Sunday, 19 April 2026

ਰੈਪੋ ਰੇਟ 6.5 ਫੀਸਦੀ ’ਤੇ ਬਰਕਰਾਰ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਅੱਜ ਵੀਰਵਾਰ ਨੂੰ ਸਮਾਪਤ ਹੋ ਗਈ ਹੈ। ਕਮੇਟੀ ਦੇ ਪ੍ਰਧਾਨ ਅਤੇ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਆਰ.ਬੀ.ਆਈ. ਨੇ ਰੈਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਹ ਰੈਪੋ ਰੇਟ 6.5 ਫੀਸਦੀ ’ਤੇ ਬਰਕਰਾਰ ਹੈ। ਜ਼ਿਕਰਯੋਗ ਹੈ ਕਿ 2023 ਤੋਂ ਬਾਅਦ ਰੈਪੋ ਦਰ 6.5 ਫੀਸਦੀ ਦੇ ਉਚ ਪੱਧਰ ’ਤੇ ਬਣੀ ਹੋਈ ਹੈ। ਲੋਕ ਸਭਾ ਦੇ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ 2024-25 ਲਈ ਕਮੇਟੀ ਦੀ ਮੀਟਿੰਗ ਜੂਨ ਵਿਚ ਵੀ ਹੋਈ ਸੀ, ਉਸ ਸਮੇਂ ਵੀ ਰੈਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਇਸ ਵਾਰ ਇਹ ਮੀਟਿੰਗ ਬਜਟ ਤੋਂ ਬਾਅਦ ਹੋਈ ਹੈ। ਅਜਿਹੇ ਵਿਚ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਆਰ.ਬੀ.ਆਈ. ਇਸ ਵਾਰ ਵਿਆਜ਼ ਦਰਾਂ ਨੂੰ ਘਟਾ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ। ਧਿਆਨ ਰਹੇ ਕਿ ਰੈਪੋ ਰੇਟ ਉਹੀ ਹੈ, ਜਿਸ ਦੇ ਅਧਾਰ ’ਤੇ ਤੁਹਾਡੇ ਬੈਂਕ ਕਰਜ਼ੇ ਦੀ ਵਿਆਜ਼ ਦਰ ਤੈਅ ਹੁੰਦੀ ਹੈ। ਜਦੋਂ ਰੈਪੋ ਰੇਟ ਘਟਦਾ ਹੈ ਤਾਂ ਆਮ ਵਿਅਕਤੀ ਨੂੰ ਰਾਹਤ ਮਿਲਦੀ ਹੈ ਅਤੇ ਜਦੋਂ ਰੈਪੋ ਰੇਟ ਵਧਦਾ ਹੈ ਤਾਂ ਆਮ ਵਿਅਕਤੀ ਦੀਆਂ ਮੁਸ਼ਕਲਾਂ ਵੀ ਵਧ ਜਾਂਦੀਆਂ ਹਨ। 

ਸਵਪਨਿਲ ਕੁਸਾਲੇ ਨੇ ਜਿੱਤਿਆ ਕਾਂਸੀ ਦਾ ਤਮਗਾ
ਨਵੀਂ ਦਿੱਲੀ/ਬਿਊਰੋ ਨਿਊਜ਼ 
ਪੈਰਿਸ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਦੌਰਾਨ ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ ਇਕ ਹੋਰ ਤਮਗਾ ਮਿਲਿਆ ਹੈ। ਇਹ ਕਾਂਸੀ ਦਾ ਤਮਗਾ ਸਵਪਨਿਲ ਕੁਸ਼ਾਲੇ ਨੇ 50 ਮੀਟਰ ਰਾਈਫਲ 3 ਪੁਜੀਸ਼ਨ ਮੁਕਾਬਲੇ ਵਿਚ ਦੇਸ਼ ਦੀ ਝੋਲੀ ਪਾਇਆ ਹੈ। ਧਿਆਨ ਰਹੇ ਕਿ ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਮਨੂ ਭਾਕਰ ਨੇ ਵਿਅਕਤੀਗਤ ਮੁਕਾਬਲੇ ਤੇ ਟੀਮ ਮੁਕਾਬਲੇ ਵਿਚ ਸਰਬਜੀਤ ਸਿੰਘ ਨਾਲ ਮਿਲ ਕੇ ਕਾਂਸੀ ਦੇ ਤਮਗੇ ਜਿੱਤੇ ਸਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਪਨਿਲ ਕੁਸਾਲੇ ਨੂੰ ਵੀ ਭਾਰਤ ਲਈ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ। 

ਜੈਸ਼ੰਕਰ ਨੇ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋਏ ਹਮਲੇ ਨੂੰ ਦੱਸਿਆ ਚਿੰਤਾਜਨਕ

ਨਵੀਂ ਦਿੱਲੀ/ਬਿਊਰੋ ਨਿਊਜ਼

ਬੰਗਲਾਦੇਸ਼ ਦੇ ਤਾਜ਼ਾ ਹਾਲਾਤ ’ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਸਿਆਸੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਉਥੋਂ ਦੇ ਹਾਲਾਤ ’ਤੇ ਭਾਰਤ ਦੀ ਨਜ਼ਰ ਹੈ। ਜੈਸ਼ੰਕਰ ਨੇ ਕਿਹਾ ਕਿ ਬੰਗਲਾਦੇਸ਼ ਵਿਚ ਲੋਕ ਸੜਕਾਂ ’ਤੇ ਹਨ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਹੈ ਕਿ ਉਥੇ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫੇ ਤੋਂ ਬਾਅਦ ਭਾਰਤ ਆਉਣ ਦੀ ਇਜਾਜ਼ਤ ਮੰਗੀ ਸੀ ਅਤੇ ਇਸ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਦੇ ਆਉਣ ਸਬੰਧੀ ਵਿਵਸਥਾ ਕੀਤੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਬੰਗਲਾਦੇਸ਼ ਵਿਚ ਆਪਣੇ ਨਾਗਰਿਕਾਂ ਦੇ ਸੰਪਰਕ ਵਿਚ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਰੀਬ 19 ਹਜ਼ਾਰ ਭਾਰਤੀ ਬੰਗਲਾਦੇਸ਼ ਵਿਚ ਮੌਜੂਦ ਹਨ, ਜਿਨ੍ਹਾਂ ਵਿਚੋਂ 9 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਸਿਆਸੀ ਸੰਕਟ ਸਬੰਧੀ ਨਵੀਂ ਦਿੱਲੀ ਵਿਚ ਸਰਬ ਪਾਰਟੀ ਮੀਟਿੰਗ ਵੀ ਹੋਈ ਹੈ। 

 

 

ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਦੀਆਂ ਮੁਸ਼ਕਲਾਂ ਸਬੰਧੀ ਮੰਤਰੀ ਨੂੰ ਕਰਵਾਇਆ ਜਾਣੂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਹੈ। ਡਾ. ਅਮਰ ਸਿੰਘ ਨੇ ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਹੈ। ਕਾਂਗਰਸੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਭਾਰਤ ਵਿਚ ਸ਼ੁੱਧ ਅਤੇ ਕੁਦਰਤੀ ਸ਼ਹਿਦ ਦਾ ਉਤਪਾਦਨ ਸਿਰਫ 50 ਹਜ਼ਾਰ ਟਨ ਹੈ, ਜਦੋਂ ਕਿ ਸਰਕਾਰੀ ਅਨੁਮਾਨ ਇਸਦੀ ਦੁੱਗਣੀ ਮਾਤਰਾ ਦਰਸਾਉਂਦਾ ਹੈ। ਡਾ. ਅਮਰ ਸਿੰਘ ਨੇ ਦੱਸਿਆ ਕਿ ਮੱਧੂ ਮੱਖੀ ਪਾਲਕਾਂ ਦਾ ਕਹਿਣਾ ਹੈ ਕਿ ਇਹ ਨਕਲੀ ਸ਼ਹਿਦ ਦੀ ਵਿਕਰੀ ਦਾ ਕਾਰਨ ਹੈ। ਸੰਸਦ ਮੈਂਬਰ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੁਦਰਤੀ ਸ਼ਹਿਦ ਦੀ ਮੰਗ ਵਿਚ ਗਿਰਾਵਟ ਆਈ ਹੈ, ਕਿਉਂਕਿ ਮਿਲਾਵਟੀ ਉਤਪਾਦ ਸਸਤੀਆਂ ਦਰਾਂ ’ਤੇ ਵਿਕ ਰਹੇ ਹਨ। ਜਿਸਦਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਮੱਧੂ ਮੱਖੀ ਪਾਲਕਾਂ ਨੂੰ ਹੋ ਰਿਹਾ ਹੈ। ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਾਰੇ ਮਾਮਲੇ ਨੂੰ ਕੇਂਦਰ ਸਰਕਾਰ ਦੇਖੇਗੀ ਅਤੇ ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ।   

ਹਾਈਕੋਰਟ ਨੇ ਖਾਰਜ ਕਰ ਦਿੱਤੀ ਸੀ ਸਿਸੋਦੀਆ ਦੀ ਪਟੀਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਆਬਕਾਰੀ ਨੀਤੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਮਨੀਸ਼ ਸਿਸੋਦੀਆ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਜ਼ਿਕਰਯੋਗ ਹੈ ਕਿ ਆਬਕਾਰੀ ਨੀਤੀ ਮਾਮਲੇ ਵਿਚ ਸਿਸੋਦੀਆ ਨੇ ਦਿੱਲੀ ਹਾਈਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ, ਪਰ ਹਾਈਕੋਰਟ ਦੀ ਮਾਨਯੋਗ ਜੱਜ ਸਵਰਨਕਾਂਤਾ ਸ਼ਰਮਾ ਨੇ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਸਿਸੋਦੀਆ ਨੇ ਆਪਣੀ ਸਿਆਸੀ ਤਾਕਤ ਦਾ ਦੁਰਉਪਯੋਗ ਕੀਤਾ ਹੈ ਅਤੇ ਆਬਕਾਰੀ ਨੀਤੀ ਤਿਆਰ ਕਰਨ ਵਿਚ ਜਨਤਾ ਦਾ ਵਿਸ਼ਵਾਸ਼ ਤੋੜਿਆ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਿਸੋਦੀਆ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਹਨ ਅਤੇ ਉਹ ਜ਼ਮਾਨਤ ਮਿਲਣ ’ਤੇ ਆਬਕਾਰੀ ਨੀਤੀ ਮਾਮਲੇ ਦੇ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਧਿਆਨ ਰਹੇ ਕਿ ਸਿਸੋਦੀਆ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ। 

 

ਸਿੱਖਿਆ ਮੰਤਰੀ ਆਤਿਸ਼ੀ ਨੇ ਕੀਤਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਚਿੰਗ ਸੈਂਟਰਾਂ ਨੂੰ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਲਿਆ ਰਹੀ ਹੈ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਵਿਚ ਕੋਚਿੰਗ ਸੈਂਟਰਾਂ ਨੂੰ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਲਿਆਵੇਗੀ। ਆਤਿਸ਼ੀ ਨੇ ਕਿਹਾ ਕਿ ਸਰਕਾਰ ਕਾਨੂੰਨ ਬਣਾਉਣ ਲਈ ਸਰਕਾਰੀ ਅਧਿਕਾਰੀਆਂ ਅਤੇ ਵੱਖ-ਵੱਖ ਕੋਚਿੰਗ ਹੱਬਾਂ ਦੇ ਵਿਦਿਆਰਥੀਆਂ ਦੀ ਇਕ ਕਮੇਟੀ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਵਿੱਚ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਯੋਗਤਾ, ਫੀਸ ਨਿਯਮ ਅਤੇ ਗੁੰਮਰਾਹਕੁਨ ਇਸ਼ਤਿਹਾਰਾਂ ’ਤੇ ਰੋਕ ਲਗਾਉਣ ਦੀ ਗੱਲ ਵੀ ਹੋਵੇਗੀ। ਧਿਆਨ ਰਹੇ ਕਿ ਪਿਛਲੇ ਦਿਨੀਂ ਦਿੱਲੀ ਦੇ ਓਲਡ ਰਾਜਿੰਦਰ ਨਗਰ ’ਚ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ ਅਤੇ ਇਸ ਪਾਣੀ ਵਿਚ 3 ਵਿਦਿਆਰਥੀ ਫਸ ਗਏ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਆਤਿਸ਼ੀ ਨੇ ਕਿਹਾ ਕਿ ਜਿਹੜੇ ਕੋਚਿੰਗ ਸੈਂਟਰਾਂ ਦੇ ਮਾਲਕਾਂ ਨੇ ਬੇਸਮੈਂਟਾਂ ਦੀ ਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਖਿਲਾਫ ਦਿੱਲੀ ਨਗਰ ਨਿਗਮ ਨੇ ਕਾਰਵਾਈ ਵੀ ਕੀਤੀ ਹੈ।

 

ਦਿੱਲੀ ਹਾਈਕੋਰਟ ਨੇ ਜ਼ਮਾਨਤ ਦੇ ਲਈ ਹੇਠਲੀ ਅਦਾਲਤ ਕੋਲ ਜਾਣ ਲਈ ਕਿਹਾ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਹਾਈਕੋਰਟ ਨੇ ਅੱਜ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਦੀ ਗਿ੍ਰਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਾਈਕੋਰਟ ਨੇ ਜ਼ਮਾਨਤ ਲਈ ਕੇਜਰੀਵਾਲ ਨੂੰ ਹੇਠਲੀ ਅਦਾਲਤ ਕੋਲ ਜਾਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਸ ਸਬੰਧੀ ਫੈਸਲਾ ਰਾਖਵਾਂ ਰੱਖ ਲਿਆ ਸੀ। ਸੀਬੀਆਈ ਦਾ ਕਹਿਣਾ ਹੈ ਕਿ ਕੇਜਰੀਵਾਲ ਹੀ ਦਿੱਲੀ ਆਬਕਾਰੀ ਨੀਤੀ ਮਾਮਲੇ ਦਾ ਅਸਲੀ ਸੂਤਰਧਾਰ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੰਘੀ 26 ਜੂਨ ਨੂੰ ਸੀਬੀਆਈ ਨੇ ਗਿ੍ਰਫਤਾਰ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਈਡੀ ਵਲੋਂ ਵੀ ਕੇਜਰੀਵਾਲ ਨੂੰ ਲੰਘੀ 21 ਮਾਰਚ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਹਾਲਾਂਕਿ 12 ਜੁਲਾਈ ਨੂੰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਦੇ ਕੇਸ ਵਿਚ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ, ਪਰ ਸੀਬੀਆਈ ਕੇਸ ਦੇ ਚੱਲਦਿਆਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ।

 

200 ਤੋਂ ਜ਼ਿਆਦਾ ਵਿਅਕਤੀ ਅਜੇ ਵੀ ਲਾਪਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਰਲਾ ਦੇ ਵਾਇਨਾਡ ਵਿਚ ਤੇਜ਼ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 175 ਹੋ ਗਈ ਹੈ। ਜਦੋਂ ਕਿ 130 ਵਿਅਕਤੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ ਅਤੇ 200 ਤੋਂ ਜ਼ਿਆਦਾ ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਹ ਲੈਂਡ ਸਲਾਈਡ ਸੋਮਵਾਰ ਤੇ ਮੰਗਲਵਾਰ ਦੇ ਵਿਚਕਾਰਲੀ ਰਾਤ ਨੂੰ 4 ਪਿੰਡਾਂ ਵਿਚ ਹੋਈ ਸੀ। ਇਸ ਨਾਲ ਘਰ, ਪੁਲ, ਸੜਕਾਂ ਅਤੇ ਗੱਡੀਆਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ ਸਨ। ਫੌਜ, ਏਅਰਫੋਰਸ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੁਲਿਸ ਅਤੇ ਡੌਗ ਸਕਾਇਡ ਦੀਆਂ ਟੀਮਾਂ ਰੈਸਕਿਊ ਵਿਚ ਜੁਟੀਆਂ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਕ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦਾ ਰੈਸਕਿਊ ਕੀਤਾ ਗਿਆ ਅਤੇ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੂੰ ਰਿਹੈਬ ਸੈਂਟਰ ਵਿਚ ਭੇਜਿਆ ਗਿਆ ਹੈ।  

 

ਪੈਨਲਟੀ ਸ਼ੂਟ ਵਿਚ ਬਰਤਾਨੀਆ ਨੂੰ 4-2 ਨਾਲ ਹਰਾਇਆ 

ਪੈਰਿਸ : ਪੈਰਿਸ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਕੁਆਰਟਰ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਹਾਕੀ ਟੀਮ ਨੇ ਬਰਤਾਨੀਆ ਨੂੰ ਪੈਨਲਟੀ ਸ਼ੂਟ ਵਿਚ 4-2 ਨਾਲ ਹਰਾ ਦਿੱਤਾ। ਮੈਚ ਦੇ ਪੂਰੇ ਸਮੇਂ ਤੱਕ ਦੋਵੇਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਰਿਹਾ। ਪੈਨਲਟੀ ਸ਼ੂਟ ਵਿਚ ਭਾਰਤ ਨੇ ਲਗਾਤਾਰ 4 ਗੋਲ ਕਰ ਦਿੱਤੇ। ਬਰਤਾਨੀਆ ਦੀ ਟੀਮ ਸਿਰਫ ਦੋ ਗੋਲ ਹੀ ਕਰ ਸਕੀ। ਭਾਰਤੀ ਗੋਲਕੀਪਰ ਸ੍ਰੀਜੇਸ਼ ਜਿੱਤ ਦੇ ਹੀਰੋ ਰਹੇ, ਜਿਸ ਨੇ ਦੋ ਗੋਲ ਬਚਾ ਲਏ। ਭਾਰਤੀ ਟੀਮ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਟੀਮ ਸਿਰਫ 10 ਖਿਡਾਰੀਆਂ ਨਾਲ ਖੇਡ ਰਹੀ ਸੀ।  60 ਮਿੰਟ ਦੇ ਖੇਡ ਵਿਚ 48 ਮਿੰਟ ਭਾਰਤੀ ਡਿਫੈਂਡਰ ਅਮਿਤ ਰੋਹਿਦਾਸ ਮੈਚ ਤੋਂ ਬਾਹਰ ਰਹੇ। ਉਨ੍ਹਾਂ ਨੂੰ ਰੈਫਰੀ ਨੇ 12ਵੇਂ ਮਿੰਟ ਵਿਚ ਰੈਡ ਕਾਰਡ ਦਿੱਤਾ ਸੀ, ਹਾਲਾਂਕਿ ਰੈਫਰੀ ਦਾ ਇਹ ਫੈਸਲਾ ਵਿਵਾਦਾਂ ਵਿਚ ਆ ਗਿਆ ਹੈ।

 

ਪੀਐਮ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵਲੋਂ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ/ਬਿਊਰੋ ਨਿਊਜ਼     

ਕੇਰਲਾ ਦੇ ਵਾਇਨਾਡ ਵਿਚ ਤੇਜ਼ ਮੀਂਹ ਪੈਣ ਕਰਕੇ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਿਸਕ ਗਈ। ਇਸਦੇ ਚੱਲਦਿਆਂ 4 ਪਿੰਡ ਪਾਣੀ ਵਿਚ ਰੁੜ੍ਹ ਗਏ ਅਤੇ ਪੁਲ, ਸੜਕਾਂ ਤੇ ਗੱਡੀਆਂ ਵੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਇਸ ਹੋਈ ਲੈਂਡਸਲਾਈਡ ਕਾਰਨ ਹੁਣ ਤੱਕ 100 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਦੁਖਾਂਤ ਕਰਕੇ 400 ਤੋਂ ਜ਼ਿਆਦਾ ਵਿਅਕਤੀ ਮਲਬੇ ਹੇਠਾਂ ਦੱਬੇ ਹੋਣ ਦੀ ਵੀ ਖਬਰ ਹੈ। ਇਹ ਘਟਨਾ ਲੰਘੀ ਰਾਤ 2 ਤੋਂ 4 ਵਜੇ ਦੇ ਵਿਚਕਾਰ ਦੀ ਹੈ। ਰੈਸਕਿਊ ਦੇ ਲਈ ਐਸ.ਡੀ.ਆਰ.ਐਫ. ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ’ਚ ਵਾਪਰੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰ ਸਰਕਾਰ ਨੇ ਵਾਇਨਾਡ ਦੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਇਸਦੇ ਚੱਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਵਾਇਨਾਡ ਵਿਚ ਵਾਪਰੇ ਦੁਖਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਕੇਰਲਾ ਦੀ ਸਰਕਾਰ ਨੇ ਇਸ ਦੁਖਾਂਤ ਕਰਕੇ ਸੂਬੇ ਵਿਚ ਅੱਜ ਅਤੇ ਕੱਲ੍ਹ ਦੋ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ।    

 

ਭਾਜਪਾ ਦੀ ਸਰਕਾਰ ’ਤੇ ਚੁੱਕੇ ਸਵਾਲ

ਕੁਰੂਕਸ਼ੇਤਰ/ਬਿਊਰੋ ਨਿਊਜ਼

ਹਰਿਆਣਾ ਵਿਚ ਕੁਰੂਕਸ਼ੇਤਰ ਦੇ ਪਿਹੋਵਾ ਦੀ ਅਨਾਜ ਮੰਡੀ ਵਿਚ ਆਮ ਆਦਮੀ ਪਾਰਟੀ ਨੇ ਰੈਲੀ ਕੀਤੀ ਹੈ ਅਤੇ ਇਸ ਰੈਲੀ ਨੂੰ ‘ਬਦਲਾਅ  ਰੈਲੀ’ ਦਾ ਨਾਮ ਦਿੱਤਾ ਗਿਆ ਸੀ। ਇਸ ਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਅਤੇ ਉਨ੍ਹਾਂ ਨੇ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਵਾਲ ਚੁੱਕੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਵਿਚ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਜੰਗ ਦੇ ਦੌਰਾਨ ਰੂਸ ਤੇ ਯੂਕਰੇਨ ਭੇਜ ਰਹੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਆਮ ਆਦਮੀ ਪਾਰਟੀ ਪਹਿਲੀ ਵਾਰ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੀ ਹੈ। ਇਸਦੇ ਲਈ ਪਾਰਟੀ ਪੂਰੇ ਸੂਬੇ ਵਿਚ ਕਈ ਰੈਲੀਆਂ ਕਰੇਗੀ। ਇਨ੍ਹਾਂ ਰੈਲੀਆਂ ਵਿਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਪਹੁੰਚ ਰਹੇ ਹਨ। 

 

 

ਕਿਹਾ : ਸਰਕਾਰ ਨੇ ਅਭਿਮੰਨਿਊ ਵਾਂਗ ਹਿੰਦੁਸਤਾਨ ਨੂੰ ਚੱਕਰਵਿਊ ਵਿਚ ਫਸਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੂਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਆਰੋਪ ਲਾਇਆ ਕਿ ਹਿੰਦੁਸਤਾਨ ਦੇ ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਨੂੰ ਅਭਿਮੰਨਿਊ ਵਾਂਗ ਚੱਕਰਿਵਊ ਵਿਚ ਫਸਾ ਦਿੱਤਾ ਗਿਆ ਹੈ। ਉਨ੍ਹਾਂ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਛੇ ਜਣਿਆਂ ਨੇ ਅਭਿਮੰਨਿਊ ਨੂੰ ਚੱਕਰਵਿਊ ਵਿੱਚ ਫਸਾ ਕੇ ਮਾਰਿਆ ਸੀ। ਉਨ੍ਹਾਂ ਕਿਹਾ ਕਿ ਚੱਕਰਵਿਊ ਦਾ ਦੂਜਾ ਨਾਮ ਹੈ ‘ਪਦਮਾਵਿਊ’ ਜੋ ਕਮਲ ਦੇ ਫੁੱਲ ਦੇ ਆਕਾਰ ਦਾ ਹੁੰਦਾ ਹੈ, ਜਿਸ ਵਿਚ ਡਰ ਅਤੇ ਹਿੰਸਾ ਹੁੰਦੀ ਹੈ। ਇਸ ਦੌਰਾਨ ਰਾਹੂਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਦਾ ਨਾਮ ਲਿਆ ਜਿਨ੍ਹਾਂ ’ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇਤਰਾਜ਼ ਵੀ ਜਤਾਇਆ। ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਨੇ ਚੱਕਰਵਿਊ ਤੋਂ ਨਿਕਲਣ ਲਈ ਐੱਮਐੱਸਪੀ ਦੀ ਮੰਗ ਕੀਤੀ ਸੀ, ਪਰ ਐੱਮਐੱਸਪੀ ਨਹੀਂ ਦਿੱਤੀ ਗਈ। ਰਾਹੂਲ ਗਾਂਧੀ ਨੇ ਇੰਡੀਆ ਗੱਠਜੋੜ ਵੱਲੋਂ ਬੋਲਦਿਆਂ ਕਿਹਾ ਕਿ ਅਸੀਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿਆਂਗੇ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.