Sunday, 14 June 2026

ਦੇਸ਼ ਭਰ ਦੇ ‘ਰਾਜ ਭਵਨ’ ਹੁਣ ‘ਲੋਕ ਭਵਨ’ ਕਹਾਉਣਗੇ

ਨਵੀਂ ਦਿੱਲੀ/ਬਿਊਰੋ ਨਿਊਜ਼

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਕ ਵੱਡਾ ਤੇ ਅਹਿਮ ਫੈਸਲਾ ਲੈਂਦੇ ਹੋਏ ਦੇਸ਼ ਦੇ ਸਿਆਸੀ ਤੇ ਪ੍ਰਸ਼ਾਸ਼ਨਿਕ ਢਾਂਚੇ ਵਿਚ ਨਾਮਕਰਨ ਦਾ ਇਕ ਮਹੱਤਵਪੂਰਨ ਬਦਲਾਅ ਕੀਤਾ ਹੈ। ਇਸਦੇ ਚੱਲਦਿਆਂ ਹੁਣ ਪ੍ਰਧਾਨ ਮੰਤਰੀ ਦਫਤਰ (ਪੀਐਮਓ) ਦਾ ਨਾਮ ਬਦਲ ਕੇ ‘ਸੇਵਾ ਤੀਰਥ’ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੇਸ਼ ਭਰ ਦੇ ਰਾਜ ਭਵਨਾਂ ਨੂੰ ਹੁਣ ‘ਲੋਕ ਭਵਨ’ ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਵਲੋਂ ਇਸ ਬਦਲਾਅ ਬਾਰੇ ਦੱਸਿਆ ਗਿਆ ਹੈ ਕਿ ਇਹ ਕਦਮ ‘ਸੱਤਾ ਤੋਂ ਸੇਵਾ ਵੱਲ ਵਧਣ’ ਨੂੰ ਦਰਸਾਉਂਦਾ ਹੈ। ਪੀਐਮਓ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਬਦਲਾਅ ਪ੍ਰਸ਼ਾਸਨਿਕ ਨਹੀਂ ਹੈ, ਸਗੋਂ ਇਹ ਇਕ ਸਭਿਆਚਾਰਕ ਬਦਲਾਅ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਸਬੰਧੀ ਕਹਿਣਾ ਹੈ ਕਿ ਅਸੀਂ ਸੱਤਾ ਤੋਂ ਸੇਵਾ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪ੍ਰਸ਼ਾਸਨ ਵਿਚ ਸੇਵਾ ਭਾਵਨਾ ਨੂੰ ਮੁੱਖ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਕਿਹਾ : ਇਹ ਘਾਟਾ ਬਿਆਨ ਕਰਨਯੋਗ ਨਹੀਂ

ਮੁੰਬਈ/ਬਿਊਰੋ ਨਿਊਜ਼ 

ਪੰਜਾਬ ਨਾਲ ਸਬੰਧਤ ਦਿੱਗਜ਼ ਫਿਲਮੀ ਅਦਾਕਾਰ ਧਰਮਿੰਦਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਆਪਣੇ ਮਰਹੂਮ ਪਤੀ ਧਰਮਿੰਦਰ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਹੈ ਅਤੇ ਕਿਹਾ ਕਿ ਇਹ ਘਾਟਾ ਬਿਆਨ ਕਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਨਿੱਜੀ ਨੁਕਸਾਨ ਵਰਨਣਯੋਗ ਨਹੀਂ ਹੈ ਅਤੇ ਜੋ ਖਲਾਅ ਪੈਦਾ ਹੋਇਆ ਹੈ, ਉਹ ਮੇਰੀ ਬਾਕੀ ਦੀ ਜ਼ਿੰਦਗੀ ਤੱਕ ਰਹੇਗਾ। ਹੇਮਾ ਮਾਲਿਨੀ ਨੇ ਕਿਹਾ ਕਿ ਧਰਮ ਜੀ, ਮੇਰੇ ਲਈ ਸਭ ਕੁਝ ਸਨ। ਉਨ੍ਹਾਂ ਇਹ ਵੀ ਕਿਹਾ ਕਿ ਫਿਲਮ ਉਦਯੋਗ ਵਿਚ ਧਰਮਿੰਦਰ ਦੀ ਪ੍ਰਸਿੱਧੀ ਅਤੇ ਪ੍ਰਾਪਤੀਆਂ ਹਮੇਸ਼ਾ ਕਾਇਮ ਰਹਿਣਗੀਆਂ। ਜ਼ਿਕਰਯੋਗ ਹੈ ਕਿ ਧਰਮਿੰਦਰ ਦਾ 89 ਸਾਲ ਦੀ ਉਮਰ ਵਿਚ ਪਿਛਲੇ ਦਿਨੀਂ ਮੁੰਬਈ ਵਿਚ ਦਿਹਾਂਤ ਹੋ ਗਿਆ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਲੋਕ ਸਭਾ ਵਿਚ ਐਸ.ਆਈ.ਆਰ. (ਸਪੈਸ਼ਲ ਇਨਟੈਨਸ਼ਿਵ ਰਿਵੀਜ਼ਨ) ਦੇ ਮੁੁੱਦੇ ’ਤੇ ਅੱਜ ਵੀ ਵਿਰੋਧੀ ਧਿਰਾਂ ਵਲੋਂ ਹੰਗਾਮਾ ਜਾਰੀ ਰਿਹਾ। ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁਝ ਸੰਸਦ ਮੈਂਬਰ ਵੇਲ ਤੱਕ ਵੀ ਪਹੁੰਚ ਗਏ। ਇਸਦੇ ਚੱਲਦਿਆਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਨੂੰ ਜਾਰੀ ਰੱਖਿਆ, ਪਰ ਵਿਰੋਧੀ ਸੰਸਦ ਮੈਂਬਰ ਲਗਾਤਾਰ ‘ਵੋਟ ਚੋਰ-ਗੱਦੀ ਛੋੜ’ ਦੇ ਨਾਅਰੇ ਲਗਾਉਂਦੇ ਰਹੇ। ਉਧਰ ਦੂਜੇ ਪਾਸੇ ਰਾਜ ਸਭਾ ਵਿਚ ਵੀ ਵਿਰੋਧੀ ਧਿਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਦੇ ਲਈ ਵਿਰੋਧ ਪ੍ਰਦਰਸ਼ਨ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਨੇ ਸਵੇਰੇ 10:30 ਵਜੇ ਸੰਸਦ ਦੇ ਕੰਪਲੈਕਸ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਐਸ.ਆਈ.ਆਰ. ਦੇ ਮੁੱਦੇ ’ਤੇ ਤੁਰੰਤ ਚਰਚਾ ਕਰੇ। 

ਸੁਪਰੀਮ ਕੋਰਟ ਨੇ 3 ਦਸੰਬਰ ਨੂੰ ਸੁਣਵਾਈ ਲਈ ਦਿੱਤੀ ਸਹਿਮਤੀ0

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਦਿੱਲੀ ਕੌਮੀ ਰਾਜਧਾਨੀ ਖੇਤਰ ਵਿਚ ਹਵਾ ਦੀ ਵਿਗੜਦੀ ਗੁਣਵੱਤਾ ਸਬੰਧੀ ਪਟੀਸ਼ਨ ’ਤੇ 3 ਦਸੰਬਰ ਨੂੰ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਸ ਮੁੱਦੇ ਦੀ ਨਿਯਮਤ ਨਿਗਰਾਨੀ ਕਰਨ ਦੀ ਲੋੜ ਹੈ। ਮਾਨਯੋਗ ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲੀਆ ਬਾਗਚੀ ਦੀ ਬੈਂਚ ਨੇ ਸੀਨੀਅਰ ਵਕੀਲ ਅਤੇ ਇਸ ਮਾਮਲੇ ਵਿਚ ਅਦਾਲਤੀ ਮਿੱਤਰ ਅਪਰਾਜਿਤਾ ਸਿੰਘ ਦੀਆਂ ਇਨ੍ਹਾਂ ਦਲੀਲਾਂ ਦਾ ਨੋਟਿਸ ਲਿਆ ਕਿ ਦਿੱਲੀ-ਐਨਸੀਆਰ ਵਿਚ ਹਾਲਾਤ ਚਿੰਤਾਜਨਕ ਹਨ ਅਤੇ ਇਹ ਇਕ ਸਿਹਤ ਐਮਰਜੈਂਸੀ ਹੈ। ਅਪਰਾਜਿਤਾ ਸਿੰਘ ਹਵਾ ਪ੍ਰਦੂਸ਼ਣ ਮਾਮਲੇ ਵਿਚ ਐਮੀਕਸ ਕਿਊਰੀ ਵਜੋਂ ਬੈਂਚ ਦੀ ਸਹਾਇਤਾ ਕਰ ਰਹੀ ਹੈ।  

ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਮੰਗ ਕੀਤੀ ਰੱਦ

ਚੰਡੀਗੜ੍ਹ/ਬਿਊਰੋ ਨਿਊਜ਼   

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਬਣਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਲਾਹ ਦਿੱਤੀ ਹੈ ਕਿ ਇਸ ਮਾਮਲੇ ਵਿਚ ਹੁਣ ਚੰਡੀਗੜ੍ਹ ਪ੍ਰਸ਼ਾਸਨ ਨਾਲ ਕਿਸੇ ਵੀ ਤਰ੍ਹਾਂ ਦੀ ਅੱਗੇ ਦੀ ਕਾਰਵਾਈ ਨਾ ਕੀਤੀ ਜਾਵੇ। ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਸੁਤੰਤਰ ਯੂੁਨੀਅਨ ਟੈਰੇਟਰੀ ਦਾ ਐਲਾਨ ਕਰਨ ਦੇ ਲਈ 131ਵੇਂ ਸੋਧ ਬਿੱਲ ਨੂੰ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਲਈ ਇਹ ਦੂਜਾ ਵੱਡਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਜੁਲਾਈ 2022 ਵਿਚ ਜੈਪੁਰ ਵਿਚ ਹੋਈ ਉਤਰੀ ਜ਼ੋਨਲ ਕਾਊਂਸਲ ਦੀ ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਲਈ ਜ਼ਮੀਨ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਸੀ। 

ਨਵੀਂ ਦਿੱਲੀ/ਬਿਊਰੋ ਨਿਊਜ਼   

ਅੱਜ ਭਾਰਤ ਭਰ ਵਿਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਸਦ ਦੇ ਕੇਂਦਰੀ ਹਾਲ ਵਿਚ ਇਕ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਸਮਾਗਮ ਵਿਚ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੇ ਸਪੀਕਰ, ਕੇਂਦਰੀ ਮੰਤਰੀ ਅਤੇ ਦੋਵਾਂ ਸਦਨਾਂ ਦੇ ਸੰਸਦ ਮੈਂਬਰ ਵੀ ਹਾਜ਼ਰ ਰਹੇ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਸੰਵਿਧਾਨ ਦੇ ਅਨੁਵਾਦਿਤ ਸੰਸਕਰਣ ਨੂੰ 9 ਭਾਸ਼ਾਵਾਂ ਵਿਚ ਜਾਰੀ ਕੀਤਾ। ਇਨ੍ਹਾਂ ਭਾਸ਼ਾਵਾਂ ਵਿਚ ਮਲਿਆਲਮ, ਮਰਾਠੀ, ਨੇਪਾਲੀ, ਪੰਜਾਬੀ, ਬੋਡੋ, ਕਸ਼ਮੀਰੀ, ਤੇਲਗੂ, ਉੜੀਆ ਅਤੇ ਅਸਾਮੀ ਸ਼ਾਮਲ ਹਨ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਭਾਰਤ ਦਾ ਸੰਵਿਧਾਨ ਹੁਣ ਕਈ ਭਾਸ਼ਾਵਾਂ ਵਿਚ ਉਪਲਬਧ ਹੋਵੇਗਾ, ਜਿਸ ਨਾਲ ਵਧੇਰੇ ਲੋਕ ਸੰਵਿਧਾਨ ਨੂੰ ਆਪਣੀਆਂ ਭਾਸ਼ਾਵਾਂ ਵਿਚ ਪੜ੍ਹ ਅਤੇ ਸਮਝ ਸਕਣਗੇ। ਰਾਸ਼ਟਰਪਤੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ, ਜੋ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ, ਉਹ ਸਾਡੇ ਸੰਵਿਧਾਨ ਦੇ ਮੁੱਖ ਆਰਕੀਟੈਕਟ ਸਨ। ਉਨ੍ਹਾਂ ਕਿਹਾ ਕਿ ਸੰਵਿਧਾਨ ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਅਤੇ ਰਾਸ਼ਟਰਵਾਦੀ ਸੋਚ ਅਪਨਾਉਣ ਲਈ ਮਾਰਗ ਦਰਸ਼ਕ ਦਸਤਾਵੇਜ਼ ਹੈ। 

ਵਿਰੋਧੀ ਧਿਰ ਵਲੋਂ ਨਾਅਰੇਬਾਜ਼ੀ - ਇਜਲਾਸ ਭਲਕੇ 11 ਵਜੇ ਤੱਕ ਮੁਲਤਵੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿਚ ਸੰਬੋਧਨ ਕਰ ਰਹੇ ਸਨ ਅਤੇ ਉਧਰ ਦੂਜੇ ਪਾਸੇ ਲੋਕ ਸਭਾ ਵਿਚ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਭਲਕੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਇਜਲਾਸ ਹਾਰ ਦੀ ਨਿਰਾਸ਼ਾ ਜਾਂ ਜਿੱਤ ਦੇ ਹੰਕਾਰ ਦਾ ਅਧਾਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਨਵੀਂ ਪੀੜ੍ਹੀ ਨੂੰ ਤਜਰਬੇ ਤੋਂ ਲਾਭ ਉਠਾਉਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਆਪਣੀ ਚੋਣ ਹਾਰ ਨੂੰ ਹਜ਼ਮ ਕਰਨ ਵਿਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸੰਸਦ ਦਾ ਇਹ ਇਜਲਾਸ ਹਾਰ ’ਤੇ ਘਬਰਾਹਟ ਦਾ ਅਧਾਰ ਨਹੀਂ ਬਣਨਾ ਚਾਹੀਦਾ। ਜ਼ਿਕਰਯੋਗ ਹੈ ਕਿ ਇਹ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ। 

 

 

ਸੰਸਦ ਕੰਪਲੈਕਸ ’ਚ ਕੁੱਤਾ ਲੈ ਕੇ ਪਹੰੁਚੀ ਕਾਂਗਰਸੀ ਸੰਸਦ ਮੈਂਬਰ ਰੇਣੂਕਾ ਚੌਧਰੀ

ਕਿਹਾ : ਇਹ ਵੱਢਦਾ ਨਹੀਂ, ਵੱਢਣ ਵਾਲੇ ਤਾਂ ਹਨ ਸੰਸਦ ਵਿਚ

ਨਵੀਂ ਦਿੱਲੀ/ਬਿਊਰੋ ਨਿਊਜ਼

ਸੰਸਦ ਦੇ ਸਰਦ ਰੁੱਤ ਇਜਲਾਸ ਦੇ ਅੱਜ ਪਹਿਲੇ ਦਿਨ ਸੋਮਵਾਰ ਨੂੰ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਰੇਣੂਕਾ ਚੌਧਰੀ ਇਕ ਕੁੱਤਾ ਲੈ ਕੇ ਸੰਸਦ ਦੇ ਕੰਪਲੈਕਸ ਵਿਚ ਪਹੁੰਚ ਗਈ। ਇਸ ਘਟਨਾ ’ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨੇ ਸਖਤ ਵਿਰੋਧ ਕੀਤਾ। ਇਸਦੇ ਚੱਲਦਿਆਂ ਜਦੋਂ ਰੇਣੂਕਾ ਚੌਧਰੀ ਨੂੰ ਪੁੱਛਿਆ ਗਿਆ ਕਿ ਕੁੱਤੇ ਨੂੰ ਸੰਸਦ ਵਿਚ ਕਿਉਂ ਲਿਆਈ ਹੈ ਤਾਂ ਰੇਣੂਕਾ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ। ਇਸ ਵਿਚ ਕੀ ਨੁਕਸਾਨ ਹੈ? ਰੇਣੂਕਾ ਨੇ ਕਿਹਾ ਕਿ ਇਹ ਇਕ ਛੋਟਾ, ਨੁਕਸਾਨ ਰਹਿਤ ਜਾਨਵਰ ਹੈ। ਉਨ੍ਹਾਂ ਅੱਗੇ ਕਿਹਾ ਕਿ ਕੱਟਣ ਵਾਲੇ ਤੇ ਡੱਸਣ ਵਾਲੇ ਸੰਸਦ ਵਿਚ ਹਨ, ਕੁੱਤੇ ਨਹੀਂ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਰੇਣੂਕਾ ਚੌਧਰੀ ਵਲੋਂ ਸੰਸਦ ਵਿਚ ਕੁੱਤੇ ਨੂੰ ਲਿਆਉਣਾ ਗਲਤ ਹੈ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

ਨਵੀਂ ਦਿੱਲੀ/ਬਿਊਰੋ ਨਿਊਜ਼   

ਸੰਵਿਧਾਨ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਸੀਆਂ ਦੇ ਨਾਂ ਇਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਇਕ ਮਜ਼ਬੂਤ ਲੋਕਤੰਤਰ ਦੀ ਨੀਂਹ ਹੈ। ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੱਤਰ ਵਿਚ ਸੰਵਿਧਾਨ ਦੀ ਸ਼ਕਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸੰਵਿਧਾਨ ਦੀ ਤਾਕਤ ਹੈ, ਜਿਸਨੇ ਇਕ ਗਰੀਬ ਪਰਿਵਾਰ ਦੇ ਇਕ ਆਮ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਯੋਗ ਬਣਾਇਆ। ਇਸ ਪੱਤਰ ਵਿਚ ਪ੍ਰਧਾਨ ਮੰਤਰੀ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਸੰਵਿਧਾਨ ਇਕ ਪਵਿੱਤਰ ਦਸਤਾਵੇਜ਼ ਹੈ, ਜੋ ਦੇਸ਼ ਦੇ ਵਿਕਾਸ ਲਈ ਇਕ ਸੱਚੇ ਮਾਰਗਦਰਸ਼ਕ ਵਜੋਂ ਲਗਾਤਾਰ ਕੰਮ ਕਰਦਾ ਰਿਹਾ ਹੈ। ਮੋਦੀ ਨੇ ਆਪਣੇ ਪੱਤਰ ਵਿੱਚ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਅਤੇ ਨਾਗਰਿਕ ਹੋਣ ਦੇ ਨਾਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਵੋਟ ਪਾਉਣ ਦਾ ਕੋਈ ਵੀ ਮੌਕਾ ਨਾ ਗੁਆਈਏ।

ਨਵੀਂ ਦਿੱਲੀ/ਬਿਊਰੋ ਨਿਊਜ਼ 

ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਇਕ ਵਾਰ ਫਿਰ ਵਧ ਗਿਆ ਹੈ। ਦਿੱਲੀ ਦੇ ਕਈ ਇਲਾਕਿਆਂ ਵਿਚ ਹਵਾ ਦੀ ਗਣਵੱਤਾ ਸੂਚਾਂਕ 400 ਤੋਂ ਵੀ ਵੱਧ ਦਰਜ ਕੀਤਾ ਗਿਆ ਹੈ। ਇਸਦੇ ਚੱਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੌਮੀ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੰਸਦ ਵਿਚ ਵਿਸਥਾਰਤ ਚਰਚਾ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਿਹਤ ਐਮਰਜੈਂਸੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ। ਕਾਂਗਰਸੀ ਆਗੂ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਰਜ ਯੋਜਨਾ ਦੀ ਮੰਗ ਕੀਤੀ ਅਤੇ ਪੁੱਛਿਆ ਕਿ ਮੋਦੀ ਸਰਕਾਰ ਇਸ ਮੁੱਦੇ ’ਤੇ ਕੋਈ ਜਲਦਬਾਜ਼ੀ ਕਿਉਂ ਨਹੀਂ ਦਿਖਾ ਰਹੀ। ਰਾਹੁਲ ਨੇ ਪੀਐਮ ਮੋਦੀ ਨੂੰ ਸਵਾਲ ਕੀਤਾ ਕਿ ਮੋਦੀ ਜੀ ਭਾਰਤ ਦੇ ਬੱਚਿਆਂ ਦਾ ਸਾਡੇ ਸਾਹਮਣੇ ਦਮ ਘੁੱਟ ਰਿਹਾ ਹੈ ਅਤੇ ਤੁਸੀਂ ਚੁੱਪ ਕਿਵੇਂ ਰਹਿ ਸਕਦੇ ਹੋ। ਜ਼ਿਕਰਯੋਗ ਹੈ ਕਿ ਦਿੱਲੀ ਪਿਛਲੇ 15 ਦਿਨਾਂ ਤੋਂ ਬਹੁਤ ਖਰਾਬ ਹਵਾ ਗੁਣਵੱਤਾ ਨਾਲ ਜੂਝ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਹਵਾ ਅੰਦਰੂਨੀ ਬਿਮਾਰੀਆਂ ਨੂੰ ਵਧਾਉਂਦੀ ਹੈ ਅਤੇ ਇਸਦਾ ਜਲਦੀ ਹੱਲ ਕੱਢਿਆ ਜਾਣਾ ਬਹੁਤ ਜ਼ਰੂਰੀ ਹੈ।   

 

 

 

  

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਵਿਚ ਪਿਛਲੇ ਦਿਨੀਂ ਲਾਲ ਕਿਲ੍ਹੇ ਦੇ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਆਤਮਘਾਤੀ ਦਹਿਸ਼ਤਗਰਦ ਡਾ. ਉਮਰ ਨਬੀ ਦੇ ਸਾਥੀ ਸ਼ੋਇਬ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸ਼ੋਇਬ ਫਰੀਦਾਬਾਦ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਦਹਿਸ਼ਤਗਰਦ ਉਮਰ ਲਈ ਸਮਾਨ ਲੈ ਕੇ ਆਉਣ ਅਤੇ ਲਿਜਾਣ ਵਿਚ ਮੱਦਦ ਕੀਤੀ ਸੀ। ਦਿੱਲੀ ਧਮਾਕੇ ਦੇ ਮਾਮਲੇ ਵਿਚ ਇਹ ਸੱਤਵੀਂ ਗਿ੍ਰਫਤਾਰੀ ਹੈ। ਜ਼ਿਕਰਯੋਗ ਹੈ ਕਿ ਵਿਸਫੋਟਕਾਂ ਨਾਲ ਭਰੀ ਜਿਸ ਕਾਰ ਵਿਚ ਧਮਾਕਾ ਹੋਇਆ ਸੀ, ਉਸ ਨੂੰ ਡਾ. ਉਮਰ ਹੀ ਚਲਾ ਰਿਹਾ ਸੀ ਅਤੇ ਇਸ ਧਮਾਕੇ ਵਿਚ ਡਾ. ਉਮਰ ਵੀ ਮਾਰਿਆ ਗਿਆ ਸੀ। ਇਸ ਹਮਲੇ ਵਿਚ ਕਈ ਨਿਰਦੋਸ਼ ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਇਸ ਹਮਲੇ ਦੇ ਸਾਰੇ ਮੁਲਜ਼ਮ ਇਸ ਵੇਲੇ ਐਨ.ਆਈ.ਏ. ਦੀ ਹਿਰਾਸਤ ਵਿਚ ਹਨ।   

ਰਿਸ਼ਤਿਆਂ ’ਤੇ ਵੀ ਖੜ੍ਹੇ ਹੋਣ ਲੱਗੇ ਵੱਡੇ ਸਵਾਲ

ਮੁੰਬਈ/ਬਿਊਰੋ ਨਿਊਜ਼ 

ਮੁੰਬਈ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਅਤੇ ਇਸ ਖਬਰ ਨੇ ਨੇੜਲੇ ਰਿਸ਼ਤਿਆਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਪੁਲਿਸ ਨੇ ਇਕ 5 ਸਾਲ ਦੀ ਬੱਚੀ ਨੂੰ ਬਚਾਇਆ ਹੈ, ਜਿਸ ਨੂੰ ਸੰਤਾਕਰੂਜ ਦੇ ਵਕੋਲਾ ਖੇਤਰ ਵਿਚੋਂ ਅਗਵਾ ਕਰਕੇ ਉਸਦੇ ਆਪਣੇ ਰਿਸ਼ਤੇਦਾਰਾਂ ਵਲੋਂ ਵੇਚ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਬੱਚੀ ਦੇ ਮਾਮੇ ਅਤੇ ਮਾਸੀ ਨੇ ਉਸ ਨੂੰ ਅੱਧੀ ਰਾਤ ਦੇ ਕਰੀਬ ਅਗਵਾ ਕਰ ਲਿਆ ਅਤੇ ਫਿਰ ਉਸ ਨੂੰ 90 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਇਸ ਤੋਂ ਬਾਅਦ ਖਰੀਦਦਾਰ ਨੇ ਇਸ ਬੱਚੀ ਨੂੰ 1 ਲੱਖ 8 ਹਜ਼ਾਰ ਰੁਪਏ ਵਿਚ ਅੱਗੇ ਹੋਰ ਕਿਸੇ ਕੋਲ ਵੇਚ ਦਿੱਤਾ। ਬੱਚੀ ਦੀ ਮਾਂ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵਕੋਲਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਬੱਚੀ ਨੂੰ ਬਚਾਇਆ ਅਤੇ ਉਸਦੇ ਮਾਪਿਆਂ ਕੋਲ ਪਹੁੰਚਾਇਆ। ਮੁੰਬਈ ਪੁਲਿਸ ਵਲੋਂ ਦੱਸਿਆ ਕਿ ਇਸ ਮਾਮਲੇ ਵਿਚ 5 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

 

ਹਰਿਆਣਾ ਸਰਕਾਰ ਵਲੋਂ ਵੀ ਮਨਾਇਆ ਗਿਆ ਸ਼ਹੀਦੀ ਸਮਾਗਮ

ਕੁਰੂੁਕਸ਼ੇਤਰ/ਬਿਊਰੋ ਨਿਊਜ਼

‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਹਰਿਆਣਾ ਸਰਕਾਰ ਵਲੋਂ ਵੀ ਅੱਜ ਕੁਰੂਕਸ਼ੇਤਰ ਵਿਚ ਮਨਾਇਆ ਗਿਆ। ਇਸ ਸ਼ਹੀਦੀ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਅਤੇ ਉਹਨਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਕਈ ਮੰਤਰੀ ਵੀ ਹਾਜ਼ਰ ਸਨ। ਸ਼ਹੀਦੀ ਸਮਾਗਮ ਵਿਚ 350 ਬੱਚੀਆਂ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ਼ਹੀਦੀ ਸਮਾਗਮ ਵਿਚ ਪਹੁੰਚੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.