Sunday, 14 June 2026

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੌਰੇ ’ਤੇ ਪਹੁੰਚੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨੇ ਅਹਿਮਦਾਬਾਦ ਵਿਚ ਅੰਤਰਰਾਸ਼ਟਰੀ ਪਤੰਗ ਮੇਲੇ ਵਿਚ ਭਾਗ ਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਭਾਰਤੀ ਰੀਤੀ-ਰਿਵਾਜ਼ਾਂ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਜਰਮਨੀ ਦੇ ਚਾਂਸਲਰ ਨੂੰ ਪਤੰਗ ਉਡਾਉਣ ਦੇ ਤਰੀਕੇ ਵੀ ਦੱਸੇ। ਇਸ ਮੇਲੇ ਦੌਰਾਨ ਅਸਮਾਨ ਵਿਚ ਉਡ ਰਹੇ ਪਤੰਗ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹਨ, ਸਗੋਂ ਭਾਰਤੀ ਫੌਜ ਅਤੇ ਕੌਮੀ ਤਾਕਤ ਦਾ ਪ੍ਰਤੀਕ ਵੀ ਹੈ। ਭਾਜਪਾ ਨੇ ਇਸ ਮੇਲੇ ਨੂੰ ਉਭਰਦੇ ਹੋਏ ਭਾਰਤ ਦਾ ਪ੍ਰਤੀਕ ਕਰਾਰ ਦਿੱਤਾ ਹੈ। ਭਾਜਪਾ ਆਗੂ ਅਮਿਤ ਮਾਲਵੀਆ ਨੇ ਕਿਹਾ ਹੈ ਕਿ ਅਹਿਮਦਾਬਾਦ ਵਿਚ ਹੋਇਆ ਇਹ ਪਤੰਗ ਮੇਲਾ ਭਾਰਤ ਦੀ ਸੰਸਕ੍ਰਿਤੀ, ਆਤਮ ਵਿਸ਼ਵਾਸ ਅਤੇ ਵਿਸ਼ਵ ਨਾਲ ਤਾਲਮੇਲ ਨੂੰ ਦਰਸਾਉਂਦਾ ਹੈ। ਜਰਮਨੀ ਦੇ ਚਾਂਸਲਰ ਫਰੈਡਰਿਕ ਦੀ ਭਾਰਤ ਦੀ ਇਹ ਪਹਿਲੀ ਅਧਿਕਾਰਕ ਯਾਤਰਾ ਹੈ। 

ਸ਼ਰਜੀਲ ਤੇ ਉਮਰ ਦੇ ਸਮਰਥਨ ਵਿਚ ਹੋਇਆ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਦਿੱਲੀ ਦੰਗਿਆਂ ਦੇ ਆਰੋਪੀ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੇ ਸਮਰਥਨ ਵਿਚ ਨਾਅਰੇਬਾਜ਼ੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯੂਨੀਵਰਸਿਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਨਾਮਨਜ਼ੂਰ ਹੋਣ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਦਿਤੀ ਮਿਸ਼ਰਾ ਨੇ ਕਿਹਾ ਹੈ ਕਿ ਹਰ ਸਾਲ ਵਿਦਿਆਰਥੀ 5 ਜਨਵਰੀ 2020 ਨੂੰ ਕੈਂਪਸ ’ਚ ਹੋਈ ਹਿੰਸਾ ਦੀ ਨਿੰਦਾ ਕਰਨ ਦੇ ਲਈ ਵਿਰੋਧ ਪ੍ਰਦਰਸ਼ਨ ਕਰਦੇ ਹਨ। ਮਿਸ਼ਰਾ ਨੇ ਇਹ ਵੀ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਵਿਚ ਲਗਾਏ ਗਏ ਨਾਅਰੇ ਵਿਚਾਰਕ ਹਨ ਅਤੇ ਇਹ ਕਿਸੇ ’ਤੇ ਵੀ ਵਿਅਕਤੀਗਤ ਹਮਲਾ ਨਹੀਂ ਕਰਦੇ। ਇਸੇ ਦੌਰਾਨ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਵੀ ਕਹਿਣਾ ਸੀ ਕਿ ਜੇਐਨਯੂ ਵਿਚ ਲੱਗੇ ਨਾਅਰਿਆਂ ਸਬੰਧੀ ਅਜੇ ਤੱਕ ਕੋਈ ਸ਼ਿਕਾਇਤ ਸਾਹਮਣੇ ਨਹੀਂ ਮਿਲੀ।

ਸ਼ਿਮਲਾ/ਬਿਊਰੋ ਨਿਊਜ਼

ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੇ ਨਾਮ ਨਾਲ ਜੁੜਿਆ ਤੀਜਾ ਸ਼ਹਿਰ ਵੀ ਵਸਣ ਜਾ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿਚ ਇਹ ਸ਼ਹਿਰ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਸਾਇਆ ਜਾਵੇਗਾ। ਹਿਮਾਚਲ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਮਨਜੂਰੀ ਵੀ ਦੇ ਦਿੱਤੀ ਹੈ। ਸਰਕਾਰ ਇਸ ਨੂੰ ਪਲਾਂਟ ਰੈਜੀਡੈਨਸ਼ੀਅਲ ਸਿਟੀ ਦੇ ਨਾਲ ਕਮਰਸ਼ੀਅਲ ਹੱਬ ਦੇ ਰੂਪ ਵਿਚ ਡਿਵੈਲਪ ਕਰੇਗੀ। ਇਹ ਸ਼ਹਿਰ ਚੰਡੀਗੜ੍ਹ ਦੇ ਨੇੜੇ ਬੱਦੀ ਰੋਡ ’ਤੇ ਵਸਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਿਚ 30 ਦਸੰਬਰ 2025 ਨੂੰ ਹੋਈ ਕੈਬਨਿਟ ਬੈਠਕ ਵਿਚ ਇਸ ਯੋਜਨਾ ਨੂੰ ਪਹਿਲਾਂ ਹੀ ਮਨਜੂਰੀ ਮਿਲ ਚੁੱਕੀ ਹੈ। ਸਰਕਾਰ ਦਾ ਦਾਅਵਾ ਹੈ ਕਿ ਬੱਦੀ-ਚੰਡੀਗੜ੍ਹ ਰੋਡ ’ਤੇ ਸ਼ੀਤਲਪੁਰ ਨੂੰ ਵਰਲਡ ਕਲਾਸ ਟਾਊਨਸ਼ਿਪ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ। ਇਸਦੇ ਨੇੜਲੇ ਪੇਂਡੂ ਖੇਤਰਾਂ ਨੂੰ ਵੀ ਵਿਕਾਸ ਨਾਲ ਜੋੜਿਆ ਜਾਵੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਦੇ ਮੁਹਾਲੀ ਵਿਚ ਨਿਊ ਚੰਡੀਗੜ੍ਹ ਵਸਾਇਆ ਜਾ ਚੁੱਕਾ ਹੈ। 

ਪੈਰੋਲ ਮਿਲਣ ਤੋਂ ਬਾਅਦ 15ਵੀਂ ਵਾਰ ਜੇਲ੍ਹ ’ਚੋਂ ਬਾਹਰ ਆਇਆ ਡੇਰਾ ਮੁਖੀ

ਰੋਹਤਕ/ਬਿਊਰੋ ਨਿਊਜ਼

ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਅੱਜ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਨੂੰ ਸਿਰਸਾ ਦੇ ਡੇਰਾ ਹੈਡਕੁਆਰਟਰ ਵਿਚ ਰਹਿਣ ਲਈ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਅੱਜ ਸਵੇਰੇ ਸਖਤ ਪੁਲਿਸ ਸੁਰਿੱਖਿਆ ਪ੍ਰਬੰਧਾਂ ਹੇਠ ਜੇਲ੍ਹ ’ਚੋਂ ਬਾਹਰ ਆਇਆ। ਧਿਆਨ ਰਹੇ ਕਿ 2017 ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਵਿਚੋਂ ਉਸਦੀ ਇਹ 15ਵੀਂ ਰਿਹਾਈ ਹੈ। ਉਸ ਨੂੰ ਪਹਿਲੀ ਵਾਰ ਅਕਤੂਬਰ 2020 ਵਿਚ 21 ਦਿਨ ਦੀ ਪੈਰੋਲ ਮਿਲੀ ਸੀ। ਉਧਰ ਦੂਜੇ ਪਾਸੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਮੁਖੀ ਨੂੰ ਵਾਰ-ਵਾਰ ਦਿੱਤੀ ਜਾ ਰਹੀ ਪੈਰੋਲ ’ਤੇ ਇਤਰਾਜ਼ ਕੀਤਾ ਹੈ। ਧਾਮੀ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਸਿਰਫ ਸਿਆਸੀ ਲਾਭ ਖੱਟਣ ਲਈ ਦੋਸ਼ੀਆਂ ਨੂੰ ਰਾਹਤ ਦੇਣ ਦਾ ਇਹ ਰੁਝਾਨ ਜਾਰੀ ਰੱਖਿਆ ਤਾਂ ਆਮ ਲੋਕਾਂ ਦਾ ਕਾਨੂੰਨ ਅਤੇ ਇਨਸਾਫ ਪ੍ਰਣਾਲੀ ਤੋਂ ਭਰੋਸਾ ਉਠ ਜਾਵੇਗਾ। 

ਅਦਾਲਤ ਨੇ ਕਿਹਾ :  ਲਾਲੂ ਪ੍ਰਸਾਦ ਦੇ ਪਰਿਵਾਰ ਨੇ ਅਪਰਾਧਿਕ ਗਿਰੋਹ ਵਾਂਗ ਕੰਮ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਧੀ ਮੀਸਾ ਭਾਰਤੀ, ਪੁੱਤਰ ਤੇਜਸਵੀ ਯਾਦਵ ਅਤੇ ਹੋਰ ਦੋਸ਼ੀਆਂ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਹੈ। ਨੌਕਰੀਆਂ ਬਦਲੇ ਜ਼ਮੀਨ ਘੁਟਾਲਾ ਮਾਮਲੇ ਵਿਚ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਲੰਘੀ 19 ਦਸੰਬਰ ਨੂੰ ਹੋਈ ਸੁਣਵਾਈ ਵਿਚ ਮਾਨਯੋਗ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਸੀ ਕਿ ਦੋਸ਼ ਤੈਅ ਕਰਨ ਨਾਲ ਸੰਬੰਧਿਤ ਹੁਕਮ 9 ਜਨਵਰੀ ਨੂੰ ਸਵੇਰੇ ਸਾਢੇ 10 ਵਜੇ ਸੁਣਾਇਆ ਜਾਵੇਗਾ। ਅਦਾਲਤ ਦਾ ਕਹਿਣਾ ਸੀ ਕਿ  ਲਾਲੂ ਪ੍ਰਸਾਦ ਦਾ ਪਰਿਵਾਰ ਅਪਰਾਧਿਕ ਗਿਰੋਹ ਵਾਂਗ ਕੰਮ ਕਰ ਰਿਹਾ ਸੀ। ਅਦਾਲਤ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਨੇ ਆਪਣੀਆਂ ਧੀਆਂ, ਪਤਨੀ ਅਤੇ ਪੁੱਤਰਾਂ ਦੇ ਲਈ ਅਚੱਲ ਸੰਪਤੀਆਂ ਹਾਸਲ ਕਰਨ ਦੇ ਲਈ ਸਰਕਾਰੀ ਨੌਕਰੀ ਨੂੰ ਸੌਦੇਬਾਜ਼ੀ ਦੇ ਹਥਿਆਰ ਦੇ ਰੂਪ ਵਿਚ ਇਸਤੇਮਾਲ ਕਰਨ ਦੀ ਇਕ ਵਿਆਪਕ ਸਾਜਿਸ਼ ਰਚੀ ਸੀ। 

ਅਦਾਲਤ ਨੇ ਇਕ ਸਾਲ ਤੱਕ ਅਪੀਲ ਕਰਨ ’ਤੇ ਵੀ ਲਗਾਈ ਰੋਕ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਸੁਪਰੀਮ ਕੋਰਟ ਨੇ ਦਿੱਲੀ ਦੰਗਿਆਂ ਦੇ ਸਾਜਿਸ਼ ਮਾਮਲੇ ਵਿਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਹਾਲਾਂਕਿ 5 ਹੋਰ ਆਰੋਪੀਆਂ ਨੂੰ 12 ਸ਼ਰਤਾਂ ਦੇ ਤਹਿਤ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਮਰ ਅਤੇ ਸ਼ਰਜੀਲ ਇਕ ਸਾਲ ਤੱਕ ਇਸ ਮਾਮਲੇ ਵਿਚ ਜ਼ਮਾਨਤ ਅਰਜ਼ੀ ਦਾਖਲ ਨਹੀਂ ਕਰ ਸਕਣਗੇ। ਜ਼ਿਕਰਯੋਗ ਹੈ ਕਿ ਉਮਰ ਖਾਲਿਦ, ਸ਼ਰਜੀਲ ਇਮਾਮ, ਗੁਲਫਿਸ਼ਾ ਫਾਤਿਮਾ, ਮੀਰਾਨ ਹੈਦਰ, ਸ਼ਿਫਾ ਉਰ ਰਹਿਮਾਨ, ਮੁਹੰਮਦ ਸਲੀਮ ਖਾਨ ਅਤੇ ਸ਼ਾਦਾਬ ਅਹਿਮਦ ਦਿੱਲੀ ਦੰਗਿਆਂ ਦੇ ਆਰੋਪ ਵਿਚ ਤਿਹਾੜ ਜੇਲ੍ਹ ਵਿਚ ਹਨ। ਇਨ੍ਹਾਂ ਨੇ ਦਿੱਲੀ ਹਾਈਕੋਰਟ ਦੇ ਉਸ ਨਿਰਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ 2020 ਦੇ ਦਿੱਲੀ ਦੰਗਿਆਂ ਨਾਲ ਜੁੜੇ ਮਾਮਲੇ ਵਿਚ ਉਨ੍ਹਾਂ ਨੂੰ ਗੈਰਕਾਨੂੰਨੀ ਗਤੀਵਿਧੀਆਂ ਦੇ ਤਹਿਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਧਿਆਨ ਰਹੇ ਕਿ ਦਿੱਲੀ ਵਿਚ ਫਰਵਰੀ 2020 ’ਚ ਹਿੰਸਾ ਭੜਕ ਗਈ ਸੀ, ਜਿਸ ਵਿਚ 53 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਸਨ। 

 

ਅਮਰੀਕਾ ’ਚ ਸਕੀਟਿੰਗ ਕਰਦੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਗਨੀਵੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਇਕਲੌਤੇ ਪੁੱਤਰ ਅਗਨੀਵੇਸ਼ ਅਗਰਵਾਲ ਦਾ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਅਗਨੀਵੇਸ਼ ਅਮਰੀਕਾ ਵਿਚ ਸਕੀਟਿੰਗ ਕਰਕੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਗਨੀਵੇਸ਼ ਨੂੰ ਲੰਘੇ ਕੱਲ੍ਹ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਅਗਨੀਵੇਸ਼ ਦੇ ਪਿਤਾ ਅਨਿਲ ਅਗਰਵਾਲ ਵਲੋਂ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਅਨਿਲ ਅਗਰਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਅਤੇ ਕਾਲਾ ਦਿਨ ਸੀ। ਅਗਰਵਾਲ ਨੇ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਕੀਤਾ ਵਾਅਦਾ ਪੂਰਾ ਕਰਨਗੇ ਅਤੇ ਆਪਣੀ ਨਿੱਜੀ ਕਮਾਈ ਦਾ 75 ਫੀਸਦੀ ਹਿੱਸਾ ਦਾਨ ਕਰਨਗੇ।

ਦੂਸ਼ਿਤ ਪਾਣੀ ਪੀਣ ਨਾਲ ਲੋਕ ਹੋਏ ਬਿਮਾਰ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਸਭ ਤੋਂ ਸਾਫ ਸ਼ਹਿਰ ਇੰਦੌਰ ਵਿਚ ਜਾਨਲੇਵਾ ਬੈਕਟੀਰੀਆ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 16 ਬੱਚਿਆਂ ਸਣੇ 200 ਤੋਂ ਜ਼ਿਆਦਾ ਵਿਅਕਤੀ ਬਿਮਾਰ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਜਿਨ੍ਹਾਂ 15 ਵਿਅਕਤੀਆਂ ਦੀ ਮੌਤ ਹੋਈ ਹੈ, ਉਹ ਦੂਸ਼ਿਤ ਪਾਣੀ ਪੀਣ ਕਰਕੇ ਹੋਈ ਹੈ। ਇਸਦੀ ਪੁਸ਼ਟੀ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਦੀ ਲੈਬ ਰਿਪੋਰਟ ਵਿਚ ਹੋ ਗਈ ਹੈ। ਡਾ. ਮਾਧਵ ਹਸਾਨੀ ਦਾ ਕਹਿਣਾ ਹੈ ਕਿ ਸੈਂਪਲਾਂ ਦੀ ਜਾਂਚ ਰਿਪੋਰਟ ਵਿਚ ਸਾਫ ਤੌਰ ’ਤੇ ਪੁਸ਼ਟੀ ਹੋਈ ਹੈ ਕਿ ਦੂਸ਼ਿਤ ਪਾਣੀ ਪੀਣ ਨਾਲ ਲੋਕ ਬਿਮਾਰ ਹੋਏ ਅਤੇ ਉਨ੍ਹਾਂ ਦੀ ਜਾਨ ਗਈ ਹੈ। ਇਸੇ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਦੋ ਹਫਤਿਆਂ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। 

ਅਮਰੀਕਾ ’ਚ ਸਕੀਟਿੰਗ ਕਰਦੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਗਨੀਵੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼ 

ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਇਕਲੌਤੇ ਪੁੱਤਰ ਅਗਨੀਵੇਸ਼ ਅਗਰਵਾਲ ਦਾ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਅਗਨੀਵੇਸ਼ ਅਮਰੀਕਾ ਵਿਚ ਸਕੀਟਿੰਗ ਕਰਕੇ ਸਮੇਂ ਜ਼ਖ਼ਮੀ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਗਨੀਵੇਸ਼ ਨੂੰ ਲੰਘੇ ਕੱਲ੍ਹ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਅਗਨੀਵੇਸ਼ ਦੇ ਪਿਤਾ ਅਨਿਲ ਅਗਰਵਾਲ ਵਲੋਂ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਅਨਿਲ ਅਗਰਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਅਤੇ ਕਾਲਾ ਦਿਨ ਸੀ। ਅਗਰਵਾਲ ਨੇ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਕੀਤਾ ਵਾਅਦਾ ਪੂਰਾ ਕਰਨਗੇ ਅਤੇ ਆਪਣੀ ਨਿੱਜੀ ਕਮਾਈ ਦਾ 75 ਫੀਸਦੀ ਹਿੱਸਾ ਦਾਨ ਕਰਨਗੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਨਵੇਂ ਸਾਲ ਦੀਆਂ ਵਧਾਈਆਂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ 2026 ਦੀਆਂ ਸ਼ੁੱਭ ਕਾਮਨਾਵਾਂ। ਇਹ ਸਾਲ ਸਾਰਿਆਂ ਲਈ ਨਵੀਆਂ ਉਮੀਦਾਂ, ਨਵੇਂ ਸੰਕਲਪ ਅਤੇ ਨਵਾਂ ਵਿਸ਼ਵਾਸ ਲੈ ਕੇ ਆਵੇ। ਨਵਾਂ ਸਾਲ ਸਾਰਿਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੇ ਮੌਕੇ ’ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ 2026 ਦੀਆਂ ਆਪ ਸਭ ਨੂੰ ਮੁਬਾਰਕਾਂ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਅਤੇ ਕਾਮਯਾਬੀ ਭਰਿਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਫਰਜ਼ ਵਜੋਂ ਬੀਤੇ ਸਾਲ 2025 ਵਿਚ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਬੱਚਿਆਂ ਨੂੰ ਚੰਗੀ ਸਿੱਖਿਆ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਮੱਥੇ ’ਤੋਂ ਨਸ਼ੇ ਅਤੇ ਭਿ੍ਰਸ਼ਟਾਚਾਰ ਵਰਗੇ ਕਲੰਕ ਨੂੰ ਸਾਫ ਕਰਨ ਲਈ ਸਖ਼ਤ ਕਾਰਵਾਈ ਕੀਤੀ ਹੈ।  

 

ਸੁਪਰੀਮ ਕੋਰਟ ਨੇ ਕਿਹਾ : ਕੁੱਤਿਆਂ ’ਤੇ ਰੋਕਥਾਮ ਇਲਾਜ ਨਾਲੋਂ ਬਿਹਤਰ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਵਿਚ ਅੱਜ ਬੁੱਧਵਾਰ ਨੂੰ ਅਵਾਰਾ ਕੁੱਤਿਆਂ ਨਾਲ ਜੁੜੇ ਇਕ ਮਾਮਲੇ ਵਿਚ ਸੁਣਵਾਈ ਹੋਈ ਹੈ। ਇਸੇ ਦੌਰਾਨ ਅਦਾਲਤ ਨੇ ਕਿਹਾ ਕਿ ਮਾਮਲਾ ਸਿਰਫ ਕੁੱਤਿਆਂ ਵਲੋਂ ਕੱਟਣ ਦਾ ਨਹੀਂ ਹੈ। ਅਦਾਲਤ ਨੇ ਕਿਹਾ ਕਿ ਜਦੋਂ ਕੁੱਤੇ ਸੜਕ ’ਤੇ ਦੌੜਦੇ ਹਨ ਜਾਂ ਕਿਸੇ ਦਾ ਪਿੱਛਾ ਕਰਦੇ ਹਨ ਤਾਂ ਉਸ ਸਮੇਂ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ। ਇਸ ਲਈ ਇਨ੍ਹਾਂ ’ਤੇ ਰੋਕਥਾਮ ਇਲਾਜ ਤੋਂ ਬਿਹਤਰ ਹੈ। ਇਸ ਨੂੰ ਲੈ ਕੇ ਬਹਿਸ ਦੌਰਾਨ ਅਵਾਰਾ ਕੁੱਤਿਆਂ ਦੇ ਹੱਕ ਵਿਚ ਪੈਰਵੀ ਕਰ ਰਹੇ ਕਪਿਲ ਸਿੱਬਲ ਨੇ ਕਿਹਾ ਕਿ ਲੋਕ ਸੈਂਟਰ ’ਤੇ ਫੋਨ ਕਰ ਸਕਦੇ ਹਨ ਤਾਂ ਕਿ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਅਵਾਰਾ ਕੁੱਤਿਆਂ ਦੇ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਵਿਚ ਢਾਈ ਘੰਟੇ ਸੁਣਵਾਈ ਹੋਈ ਅਤੇ ਹੁਣ ਭਲਕੇ 8 ਜਨਵਰੀ ਨੂੰ ਫਿਰ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ। 

ਚੰਡੀਗੜ੍ਹ/ਬਿਊਰੋ ਨਿਊਜ਼     

ਦੁਨੀਆ ਵਿਚ ਨਵੇਂ ਸਾਲ 2026 ਦਾ ਆਗਾਜ਼ ਹੋ ਗਿਆ ਹੈ। ਦੁਨੀਆ ਦੇ ਸਭ ਤੋਂ ਪੂਰਬੀ ਸਿਰੇ ’ਤੇ ਸਥਿਤ ਟਾਪੂ ਦੇਸ਼ ਕਿਰੀਬਾਤੀ ਵਿਚ ਰਾਤ ਦੇ 12 ਵੱਜਦਿਆਂ ਹੀ ਸਭ ਤੋਂ ਪਹਿਲਾਂ ਨਵੇਂ ਸਾਲ ਨੇ ਦਸਤਕ ਦਿੱਤੀ ਹੈ।  ਵੱਖ-ਵੱਖ ਟਾਈਮ ਜ਼ੋਨ ਹੋਣ ਕਾਰਨ ਦੁਨੀਆਂ ਦੇ 29 ਦੇਸ਼ ਅਜਿਹੇ ਹਨ, ਜੋ ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਦੇ ਹਨ। ਪੂਰੀ ਦੁਨੀਆ ਵਿਚ ਨਵਾਂ ਸਾਲ ਆਉਣ ਦੀ ਇਹ ਪ੍ਰਕਿਰਿਆ ਕਰੀਬ 26 ਘੰਟਿਆਂ ਤੱਕ ਚੱਲਦੀ ਰਹਿੰਦੀ ਹੈ। 

 

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.