Sunday, 14 June 2026

ਚੰਡੀਗੜ੍ਹ/ਬਿਊਰੋ ਨਿਊਜ਼    

ਚੇਨਈ ਵਿੱਚ ਹੋਈ 23ਵੀਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ, ਚੰਡੀਗੜ੍ਹ ਦੇ 94 ਸਾਲਾਂ ਦੇ ਦੌੜਾਕ ਕਿਰਪਾਲ ਸਿੰਘ ਨੇ 90 ਸਾਲ ਤੋਂ ਵੱਧ ਉਮਰ ਵਰਗ ਵਿੱਚ 5000 ਮੀਟਰ ਵਾਕ ਵਿੱਚ ਸੋਨ ਤਮਗਾ ਅਤੇ 100 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਲੰਘੀ 5 ਤੋਂ 9 ਨਵੰਬਰ ਤੱਕ ਹੋਏ ਇਸ ਮੁਕਾਬਲੇ ਵਿੱਚ ਕਿਰਪਾਲ ਸਿੰਘ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਹੁਣ ਤੱਕ ਉਹ ਕੌਮੀ ਪੱਧਰ ’ਤੇ 12 ਤਮਗੇ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ 3 ਤਮਗੇ ਜਿੱਤ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕਿਰਪਾਲ ਸਿੰਘ ਨੇ 92 ਸਾਲ ਦੀ ਉਮਰ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਉਸਨੇ ਪਿਛਲੇ ਸਾਲ ਕੁਆਲਾਲੰਪੁਰ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। 

ਸ੍ਰੀਨਗਰ/ਬਿਊਰੋ ਨਿਊਜ਼ 

ਸੁਰੱਖਿਆ ਬਲਾਂ ਨੇ ਲਾਲ ਕਿਲ੍ਹੇ ਦੇ ਨੇੜੇ ਵਿਸਫੋਟਕਾਂ ਨਾਲ ਲੱਦੀ ਕਾਰ ਚਲਾਉਣ ਵਾਲੇ ਡਾ. ਉਮਰ ਨਬੀ ਦਾ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚਲਾ ਘਰ ਢਾਹ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਰ ਢਾਹੁਣ ਦੀ ਕਾਰਵਾਈ ਲੰਘੀ ਰਾਤ ਨੂੰ ਕੀਤੀ ਗਈ। ਦੱਸਣਯੋਗ ਹੈ ਕਿ ਲੰਘੇ ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਵਿਚ 13 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਡਾ. ਉਮਰ ਸਫੇਦ ਰੰਗ ਦੀ ਕਾਰ ਚਲਾ ਰਿਹਾ ਸੀ, ਜੋ ਵਿਸਫੋਟਕਾਂ ਨਾਲ ਲੱਦੀ ਹੋਈ ਸੀ। ਜਾਂਚ ਅਧਿਕਾਰੀਆਂ ਨੇ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਡੀਐਨਏ ਨਮੂਨਿਆਂ ਦਾ, ਡਾ. ਉਮਰ ਦੀ ਮਾਂ ਦੇ ਡੀਐਨਏ ਨਮੂਨਿਆਂ ਨਾਲ ਮੇਲ ਖਾਣ ਤੋਂ ਬਾਅਦ ਉਸਦੀ ਪਹਿਚਾਣ ਦੀ ਪੁਸ਼ਟੀ ਕੀਤੀ ਸੀ। ਡਾ. ਉਮਰ, ਜੋ ਆਪਣੇ ਸਰਕਲ ਵਿਚ ਅਕਾਦਮਿਕ ਪੇਸ਼ੇਵਰ ਵਜੋਂ ਜਾਣਿਆ ਜਾਂਦਾ ਸੀ, ਪਿਛਲੇ ਦੋ ਸਾਲਾਂ ਵਿਚ ਕਥਿਤ ਤੌਰ ’ਤੇ ਕੱਟੜਪੰਥੀ ਬਣ ਗਿਆ ਸੀ। 

 

ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੋਣਗੇ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼  

ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਭਲਕੇ 11:30 ਵਜੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਜਨਤਾ ਦਲ (ਯੂੁ) ਦੇ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੀਐਮ ਹਾਊਸ ਵਿਚ ਜਨਤਾ ਦਲ (ਯੂ) ਦੇ ਵਿਧਾਇਕਾਂ ਦੀ ਮੀਟਿੰਗ ਦੌਰਾਨ ਨਿਤੀਸ਼ ਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਧਿਆਨ ਰਹੇ ਕਿ ਬਿਹਾਰ ਵਿਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਦੀ ਸਰਕਾਰ ਬਣਨੀ ਹੈ ਅਤੇ ਇਸ ਵਿਚ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਪਾਰਟੀ ਦੇ 13 ਵਿਧਾਇਕਾਂ ਨੂੰ ਮੰਤਰੀ ਵੀ ਬਣਾਇਆ ਜਾ ਸਕਦਾ ਹੈ। ਇਹ ਵੀ ਦੱਸਣਯੋਗ ਹੈ ਕਿ ਬਿਹਾਰ ਦੀਆਂ ਕੁੱਲ 243 ਵਿਧਾਨ ਸਭਾ ਸੀਟਾਂ ਹਨ ਅਤੇ ਐਨ.ਡੀ.ਏ. ਨੇ 202 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਵਿਚ ਭਾਜਪਾ ਨੂੰ 89 ਅਤੇ ਜਨਤਾ ਦਲ ਯੂ ਨੂੰ 85 ਸੀਟਾਂ ਮਿਲੀਆਂ ਹਨ।

ਧਮਾਕੇ ’ਚ 12 ਵਿਅਕਤੀਆਂ ਦੀ ਗਈ ਸੀ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼  

ਨਵੀਂ ਦਿੱਲੀ ਵਿਚ ਲੰਘੇ ਸੋਮਵਾਰ ਨੂੰ ਲਾਲ ਕਿਲੇ ਦੇ ਨੇੜੇ ਇਕ ਕਾਰ ਵਿਚ ਹੋਏ ਧਮਾਕੇ ਦੌਰਾਨ 12 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਇਸ ਦੇ ਚੱਲਦਿਆਂ ਧਮਾਕੇ ਦੇ ਮੁੱਖ ਦੋਸ਼ੀ ਡਾਕਟਰ ਉਮਰ ਨਬੀ ਦਾ ਡੀਐਨਏ ਮੈਚ ਹੋ ਗਿਆ ਹੈ। ਜਾਂਚ ਟੀਮਾਂ ਨੇ ਕਾਰ ਵਿਚੋਂ ਉਮਰ ਦੇ ਦੰਦ, ਹੱਡੀਆਂ, ਖੂਨ ਨਾਲ ਲੱਥ-ਪੱਥ ਕੱਪੜਿਆਂ ਦੇ ਟੁਕੜੇ ਅਤੇ ਉਸਦੀ ਲੱਤ ਦਾ ਇਕ ਹਿੱਸਾ ਬਰਾਮਦ ਕੀਤਾ ਸੀ। ਇਹ ਸਾਰੇ ਨਮੂਨੇ ਉਮਰ ਦੀ ਮਾਂ ਦੇ ਡੀਐਨਏ ਨਾਲ ਮੈਚ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਜੰਮੂ ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਡਾ. ਉਮਰ ਨਬੀ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਲਈ ਜ਼ਿੰਮੇਵਾਰ ਸੀ। ਇਸ ਦੌਰਾਨ ਜਾਂਚ ਤੋਂ ਪਤਾ ਲੱਗਾ ਹੈ ਕਿ ਉਮਰ  ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਅਤੇ ਇਸ ਕਰਕੇ ਹੀ ਉਸ ਵਲੋਂ ਵੱਡੀ ਮਾਤਰਾ ਵਿਚ ਵਿਸਫੋਟਕ ਜਮ੍ਹਾਂ ਕੀਤਾ ਗਿਆ ਸੀ। 

ਕਿਹਾ : ਚੋਣ ਕਮਿਸ਼ਨ ਤੁਰੰਤ ਸਾਬਿਤ ਕਰੇ ਕਿ ਉਹ ਭਾਜਪਾ ਦੇ ਪ੍ਰਭਾਵ ਹੇਠ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਨੇ ਆਪਣੀ ‘ਵੋਟ ਚੋਰੀ’ ਦੀ ਦਲੀਲ ਨੂੰ ਫਿਰ ਅੱਗੇ ਵਧਾਉਂਦੇ ਹੋਏ ਕਿਹਾ ਕਿ ਵੋਟਰ ਸੂਚੀਆਂ ਦੀ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦਾ ਵਿਵਹਾਰ ਬਹੁਤ ਨਿਰਾਸ਼ਾਜਨਕ ਰਿਹਾ ਹੈ। ਕਾਂਗਰਸ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਚੋਣ ਸੰਸਥਾ ਤੁਰੰਤ ਇਹ ਸਾਬਤ ਕਰੇ ਕਿ ਉਹ ਭਾਜਪਾ ਦੇ ਪ੍ਰਭਾਵ ਹੇਠ ਕੰਮ ਨਹੀਂ ਕਰ ਰਹੀ। ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਭਾਜਪਾ ‘ਵੋਟ ਚੋਰੀ’ ਲਈ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਨੂੰ ਇਕ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਖੜਗੇ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਜਮਹੂਰੀ ਸੰਸਥਾਵਾਂ ਵਿਚ ਲੋਕਾਂ ਦਾ ਵਿਸ਼ਵਾਸ਼ ਪਹਿਲਾਂ ਹੀ ਘਟਿਆ ਹੋਇਆ ਹੈ ਤਾਂ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦਾ ਵਿਵਹਾਰ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ।

ਬੰਗਾਲ ’ਚ 34 ਲੱਖ ਆਈ.ਡੀ. ਧਾਰਕ ਹੁਣ ਜਿੰਦਾ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿਚ ਜਨਵਰੀ 2009 ਵਿਚ ਅਧਾਰ ਕਾਰਡ ਲਾਗੂ ਹੋਇਆ ਸੀ। ਹਰ ਨਾਗਰਿਕ ਨੂੰ ਅਧਾਰ ਨੰਬਰ ਜਾਰੀ ਕਰਨ ਦੀ ਸ਼ੁਰੂਆਤ ਨੂੰ 15 ਸਾਲ ਹੋ ਚੁੱਕੇ ਹਨ। ਇਸ ਦੌਰਾਨ 142 ਕਰੋੜ ਤੋਂ ਜ਼ਿਆਦਾ ਅਧਾਰ ਕਾਰਡ ਜਾਰੀ ਹੋਏ, ਪਰ 8 ਕਰੋੜ ਤੋਂ ਜ਼ਿਆਦਾ ਧਾਰਕਾਂ ਦੀ ਮੌਤ ਦੇ ਬਾਵਜੂਦ ਵੀ ਸਿਰਫ 1 ਕਰੋੜ 83 ਲੱਖ ਕਾਰਡ ਹੀ ਆਯੋਗ ਕੀਤੇ ਗਏ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਕਰੀਬ 6 ਕਰੋੜ ਮਿ੍ਰਤਕਾਂ ਦੇ ਅਧਾਰ ਅਜੇ ਵੀ ਸਰਗਰਮ ਹਨ। ਪੱਛਮੀ ਬੰਗਾਲ ਵਿਚ 34 ਲੱਖ ਦੇ ਕਰੀਬ ਅਧਾਰ ਕਾਰਡ ਧਾਰਕਾਂ ਦੀ ਮੌਤ ਹੋ ਚੁੱਕੀ ਹੈ, ਪਰ ਉਨ੍ਹਾਂ ਦੇ ਅਧਾਰ ਕਾਰਡ ਅਜੇ ਵੀ ਸਰਗਰਮ ਹਨ। ਇਸ ਨਾਲ ਬੈਂਕ ਧੋਖਾਧੜੀ, ਜਾਅਲੀ ਖਾਤਿਆਂ ਅਤੇ ਸਰਕਾਰੀ ਯੋਜਨਾਵਾਂ ਦੇ ਲਾਭਾਂ ਵਿਚ ਬੇਨਿਯਮੀਆਂ ਦਾ ਖਤਰਾ ਵਧ ਗਿਆ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੌਮੀ ਜਾਂਚ ਏਜੰਸੀ ਵਲੋਂ ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕਾ ਮਾਮਲੇ ਦੇ ਇੱਕ ਦੋਸ਼ੀ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਅਮੀਰ ਰਾਸ਼ਿਦ ਅਲੀ ਨੂੰ ਪਿ੍ਰੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਅਤੇ ਅਦਾਲਤ ਨੇ ਮੁਲਜ਼ਮ ਨੂੰ 10 ਦਿਨਾਂ ਲਈ ਐੱਨ.ਆਈ.ਏ. ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਅਦਾਲਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਲੰਘੀ 10 ਨਵੰਬਰ ਨੂੰ ਕੌਮੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਵਿਸਫੋਟਕਾਂ ਨਾਲ ਭਰੀ ਕਾਰ ਵਿਚ ਹੋਏ ਧਮਾਕੇ ਨਾਲ 13 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਧਿਆਨ ਰਹੇ ਕਿ ਜਿਸ ਕਾਰ ਵਿਚ ਧਮਾਕਾ ਹੋਇਆ ਸੀ, ਉਸ ਕਾਰ ਨੂੰ  ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦਾ ਡਾਕਟਰ ਉਮਰ ਨਬੀ ਚਲਾ ਰਿਹਾ ਸੀ ਅਤੇ ਇਸ ਧਮਾਕੇ ਵਿਚ ਉਮਰ ਨਬੀ ਵੀ ਮਾਰਿਆ ਗਿਆ ਸੀ। 


ਨਵੇਂ ਪ੍ਰੋਜੈਕਟ ਲਈ 764 ਕਰੋੜ ਰੁਪਏ ਦੇ ਬਜਟ ਨੂੰ ਮਨਜੂਰੀ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਰੇਲ ਮੰਤਰਾਲੇ ਨੇ ਰਾਜਪੁਰਾ-ਮੁਹਾਲੀ ਰੇਲ ਲਿੰਕ ਨੂੰ ਹਰੀ ਝੰਡੀ ਦੇਣ ਤੋਂ ਕੁਝ ਦਿਨ ਬਾਅਦ ਹੁਣ ਫਿਰੋਜ਼ਪੁਰ-ਪੱਟੀ ਰੇਲ ਲਾਈਨ ਪ੍ਰਾਜੈਕਟ ਨੂੰ ਵੀ ਮਨਜੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਲਈ 764 ਕਰੋੜ ਰੁਪਏ ਦੇ ਕੁੱਲ ਬਜਟ ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਵਿਚ ਜ਼ਮੀਨ ਪ੍ਰਾਪਤੀ ਲਈ 165 ਕਰੋੜ ਰੁਪਏ ਵੀ ਸ਼ਾਮਲ ਹਨ। ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਪ੍ਰਾਜੈਕਟ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਗਿਆ ਕਿ ਇਹ ਰੇਲ ਲਾਈਨ ਸਰਹੱਦੀ ਜ਼ਿਲ੍ਹੇ ਨੂੰ ਗੁਜਰਾਤ ਦੀਆਂ ਬੰਦਰਗਾਹਾਂ ਨਾਲ ਸਿੱਧਾ ਜੋੜੇਗੀ, ਜਿਸ ਨਾਲ ਖੇਤਰ ਵਿਚ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਟਿੰਗ ’ਚ ਹੋਏ ਸ਼ਾਮਲ

ਚੰਡੀਗੜ੍ਹ/ਬਿਊੁਰੋ ਨਿਊਜ਼   

ਦਿੱਲੀ ਵਿਚ ਪਿਛਲੇ ਦਿਨੀਂ ਹੋਏ ਧਮਾਕੇ ਦੀ ਜਾਂਚ ਦੇ ਚੱਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੋਮਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਵਿਚ ਉਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਕੀਤੀ ਹੈ। ਇਸ ਹਾਈ ਲੈਵਲ ਮੀਟਿੰਗ ਦੀ ਸ਼ੁਰੂਆਤ ਦਿੱਲੀ ਵਿਚ ਹੋਏ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਕੀਤੀ ਗਈ। ਉਤਰੀ ਖੇਤਰੀ ਪ੍ਰੀਸ਼ਦ ਵਿਚ ਚਾਰ ਮੈਂਬਰਾਂ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਚਾਰ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਤੇ ਪ੍ਰਸ਼ਾਸਕਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸ਼ਾਮਲ ਹੋਏ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਗਵਰਨਰ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਉਪ ਰਾਜਪਾਲ ਵੀ ਹਾਜ਼ਰ ਰਹੇ। ਇਸ ਮੀਟਿੰਗ ਦੌਰਾਨ ਅੰਦਰੂਨੀ ਸੁਰੱਖਿਆ ਅਤੇ ਮਹਿਲਾਵਾਂ ਤੇ ਬੱਚਿਆਂ ਨਾਲ ਜਬਰ ਜਨਾਹ ਦੇ ਮਾਮਲਿਆਂ ਨੂੰ ਲੈ ਕੇ ਚਰਚਾ ਹੋਈ ਹੈ।

ਭੂਟਾਨ ਤੋਂ ਪਰਤਦਿਆਂ ਹੀ ਪ੍ਰਧਾਨ ਮੰਤਰੀ ਨੇ ਲਈ ਜ਼ਖ਼ਮੀਆਂ ਦੀ ਸਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਲੰਘੇ ਕੱਲ੍ਹ ਨਵੀਂ ਦਿੱਲੀ ਵਿਚ ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕੇ ਵਿਚ 12 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭੂੁਟਾਨ ਦੌਰੇ ਤੋਂ ਵਾਪਸ ਪਰਤਿਆਂ ਹੀ ਧਮਾਕੇ ’ਚ ਜ਼ਖਮੀ ਹੋਏ ਵਿਅਕਤੀਆਂ ਨੂੰ ਮਿਲਣ ਲਈ ਹਸਪਤਾਲ ਪਹੁੰਚ ਗਏ। ਪੀਐਮ ਮੋਦੀ ਹਵਾਈ ਅੱਡੇ ਤੋਂ ਸਿੱਧੇ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ ਜਾਣਿਆ। ਇਸੇ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।  ਦੱਸਿਆ ਗਿਆ ਹੈ ਕਿ ਇਸ ਧਮਾਕੇ ਵਿਚ ਜਾਨ ਗੁਆਉਣ ਵਾਲਿਆਂ ਵਿਚੋਂ ਤਿੰਨ ਦੀ ਪਹਿਚਾਣ ਹੋਈ ਹੈ ਅਤੇ ਬਾਕੀਆਂ ਦੀ ਪਹਿਚਾਣ ਡੀ.ਐਨ.ਏ. ਟੈਸਟ ਨਾਲ ਕੀਤੀ ਜਾਵੇਗੀ। ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਰੈਡ ਅਲਰਟ ਕੀਤਾ ਗਿਆ ਹੈ ਅਤੇ ਚੈਕਿੰਗ ਵੀ ਵਧਾ ਦਿੱਤੀ ਗਈ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਦਿੱਲੀ ਵਿਚ ਹੋਏ ਧਮਾਕੇ ਨੂੰ ਕੇਂਦਰ ਸਰਕਾਰ ਦੀ ਨਕਾਮੀ ਦੱਸਿਆ ਹੈ। ਖੜਗੇ ਨੇ ਕੇਂਦਰ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਦਿੱਲੀ ਵਿਚ ਸਾਰੀਆਂ ਏਜੰਸੀਆਂ ਦੀ ਮੌਜੂਦਗੀ ਦੇ ਬਾਵਜੂਦ ਸਰਕਾਰ ਫੇਲ੍ਹ ਸਾਬਤ ਹੋਈ ਹੈ।

ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗਠਜੋੜ ਬਹੁਤ ਪਿੱਛੇ

ਨਵੀਂ ਦਿੱਲੀ/ਬਿਊਰੋ ਨਿਊਜ਼  

ਬਿਹਾਰ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਵੀ ਆ ਗਏ ਹਨ। ਬਿਹਾਰ ਦੀਆਂ ਕੁੱਲ 243 ਵਿਧਾਨ ਸਭਾ ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਨੇ ਡਬਲ ਸੈਂਚੁਰੀ ਤੋਂ ਵੀ ਜ਼ਿਆਦਾ ਸੀਟਾਂ ਜਿੱਤ ਲਈਆਂ ਹਨ। ਇਸਦੇ ਚੱਲਦਿਆਂ ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗਠਜੋੜ ਬਹੁਤ ਪਿੱਛੇ ਰਹਿ ਗਿਆ ਹੈ। ਐਨਡੀਏ ਨੂੰ 2020 ਦੇ ਮੁਕਾਬਲੇ ਇਸ ਵਾਰ 65 ਤੋਂ ਜ਼ਿਆਦਾ ਸੀਟਾਂ ਦਾ ਫਾਇਦਾ ਹੋਇਆ ਅਤੇ ‘ਇੰਡੀਆ’ ਗਠਜੋੜ ਨੂੰ ਕਰੀਬ ਏਨੀਆਂ ਹੀ ਸੀਟਾਂ ਦਾ ਨੁਕਸਾਨ ਹੋਇਆ ਹੈ। ਐਨਡੀਏ ਗਠਜੋੜ ਵਿਚ ਸ਼ਾਮਲ ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਉਂਝ ਦੇਖਿਆ ਜਾਵੇ ਤਾਂ ਐਨਡੀਏ ਵਿਚ ਸ਼ਾਮਲ ਭਾਜਪਾ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲੀਆਂ ਹਨ ਅਤੇ ਇੰਡੀਆ ਗਠਜੋੜ ਵਿਚ ਸ਼ਾਮਲ ਕਾਂਗਰਸ ਬਹੁਤ ਪਛੜ ਗਈ ਹੈ।    

 

 

  

ਡਾਕਟਰਾਂ ਨੇ ਕਿਹਾ : ਪਰਿਵਾਰ ਨੇ ਘਰ ਲਿਜਾਣ ਦਾ ਫੈਸਲਾ ਕੀਤਾ

ਮੁੰਬਈ/ਬਿਊਰੋ ਨਿਊਜ਼ 

ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਅੱਜ ਬੁੱਧਵਾਰ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਪਰਿਵਾਰ ਨੇ ਧਰਮ ਜੀ ਨੂੰ ਘਰ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 89 ਸਾਲਾਂ ਦੇ ਧਰਮਿੰਦਰ ਦਾ ਇਲਾਜ ਹੁਣ ਘਰ ਵਿਚ ਹੀ ਚੱਲੇਗਾ। ਜ਼ਿਕਰਯੋਗ ਹੈ ਕਿ ਬਜ਼ੁਰਗ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਹਨ ਤੇ ਉਨ੍ਹਾਂ ਦਾ ਹਸਪਤਾਲ ਆਉਣ ਜਾਣ ਲੱਗਾ ਹੋਇਆ ਹੈ। ਡਾ. ਪ੍ਰਤੀਤ ਸਮਦਾਨੀ ਨੇ ਕਿਹਾ ਕਿ ਧਰਮਿੰਦਰ ਨੂੰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਹਸਪਤਾਲ ’ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਕੀਤੇ ਫੈਸਲੇ ਮੁਤਾਬਕ ਉਨ੍ਹਾਂ ਦਾ ਘਰ ਵਿਚ ਹੀ ਇਲਾਜ ਕੀਤਾ ਜਾਵੇਗਾ। ਇਸ ਦੌਰਾਨ ਅਦਾਕਾਰ ਦੇ ਪਰਿਵਾਰ ਨੇ ‘ਨਿੱਜਤਾ’ ਤੇ ‘ਸਤਿਕਾਰ’ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਮੰਗਲਵਾਰ ਨੂੰ ਕਈ ਮੀਡੀਆ ਅਦਾਰਿਆਂ ਨੇ ਆਪਣੀਆਂ ਰਿਪੋਰਟਾਂ ਵਿਚ ਕਿਹਾ ਸੀ ਕਿ ਬਜ਼ੁਰਗ ਅਦਾਕਾਰ ਧਰਮਿੰਦਰ ਹੁਣ ਸਾਡੇ ਵਿਚ ਨਹੀਂ ਰਹੇ। ਇਸੇ ਦੌਰਾਨ ਧਰਮਿੰਦਰ ਦੇ ਪਰਿਵਾਰ ਨੇ ਇਸ ਖਬਰ ਦਾ ਖੰਡਨ ਕੀਤਾ ਸੀ ਅਤੇ ਨਿੱਜਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਸੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.