅਗਸਤ ਨੂੰ ਪੋਲੈਂਡ ਦੇ ਦੌਰੇ ’ਤੇ ਰਹਿਣਗੇ। ਇਸ ਤੋਂ ਬਾਅਦ ਉਹ ਟਰੇਨ ਰਾਹੀਂ ਯੂਕਰੇਨ ਲਈ ਰਵਾਨਾ ਹੋਣਗੇ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨਾਲ ਵੀ ਮੁਲਾਕਾਤ ਕਰਨਗੇ।   

 

 

ਮੋਦੀ ਦਾ ਯੂਕਰੇਨ ’ਚ ਹੋਇਆ ਭਰਵਾਂ ਸਵਾਗਤ 

ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਅਤੇ ਯੂਕਰੇਨ ਵਿਚਾਲੇ ਢਾਈ ਸਾਲਾਂ ਤੋਂ ਚੱਲ ਰਹੀ ਜੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਯੂਕਰੇਨ ਪਹੁੰਚੇ। ਉਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨਾਲ ਮੁਲਾਕਾਤ ਕੀਤੀ ਹੈ। ਇਹ ਦੋਵੇਂ ਆਗੂ ਯੂਕਰੇਨ ਨੈਸ਼ਨਲ ਮਿਊਜੀਅਮ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਜੰਗ ਦੌਰਾਨ ਜਾਨ ਗੁਆਉਣ ਵਾਲੇ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ। ਧਿਆਨ ਰਹੇ ਕਿ ਪੀਐਮ ਮੋਦੀ ਪੋਲੈਂਡ ਤੋਂ ਟਰੇਨ ਰਾਹੀਂ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ ਹਨ। ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਯੂਕਰੇਨ ਦੌਰੇ ’ਤੇ ਜਾਣ ਵਾਲੇ ਪੀਐਮ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਪੀਐਮ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਵੀ ਕੀਤੀ ਹੈ। 

 

ਭੂਚਾਲ ਕਾਰਨ ਕਈ ਘਰਾਂ ਨੂੰ ਆਈਆਂ ਤਰੇੜਾਂ

ਸ੍ਰੀਨਗਰ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਵਿਚ ਅੱਜ ਮੰਗਲਵਾਰ ਸਵੇਰੇ ਭੂਚਾਲ ਦੇ ਲਗਾਤਾਰ ਦੋ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਦੇ ਅਨੁਸਾਰ ਭੂਚਾਲ ਦਾ ਪਹਿਲਾ ਝਟਕਾ 4.9 ਅਤੇ ਦੂਜਾ 4.8 ਦੀ ਗਤੀ ਵਾਲਾ ਸੀ। ਇਸ ਭੂਚਾਲ ਕਾਰਨ ਕਈ ਘਰਾਂ ਨੂੰ ਤਰੇੜਾਂ ਆ ਗਈਆਂ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸਥਾਨਕ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦਾ ਪਹਿਲਾ ਝਟਕਾ ਸਵੇਰੇ 6 ਵੱਜ ਕੇ 45 ਮਿੰਟ ਅਤੇ ਦੂਜਾ ਝਟਕਾ ਇਸ ਤੋਂ ਥੋੜ੍ਹੀ ਹੀ ਦੇਰ ਬਾਅਦ 6 ਵੱਜ ਕੇ 52 ਮਿੰਟ ’ਤੇ ਲੱਗਾ। ਇਸ ਭੂਚਾਲ ਦਾ ਕੇਂਦਰ ਬਾਰਾਮੂੁਲਾ ਦੱਸਿਆ ਗਿਆ ਅਤੇ ਪਹਿਲਾ ਝਟਕਾ ਜ਼ਮੀਨ ਤੋਂ 5 ਅਤੇ ਦੂਜਾ 10 ਕਿਲੋਮੀਟਰ ਹੇਠਾਂ ਸੀ। ਜ਼ਿਕਰਯੋਗ ਹੈ ਕਿ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਭੂਚਾਲ ਸਬੰਧੀ ਮੈਪ ਵਿਚ ਕਸ਼ਮੀਰ ਘਾਟੀ ਦਾ ਖੇਤਰ ਸਭ ਤੋਂ ਖਤਰਨਾਕ ਜ਼ੋਨ 5 ਵਿਚ ਆਉਂਦਾ ਹੈ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.